ਸਿਆਸੀ ਆਗੂਆਂ ਦੀ ਬੇਹੂਦਾ ਬੋਲਬਾਣੀ ਤੇ ਆਮ ਆਦਮੀ

-ਜਤਿੰਦਰ ਪਨੂੰ
ਭਾਰਤ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਕਾਂਗਰਸ ਦੇ ਸਿਖਰਲੇ ਆਗੂਆਂ ਵਿਚੋਂ ਇੱਕ ਗਿਣੇ ਜਾ ਸਕਦੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਪਾਰਲੀਮੈਂਟ ਦੀ ਆਪਣੀ ਹੀ ਪਾਰਟੀ ਦੀ ਇੱਕ ਮੈਂਬਰ ਬੀਬੀ ਜੈਅੰਤੀ ਨਟਰਾਜਨ ਬਾਰੇ ਇੱਕ ਟਿਪਣੀ ਕਰ ਦਿੱਤੀ ਹੈ। ਟਿਪਣੀ ਇੱਕ ਦਮ ਭੱਦੀ ਜਾਪਦੀ ਹੈ। ਜਿਸ ਦੇ ਖਿਲਾਫ ਟਿਪਣੀ ਕੀਤੀ ਗਈ ਹੈ, ਉਹ ਬੀਬੀ ਕਹਿੰਦੀ ਹੈ ਕਿ ਦਿਗਵਿਜੇ ਸਿੰਘ ਨੇ ਇਸ ਤਰ੍ਹਾਂ ਕਰ ਕੇ ਉਸ ਦੀ ਸਿਫਤ ਕਰਨ ਦੇ ਪੱਖੋਂ ਕਮਾਲ ਕਰ ਦਿੱਤੀ ਹੈ ਤੇ ਉਸ ਦਾ ਮਾਣ ਵਧਾਇਆ ਹੈ। ਉਸ ਨੂੰ ਕੋਈ ਇਤਰਾਜ਼ ਨਹੀਂ ਤੇ ਦੂਸਰੇ ਲੋਕ ਦਿਗਵਿਜੇ ਦੀ ਇਹੋ ਟਿਪਣੀ ਲੈ ਕੇ ਉਸ ਉਤੇ ਬਦਤਮੀਜ਼ੀ ਦਾ ਦੋਸ਼ ਲਾ ਰਹੇ ਹਨ। ਇਹ ਵੀ ਕਮਾਲ ਦੀ ਰਾਜਨੀਤੀ ਹੈ। ਆਖਿਆ ਦਿਗਵਿਜੇ ਸਿੰਘ ਨੇ ਇਹ ਕਿ ਮੈਂ ਉਹ ਪਾਰਖੂ ਅੱਖ ਵਾਲਾ ਜੌਹਰੀ ਹਾਂ, ਜਿਹੜਾ ਖੋਟੇ-ਖਰੇ ਦੀ ਪਛਾਨ ਕਰਨੀ ਜਾਣਦਾ ਹਾਂ ਤੇ ਇਸੇ ਪਰਖ ਦੇ ਆਧਾਰ ਉਤੇ ਕਹਿ ਸਕਦਾ ਹਾਂ ਕਿ ਸਾਡੀ ਪਾਰਲੀਮੈਂਟ ਮੈਂਬਰ ਜੈਅੰਤੀ ਨਟਰਾਜਨ ਸੌ ਫੀਸਦੀ ‘ਟੰਚ ਮਾਲ’ ਹੈ। ਕਿਸੇ ਵੀ ਔਰਤ ਬਾਰੇ ਇਹੋ ਜਿਹੇ ਸ਼ਬਦ ਵਰਤਣਾ ਬਹੁਤ ਭੱਦਾ ਲੱਗਦਾ ਹੈ। ਬੀਬੀ ਜੈਅੰਤੀ ਇਸ ਬਾਰੇ ਬੁਰਾ ਮਨਾਉਣ ਦੀ ਥਾਂ ਜੇ ਇਹ ਕਹਿੰਦੀ ਹੈ ਕਿ ਇਸ ਦਾ ਉਸ ਨੂੰ ਗੁੱਸਾ ਨਹੀਂ ਲੱਗਾ ਤੇ ਇਸ ਨਾਲ ਸਗੋਂ ਮਾਣ ਮਹਿਸੂਸ ਹੋਇਆ ਹੈ ਤਾਂ ਸ਼ਾਇਦ ਇਸ ਲਈ ਕਹਿ ਰਹੀ ਹੋਵੇ ਕਿ ਉਸ ਨੂੰ ਮਾਮਲਾ ਠੱਪਣ ਲਈ ਕੋਈ ਉਪਰ ਤੋਂ ਹਦਾਇਤ ਆ ਗਈ ਹੋਵੇ ਜਾਂ ਦਿਗਵਿਜੇ ਸਿੰਘ ਨੇ ਅੰਦਰਖਾਤੇ ਮੁਆਫੀ ਮੰਗ ਲਈ ਹੋਵੇ। ਇਹ ਉਸ ਰਾਜਸੀ ਪਾਰਟੀ ਦਾ ਆਪਣੇ ਘਰ ਵਰਗਾ ਮਾਮਲਾ ਹੈ। ਹੁਣ ਜਦੋਂ ਉਹ ਬੀਬੀ ਆਪ ਹੀ ਇਸ ਗੱਲ ਨੂੰ ਅੱਗੇ ਨਹੀਂ ਚੁੱਕਣਾ ਚਾਹੁੰਦੀ ਤਾਂ ਕਿਸੇ ਹੋਰ ਵੱਲੋਂ ਵੀ ਇਸ ਬਾਰੇ ਬਹੁਤੀ ਚਰਚਾ ਕਰਨ ਦਾ ਕੋਈ ਲਾਭ ਨਹੀਂ ਹੋਣਾ।
ਕਾਂਗਰਸ ਪਾਰਟੀ ਦੇ ਆਗੂ ਇਸ ਮਾਮਲੇ ਨੂੰ ਅੰਦਰ ਬੈਠ ਕੇ ਨਿਪਟਾਉਣ ਜਾਂ ਬਾਹਰ ਜਨਤਕ ਰੌਲਾ ਪਾ ਕੇ ਇਸ ਦੀ ਖੇਹ ਉਡਾਉਣ, ਇਹ ਤਾਂ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੋ ਸਕਦਾ ਹੈ, ਪਰ ਜਨਤਕ ਜੀਵਨ ਵਿਚ ਬਦਤਮੀਜ਼ੀ ਹੱਦਾਂ ਪਾਰ ਕਰਦੀ ਜਾਵੇ, ਇਹ ਕਿਸੇ ਪਾਰਟੀ ਦਾ ਅੰਦਰੂਨੀ ਮਾਮਲਾ ਨਹੀਂ ਹੋ ਸਕਦਾ। ਪਿਛਲੇ ਸਮੇਂ ਵਿਚ ਬਦਤਮੀਜ਼ੀ ਦੀਆਂ ਜਿਹੜੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ ਤੇ ਇਹ ਕੁਝ ਸਾਡੇ ਦੇਸ਼ ਦੇ ਆਗੂ ਹੀ ਕਰ ਰਹੇ ਹਨ, ਉਨ੍ਹਾਂ ਤੋਂ ਦੇਸ਼ ਦੇ ਲੋਕਾਂ ਨੂੰ ਸ਼ਰਮ ਆਉਂਦੀ ਹੈ। ਇਸ ਮਾਮਲੇ ਵਿਚ ਕਿਸੇ ਇੱਕ ਪਾਰਟੀ ਦੇ ਆਗੂ ਨਹੀਂ, ਸਾਰੀਆਂ ਵੱਡੀਆਂ ਪਾਰਟੀਆਂ ਵਾਲੇ ਕਿਸੇ ਥਾਂ ਕੁਝ ਵੀ ਕਹਿ ਜਾਂਦੇ ਹਨ। ਮਿਸਾਲ ਵਜੋਂ ਇੱਕ ਵਾਰੀ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਦੇ ਲੋਕਾਂ ਨਾਲ ਇਹ ਵਾਅਦਾ ਕਰ ਦਿੱਤਾ ਸੀ ਕਿ ਉਹ ਆਪਣੇ ਰਾਜ ਦੀਆਂ ਸੜਕਾਂ ਨੂੰ ਫਿਲਮ ਸਟਾਰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦੇਵੇਗਾ। ਇਸ ਦਾ ਰੌਲਾ ਪਿਆ ਤਾਂ ਹੇਮਾ ਮਾਲਿਨੀ ਨੇ, ਜਿਹੜੀ ਉਦੋਂ ਤੱਕ ਰਾਜਨੀਤੀ ਵਿਚ ਨਹੀਂ ਸੀ ਆਈ, ਇਹ ਕਹਿ ਦਿੱਤਾ ਕਿ ਲਾਲੂ ਜੀ ਨੇ ਮੇਰੀ ਤਾਰੀਫ ਕੀਤੀ ਹੈ। ਅਗਲੀਆਂ ਚੋਣਾਂ ਵਿਚ ਬਿਹਾਰ ਦੀਆਂ ਟੁੱਟੀਆਂ ਸੜਕਾਂ ਅਤੇ ਲਾਲੂ ਪ੍ਰਸਾਦ ਦੇ ਵਾਅਦੇ ਦਾ ਜ਼ਿਕਰ ਵਿਰੋਧੀ ਧਿਰ ਦੇ ਮੰਚ ਤੋਂ ਇੱਕ ਭਾਜਪਾ ਨੇਤਾ ਨੇ ਕੀਤਾ ਤਾਂ ਉਸ ਦੇ ਨਾਲ ਬੈਠੇ ਜਨਤਾ ਦਲ ਯੁਨਾਈਟਿਡ ਦੇ ਇੱਕ ਆਗੂ ਨੇ ਬਾਅਦ ਵਿਚ ਆਪਣੇ ਭਾਸ਼ਣ ਵਿਚ ਕਹਿ ਦਿੱਤਾ ਸੀ ਕਿ ਲਾਲੂ ਨੇ ਸੜਕਾਂ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਹੀ ਬਣਾਈਆਂ ਹਨ, ਉਸ ਦੀਆਂ ਗੱਲ੍ਹਾਂ ਵਿਚ ਵੀ ਟੋਏ ਹਨ। ਇਹ ਰਾਜਨੀਤੀ ਦਾ ਨੀਵਾਂ ਪੱਧਰ ਸੀ, ਜਿਸ ਦੇ ਆਧਾਰ ਉਤੇ ਇਹ ਚਰਚਾ ਹੁੰਦੀ ਰਹੀ ਅਤੇ ਹੇਮਾ ਮਾਲਿਨੀ ਹੱਸ ਕੇ ਟਾਲ ਜਾਂਦੀ ਰਹੀ।
ਪੰਜਾਬ ਵਿਚ ਕੋਈ ਪੰਜਤਾਲੀ ਸਾਲ ਪਹਿਲਾਂ ਇੱਕ ਅਕਾਲੀ ਮੁੱਖ ਮੰਤਰੀ ਜਦੋਂ ਆਪਣੀ ਹੀ ਪਾਰਟੀ ਦੇ ਪ੍ਰਧਾਨ ਨਾਲ ਖਹਿਬੜ ਪਿਆ ਤਾਂ ਉਸ ਸੰਤ ਦੇ ਸੰਤਪੁਣੇ ਦੇ ਬਾਰੇ ਪੁੱਠਾ-ਸਿੱਧਾ ਕਹਿ ਗਿਆ। ਸੰਤ ਨੇ ਅਗਲੇ ਦਿਨ ਮੋੜਵਾਂ ਹੱਲਾ ਕਰਦਿਆਂ ਕਹਿ ਦਿੱਤਾ ਕਿ ਹਾਥੀ ਚੱਲਦਾ ਰਹਿੰਦਾ ਹੈ ਤੇ ਕੁੱਤੇ ਭੌਂਕਦੇ ਰਹਿੰਦੇ ਹਨ। ਮੁੱਖ ਮੰਤਰੀ ਨੇ ਹੱਸ ਕੇ ਕਿਹਾ ਕਿ ਸੰਤ ਨੇ ਮੇਰੇ ਬਾਰੇ ਜੋ ਵੀ ਕਿਹਾ ਹੋਵੇ, ਆਪਣੇ ਆਪ ਨੂੰ ਹਾਥੀ ਕਹਿ ਕੇ ਖੁਦ ਨੂੰ ਵੀ ਜਾਨਵਰਾਂ ਦੀ ਬਰਾਦਰੀ ਵਿਚ ਹੀ ਰੱਖਿਆ ਹੈ। ਇਸ ਦੇ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਹਾਥੀ ਤੇ ਕੁੱਤਾ ਵਿਚੋਂ ਇੱਜ਼ਤਦਾਰ ਜਾਨਵਾਰ ਕੌਣ ਤੇ ਦੋਵਾਂ ਵਿਚੋਂ ਮਨੁੱਖ ਦਾ ਵਫਾਦਾਰ ਵੱਧ ਕੌਣ ਹੈ, ਇਸ ਦੀ ਚਰਚਾ ਸਟੇਜੀ ਭਾਸ਼ਣਾਂ ਵਿਚ ਹੁੰਦੀ ਤੇ ਅਖਬਾਰਾਂ ਵਿਚ ਵੀ ਛਪਦੀ ਰਹੀ ਸੀ। ਫਿਰ ਇੱਕ ਵਾਰੀ ਇੱਕ ਮੁੱਖ ਮੰਤਰੀ ਨੇ ਇੱਕ ਸਾਬਕਾ ਮੁੱਖ ਮੰਤਰੀ ਬੀਬੀ ਨੂੰ ‘ਗਾਂ ਵਾਂਗ ਭੂਤਰੀ’ ਵੀ ਕਹਿ ਦਿੱਤਾ ਸੀ ਤੇ ਇੱਕ ਵਾਰੀ ਇੱਕ ਸਾਬਕਾ ਮੰਤਰੀ ਨੇ ਮੌਕੇ ਦੇ ਮੁੱਖ ਮੰਤਰੀ ਬਾਰੇ ਇਹ ਵੀ ਕਹਿ ਦਿੱਤਾ ਸੀ ਕਿ ਉਹ ਆਪਣੀ ਮਾਂ ਦੀ ਔਲਾਦ ਵੀ ਨਹੀਂ ਜਾਪਦਾ। ਗੱਲ ਇਸ ਕਰ ਕੇ ਟਲ ਗਈ ਕਿ ਉਸ ਨੇ ‘ਮਾਂ ਦੀ ਔਲਾਦ’ ਹੀ ਕਿਹਾ ਸੀ, ਜੇ ਇਸ ਦੀ ਥਾਂ ‘ਆਪਣੇ ਬਾਪ ਦੀ ਔਲਾਦ ਵੀ ਨਹੀਂ ਜਾਪਦਾ’ ਕਿਹਾ ਹੁੰਦਾ ਤਾਂ ਗੱਲ ਬਹੁਤ ਅੱਗੇ ਵਧ ਸਕਦੀ ਸੀ।
ਇਹ ਕੁਝ ਕਿਸੇ ਇੱਕ ਜਾਂ ਦੂਸਰੀ ਥਾਂ ਨਹੀਂ, ਕੇਂਦਰ ਤੋਂ ਲੈ ਕੇ ਰਾਜਾਂ ਤੱਕ ਹਰ ਪੱਧਰ ਉਤੇ ਆਮ ਹੀ ਵਾਪਰਦਾ ਰਹਿੰਦਾ ਹੈ ਤੇ ਚਾਰ ਦਿਨ ਰੌਲਾ ਪੈਣ ਤੋਂ ਬਾਅਦ ਭਾਰਤ ਦੀ ਬਹੁਤ ਵੱਡੇ ਹਾਜ਼ਮੇ ਵਾਲੀ ਰਾਜਨੀਤੀ ਇਸ ਨੂੰ ਵਕਤ ਦਾ ਕੂੜਾ-ਕਚਰਾ ਸਮਝ ਕੇ ਹਜ਼ਮ ਕਰ ਜਾਂਦੀ ਹੈ। ਪਿਛਲੇ ਹਫਤੇ ਇਸ ਵਿਚ ਇੱਕ ਮੋੜਾ ਆਉਣ ਦੀ ਕੁਝ ਉਮੀਦ ਬੱਝਣ ਲੱਗੀ ਸੀ, ਪਰ ਜਿਸ ਮੰਚ ਉਤੋਂ ਬੱਝਣ ਲੱਗੀ ਸੀ, ਉਸੇ ਤੋਂ ਇਸ ਦਾ ਰਾਹ ਰੋਕਣ ਵਾਲੀ ਗੱਲ ਕਹਿ ਦਿੱਤੀ ਗਈ ਹੈ। ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਪਾਰਟੀ ਦੇ ਜਨਤਕ ਬੁਲਾਰਿਆਂ ਤੇ ਮੀਡੀਆ ਬਹਿਸਾਂ ਵਿਚ ਪਾਰਟੀ ਦਾ ਪੱਖ ਪੇਸ਼ ਕਰਨ ਵਾਲਿਆਂ ਦੀ ਕਲਾਸ ਲਾਈ ਤੇ ਕਿਹਾ ਸੀ ਕਿ ਬੋਲ-ਬਾਣੀ ਕਾਬੂ ਵਿਚ ਰੱਖਿਆ ਕਰੋ। ਇੱਕ ਕਾਂਗਰਸੀ ਆਗੂ ਨੇ ਕਿਹਾ ਕਿ ਅਸੀਂ ਜਵਾਬੀ ਵਾਰ ਕਰਦੇ ਹਾਂ, ਪਹਿਲ ਸਾਡੇ ਰਾਜਨੀਤਕ ਵਿਰੋਧੀਆਂ ਵੱਲੋਂ ਕੀਤੀ ਜਾਂਦੀ ਹੈ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਹ ਪਹਿਲ ਵੀ ਕਰਨ ਤਾਂ ਏਨੇ ਨੀਵੇਂ ਨਾ ਉਤਰੋ। ਉਸ ਨੇ ਇਹ ਵੀ ਕਿਹਾ ਸੀ ਕਿ ਤੁਸੀਂ ਆਪਣੇ ਆਪ ਨੂੰ ਮਹਾਤਮਾ ਗਾਂਧੀ ਤੇ ਪੰਡਿਤ ਨਹਿਰੂ ਦੀ ਵਿਰਾਸਤ ਦੇ ਮਾਲਕ ਕਹਿੰਦੇ ਹੋ, ਜਿਨ੍ਹਾਂ ਨੇ ਕਦੀ ਵੀ ਕਿਸੇ ਵਿਰੋਧੀ ਬਾਰੇ ਭੱਦੇ ਸ਼ਬਦ ਨਹੀਂ ਸਨ ਬੋਲੇ, ਤੁਹਾਡੇ ਵਿਰੋਧੀਆਂ ਕੋਲ ਇਹੋ ਜਿਹੀ ਕੋਈ ਵਿਰਾਸਤ ਨਹੀਂ ਹੈ, ਜਿਸ ਦੀ ਉਨ੍ਹਾਂ ਨੂੰ ਚਿੰਤਾ ਕਰਨੀ ਪੈਂਦੀ ਹੋਵੇ। ਇਸ਼ਾਰਾ ਉਸ ਦਾ ਮੁੱਖ ਤੌਰ ਉਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲ ਸੀ, ਜਿਨ੍ਹਾਂ ਵਿਚੋਂ ਕੁਝਨਾਂ ਨੇ ਪਿਛਲੇ ਦਿਨਾਂ ਵਿਚ ਬਹੁਤ ਨੀਵੇਂ ਪੱਧਰ ਦੀਆਂ ਟਿਪਣੀਆਂ ਕੀਤੀਆਂ ਸਨ ਤੇ ਜਵਾਬ ਦੇਣ ਵੇਲੇ ਕਾਂਗਰਸੀ ਲੀਡਰ ਵੀ ਵਾਹਵਾ ਮੂੰਹ ਪਾੜ ਕੇ ਬੋਲੇ ਸਨ। ਨਰਿੰਦਰ ਮੋਦੀ ਨੇ ਇੱਕ ਭਾਈਚਾਰੇ ਦੇ ਲੋਕਾਂ ਦੇ ਗੁਜਰਾਤ ਵਿਚ ਹੋਏ ਕਤਲਾਂ ਦੀ ਤੁਲਨਾ ਕਾਰ ਹੇਠ ਆ ਕੇ ਮਾਰੇ ਗਏ ਕਤੂਰੇ ਨਾਲ ਕਰ ਦਿੱਤੀ ਤਾਂ ਕਾਂਗਰਸ ਦੇ ਇੱਕ ਕੇਂਦਰੀ ਮੰਤਰੀ ਨੇ ਭਾਸ਼ਣ ਕਰਦਿਆਂ ਜਨਤਕ ਮੰਚ ਤੋਂ ਕਹਿ ਦਿੱਤਾ ਕਿ ਕੁਝ ਕੁੱਤੇ ਇਸ ਦੇਸ਼ ਦੀ ਧਰਮ-ਨਿਰਪੱਖਤਾ ਲਈ ਖਤਰਾ ਬਣ ਰਹੇ ਹਨ, ਕਿਸੇ ਨੂੰ ਵੀ ਉਨ੍ਹਾਂ ਕੁੱਤਿਆਂ ਨੂੰ ਵੋਟ ਨਹੀਂ ਦੇਣੀ ਚਾਹੀਦੀ। ਰਾਹੁਲ ਗਾਂਧੀ ਦੇ ਤਾਜ਼ਾ ਉਪਦੇਸ਼ ਦੇ ਬਾਅਦ ਵੀ ਉਸ ਦੀ ਪਾਰਟੀ ਦੇ ਆਗੂ ਵਿਰੋਧੀਆਂ ਬਾਰੇ ਜ਼ੁਬਾਨ ਸੰਭਾਲ ਕੇ ਨਹੀਂ ਬੋਲ ਸਕੇ ਤੇ ਹੁਣ ਦਿਗਵਿਜੇ ਸਿੰਘ ਨੇ ਆਪਣੀ ਪਾਰਟੀ ਦੀ ਆਗੂ ਬਾਰੇ ਵੀ ‘ਟੰਚ ਮਾਲ’ ਵਾਲੀ ਟਿਪਣੀ ਕਰ ਮਾਰੀ ਹੈ।
ਜਦੋਂ ਇਨ੍ਹਾਂ ਟਿਪਣੀਆਂ ਦੀ ਗੱਲ ਚੱਲਦੀ ਹੈ, ਉਦੋਂ ਕਈ ਕੁਝ ਹੋਰ ਵੀ ਭਾਰਤੀ ਰਾਜਨੀਤੀ ਵਿਚ ਵਾਪਰਦੇ ਰਹੇ ਦੀ ਯਾਦ ਆ ਜਾਂਦੀ ਹੈ। ਜਿਹੜੇ ਹੋਰ ਕਈ ਕੁਝ ਬਾਰੇ ਚੇਤਾ ਆਉਂਦਾ ਹੈ, ਉਸ ਵਿਚ ਇੱਕ ਘਟਨਾ ਮੁੰਬਈ ਵਿਚ ਕੀਤੇ ਗਏ ਸਭ ਤੋਂ ਵੱਡੇ ਦਹਿਸ਼ਤਗਰਦ ਹਮਲੇ ਦੇ ਵਕਤ ਦੀ ਹੈ। ਉਦੋਂ ਲੋਕ ਬਹੁਤ ਗੁੱਸੇ ਵਿਚ ਸਨ। ਮੁੰਬਈ ਦੀਆਂ ਸੜਕਾਂ ਉਤੇ ਉਹ ਮੋਮਬੱਤੀਆਂ ਬਾਲ ਕੇ ਪਹਿਲੀ ਵਾਰ ਇਹ ਕਹਿਣ ਲਈ ਨਿਕਲੇ ਸਨ ਕਿ ਜੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਦੇਣ ਜੋਗੇ ਤਾਂ ਇਸ ਦੇਸ਼ ਦੇ ਲੀਡਰਾਂ ਅਤੇ ਮਹੱਤਵਪੂਰਨ ਅਖਵਾਉਂਦੇ ਵਿਅਕਤੀਆਂ ਵਾਸਤੇ ਵੀ ਕੋਈ ਸੁਰੱਖਿਆ ਨਹੀਂ ਹੋਣੀ ਚਾਹੀਦੀ। ਮੁੰਬਈ ਸ਼ਹਿਰ ਵਾਲੇ ਮਹਾਰਾਸ਼ਟਰ ਵਿਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਦਾ ਰਾਜ ਸੀ ਅਤੇ ਕੇਂਦਰ ਸਰਕਾਰ ਵੀ ਉਨ੍ਹਾਂ ਦੀ ਸੀ ਤੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਵੀ ਇਸ ਪਾਰਟੀ ਦੇ ਆਗੂਆਂ ਦਾ ਕੰਮ ਸੀ। ਉਹ ਚੁੱਪ ਰਹੇ ਸਨ, ਪਰ ਭਾਜਪਾ ਆਗੂ ਮੁਖਤਾਰ ਅੱਬਾਸ ਨਕਵੀ ਬੋਲ ਪਿਆ ਤੇ ਇਹੋ ਜਿਹਾ ਬੋਲਿਆ ਕਿ ਸਾਰੇ ਪਾਸੇ ਤੋਂ ਲਾਹਨਤਾਂ ਪੈਂਦੀਆਂ ਵੇਖ ਕੇ ਉਸ ਦੀ ਆਪਣੀ ਪਾਰਟੀ ਨੇ ਆਪਣੇ ਬੁਲਾਰੇ ਵੱਲੋਂ ਆਖੇ ਸ਼ਬਦਾਂ ਬਾਰੇ ਮੁਆਫੀ ਵੀ ਮੰਗੀ ਤੇ ਇਸ ਟਿਪਣੀ ਨੂੰ ਉਸ ਦੇ ਨਿੱਜੀ ਸ਼ਬਦ ਵੀ ਕਿਹਾ। ਨਕਵੀ ਨੇ ਆਖਿਆ ਸੀ ਕਿ ਕੁਝ ਖਾਂਦੇ-ਪੀਂਦੇ ਘਰਾਂ ਦੀਆਂ ਔਰਤਾਂ ‘ਲਾਲੀ ਲਪਿਸਟਿਕ ਲਾ ਕੇ’ ਵਿਖਾਵੇ ਕਰਦੀਆਂ ਹਨ। ਉਸ ਨੂੰ ‘ਲਿਪਸਟਿਕ’ ਵੀ ਨਹੀਂ ਸੀ ਕਹਿਣਾ ਆਉਂਦਾ, ਇਸ ਦੀ ਥਾਂ ‘ਲਪਿਸਟਿਕ’ ਕਹਿੰਦਾ ਸੀ, ਪਰ ਇਸਤਰੀ ਵਰਗ ਦੀ ਇੱਕ ਤਰ੍ਹਾਂ ਨਾਲ ਤੌਹੀਨ ਕਰਨ ਵਾਲੀ ਘਟੀਆ ਗੱਲ ਬਿਨਾਂ ਵਜ੍ਹਾ ਕਹਿ ਕੇ ਬੁਰੀ ਤਰ੍ਹਾਂ ਫਸ ਗਿਆ ਸੀ।
ਜਿਹੜੀ ਭਾਜਪਾ ਨੇ ਆਪਣੇ ਇਸ ਆਗੂ ਦੀ ਕਹੀ ਗੱਲ ਦੀ ਉਦੋਂ ਮੁਆਫੀ ਮੰਗੀ ਸੀ, ਉਸ ਨੇ ਆਪਣੇ ਗੁਜਰਾਤ ਵਾਲੇ ਮੁੱਖ ਮੰਤਰੀ ਦੀਆਂ ਕਹੀਆਂ ਗੱਲਾਂ ਦੀ ਕਦੀ ਮੁਆਫੀ ਨਹੀਂ ਮੰਗੀ। ਨਰਿੰਦਰ ਮੋਦੀ ਨੇ ਇੱਕ ਚੋਣ ਸਮੇਂ ਜਦੋਂ ਚੋਣ ਕਮਿਸ਼ਨਰ ਮਿਸਟਰ ਲਿੰਗਡੋਹ ਨੂੰ ਸਖਤੀ ਕਰਦਾ ਵੇਖਿਆ ਤਾਂ ਇਹ ਕਹਿ ਦਿੱਤਾ ਸੀ ਕਿ ਲਿੰਗਡੋਹ ਅਤੇ ਸੋਨੀਆ ਗਾਂਧੀ ਦੋਵੇਂ ਈਸਾਈ ਹਨ, ਐਤਵਾਰ ਦੇ ਦਿਨ ਚਰਚ ਵਿਚ ਜਾ ਕੇ ਮਿਲਦੇ ਹਨ। ਭਾਜਪਾ ਨੇ ਕਿਹਾ ਸੀ ਕਿ ਇਸ ਵਿਚ ਗਲਤ ਕੁਝ ਨਹੀਂ, ਇਹ ਇੱਕ ਸਾਧਾਰਨ ਟਿਪਣੀ ਹੈ। ਉਸ ਦੇ ਬਾਅਦ ਮੋਦੀ ਨੂੰ ਸ਼ਹਿ ਮਿਲ ਗਈ ਤੇ ਉਸ ਦੇ ਜੋੜੀਦਾਰਾਂ ਨੂੰ ਵੀ ਇਸ਼ਾਰਾ ਮਿਲ ਗਿਆ ਕਿ ਕੁਝ ਵੀ ਕਹੀ ਜਾਓ। ਇੱਕ ਹੋਰ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਅੱਗ ਉਗਲੱਛਣ ਵਾਲਾ ਆਗੂ ਪ੍ਰਵੀਣ ਤੋਗੜੀਆ ਹੱਦਾਂ ਭੁੱਲ ਕੇ ਸੋਨੀਆ ਗਾਂਧੀ ਬਾਰੇ ਉਹ ਕੁਝ ਕਹਿ ਗਿਆ, ਜਿਸ ਦਾ ਜ਼ਿਕਰ ਕਰਨ ਵਿਚ ਸਾਨੂੰ ਵੀ ਝਿਜਕ ਹੈ, ਪਰ ਸਾਰੀ ਭਾਜਪਾ ਅਤੇ ਉਸ ਦੇ ਪਿੱਛੇ ਖੜੇ ਸੰਘ ਪਰਿਵਾਰ ਵਾਲਿਆਂ ਨੇ ਇਸ ਦਾ ਅਫਸੋਸ ਕਰਨ ਤੋਂ ਪਾਸਾ ਵੱਟ ਲਿਆ ਸੀ। ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਤੀਸਰੇ ਦਿਨ ਚੁੱਪ ਤੋੜੀ ਤੇ ਇਹ ਕਿਹਾ ਸੀ ਕਿ ਰਾਜਸੀ ਵਿਰੋਧ ਆਪਣੀ ਥਾਂ ਹੈ, ਪਰ ਜਿਹੜੀ ਭਾਸ਼ਾ ਸੋਨੀਆ ਗਾਂਧੀ ਲਈ ਵਰਤੀ ਗਈ ਹੈ, ਉਸ ਦੇ ਬਾਰੇ ਕਿਸੇ ਨੂੰ ਵੀ ਅਫਸੋਸ ਹੋਣਾ ਚਾਹੀਦਾ ਹੈ, ਕਿਉਂਕਿ ਇਹ ਨਾ ਸਿਰਫ ਇਸਤਰੀ ਜਾਤੀ ਦੇ ਸਨਮਾਨ ਵਿਰੁੱਧ ਅਸਲੋਂ ਬਦਤਮੀਜ਼ ਗੱਲ ਕਹੀ ਗਈ ਹੈ, ਸਗੋਂ ਜਨਤਕ ਜੀਵਨ ਨੂੰ ਵੀ ਲੀਹ ਤੋਂ ਲਾਹੁਣ ਵਾਲੀ ਹੈ। ਤੋਗੜੀਏ ਨੂੰ ਸੰਘ ਪਰਿਵਾਰ ਦੀ ਸਰਪ੍ਰਸਤੀ ਕਾਰਨ ਫਿਰ ਵੀ ਮੁਰਲੀ ਮਨੋਹਰ ਜੋਸ਼ੀ ਤੋਂ ਬਿਨਾਂ ਇੱਕ ਵੀ ਭਾਜਪਾ ਆਗੂ ਨੇ ਇਸ ਦੀ ਨਿੰਦਾ ਨਹੀਂ ਸੀ ਕੀਤੀ।
ਬੀਤੇ ਇੱਕੋ ਹਫਤੇ ਵਿਚ ਅਸੀਂ ਘੱਟੋ-ਘੱਟ ਚਾਰ ਆਗੂਆਂ ਨੂੰ ਕੁਝ ਨਾ ਕੁਝ ਬਿਨਾਂ ਸੋਚੇ ਬੋਲ ਕੇ ਫਿਰ ਆਪ ਹੀ ਕਹੇ ਗਏ ਸ਼ਬਦਾਂ ਨੂੰ ਵਾਪਸ ਲੈਂਦੇ ਵੇਖਿਆ ਹੈ। ਉਹ ਸਾਰੇ ਕਿਸੇ ਇੱਕੋ ਪਾਰਟੀ ਦੇ ਨਹੀਂ, ਸਗੋਂ ਵੱਖੋ-ਵੱਖ ਧਿਰਾਂ ਵਿਚੋਂ ਹਨ ਤੇ ਬਹੁਤੇ ਉਨ੍ਹਾਂ ਦੋ ਮੁੱਖ ਧਿਰਾਂ; ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ, ਵਿਚੋਂ ਹਨ, ਜਿਨ੍ਹਾਂ ਦੀ ਭਾਰਤ ਦੇ ਉਚੇ ਤਖਤ ਉਤੇ ਕਬਜ਼ੇ ਦੀ ਦੌੜ ਚੱਲ ਰਹੀ ਹੈ। ਇਸ ਦੌੜ ਦਾ ਰਾਜਸੀ ਪੱਖ ਤੋਂ ਉਨ੍ਹਾਂ ਨੂੰ ਪੂਰਾ ਹੱਕ ਹੈ। ਉਹ ਭਾਸ਼ਣਾਂ ਤੇ ਟਿਪਣੀਆਂ ਦੇ ਚੱਕਰ ਵਿਚ ਆਪੋ ਵਿਚ ਮਰਿਆਦਾ ਦੀਆਂ ਹੱਦਾਂ ਪਾਰ ਕਰ ਜਾਣ ਤਾਂ ਲੋਕਾਂ ਨੂੰ ਬੁਰਾ ਲੱਗੇਗਾ, ਪਰ ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਇਸ ਤਰ੍ਹਾਂ ਖੇਹ ਉਡਾਉਣ ਦੀ ਖੇਡ ਵਿਚ ਲੋਕਾਂ ਦੀ ਜ਼ਿੰਦਗੀ ਦਾ ਉਹ ਮੁੱਦਾ ਬਹਿਸ ਤੋਂ ਬਾਹਰ ਹੋਈ ਜਾ ਰਿਹਾ ਹੈ, ਜਿਹੜਾ ਇਸ ਵਕਤ ਸੌ ਮੁੱਦਿਆਂ ਦਾ ਮੁੱਦਾ ਹੋਣਾ ਚਾਹੀਦਾ ਹੈ। ਅਜੇ ਚੋਣਾਂ ਵਿਚ ਪੌਣਾ ਸਾਲ ਪਿਆ ਹੈ ਤੇ ਇਹ ਪੌਣਾ ਸਾਲ ਸੌ ਕਿਸਮ ਦੇ ਹੋਰ ਉਹ ਭੱਦੇ ਨਜ਼ਾਰੇ ਪੇਸ਼ ਕਰ ਸਕਦਾ ਹੈ, ਜਿਨ੍ਹਾਂ ਬਾਰੇ ਆਮ ਆਦਮੀ ਨੇ ਸੋਚਿਆ ਵੀ ਨਾ ਹੋਵੇ। ਇਹ ਫੈਸਲਾ ਆਮ ਆਦਮੀ ਨੇ ਕਰਨਾ ਹੈ ਕਿ ਉਸ ਨੇ ਮੁੱਦਿਆਂ ਵੱਲ ਵੇਖਣਾ ਹੈ ਜਾਂ ਇਹ ਸੋਚ ਕੇ ਵੋਟ ਪਾ ਦੇਣੀ ਹੈ ਕਿ ਫਲਾਣੇ ਦਾ ਮੂੰਹ ਵੱਧ ਪਾਟਾ ਹੈ ਤੇ ਫਲਾਣਾ ‘ਕਾਸੇ ਜੋਗਾ ਹੀ ਨਹੀਂ’ ਜਾਪਦਾ।

Be the first to comment

Leave a Reply

Your email address will not be published.