ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਖੇਡ ਰਚਨਾ

ਪ੍ਰਿੰ. ਸਰਵਣ ਸਿੰਘ
ਗੁਰਭਜਨ ਗਿੱਲ ਦਾ ਜੁੱਸਾ ਕਬੱਡੀ ਦੇ ਖਿਡਾਰੀਆਂ ਵਰਗਾ ਸੀ, ਪਰ ਬਣਿਆ ਉਹ ਸ਼ਬਦਾਂ ਦਾ ਖਿਡਾਰੀ। ਕਵੀਆਂ ਦਾ ਕਵੀ, ਲੇਖਕਾਂ ਦਾ ਲੇਖਕ ਤੇ ਕਲਾਕਾਰਾਂ ਦਾ ਕਲਾਕਾਰ। ਸਟੇਜ ਦਾ ਸ਼ਾਹਸਵਾਰ। ਜਗਦੇਵ ਜੱਸੋਵਾਲ ਦਾ ਛੋਟਾ ਭਰਾ ਸਮਝ ਲਓ। ਪੰਜਾਬੀ ਸਾਹਿਤ ਤੇ ਸਭਿਆਚਾਰਕ ਮੇਲਿਆਂ ਵਿਚ ਹੁਣ ਉਹਦਾ ਸਥਾਨ ‘ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ’ ਵਾਲਾ ਹੈ। ਰਹਿੰਦਾ ਭਾਵੇਂ ਲੁਧਿਆਣੇ ਹੈ, ਪਰ ਧਮਕ ਜਲੰਧਰ ਛੱਡ ਲਾਹੌਰ, ਲੰਡਨ ਤੇ ਲਾਸ ਏਂਜਲਸ ਤਕ ਪੈਂਦੀ ਹੈ। ਜੇ ਉਹ ਆਪਣੇ ਬਾਪ ਵੱਲੋਂ ਲਾਇਆ ਤਕੜਾ ਖਿਡਾਰੀ ਬਣਨ ਦਾ ਸ਼ੌਕ ਪਾਲਦਾ ਰਹਿੰਦਾ ਤਾਂ ਦੂਜਾ ਸੁਰਜੀਤ ਬਣ ਸਕਦਾ ਸੀ। ਹਾਕੀ ਦਾ ਸੁਰਜੀਤ ਰੰਧਾਵਾ ਨਾ ਬਣਦਾ ਤਾਂ ਕਬੱਡੀ ਦਾ ਬਲਵਿੰਦਰ ਫਿੱਡਾ ਤਾਂ ਵੱਟ `ਤੇ ਪਿਆ ਸੀ!

ਫਿਰ ਮੋਟੀ ਸਾਈ ਫੜ ਕੇ ਕਬੱਡੀ ਕੱਪਾਂ ‘ਤੇ ਜਾਂਦਾ, ਧੰਨ-ਧੰਨ ਕਰਾਉਂਦਾ ਤੇ ਡਾਲਰਾਂ ਪੌਂਡਾਂ ‘ਚ ਖੇਡਦਾ। ਪਈ ‘ਭਜਨ ਭਾਅ ਜੀ, ਭਜੀ ਭਾਅ ਜੀ’ ਹੁੰਦੀ। ਭਜੀ ਦੀ ਇਕ ਇਕ ਰੇਡ ਫਿੱਡੇ ਵਾਂਗ ਹਜ਼ਾਰ ਹਜ਼ਾਰ ਡਾਲਰ ‘ਚ ਪੈਂਦੀ। ਫਿਰ ਮੈਂ ਵੀ ਕੁਮੈਂਟਰੀ ਕਰਦਿਆਂ ਕਹਿੰਦਾ, “ਲਓ ਚੱਲਿਆ ਬਸੰਤਕੋਟੀਆ ਭਜੀ ਕਬੱਡੀ ਪਾਉਣ…ਜੁਆਨ ਦੀ ਚੜ੍ਹਤ ਦੇਖੋ ਤੇ ਦੇਖੋ ਬੁਰਜ ਵਰਗਾ ਕੱਦ-ਕਾਠ, ਥੱਬੇ-ਥੱਬੇ ਦੇ ਪੱਟ, ਸਿਧਵਾਈਆਂ ਵਰਗੀਆਂ ਲੱਤਾਂ, ਮੂੰਗਲੀਆਂ ਵਰਗੇ ਡੌਲੇ, ਖਰਾਸ ਦੇ ਪੁੜ ਵਰਗੀ ਛਾਤੀ, ਦੁੱਧ ਮੱਖਣਾਂ ਨਾਲ ਪਾਲਿਆ ਸਵਾ ਕੁਇੰਟਲ ਦਾ ਜੁੱਸਾ… ਦਿੰਦਾ ਧੱਕੇ, ਹੋ`ਜੋ ਪਾਸੇ, ਹੋਰ ਨਾ ਕਿਸੇ ਦੀ ਹੇਠਾਂ ਆ ਕੇ ਜਾਹ ਜਾਂਦੀ ਹੋ`ਜੇ… ਔਹ ਮਾਰਿਆ ਜਾਫੀ ਨੂੰ ਚਲਾ ਕੇ ਮੱਕੀ ਦੇ ਪੂਲੇ ਅੰਗੂੰ, ਚੱਕ-ਲੋ ਕਰ`ਤਾ ਫਸਟ ਏਡ ਦੇਣ ਵਾਲਾ, ਪੁਆਇੰਟ ਬਸੰਤਕੋਟੀਏ ਭਜੀ ਦਾ…।
ਉਂਜ ਮਹਿਮਾ ਉਸ ਨੇ ਸ਼ਬਦਾਂ ਦਾ ਖਿਡਾਰੀ ਬਣ ਕੇ ਵੀ ਘੱਟ ਨਹੀਂ ਖੱਟੀ। ਸਾਹਿਤ ਸਭਾਵਾਂ, ਅਕੈਡਮੀਆਂ ਤੇ ਸੈਮੀਨਾਰਾਂ ਗੋਸ਼ਟੀਆਂ ਦੀ ਤਾਂ ਗੱਲ ਹੀ ਕੀ, ਉਹ ਦੇਸ਼-ਵਿਦੇਸ਼ ਦੇ ਖੇਡ ਮੇਲਿਆਂ, ਸਭਿਆਚਾਰਕ ਮੇਲਿਆਂ, ਏਥੋਂ ਤਕ ਕਿ ਮਿਸ ਪੰਜਾਬਣਾਂ ਦੇ ਮੇਲਿਆਂ ਗੇਲਿਆਂ ਦੀਆਂ ਹਾਜ਼ਰੀਆਂ ਭਰਦਾ ਵੀ ਦਿਸਦਾ ਹੈ। ਗੁਣਾਂ ਦੀ ਖਾਣ ਜੁ ਹੋਇਆ। ਬਹੁਗੁਣਾ ਹੋਣ ਵਿਚ ਉਹਦਾ ਵਧੀਆ ਬੁਲਾਰਾ ਹੋਣਾ, ਲੋਕ ਕਵੀ ਹੋਣਾ, ਸੋਹਣਾ ਸੁਨੱਖਾ ਤੇ ਬਣਦਾ-ਫਬਦਾ ਹੋਣਾ ਅਤੇ ਜੁੱਸੇ ਦਾ ਸਵਾ ਕੁਇੰਟਲੀ ਹੋਣਾ, ਸਭ ਕੁਝ ਸ਼ਾਮਲ ਹੈ। ਸਰੀਰ ਸੁੱਖ ਨਾਲ ਖੁੱਲ੍ਹੀਆਂ ਖੁਰਾਕਾਂ ਨਾਲ ਏਨਾ ਪਾਲਿਆ ਹੈ ਕਿ ਸਿ਼ਵ ਕੁਮਾਰ ਤੇ ਸੁਰਜੀਤ ਪਾਤਰ ਵਰਗਿਆਂ ਦੇ ਤਿੰਨ ਤੋਲ ਬਣ ਜਾਣ! ਕੀ ਪੁੱਛਦੇ ਓ ਖਾਣ-ਪੀਣ? ਦਾਰੂ ਉਹਨੇ ਤਿੱਪ ਵੀ ਨਹੀਂ ਪੀਤੀ, ਪਰ ਪੀਣ ਵਾਲਿਆਂ ਦੀ ਨਿੰਦਿਆ ਵੀ ਘੱਟ ਨਹੀਂ ਕੀਤੀ। ਮੀਟ ਮੱਛੀ? ਕਿਸੇ ਦਿਨ ਨੇਂਦਾ ਦੇ ਕੇ ਦੇਖ ਲੈਣਾ! ਮੇਰਾ ਉਹ ਸਿ਼ੰਦਾ ਵੀਰ ਹੈ, ਮੇਰੀ ਕਹੀ ਨੂੰ ਹਾਸੇ ਮਜ਼ਾਕ ਵਿਚ ਹੀ ਲੈਂਦੈ। ਮੈਂ ਤੇ ਸ਼ਮਸ਼ੇਰ ਸੰਧੂ ਤਾਂ ਉਹਦੀ ਬਰਾਤੇ ਜਾ ਕੇ ਵੀ ਉਹਨੂੰ ਛੇੜਨੋਂ ਨਹੀਂ ਸੀ ਟਲੇ।
70ਵਿਆਂ ‘ਚ ਜਦੋਂ ਉਹ ਲਾਜਪਤ ਰਾਏ ਕਾਲਜ ਵਿਚ ਪੜ੍ਹਾਉਂਦਾ ਜਗਰਾਓਂ ਰਹਿੰਦਾ ਸੀ ਤੇ ਮੈਂ ਢੁੱਡੀਕੇ, ਤਾਂ ਰਾਇਕੋਟ ਪੜ੍ਹਾਉਂਦੀ ਉਹਦੀ ਪਤਨੀ ਨਿਰਪਜੀਤ ਨੂੰ ਮੈਂ ਕਹਿਣਾ, ਬੀਬਾ ਇਹਨੂੰ ਪਰੌਂਠੇ ਘੱਟ ਖੁਆਇਆ ਕਰੋ। ਇਹਦਾ ਭਾਰ ਹੋਰ ਵਧੂ ਤੇ ਵਧਿਆ ਭਾਰ ਗੋਡੇ ਲੈ ਬਹੂ। ਗੁਰਭਜਨ ਨੇ ਕਹਿਣਾ, ਭਾਅ ਜੀ ਹੁਣ ਤਾਂ ਦੋ ਪਰੌਂਠੀਆਂ ਈ ਖਾਨਾਂ, ਕਿਉਂ ਬਦਨਾਮ ਕਰਦੇ ਓ? ਪਰ ਪਿੱਛੋਂ ਪਤਾ ਲਗਣਾ ਪਈ ਮੇਰੇ ਸਾਹਮਣੇ ਤਾਂ ਦੋ ਪਰੌਂਠੇ ਹੀ ਖਾਧੇ ਪਰ ਰਸੋਈ ‘ਚੋਂ ਚਾਰ ਹੋਰ ਲੇੜ੍ਹ ਲਏ। ਐਡੇ ‘ਦਰਸ਼ਨੀ’ ਜੁੱਸੇ ਐਵੇਂ ਨਹੀਂ ਬਣਦੇ! ਸ਼ਮਸ਼ੇਰ ਸੰਧੂ ਉਹਦਾ ਪੂਰਾ ਭੇਤੀ ਐ। ਹੁਣ ਬਰਖੁਰਦਾਰ ਨਵਦੀਪ ਗਿੱਲ ਤੇ ਨਿੰਦਰ ਘੁਗਿਆਣਵੀ ਹੋਰੀਂ ਭੇਤੀ ਬਣਦੇ ਜਾ ਰਹੇ ਹਨ।
ਨਵਦੀਪ ਗਿੱਲ ਨੇ ਆਪਣੀ ਪੁਸਤਕ ‘ਨੌਲੱਖਾ ਬਾਗ’ ਵਿਚ ਉਹਦੇ ਰੇਖਾ ਚਿੱਤਰ ਦਾ ਨਾਂ ‘ਗੂਗਲ ਗਿੱਲ ਅੰਕਲ ਗੁਰਭਜਨ ਗਿੱਲ’ ਰੱਖਿਆ ਹੈ। ਲਿਖਿਆ ਹੈ: ਗੁਰਭਜਨ ਗਿੱਲ ਹਰ ਇਕ ਦਾ ਗੂਗਲ ਅੰਕਲ ਹੈ। ਉਨ੍ਹਾਂ ਦੇ ਦਾਇਰੇ ਵਾਲੇ ਕਿਸੇ ਸਿਆਸਤਦਾਨ, ਅਫਸਰ, ਪ੍ਰੋਫੈਸਰ, ਲੇਖਕ ਜਾਂ ਖਿਡਾਰੀ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਗੂਗਲ ਵਿਚ ‘ਸਰਚ’ ਕਰਨ ਦੀ ਥਾਂ ਉਹ ਗੁਰਭਜਨ ਗਿੱਲ ਨੂੰ ਸਿੱਧਾ ਫੋਨ ਕਰ ਕੇ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਲੈਂਦੇ ਹਨ…। ਉਹ ਪੰਜਾਬੀ ਸਾਹਿਤ, ਸਭਿਆਚਾਰ ਤੇ ਖੇਡ ਖੇਤਰ ਦੀ ਤ੍ਰਿਵੈਣੀ ਹੈ। ਉਹ ਸੱਤ ਪੱਤਣਾਂ ਦਾ ਤਾਰੂ ਹੈ। ਹਰ ਖੇਤਰ ਵਿਚ ਜਾਣੀ-ਪਛਾਣੀ ਸ਼ਖਸੀਅਤ ਹੈ। ਸਾਹਿਤ ਦੇ ਨਾਲ ਕਲਾ, ਸਭਿਆਚਾਰ, ਖੇਡਾਂ ਸਮੇਤ ਹਰ ਖੇਤਰ ਵਿਚ ਗੁਰਭਜਨ ਗਿੱਲ ਨੇ ਵੱਡੇ ਮੀਲ ਪੱਥਰ ਸਥਾਪਤ ਕੀਤੇ ਤੇ ਉਨ੍ਹਾਂ ਦਾ ਘੇਰਾ ਸਮਾਜ ਦੇ ਹਰ ਵਰਗ ਤਕ ਪੁਚਾਇਆ। ਵਿਦਿਆਰਥੀ, ਖਿਡਾਰੀ, ਪੱਤਰਕਾਰ, ਸਾਹਿਤਕਾਰ, ਕਲਾਕਾਰ, ਕਿਸਾਨ, ਅਫਸਰ, ਸਮਾਜ ਸੇਵੀ ਤੇ ਰਾਜਨੀਤਕ ਸ਼ਖਸੀਅਤਾਂ ਹਰ ਕੋਈ ਉਨ੍ਹਾਂ ਨੂੰ ਨਾ ਸਿਰਫ ਜਾਣਦਾ ਹੈ, ਸਗੋਂ ਇਸ ਖੇਤਰ ਦਾ ਹਰ ਵਡੇਰਾ ਉਸ ਨੂੰ ਪਿਆਰ ਕਰਦਾ ਤੇ ਹਰ ਛੋਟਾ ਸਤਿਕਾਰ ਦਿੰਦਾ ਹੈ। ਗੁਰਭਜਨ ਗਿੱਲ ਦੀ ਰਹਿਣੀ-ਬਹਿਣੀ, ਕਹਿਣੀ-ਕਥਨੀ ਅਤੇ ਲੇਖਣੀ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਰੱਖਿਆ ਹੈ…ਉਨ੍ਹਾਂ ਦੀ ਸ਼ਾਇਰੀ ਕੁਦਰਤ, ਇਤਿਹਾਸਕ ਪ੍ਰਸੰਗਾਂ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਤਰਜਮਾਨੀ ਕਰਦੀ ਹੋਈ ਸਮਾਜਕ ਸਰੋਕਾਰਾਂ ਦੇ ਬਹੁਤ ਨੇੜੇ ਵਿਚਰਦੀ ਹੈ। ਅਣਜੰਮੀ ਧੀ ਦੀ ਗਾਥਾ ਸੁਣਾਉਂਦੀ ਕਵਿਤਾ ‘ਲੋਰੀ’ ਨੇ, ਜਿਸ ਵਿਚ ਭਰੂਣ ਹੱਤਿਆ ਜਿਹੀ ਲਾਹਨਤ ਨੂੰ ਕਰੁਣਾਮਈ ਸ਼ਬਦਾਂ ਵਿਚ ਬਿਆਨ ਕੀਤਾ ਹੈ, ਗੁਰਭਜਨ ਗਿੱਲ ਨੂੰ ਸਮਾਜ ਵਿਚ ਬੜਾ ਸਨਮਾਨ ਦਿਵਾਇਆ ਹੈ। ਸੰਨ ਸੰਤਾਲੀ ਦੀ ਪੰਜਾਬ ਵੰਡ ਦਾ ਸੰਤਾਪ ਗੁਰਭਜਨ ਗਿੱਲ ਦੀ ਸ਼ਾਇਰੀ ਵਿਚੋਂ ਛਲਕਦਾ ਸਾਫ ਨਜ਼ਰ ਆਉਂਦਾ ਹੈ…।
ਗੁਰਭਜਨ ਜਦੋਂ ਸਕੂਲੇ ਪੜ੍ਹਦਾ ਸੀ ਤਾਂ ਉਸ ਦੇ ਬਾਪੂ ਜੀ ਚੋਖੀ ਖਾਧ ਖੁਰਾਕ ਖੁਆ ਕੇ ਉਸ ਨੂੰ ਤਕੜਾ ਖਿਡਾਰੀ ਬਣਾਉਣਾ ਚਾਹੁੰਦੇ ਸਨ। ਕਦੇ ਪੱਥਰ ਦੇ ਬਾਲੇ ਕਢਾਉਂਦੇ, ਕਦੇ ਬੋਰੀ ਚੁਕਾਉਂਦੇ ਤੇ ਕਦੇ ਕਬੱਡੀਆਂ ਪੁਆਉਂਦੇ। ਉਹ ਖੁਦ ਮੂੰਗਲੀਆਂ ਫੇਰਦੇ ਤੇ ਸੁਹਾਗੇ ਚੁੱਕਦੇ ਰਹੇ ਸਨ। ਆਪਣੇ ਲਾਡਲੇ ਪੁੱਤਰ ਨੂੰ ਖੁੱਲ੍ਹਾ-ਡੁੱਲ੍ਹਾ ਦੁੱਧ-ਘਿਉ ਖੁਆਉਂਦੇ-ਪਿਲਾਉਂਦੇ ਹੀ ਨਹੀਂ, ਸਗੋਂ ਚਾਰਦੇ ਸਨ। ਹੁਣ ਵੀ ਜਦੋਂ ਇਹ ਗੱਲਾਂ ਗੁਰਭਜਨ ਦਸਦਾ ਹੈ ਤਾਂ ਉਹਦਾ ਤਿੰਨ ਮਣ ਦਾ ਜੁੱਸਾ ਪੂਰਾ ਹੁੰਗਾਰਾ ਭਰਦਾ ਹੈ।
ਗੁਰਭਜਨ ਖੁਦ ਭਾਵੇਂ ਤਕੜਾ ਖਿਡਾਰੀ ਨਾ ਬਣ ਸਕਿਆ, ਪਰ ਖਿਡਾਰੀਆਂ ਦੀ ਸੰਗਤ ਕਰਨੀ ਨਹੀਂ ਛੱਡੀ। ਬਸੰਤ ਕੋਟ ਦੇ ਪੇਂਡੂ ਖੇਡ ਮੇਲੇ ਤੋਂ ਲੈ ਕੇ ਉਹ ਕਿਲਾ ਰਾਇਪੁਰ ਦੀਆਂ ਖੇਡਾਂ ਤਕ ਦਾ ਦਰਸ਼ਕ ਹੀ ਨਹੀਂ ਬਣਿਆ, ਸਗੋਂ ਦਰਜਨਾਂ ਖੇਡ ਮੇਲਿਆਂ ਬਾਰੇ ਅਖਬਾਰਾਂ ਵਿਚ ਲਿਖਦਾ ਰਿਹਾ। ਕਦੇ ਕਿਸੇ ਖੇਡ ਮੇਲੇ ਦਾ ਅੱਖੀਂ ਡਿੱਠਾ ਹਾਲ, ਕਦੇ ਕਿਸੇ ਖਿਡਾਰੀ ਦਾ ਰੇਖਾ ਚਿੱਤਰ, ਕਦੇ ਕਾਲਜਾਂ ਦੀਆਂ ਖੇਡ ਸਰਗਰਮੀਆਂ, ਕਦੇ ਖੇਡ ਸਾਹਿਤ ਤੇ ਖੇਡ ਸਭਿਆਚਾਰ ਬਾਰੇ ਗੰਭੀਰ ਲੇਖ। ਉਸ ਦੇ ਤੀਹ-ਚਾਲੀ ਖੇਡ ਲੇਖ ਮੇਰੀ ਨਜ਼ਰੋਂ ਲੰਘੇ ਹਨ। ਮੇਰੀ ਉਹਨੂੰ ਸਲਾਹ ਹੈ ਕਿ ਆਪਣੀ ਖੇਡ ਪੁਸਤਕ ਛਪਵਾਏ ਤੇ ਪੰਜਾਬੀ ਖੇਡ ਸਾਹਿਤ ਵਿਚ ਵਾਧਾ ਕਰੇ।
ਕਈਆਂ ਦੀ ਰੀਝ ਤਕੜੇ ਖਿਡਾਰੀ ਬਣਨ ਦੀ ਹੁੰਦੀ ਹੈ, ਪਰ ਬਣ ਨਹੀਂ ਸਕਦੇ। ਜਿਵੇਂ ਵਰਿਆਮ ਸਿੰਘ ਸੰਧੂ ਤੇ ਮੈਂ ਚੋਟੀ ਦੇ ਖਿਡਾਰੀ ਬਣਨ ਦੀ ਪਰਬਲ ਰੀਝ ਰੱਖਦੇ ਹੋਏ ਵੀ ਨਾ ਬਣ ਸਕੇ, ਪਰ ਉਸੇ ਰੀਝ ਨੇ ਸਾਨੂੰ ਸ਼ਬਦਾਂ ਦੇ ਖਿਡਾਰੀ ਬਣਾ ਦਿੱਤਾ। ਇਵੇਂ ਹੀ ਗੁਰਭਜਨ ਗਿੱਲ ਨੇ ਖੁਦ ਖਿਡਾਰੀ ਬਣਨ ਤੇ ਕਬੱਡੀਆਂ ਪਾਉਣ ਦੀ ਥਾਂ ਖੇਡਾਂ ਦੇ ਗੀਤ ਲਿਖੇ ਤੇ ਰਿਕਾਰਡ ਕਰਵਾਏ:
ਖੇਡਣ ਦੇ ਦਿਨ ਚਾਰ ਦੋਸਤੋ,
ਖੇਡਣ ਦੇ ਦਿਨ ਚਾਰ।
ਵਿਚ ਮੈਦਾਨੇ ਜੋ ਨਾ ਨਿੱਤਰੇ,
ਉਹ ਧਰਤੀ ‘ਤੇ ਭਾਰ
ਦੋਸਤੋ! ਖੇਡਣ ਦੇ ਦਿਨ ਚਾਰ।

ਧਰਤੀ ਦੇਸ ਪੰਜਾਬ ਦੀ
ਜਿਥੇ ਪੰਜ ਦਰਿਆ ਦੇ ਹਾਣੀ।
ਸਿੰਜਦੇ ਮਾਲਵਾ, ਮਾਝਾ
ਦੇਂਦੇ ਦੋਆਬੇ ਨੂੰ ਪਾਣੀ।
ਹਰੀਆਂ ਭਰੀਆਂ ਫਸਲਾਂ ਸਦਕਾ,
ਜੱਗ `ਤੇ ਤੁਰੀ ਕਹਾਣੀ।
ਵਿਗਿਆਨੀ, ਕਿਰਸਾਨਾਂ ਰਲ ਕੇ
ਅੰਨ ਦੇ ਭਰੇ ਭੰਡਾਰ।
ਦੋਸਤੋ! ਖੇਡਣ ਦੇ ਦਿਨ ਚਾਰ।

ਕਿੱਕਰ ਸਿੰਘ ਗਾਮੇ ਤੇ ਦਾਰੇ,
ਪਹਿਲਵਾਨ ਕਰਤਾਰਾਂ।
ਕੁੱਲ ਦੁਨੀਆਂ ਤੇ ਝੰਡੀ ਕੀਤੀ,
ਕਦੇ ਨਾ ਮੰਨੀਆਂ ਹਾਰਾਂ।
ਪਿਰਥੀਪਾਲ, ਸੁਰਜੀਤ ਦੇ ਮਗਰੋਂ
ਪਰਗਟ ਸਿੰਘ ਦੇ ਯਾਰਾਂ।
ਰਮਨਦੀਪ ਦੇ ਸਾਥੀ ਬਣ ਗਏ
ਹਾਕੀ ਵਿਚ ਸਰਦਾਰ।
ਵੀਰਿਓ! ਖੇਡਣ ਦੇ ਦਿਨ ਚਾਰ।

ਰੱਸਾ ਖਿੱਚਦੇ ਬਾਬੇ,
ਖੇਡਣ ਮੁੰਡੇ ਕੌਡ-ਕਬੱਡੀ।
ਸਭ ਧਰਮਾਂ ਦਾ ਸਾਂਝਾ ਮੁੜ੍ਹਕਾ,
ਊਚ ਨੀਚ ਸਭ ਛੱਡੀ।
ਮਿਲਖਾ ਸਿੰਘ ਜਿਹੇ ਉਡਣ-ਖਟੋਲੇ
ਮਾਰ ਮਾਰਦੇ ਵੱਡੀ।
ਚਲੋ ਅਖਾੜੇ ਦੇ ਵਿਚ ਚੱਲੀਏ,
ਕੱਲ੍ਹ ਦਾ ਨਹੀਂ ਇਤਬਾਰ।
ਵੀਰਿਓ! ਖੇਡਣ ਦੇ ਦਿਨ ਚਾਰ।

ਬਾਜ਼ਾਂ ਵਰਗੇ ਗੱਭਰੂ ਵੇਖੋ,
ਮਿਰਗਣੀਆਂ ਮੁਟਿਆਰਾਂ।
ਵਿਚ ਮੈਦਾਨ ਦੇ ਉੱਡਦੀਆਂ ਨੇ
ਅਹੁ ਕੂੰਜਾਂ ਦੀਆਂ ਡਾਰਾਂ।
ਮੇਰੀ ਇਹ ਅਰਦਾਸ ਇਨ੍ਹਾਂ ਨੂੰ
ਕਦੇ ਨਾ ਆਵੇ ਹਾਰ।
ਵੀਰਿਓ! ਖੇਡਣ ਦੇ ਦਿਨ ਚਾਰ…।
ਦਹਿਸ਼ਤੀ ਦੌਰ ਦੀ ਹਨੇਰੀ ‘ਚ ਗੁਰਭਜਨ ਦਾ ਲਿਖਿਆ ਇਹ ਗੀਤ 1986 ‘ਚ ਨਰਿੰਦਰ ਬੀਬਾ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਲਈ ਰਿਕਾਰਡ ਕਰਵਾਇਆ, ਜੋ ਪਿੱਛੋਂ ਉਹਦੇ ਕਾਵਿ ਸੰਗ੍ਰਹਿ ‘ਝਾਂਜਰ’ ਵਿਚ ਛਪਿਆ:
ਖੇਡਾਂ ਖੇਡੋ ਤੇ ਖਿਡਾਓ ਐ ਪੰਜਾਬ ਵਾਸੀਓ!
ਜੜੋ੍ਹਂ ਈਰਖਾ ਮੁਕਾਓ ਐ ਪੰਜਾਬ ਵਾਸੀਓ!
ਖੇਡਾਂ ਖੇਡਣਾ ਖਿਡਾਉਣਾ ਸਾਡਾ ਧਰਮ ਨਿਸ਼ਾਨ।
ਸਾਡੇ ਵਾਸਤੇ ਹੈ ਏਹੀ ਹੁਣ ਦੀਨ ਤੇ ਈਮਾਨ।
ਸਾਰੇ ਰਲ ਮਿਲ ਗਾਓ ਐ ਪੰਜਾਬ ਵਾਸੀਓ!

ਸਾਡੇ ਧਰਮਾਂ ਦੇ ਲੋਕ ਰਲ ਖੇਡਦੇ ਕਬੱਡੀ।
ਕਦੇ ਆਵੇ ਨਾ ਧਿਆਨ ਕਿਹੜੀ ਜਾਤ ਛੋਟੀ ਵੱਡੀ।
ਏਹੀ ਸਬਕ ਪੜ੍ਹਾਓ ਐ ਪੰਜਾਬ ਵਾਸੀਓ!

ਬੈਲਗੱਡੀਆਂ ਦੀ ਦੌੜ ਦਾ ਨਜ਼ਾਰਾ ਵੇਖ ਲਓ।
ਏਕਾ ਬੌਲਦਾਂ ਦਾ ਜਿੱਤਦੈ ਇਸ਼ਾਰਾ ਵੇਖ ਲਓ।
ਪਿਆਰ ਚੇਤਨਾ ਵਧਾਓ ਐ ਪੰਜਾਬ ਵਾਸੀਓ!

ਪਵੇ ਕਿੱਕਲੀ ਤੇ ਗਿੱਧਾ ਬੋਲੀ ਪਾਉਣ ਮੁਟਿਆਰਾਂ।
ਲੱਗੇ ਅੰਬਰਾਂ ਤੋਂ ਲੱਥੀਆਂ ਨੇ ਕੂੰਜਾਂ ਦੀਆਂ ਡਾਰਾਂ।
ਕੂੰਜਾਂ ਅੱਗ ਤੋਂ ਬਚਾਓ ਐ ਪੰਜਾਬ ਵਾਸੀਓ!
ਜੜ੍ਹੋਂ ਈਰਖਾ ਮੁਕਾਓ ਐ ਪੰਜਾਬ ਵਾਸੀਓ!
ਗੁਰਭਜਨ ਗਿੱਲ ਦਾ ਜਨਮ 2 ਮਈ 1953 ਨੂੰ ਜਿਲਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਬਸੰਤ ਕੋਟ ਵਿਖੇ ਪਿਤਾ ਸ. ਹਰਨਾਮ ਸਿੰਘ ਗਿੱਲ ਦੇ ਘਰ ਮਾਤਾ ਤੇਜ ਕੌਰ ਦੀ ਕੁੱਖੋਂ ਹੋਇਆ। ਦੇਸ਼ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਿੰਡ ਨਿੰਦੋਕੇ ਤਹਿਸੀਲ ਨਾਰੋਵਾਲ ਜਿਲਾ ਸਿਆਲਕੋਟ ਵਿਚ ਸੀ। ਵੱਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ ਵੜੈਚ, ਵੱਡੇ ਵੀਰਾਂ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਤੇ ਪ੍ਰੋ. ਸੁਖਵੰਤ ਸਿੰਘ ਗਿੱਲ ਦਾ ਨਿੱਕਾ ਵੀਰ ਗੁਰਭਜਨ ਗਿੱਲ ਸਮਰੱਥ ਤੇ ਕ੍ਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਖੇਤੀ ਵਿਗਿਆਨ ਸਾਹਿਤ ਦਾ ਸੰਪਾਦਕ ਅਤੇ ਖੇਡਾਂ ਦੇ ਖੇਤਰ ਵਿਚ ਬਹੁਤ ਹੀ ਸਰਗਰਮ ਸਭਿਆਚਾਰਕ ਸ਼ਖਸੀਅਤ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿਚ ਉਹ 1980 ਤੋਂ ਲਗਾਤਾਰ ਸਰਗਰਮ ਹੈ। ਇਸ ਅਕਾਦਮੀ ਦਾ ਉਹ 2010 ਤੋਂ 2014 ਤੀਕ ਪ੍ਰਧਾਨ ਰਿਹਾ। ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦਾ 1978 ਤੋਂ ਕਾਰਜਸ਼ੀਲ ਅਹੁਦੇਦਾਰ ਹੈ। ਕਿਲ੍ਹਾ ਰਾਏਪੁਰ, ਗੁੱਜਰਵਾਲ ਤੇ ਕੋਟਲਾ ਸ਼ਾਹੀਆ ਵਿਚ ਹੁੰਦੀਆਂ ਕਮਲਜੀਤ ਖੇਡਾਂ ਦੇ ਪ੍ਰਬੰਧ ‘ਚ ਅਹਿਮ ਭੂਮਿਕਾ ਨਿਭਾਉਂਦਾ ਆ ਰਿਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ 30 ਅਪਰੈਲ 1983 ਤੋਂ 31 ਮਈ 2013 ਤਕ ਸੀਨੀਅਰ ਸੰਪਾਦਕ ਰਿਹਾ। ਪਹਿਲਾਂ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ, ਫਿਰ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਓਂ ਵਿਚ 6 ਸਾਲ ਤੋਂ ਵੱਧ ਸਮਾਂ ਪੜ੍ਹਾਇਆ। ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸੇਵਾਮੁਕਤ ਹੋ ਕੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ ਵੀ ਕੁਝ ਸਮਾਂ ਡਾਇਰੈਕਟਰ ਯੋਜਨਾ ਤੇ ਵਿਕਾਸ ਰਿਹਾ। ਉਸ ਦੀਆਂ ਡੇਢ ਦਰਜਨ ਪੁਸਤਕਾਂ ਵਿਚ ਗਜ਼ਲਾਂ, ਗੀਤ, ਰੁਬਾਈਆਂ ਤੇ ਨਜ਼ਮਾਂ ਦੇ ਸੰਗ੍ਰਹਿ ਹਨ, ਜਿਨ੍ਹਾਂ ਦੇ ਨਾਂ ਹਨ: ਸ਼ੀਸ਼ਾ ਝੂਠ ਬੋਲਦਾ ਹੈ, ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲਾਂ), ਸੁਰਖ ਸਮੁੰਦਰ, ਦੋ ਹਰਫ ਰਸੀਦੀ (ਗਜ਼ਲਾਂ), ਅਗਨ ਕਥਾ, ਮਨ ਦੇ ਬੂਹੇ ਬਾਰੀਆਂ (ਗਜ਼ਲਾਂ), ਧਰਤੀ ਨਾਦ, ਖੈਰ ਪੰਜਾਂ ਪਾਣੀਆਂ ਦੀ (ਹਿੰਦ-ਪਾਕਿ ਰਿਸ਼ਤਿਆਂ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ, ਮੋਰਪੰਖ (ਗਜ਼ਲਾਂ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਰਹੱਦੀ ਵੱਲੋਂ ਸੰਪਾਦਿਤ ਚੋਣਵੀਆਂ ਗਜ਼ਲਾਂ), ਗੁਲਨਾਰ (ਗਜ਼ਲਾਂ) ਤੇ ਮਿਰਗਾਵਲੀ। ਪੱਤੇ ਪੱਤੇ ਲਿਖੀ ਇਬਾਰਤ (ਕੁਦਰਤ ਬਾਰੇ 103 ਰੁਬਾਈਆਂ) ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿੱਤਰਾਂ ਸਮੇਤ ਕੌਫੀ ਟੇਬਲ ਕਿਤਾਬ ਹੈ।
ਵਾਤਾਵਰਣ ਬਾਰੇ ਇਕਲੌਤੀ ਵਾਰਤਕ ਪੁਸਤਕ: ਕੈਮਰੇ ਦੀ ਅੱਖ ਬੋਲਦੀ 1999 ‘ਚ ਛਪੀ ਸੀ, ਜੋ ਪਹਿਲਾਂ ਰੋਜ਼ਾਨਾ ਅਖਬਾਰ ਅਜੀਤ ‘ਚ ਲਗਾਤਾਰ ਤਿੰਨ ਸਾਲ ਛਪੇ ਲੇਖਾਂ ਤੇ ਤੇਜਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿੱਤਰਾਂ ਨਾਲ ਸੁਸੱਜਿਤ ਹੈ। ਅੱਜ ਕੱਲ੍ਹ ਉਹ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਬੱਸੀਆਂ ਅਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਦਾ ਵੀ ਚੇਅਰਮੈਨ ਹੈ। ਉਹ ਚਾਰ ਪੰਜ ਦਹਾਕਿਆਂ ਤੋਂ ਪਰਿਵਾਰ ਸਮੇਤ 113 ਐੱਫ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣੇ ਰਹਿ ਰਿਹੈ।
‘ਛੱਟਾ ਚਾਨਣਾਂ ਦਾ ਦੇਈ ਜਾਣਾ ਹੋ’ ਗੀਤ ਗਾਉਣ ਵਾਲੇ ਸੁਰਿੰਦਰ ਗਿੱਲ ਨੇ ਗੁਰਭਜਨ ਦੇ ਗੀਤ ਸੰਗ੍ਰਹਿ ‘ਝਾਂਜਰ’ ਦੇ ਸਰਵਰਕ ਉਤੇ ਲਿਖਿਆ ਹੈ: ਬਸੰਤ ਕੋਟ ਲਾਗੇ ਧਿਆਨਪੁਰ ਤੋਂ ਸਕੂਲ ਦੀ ਪੜ੍ਹਾਈ ਕਰ ਕੇ ਉਹ ਗੁਰੂ ਨਾਨਕ ਕਾਲਜ, ਕਾਲਾ ਅਫਗਾਨਾ ਵਿਚ ਦਾਖਲ ਹੋ ਕੇ ਮੇਰੇ ਸੰਪਰਕ ਵਿਚ ਆਇਆ ਅਤੇ 1971 ਵਿਚ ਲੁਧਿਆਣੇ ਦੇ ਜੀ. ਜੀ. ਐਨ. ਕਾਲਜ ਵਿਚ ਪੜ੍ਹਨ ਲੱਗ ਪਿਆ। ਇਥੇ ਉਸ ਨੂੰ ਮੇਰੇ ਮਿੱਤਰ ਐਸ. ਪੀ. ਸਿੰਘ ਨੇ ਉਂਗਲੀ ਫੜ ਕੇ ਸਾਹਿਤਕ ਮਾਰਗ `ਤੇ ਤੋਰਿਆ…। ਗੀਤ ਉਹਦੇ ਸਾਹਾਂ, ਸੁਆਸਾਂ ਵਿਚ ਬਚਪਨ ਤੋਂ ਹੀ ਗੁੜ੍ਹਤੀ ਵਾਂਗ ਘੁਲੇ-ਮਿਲੇ ਹਨ। ਗੁਰਭਜਨ ਗਿੱਲ ਇਕ ਸੁਹਿਰਦ ਤੇ ਸਮਰੱਥਾਵਾਨ ਸ਼ਾਇਰ ਹੈ। ਸ਼ਾਇਰੀ ਉਹਦੇ ਲਈ ਗੁਆਚੇ ਆਪੇ ਦੀ ਪਛਾਣ ਹੈ। ਇਹ ਪਿੰਡ ਦੀ ਸਾਦੀ ਮੋਹਵੰਤੀ ਰਹਿਣੀ-ਬਹਿਣੀ ਦੇ ਹੇਰਵੇ ਅਤੇ ਸਮਾਜਿਕ ਅਨਿਆਂ ਦੇ ਖਿਲਾਫ ਵਜਾਇਆ ਬਿਗਲ ਹੈ, ਜਬਰ ਜ਼ੁਲਮ ਦੇ ਵਿਰੁੱਧ ਰੋਹ ਤੇ ਵਿਦਰੋਹ ਦੀ ਪੁਕਾਰ ਹੈ। ਦੁੱਲੇ ਦੀ ਵੰਗਾਰ ਹੈ। ਉਹਦੇ ਗੀਤਾਂ ਦਾ ਸਭਿਆਚਾਰ ਪ੍ਰਚਲਿਤ ਗੀਤਾਂ ਨਾਲੋਂ ਵੱਖਰਾ ਅਤੇ ਬਦਲਵਾਂ ਸਭਿਆਚਾਰ ਪੇਸ਼ ਕਰਦਾ ਹੈ। ਤੁਸੀਂ ਉਹਦੇ ਗੀਤਾਂ ਦੇ ਅੰਗ-ਸੰਗ ਤੁਰੋ, ਤੁਹਾਨੂੰ ਇਸ ਗੱਲ ਦੀ ਗਵਾਹੀ ਮਿਲੇਗੀ ਕਿ ਪੰਜਾਬੀ ਕਵਿਤਾ ਵਿਚ ਸਰੋਦੀ ਗੀਤ ਹਾਲੇ ਜਿਉਂਦਾ ਹੈ।
ਪਿ੍ਰੰ. ਬਲਕਾਰ ਸਿੰਘ ਬਾਜਵਾ ਗੁਰਭਜਨ ਦੀ ਭੂਆ ਦਾ ਪੁੱਤ ਹੈ। ਉਹਦੇ ਦੱਸਣ ਅਨੁਸਾਰ ਜਦੋਂ ਉਹਨੇ ਨਾਨਕੀਂ ਨਿੰਦੋਕੇ ਜਾਣਾ ਤਾਂ ਆਪਣੇ ਮਾਮੇ ਹਰਨਾਮ ਸਿੰਘ ਨੂੰ ਪੱਥਰਾਂ, ਬੋਰੀਆਂ, ਅਹਿਰਨਾਂ ਤੇ ਸੁਹਾਗੇ ਦੇ ਬਾਲੇ ਕੱਢਦਿਆਂ ਵੇਖਣਾ। ਹਰਨਾਮ ਸਿੰਘ ਲੰਮੀਆਂ ਵਾਟਾਂ ਦੇ ਰਾਹੀ ਸਨ। ਪੰਜਾਹ ਮੀਲ ਪੈਂਡਾ ਤਾਂ ਲੱਤਾਂ ਹਿਲਾਉਣ ਲਈ ਹੀ ਮਾਰ ਲੈਂਦੇ ਸਨ। ਉਨ੍ਹਾਂ ਨਿੰਦੋਕੇ ਤੋਂ ਉਜੜ ਕੇ ਬਸੰਤ ਕੋਟ ਡੇਰਾ ਲਾਇਆ ਤਾਂ ਸਭ ਤੋਂ ਛੋਟੇ ਪੁੱਤਰ ਗੁਰਭਜਨ ਨੂੰ ਪਹਿਲਵਾਨ ਬਣਾਉਣ ਦੀ ਠਾਣੀ। ਦੁੱਧ ਘਿਉ ਤੇ ਖੋਏ ਪੰਜੀਰੀਆਂ ਦੀ ਬਰਕਤ ਨਾਲ ਲਾਡਲਾ ਪੁੱਤ ਨਿਸਰਿਆ ਵੀ ਖੂਬ। ਬਾਪ ਦੀ ਰੀਝ ਸੀ ਕਿ ਇਲਾਕੇ ਦਾ ਨਾਮਵਰ ਪਹਿਲਵਾਨ ਬਣੇ, ਪਰ ਉਹ ਬਚਪਨ ਦੀਆਂ ਖੇਡਾਂ ਖੇਡਣ, ਅਹਿਰਨਾਂ ਦੇ ਬਾਲੇ ਕੱਢਣ ਤੇ ਪੇਂਡੂ ਖੇਡ ਮੇਲਿਆਂ ਵਿਚ ਕਬੱਡੀਆਂ ਪਾਉਣ ਤੋਂ ਅੱਗੇ ਨਾ ਤੁਰਿਆ। ਸੁਰਜੀਤ ਰੰਧਾਵਾ ਵੀ ਉਸ ਨੂੰ ਹਾਕੀ ਵਿਚ ਅੱਗੇ ਨਾ ਤੋਰ ਸਕਿਆ। ਆਖਰ ਉਹ ਸ਼ਬਦਾਂ ਦਾ ਖਿਡਾਰੀ ਬਣ ਗਿਆ। ਪੇਸ਼ ਹਨ ਉਹਦੀਆਂ ਖੇਡ ਲਿਖਤਾਂ ਦੇ ਕੁਝ ਨਮੂਨੇ:
ਪੰਜਾਬ ਦੇ ਪੇਂਡੂ ਖੇਡ ਮੇਲੇ
ਪੰਜਾਬੀ ਜਿ਼ੰਦਗੀ ਦਾ ਆਧਾਰ ਪਿੰਡ ਹਨ। ਪਿੰਡ ਇਕਾਈ ਹੈ ਪੰਜਾਬੀ ਸਭਿਆਚਾਰ ਦੀ। ਪਿੰਡ ਦੀ ਲਾਜ, ਪਿੰਡ ਦੀ ਪੱਤ, ਪਿੰਡ ਦਾ ਸੁਆਲ ਵਾਰ ਵਾਰ ਸੁਣਨ ਨੂੰ ਮਿਲਦੇ ਹਨ। ਵਿਅਕਤੀ ਜਦੋਂ ਜੰਗਲ ‘ਚੋਂ ਤਹਿਜ਼ੀਬ ਵੱਲ ਪਰਤਿਆ ਤਾਂ ਉਹਨੇ ਇਕ ਦੂਜੇ ਦੇ ਡਰੋਂ, ਇਕ ਦੂਜੇ ਦਾ ਆਸਰਾ ਲੱਭ ਕੇ ਪਿੰਡ ਵਸਾਏ ਹੋਣਗੇ। ਪੇਂਡੂ ਜਿ਼ੰਦਗੀ ਦਾ ਆਧਾਰ ਹੀ ਇਕ ਦੂਜੇ ਉਤੇ ਨਿਰਭਰਤਾ, ਇਕ ਦੂਜੇ ਦਾ ਆਸਰਾ ਅਤੇ ਇਕ ਦੂਜੇ ਨਾਲ ਸਹਿਯੋਗ ਦੀ ਭਵਨਾ ਹੈ।
ਧਰਤੀ ਮਾਂ ਹੈ। ਕਿਸਾਨ ਇਸ ਦਾ ਪੁੱਤਰ ਹੈ। ਇਨ੍ਹਾਂ ਮਾਂ-ਪੁੱਤਰਾਂ ਦਾ ਰਿਸ਼ਤਾ ਪਿੰਡ ‘ਚ ਏਨਾ ਪਵਿੱਤਰ ਹੈ ਕਿ ਸ਼ਹਿਰ ਇਸ ਦੇ ਨੇੜੇ-ਤੇੜੇ ਨਹੀਂ ਖਲੋ ਸਕਦੇ। ਆਪਣੀ ਸੁਰੱਖਿਆ ਅਤੇ ਬਾਹੂਬਲ ਪਰਖਦੇ ਰਹਿਣ ਦੀ ਭਾਵਨਾ ਨੇ ਹੀ ਇਸ ਧਰਤੀ ਪੁੱਤਰ ਨੂੰ ਅਖਾੜੇ ਬਖਸ਼ੇ ਹਨ। ਇਨ੍ਹਾਂ ਅਖਾੜਿਆਂ ਵਿਚ ਕੁਸ਼ਤੀਆਂ, ਵੀਣੀ ਫੜਨਾ, ਬੋਰੀ ਚੁੱਕਣਾ, ਲੱਠ ਚੁੱਕਣਾ ਅਤੇ ਮੁਗਦਰ ਚੁੱਕਣ ਤੇ ਮੂੰਗਲੀਆਂ ਫੇਰਨ ਵਰਗੇ ਵਿਅਕਤੀਗਤ ਮੁਕਾਬਲੇ ਸਮੂਹ ਖੇਡ ਮੁਕਾਬਲੇ ਬਣ ਗਏ। ਵੇਖਵੇ-ਵੇਖਦੇ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਬਣ ਗਈ। ਅੱਜ ਕਿਹੜਾ ਪਿੰਡ ਹੈ, ਜਿਥੇ ਕਬੱਡੀ ਨਾ ਖੇਡੀ ਜਾਂਦੀ ਹੋਵੇ।
ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸਮਾਨੀ ਵਰਜਿਸ਼ ਨਾਲ ਸਰੀਰਕ ਬਲ ਨੂੰ ਮਜ਼ਬੂਤ ਕਰਨ ਦੇ ਆਸ਼ੇ ਨਾਲ ‘ਮੱਲ ਯੁੱਧ’ ਭਾਵ ਕੁਸ਼ਤੀਆਂ ਦੇ ਅਖਾੜੇ ਅਰੰਭੇ। ਗੁਰੂ ਸਾਹਿਬਾਨ ਦੀ ਪ੍ਰੇਰਨਾ ਦੇ ਫਲਸਰੂਪ ਖੇਡਾਂ ਪੰਜਾਬੀ ਜਨ-ਜੀਵਨ ਦਾ ਮਾਣ-ਮੱਤਾ ਚਿੰਨ੍ਹ ਬਣ ਗਈਆਂ। ਜੇਤੂ ਪਹਿਲਵਾਨਾਂ ਨੂੰ ਇਨਾਮ ਸਨਮਾਨ ਬਖਸ਼ੇ ਜਾਂਦੇ। ਪਿੰਡ ਵਾਲੇ ਆਪਣੇ ਪਿੰਡ ਦੇ ਪਹਿਲਵਾਨ ਲਈ ਖੁਰਾਕ `ਕੱਠੀ ਕਰਦੇ। ਹੋਣਹਾਰ ਪਹਿਲਵਾਨ ਆਪਣੇ ਘਰ ਦਾ ਹੀ ਨਹੀਂ, ਪੂਰੇ ਪਿੰਡ ਦਾ ਪੁੱਤਰ ਸਮਝਿਆ ਜਾਂਦਾ। ਸਾਧਾਂ ਦੇ ਡੇਰਿਆਂ ਤੇ ਪੀਰਾਂ ਦੀਆਂ ਮਜ਼ਾਰਾਂ `ਤੇ ਲੱਗਦੇ ਮੇਲੇ ਇਨ੍ਹਾਂ ਪਹਿਲਵਾਨਾਂ ਲਈ ਜ਼ੋਰ ਅਜ਼ਮਾਈ ਦਾ ਵਸੀਲਾ ਬਣਦੇ।
ਪੰਜਾਬ ਦੇ ਨਿਰਛਲ, ਨਿਰਕਪਟ ਤੇ ਨਿਰਮਲ ਪੁੱਤਰਾਂ ਨੂੰ ਜੇ ਨਿਖੇੜ ਕੇ ਵੇਖਣਾ ਤਾਂ ਖੇਡ ਅਖਾੜਿਆਂ ਵਿਚ ਹੀ ਵੇਖਿਆ ਜਾ ਸਕਦਾ ਹੈ। 1933 ਤੋਂ ਲੁਧਿਆਣੇ ਜਿਲੇ ਦੇ ਪਿੰਡ ਕਿਲਾ ਰਾਏਪੁਰ ਨੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਝੰਡੇ ਹੇਠ ਜਦੋਂ ਪਹਿਲੀ ਵਾਰ ਖੇਡਾਂ ਕਰਵਾਉਣ ਦਾ ਸੁਪਨਾ ਲਿਆ ਹੋਵੇਗਾ ਤਾਂ ਕਿਸੇ ਨੂੰ ਪਤਾ ਨਹੀਂ ਹੋਣਾ ਕਿ ਇਹ ‘ਖੇਲ੍ਹਾਂ’ ਖੇਡ ਲਹਿਰ ਦਾ ਰੂਪ ਧਾਰ ਲੈਣਗੀਆਂ। ਅੱਜ ਪੰਜਾਬ ਦੇ ਅੱਧੇ ਪਿੰਡਾਂ ਵਿਚ ਪੇਂਡੂ ਖੇਡ ਮੇਲੇ ਹੁੰਦੇ ਹਨ। ਪਿੰਡਾਂ ਦੀ ਨੁਹਾਰ ਬਦਲਣ ਵਿਚ ਪੇਂਡੂ ਖੇਡ ਮੇਲਿਆਂ ਦਾ ਵਡਮੁੱਲਾ ਯੋਗਦਾਨ ਹੈ।
ਪੰਜਾਬ ਦੇ ਤੇਰਾਂ ਹਜ਼ਾਰ ਤੋਂ ਵੱਧ ਪਿੰਡਾਂ ਦੀ ਸ਼ਕਤੀ ਨੂੰ ਨਿਸ਼ਚਿਤ ਦਿਸ਼ਾ ਵਿਚ ਖੇਡ-ਸਭਿਆਚਾਰ ਅਧੀਨ ਵਿਕਸਿਤ ਕਰਨ ਲਈ ਮੁੜ ਬਲਾਕ ਪੱਧਰ ਦੇ ਖੇਡ ਮੁਕਾਬਲੇ ਵਿਓਂਤਣ ਦੀ ਸਰਕਾਰੀ ਪੱਧਰ ‘ਤੇ ਜ਼ਰੂਰਤ ਹੈ। ਖੇਡ ਕਲੱਬਾਂ ਦਾ ਭਰਪੂਰ ਸਹਿਯੋਗ ਲਿਆ ਜਾ ਸਕਦਾ ਹੈ। ਪੰਜਾਬ ਰਾਜ ਪੇਂਡੂ ਖੇਡ ਪ੍ਰਮੋਸ਼ਨ ਕੌਂਸਲ ਇਸ ਕਾਰਜ ਵਿਚ ਵੱਡੀ ਧਿਰ ਬਣ ਸਕਦੀ ਹੈ। ਸਾਫ ਨੀਅਤ ਤੇ ਸਪੱਸ਼ਟ ਨੀਤੀ ਨਾਲ, ਪੇਂਡੂ ਖੇਡ ਮੇਲਿਆਂ ਦੀ ਸ਼ਕਤੀ ਨਾਲ ਪੰਜਾਬ ਦਾ ਸ਼ਕਤੀਸ਼ਾਲੀ ਖੇਡ ਸਭਿਆਚਾਰ ਉਸਰ ਸਕਦਾ ਹੈ ਅਤੇ ਪੰਜਾਬੀਆਂ ਦੇ ਬਾਹੂਬਲ ਨੂੰ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਪਛਾਣ ਦਿਵਾਈ ਜਾ ਸਕਦੀ ਹੈ।
ਗੁਰਭਜਨ ਗਿੱਲ ਸਹੁਰੇ ਪਿੰਡ ਕਿਲਾ ਰਾਏਪੁਰ, ਗੁੱਜਰਵਾਲ, ਲਲਤੋਂ, ਧਮੋਟ ਆਦਿ ਦੇ ਪੇਂਡੂ ਖੇਡ ਮੇਲਿਆਂ ਨਾਲ ਪ੍ਰਬੰਧਕ ਦੇ ਤੌਰ ‘ਤੇ ਜੁੜਿਆ ਆ ਰਿਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਪ੍ਰਿਥੀਪਾਲ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ ਵਿਚ ਹੱਥ ਵਟਾਉਂਦਾ ਰਿਹੈ। ਵੀਹ ਸਾਲਾਂ ਤੋਂ ਮਾਝੇ ਦੀਆਂ ਮਸ਼ਹੂਰ ‘ਕੋਟਲਾ ਸ਼ਾਹੀਆਂ ਦੀਆਂ ਖੇਡਾਂ’ ਕਰਾਉਣ ਵਿਚ ਖੇਡ ਪ੍ਰੋਮੋਟਰ ਪ੍ਰਿਥੀਪਾਲ ਸਿੰਘ ਦੇ ਅੰਗ-ਸੰਗ ਹੈ। ਇਨ੍ਹਾਂ ਖੇਡਾਂ ਵਿਚ ਪੰਜਾਬ ਦੇ ਹੋਣਹਾਰ ਖਿਡਾਰੀਆਂ ਤੇ ਖੇਡ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਪੰਜਾਬੀ ਦੀਆਂ ਖੇਡ ਪੁਸਤਕਾਂ ਖਿਡਾਰੀਆਂ ਨੂੰ ਇਨਾਮ ਵਜੋਂ ਵੰਡੀਆਂ ਜਾਂਦੀਆਂ ਹਨ। ਗੁਰਭਜਨ ਸਿੰਘ ਨੇ ਦਰਜਨ ਤੋਂ ਵੱਧ ਉੱਘੇ ਖਿਡਾਰੀਆਂ ਦੇ ਰੇਖਾ ਚਿੱਤਰ ਰੂਹ ਨਾਲ ਉਲੀਕੇ ਹਨ, ਜਿਨ੍ਹਾਂ ‘ਚ ਉਸ ਦੇ ਨੇੜਲੇ ਮਿੱਤਰ ਸਵਰਗੀ ਸੁਰਜੀਤ ਸਿੰਘ ਦਾ ਸ਼ਬਦ ਚਿੱਤਰ ਵੀ ਹੈ। ਪੇਸ਼ ਹੈ, ਲੰਮੇ ਸ਼ਬਦ ਚਿੱਤਰ ਦਾ ਆਖਰੀ ਭਾਗ:
ਹਾਕੀ ਦਾ ਫੁੱਲਬੈਕ ਸੁਰਜੀਤ ਰੰਧਾਵਾ
ਮੇਰਾ ਸੁਭਾਗ ਹੈ ਕਿ ਲੁਧਿਆਣੇ ਰਹਿਣ ਕਰਕੇ ਮੈਂ ਹਾਕੀ ਉਲੰਪੀਅਨ ਪ੍ਰਿਥੀਪਾਲ ਸਿੰਘ ਤੇ ਸੁਰਜੀਤ ਸਿੰਘ ਰੰਧਾਵਾ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਨੇੜਿਓਂ ਜਾਣਿਆ ਤੇ ਮਾਣਿਆ ਹੈ। 1982 ਦੀਆਂ ਏਸਿ਼ਆਈ ਖੇਡਾਂ ਮੌਕੇ ਪ੍ਰਿਥੀਪਾਲ ਸਿੰਘ ਵੀ ਭਾਰਤੀ ਉਲੰਪਿਕ ਸੰਘ ਨਾਲ ਗੁੱਸੇ ਸੀ ਤੇ ਸੁਰਜੀਤ ਵੀ। ਪ੍ਰਿਥੀਪਾਲ ਨੂੰ ਉਸ ਦਾ ਸਮਕਾਲੀ ਪਾਕਿਸਤਾਨੀ ਖਿਡਾਰੀ ਗੁਲਾਮ ਰਸੂਲ ਨਵੀਂ ਦਿੱਲੀ ‘ਚ ਉਡੀਕਦਾ ਰਿਹਾ, ਪਰ ਪ੍ਰਿਥੀਪਾਲ ਉਥੇ ਨਹੀਂ ਗਿਆ। ਗੁਲਾਮ ਰਸੂਲ ਪਾਕਿਸਤਾਨ ਪਰਤਦਿਆਂ ਪ੍ਰਿਥੀਪਾਲ ਨੂੰ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਵਿਚ ਮਿਲ ਕੇ ਗਿਆ। ਮੈਨੂੰ ਸੁਰਜੀਤ ਤੇ ਪ੍ਰਿਥੀਪਾਲ ਵਿਚਕਾਰ ਸਾਂਝੀ ਤੰਦ ਉਹ ਹਾਵ-ਭਾਵ ਅਤੇ ਜਜ਼ਬਾਤ ਦਿਸਦੇ ਹਨ, ਜਿਨ੍ਹਾਂ ਕਾਰਨ ਉਹ ਸਮੇਂ ਦੀ ਖੁਦਗਰਜ ਮੁੱਖ ਧਾਰਾ ਨਾਲ ਤੁਰਨੋਂ ਅਸਮਰੱਥ ਰਹੇ। ਦੋਵੇਂ ਕਿਸੇ ਦੀ ਟੈਂਅ ਨਹੀਂ ਸਨ ਮੰਨਦੇ। ਬਿਲਕੁਲ ਪ੍ਰੋ. ਪੂਰਨ ਸਿੰਘ ਦੀ ਕਵਿਤਾ ਦੇ ਨਾਇਕ ਪੰਜਾਬ ਦੇ ਜੁਆਨਾਂ ਵਾਂਗ ਬਿਊਨਿਸ ਏਅਰਜ਼ ਵਰਲਡ ਕੱਪ ਦੀ ਤਿਆਰੀ ਵੇਲੇ ਉਹ ਬਲਦੇਵ ਅਤੇ ਵਰਿੰਦਰ ਸਮੇਤ ਐਨ. ਆਈ. ਐਸ. ਪਟਿਆਲਾ ਵਿਚ ਲੱਗਿਆ ਕੈਂਪ ਛੱਡ ਕੇ ਘਰੋ ਘਰੀਂ ਆ ਗਏ। ਪੂਰੇ ਹਾਕੀ ਜਗਤ ਵਿਚ ਤਹਿਲਕਾ ਮੱਚ ਗਿਆ। ਖੇਡ ਪ੍ਰੇਮੀ ਪ੍ਰੇਸ਼ਾਨ ਸਨ ਕਿ ਭਾਰਤ ਹੁਣ ਕੀ ਕਰੇਗਾ? ਹਾਕੀ ਟੀਮ ਦੇ ਇਕ ਚੋਣਕਾਰ ਨੇ ਪੰਜਾਬ ਦੇ ਖਿਲਾਫ ਕੋਈ ਬੇਹੂਦਾ ਗੱਲ ਆਖੀ ਸੀ, ਜੋ ਸੁਰਜੀਤ ਨੂੰ ਨਾਖੁਸ਼ਗਵਾਰ ਗੁਜ਼ਰੀ। ਉਸ ਨੇ ਰੋਸ ਵਜੋਂ ਸਾਰਾ ਕੁਝ ਕਹਿ ਸੁਣਾਇਆ, ਜੋ ਅਣਖੀਲੇ ਪੰਜਾਬੀ ਵੱਲੋਂ ਕਹਿਣਾ ਬਣਦਾ ਸੀ। ਮਸਲੇ ਨੂੰ ਸੁਲਝਾਉਣ ਵਾਲਿਆਂ ਨੇ ਵਰਿੰਦਰ ਅਤੇ ਬਲਦੇਵ ਨੂੰ ਤਾਂ ਟੀਮ ਵਿਚ ਵਾਪਸ ਲੈ ਲਿਆ, ਪਰ ਸੁਰਜੀਤ ਨੂੰ ਨਾ ਲਿਆ। ਭਾਰਤੀ ਟੀਮ ਬੁਰੀ ਤਰ੍ਹਾਂ ਹਾਰੀ। ਇਸ ਨਮੋਸ਼ੀ ਭਰੀ ਹਾਰ ਦੀ ਰੇਡੀਓ ਕੁਮੈਂਟਰੀ ਸੁਰਜੀਤ ਦੇ ਕੋਲ ਬੈਠ ਕੇ ਸੁਣਨ ਦਾ ਮੈਨੂੰ ਵੀ ਮੌਕਾ ਮਿਲਿਆ।ਰੇਡੀਓ ਕੁਮੈਂਟੇਟਰ ਜਸਦੇਵ ਸਿੰਘ ਵਾਰ-ਵਾਰ ਸੁਰਜੀਤ ਨੂੰ ਚੇਤੇ ਕਰ ਰਿਹਾ ਸੀ, ਪਰ ਲੁਧਿਆਣੇ ਬੈਠਾ ਸੁਰਜੀਤ ਕੇਵਲ ਕਚੀਚੀਆਂ ਵੱਟ ਰਿਹਾ ਸੀ। 1978 ਦੀਆਂ ਬੈਂਕਾਕ ਏਸ਼ੀਆਈ ਖੇਡਾਂ ਵਿਚ ਸੁਰਜੀਤ ਦੀ ਭਾਰਤੀ ਹਾਕੀ ਟੀਮ ਵਿਚ ਮੁੜ ਵਾਪਸੀ ਹੋਈ। ਜਦੋਂ ਉਹ ਪਾਕਿਸਤਾਨ ਖਿਲਾਫ ਫਾਈਨਲ ਮੈਚ ਖੇਡ ਰਿਹਾ ਸੀ ਤਾਂ ਕੁਮੈਂਟਰੀ ਕਰਨ ਵਾਲੇ ਕਹਿ ਰਹੇ ਸਨ, ਇਕ ਪਾਸੇ ਪੂਰੀ ਪਾਕਿਸਤਾਨੀ ਟੀਮ ਹੈ ਤੇ ਦੂਜੇ ਪਾਸੇ ‘ਕੱਲਾ ਸੁਰਜੀਤ ਹੀ ਪਾਕਿਸਤਾਨੀ ਟੀਮ ਨੂੰ ਡੱਕੀ ਖੜ੍ਹਾ ਹੈ!
1984 ਦੀ ਉਹ ਮਨਹੂਸ ਸਵੇਰ ਹੁਣ ਵੀ ਮੇਰੀ ਰੀੜ੍ਹ ਦੀ ਹੱਡੀ ਵਿਚ ਕਾਂਬਾ ਛੇੜ ਜਾਂਦੀ ਹੈ, ਜਦ ਦੂਰਦਰਸ਼ਨ ਦੇ ਚੀਫ ਨਿਊਜ਼ ਐਡੀਟਰ ਜਗਦੀਸ਼ ਚੰਦਰ ਵੈਦਿਆ ਨੇ ਇਹ ਮੰਦੀ ਖਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਵਿਖੇ ਆ ਸੁਣਾਈ ਕਿ ਅੱਜ ਸਵੇਰੇ ਸੁਰਜੀਤ ਨਹੀਂ ਰਿਹਾ। ਕਾਰ ਹਾਦਸਾ ਮਾਰੂ ਸਾਬਤ ਹੋਇਆ। ਉਹਦਾ ਸਾਥੋਂ ਏਨੀ ਛੇਤੀ ਵਿਛੜ ਜਾਣਾ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ। ਸੁਰਜੀਤ ਨੂੰ ਚੇਤੇ ਕਰਦਿਆਂ ਅੱਜ ਵੀ ਮੇਰੀਆਂ ਅੱਖਾਂ ਵਿਚ ਅੱਥਰੂ ਹਨ ਅਤੇ ਉਹ ਹਉਕਾ ਵੀ, ਜਿਸ ਨੂੰ ਹੁਣ ਮੈਂ ਇਕੱਲਾ ਹੀ ਮਹਿਸੂਸ ਕਰ ਸਕਦਾ ਹਾਂ, ਕਿਉਂਕਿ ਮੇਰੇ ਨਾਲ ਦਰਦਾਂ ਦੀ ਭਾਈਵਾਲ ਮੇਰੀ ਜੀਵਨ ਸਾਥਣ ਨਿਰਪਜੀਤ ਵੀ 1993 ਵਿਚ ਮੈਨੂੰ ਸਦੀਵੀ ਅਲਵਿਦਾ ਆਖ ਗਈ। ਸੁਰਜੀਤ ਦੇ ਵਿਆਹ ਮੌਕੇ ਉਸ ਵੱਲੋਂ ਗਾਈਆਂ ਘੋੜੀਆਂ ਅਤੇ ਉਸ ਦੀ ਘੋੜੀ ਦੀ ਗੰੁਦੀ ਵਾਗ ਵਾਲੀਆਂ ਤਸਵੀਰਾਂ ਮੈਨੂੰ ਅੱਜ ਵੀ ਉਦਾਸ ਕਰਦੀਆਂ ਹਨ…।