ਅੰਦੋਲਨ ਨੂੰ ਪੂਰੇ ਯੂ.ਪੀ. ਵਿਚ ਫੈਲਾਉਣ ਲਈ ਮਹਾਪੰਚਾਇਤਾਂ ਦਾ ਦੌਰ ਜਾਰੀ

ਨਵੀਂ ਦਿੱਲੀ: ਕਿਸਾਨ ਅੰਦੋਲਨ ਪੂਰੇ ਯੂਪੀ ਵਿਚ ਫੈਲਾਉਣ ਦੀ ਨੀਤੀ ਤਹਿਤ ਅਲਾਹਾਬਾਦ (ਪ੍ਰਯਾਗਰਾਜ) ਵਿਚ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਵਿਸ਼ਾਲ ਪੰਚਾਇਤ ਕੀਤੀ ਗਈ। ਭਾਰੀ ਮੀਂਹ ਦੇ ਬਾਵਜੂਦ ਵਿਸ਼ਾਲ ਪੰਚਾਇਤ ਵਿਚ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਜਦਕਿ ਔਰਤਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਜਿਹੜੇ ਲੋਕ ਇਹ ਗੱਲ ਆਖਦੇ ਸਨ ਕਿ ਅੰਦੋਲਨ ਸਿਰਫ ਪੱਛਮੀ ਯੂਪੀ ਤੱਕ ਸੀਮਤ ਹੈ, ਉਹ ਅੱਜ ਪੂਰਬੀ ਯੂਪੀ ਵਿਚ ਇਸ ਰੈਲੀ ਨੂੰ ਦੇਖ ਲੈਣ ਤੇ ਸਮਝ ਲੈਣ ਕਿ ਅੰਦੋਲਨ ਲਗਾਤਾਰ ਫੈਲਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਕਾਰਪੋਰੇਟ ਅਤੇ ਭਾਰਤੀ ਲੋਕਾਂ ਦਰਮਿਆਨ ਬਣ ਚੁੱਕੀ ਹੈ ਤੇ ਮੌਜੂਦਾ ਆਰਥਿਕ ਮਾਡਲ ਖਿਲਾਫ ਲੋਕ ਚੇਤਨਾ ਨੂੰ ਜਨਮ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨਿੱਜੀਕਰਨ ਦੀਆਂ ਨੀਤੀਆਂ ਦੀਆਂ ਸਮਰਥਕ ਪਾਰਟੀਆਂ ਇਸ ਅੰਦੋਲਨ ਕਾਰਨ ਪਰੇਸ਼ਾਨੀ ‘ਚ ਹਨ ਤੇ ਸਿਰਫ ਉਪਰੋਂ ਹੀ ਕਿਸਾਨਾਂ ਦੀ ਹਮਾਇਤ ਕਰ ਰਹੀਆਂ ਹਨ ਨਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਮੁੱਖ ਕਾਰਜ ਵਜੋਂ ਲੈ ਰਹੀਆਂ ਹਨ।
ਇਸ ਮੌਕੇ ਬੀ.ਕੇ.ਯੂ. (ਟਿਕੈਤ) ਦੇ ਰਾਜੇਸ਼ ਚੌਹਾਨ ਨੇ ਕਿਹਾ, ‘ਮੋਦੀ ਹਕੂਮਤ ਕਹਿ ਰਹੀ ਹੈ ਕਿ ‘ਐਮ.ਐਸ.ਪੀ. ਥਾ ਔਰ ਰਹੇਗਾ`, ਫਿਰ ਯੂਪੀ ਤੇ ਬਿਹਾਰ ਵਿਚ ਕਿਸਾਨ ਕਣਕ ਤੇ ਝੋਨਾ ਸਮਰਥਨ ਮੁੱਲ ਤੋਂ 900 ਤੋਂ 1000 ਰੁਪਏ ਤੱਕ ਘੱਟ ਕਿਉਂ ਵੇਚ ਰਹੇ ਹਨ? ਜੇਕਰ ਸਰਕਾਰ ਸਮਰਥਨ ਮੁੱਲ ਦੇਣਾ ਚਾਹੁੰਦੀ ਤਾਂ ਫਿਰ ਇਸ ਨੂੰ ਕਾਨੂੰਨੀ ਜਾਮਾ ਕਿਉਂ ਨਹੀਂ ਪਹਿਨਾਉਂਦੀ?`
_____________________________________________
ਅਕਾਲੀ ਦਲ ਅੰਦੋਲਨ ਨੂੰ ਬਦਨਾਮ ਕਰਨ ਲੱਗਾ: ਮੀਤ ਹੇਅਰ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮੀਤ ਹੇਅਰ ਨੇ ਅਕਾਲੀ ਦਲ ਬਾਦਲ ਵੱਲੋਂ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਕਿਸਾਨਾਂ ਖਿਲਾਫ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕਿਸਾਨਾਂ ਨਾਲ ਲੜਨ ਦੀ ਥਾਂ ਕਿਸਾਨਾਂ ਤੇ ਪੰਜਾਬ ਵਾਸੀਆਂ ਦੇ ਸਵਾਲਾਂ ਦੇ ਦਲੀਲ ਨਾਲ ਜਵਾਬ ਦੇਣੇ ਚਾਹੀਦੇ ਹਨ। ਸ੍ਰੀ ਹੇਅਰ ਨੇ ਕਿਹਾ ਕਿ ਬਾਦਲਾਂ ਨੇ ਸਿੱਧ ਕਰ ਦਿੱਤਾ ਹੈ ਕਿ ਭਾਜਪਾ ਦੇ ਨਾਲ ਉਨ੍ਹਾਂ ਦਾ ਨਹੁੰ-ਮਾਸ ਦਾ ਰਿਸ਼ਤਾ ਅੱਜ ਵੀ ਕਾਇਮ ਹੈ।