ਪੂਰੀਆਂ ਪਾਉਣ ਵਾਲੇ ਰੰਗ ਨਾ ਹੋਏ ਕਾਂਗਰਸ ਦੇ ਤਾਂ ਫਿਰ ਹੋਊਗਾ ਕੀ?

ਜਤਿੰਦਰ ਪਨੂੰ
ਪਿਛਲੇ ਦਿਨੀਂ ਪੰਜਾਬ ਸਰਕਾਰ ਦਾ ਮੁਖੀ ਬਦਲੇ ਜਾਣ ਦੀਆਂ ਘਟਨਾਵਾਂ ਮਗਰੋਂ ਲਗਭਗ ਹਰ ਕਿਸੇ ਪੱਤਰਕਾਰ ਨੇ ਆਪੋ-ਆਪਣੀ ਸੋਚ ਮੁਤਾਬਕ ਇਸ ਉੱਤੇ ਟਿੱਪਣੀਆਂ ਕੀਤੀਆਂ ਸਨ। ਜਿਹੜੀ ਟਿੱਪਣੀ ਸਭ ਤੋਂ ਜਿ਼ਆਦਾ ਠੀਕ ਲੱਗੀ, ਉਹ ਇਹ ਸੀ ਕਿ ਪੰਜਾਬ ਦੀ ਕਾਂਗਰਸ ਇੱਕ ਵਾਰ ਫਿਰ ਓਸੇ ਹਾਲ ਵਿਚ ਜਾ ਪਹੁੰਚੀ ਹੈ, ਜਿਸ ਵਿਚ ਉਦੋਂ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਅਤੇ ਉਸ ਨੂੰ ਹਟਾ ਕੇ ਮੁੱਖ ਮੰਤਰੀ ਬਣੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਆਪੋ ਵਿਚ ਲੱਗੇ ਆਢੇ ਨੇ ਪੁਚਾਈ ਸੀ।

ਉਦੋਂ ਬੀਬੀ ਭੱਠਲ ਨੂੰ ਪਹਿਲਾਂ ਡਿਪਟੀ ਮੁੱਖ ਮੰਤਰੀ ਬਣਾਇਆ ਸੀ ਤੇ ਫਿਰ ਨਵੰਬਰ ਵਿਚ ਮੁੱਖ ਮੰਤਰੀ ਬਣਾ ਕੇ ਅਗਲੀਆਂ ਚੋਣਾਂ ਦੇ ਨੇੜੇ ਕੀਤੀ ਤਬਦੀਲੀ ਨੇ ਕਾਂਗਰਸ ਦਾ ਕੁਝ ਨਹੀਂ ਸੀ ਸੰਵਾਰਿਆ। ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਤੇ ਉਸ ਦਾ ਧੜਾ ਬੀਬੀ ਭੱਠਲ ਤੋਂ ਡਰਦਾ ਘਰੀਂ ਜਾ ਬੈਠਾ ਅਤੇ ਅੰਦਰ-ਖਾਤਿਓਂ ਆਪਣੀ ਪਾਰਟੀ ਵਿਰੁੱਧ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਰਾਜਸੀ ਗੱਠਜੋੜ ਦੀ ਮਦਦ ਕਰਦਾ ਰਿਹਾ ਸੀ। ਇਸ ਵਾਰ ਸਤੰਬਰ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਛੱਡਣੀ ਪਈ ਹੈ, ਪਰ ਉਹ ਹਰਚਰਨ ਸਿੰਘ ਬਰਾੜ ਵਾਂਗ ਚੁੱਪ ਕੀਤਾ ਘਰੇ ਬਹਿਣ ਵਾਲਾ ਨਹੀਂ, ਸਿੱਧਾ ਭੇੜ ਭਿੜਨ ਦੇ ਦਬਕੇ ਮਾਰਦਾ ਹੈ ਤੇ ਤਬਦੀਲੀ ਪਿੱਛੋਂ ਉਸ ਦਾ ਧੜਾ ਵੀ ਰਾਜ ਵਿਚੋਂ ਆਪਣਾ ਹਿੱਸਾ ਲੈਣ ਲਈ ਸਾਰਾ ਤਾਣ ਲਾ ਰਿਹਾ ਹੈ। ਦੋ ਡਿਪਟੀ ਮੁੱਖ ਮੰਤਰੀ ਬਣਉਣ ਦੇ ਵਕਤ ਵੀ ਇੱਕ ਜਣਾ ਕੈਪਟਨ ਧੜੇ ਤੋਂ ਲੈਣ ਲਈ ਪਾਰਟੀ ਦਾ ਮਜਬੂਰੀ ਵਿਚ ਮੰਨਣਾ ਇਸ ਦਾ ਸਬੂਤ ਹੈ ਕਿ ਉਸ ਧੜੇ ਨੂੰ ਨਾਰਾਜ਼ ਰੱਖਣ ਦਾ ਨੁਕਸਾਨ ਪਾਰਟੀ ਜਾਣਦੀ ਹੈ ਤੇ ਕੈਪਟਨ ਧੜਾ ਵੀ ਇਸ ਸਥਿਤੀ ਵਿਚ ਸ਼ਰੀਕਾਂ ਅੱਗੇ ਹਥਿਆਰ ਸੁੱਟਣ ਦੀ ਥਾਂ ਵਜ਼ੀਰੀਆਂ ਦੀ ਵੰਡ ਤੋਂ ਬਾਅਦ ਟਿਕਟਾਂ ਦੀ ਵੰਡ ਵਿਚ ਵੀ ਲੱਤ ਅੜਾਉਣ ਲਈ ਪੂਰੀ ਤਿਆਰੀ ਵੱਟੀ ਬੈਠਾ ਹੈ।
ਕਿਸੇ ਵੀ ਰਾਜ ਕਰਦੀ ਪਾਰਟੀ ਦਾ ਨਾਰਾਜ਼ ਧੜਾ ਜੋ ਵੀ ਕਰਦਾ ਫਿਰੇ, ਉਸ ਨੂੰ ਕੋਈ ਰੋਕਦਾ ਨਹੀਂ ਹੁੰਦਾ ਤੇ ਰਾਜ ਕਰਦੇ ਧੜੇ ਉੱਤੇ ਜਿ਼ੰਮੇਵਾਰੀ ਪੈ ਜਾਂਦੀ ਹੈ ਕਿ ਉਹ ਨਾਰਾਜ਼ ਧੜੇ ਨੂੰ ਵੀ ਨਾਲ ਲੈ ਕੇ ਚੱਲੇ ਤੇ ਉਨ੍ਹਾਂ ਦਾ ਗੁੱਸਾ-ਗਿਲ੍ਹਾ ਕੁਝ ਠੰਢਾ ਕਰਨ ਦਾ ਯਤਨ ਕਰੇ। ਇਸ ਮਾਮਲੇ ਵਿਚ ਇਸ ਵਾਰੀ ਰਾਜ ਸੰਭਾਲਣ ਵਾਲੇ ਧੜੇ ਦੇ ਆਗੂ ਸੁਚੇਤ ਹੋ ਕੇ ਨਹੀਂ ਚੱਲ ਸਕੇ ਅਤੇ ਜਿਨ੍ਹਾਂ ਕੋਲੋਂ ਰਾਜ ਖੋਹਿਆ ਹੈ, ਉਨ੍ਹਾਂ ਨੂੰ ਹਰ ਨਵੇਂ ਦਿਨ ਨਵੀਂ ਹੁੱਝ ਮਾਰਨ ਦੇ ਯਤਨ ਕਰਦੇ ਪਏ ਹਨ। ਨਤੀਜਾ ਇਸ ਦਾ ਇਹ ਹੋਵੇਗਾ ਕਿ ਉਨ੍ਹਾਂ ਨੇ ਜੇ ਕੋਈ ਵਿਰੋਧ ਅੰਦਰ-ਖਾਤੇ ਵੀ ਕਰਨਾ ਸੀ ਤਾਂ ਇਸ ਦੀ ਲੋੜ ਨਹੀਂ ਰਹਿਣੀ, ਉਹ ਨੰਗੇ ਧੜ ਇਸ ਧੜੇ ਦੀ ਅਗਵਾਈ ਹੇਠ ਚੱਲਦੀ ਸਰਕਾਰ ਤੇ ਪਾਰਟੀ ਦਾ ਵਿਰੋਧ ਕਰਨਗੇ। ਨਵਾਂ ਮੁੱਖ ਮੰਤਰੀ ਬਣਾ ਲੈਣ ਦੇ ਬਾਵਜੂਦ ਇੱਕ ਹਫਤਾ ਇਹੋ ਤੈਅ ਨਹੀਂ ਕੀਤਾ ਜਾ ਸਕਿਆ ਕਿ ਮੰਤਰੀ ਕੌਣ-ਕੌਣ ਬਣਾਉਣਾ ਹੈ ਤੇ ਇਸ ਕੰਮ ਲਈ ਹਰ ਦੂਸਰੇ ਦਿਨ ਦਿੱਲੀ ਨੂੰ ਦੌੜ ਲੱਗਦੀ ਰਹੀ ਹੈ। ਇਹ ਦੌੜ ਹੀ ਸਰਕਾਰ ਦੀ ਕਮਜ਼ੋਰੀ ਜਾਹਰ ਕਰਦੀ ਹੈ।
ਦੂਸਰੀ ਗੱਲ ਇਹ ਕਿ ਜਿਨ੍ਹਾਂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲੜਾਈ ਲੜੀ ਤੇ ਆਖਰ ਉਸ ਨੂੰ ਕੁਰਸੀ ਛੱਡਣ ਨੂੰ ਮਜਬੂਰ ਕੀਤਾ, ਉਨ੍ਹਾਂ ਤੋਂ ਡਰ ਕੇ ਹਰਚਰਨ ਸਿੰਘ ਬਰਾੜ ਵਾਂਗ ਚੁੱਪ ਹੋਣ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਨੇ ਖੜ੍ਹੇ ਪੈਰ ਉਨ੍ਹਾਂ ਨਾਲ ਮੋੜਵਾਂ ਆਢਾ ਲਾ ਲਿਆ ਹੈ। ਉਹ ਇਸ ਗੱਲ ਵਿਚ ਕਾਮਯਾਬ ਰਿਹਾ ਕਿ ਹੋਰ ਜਿਸ ਨੂੰ ਵੀ ਅੱਗੇ ਲਾ ਲਵੋ, ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਜਾਂ ਸੁਨੀਲ ਜਾਖੜ ਨਹੀਂ ਬਣਨ ਦੇਣੇ। ਕਾਂਗਰਸ ਹਾਈ ਕਮਾਂਡ ਨੂੰ ਇਸ ਉੱਤੇ ਝੁਕਣਾ ਪਿਆ ਤਾਂ ਚਰਨਜੀਤ ਸਿੰਘ ਚੰਨੀ ਦਾ ਗੁਣਾ ਪੈ ਗਿਆ, ਜਿਸ ਦਾ ਇਸ ਅਹੁਦੇ ਲਈ ਅੱਗੇ ਕਦੀ ਨਾਂ ਨਹੀਂ ਸੀ ਸੁਣਿਆ, ਪਰ ਖੇਡ ਵਿਗਾੜਨ ਦਾ ਅਗਲਾ ਰਾਹ ਕੈਪਟਨ ਧੜੇ ਤੋਂ ਵੱਧ ਕੈਪਟਨ-ਵਿਰੋਧੀਆਂ ਨੇ ਇਸ ਤਰ੍ਹਾਂ ਫੜ ਲਿਆ ਹੈ ਕਿ ਜੇ ਉਹ ਨਾ ਸੁਧਰੇ ਤਾਂ ਸਰਕਾਰ ਤੇ ਪਾਰਟੀ ਦੋਵਾਂ ਨੂੰ ਲੈ ਬੈਠਣਗੇ। ਮੁੱਖ ਮੰਤਰੀ ਤਾਂ ਮੁੱਖ ਮੰਤਰੀ ਹੁੰਦਾ ਹੈ, ਜਿੰਨੀ ਦੇਰ ਚਰਨਜੀਤ ਸਿੰਘ ਚੰਨੀ ਨੂੰ ਇਹ ਅਹੁਦਾ ਨਹੀਂ ਸੀ ਮਿਲਿਆ, ਉਦੋਂ ਤੱਕ ਹੋਰ ਗੱਲ ਸੀ, ਮੁੱਖ ਮੰਤਰੀ ਬਣਨ ਪਿੱਛੋਂ ਉਸ ਨੂੰ ਕੰਮ ਵੀ ਕਰਨ ਦੇਣਾ ਚਾਹੀਦਾ ਹੈ, ਪਰ ਉਸ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਟੋਲੀ ਆਮ ਲੋਕਾਂ ਨੂੰ ਇਹ ਦੱਸਣ ਰੁੱਝੀ ਹੋਈ ਹੈ ਕਿ ਇਸ ਨੂੰ ਬਣਾਇਆ ਅਸੀਂ ਹੈ ਤਾਂ ਚਲਾਉਂਦੇ ਵੀ ਅਸੀਂ ਹਾਂ। ਇਸ ਨਾਲ ਚਰਨਜੀਤ ਸਿੰਘ ਚੰਨੀ ਦੀ ਪੁਜ਼ੀਸ਼ਨ ਕਮਜ਼ੋਰ ਹੁੰਦੀ ਜਾ ਰਹੀ ਹੈ ਅਤੇ ਜੇ ਇਹ ਹੋਰ ਕਮਜ਼ੋਰ ਹੋਈ ਤਾਂ ਇਸ ਦਾ ਲਾਭ ਅਕਾਲੀ ਦਲ, ਆਮ ਆਦਮੀ ਪਾਰਟੀ ਜਾਂ ਫਿਰ ਪਾਰਟੀ ਵਿਚਲੇ ਕੈਪਟਨ ਧੜੇ ਨੂੰ ਹੋਵੇਗਾ। ਇਹ ਗੱਲ ਉਹ ਟੀਮ ਨਹੀਂ ਸੋਚਦੀ।
ਸਥਿਤੀ ਦਾ ਦੂਸਰਾ ਪੱਖ ਇਹ ਹੈ ਕਿ ਭਾਜਪਾ ਅਜੇ ਤੱਕ ਪੰਜਾਬ ਵਿਚ ਆਪਣੇ ਪੈਰ ਨਹੀਂ ਲਾ ਸਕੀ ਤੇ ਲਾਉਣ ਦੀ ਹਾਲੇ ਗੁੰਜਾਇਸ਼ ਵੀ ਕੋਈ ਨਹੀਂ ਲੱਗਦੀ, ਪਰ ਕਾਂਗਰਸ ਲਈ ਮੈਦਾਨ ਖਾਲੀ ਨਹੀਂ। ਆਮ ਆਦਮੀ ਪਾਰਟੀ ਵਿਚ ਇਸ ਦੇ ਕੌਮੀ ਕਨਵੀਨਰ ਦੀਆਂ ਗਲਤ ਗਿਣਤੀਆਂ ਕਾਰਨ ਅਜੇ ਤੱਕ ਕਈ ਤਰ੍ਹਾਂ ਦੀਆਂ ਉਲਝਣਾਂ ਹਨ, ਪਰ ਉਲਝਣਾਂ ਹੁੰਦੇ ਹੋਏ ਵੀ ਇਸ ਵੇਲੇ ਆਮ ਲੋਕਾਂ ਵਿਚ ਇਸ ਪਾਰਟੀ ਵੱਲ ਇੱਕ ਖਾਸ ਤਰ੍ਹਾਂ ਦੀ ਖਿੱਚ ਮੌਜੂਦ ਹੈ। ਪਾਰਟੀ ਦੀ ਹਾਈ ਕਮਾਨ ਅੱਜ ਉਲਝਣਾਂ ਦੂਰ ਕਰ ਕੇ ਸਿੱਧੇ ਮੂੰਹ ਚੱਲ ਪਵੇ ਤਾਂ ਇਹ ਪਾਰਟੀ ਚੋਖੀ ਖੱਟੀ ਖੱਟ ਰਹੀ ਜਾਪਦੀ ਹੈ, ਪਰ ਬਦਕਿਸਮਤੀ ਨਾਲ ਕੇਜਰੀਵਾਲ ਸਾਹਿਬ ਨੇ ਕੀ ਕਰਨਾ ਹੈ, ਸ਼ਾਇਦ ਖੁਦ ਉਸ ਨੂੰ ਵੀ ਬਹੁਤੀ ਵਾਰ ਪਤਾ ਨਹੀਂ ਹੁੰਦਾ ਅਤੇ ਸੋਚਾਂ ਵਿਚ ਵਕਤ ਲੰਘਾ ਕੇ ਆਖਰੀ ਵਕਤ ਅਟਕਲ-ਪੱਚੂ ਚਾਲਾਂ ਚੱਲਣ ਲੱਗਦਾ ਹੈ। ਜਿਹੜੀ ਗੱਲ ਬਾਰੇ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਦੇ ਲੀਡਰ ਅਜੇ ਤੱਕ ਇਹ ਸੋਚ ਕੇ ਅਵੇਸਲੇ ਹਨ ਕਿ ਆਮ ਲੋਕਾਂ ਨੇ ਉਸ ਪਾਰਟੀ ਨੂੰ ਮੂੰਹ ਹੀ ਨਹੀਂ ਲਾਉਣਾ, ਪਿਛਲੇ ਦਿਨਾਂ ਦੀ ਸਰਗਰਮੀ ਵਿਚ ਉਸ ਅਕਾਲੀ ਦਲ ਦੀਆਂ ਰੈਲੀਆਂ ਤੇ ਹੋਰ ਪ੍ਰੋਗਰਾਮਾਂ ਵਿਚ ਭੀੜ ਅੱਗੇ ਨਾਲੋਂ ਵਧਣ ਲੱਗ ਪਈ ਹੈ। ਜਦੋਂ ਉਨ੍ਹਾਂ ਦੀ ਹਰ ਰੈਲੀ ਤੇ ਹਰ ਮਾਰਚ ਦੇ ਵਕਤ ਕਿਸਾਨਾਂ ਨਾਲ ਜਾਂ ਕਿਸੇ ਹੋਰ ਪੰਥਕ ਧਿਰ ਸਿੱਧਾ ਪੇਚਾ ਪੈਣ ਦਾ ਖਤਰਾ ਹੋਵੇ, ਉਸ ਵਕਤ ਵੀ ਜੇ ਇਸ ਪਾਰਟੀ ਦੇ ਪ੍ਰੋਗਰਾਮਾਂ ਵਿਚ ਲੋਕਾਂ ਦੀ ਭੀੜ ਵਧਦੀ ਹੈ ਤਾਂ ਇਸ ਨੂੰ ਨੋਟ ਕਰਨਾ ਚਾਹੀਦਾ ਹੈ। ਆਮ ਆਦਮੀ ਇਹ ਨਹੀਂ ਸੋਚਦਾ ਹੁੰਦਾ ਕਿ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਵਿਚ ਅਟਪਟੀਆਂ ਗੱਲਾਂ ਕਿੰਨੀਆਂ ਹਨ, ਜਦੋਂ ਆਮ ਲੋਕ ਰਾਜ ਕਰਦੀ ਧਿਰ ਦੇ ਮੁਕਾਬਲੇ ਦਾ ਬਦਲ ਲੱਭਣ ਤੁਰ ਪੈਣ ਤਾਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰ ਕੇ ਉਸ ਪਾਰਟੀ ਨਾਲ ਵੀ ਤੁਰ ਪੈਂਦੇ ਹੁੰਦੇ ਹਨ, ਜਿਸ ਨੂੰ ਦਿਲੋਂ ਕਈ ਵਾਰੀ ਉਹ ਪਸੰਦ ਨਹੀਂ ਕਰਦੇ ਹੁੰਦੇ। ਏਦਾਂ ਹੁੰਦਾ ਅਸੀਂ ਕਈ ਵਾਰ ਵੇਖਿਆ ਹੈ। ਅਕਾਲੀ ਦਲ ਦੇ ਮਗਰ ਵੀ ਇਸ ਵਕਤ ਜਾਂਦੀ ਭੀੜ ਇਸ ਵੇਲੇ ਚੱਲ ਰਹੇ ਕਾਂਗਰਸੀ ਰਾਜ ਦਾ ਬਦਲ ਲੱਭਣ ਵਾਲੀ ਜਾਪਦੀ ਹੈ। ਅੱਜ ਕੇਜਰੀਵਾਲ ਆਪਣੀ ਪਾਰਟੀ ਦੀਆਂ ਉਲਝਣਾਂ ਖਤਮ ਕਰ ਕੇ ਇੱਕ ਠੋਸ ਨੀਤੀ ਲੋਕਾਂ ਮੂਹਰੇ ਰੱਖ ਕੇ ਚੱਲ ਪਵੇ ਤਾਂ ਸਥਿਤੀ ਉਸ ਵੱਲ ਨੂੰ ਝੁਕ ਸਕਦੀ ਹੈ, ਪਰ ਕਿਉਂਕਿ ਉਹ ਏਦਾਂ ਦਾ ਕੁਝ ਕਰ ਨਹੀਂ ਰਿਹਾ, ਇਸ ਲਈ ਮੌਜੂਦਾ ਸਥਿਤੀ ਵਿਚ ਆਮ ਲੋਕ ਰਾਜ ਕਰਦੀ ਧਿਰ ਦਾ ਬਦਲ ਲੱਭਣ ਲਈ ਕਿੱਧਰ ਨੂੰ ਖਿਸਕ ਸਕਦੇ ਹਨ, ਸਾਰਿਆਂ ਨੂੰ ਪਤਾ ਹੈ।
ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਦੇ ਦੌਰਾਨ ਜਿਹੜਾ ਅਕਾਲੀ ਦਲ ਇੱਕ ਲੋਕ ਸਭਾ ਉੱਪ ਚੋਣ ਬੁਰੀ ਤਰ੍ਹਾਂ ਹਾਰ ਚੁੱਕਾ ਸੀ ਅਤੇ ਬੁਰੀ ਤਰ੍ਹਾਂ ਵੰਡਿਆ ਪਿਆ ਸੀ, ਅਕਾਲੀ ਦਲ ਦੇ ਸੱਤ ਧੜੇ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਹੋਣ ਦੇ ਬਹਾਨੇ ਹੇਠ ਪ੍ਰਕਾਸ਼ ਸਿੰਘ ਬਾਦਲ ਨੂੰ ਥੱਲੇ ਲਾਉਣਾ ਚਾਹੁੰਦੇ ਸਨ, ਉਸ ਵਕਤ ਤਿੰਨ ਵਿਧਾਨ ਸਭਾ ਚੋਣਾਂ ਵਿਚ ਉਹੀ ਇਕੱਲਾ ਬਾਦਲ ਧੜਾ ਦੋ ਸੀਟਾਂ ਜਿੱਤ ਕੇ ਬਹੁਤ ਵੱਡੀ ਧਿਰ ਬਣ ਗਿਆ ਸੀ। ਕਾਰਨ ਇਹ ਨਹੀਂ ਸੀ ਕਿ ਲੋਕਾਂ ਨੂੰ ਬਾਦਲ ਕੋਈ ਚੰਗਾ ਲੀਡਰ ਲੱਗਣ ਲੱਗ ਪਿਆ ਸੀ, ਅਸਲ ਇਹ ਸੀ ਕਿ ਬਾਦਲ ਉਸ ਵਕਤ ਰਾਜ ਕਰਦੀ ਧਿਰ ਦਾ ਬਦਲ ਪੇਸ਼ ਕਰਦਾ ਪਿਆ ਸੀ ਤੇ ਦੂਸਰੇ ਹੋਰਨਾਂ ਖੇਡਾਂ ਵਿਚ ਰੁੱਝੇ ਹੋਏ ਸਨ।
ਇਸ ਵੇਲੇ ਫਿਰ ਲੋਕਾਂ ਨੂੰ ਇੱਕ ਬਦਲ ਦੀ ਲੋੜ ਜਾਪਦੀ ਹੈ। ਕਾਂਗਰਸ ਪਾਰਟੀ ਅਜੇ ਵੀ ਇਸ ਵਹਿਮ ਵਿਚ ਹੈ ਕਿ ਸਾਡੇ ਮੁਕਾਬਲੇ ਦੀ ਕੋਈ ਧਿਰ ਹੀ ਨਹੀਂ ਤਾਂ ਅਸੀਂ ਭਾਵੇਂ ਛਿੱਤਰੀਂ ਦਾਲ ਵੰਡੀ ਜਾਈਏ, ਲੋਕਾਂ ਨੂੰ ਵੋਟ ਫਿਰ ਵੀ ਸਾਨੂੰ ਹੀ ਪਾਉਣੀ ਪੈਣੀ ਹੈ। ਅਮਲੀ ਵੀ ਇਸੇ ਝਾਕ ਵਿਚ ਬੇਰੀ ਹੇਠ ਜਾ ਸੁੱਤਾ ਸੀ ਕਿ ਬੇਰ ਜਦੋਂ ਵੀ ਡਿੱਗੇਗਾ ਤਾਂ ਮੇਰਾ ਮੂੰਹ ਖੁੱਲ੍ਹਾ ਵੇਖ ਕੇ ਇਸੇ ਵਿਚ ਡਿੱਗੇਗਾ। ਕਾਂਗਰਸ ਪਾਰਟੀ ਵੀ ਇਸੇ ਝਾਕ ਵਿਚ ਲੋਕਾਂ ਦੀ ਚਿੰਤਾ ਛੱਡ ਕੇ ਤਖਤ ਉੱਤੇ ਕਬਜ਼ੇ ਕਰਨ ਦੀ ਜੰਗ ਵਿਚ ਸਾਰਾ ਤਾਣ ਲਾਈ ਜਾਂਦੀ ਹੈ ਤੇ ਹੇਠੋਂ ਖਿਸਕਦੀ ਜਾਂਦੀ ਜ਼ਮੀਨ ਬਾਰੇ ਚਿੰਤਾ ਕਰ ਸਕਣੀ ਉਸ ਦੇ ਵੱਸ ਦੀ ਗੱਲ ਹੀ ਨਹੀਂ ਜਾਪਦੀ। ਕੁਰਸੀਆਂ ਦੀ ਇਹ ਖੇਡ ਕਾਂਗਰਸ ਪਾਰਟੀ ਨੂੰ ਲੈ ਬੈਠੇਗੀ, ਪਰ ਉਸ ਦਾ ਬਦਲ ਲੱਭਣ ਲਈ ਲੋਕ ਕਿਹੜੀ ਧਿਰ ਵਿਚ ਭਰੋਸਾ ਕਰਨਗੇ, ਇਹ ਕਹਿਣਾ ਅੱਜ ਦੀ ਘੜੀ ਔਖਾ ਹੁੰਦਿਆਂ ਵੀ ਹਾਲਾਤ ਜਿੱਧਰ ਜਾ ਰਹੇ ਹਨ, ਇਸ ਬਾਰੇ ਕਈ ਤਰ੍ਹਾਂ ਦੇ ਕਿਆਫੇ ਲਾਏ ਜਾ ਸਕਦੇ ਹਨ, ਫਿਰ ਵੀ ਅਸੀਂ ਲਾਵਾਂਗੇ ਨਹੀਂ। ਸਿਰਫ ਇਹ ਕਹਿ ਸਕਦੇ ਹਾਂ ਕਿ ਹੋਰ ਤਾਂ ਸਭ ਕੁਝ ਸੰਭਵ ਹੈ, ਪਰ ਜਿਹੜੀ ਗੱਲ ਕਹਿ ਕੇ ਕਾਂਗਰਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਕੁਰਸੀ ਛੁਡਾਈ ਹੈ, ਨਾ ਉਸ ਦਾ ਕੋਈ ਲਾਭ ਉਨ੍ਹਾਂ ਨੂੰ ਹੁੰਦਾ ਜਾਪਦਾ ਹੈ, ਨਾ ਕੈਪਟਨ ਦੇ ਮੋੜੇ ਦਾ ਰਾਹ ਖੁੱਲ੍ਹ ਸਕਣਾ ਹੈ।