ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਤੋਂ ਪਰਤ ਆਏ ਹਨ ਤੇ ਭਾਰਤ ਸਰਕਾਰ ਵੱਲੋਂ ਇਸ ਫੇਰੀ ਨੂੰ ਇਤਿਹਾਸਕ ਵੀ ਦੱਸਿਆ ਜਾ ਰਿਹਾ ਹੈ ਪਰ ਇਸ ਦੌਰੇ ਦੌਰਾਨ ਮੋਦੀ ਦੇ ਹੋਏ ਵਿਰੋਧ, ਸਥਾਨਕ ਮੀਡੀਆ ਦੀ ਉਨ੍ਹਾਂ ਤੋਂ ਦੂਰੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ‘ਰੁੱਖਾਪਣ` ਵੱਧ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਸਬੰਧੀ ਕਈ ਵੀਡੀਓ ਸੋਸ਼ਲ ਮੀਡੀਆ ਉਤੇ ਘੁੰਮ ਰਹੀਆਂ ਹਨ। ਪਹਿਲੇ ਦਿਨ ਜਹਾਜ਼ੋਂ ਉਤਰਦੇ ਹੀ ਇਕ ਅਧਿਕਾਰੀ ਵੱਲੋਂ ਮੋਦੀ ਨੂੰ ਮਾਸਕ ਲਾਉਣ ਦੇ ‘ਹੁਕਮ` ਮੋਦੀ ਦੇ ਸਵਾਗਤ ਲਈ ਪ੍ਰੋਟੋਕਾਲ ਦੀ ਪਾਲਣਾ ਨਾ ਹੋਣ ਦੀ ਵੱਧ ਚਰਚਾ ਹੈ।
ਦੌਰੇ ਦੇ ਪਹਿਲੇ ਹੀ ਦਿਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਮੋਦੀ ਨੂੰ ਜਮਹੂਰੀ ਹੱਕਾਂ ਤੇ ਲੋਕਤੰਤਰ ਦਾ ਪਾਠ ਪੜ੍ਹਾਉਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਮੀਡੀਆ ਨੇ ਮੋਦੀ ਦੇ ਦੌਰੇ ਨੂੰ ਭੋਰਾ ਤਵੱਜੋ ਨਹੀਂ ਦਿੱਤੀ। ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਮੋਦੀ ਦੀ ਉਹ ਆਓ ਭਗਤ ਨਹੀਂ ਕੀਤੀ ਜਿੰਨੀ ਉਮੀਦ ਕੀਤੀ ਜਾ ਰਹੀ ਸੀ। ਦੂਜੇ ਪਾਸੇ ਸਥਾਨਕ ਭਾਰਤੀ ਭਾਈਚਾਰੇ ਨੇ ਮੋਦੀ ਦੌਰੇ ਦਾ ਖੁੱਲ੍ਹ ਕੇ ਵਿਰੋਧ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਬਾਹਰ ਚਾਰ ਵੱਖ-ਵੱਖ ਪ੍ਰਦਰਸ਼ਨ ਹੋ ਰਹੇ ਸਨ। ਸੁਰੱਖਿਆ ਕਾਰਨਾਂ ਕਰਕੇ ਖਾਲਿਸਤਾਨ ਪੱਖੀ, ਨੈਸ਼ਨਲ ਓਵਰਸੀਜ਼ ਕਾਂਗਰਸ, ਕਿਸਾਨਾਂ ਦੀ ਹਮਾਇਤ `ਚ ਸਥਾਨਕ ਗੁਰਦੁਆਰਾ ਕਮੇਟੀ ਅਤੇ ਹਿੰਦੂਜ ਫਾਰ ਹਿਊਮਨ ਰਾਈਟਸ ਨੂੰ ਵੱਖ-ਵੱਖ ਥਾਵਾਂ `ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਵਿਰੋਧ ਕਰਨ ਵਾਲਿਆਂ `ਚ ਖਾਲਿਸਤਾਨ ਪੱਖੀ ਸਿੱਖਾਂ ਦਾ ਜਥਾ ਸਭ ਤੋਂ ਵੱਡਾ ਸੀ ਅਤੇ ਉਹ ਕੇਸਰੀ ਝੰਡੇ ਝੁਲਾ ਰਹੇ ਸਨ।
ਕੌਮਾਂਤਰੀ ਮਾਮਲਿਆਂ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਮਨੁੱਖੀ ਹੱਕਾਂ ਦੇ ਘਾਣ, ਕਿਸਾਨ ਅੰਦੋਲਨ, ਜੰਮੂ ਕਸ਼ਮੀਰ ਵਿਚ ਪਾਬੰਦੀਆਂ, ਮੀਡੀਆ ਦੀ ਆਵਾਜ਼ ਦੱਬਣ ਤੇ ਗੁਆਂਢੀ ਮੁਲਕਾਂ ਬਾਰੇ ਭਾਜਪਾ ਸਰਕਾਰ ਦੀ ਰਣਨੀਤੀ ਤੋਂ ਕੌਮਾਂਤਰੀ ਪੱਧਰ ਉਤੇ ਰੋਹ ਫੈਲਿਆ ਹੋਇਆ ਹੈ। ਮੋਦੀ ਨਾਲ ਇਸ ਫੇਰੀ ਦੌਰਾਨ ਜੋ ਕੁਝ ਹੋਇਆ, ਉਹ ਇਸੇ ਰੋਹ ਦਾ ਹੀ ਨਤੀਜਾ ਸੀ। ਕਿਸਾਨ ਜਥੇਬੰਦੀਆਂ ਨੇ ਵੀ ਅਮਰੀਕੀ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਸੀ, ਉਹ ਮੋਦੀ ਦਾ ਡਟ ਕੇ ਵਿਰੋਧ ਕਰਨ।
ਯਾਦ ਰਹੇ ਕਿ ਅਮਰੀਕਾ, ਭਾਜਪਾ ਖਾਸ ਕਰਕੇ ਮੋਦੀ ਦੀਆਂ ਫਿਰਕੂ ਰਣਨੀਤੀਆਂ ਦਾ ਵਿਰੋਧ ਕਰਦਾ ਰਿਹਾ ਹੈ। ਗੁਜਰਾਤ ਦੰਗਿਆਂ ਤੋਂ ਬਾਅਦ ਮੋਦੀ ਦੇ ਅਮਰੀਕਾ ਦਾਖਲੇ ਉਤੇ ਪਾਬੰਦੀ ਲਗ ਦਿੱਤੀ ਗਈ ਸੀ ਪਰ 2014 ਵਿਚ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਪਿੱਛੋਂ ਇਹ ਪਾਬੰਦੀ ਹਟਾਉਣੀ ਪਈ। ਇਸ ਤੋਂ ਬਾਅਦ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਪਿੱਛੋਂ ਦੋਵਾਂ ਨੇਤਾਵਾਂ (ਮੋਦੀ-ਟਰੰਪ) ਦੀ ਯਾਰੀ ਖੂਬ ਚਰਚਾ ਵਿਚ ਰਹੀ। ਟਰੰਪ ਤੋਂ ਕੁਰਸੀ ਖੁੱਸਣ ਪਿੱਛੋਂ ਮੋਦੀ ਲਈ ਅਮਰੀਕਾ ਫੇਰੀ ਦੌਰਾਨ ਬਣੇ ਹਾਲਾਤ ਦੱਸਦੇ ਹਨ ਕਿ ਆਮ ਲੋਕਾਂ ਦੇ ਨਾਲ-ਨਾਲ ਇਥੋਂ ਦੀ ਸਰਕਾਰ, ਮੀਡੀਆ, ਪ੍ਰਸ਼ਾਸਕੀ ਅਮਲਾ ਭਾਰਤ ਵਿਚ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਖਫਾ ਹੈ।