ਅਮਰੀਕਾ ਵੱਲੋਂ ਮੋਦੀ ਬਾਰੇ ਨਜ਼ਰੀਆ ਬਦਲਣ ਤੋਂ ਇਨਕਾਰ

ਵਾਸ਼ਿੰਗਟਨ: ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਵੀਜ਼ੇ ਬਾਰੇ ਭਾਰਤ ਵਿਚ ਛਿੜੇ ਵਿਵਾਦ ਦੇ ਮੱਦੇਨਜ਼ਰ ਅਮਰੀਕਾ ਨੇ ਉਨ੍ਹਾਂ ਨੂੰ ਆਪਣੇ ਦੇਸ਼ ਆਉਣ ਦੀ ਇਜਾਜ਼ਤ ਦੇਣ ਬਾਰੇ ਕੋਈ ਭਰੋਸਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਿਦੇਸ਼ ਵਿਭਾਗ ਨੇ ਇਨ੍ਹਾਂ ਸਵਾਲਾਂ ਨੂੰ ਟਾਲ ਦਿੱਤਾ ਕਿ ਜੇ ਸ੍ਰੀ ਮੋਦੀ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਅਮਰੀਕਾ ਕੀ ਕਰੇਗਾ। ਵਿਭਾਗ ਨੇ ਕਿਹਾ ਕਿ ਸ੍ਰੀ ਮੋਦੀ ਵੀਜ਼ੇ ਲਈ ਅਰਜ਼ੀ ਦੇ ਸਕਦੇ ਹਨ ਜਿਸ ਉਪਰ ਵਿਚਾਰ ਕੀਤਾ ਜਾਵੇਗਾ ਪਰ ਵਿਭਾਗ ਦੀ ਨੀਤੀ ਵਿਚ ਕੋਈ ਤਬਦੀਲੀ ਨਹੀਂ ਆਈ।
ਵਿਦੇਸ਼ ਵਿਭਾਗ ਦੀ ਤਰਜਮਾਨ ਜੇਨ ਸਾਕੀ ਨੇ ਕਿਹਾ ਕਿ ਜੇ ਮੁੱਖ ਮੰਤਰੀ ਮੋਦੀ ਵੀਜ਼ੇ ਲਈ ਬਿਨੈ ਪੱਤਰ ਦਿੰਦੇ ਹਨ ਤਾਂ ਉਸ ਉਪਰ ਵਿਚਾਰ ਕੀਤਾ ਜਾਵੇਗਾ ਤੇ ਤੈਅ ਕੀਤਾ ਜਾਵੇਗਾ ਕਿ ਕੀ ਉਹ ਅਮਰੀਕੀ ਆਵਾਮ ਕਾਨੂੰਨ ਤੇ ਨੀਤੀ ਮੁਤਾਬਕ ਵੀਜ਼ਾ ਲੈਣ ਦੇ ਹੱਕਦਾਰ ਹਨ। ਉਂਜ ਉਨ੍ਹਾਂ ਮੋਦੀ ਨੂੰ ਵੀਜ਼ਾ ਦੇਣ ਬਾਰੇ ਕਿਹਾ ਕਿ ਇਸ ਬਾਰੇ ਨੀਤੀ ਤਬਦੀਲ ਨਹੀਂ ਹੋਈ। ਵਿਦੇਸ਼ ਵਿਭਾਗ ਦਾ ਇਹ ਬਿਆਨ ਉਦੋਂ ਆਇਆ ਜਦੋਂ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਆਪਣਾ ਵਾਸ਼ਿੰਗਟਨ ਦੌਰਾ ਸਮੇਟ ਕੇ ਵਾਪਸ ਆ ਰਹੇ ਸਨ।
ਉਧਰ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ  ਨੂੰ ਅਮਰੀਕਾ ਦਾ ਵੀਜ਼ਾ ਨਾ ਦੇਣ ਲਈ ਬਰਾਕ ਓਬਾਮਾ ਨੂੰ ਕੁਝ ਸੰਸਦ ਮੈਂਬਰਾਂ ਵੱਲੋਂ ਪੱਤਰ ਲਿਖੇ ਜਾਣ ਦਾ ਮਾਮਲਾ ਹੋਰ ਉਲਝ ਗਿਆ ਹੈ ਕਿਉਂਕਿ ਕੁਝ ਸੰਸਦ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸ ਪੱਤਰ ‘ਤੇ ਦਸਖਤਤ ਨਹੀਂ ਕੀਤੇ ਸਨ। ਸੀæਪੀæਐਮæ ਦੇ ਆਗੂ ਸੀਤਾਰਾਮ ਯੇਚੁਰੀ, ਡੀæਐਮæਕੇæ ਦੇ ਸੰਸਦ ਮੈਂਬਰ ਕੇæਪੀæ ਰਾਮਾਲਿੰਗਮ ਤੇ ਸੀਪੀਆਈ ਦੇ ਸੰਸਦ ਮੈਂਬਰ ਐਮæਪੀæ ਅਛੂਤਨ ਵੱਲੋਂ ਦਸਤਖ਼ਤ ਕੀਤੇ ਹੋਣ ਤੋਂ ਇਨਕਾਰ ਕਰਨ ‘ਤੇ ਭਾਜਪਾ ਦੇ ਇਕ ਸੰਸਦ ਮੈਂਬਰ ਨੇ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨੂੰ ਪੱਤਰ ਲਿਖ ਕੇ ਦਸਤਖ਼ਤਾਂ ਦੀ ਜਾਅਲਸਾਜ਼ੀ ਦੇ ਇਸ ਮਾਮਲੇ ਦੀ ਜਾਂਚ ਮੰਗੀ ਹੈ।
ਪਾਰਟੀ ਨੇ ਦੋਸ਼ ਲਾਇਆ ਹੈ ਕਿ ਇਸ ਸਾਰੇ ਕੁਝ ਪਿੱਛੇ ਕਾਂਗਰਸ ਦਾ ਹੱਥ ਹੈ। ਭਾਜਪਾ ਦੇ ਝਾਰਖੰਡ ਤੋਂ ਸੰਸਦ ਮੈਂਬਰ ਸੁਦਰਸ਼ਨ ਭਗਤ ਨੇ ਸਪੀਕਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੁਝ ਸੰਸਦ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਓਬਾਮਾ ਨੂੰ ਲਿਖੇ ਪੱਤਰ ‘ਤੇ ਦਸਤਖ਼ਤ ਨਹੀਂ ਕੀਤੇ। ਇਸ ਕਰਕੇ ਜਾਅਲੀ ਦਸਤਖ਼ਤ ਕੀਤੇ ਜਾਣ ਦੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ।
ਕਾਮਰੇਡ ਯੇਚੁਰੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਓਬਾਮਾ ਨੂੰ ਲਿਖੇ ਕਿਸੇ ਪੱਤਰ ‘ਤੇ ਦਸਤਖ਼ਤ ਨਹੀਂ ਕੀਤੇ। ਉਹ ਤਾਂ ਕਿਤੋਂ ਉਨ੍ਹਾਂ ਦੇ ਦਸਤਖ਼ਤ ਚੁੱਕ ਕੇ ਪੱਤਰ ‘ਤੇ ਲਾਏ ਗਏ ਹੋਣ ਵਾਂਗ ਜਾਪਦਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਕਿਰਦਾਰ ਦਾ ਵੀ ਹਿੱਸਾ ਹੈ ਤੇ ਉਨ੍ਹਾਂ ਦੀ ਪਾਰਟੀ ਦੇ ਸਿਧਾਂਤ ਹਨ ਕਿ ਉਹ ਕਿਸੇ ਪ੍ਰਭੂਸੱਤਾ ਸੰਪੰਨ ਦੇਸ਼ ਦੇ ਅਧਿਕਾਰ ਖੇਤਰ ਵਿਚ ਆਉਂਦੇ ਮਾਮਲੇ ਬਾਰੇ ਉਸ ਦੇਸ਼ ਵਿਚ ਪਟੀਸ਼ਨ ਨਹੀਂ ਪਾਉਂਦੇ। ਡੀਐਮਕੇ ਦੇ ਰਾਮਾਲਿੰਗਮ ਨੇ ਦਸਤਖ਼ਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸਦਾ ਤਾਮਿਲ ਵਿਚ ਦਸਤਖ਼ਤ ਕਰਦੇ ਹਨ ਪਰ ਜਦੋਂ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੇ ਦਸਤਖ਼ਤ ਤਾਮਿਲ ਵਿਚ ਹੀ ਹਨ ਤਾਂ ਉਹ ਚੁੱਪ ਹੋ ਗਏ। ਦਸਤਖ਼ਤੀ ਮੁਹਿੰਮ ਸ਼ੁਰੂ ਕਰਨ ਵਾਲੇ ਆਜ਼ਾਦ ਸੰਸਦ ਮੈਂਬਰ ਮੁਹੰਮਦ ਅਦੀਬ ਦਾ ਕਹਿਣਾ ਹੈ ਕਿ ਸੀਤਾਰਾਮ ਯੇਚੁਰੀ ਨੇ ਖ਼ੁਦ ਰਾਜ ਸਭਾ ਵਿਚ ਉਨ੍ਹਾਂ ਦੇ ਸਾਹਮਣੇ ਪੱਤਰ ‘ਤੇ ਦਸਤਖ਼ਤ ਕੀਤੇ ਹਨ। ਉਹ ਇਸ ਬਾਬਤ ਕਿਸੇ ਵੀ ਜਾਂਚ ਲਈ ਤਿਆਰ ਹਨ।
_______________________________
ਵੀਜ਼ੇ ਖ਼ਿਲਾਫ਼ ਚਿੱਠੀ ‘ਤੇ ਦਸਤਖਤ ਸਹੀ ਕਰਾਰ
ਵਾਸ਼ਿੰਗਟਨ: ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕੀ ਵੀਜ਼ਾ ਨਾ ਦੇਣ ਦੇ ਮਾਮਲੇ ਉੱਤੇ ਭਾਰਤੀ ਸੰਸਦ ਮੈਂਬਰਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚਿੱਠੀ ਲਿਖੇ ਜਾਣ ਸਬੰਧੀ ਵਿਵਾਦ ਨੇ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਕੈਲੀਫੋਰਨੀਆ ਆਧਾਰਤ ਫਾਰੈਂਸਿਕ ਜਾਂਚਕਰਤਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਚਿੱਠੀ ਉੱਤੇ ਸੰਸਦ ਮੈਂਬਰਾਂ ਵੱਲੋਂ ਕੀਤੇ ਗਏ ਦਸਤਖ਼ਤ ਅਸਲ ਹਨ। ਦਾਅਵੇ ਮੁਤਾਬਕ ਇਹ ਕਾਪੀ-ਪੇਸਟ ਨਹੀਂ ਕੀਤੇ ਗਏ।
ਜਾਂਚਕਰਤਾ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫਾਰੈਂਸਿਕ ਜਾਂਚ ਦੇ ਮਾਨਤਾ ਪ੍ਰਾਪਤ ਸਿਧਾਂਤਾਂ ਤੇ ਤਰੀਕਿਆਂ ਦੀ ਵਰਤੋਂ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਕਿਊ-1 ਤੋਂ ਕਿਊ-3 (ਰਾਜ ਸਭਾ ਮੈਂਬਰਾਂ ਦੀ ਚਿੱਠੀ ਦੇ ਤਿੰਨ ਸਫ਼ੇ) ਦਸਤਾਵੇਜ਼ ਇਕੋ ਵੇਲੇ ਤਿਆਰ ਕੀਤਾ ਗਿਆ ਸੀ ਤੇ ਇਸ ਉੱਤੇ ਕੀਤੇ ਗਏ ਦਸਤਖ਼ਤ ਸਹੀ/ਵਾਜਬ ਪਾਏ ਗਏ ਹਨ ਜੋ ਸਿਆਹੀ ਨਾਲ ਕੀਤੇ ਗਏ ਹਨ। ਇਸ ਤੋਂ ਪਹਿਲਾਂ ਲੋਕ ਸਭਾ ਮੈਂਬਰਾਂ ਦੀ ਚਿੱਠੀ ਬਾਰੇ ਵੀ ਇਹੋ ਸਿੱਟਾ ਕੱਢਿਆ ਗਿਆ ਸੀ।
ਸ੍ਰੀ ਓਬਾਮਾ ਨੂੰ ਬੀਤੇ ਸਾਲ 26 ਨਵੰਬਰ ਤੇ ਪੰਜ ਦਸੰਬਰ ਨੂੰ ਕ੍ਰਮਵਾਰ ਰਾਜ ਸਭਾ ਤੇ ਲੋਕ ਸਭਾ ਮੈਂਬਰਾਂ ਵੱਲੋਂ ਇਨ੍ਹਾਂ ਪੱਤਰਾਂ ਨੂੰ ਬੀਤੀ 21 ਜੁਲਾਈ ਨੂੰ ਮੁੜ ਤੋਂ ਫੈਕਸ ਕੀਤਾ ਗਿਆ ਸੀ। ਇਸ ਦੀ ਫਾਰੈਂਸਿਕ ਜਾਂਚ ਕੈਲੀਫੋਰਨੀਆ ਦੇ ਮਨਜ਼ੂਰਸ਼ੁਦਾ ਫਾਰੈਂਸਿਕ ਮਾਹਰ ਨੈਨੇਟ ਐਮ ਬਾਰਟੋ ਨੇ ਕੀਤੀ ਹੈ। ਇਹ ਜਾਂਚ ਸ੍ਰੀ ਮੋਦੀ ਖ਼ਿਲਾਫ਼ ਮੁਹਿੰਮ ਚਲਾਉਣ ਵਾਲੀ ਸੰਸਥਾ ਕੁਲੀਸ਼ਨ ਅਗੇਂਸਟ ਜੈਨੋਸਾਈਡ (ਸੀਏਜੀ) ਦੀ ਬੇਨਤੀ ਉੱਤੇ ਕਰਵਾਈ ਗਈ।

Be the first to comment

Leave a Reply

Your email address will not be published.