ਭਾਰਤ ਤੇ ਅਮਰੀਕਾ ਨੇ ਰਲ ਕੇ ਚੱਲਣ ਲਈ ਦ੍ਰਿੜ੍ਹਤਾ ਪ੍ਰਗਟਾਈ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਥੇ ਵਾਈਟ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਸਿੱਧੀ ਮੁਲਾਕਾਤ ਮਗਰੋਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ ਹਨ ਅਤੇ ਦੋਵੇਂ ਦੇਸ ਮਿਲ ਕੇ ਸਖਤ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਨ। ਦੋਵਾਂ ਨੇਤਾਵਾਂ ਦੀ ਮੁਲਾਕਾਤ ਨਿਰਧਾਰਤ 60 ਮਿੰਟਾਂ ਦੀ ਬਜਾਏ 90 ਮਿੰਟ ਤੋਂ ਜ਼ਿਆਦਾ ਚੱਲੀ। ਬਾਇਡਨ ਨੇ ਟਵਿੱਟਰ ‘ਤੇ ਮੋਦੀ ਨਾਲ ਤਸਵੀਰ ਸਾਂਝੀ ਕੀਤੀ ਜਿਸ ਵਿਚ ਦੋਵੇਂ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਵਾਸ਼ਿੰਗਟਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਦਰਮਿਆਨ ਹੋਈ ਦੁਵੱਲੀ ਮੀਟਿੰਗ ਵਿਚ ਲਏ ਗਏ ਫੈਸਲੇ ਅਗਲੀ ਸਦੀ ਦੇ ਆਰਥਿਕ ਅਤੇ ਸੁਰੱਖਿਆ ਦੇ ਦ੍ਰਿਸ਼ ਨੂੰ ਪਰਿਭਾਸ਼ਤ ਕਰਨਗੇ। ਦੋਵੇਂ ਧਿਰਾਂ ਰਣਨੀਤਕ ਸਾਂਝੇਦਾਰੀ ਬਣਾਉਣਗੀਆਂ ਅਤੇ ਆਸੀਆਨ ਅਤੇ ਕਵਾਡ ਸਮੇਤ ਖੇਤਰੀ ਸਮੂਹਾਂ ਦੇ ਨਾਲ ਮਿਲ ਕੇ ਕੰਮ ਕਰਨਗੀਆਂ, ਵਪਾਰ ਅਤੇ ਨਿਵੇਸ਼ ਦੀ ਭਾਈਵਾਲੀ ਵਿਕਸਤ ਕਰਨਗੀਆਂ, ਮਹਾਂਮਾਰੀ ਵਿਰੁੱਧ ਲੜਨਗੀਆਂ, ਵਾਤਾਵਰਨ ਬਚਾਉਣ ਲਈ ਕੰਮ ਕਰਨਗੀਆਂ ਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨਗੀਆਂ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਆਡ (ਚਾਰ ਮੁਲਕਾਂ) ਦੀ ਬੈਠਕ ਦੌਰਾਨ ਅਮਰੀਕਾ ਅਤੇ ਭਾਰਤ ਵਿਚਾਲੇ ਸਹਿਯੋਗ ਵਧਣ ਦਾ ਸਵਾਗਤ ਕੀਤਾ ਹੈ। ਇਸ ‘ਚ ਖੇਤਰੀ ਅਖੰਡਤਾ ਅਤੇ ਕੌਮਾਂਤਰੀ ਕਾਨੂੰਨਾਂ ਦੇ ਸਬੰਧ ‘ਚ ਆਜ਼ਾਦ, ਖੁੱਲ੍ਹੇ ਅਤੇ ਸਾਰਿਆਂ ਦੀ ਪਹੁੰਚ ਵਾਲੇ ਹਿੰਦ ਪ੍ਰਸ਼ਾਤ ਖਿੱਤੇ ‘ਚ ਬਹੁਧਿਰੀ ਸਹਿਯੋਗ ਸ਼ਾਮਲ ਹੈ।
ਕੁਆਡ ਸੁਰੱਖਿਆ ਵਾਰਤਾ ‘ਚ ਭਾਰਤ, ਅਮਰੀਕਾ, ਜਪਾਨ ਅਤੇ ਆਸਟਰੇਲੀਆ ਸ਼ਾਮਲ ਹਨ। ਸਾਂਝੇ ਬਿਆਨ ‘ਚ ਮੋਦੀ ਅਤੇ ਬਾਇਡਨ ਨੇ ਸਪੱਸ਼ਟ ਨਜ਼ਰੀਏ ਦੀ ਪੁਸ਼ਟੀ ਕੀਤੀ ਜੋ ਅਮਰੀਕਾ-ਭਾਰਤ ਰਿਸ਼ਤਿਆਂ ਨੂੰ ਅੱਗੇ ਵਧਾਏਗਾ। ਇਸ ‘ਚ ਰਣਨੀਤਕ ਸਾਂਝੇਦਾਰੀ ਅਤੇ ਆਸੀਆਨ ਤੇ ਕੁਆਡ ਮੈਂਬਰਾਂ ਸਮੇਤ ਖੇਤਰੀ ਗੁੱਟਾਂ ਨਾਲ ਮਿਲ ਕੇ ਕੰਮ ਕਰਨਾ ਅਤੇ ਹਿੰਦ ਪ੍ਰਸ਼ਾਂਤ ਖਿੱਤੇ ‘ਚ ਸਾਂਝੇ ਹਿੱਤਾਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਦੱਖਣੀ ਚੀਨ ਸਾਗਰ ‘ਤੇ ਚੀਨ ਆਪਣਾ ਦਾਅਵਾ ਜਤਾਉਂਦਾ ਆ ਰਿਹਾ ਹੈ ਜਿਸ ਨੂੰ ਲੈ ਕੇ ਉਥੇ ਜਪਾਨ ਨਾਲ ਵਿਵਾਦ ਚੱਲ ਰਿਹਾ ਹੈ। ਦੋਵੇਂ ਆਗੂਆਂ ਨੇ ਕੋਵਿਡ-19 ਮਹਾਮਾਰੀ ਅਤੇ ਹੋਰ ਸਿਹਤ ਚੁਣੌਤੀਆਂ ਖਿਲਾਫ ਲੜਾਈ ਨੂੰ ਖਤਮ ਕਰਨ ‘ਤੇ ਵੀ ਜੋਰ ਦਿੱਤਾ। ਬਿਆਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਇਸ ਸਾਲ ਦੇ ਅਖੀਰ ‘ਚ ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਦੀ 2+2 ਵਾਰਤਾ ਰਾਹੀਂ ਵਿਚਾਰ ਵਟਾਂਦਰੇ ਦਾ ਵੀ ਸਵਾਗਤ ਕੀਤਾ ਹੈ।
________________________________________
ਨਰਿੰਦਰ ਮੋਦੀ ਦੇ ਸੰਬੋਧਨ ਦੌਰਾਨ ਸੰਯੁਕਤ ਰਾਸ਼ਟਰ ਬਾਹਰ ਪ੍ਰਦਰਸ਼ਨ
ਸੰਯੁਕਤ ਰਾਸ਼ਟਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਬਾਹਰ ਚਾਰ ਵੱਖ-ਵੱਖ ਪ੍ਰਦਰਸ਼ਨ ਹੋ ਰਹੇ ਸਨ। ਸੁਰੱਖਿਆ ਕਾਰਨਾਂ ਕਰਕੇ ਖਾਲਿਸਤਾਨ ਪੱਖੀ, ਨੈਸ਼ਨਲ ਓਵਰਸੀਜ਼ ਕਾਂਗਰਸ, ਕਿਸਾਨਾਂ ਦੀ ਹਮਾਇਤ ‘ਚ ਸਥਾਨਕ ਗੁਰਦੁਆਰਾ ਕਮੇਟੀ ਅਤੇ ਹਿੰਦੂਜ ਫਾਰ ਹਿਊਮਨ ਰਾਈਟਸ ਨੂੰ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਵਿਰੋਧ ਕਰਨ ਵਾਲਿਆਂ ‘ਚ ਖਾਲਿਸਤਾਨ ਪੱਖੀ ਸਿੱਖਾਂ ਦਾ ਜਥਾ ਸਭ ਤੋਂ ਵੱਡਾ ਸੀ ਅਤੇ ਉਹ ਕੇਸਰੀ ਝੰਡੇ ਝੁਲਾ ਰਹੇ ਸਨ। ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਨੇ ਭਾਰਤ ‘ਚ ਮਨੁੱਖੀ ਹੱਕਾਂ ਦੇ ਘਾਣ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ। ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂੰਹਾਂ ‘ਤੇ ਡਟੇ ਕਿਸਾਨਾਂ ਦੇ ਪੱਖ ‘ਚ ਆਵਾਜ਼ ਬੁਲੰਦ ਕਰਦਿਆਂ ਸਥਾਨਕ ਗੁਰਦੁਆਰਾ ਕਮੇਟੀ ਨੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਸਿਰਾਂ ‘ਤੇ ਹਰੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ। ਹਿੰਦੂਜ ਫਾਰ ਹਿਊਮਨ ਰਾਈਟਜ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਐਕਟ (ਸੀ.ਏ.ਏ.), ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.), ਭਾਰਤ ‘ਚ ਕਾਰਕੁਨਾਂ ਨੂੰ ਜੇਲ੍ਹਾਂ ਅੰਦਰ ਡੱਕਣ ਅਤੇ ਹੋਰ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਮਨੁੱਖੀ ਹੱਕਾਂ ਦਾ ਘਾਣ ਕਰਾਰ ਦਿੱਤਾ। ਉਨ੍ਹਾਂ ਨਾਲ ਨਿਊ ਯਾਰਕ ਦੇ ਗਿਰਜਾਘਰਾਂ ਦੀ ਪ੍ਰੀਸ਼ਦ ਦੇ ਨੁਮਾਇੰਦੇ ਵੀ ਮੌਜੂਦ ਸਨ। ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਨੂੰ ਸੰਯੁਕਤ ਰਾਸ਼ਟਰ ‘ਚ ਭਾਰਤੀ ਮਿਸ਼ਨ ਦੇ ਬਾਹਰ ਪੁਲਿਸ ਨੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਉਹ ਕਾਰਾਂ ‘ਚ ਕੇਸਰੀ ਝੰਡੇ ਲਹਿਰਾਉਂਦੇ ਹੋਏ ਨਾਅਰੇਬਾਜ਼ੀ ਕਰਦੇ ਰਹੇ।
_________________________________________
ਪੰਥਕ ਜਥੇਬੰਦੀਆਂ ਵਲੋਂ ਮੋਦੀ ਦੀ ਅਮਰੀਕਾ ਫੇਰੀ ਦਾ ਤਿੱਖਾ ਵਿਰੋਧ
ਵਾਸਿ਼ੰਗਟਨ ਡੀ. ਸੀ./ਨਿਊ ਯਾਰਕ: ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 24 ਸਤੰਬਰ ਨੂੰ ਵ੍ਹਾਈਟ ਹਾਊਸ ਵਿਚ ਪਹੁੰਚਣ ‘ਤੇ ਅਤੇ ਨਿਊ ਯਾਰਕ ਯੂ. ਐਨ. ਓ. ਦੇ ਦਫਤਰ ਅੱਗੇ ਪੰਥਕ ਜਥੇਬੰਦੀਆਂ ਵਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਕਿਸਾਨਾਂ ਦੇ ਹੱਕ ਵਿਚ, ਜੋ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਤੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਿੱਖਾਂ ਦੇ ਆਜ਼ਾਦ ਘਰ ਖਾਲਿਸਤਾਨ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ ਸਨ।
ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਤੋਂ ਵਿਸ਼ੇਸ਼ ਤੌਰ ‘ਤੇ ਨਿਊ ਯਾਰਕ, ਨਿਊ ਜਰਸੀ, ਵਰਜੀਨੀਆ, ਕੈਲੀਫੋਰਨੀਆ, ਮਿਸ਼ੀਗਨ, ਇੰਡੀਆਨਾ, ਸਿ਼ਕਾਗੋ, ਓਹਾਇਓ, ਮੈਰੀਲੈਂਡ ਤੇ ਲੋਕਲ ਸੰਗਤਾਂ ਪਹੁੰਚੀਆਂ ਹੋਈਆਂ ਸਨ। ਪ੍ਰਦਰਸ਼ਨਕਾਰੀਆਂ ਨੇ ਜਿੱਥੇ ਕਿਸਾਨੀ ਦੇ ਝੰਡੇ ਤੇ ਬੈਨਰ ਚੁੱਕੇ ਹੋਏ ਸਨ, ਉਥੇ ਹੀ ਵੱਡੇ ਪੱਧਰ ‘ਤੇ ਖਾਲਿਸਤਾਨੀ ਝੰਡੇ 2020 ਦੇ ਬੈਨਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਝੰਡੇ ਤੇ ਬੈਨਰ ਵੀ ਪ੍ਰਮੁੱਖ ਸਨ। ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਜਿੱਥੇ ਕਿਸਾਨੀ ਤੇ ਖਾਲਿਸਤਾਨ ਦੇ ਹੱਕ ਵਿਚ ਨਾਅਰੇਬਾਜ਼ੀ ਹੋ ਰਹੀ ਸੀ, ਉਥੇ ਹੀ ਨਰਿੰਦਰ ਮੋਦੀ ਵਿਰੋਧੀ, ਭਾਰਤ ਵਿਰੋਧੀ, ਗੋਦੀ ਮੀਡੀਆ ਵਿਰੋਧੀ ਆਦਿ ਨਾਅਰੇ ਬਹੁਤ ਉੱਚੀ ਸੁਰ ਵਿਚ ਲੱਗ ਰਹੇ ਸਨ, ਜੋ ਵ੍ਹਾਈਟ ਹਾਊਸ ਵਿਚ ਅਤੇ ਯੂ. ਐਨ. ਓ. ਵਿਚ ਬੈਠੇ ਨਰਿੰਦਰ ਮੋਦੀ ਦੇ ਕੰਨਾਂ ਤੱਕ ਪਹੁੰਚ ਰਹੇ ਸਨ।
ਵਾਸਿ਼ੰਗਟਨ ਡੀ. ਸੀ. ਵ੍ਹਾਈਟ ਹਾਊਸ ਸਾਹਮਣੇ ਕੁਝ ਮੋਦੀ ਸਮਰਥਕ ਵੀ ਪਹੁੰਚੇ ਹੋਏ ਸਨ, ਜੋ ਵਿਰੋਧ ਨੂੰ ਨਾ ਸਹਾਰਦੇ ਹੋਏ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਮੁਜਾਹਰੇ ਵਾਲੀ ਥਾਂ ਤੋਂ ਚਲੇ ਗਏ। ਦੋਹੀਂ ਥਾਂਈਂ ਰੋਸ ਮੁਜਾਹਰਿਆਂ `ਚ ਸਿੱਖ ਨੌਜਵਾਨਾਂ ਨੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਨਿਊ ਯਾਰਕ ਤੇ ਵਾਸਿ਼ੰਗਟਨ ਡੀ. ਸੀ. ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਪੰਥਕ ਬੁਲਾਰਿਆਂ ਨੇ ਵੀ ਆਪੋ-ਆਪਣੇ ਵਿਚਾਰ ਰੱਖੇ, ਜਿਨ੍ਹਾਂ ਵਿਚ ਵਿਸ਼ੇਸ਼ ਤੌਰ ‘ਤੇ ਡਾ. ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ, ਸ. ਬੂਟਾ ਸਿੰਘ ਖੜੌਦ ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸੁਰਜੀਤ ਸਿੰਘ ਕੁਲਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਡਾ. ਬਖਸ਼ੀਸ਼ ਸਿੰਘ ਸਿੱਖਸ ਫਾਰ ਜਸਟਿਸ, ਸ. ਲਖਵੀਰ ਸਿੰਘ ਕੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿ਼ਕਾਗੋ ਯੂਨਿਟ, ਸਿੱਖ ਯੂਥ ਅਮਰੀਕਾ ਦੇ ਪ੍ਰਧਾਨ ਸੰਤੋਖ ਸਿੰਘ, ਸ. ਦਵਿੰਦਰ ਸਿੰਘ ਭਾਊ, ਸ. ਬਲਵਿੰਦਰ ਸਿੰਘ ਚੱਠਾ, ਅਵਤਾਰ ਸਿੰਘ ਪੰਨੂ ਸਿੱਖਸ ਫਾਰ ਜਸਟਿਸ, ਮੱਖਣ ਸਿੰਘ ਕਲੇਰ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭੁਪਿੰਦਰ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ ਮੋਰਜੰਡ ਅਤੇ ਇੰਦਰਜੀਤ ਸਿੰਘ ਤੇ ਨਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ. ਰੇਸ਼ਮ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਰਜੀਨੀਆ ਸਟੇਟ, ਅਮੈਰਿਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ. ਗੁਰਦੇਵ ਸਿੰਘ ਮਿਸ਼ੀਗਨ, ਜੋਗਾ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਊ ਜਰਸੀ ਸਟੇਟ, ਦਲਵਿੰਦਰ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਊ ਯਾਰਕ ਸਟੇਟ, ਰਾਣਾ ਸਿੰਘ ਸਿੱਖਸ ਫਾਰ ਜਸਟਿਸ, ਸ. ਭਰਪੂਰ ਸਿੰਘ, ਸ. ਗੁਰਦਿਆਲ ਸਿੰਘ ਸਿ਼ਕਾਗੋ ਤੇ ਹੋਰ ਸਰਗਰਮ ਮੈਂਬਰਾਂ ਨੇ ਵੀ ਹਾਜ਼ਰੀ ਲਵਾਈ। ਟੀ. ਵੀ. 84 ਵਲੋਂ ਵਿਸ਼ੇਸ਼ ਤੌਰ ‘ਤੇ ਸਾਰੇ ਰੋਸ ਮੁਜਾਹਰੇ ਨੂੰ ਕਵਰ ਕੀਤਾ ਗਿਆ।