ਸਿਆਸੀ ਉਥਲ-ਪੁਥਲ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨਾਲ ਉਸ ਦੀ ਆਪਣੀ ਅਤੇ ਪਾਰਟੀ (ਕਾਂਗਰਸ) ਦੀ ਸਿਆਸਤ ਦਾ ਪਰਦਾ ਚੁੱਕਿਆ ਗਿਆ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਗਾਵਤੀ ਸੁਰਾਂ ਉਠਣੀਆਂ ਸ਼ੁਰੂ ਹੋਈਆਂ ਸਨ ਤਾਂ ਕਿਸੇ ਦੇ ਚਿਤ-ਚੇਤੇ ਵੀ ਨਹੀਂ ਸੀ ਕਿ ਸੂਬੇ ਦੀ ਸਿਆਸਤ ਨੇ ਇੰਨੇ ਕਾਹਲੇ ਅਤੇ ਤਿੱਖੇ ਮੋੜ ਕੱਟਣੇ ਹਨ। ਕਾਂਗਰਸ ਦੀ ਹਾਈਕਮਾਨ ਅਗਲੀਆਂ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਤਾਂ ਕਰਨਾ ਚਾਹੁੰਦੀ ਸੀ ਤਾਂ ਕਿ ਸਥਾਪਤੀ ਵਿਰੋਧੀ ਸੁਰ ਨੂੰ ਥੁੜ੍ਹਾ ਮੱਠਾ ਪਾਇਆ ਜਾ ਸਕੇ ਪਰ ਇਹ ਨਹੀਂ ਸੀ ਚਾਹੁੰਦੀ ਕਿ ਉਸ ਨੂੰ ਤੁਰੰਤ ਹੀ ਅਹੁਦੇ ਤੋਂ ਵੱਖ ਕਰ ਦਿੱਤਾ ਜਾਵੇ। ਉਂਜ, ਪੰਜਾਬ ਕਾਂਗਰਸ ਦੀ ਸਿਆਸਤ ਇੰਨੀ ਤੇਜ਼ੀ ਨਾਲ ਚੱਲੀ ਕਿ ਹੁਣ ਹਾਈਕਮਾਨ ਨੂੰ ਇਸ ਨੂੰ ਸੰਭਾਲਣਾ ਮੁਸ਼ਕਿਲ ਹੋਇਆ ਪਿਆ ਹੈ।

ਅਸਲ ਵਿਚ ਨਵਜੋਤ ਸਿੰਘ ਸਿੱਧੂ ਦੀ ਗਿਣਤੀ-ਮਿਣਤੀ ਸੀ ਕਿ ਅਗਲੀਆਂ ਚੋਣਾਂ ਉਸ ਦੀ ਕਮਾਨ ਹੇਠ ਲੜੀਆਂ ਜਾਣਗੀਆਂ ਪਰ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਅੰਦਰ ਜੋ ਹਾਲਾਤ ਬਣੇ, ਉਸ ਨਾਲ ਮੁਕਾਬਲਤਨ ਘੱਟ ਚਰਚਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਮਿਲ ਗਿਆ। ਸਿਆਸੀ ਵਿਸ਼ੇਸ਼ਕਾਂ ਦਾ ਸਪਸ਼ਟ ਆਖਣਾ ਹੈ ਕਿ ਜਿਸ ਢੰਗ-ਤਰੀਕੇ ਦੀ ਸਿਆਸਤ ਚਰਨਜੀਤ ਸਿਮਘ ਚੰਨੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਸ਼ੁਰੂ ਕੀਤੀ ਹੈ, ਉਸ ਨਾਲ ਸਭ ਤੋਂ ਵੱਡਾ ਖਤਰਾ ਨਵਜੋਤ ਸਿੰਘ ਸਿੱਧੂ ਲਈ ਹੀ ਖੜ੍ਹਾ ਹੋਇਆ ਹੈ। ਹਰ ਕੋਈ ਇਹ ਕਿਆਸ ਲਾ ਰਿਹਾ ਸੀ ਕਿ ਇਸ ਸੂਰਤ ਵਿਚ ਤਾਂ 2022 ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਵੀ ਬਣ ਸਕਦਾ ਹੈ, ਘੱਟ-ਘੱਟ ਹੁਣ ਉਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕੇਗਾ।
ਅਸਲ ਵਿਚ ਕਾਂਗਰਸ ਹਾਈਕਮਾਨ ਪੰਜਾਬ ਬਾਰੇ ਕਦੀ ਬਹੁਤੀ ਸੰਜੀਦਾ ਦਿਖਾਈ ਨਹੀਂ ਦਿੱਤੀ। ਪੂਰੇ ਮੁਲਕ ਅੰਦਰ ਪੰਜਾਬ ਅਜਿਹਾ ਸੂਬਾ ਸੀ ਜਿਥੇ ਕਾਂਗਰਸ ਦੀ ਸਭ ਤੋਂ ਮਜ਼ਬੂਤ ਸਰਕਾਰ ਸੀ। ਦੂਜੇ ਬੰਨੇ, ਪੂਰੇ ਮੁਲਕ ਅੰਦਰ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ ਆਰ.ਐਸ.ਐਸ. ਜਿਸ ਤਰ੍ਹਾਂ ਦੀ ਵੰਡ-ਪਾਊ ਅਤੇ ਨਫਰਤ ਵਾਲੀ ਸਿਆਸਤ ਕਰ ਰਹੀਆਂ ਸਨ, ਕਾਂਗਰਸ ਹਾਈਕਮਾਨ ਪੰਜਾਬ ਨੂੰ ਮਾਡਲ ਸੂਬੇ ਵਜੋਂ ਖੜ੍ਹਾ ਕਰ ਸਕਦੀ ਸੀ ਪਰ ਨਾ ਕਾਂਗਰਸ ਹਾਈਕਮਾਨ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪਾਸੇ ਕੋਈ ਕਦਮ ਵਧਾਇਆ। ਇਸ ਨਾਲਾਇਕੀ ਦਾ ਨਤੀਜਾ ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਹਾਈਕਮਾਨ, ਦੋਵੇਂ ਹੀ ਭੁਗਤ ਰਹੇ ਹਨ। ਨਵਜੋਤ ਸਿੰਘ ਸਿੱਧੂ ਦੀ ਸਿਆਸਤ ਉਤੇ ਤਾਂ ਪਹਿਲਾਂ ਵੀ ਕਿਸੇ ਨੂੰ ਕੋਈ ਭਰੋਸਾ ਨਹੀਂ ਸੀ। ਸਿਆਸੀ ਖੇਤਰ ਵਿਚ ਉਸ ਦੀ ਸੰਜੀਦਗੀ ਹਮੇਸ਼ਾ ਸਵਾਲਾਂ ਦੇ ਘੇਰੇ ਵਿਚ ਰਹੀ ਹੈ। ਪਿਛਲੇ ਦਿਨਾਂ ਦੌਰਾਨ ਉਹ ਕੈਪਟਨ ਸਰਕਾਰ ਦੀ ਬੜੀ ਤਿੱਖੀ ਨੁਕਤਾਚੀਨੀ ਕਰਦਾ ਰਿਹਾ ਹੈ ਪਰ ਢਾਈ-ਤਿੰਨ ਸਾਲ ਉਹ ਵੀ ਉਸੇ ਸਰਕਾਰ ਦਾ ਹਿੱਸਾ ਰਿਹਾ ਹੈ ਅਤੇ ਆਪਣੇ ਵਿਭਾਗ ਵਿਚ ਉਸ ਦੀ ਆਪਣੀ ਕਾਰਗੁਜ਼ਾਰੀ ਕੋਈ ਬਹੁਤੀ ਗੌਲਣਯੋਗ ਨਹੀਂ ਸੀ। ਅਸਲ ਵਿਚ ਉਹ ਹਰ ਪਾਸੇ ਚੌਧਰੀ ਵਾਲਾ ਰੋਲ ਹੀ ਨਿਭਾਉਣਾ ਚਾਹੁੰਦਾ ਹੈ, ਇਸੇ ਲਈ ਉਸ ਬਾਰੇ ਇਹ ਕਿਆਸਆਰਾਈਆਂ ਚੱਲਦੀਆਂ ਹੀ ਰਹੀਆਂ ਹਨ ਕਿ ਉਹ ਆਪਣੀ ਚੌਧਰ ਖਾਤਰ ਕਿਸੇ ਵੀ ਪਾਰਟੀ ਨੂੰ ਛੱਡ ਸਕਦਾ ਹੈ ਅਤੇ ਕਿਸੇ ਵੀ ਪਾਰਟੀ ਵਿਚ ਜਾ ਸਕਦਾ ਹੈ। ਕਾਂਗਰਸ ਹਾਈਕਮਾਨ ਨੇ ਇਸ ਸਭ ਕੁਝ ਬਾਰੇ ਪਤਾ ਹੋਣ ਦੇ ਬਾਵਜੂਦ ਉਸ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ। ਇਸੇ ਕਰਕੇ ਹੁਣ ਨਵੇਂ ਪੈਦਾ ਹੋਏ ਹਾਲਾਤ ਬਾਰੇ ਸਭ ਤੋਂ ਵੱਡਾ ਸਵਾਲ ਕਾਂਗਰਸ ਹਾਈਕਮਾਨ ਅੱਗੇ ਹੀ ਖੜ੍ਹਾ ਹੋਇਆ ਹੈ ਜਿਸ ਦੇ ਬਹੁਤੇ ਫੈਸਲੇ ਅੱਜਕੱਲ੍ਹ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਕਰ ਰਹੇ ਹਨ। ਇਨ੍ਹਾਂ ਦੋਹਾਂ ਆਗੂਆਂ ਨੂੰ ਕੈਪਟਨ ਅਮਰਿੰਦਰ ਸਿੰਘ ਸ਼ਰੇਆਮ ‘ਅਨਾੜੀ’ ਆਖ ਚੁੱਕੇ ਹਨ।
ਅਸਥਿਰਤਾ ਦੇ ਇਸ ਮਾਹੌਲ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ। ਸੂਬੇ ਅੰਦਰ ਤਿੱਖੇ ਕਿਸਾਨ ਘੋਲ ਕਾਰਨ ਆਮ ਲੋਕ ਹਾਕਮ ਜਮਾਤਾਂ ਨੂੰ ਸਵਾਲ-ਦਰ-ਸਵਾਲ ਕਰ ਰਹੇ ਹਨ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਪੂਰੇ ਪੰਜਾਬ ਅੰਦਰ, ਖਾਸਕਰ ਪਿੰਡਾਂ ਵਿਚ ਸਿਆਸੀ ਸਰਗਰਮੀ ਕਰਨੀ ਮੁਸ਼ਕਿਲ ਹੋ ਰਹੀ ਹੈ। ਅਸਥਿਰਤਾ ਦੇ ਅਜਿਹੇ ਮਾਹੌਲ ਵਿਚ ਪੰਜਾਬ ਦੇ ਅਸਲ ਸਵਾਲ ਰੁਲ ਜਾਂਦੇ ਰਹੇ ਹਨ। ਉਂਜ ਵੀ ਲੋਕ ਚਿਰਾਂ ਤੋਂ ਤਾਂਘ ਰਹੇ ਹਨ ਕਿ ਸੂਬੇ ਅੰਦਰ ਰਵਾਇਤੀ ਪਾਰਟੀਆਂ ਸਦੀ ਸਿਆਸਤ ਤੋਂ ਅਗਾਂਹ ਕੋਈ ਗੱਲ ਤੁਰੇ ਪਰ ਫਿਲਹਾਲ ਕੋਈ ਵੀ ਧਿਰ ਲੋਕਾਂ ਦੀ ਇਸ ਸੋਚ ਦੇ ਬਰਾਬਰ ਨਹੀਂ ਤੁਲ ਰਹੀ। 2014 ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਨਵੀਂ ਉਠੀ ਧਿਰ- ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਅੰਦਰ ਆਸ ਦੀ ਕਿਰਨ ਜਗਾਈ ਸੀ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਅਤੇ ਫਿਰ 2019 ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਪਾਰਟੀ ਸੰਜੀਦਾ ਧਿਰ ਵਾਲਾ ਅਕਸ ਬਰਕਰਾਰ ਰੱਖਣ ਵਿਚ ਵੀ ਕਾਮਯਾਬ ਨਹੀਂ ਹੋ ਸਕੀ ਹੈ। ਇਸ ਪਾਰਟੀ ਦੇ ਆਪਸੀ ਕਲੇਸ਼ ਅਤੇ ਦਿੱਲੀ ਲੀਡਰਸ਼ਿਪ ਦੀ ਬਹੁਤ ਜ਼ਿਆਦਾ ਦਖਲਅੰਦਾਜ਼ੀ ਨੇ ਇਸ ਧਿਰ ਦੇ ਅਕਸ ਅਤੇ ਭਰੋਸੇ ਨੂੰ ਵੱਡੀ ਢਾਹ ਲਾਈ ਹੈ। ਬੇਅਦਬੀ ਕਾਂਡ ਅਤੇ ਹੋਰ ਮਸਲਿਆਂ ਵਿਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਉਂਜ ਵੀ ਅਜੇ ਤੱਕ ਸਿਆਸੀ ਪਿੜ ਵਿਚ ਪੈਰ ਨਹੀਂ ਲੱਗ ਰਹੇ। ਸਭ ਨੂੰ ਆਸ ਸੀ ਕਿ ਕਿਸਾਨ ਅੰਦੋਲਨ ਕਾਰਨ ਲੋਕਾਂ ਅੰਦਰ ਆਈ ਜਾਗਰੂਕਤਾ ਕਾਰਨ ਐਤਕੀਂ ਵਿਧਾਨ ਸਭਾ ਚੋਣਾਂ ਵਿਲੱਖਣ ਹੋਣਗੀਆਂ ਪਰ ਜਿਸ ਤਰ੍ਹਾਂ ਦੀ ਅਸਥਿਰਤਾ ਵਾਲੇ ਮਾਹੌਲ ਨਾਲ ਸੂਬਾ ਜੂਝ ਰਿਹਾ ਹੈ, ਉਸ ਸੂਰਤ ਵਿਚ ਕਿਸਾਨ ਅੰਦੋਲਨ ਕੋਈ ਵੱਡਾ ਵੱਢ ਮਾਰ ਸਕੇਗਾ, ਇਸ ਬਾਰੇ ਫਿਲਹਾਲ ਸੋਚਿਆ ਹੀ ਜਾ ਸਕਦਾ ਹੈ। ਉਂਜ ਵੀ ਕਿਸਾਨ ਅੰਦੋਲਨ ਦੇ ਅਸਰ ਵਾਲੀ ਗੱਲ ਬਹੁਤ ਹੱਦ ਤੱਕ ਕਿਸਾਨ ਆਗੂਆਂ ਦੀ ਪਹੁੰਚ ਉਤੇ ਨਿਰਭਰ ਕਰਦੀ ਹੈ। ਕਿਸਾਨ ਆਗੂ ਸਿਆਸਤ ਦੇ ਪਿੜ ਬਾਰੇ ਦੋ-ਟੁੱਕ ਫੈਸਲਾ ਨਹੀਂ ਕਰ ਸਕੇ ਹਨ। ਫਿਰ ਵੀ, ਸਿਆਸੀ ਅਸਥਿਰਤਾ ਦੇ ਬਾਵਜੂਦ ਆਉਣ ਵਾਲੇ ਦਿਨਾਂ ਵਿਚ ਕਿਸਾਨ ਆਗੂਆਂ ਦੇ ਫੈਸਲੇ ਪੰਜਾਬ ਦੀ ਸਿਆਸਤ ਵਿਚ ਸੀਮਤ ਹੀ ਸਹੀ, ਆਪਣਾ ਰੋਲ ਨਿਭਾ ਸਕਦੇ ਹਨ।