ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ
ਫੋਨ: 91-98766-55055
ਪੰਜਾਬ ਵਿਚ ਇਸ ਵਾਰ ਭਰ ਗਰਮੀਆਂ ‘ਚ ਪਾਵਰ ਕੱਟਾਂ ਨੇ ਵੱਟ ਕੱਢ ਦਿੱਤੇ ਅਤੇ ਹੱਥ-ਪੱਖੀਆਂ/ਪੱਖੇ ਚੇਤੇ ਕਰਵਾ ਦਿੱਤੇ। ਮੱਧ ਅਤੇ ਨਿਮਨ ਵਰਗ ਦੇ ਬਹੁਤੇ ਲੋਕਾਂ ਨੇ ਜਾਂ ਤਾਂ ਮਾਂ-ਦਾਦੀ ਦੇ ਪੁਰਾਣੇ ਸੰਦੂਕਾਂ/ਪੇਟੀਆਂ `ਚੋਂ ਪੱਖੀਆਂ ਕੱਢ ਲਈਆਂ ਅਤੇ ਜਾਂ ਬਾਜ਼ਾਰ ਵਿਚੋਂ ਖਰੀਦੀਆਂ। ਲੰਮੇ ਸਮੇਂ ਲਈ ਅਤੇ ਵਾਰ ਵਾਰ ਬਿਜਲੀ ਦੇ ਕੱਟ ਲੱਗਣ ਕਾਰਨ ਮੱਧ-ਵਰਗ ਦੇ ਘਰੀਂ ਲੱਗੇ ਇਨਵਰਟਰਾਂ ਦੀਆਂ ਬੈਟਰੀਆਂ ਕੁਵੇਲੇ ਠੁੱਸ ਹੋ ਗਈਆਂ। ਗਰੀਬ ਤਾਂ ਭਲਾ ਪਹਿਲਾਂ ਹੀ ਰੱਬ ਆਸਰੇ ਹੁੰਦੈ।
ਮੇਰੀ ਉਮਰ ਜਾਂ ਇਸ ਦੇ ਲਾਗੇ-ਚਾਗੇ ਦੀ ਉਮਰ ਵਾਲੇ ਸਭ ਲੋਕਾਂ ਨੇ ਪੱਖੀਆਂ/ਪੱਖਿਆਂ ਦਾ ਦੌਰ ਹੰਢਾਇਆ ਹੈ। ਪਹਿਲਾਂ ਤਾਂ ਪਿੰਡਾਂ ਵਿਚ ਬਿਜਲੀ ਹੀ ਨਹੀਂ ਸੀ ਹੁੰਦੀ ਤੇ ਜਦ ਆਈ ਵੀ ਤਾਂ ਇਹ ਲੰਗੇ ਡੰਗ ਹੀ ਆਉਂਦੀ ਸੀ। ਬਿਜਲੀ ਤੋਂ ਪਹਿਲੇ ਦਾ ਸਮਾਂ ਤਾਂ ਦੁਪਹਿਰ ਵੇਲੇ ਬੋਹੜ-ਪਿੱਪਲ ਦੀ ਛਾਂਵੇਂ ਬੈਠ ਪੱਖੀਆਂ ਦੀ ਝੱਲ ਮਾਰ-ਮਾਰ ਬਤੀਤ ਕਰੀਦਾ ਸੀ।
ਪੱਖੀ ਕਿਸੇ ਵੇਲੇ ਪੰਜਾਬੀ ਸਭਿਆਚਾਰ, ਖਾਸ ਕਰਕੇ ਪੇਂਡੂ ਰਹਿਤਲ ਦਾ ਇਕ ਅਨਿੱਖੜਨਵਾਂ ਅੰਗ ਹੁੰਦੀ ਸੀ। ਇਹ ਪੰਜਾਬੀ ਲੋਕਧਾਰਾ ਦਾ ਮਹੱਤਵਪੂਰਨ ਹਿੱਸਾ ਰਹੀ ਹੈ। ਇਹ ਵਰਤੋਂ-ਵਿਹਾਰ ਦੀ ਮੁੱਲਵਾਨ ਵਸਤ ਰਹੀ ਹੈ, ਜਿਸ ਦੀ ਪੂਰੀ ਪੈਂਠ ਹੁੰਦੀ ਸੀ। ਗਰਮੀ ਦੂਰ ਕਰਨ ਲਈ ਤਾਂ ਇਹ ਝੱਲੀ ਹੀ ਜਾਂਦੀ ਸੀ, ਪਰ ਘਰ ਆਏ-ਗਏ ਵਾਸਤੇ ਵੀ ਵਰਤੀ ਜਾਂਦੀ ਸੀ।
ਪ੍ਰਾਹੁਣੇ ਲਈ ਵਿਸ਼ੇਸ਼ ਕਢਾਈ ਅਤੇ ਝਾਲਰਾਂ ਵਾਲੀ ਪੱਖੀ ਰੱਖੀ ਜਾਂਦੀ ਸੀ। ਬਹੁਤੀ ਵਾਰ ਤਾਂ ਘਰ ਦਾ ਕੋਈ ਜੀਅ ਆਪ ਹੀ ਕੋਲ ਬਹਿ ਕੇ ਪ੍ਰਾਹੁਣੇ ਨੂੰ ਪੱਖੀ ਝਲਦਾ ਰਹਿੰਦਾ ਸੀ। ਇਹ ਪੰਜਾਬੀ ਪ੍ਰਾਹੁਣਚਾਰੀ ਦੇ ਪ੍ਰਗਟਾਵੇ ਦਾ ਬੜਾ ਪਿਆਰਾ ਢੰਗ ਹੁੰਦਾ ਸੀ।
ਹੁਨਰਮੰਦ ਪੰਜਾਬਣ ਕੁੜੀਆਂ-ਚਿੜੀਆਂ ਆਪਣੇ ਵਿਆਹ ਦੇ ਦਾਜ ਲਈ ਹੱਥੀ ਵਾਲੀਆਂ ਸੁੰਦਰ ਕਢਾਈਦਾਰ ਪੱਖੀਆਂ ਤਿਆਰ ਕਰਦੀਆਂ ਸਨ। ਹੱਥੀ ਪੱਖੀ ਨੂੰ ਸੁਖਾਲੇ ਢੰਗ ਨਾਲ ਘੰੁਮਾਉਣ ਦੇ ਕੰਮ ਆਉਂਦੀ ਸੀ। ਕਈ ਪੱਖੀਆਂ ਵਿਚ ਸ਼ੀਸ਼ੇ ਵੀ ਜੜੇ ਜਾਂਦੇ ਸਨ ਤੇ ਕਈਆਂ ਨਾਲ ਘੂੰਗਰੂ ਵੀ ਲਾਏ ਜਾਂਦੇ ਸਨ। ਇਸ ਸਬੰਧੀ ਪ੍ਰਕਾਸ਼ ਕੌਰ ਦਾ ਗਾਇਆ ਇਕ ਪ੍ਰਸਿੱਧ ਲੋਕ ਗੀਤ ਵੀ ਹੈ, “ਵੇ ਲੈ ਦੇ ਮੈਨੂੰ ਮਖਮਲ ਦੀ, ਪੱਖੀ ਘੁੰਗਰੂਆਂ ਵਾਲੀ…।”
ਇਸ ਗੀਤ ਵਿਚ ਮੁਟਿਆਰ ਆਪਣੀ ਇਸ ਮੰਗ ਦਾ ਕਾਰਨ ਦਸਦੀ ਹੋਈ ਆਪਣੇ ਚੰਨਮਾਹੀ ਨੂੰ ਕਹਿੰਦੀ ਹੈ, “ਕੀਤਾ ਮੁੜ੍ਹਕੇ ਪਾਣੀ ਪਾਣੀ, ਭਿੱਜ ਗਿਆ ਮੇਰਾ ਸੂਟ ਜਪਾਨੀ; ਪਿਘਲੇ ਗਰਮੀ ਨਾਲ ਜਵਾਨੀ, ਮੱਖਣਾਂ ਨਾਲ ਜੋ ਪਾਲੀ।” ਉਹ ਮਾਹੀਏ ਨੂੰ ਮਖਮਲੀ ਪੱਖੀ ਮੰਗਣ ਦੀ ਵਜ੍ਹਾ ਬਿਆਨ ਕਰਦਿਆਂ ਕਹਿੰਦੀ ਹੈ ਕਿ ‘ਪੱਖਾ ਖਜੂਰੀ (ਨੇ) ਤਲੀਆਂ ਦੀ ਜੜ੍ਹ ਗਾਲੀ’ ਹੈ। ਤੇ ਮਖਮਲੀ ਪੱਖੀ ਦੀ ਹਵਾ ਦਾ ਮਜ਼ਾ ਲੈਂਦਿਆਂ ਨੱਢੀ ਨੂੰ ਘੁੰਗਰੂਆਂ ਦੀ ਛਣ-ਛਣ ਦਾ ਸੰਗੀਤਕ ਮਾਹੌਲ ਤਾਂ ਫਿਰ ਚਾਹੀਦਾ ਈ ਐ!
ਲੋਕ ਗੀਤਾਂ ਵਿਚ ਹੋਰ ਵੀ ਸਤਰਾਂ ਹਨ,
-ਕਲਕੱਤਿਉਂ ਪੱਖੀ ਲਿਆ ਦੇ
ਝਲੂੰਗੀ ਸਾਰੀ ਰਾਤ।
-ਪੱਖੀ ਜ਼ਰੀ ਦੀ ਮੋਤੀਆਂ ਵਾਲੀ
ਝੱਲਣੀ ਏ ਚੰਨ ਮਾਹੀ ਨੂੰ।
ਧਾਰਮਿਕ ਅਸਥਾਨਾਂ ਉਪਰ ਸੰਗਤ ਨੂੰ ਝੱਲਣ ਲਈ ਵੱਡੇ ਵੱਡੇ ਪੱਖੇ ਹੁੰਦੇ ਸਨ-ਕੋਈ 4-5 ਫੁੱਟ ਲੰਮੇ ਅਤੇ ਡੇੜ ਦੋ ਫੁੱਟ ਚੌੜੇ। ਉਨ੍ਹਾਂ ਦੀ ਹੱਥੀ ਵੀ ਬਹੁਤ ਵੱਡੀ ਹੁੰਦੀ ਸੀ ਅਤੇ ਮਜ਼ਬੂਤੀ ਨਾਲ ਪਕੜਨ ਲਈ ਦੋ ਥਾਂਵਾਂ `ਤੇ ਜਗ੍ਹਾ ਰੱਖੀ ਹੁੰਦੀ ਸੀ। ਸਿੱਖ ਧਰਮ ਵਿਚ ਪੱਖਾ ਝੱਲਣ ਅਤੇ ਪਾਣੀ ਪਿਆਉਣ ਦੀ ਸੇਵਾ ਬੜੀ ਮਹੱਤਤਾ ਰੱਖਦੀ ਹੈ। ਗੁਰਬਾਣੀ ਵਿਚ ਪੱਖੇ ਦਾ ਕਈ ਥਾਂ ਜ਼ਿਕਰ ਆਉਂਦਾ ਹੈ,
-ਲੇ ਪਖਾ ਪ੍ਰਿਆ ਝਲਉ ਪਾਏ॥
-ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ॥
-ਪਖਾ ਫੇਰੀ ਪਾਣੀ ਢੋਵਾ ਹਰਿਜਨ ਕੈ ਪੀਸਣੁ ਪੀਸਿ ਕਮਾਵਾ॥
-ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ॥
-ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ॥
-ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ।॥
ਸਰਦੇ-ਪੁਜਦੇ ਘਰਾਂ ਵਿਚ ਦਰਵਾਜ਼ੇ ਕੋਲ ਛੱਤ ਦੇ ਲਾਗੇ ਇਕ ਵੱਡਾ ਸਾਰਾ ਪੱਖਾ ਬੱਝਿਆ ਹੁੰਦਾ ਸੀ, ਜਿਸ ਨੂੰ ਇਕ ਰੱਸੇ ਨਾਲ ਅੱਗੇ-ਪਿੱਛੇ ਖਿੱਚ ਕੇ ਕਮਰੇ ਅੰਦਰ ਹਵਾ ਦਾ ਵਸੀਲਾ ਕੀਤਾ ਜਾਂਦਾ ਸੀ। ਰੱਸਾ ਖਿੱਚਣ ਲਈ ਇਕ ਨੌਕਰ ਰੱਖਿਆ ਜਾਂਦਾ ਸੀ।
ਪੱਖੀਆਂ ਬੈਂਤ/ਬਾਂਸ ਦੀਆਂ ਵੀ ਬਣੀਆਂ ਹੁੰਦੀਆਂ ਹਨ। ਇਹ ਮੂੜ੍ਹੇ ਬਣਾਉਣ ਵਾਲੀ ਸਮੱਗਰੀ ਨਾਲ ਵੀ ਬਣਾਈਆਂ ਜਾਂਦੀਆਂ ਸਨ। ਪੱਖੀਆਂ ਪਲਾਸਟਿਕ ਦੀਆਂ ਵੀ ਹੁੰਦੀਆਂ ਹਨ। ਅੱਜ ਕੱਲ੍ਹ ਨਿੱਕੀਆਂ-ਨਿੱਕੀਆਂ ਫੈਸ਼ਨਦਾਰ ਪੱਖੀਆਂ ਵੀ ਹੁੰਦੀਆਂ ਹਨ, ਜੋ ਇਕੱਠਾਂ (ਫੋਲਡ) ਕਰਕੇ ਪਰਸ ਵਿਚ ਰੱਖੀਆਂ ਜਾ ਸਕਦੀਆਂ ਹਨ ਅਤੇ ਲੋੜ ਵੇਲੇ ਇਸ ਢੰਗ ਨਾਲ ਖੁਲ੍ਹ ਜਾਂਦੀਆਂ ਹਨ, ਜਿਵੇਂ ਮੋਰ ਦੇ ਖੰਭ ਪੈਲ ਪਾਉਣ ਵੇਲੇ ਖੁਲ੍ਹੇ ਹੁੰਦੇ ਹਨ!
ਮਹਾਨਕੋਸ਼ ਅਨੁਸਾਰ ਪੱਖਾ ਸੰਗਯਾ ਹੈ, ਜਿਸ ਦਾ ਅਰਥ ਹੈ-ਪਵਨ ਕੋਭਕ, ਪੰਖਾ। ਪੱਖੀ ਛੋਟਾ ਪੰਖਾ ਹੈ। ਅੰਗਰੇਜ਼ੀ ਵਿਚ ਇਸ ਨੂੰ ‘ਫੈਨ’ ਕਹਿੰਦੇ ਹਨ, ਜੋ ਲਾਤੀਨੀ ਭਾਸ਼ਾ ਦੇ ‘ਵੈਨੱਸ’, ਪੁਰਾਤਨ ਅੰਗਰੇਜ਼ੀ ਦੇ ‘ਫੈੱਨ/ਫੈਨੀਯਨ’ ਤੋਂ ਹੁੰਦਾ ਹੋਇਆ ‘ਫੈਨ’ `ਤੇ ਪੁੱਜਾ। ਮੌਲਿਕ ਰੂਪ ਵਿਚ ਇਹ ਸ਼ਬਦ ਫਸਲਾਂ ਦੇ ਦਾਣਿਆਂ ਨੂੰ ਤੂੜੀ/ਭੋਹ ਨਾਲੋਂ ਵੱੱਖਰੇ ਕਰਨ ਲਈ ਹਵਾ ਨਾਲ ਧੂੜ ਉਡਾਉਣ ਵਾਲੇ ਯੰਤਰ ਲਈ ਵਰਤਿਆ ਜਾਂਦਾ ਸੀ।
ਫਿਰ ਬਿਜਲੀ ਦੇ ਪੱਖੇ, ਕੂਲਰ, ਏ. ਸੀ. ਆਉਣ ਨਾਲ ਹੱਥ-ਪੱਖੇ/ਪੱਖੀਆਂ ਅਲੋਪ ਹੋ ਗਏ। ਇਹ ਸਿਰਫ ਕਲਾ-ਕ੍ਰਿਤਾਂ ਦੇ ਰੂਪ ਵਿਚ ਨੁਮਾਇਸ਼-ਘਰਾਂ ਦੇ ਸ਼ਿੰਗਾਰ ਜੋਗੇ ਹੀ ਰਹਿ ਗਏ।
ਇਸ ਵਾਰ ਬਿਜਲੀ-ਕੱਟਾਂ ਨੇ ਇਕ ਵਾਰ ਫਿਰ ਇਨ੍ਹਾਂ ਦੇ ਦਰਸ਼ਨ ਕਰਵਾ ਦਿਤੇ!
ਜਿਵੇਂ ਪੈਟਰੋਲ ਅਤੇ ਡੀਜ਼ਲ ਦੀਆਂ ਅੰਬਰ ਛੂੰਹਦੀਆਂ ਕੀਮਤਾਂ ਉਪਰ ਚੋਟ ਕਰਨ ਲਈ ਵਿਰੋਧੀ ਧਿਰ ਦਾ ਇਕ ਆਗੂ ਟਰੈਕਟਰ ਉਪਰ ਚੜ੍ਹ ਕੇ ਸੰਸਦ ਜਾਂਦਾ ਦਿਖਾਈ ਦਿੱਤਾ, ਉਵੇਂ ਹੀ ਪੰਜਾਬ ਵਿਚ ਬਿਜਲੀ ਗੁੱਲ ਰਹਿਣ ‘ਤੇ ਵਿਅੰਗ ਕਰਨ ਲਈ ਸੋਸ਼ਲ ਮੀਡੀਆ ਉਪਰ ਸਿਆਸੀ ਆਗੂ ਪੱਖੇ/ਪੱਖੀਆਂ ਝਲਦੇ ਦਿਖਾਈ ਦਿੱਤੇ!
ਅੱਜ-ਕੱਲ੍ਹ ਦੀ ਪੀੜ੍ਹੀ ਦੇ ਬੱਚਿਆਂ ਨੇ ਤਾਂ ਪੱਖੀਆਂ/ਪੱਖੇ ਦੇਖੇ ਹੀ ਪਹਿਲੀ ਵਾਰ ਹਨ!
ਇਕ ਅਤਿ-ਗਰਮੀ ‘ਤੇ ਹੁੰਮਸ ਮਾਰੀ ਰਾਤ ਨੂੰ 3-4 ਘੰਟੇ ਦੀ ਪਾਵਰ ਕੱਟ ‘ਮਾਣਨ’ ਦੌਰਾਨ ਪੱਖੀ ਝਲਦਿਆਂ ਕਵੀ-ਮਨ ਅਠਖੇਲੀਆਂ ਲੈਣ ਲਗ ਪਿਆ (ਮਨ ਵੀ ਬੜੀ ਅਵੈੜ ਸ਼ੈਅ ਹੈ, ਭਰ ਗਰਮੀ ‘ਚ ਅਠਖੇਲੀਆਂ ਲੈਣ ਲਗ ਜਾਂਦੈ !) ਅਤੇ ਇਹ ਸਤਰਾਂ ਲਿਖੀਆਂ ਗਈਆਂ,
ਪੱਖੀ ਝੱਲੂੰਗੀ ਕਰੂੰਗੀ ਹੱਥੀ ਛਾਂਵਾਂ,
ਮੁੜ ਆ ਵਤਨਾਂ ਨੂੰ!
ਪਰ ਸਿਰਲੇਖ ਵਾਲੇ ਲੋਕ ਗੀਤ ਦੀ ਸਤਰ ‘ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ’ ਤਾਂ ਅਮਰ ਸਤਰ ਹੈ!