ਕਰਿ ਅਉਗਣ ਪਛੋਤਾਵਣਾ

ਡਾæ ਗੁਰਨਾਮ ਕੌਰ, ਕੈਨੇਡਾ
ਸਿੱਖ ਧਰਮ ਚਿੰਤਨ ਵਿਚ ਬੁਰਾਈ ਨੂੰ ਅਉਗਣ ਨਾਲ ਜੋੜਿਆ ਗਿਆ ਹੈ। ਅਉਗਣ ਹੀ ਹਰ ਤਰ੍ਹਾਂ ਦੀ ਬੁਰਾਈ ਨੂੰ ਜਨਮ ਦਿੰਦੇ ਹਨ। ਬੁਰਾਈ ਦਾ ਅਰਥ ਹੈ ਅਨੈਤਿਕ ਵਰਤਾਉ ਜਾਂ ਅਮਲ ਜੋ ਸਮਾਜ ਲਈ ਹਾਨੀਕਾਰਕ ਹੁੰਦਾ ਹੈ। ਬੁਰਾਈ ਮਨੁੱਖ ਨੂੰ ਅਜਿਹੇ ਕਰਮ ਕਰਨ ਲਈ ਪ੍ਰੇਰਤ ਕਰਦੀ ਹੈ ਜਿਨ੍ਹਾਂ ਤੋਂ ਉਹ ਸ਼ਰਮਸਾਰ ਹੁੰਦਾ ਹੈ। ਸਿੱਖ ਧਰਮ ਚਿੰਤਨ ਵਿਚ ਮਨੁੱਖ ਦੇ ਸਾਹਮਣੇ ਆਦਰਸ਼ ਆਤਮ-ਅਨੁਭਵ ਦਾ ਰੱਖਿਆ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ‘ਜਪੁਜੀ’ ਵਿਚ ਹੀ ਪ੍ਰਸ਼ਨ ਕੀਤਾ ਹੈ ਕਿ ‘ਸਚਿਆਰ’ ਕਿਵੇਂ ਬਣਨਾ ਹੈ, “ਕਿਵ ਸਚਿਆਰਾ ਹੋਵੀਐ”। ‘ਸਚਿ’ ਜਾਂ ‘ਸਤਿ’ ਪਰਮਾਤਮਾ ਲਈ ਆਇਆ ਹੈ ਅਤੇ ਮਨੁੱਖ ਸਾਹਮਣੇ ਆਦਰਸ਼ ਪਰਮ-ਸਤਿ ਦਾ ਅਨੁਭਵ ਕਰਨਾ ਰੱਖਿਆ ਹੈ। ਇਸ ਲਈ ‘ਸਚਿਆਰਾ’ ਸ਼ਬਦ ਉਸ ਆਦਰਸ਼ਕ ਆਤਮ ਲਈ ਵਰਤਿਆ ਗਿਆ ਹੈ, ਜਿਸ ਕਿਸਮ ਦਾ ਮਨੁੱਖ ਨੂੰ ਹੋਣਾ ਚਾਹੀਦਾ ਹੈ। ਆਦਰਸ਼ ਨੂੰ ਜਾਣਨ ਵਾਸਤੇ ਪਰਮਸਤਿ ਦੀ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿਚ ਹੀ ਮੂਲ ਮੰਤਰ ਵਿਚ ਕਰ ਦਿੱਤੀ ਗਈ ਹੈ। ਉਹ ਇੱਕੋ-ਇੱਕ ਅਤੇ ਸਰਬ-ਵਿਆਪਕ ਹਸਤੀ ਹੈ, ਜੋ ਸੰਸਾਰ ਦਾ ਰਚਣਹਾਰਾ, ਭੈ ਅਤੇ ਵੈਰ ਤੋਂ ਰਹਿਤ ਹੈ, ਸਮੇਂ ਅਤੇ ਸਥਾਨ ਵਿਚ ਨਹੀਂ ਆਉਂਦਾ ਪਰ ਇਹ ਦਿਸਦਾ ਸੰਸਾਰ ਉਸੇ ਇੱਕ ਦਾ ਸਰੂਪ ਹੈ। ਉਹ ਜਨਮਦਾ ਜਾਂ ਮਰਦਾ ਨਹੀਂ ਹੈ ਅਤੇ ਉਹ ਆਪਣੇ ਆਪ ਤੋਂ ਹੈ। ਇਸ ਦਾ ਅਰਥ ਹੈ ਕਿ ਉਸ ਦਾ ਜਨਮ ਕਿਸੇ ਹੋਰ ਤੋਂ ਨਹੀਂ ਹੁੰਦਾ। ਉਸ ਨੂੰ ਗੁਰੂ ਦੀ ਕਿਰਪਾ ਰਾਹੀਂ ਪਾ ਸਕੀਦਾ ਹੈ ਅਰਥਾਤ ਉਸ ਦਾ ਅਨੁਭਵ ਗੁਰੂ ਰਾਹੀਂ ਸੰਭਵ ਹੈ। ਇਸ ਤੋਂ ਅੱਗੇ ਦੱਸਿਆ ਹੈ ਕਿ ਉਹ ਅਕਾਲ ਪੁਰਖ ਯੁਗਾਂ ਤੋਂ ਪਹਿਲਾਂ ਵੀ ਸੀ, ਯੁਗਾਂ ਦੇ ਅਰੰਭ ਵਿਚ ਵੀ ਸੀ, ਉਸ ਦੀ ਹੋਂਦ ਹੁਣ ਵੀ ਹੈ ਅਤੇ ਉਸ ਦੀ ਹੋਂਦ ਸਦਾ ਰਹੇਗੀ।
ਸਿੱਖ ਧਰਮ ਅਨੁਸਾਰ ਪਰਮ-ਸਤਿ ਮਹਿਜ ‘ਸਤਿ ਚਿੱਤ ਅਨੰਦ’ ਹੀ ਨਹੀਂ ਹੈ, ਉਹ ‘ਸਤਿ ਨਾਮ ਕਰਤਾ ਪੁਰਖੁ’ ਹੈ। ਕਰਤਾ ਪੁਰਖ ਹੋਣਾ ਉਸ ਦੀ ਰਚਣ-ਸ਼ਕਤੀ ਨੂੰ ਦੱਸਦਾ ਹੈ। ਇਹ ਉਸ ਦੀ ਸਦੀਵੀ ਸਕ੍ਰਿਅਤਾ ਦਾ ਲਖਾਇਕ ਹੈ। ਉਸ ਦਾ ਇਹ ਸਦੀਵੀ ਸਕ੍ਰਿਅਤਾ ਦਾ ਗੁਣ ਪ੍ਰਾਪਤ ਕੀਤੇ ਜਾਣ ਵਾਲੇ ਆਦਰਸ਼ ‘ਤੇ ਵੀ ਅਸਰ-ਅੰਦਾਜ਼ ਹੈ। ਕਹਿਣ ਦਾ ਅਰਥ ਹੈ ਕਿ ਇਸ ਨੇ ਸਿੱਖ ਦੇ ਵਿਅਕਤੀਤਵ ‘ਤੇ ਵੀ ਅਸਰ ਪਾਇਆ ਹੈ ਅਤੇ ਉਸ ਨੂੰ ਸਕ੍ਰਿਅਤਾ ਬਖਸ਼ਿਸ਼ ਕੀਤੀ ਹੈ ਜਿਸ ਨੂੰ ਗੁਰੂ ਅਮਰਦਾਸ ਜੀ ਨੇ ‘ਗੁਰਮੁਖਿ ਬੁਢੇ ਕਦੇ ਨਾਹੀ’ ਕਿਹਾ ਹੈ। ‘ਸਚਿਆਰ’ ਉਹ ਹੈ ਜਿਸ ਨੇ ਪੂਰੀ ਤਰ੍ਹਾਂ ਆਤਮ-ਅਨੁਭਵ ਕਰ ਲਿਆ ਹੈ। ਇਸ ਮੰਜ਼ਲ ਦੀ ਪ੍ਰਾਪਤੀ ਤੋਂ ਪਹਿਲਾਂ ਉਹ ਸਿੱਖ ਅਰਥਾਤ ਸਤਿ ਦਾ ਖੋਜੀ ਹੈ, ਜਿਸ ਨੇ ਸਚਿਆਰ ਬਣਨ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨਾ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ‘ਕੂੜੈ ਪਾਲ’ ਕਿਹਾ ਹੈ। ਸਿੱਖ ਧਰਮ ਚਿੰਤਨ ਵਿਚ ਇਸ ਨੂੰ ਵਿਅਕਤੀਗਤ ਪੱਧਰ ‘ਤੇ ਹਉਮੈ ਅਤੇ ਬ੍ਰਹਿਮੰਡੀ ਪੱਧਰ ‘ਤੇ ਮਾਇਆ ਕਿਹਾ ਹੈ। ਹਉਮੈ ਅਤੇ ਮਾਇਆ ਤੋਂ ਬਹੁਤ ਸਾਰੇ ਮਨੋਵੇਗ ਜਾਂ ਵਿਕਾਰ ਪੈਦਾ ਹੁੰਦੇ ਹਨ ਜਿਵੇਂ ਕਾਮ, ਲੋਭ, ਮੋਹ, ਕ੍ਰੋਧ ਅਤੇ ਅਹੰਕਾਰ ਆਦਿ। ਇਹ ਬੁਰੀਆਂ ਬਿਰਤੀਆਂ ਪਰਮਾਤਮਾ ਨਾਲ ਇੱਕ-ਸੁਰਤਾ ਪੈਦਾ ਕਰਨ ਦੇ ਰਸਤੇ ਵਿਚ ਰੋੜਾ ਹਨ ਜੋ ਮਨੁੱਖ ਦੀ ਇਸ ਯਾਤਰਾ ਨੂੰ ਵਿਚਲਿਤ ਕਰਦੇ ਹਨ। ਇਨ੍ਹਾਂ ਬਿਰਤੀਆਂ ਨੂੰ ਬੁਰਾ ਇਸ ਲਈ ਹੀ ਨਹੀਂ ਕਿਹਾ ਗਿਆ ਕਿਉਂ ਕਿ ਇਨ੍ਹਾਂ ਬਿਰਤੀਆਂ ਦੇ ਨਤੀਜੇ ਨਾ ਸਿਰਫ ਸਮਾਜਿਕ ਪੱਖ ਤੋਂ ਅਣਇੱਛਤ ਅਤੇ ਮਾੜੇ ਨਿਕਲਦੇ ਹਨ, ਬਲਕਿ ਇਨ੍ਹਾਂ ਦੀ ਨਿੰਦਾ ਇਸ ਲਈ ਵੀ ਕੀਤੀ ਜਾਂਦੀ ਹੈ ਕਿ ਇਹ ਮਨੁੱਖ ਦੇ ਆਤਮ-ਅਨੁਭਵ ਦੇ ਰਸਤੇ ਵਿਚ ਅੜਿਕਾ ਪਾਉਂਦੇ ਹਨ ਅਤੇ ਮਨੁੱਖ ਦਾ ਧਿਆਨ ਵਿਚਲਿਤ ਕਰਦੇ ਹਨ। ਅੱਗੇ ਇਨ੍ਹਾਂ ਬੁਰੀਆਂ ਬਿਰਤੀਆਂ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਪੰਚ ਚੋਰ’ ਜਾਂ ‘ਪੰਚ ਦੂਤ’ ਵੀ ਕਿਹਾ ਹੈ, ਦੀ ਸੰਖੇਪ ਚਰਚਾ ਹਾਜ਼ਰ ਹੈ।
ਕਾਮ: ਕਾਮ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਅਤੇ ਨਾਮਹੈ, ਜਿਸ ਦੇ ਕਈ ਅਰਥ ਕੀਤੇ ਜਾਂਦੇ ਹਨ ਜਿਵੇਂ ਚੇਸ਼ਟਾ, ਵਾਸ਼ਨਾ ਅਤੇ ਇੱਛਾ-ਵਸਤੂ ਆਦਿ। ਆਮ ਅਰਥਾਂ ਵਿਚ ਇਸ ਨੂੰ ਚੇਸ਼ਟਾ ਕਿਹਾ ਜਾਂਦਾ ਹੈ ਅਤੇ ਇਸ ਦੇ ਖ਼ਾਸ ਅਰਥਾਂ ਵਿਚ ਇਸ ਨੂੰ ਕਾਮ-ਵਾਸ਼ਨਾ ਲਈ ਵਰਤਿਆ ਜਾਂਦਾ ਹੈ। ਸਿੱਖ ਧਰਮ ਚਿੰਤਨ ਵਿਚ ਇਸ ਦੇ ਦੋਵੇਂ ਅਰਥ ਪ੍ਰਾਪਤ ਹਨ ਅਤੇ ਇਸ ਬੁਰੀ ਬਿਰਤੀ ਵੱਲ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿਚ ਧਿਆਨ ਦੁਆਇਆ ਹੈ। ਗੁਰੂ ਸਾਹਿਬ ਨੇ ਕਾਮ ਦੀ ਮਾਨਸਿਕ ਤਵਾਜਨ ਨੂੰ ਵਿਚਲਿਤ ਕਰਨ ਵਾਲੀ ਬਿਰਤੀ ਦੇ ਤੌਰ ‘ਤੇ ਨਿਖੇਧੀ ਕੀਤੀ ਹੈ। ਗੁਰੂ ਨਾਨਕ ਸਾਹਿਬ ‘ਆਸਾ ਦੀ ਵਾਰ’ ਵਿਚ ਕਹਿੰਦੇ ਹਨ ਕਿ ਇਸ ਕਲਿਯੁਗ ਦੇ ਸਮੇਂ ਵਿਚ ਕਾਮ ਨਾਇਬ ਹੈ ਜਿਸ ਨਾਲ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ ਅਤੇ ਪਰਜਾ ਅੰਨੀ ਹੈ ਜੋ ਮੁਰਦਿਆਂ ਦੀ ਤਰ੍ਹਾਂ ਇਸ ਦੇ ਇਸ਼ਾਰੇ ‘ਤੇ ਨੱਚਦੀ ਹੈ। ਗੁਰੂ ਅਰਜਨ ਦੇਵ ਅਨੁਸਾਰ ਕਾਮ-ਬਿਰਤੀ ਕਾਰਨ ਮਨੁੱਖ ਨਰਕ ਵਿਚ ਪੈਂਦੇ ਹਨ ਅਤੇ ਜਨਮ-ਮਰਨ ਦੇ ਚੱਕਰ ਵਿਚ ਪਏ ਰਹਿੰਦੇ ਹਨ। ਮਨ ਨੂੰ ਵਿਚਲਿਤ ਕਰਨ ਵਾਲੀ ਇਹ ਬੁਰਾਈ ਤਿੰਨਾਂ ਜਹਾਨਾਂ ਵਿਚ ਵਿਚਰਦੀ ਰਹਿੰਦੀ ਹੈ; ਅਰਦਾਸ, ਤਪੱਸਿਆ ਅਤੇ ਸਿਸ਼ਟਾਚਾਰ ਨੂੰ ਤਬਾਹ ਕਰ ਦਿੰਦੀ ਹੈ। ਇਸ ਰਾਹੀਂ ਪ੍ਰਾਪਤ ਕੀਤੀ ਖੁਸ਼ੀ ਛਿੰਨ-ਭੰਗਰ ਹੁੰਦੀ ਹੈ ਜੋ ਇਨਸਾਨ ਨੂੰ ਹੀਣ, ਮੁਥਾਜ ਅਤੇ ਕਮਜ਼ੋਰ ਕਰ ਦਿੰਦੀ ਹੈ ਅਤੇ ਇਹ ਬਿਰਤੀ ਉਚੇ ਅਤੇ ਨੀਵੇਂ ਹਰ ਇੱਕ ਤੇ ਵਾਰ ਕਰਦੀ ਹੈ।
ਗੁਰੂ ਅਰਜਨ ਦੇਵ ਹਾਥੀ ਅਤੇ ਹਿਰਨ ਦੇ ਦ੍ਰਿਸ਼ਟਾਂਤ ਰਾਹੀਂ ਇਸ ਦੇ ਆਮ ਅਤੇ ਖਾਸ ਅਰਥਾਂ ਨੂੰ ਸਮਝਾਉਂਦੇ ਹਨ ਕਿ ਹਾਥੀ ਆਪਣੀ ਇਸ ਬਿਰਤੀ ਕਾਰਨ ਫਸ ਜਾਂਦਾ ਹੈ ਅਤੇ ਦੂਸਰਿਆਂ ਦੇ ਸਾਹਮਣੇ ਨਿਹੱਥਾ ਹੋ ਕੇ ਗ਼ੁਲਾਮੀ ਕਰਦਾ ਹੈ। ਹਿਰਨ ਸੰਗੀਤ ਦੀਆਂ ਮਿੱਠੀਆਂ ਧੁਨਾਂ ਵਿਚ ਫਸ ਕੇ ਆਪਣੀ ਮੌਤ ਸਹੇੜ ਲੈਂਦਾ ਹੈ। ਮਨੁੱਖ ਆਪਣੇ ਪਰਿਵਾਰ ਦੇ ਮੋਹ ਵਿਚ ਆ ਕੇ ਲਾਲਚ ਵਿਚ ਫਸ ਜਾਂਦਾ ਹੈ ਅਤੇ ਮਾਇਆ ਨਾਲ ਪਿਆਰ ਕਰਨ ਲੱਗ ਜਾਂਦਾ ਹੈ। ਉਹ ਇਸ ਨੂੰ ਆਪਣੀ ਸਮਝ ਬੈਠਦਾ ਹੈ ਪਰ ਅੰਤ ਵਿਚ ਇਹ ਮਨੁੱਖ ਦੇ ਨਾਲ ਨਹੀਂ ਨਿਭਦੀ। ਗੁਰੂ ਅਰਜਨ ਦੇਵ ਅੱਗੇ ਫੁਰਮਾਉਂਦੇ ਹਨ ਕਿ ਕਾਮ-ਵਸ ਹੋ ਕੇ ਮਨੁੱਖ ਦੂਸਰਿਆਂ ਦੀਆਂ ਇਸਤ੍ਰੀਆਂ ਤੇ ਨਜ਼ਰ ਰੱਖਦਾ ਹੈ ਅਤੇ ਉਨ੍ਹਾਂ ਦੇ ਘਰਾਂ ਵਿਚ ਸੰਨ੍ਹ ਲਾਉਂਦਾ ਹੈ। ਉਹ ਪਾਪ ਕਰਦਾ ਹੈ ਜਿਸ ਲਈ ਉਸ ਨੂੰ ਅੰਤ ਵਿਚ ਪਛਤਾਉਣਾ ਪੈਂਦਾ ਹੈ। ਉਪਰ ਦਿੱਤੇ ਹਵਾਲਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਅਜਿਹੀ ਭਟਕਣ ਕਾਰਨ ਉਨ੍ਹਾਂ ਅੰਦਰ ਗੁਨਾਹ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਬਿਰਤੀ ਕਾਰਨ ਮਨੁੱਖ ਨਿਰਦਈ ਬਣ ਜਾਂਦਾ ਹੈ ਅਤੇ ਕੋਮਲ ਭਾਵਨਾਵਾਂ ਵੱਲੋਂ ਅੰਨ੍ਹਾਂ ਹੋ ਜਾਂਦਾ ਹੈ ਅਤੇ ਮਨੁੱਖ ਨੈਤਿਕ ਕਦਰਾਂ-ਕੀਮਤਾਂ ਵੱਲੋਂ ਅੱਖਾਂ ਮੀਚ ਲੈਂਦਾ ਹੈ। ਇਹ ਬਿਰਤੀ ਮਨੁੱਖ ਕੋਲੋਂ ਸਵੈ-ਤਬਾਹੀ ਵਾਲੇ ਕੰਮ ਵੀ ਕਰਵਾ ਦਿੰਦੀ ਹੈ। ਇਹ ਬਿਰਤੀ ਮਨੁੱਖ ਦੇ ਕਾਰਜਾਂ ‘ਤੇ ਬੁਰੀ ਤਰ੍ਹਾਂ ਅਸਰਦਾਇਕ ਹੁੰਦੀ ਹੈ।
ਲੋਭ: ਲੋਭ ਦਾ ਅਰਥ ਲਾਲਚ ਦੀ ਭਾਵਨਾ ਹੈ। ਲੋਭ ਦਾ ਅਰਥ ਅਜਿਹੀ ਇੱਛਾ ਤੋਂ ਲਿਆ ਜਾਂਦਾ ਹੈ ਜਿਸ ਅਨੁਸਾਰ ਮਨੁੱਖ ਉਨ੍ਹਾਂ ਚੀਜਾਂ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਜੋ ਉਸ ਦੀਆਂ ਆਪਣੀਆਂ ਨਹੀਂ ਹੁੰਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਦੀ ਵਰਤੋਂ ਹੋਰ ਵੀ ਵਿਸ਼ਾਲ ਅਰਥਾਂ ਵਿਚ ਕੀਤੀ ਗਈ ਹੈ। ਗੁਰੂ ਨਾਨਕ ਦੇਵ ਅਨੁਸਾਰ ਲੋਭੀ ਜੀਅੜਾ ਕਦੇ ਵੀ ਸਥਿਰ ਅਤੇ ਸ਼ਾਂਤ ਨਹੀਂ ਹੁੰਦਾ ਅਤੇ ਚਾਰੇ ਦਿਸ਼ਾਵਾਂ ਵਿਚ ਭਟਕਦਾ ਰਹਿੰਦਾ ਹੈ। ਲੋਭ ਵਿਚ ਜੀਵ ਕਦੇ ਅਕਾਸ਼ ਵਿਚ ਉਡਾਰੀਆਂ ਮਾਰਦਾ ਉਤੇ ਜਾਂਦਾ ਹੈ ਅਤੇ ਕਦੇ ਪਾਤਾਲ ਵਿਚ ਚਲਿਆ ਜਾਂਦਾ ਹੈ। ਕਹਿਣ ਤੋਂ ਭਾਵ ਹੈ ਕਿ ਇਹ ਕਦੇ ਵੀ ਟਿਕਾਉ ਵਿਚ ਨਹੀਂ ਆਉਂਦਾ। ਗੁਰੂ ਅਰਜਨ ਦੇਵ ਲੋਭ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਹੇ ਲੋਭ ਤੂੰ ਸ਼੍ਰੋਮਣੀ ਪੁਰਸ਼ ਹੈਂ ਕਿਉਂਕਿ ਤੂੰ ਵੱਡੇ ਵੱਡੇ ਲੋਕਾਂ ਨੂੰ ਫਸਾਇਆ ਹੈ ਅਤੇ ਜੀਵ ਤੇਰੇ ਕਾਰਨ ਅਨੇਕ ਲਹਿਰਾਂ ਦੇ ਕਲੋਲ ਕਰਦੇ ਹਨ। ਲੋਭ ਵਿਚ ਫਸਿਆ ਮਨੁੱਖ ਚਾਰੇ ਪਾਸੇ ਧਾਉਂਦਾ ਫਿਰਦਾ ਹੈ ਅਤੇ ਅਨੇਕ ਭਾਂਤ ਨਾਲ ਉਸ ਦਾ ਮਨ ਡੋਲਦਾ ਹੈ। ਉਸ ਨੂੰ ਮਿੱਤਰ, ਮਾਤਾ-ਪਿਤਾ, ਕਿਸੇ ਪੂਜਨੀਕ ਹਸਤੀ ਜਾਂ ਇਸ਼ਟ, ਸਕੇ-ਸਬੰਧੀ ਦੀ ਸ਼ਰਮ ਨਹੀਂ ਰਹਿੰਦੀ।
ਲੋਭ ਮਨੁੱਖ ਕੋਲੋਂ ਨਾ-ਕਰਨ ਯੋਗ ਕੰਮ ਕਰਾਉਂਦਾ ਹੈ, ਉਸ ਨੂੰ ਨਾ-ਖਾਣ ਯੋਗ ਖਵਾਉਂਦਾ ਹੈ ਅਤੇ ਨਾ-ਬਣਨ ਯੋਗ ਨੂੰ ਚੰਗੀ ਤਰ੍ਹਾਂ ਬਣਾਉਂਦਾ ਹੈ। ਗੁਰੂ ਅਰਜਨ ਦੇਵ ਅੱਗੇ ਫਰਮਾਉਂਦੇ ਹਨ ਕਿ ਲੋਭੀ ਮਨੁੱਖ ਵਾਸਤੇ ਧਨ ਹੀ ਸਭ ਕੁੱਝ ਬਣ ਜਾਂਦਾ ਹੈ। ਗੁਰੂ ਅਮਰਦਾਸ ਕਹਿੰਦੇ ਹਨ ਕਿ ਲੋਭੀ ਮਨੁੱਖ ਉਤੇ ਸਮਾਜਿਕ ਰਿਸ਼ਤਿਆਂ ਵਿਚ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ। ਅਜਿਹਾ ਮਨੁੱਖ ਆਪਣੇ ਧਨ ਤੋਂ ਬਿਨਾਂ ਹੋਰ ਕਿਸੇ ਪ੍ਰਤੀ ਵੀ ਵਫਾਦਾਰ ਨਹੀਂ ਹੁੰਦਾ। ਅੰਤ ਵਿਚ ਉਹ ਕਿਸੇ ਨੂੰ ਵੀ ਧੂਹ ਕੇ ਉਥੇ ਲੈ ਜਾਵੇਗਾ ਜਿਥੇ ਕੋਈ ਬਹੁੜੀ ਨਹੀਂ ਹੁੰਦੀ। ਅਜਿਹਾ ਲੋਭੀ ਮਨੁੱਖ ਮਨਮੁਖਾਂ ਦੀ ਸੰਗਤ ਕਰਦਾ ਹੈ ਅਤੇ ਮੂੰਹ ਤੇ ਕਾਲਖ ਨਾਲ ਦਾਗ਼ ਲਾ ਲੈਂਦਾ ਹੈ। ਅਜਿਹੇ ਲੋਭੀ ਮਨੁੱਖ ਆਪਣਾ ਜਨਮ ਵਿਅਰਥ ਗੁਆ ਲੈਂਦੇ ਹਨ ਅਤੇ ਸੰਸਾਰ ਵਿਚੋਂ ਬਦਨਾਮੀ ਖੱਟ ਕੇ ਜਾਂਦੇ ਹਨ। ਸਿੱਖ ਧਰਮ ਚਿੰਤਨ ਅਨੁਸਾਰ ਇਸ ਬਿਰਤੀ ਦਾ ਮਨੁੱਖ ਦੇ ਮਨ ‘ਤੇ ਏਨਾ ਗਹਿਰਾ ਅਸਰ ਹੁੰਦਾ ਹੈ ਕਿ ਲੋਭ ਵਾਲੀ ਵਸਤੂ ਵੱਲ ਇੱਕ ਦਮ ਖਿੱਚਿਆ ਚਲਾ ਜਾਂਦਾ ਹੈ। ਇਹ ਬਿਰਤੀ ਏਨੀ ਤਾਕਤਵਰ ਹੈ ਕਿ ਕਈ ਵਾਰ ਪਹੁੰਚੇ ਹੋਏ ਮਨੁੱਖ ਵੀ ਇਸ ਦੀ ਗ੍ਰਿਫਤ ਵਿਚ ਆ ਜਾਂਦੇ ਹਨ। ਇਸ ਲਈ ਇਸ ਬਿਰਤੀ ਤੋਂ ਬਹੁਤ ਹੀ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ।
ਮੋਹ: ਮੋਹ ਵੀ ਸੰਸਕ੍ਰਿਤ ਤੋਂ ਆਇਆ ਹੋਇਆ ਸ਼ਬਦ ਹੈ। ਇਸ ਦੇ ਕਈ ਅਰਥ ਕੀਤੇ ਜਾਂਦੇ ਹਨ ਜਿਵੇਂ ਬੇਹੋਸ਼ੀ, ਅਗਿਆਨ, ਸਨੇਹ, ਮੁਹੱਬਤ, ਭਰਮ, ਭੁਲੇਖਾ, ਦੁੱਖ ਅਤੇ ਕਲੇਸ਼ ਆਦਿ। ਮੋਹ ਨੂੰ ਇੱਕ ਬਿਰਤੀ ਦੇ ਰੂਪ ਵਿਚ ਦੋ ਅਰਥਾਂ ਵਿਚ ਲਿਆ ਜਾਂਦਾ ਹੈ ਜੋ ਕਿ ਆਪਸ ਵਿਚ ਸਬੰਧਤ ਹਨ। ਇਸ ਸ਼ਬਦ ਦੀ ਵਰਤੋਂ ਭਰਮ ਦਾ ਅਹਿਸਾਸ, ਚੇਤਨਾ ਦਾ ਖੋਣਾ, ਬੌਂਦਲਾਉਣਾ, ਭਟਕਣਾ ਅਤੇ ਗਲਤੀ ਦੇ ਅਹਿਸਾਸ ਵਿਚ ਕੀਤੀ ਜਾਂਦੀ ਹੈ। ਇਹ ਕੀਮਤਾਂ ਨੂੰ ਉਨ੍ਹਾਂ ਦੇ ਸਹੀ ਸੰਦਰਭ ਵਿਚ ਸਮਝ ਸਕਣ ਦੀ ਅਯੋਗਤਾ ਹੈ। ਪਰ ਇਸ ਦਾ ਇੱਕ ਅਰਥ ਦੁਨਿਆਵੀ ਚੀਜ਼ਾਂ ਨਾਲ ਲਗਾਉ ਵੀ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਅਰਥਾਂ ਵਿਚ ਆਤਮ ਦੇ ਮਾਇਆਵੀ ਲਗਾਉ ਦੇ ਨਜ਼ਰੀਏ ਨੂੰ ਦੱਸਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮੋਹ ਦਾ ਜ਼ਿਕਰ ਆਮ ਤੌਰ ਤੇ ਕੁਟੰਭ ਅਰਥਾਤ ਪਰਿਵਾਰ ਅਤੇ ਮਾਇਆ ਦੇ ਸਬੰਧ ਵਿਚ ਕੀਤਾ ਮਿਲਦਾ ਹੈ। ਮੋਹ ਅਸਲ ਵਿਚ ਉਸ ਲਗਾਉ ਦੇ ਅਰਥਾਂ ਵਿਚ ਵਰਤਿਆ ਗਿਆ ਹੈ ਜੋ ਗਲਤ ਨਜ਼ਰੀਏ ਅਤੇ ਗਲਤ ਧਾਰਨਾ ਵਿਚੋਂ ਉਪਜਦਾ ਹੈ।
ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਸ ਮੋਹ ਦੇ ਕਾਰਨ ਇਹ ਸਾਰਾ ਸੰਸਾਰ ਡੁੱਬਿਆ ਹੋਇਆ ਹੈ। ਮੋਹ ਦੇ ਕਾਰਨ ਹੀ ਮਨੁੱਖ ਵਾਰ ਵਾਰ ਜਨਮ ਲੈਂਦਾ ਅਤੇ ਮਰਦਾ ਹੈ। ਮੋਹ ਦੇ ਕਾਰਨ ਹੀ ਮਨੁੱਖ ਨੂੰ ਜਮਾਂ ਦਾ ਡਰ ਸਤਾਉਂਦਾ ਹੈ। ਰਿਵਾਜ ਅਨੁਸਾਰ ਕਿਸੇ ਨੂੰ ਗੁਰੂ ਧਾਰਨ ਕਰਕੇ ਮਨੁੱਖ ਜਪ ਅਤੇ ਤਪ ਕਮਾਉਂਦਾ ਹੈ, ਉਸ ਨਾਲ ਵੀ ਇਹ ਮੋਹ ਨਹੀਂ ਜਾਂਦਾ। ਨਾ ਮਨੁੱਖ ਦਾ ਮੋਹ ਟੁੱਟਦਾ ਹੈ ਅਤੇ ਨਾ ਹੀ ਉਹ ਕਿਤੇ ਕਬੂਲ ਹੁੰਦਾ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਇਹ ਮੋਹ ਤਾਂ ਟੁੱਟਦਾ ਹੈ ਜੇ ਅਕਾਲ ਪੁਰਖ ਦੀ ਮਿਹਰ ਮਨੁੱਖ ‘ਤੇ ਹੁੰਦੀ ਹੈ। ਨਦਰਿ ਰਾਹੀਂ ਹੀ ਆਤਮਾ ਪਰਮਾਤਮਾ ਵਿਚ ਵਿਲੀਨ ਹੁੰਦੀ ਹੈ। ਜਦੋਂ ਮਨੁੱਖ ਦੇ ਮਨ ਵਿਚੋਂ ਮੋਹ ਦੂਰ ਹੁੰਦਾ ਹੈ ਤਾਂ ਹੀ ਉਥੇ ਨਾਮ ਦਾ ਵਾਸਾ ਹੁੰਦਾ ਹੈ। ਗੁਰੂ ਅਰਜਨ ਦੇਵ ਨੇ ਮੋਹ ਨੂੰ ਨਾ ਜਿੱਤਿਆ ਜਾ ਸਕਣ ਵਾਲਾ ਸੂਰਮਾ ਕਿਹਾ ਹੈ ਜਿਸ ਦੀ ਪਕੜ ਵਿਚ ਦੇਵਤਿਆਂ ਦੇ ਸੇਵਕ ਅਤੇ ਗਵੱਈਏ, ਦੇਵਤੇ, ਮਨੁੱਖ, ਪਸ਼ੂ, ਪੰਛੀ ਸਭ ਫਸੇ ਹੋਏ ਹਨ। ਮੋਹ ਵਿਚ ਇਨ੍ਹਾਂ ਸਾਰਿਆਂ ਨੂੰ ਆਪਣੇ ਜਾਲ ਵਿਚ ਫਸਾ ਲੈਣ ਦੀ ਸ਼ਕਤੀ ਹੈ। ਇਸ ਤੋਂ ਬਚਣ ਲਈ ਇੱਕੋ-ਇੱਕ ਆਸਰਾ ਹੈ ਪਰਮਾਤਮਾ ਦੀ ਸ਼ਰਨ ਆਉਣਾ।
ਕ੍ਰੋਧ: ਸਿੱਖ ਧਰਮ ਚਿੰਤਨ ਅਨੁਸਾਰ ਕ੍ਰੋਧ ਇੱਕ ਐਸੀ ਬੁਰਾਈ ਹੈ ਜੋ ਗਲਤ ਕੰਮ ਕਰਨ ਦਾ ਕਾਰਨ ਬਣਦੀ ਹੈ ਅਤੇ ਆਤਮ-ਅਨੁਭਵ ਦੇ ਰਸਤੇ ਦਾ ਬਹੁਤ ਵੱਡਾ ਅੜਿੱਕਾ ਕ੍ਰੋਧ ਹੈ। ਇਹ ਇੱਕ ਐਸਾ ਵਲਵਲਾ ਹੈ ਜੋ ਮਨੁੱਖਾਂ ਅਤੇ ਕੌਮਾਂ ਦੋਹਾਂ ਦੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਇਹ ਮਨੁੱਖ ਦੀ ਆਪਣੀ ਤਬਾਹੀ ਦਾ ਕਾਰਨ ਵੀ ਬਣ ਸਕਦਾ ਹੈ ਅਤੇ ਜਿਨ੍ਹਾਂ ਵੱਲ ਇਸ ਨੂੰ ਸੇਧਤ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਵੀ ਤਬਾਹ ਕਰ ਸਕਦਾ ਹੈ ਅਰਥਾਤ ਇਸ ਦਾ ਨੁਕਸਾਨ ਦੁਵੱਲਾ ਹੁੰਦਾ ਹੈ, ਇੱਕ-ਪਾਸੜ ਨਹੀਂ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਕ੍ਰੋਧ ਸਾਰੇ ਵਿਕਾਰੀਆਂ, ਬੁਰੇ ਕਰਮ ਕਰਨ ਵਾਲਿਆਂ ਨੂੰ ਨਾਸ ਕਰ ਦਿੰਦਾ ਹੈ। ਉਹ ਆਪਣਾ ਮਾਨ-ਸਨਮਾਣ ਅਤੇ ਸਿਆਣਪ ਖੋ ਦਿੰਦੇ ਹਨ ਕਿਉਂਕਿ ਉਹ ਪਰਮਾਤਮਾ ਦੇ ਪਵਿੱਤਰ ਨਾਮ ਨੂੰ ਭੁੱਲ ਜਾਂਦੇ ਹਨ। ਗੁਰੂ ਅਰਜਨ ਦੇਵ ਕ੍ਰੋਧ ਨੂੰ ਸੰਬੋਧਨ ਕਰਦੇ ਹੋਏ ਹਰ ਝਗੜੇ ਦਾ ਮੂਲ ਕਾਰਨ ਦੱਸਦੇ ਹਨ, ਜਿਸ ਨੂੰ ਕਦੇ ਕਿਸੇ ‘ਤੇ ਦਇਆ ਨਹੀਂ ਆਉਂਦੀ। ਕ੍ਰੋਧ ਨੇ ਵਿਸ਼ਈ ਜੀਵਾਂ ਨੂੰ ਵੱਸ ਵਿਚ ਕੀਤਾ ਹੋਇਆ ਹੈ ਜੋ ਉਸ ਅੱਗੇ ਬਾਂਦਰ ਵਾਂਗ ਨਾਚ ਕਰਦੇ ਹਨ। ਅੱਗੇ ਜਮਦੂਤ ਅਜਿਹੇ ਬੰਦਿਆਂ ਨੂੰ ਕਈ ਤਰ੍ਹਾਂ ਦੀ ਸਜਾ ਨਾਲ ਤਾੜਦੇ ਹਨ। ਕ੍ਰੋਧ ਦੀ ਸੰਗਤ ਵਿਚ ਮਨੁੱਖ ਨੀਚ ਹੋ ਜਾਂਦੇ ਹਨ। ਉਹ ਅਕਾਲ ਪੁਰਖ ਹੀ ਦੀਨਾਂ ਦਾ ਦੁੱਖ ਦੂਰ ਕਰਨ ਵਾਲਾ ਹੈ ਜੋ ਸਭ ‘ਤੇ ਦਇਆ ਕਰਦਾ ਹੈ ਅਤੇ ਸਭ ਜੀਆਂ ਦੀ ਰੱਖਿਆ ਕਰਦਾ ਹੈ।
ਅਹੰਕਾਰ: ਅਹੰਕਾਰ ਨੂੰ ਪੰਜਾਬੀ ਬੋਲੀ ਵਿਚ ‘ਹੰਕਾਰ’ ਵੀ ਲਿਖਿਆ ਜਾਂਦਾ ਹੈ। ਇਸ ਲਈ ਹੋਰ ਸ਼ਬਦ ਅਭਿਮਾਨ, ਹਉਮੈ ਅਤੇ ਘੁਮੰਡ ਆਦਿ ਵੀ ਵਰਤੇ ਜਾਂਦੇ ਹਨ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਅਹੰਕਾਰ ਜਾਂ ਹਉਮੈ ਨੂੰ ਸਾਰੀਆਂ ਬੁਰਾਈਆਂ ਨਾਲੋਂ ਬਦਤਰ ਮੰਨਿਆ ਗਿਆ ਹੈ, ਮਨੁੱਖ ਦੇ ਆਤਮ ਅਨੁਭਵ ਵਿਚ ਸਭ ਤੋਂ ਵੱਡਾ ਰੋੜਾ ਹੈ। ਅਹੰਕਾਰ ਦੇ ਇੱਕ ਤੋਂ ਵੱਧ ਕਾਰਨ ਹੋ ਸਕਦੇ ਹਨ, ਧਨ, ਸ਼ਕਤੀ ਜਾਂ ਸੁੰਦਰਤਾ ਦੇ ਮਾਲਕ ਆਦਿ ਹੋਣਾ। ਗੁਰੂ ਅਰਜਨ ਦੇਵ ਅਹੰਕਾਰ ਨੂੰ ਕਹਿੰਦੇ ਹਨ ਕਿ ਹੇ ਪਾਪੀ ਅਹੰਕਾਰ ਤੂੰ ਜੀਵਾਂ ਦੇ ਜਨਮ ਮਰਨ ਦਾ ਕਾਰਨ ਹੈਂ। ਮਾਇਆ ਦੇ ਅਨੇਕ ਕਿਸਮ ਦੇ ਖਿਲਾਰੇ ਪਾ ਕੇ ਤੂੰ ਮਿੱਤਰਾਂ ਦਾ ਤਿਆਗ ਕਰਾ ਕੇ ਵੈਰ ਪੱਕੇ ਕਰਾਈ ਜਾਂਦਾ ਹੈਂ। ਅਹੰਕਾਰ ਦੇ ਵੱਸ ਵਿਚ ਪੈ ਕੇ ਜੀਵ ਜਨਮ-ਮਰਨ ਦੇ ਗੇੜ ਵਿਚ ਪਏ ਹੋਏ ਥੱਕ ਜਾਂਦੇ ਹਨ, ਅਨੇਕ ਕਿਸਮ ਦੇ ਦੁੱਖ-ਸੁੱਖ ਭੋਗਦੇ ਹਨ। ਭਟਕਣਾ ਵਿਚ ਪਏ ਹੋਏ ਇੱਕ ਤਰ੍ਹਾਂ ਨਾਲ ਡਰਾਉਣੇ ਜੰਗਲ ਵਿਚੋਂ ਗੁਜ਼ਰਦੇ ਹਨ ਅਤੇ ਬੜੇ ਭਿਆਨਕ ਲਾ-ਇਲਾਜ ਰੋਗਾਂ ਵਿਚ ਫਸੇ ਹੋਏ ਹਨ। ਪਰਮਾਤਮਾ ਹੀ ਇੱਕ ਐਸਾ ਵੈਦ ਹੈ ਜੋ ਅਹੰਕਾਰ ਤੋਂ ਪੈਦਾ ਹੋਏ ਰੋਗਾਂ ਦਾ ਇਲਾਜ ਕਰਦਾ ਹੈ। ਦਾਨ ਦੇਣਾ ਅਤੇ ਹੋਰ ਧਾਰਮਿਕ ਕਹੇ ਜਾਣ ਵਾਲੇ ਕਰਮ ਕਰਨਾ ਵੀ ਮਨੁੱਖ ਨੁੰ ਅਹੰਕਾਰੀ ਬਣਾ ਦਿੰਦਾ ਹੈ। ਗੁਰੂ ਤੇਗ ਬਹਾਦਰ ਇਸੇ ਸਬੰਧ ਵਿਚ ਕਹਿੰਦੇ ਹਨ ਕਿ ਤੀਰਥ-ਯਾਤਰਾ, ਦਾਨ-ਪੁੰਨ, ਵਰਤ ਆਦਿ ਰੱਖ ਕੇ ਮਨੁੱਖ ਦੇ ਮਨ ਵਿਚ ਅਹੰਕਾਰ ਪੈਦਾ ਹੁੰਦਾ ਹੈ। ਇਹ ਇਸੇ ਤਰ੍ਹਾਂ ਨਿਹਫਲ ਜਾਂਦਾ ਹੈ ਜਿਵੇਂ ਹਾਥੀ ਦਾ ਇਸ਼ਨਾਨ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ ਬਿਰਤੀਆਂ ਨੂੰ ਪੰਜ ਚੋਰ ਇਸੇ ਲਈ ਕਿਹਾ ਹੈ ਕਿਉਂਕਿ ਇਹ ਮਨੁੱਖ ਕੋਲੋਂ ਚੰਗਿਆਈ ਖੋਹ ਲੈਂਦੇ ਹਨ।

Be the first to comment

Leave a Reply

Your email address will not be published.