ਸੱਜਣਤਾਈ ਦੀ ਸਰਗਮ

ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਜਿ਼ੰਦਗੀ ਦੇ ਬੋਝੇ ‘ਚ ਹੱਥ ਮਾਰਦਿਆਂ ਹੋਰ ਕਈ ਰੰਗ ਕੱਢੇ ਸਨ, ‘ਜਿ਼ੰਦਗੀ ਦਾ ਬੋਝਾ ਹਰੇਕ ਨੂੰ ਹੀ ਮਿਲਦਾ, ਪਰ ਸਭ ਤੋਂ ਜਰੂਰੀ ਹੁੰਦਾ ਕਿ ਮਨੁੱਖ ਨੂੰ ਉਸ ਬੋਝੇ ਦੀ ਸੋਝੀ ਹੋਵੇ ਕਿ ਇਸ ਵਿਚ ਕੀ ਕੀ ਪਾਉਣਾ?

ਕੀ ਕੀ ਨਕਾਰਨਾ?… ਜਿ਼ੰਦਗੀ ਦੇ ਬੋਝੇ ਵਿਚ ਮਨੁੱਖ ਕੀ ਚੁੱਕੀ ਫਿਰਦਾ, ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ। ਸਮਾਜ ਵਿਚ ਤੁਹਾਡੇ ਬਿੰਬ ਨੇ ਹੀ ਸਭ ਕੁਝ ਬਿਆਨ ਕਰ ਦੇਣਾ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਿਹਾ ਹੈ, ‘ਸੱਜਣਤਾਈ ਦੀ ਸਰਗਮ ਵਿਚ ਖੁਦ ਨੂੰ ਸੁਰਬੱਧ ਕਰਨ ਵਾਲੇ ਅਤੇ ਇਸ ਨੂੰ ਜੀਵਨ-ਨਾਦ ਦਾ ਹਿੱਸਾ ਬਣਾਉਣ ਵਾਲੇ ਸਾਹ-ਸੰਗੀਤਕਤਾ ਦਾ ਸੁੱਚਾ ਨਗਮਾ ਹੁੰਦੇ ਹਨ।…ਕੁਝ ਲੋਕ ਸੱਜਣਤਾਈ ਦਾ ਮਾਣ ਹੁੰਦੇ, ਜਿਨ੍ਹਾਂ ਦੀ ਸੰਗਤ ਵਿਚ ਰੂਹ ਖਿੜ ਜਾਂਦੀ। ਮਸਤਕ ਤੇ ਖੇੜਾ ਫੈਲਦਾ ਅਤੇ ਮੁੱਖੜਾ ਬਣ ਜਾਂਦਾ ਰੂਹਾਨੀਅਤ ਤੇ ਰਵਾਨਗੀ ਦਾ ਮੁਜੱਸਮਾ।’ ਦੁਨੀਆਂਦਾਰੀ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਮੁਤਾਬਕ, ‘ਕੁਝ ਲੋਕ ਆਪਣੇ ਤੋਂ ਆਪਣੇ ਤੀਕ ਦੇ ਪੈਂਡੇ ਦੇ ਰਾਹੀ ਤੇ ਸਿਰਫ ਮੁਖੌਟਿਆਂ ਦਾ ਜੀਵਨ ਜਿਉਂਦੇ, ਜਦੋਂ ਕਿ ਕੁਝ ਲੋਕ ਖਰੇ ਸੋਨੇ ਵਰਗੇ, ਜੋ ਖੁਦ ਨੂੰ ਲੋਕਾਈ ਤੇ ਕਾਇਨਾਤ ਲਈ ਅਰਪਿੱਤ ਕਰਦੇ ਅਤੇ ਚੰਗਿਆਈ ਦਾ ਮੁਜੱਸਮਾ ਬਣ ਲੋਕ ਭਲਿਆਈ ਵਿਚੋਂ ਮਾਨਵਤਾ ਨੂੰ ਭਾਲਦੇ।

ਡਾ. ਗੁਰਬਖਸ਼ ਸਿੰਘ ਭੰਡਾਲ

ਜਿ਼ੰਦਗੀ ਦੇ ਸਫਰ ‘ਚ ਬਹੁਤ ਲੋਕ ਮਿਲਦੇ। ਕੁਝ ਸੱਜਣ ਤੇ ਕੁਝ ਦੁਸ਼ਮਣ, ਕੁਝ ਸੁਹਜਮਈ ਤੇ ਕੁਝ ਕੋਹਝੇ। ਕੁਝ ਸਵਾਰਥੀ ਤੇ ਕੁਝ ਨਿਰ-ਸੁਆਰਥ। ਕੁਝ ਮਨ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਤੇ ਕੁਝ ਸੋਚਾਂ ਵਿਚ ਸੂਲਾਂ ਬੀਜਦੇ।
ਕੁਝ ਲੋਕ ਕਲਮਾਂ, ਕਿਤਾਬਾਂ, ਕੀਰਤੀਆਂ ਤੇ ਕ੍ਰਿਸ਼ਮਿਆਂ ਜਿਹੇ ਅਤੇ ਕੁਝ ਲੋਕ ਕਬਰਾਂ, ਕਾਲਖਾਂ ਤੇ ਕੁਕਰਮਾਂ ਦੀ ਕੁਲਹਿਣੀ ਘੜੀ।
ਕੁਝ ਲੋਕ ਸਫਰ ਵਿਚ ਉਗੀਆਂ ਸੂਲਾਂ ਤੇ ਕੁਝ ਇਸ ਪੀੜਾ ਦੀ ਦਵਾਈ। ਕੁਝ ਲੋਕ ਰਾਹਾਂ ਵਿਚ ਹਨੇਰ ਬੀਜਦੇ ਤੇ ਕੁਝ ਜੀਵਨ-ਰਾਹਾਂ ਵਿਚ ਰੌਸ਼ਨੀ ਤ੍ਰੌਂਕਦੇ।
ਕੁਝ ਲੋਕ ਦੀਦਿਆਂ ਵਿਚ ਜਗਦੇ ਸੁਪਨਿਆਂ ਵਰਗੇ ਤੇ ਕੁਝ ਲੋਕ ਸੁਪਨਿਆਂ ਦੀ ਅੱਖ ਵਿਚ ਲਟਕਦੇ ਹੰਝੂਆਂ ਦੀ ਦਾਸਤਾਨ।
ਕੁਝ ਚੰਗਿਆਈ ਦਾ ਮੁਜੱਸਮਾ ਅਤੇ ਕੁਝ ਲੋਕ ਬੁਰਿਆਈ ਦਾ ਖਲੀਫਾ ਬੁਰਜ। ਕੁਝ ਲੋਕ ਭਲਿਆਈ ਵਿਚੋਂ ਮਾਨਵਤਾ ਨੂੰ ਭਾਲਦੇ ਤੇ ਕੁਝ ਲੋਕ ਬਦਖੋਹੀ ਵਿਚੋਂ ਮਾਨਵਤਾ ਦਾ ਗਲਾ ਘੁੱਟਣ ਦੇ ਆਦੀ।
ਕੁਝ ਲੋਕ ਕਿਸੇ ਦੇ ਦਰਦ ਵਿਚ ਪੀੜ-ਪੀੜ ਹੋ ਜਾਂਦੇ, ਜਦੋਂ ਕਿ ਕੁਝ ਕਿਸੇ ਦੀ ਪੀੜ ਨੂੰ ਮਸ਼ਕਰੀ ਬਣਾਉਂਦੇ ਅਤੇ ਪੀੜਤ ਦੀਆਂ ਚਾਗਰਾਂ ਵਿਚੋਂ ਹਾਸਾ ਕਿਆਸਦੇ।
ਕੁਝ ਲੋਕ ਤੁਹਾਡੀ ਉਂਗਲ ਫੜ ਕੇ ਧੁੰਦਲੇ ਦਿਸਹੱਦਿਆਂ ਵਿਚ ਚਾਨਣ ਦੀ ਲੀਕ ਵਰਗੇ ਅਤੇ ਕੁਝ ਲੋਕ ਤੁਹਾਡੇ ਕੋਲੋਂ ਹੱਥ ਛੁਡਾ ਕੇ, ਤੁਹਾਨੂੰ ਜਿ਼ੰਦਗੀ ਦੇ ਵਲਵਲੇਵਿਆਂ ਦਾ ਮੁਥਾਜ ਬਣਾ ਦਿੰਦੇ।
ਕੁਝ ਲੋਕ ਤੁਹਾਡੀਆਂ ਤਰਜ਼ੀਹਾਂ ਤੇ ਤਮੰਨਾਵਾਂ ਵਿਚੋਂ ਤੁਹਾਡੀ ਤਕਦੀਰ ਦੇ ਨਕਸ਼ ਦੇਖਦੇ, ਜਦੋਂ ਕਿ ਕੁਝ ਆਪਣੀਆਂ ਕਰਤੂਤਾਂ ਨਾਲ ਤੁਹਾਡੀਆਂ ਤਮੰਨਾਵਾਂ ਤੇ ਤਾਂਘਾਂ ਨੂੰ ਤੜਫਣ ਲਾ ਦਿੰਦੇ।
ਕੁਝ ਲੋਕ ਫੁੱਲਵਾੜੀ ਵਰਗੇ, ਜੋ ਰੰਗਾਂ ਤੇ ਮਹਿਕਾਂ ਦੇ ਵਣਜ ਵਿਚੋਂ ਜਿ਼ੰਦਗੀ ਦਾ ਸੁੱਚਮ ਸਿਰਜਦੇ, ਜਦੋਂ ਕਿ ਕੁਝ ਲੋਕ ਮਨ ਵਿਚ ਪਸਰੀ ਉਜਾੜ ਵਰਗੇ। ਉਹ ਫੁੱਲਪੱਤੀਆਂ ਮਸਲਦੇ ਤੇ ਮਹਿਕ ਨੂੰ ਬਦਬੂ ਵਿਚ ਬਦਲਣ ਲੱਗਿਆਂ ਦੇਰ ਨਹੀਂ ਲਾਉਂਦੇ।
ਕੁਝ ਲੋਕ ਅੱਖਰਾਂ ਵਿਚ ਜਗਦੇ ਜੁਗਨੂੰਆਂ ਦਾ ਜਮਘਟਾ ਅਤੇ ਕੁਝ ਲੋਕ ਸ਼ਬਦਾਂ ਵਿਚੋਂ ਸਿਰਫ ਸੋਗ, ਸੰਤਾਪ ਤੇ ਸਿੱਸਕੀਆਂ ਨੂੰ ਉਗਾਉਣ ਵਿਚ ਮਸ਼ਰੂਫ।
ਕੁਝ ਲੋਕ ਸਾਹ-ਸਕੂਨ ਦਾ ਵਣਜ ਕਰਦੇ, ਜਦੋਂ ਕਿ ਕੁਝ ਲੋਕ ਸਿਵਿਆਂ ਨੂੰ ਮੱਚਦਾ ਰੱਖਣ ਲਈ ਹੀ ਯਤਨਸ਼ੀਲ।
ਕੁਝ ਲੋਕ ਸਬੰਧਾਂ ਨੂੰ ਸਿਰਜਣ ਦੀ ਪਹਿਲ ਤੇ ਪਹੁਲ ਵਰਗੇ ਅਤੇ ਇਨ੍ਹਾਂ ਵਿਚੋਂ ਜਿ਼ੰਦਗੀ ਦੇ ਨਵੇਂ ਸਰੋਕਾਰਾਂ ਤੇ ਅਰਥਾਂ ਦੀ ਨਿਸ਼ਾਨਦੇਹੀ ਕਰਦੇ, ਜਦੋਂ ਕਿ ਕੁਝ ਲੋਕ ਬੋਲਾਂ ਵਿਚ ਦਮ ਤੋੜ ਰਹੀ ਸਾਂਝ, ਸਿਆਣਪ ਅਤੇ ਸਬੰਧਾਂ ਦਾ ਆਖਰੀ ਹਉਕਾ।
ਕੁਝ ਲੋਕ ਅੰਬ, ਜਾਮਣ ਅਤੇ ਪਿੱਪਲ ਦੇ ਬਿਰਖਾਂ ਵਰਗੇ, ਜਿਨ੍ਹਾਂ ਦੀ ਸੰਘਣੀ ਛਾਂ ਵਿਚ ਲੂਆਂ ਵੀ ਠਰ ਜਾਂਦੀਆਂ, ਪਰ ਕੁਝ ਲੋਕ ਮਾਰੂਥਲਾਂ ਵਿਚ ਉਗੀ ਥੋਹਰ ਵਰਗੇ, ਜਿਸ ਦੀ ਛਾਂ ਵਿਚ ਸਿਰਫ ਮਾਤਮ ਹੀ ਹੁੰਦਾ।
ਕੁਝ ਲੋਕ ਦਰਿਆਂ ਦੇ ਪੱਤਣ `ਤੇ ਲੱਗੇ ਮੇਲੇ ਵਰਗੇ ਅਤੇ ਕੁਝ ਲੋਕ ਬਰੇਤਿਆਂ ਵਰਗੇ, ਜਿਨ੍ਹਾਂ ਦੀ ਹਿੱਕ ਵਿਚ ਸਿਰਫ ਸੋਕਾ ਅਤੇ ਸੁੰਨ ਹੀ ਪੈਦਾ ਹੁੰਦੀ।
ਕੁਝ ਲੋਕ ਤੂਤ ਦੇ ਟਾਹਣ ਵਰਗੇ, ਜਿਹੜੇ ਕਦੇ ਕਦਾਈਂ ਲਿਫ ਤਾਂ ਸਕਦੇ, ਪਰ ਟੁੱਟਦੇ ਨਹੀਂ; ਜਿ਼ਆਦਾਤਰ ਲੋਕ ਸਫੈਦੇ ਦੀ ਕੱਚੀ ਲੱਕੜ ਵਰਗੇ, ਜੋ ਜਰਾ ਜਿੰਨੀ ਜੁੰਬਸ਼ ਨਾਲ ਤੜੱਕ ਕਰਕੇ ਟੁੱਟ ਜਾਂਦੇ।
ਕੁਝ ਲੋਕ ਰੂਹ ਦੀ ਅਲਹਾਮੀ ਚੁੱਪ ਵਰਗੇ, ਜਿਸ ਦੇ ਅੰਤਰਨਾਦ ਵਿਚੋਂ ਜਿ਼ੰਦਗੀ ਨੂੰ ਨਵੇਂ ਅਦਬ ਤੇ ਆਗਾਜ਼ ਦੀ ਸੋਝੀ ਤੇ ਸੁਖਨਤਾ ਦਾ ਅਹਿਸਾਸ ਹੁੰਦਾ, ਜਦੋਂ ਕਿ ਕੁਝ ਲੋਕ ਮਨ ਵਿਚ ਬੈਠੀ ਚੁੱਪ ਵਰਗੇ, ਜਿਸ ਨੂੰ ਆਪਣੀ ਹੀ ਸੁੱਧ-ਬੁੱਧ ਨਹੀਂ ਰਹਿੰਦੀ।
ਕੁਝ ਲੋਕ ਮਨ `ਤੇ ਪਈਆਂ ਝਰੀਟਾਂ ਵਰਗੇ, ਜੋ ਸਮੇਂ ਦੇ ਬੀਤਣ ਨਾਲ ਮਿਟਦੀਆਂ ਨਹੀਂ, ਸਗੋਂ ਹੋਰ ਉਘੜਦੀਆਂ, ਪਰ ਕੁਝ ਲੋਕ ਜਿਸਮ `ਤੇ ਪਈਆਂ ਲਾਸਾਂ ਵਰਗੇ, ਜਿਨ੍ਹਾਂ ਦੇ ਨਕਸ਼ ਕੁਝ ਸਮੇਂ ਬਾਅਦ ਖੁਦ-ਬ-ਖੁਦ ਮਿੱਟ ਜਾਂਦੇ।
ਕੁਝ ਲੋਕ ਹੋਠਾਂ `ਤੇ ਤੜਫ ਰਹੀ ਪਿਆਸ ਵਰਗੇ, ਜੋ ਸਿਰਫ ਮਰ-ਮਿੱਟਣ ਲਈ ਹੀ ਹੁੰਦੀ, ਜਦੋਂ ਕਿ ਕੁਝ ਲੋਕ ਹੋਠਾਂ ਨੂੰ ਛੁਹਾਏ ਜਾਮ ਵਰਗੇ, ਜਿਸ ਵਿਚੋਂ ਜਿੰਦ ਨੂੰ ਜਿਉਂਦੇ ਹੋਣ ਦਾ ਧਰਮ ਤੇ ਧਰਵਾਸ ਮਿਲਦਾ।
ਕੁਝ ਲੋਕ ਸੱਜਣਤਾਈ ਦਾ ਮਾਣ ਹੁੰਦੇ, ਜਿਨ੍ਹਾਂ ਦੀ ਸੰਗਤ ਵਿਚ ਰੂਹ ਖਿੜ ਜਾਂਦੀ। ਮਸਤਕ ਤੇ ਖੇੜਾ ਫੈਲਦਾ ਅਤੇ ਮੁੱਖੜਾ ਬਣ ਜਾਂਦਾ ਰੂਹਾਨੀਅਤ ਤੇ ਰਵਾਨਗੀ ਦਾ ਮੁਜੱਸਮਾ।
ਕੁਝ ਲੋਕ ਆਪਣੇ ਤੋਂ ਆਪਣੇ ਤੀਕ ਦੇ ਪੈਂਡੇ ਦੇ ਰਾਹੀ, ਜਦੋਂ ਕਿ ਕੁਝ ਲੋਕ ਖੁਦ ਤੋਂ ਪਾਰ ਦਾ ਸਫਰ ਕਰ, ਖੁਦ ਨੂੰ ਲੋਕਾਈ ਤੇ ਕਾਇਨਾਤ ਲਈ ਅਰਪਿੱਤ ਕਰਦੇ।
ਕੁਝ ਲੋਕ ਨਘੋਚੀ, ਨਕਾਰੇ, ਨਿਕੰਮੇ, ਨਿਰਗੁਣੇ ਅਤੇ ਨਾ-ਅਹਿਲ, ਜਦੋਂ ਕਿ ਕੁਝ ਲੋਕ ਨਜ਼ੂਮੀ, ਨੇਕਦਿਲ, ਅਤੇ ਨੇਕੀ ਦਾ ਭਰ ਵਗਦਾ ਦਰਿਆ। ਉਨ੍ਹਾਂ ਲਈ ਰੂਹਾਨੀ ਖੇੜਾ ਅਤੇ ਖੁਸ਼ੀ ਸਭ ਤੋਂ ਅਹਿਮ। ‘ਕੇਰਾਂ ਇਕ ਵਿਅਕਤੀ ਨੇ ਆਪਣਾ ਪੁਰਾਣਾ ਸਕੂਟਰ ਵੇਚਣਾ ਚਾਹਿਆ। ਕੁਝ ਵਪਾਰੀ ਬਿਰਤੀ ਵਾਲੇ ਲੋਕ ਜਿ਼ਆਦਾ ਕੀਮਤ ਦੇਣ ਲਈ ਤਿਆਰ ਸਨ, ਪਰ ਇਕ ਲੋੜਵੰਦ ਨੇ ਘੱਟ ਕੀਮਤ `ਤੇ ਆਪਣੇ ਬੱਚੇ ਲਈ ਪੁਰਾਣਾ ਸਕੂਟਰ ਚਾਹਿਆ। ਉਸ ਵਿਅਕਤੀ ਨੇ ਜਿ਼ਆਦਾ ਕੀਮਤ ਦੀ ਥਾਂ ਘੱਟ ਕੀਮਤ `ਤੇ ਆਪਣਾ ਸਕੂਟਰ ਲੋੜਵੰਦ ਨੂੰ ਵੇਚ ਦਿੱਤਾ। ਜਦ ਉਸ ਨੂੰ ਕਿਸ ਨੇ ਪੁੱਛਿਆ ਕਿ ਉਸ ਨੇ ਘੱਟ ਕੀਮਤ ‘ਤੇ ਸਕੂਟਰ ਕਿਉਂ ਵੇਚਿਆ ਤਾਂ ਉਸ ਦਾ ਉਤਰ ਸੀ, ਉਸ ਲੋੜਵੰਦ ਵਿਅਕਤੀ ਅਤੇ ਉਸ ਦੇ ਬੱਚੇ ਦੀਆਂ ਅੱਖਾਂ ਵਿਚ ਉਤਰੀ ਖੁਸ਼ੀ ਨੇ ਮੈਨੂੰ ਅਜਿਹੇ ਹੁਲਾਸ ਨਾਲ ਭਰ ਦਿੱਤਾ, ਜਿਸ ਦਾ ਮੈਂ ਕਦੇ ਵੀ ਅਹਿਸਾਸ ਨਹੀਂ ਸੀ ਕੀਤਾ। ਇਸ ਹੁਲਾਸ ਨੂੰ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾ।
ਕੁਝ ਲੋਕ ਸਮਿਆਂ ਦੇ ਸੁੱਚੇ, ਉਚੇ ਅਤੇ ਪਰਮ ਧਰਮ ਵਰਗੇ, ਜਦੋਂ ਕਿ ਕੁਝ ਲੋਕ ਅਧਰਮੀ ਬਣੇ ਖੂਨ, ਖੰਜਰ ਅਤੇ ਖਰਮਸਤੀ ਵਿਚੋਂ ਅੰਧਿਆਰਾ ਪੈਦਾ ਕਰਨ ਜੋਗੇ।
ਕੁਝ ਲੋਕ ਧਰਤ-ਧੌਲ ਵਰਗੇ, ਜਮਾਨੇ ਦਾ ਭਾਰ ਢੋਂਦੇ, ਪਰ ਭਾਰ ਮਹਿਸੂਸਦੇ ਨਹੀਂ, ਜਦੋਂ ਕਿ ਕੁਝ ਲੋਕ ਧਰਤੀ `ਤੇ ਭਾਰ।
ਕੁਝ ਲੋਕ ਪਹਾੜਾਂ ਵਰਗੇ, ਜੋ ਫੱਕਰਤਾ ਅਤੇ ਵਿਲੱਖਣਤਾ ਕਾਰਨ ਦੂਰੋਂ ਹੀ ਪਛਾਣੇ ਜਾਂਦੇ, ਜਦੋਂ ਕਿ ਕੁਝ ਲੋਕ ਰਸਾਤਲ ਦੀ ਗਰਕਣੀ ਵਰਗੇ, ਜਿਸ ਨੂੰ ਕਿਸ ਨੇ ਨਿਹਾਰਨਾ, ਚਿਤਾਰਨਾ ਜਾਂ ਸੋਚ ਵਿਚ ਵਿਸਥਾਰਨਾ? ਇਹ ਤਾਂ ਸਿਰਫ ਗਰਕਣੀ ਲਈ ਹੀ ਹੁੰਦੇ।
ਕੁਝ ਲੋਕ ਸਕਾਰਾਤਮਿਕਤਾ ਦਾ ਮਘਦਾ ਸੂਰਜ ਤੇ ਜਗਦੇ ਦੀਵਿਆਂ ਦੀ ਡਾਰ ਵਰਗੇ, ਪਰ ਕੁਝ ਲੋਕ ਬੁਝੇ ਚਿਰਾਗਾਂ ਜਾਂ ਤਿੜਕੇ ਬਨੇਰੇ `ਤੇ ਬੁਝੀਆਂ ਮੋਮਬੱਤੀਆਂ ਦੀ ਅੱਖ ਵਿਚ ਉਤਰੇ ਹਨੇਰ ਵਰਗੇ।
ਜਿੰ਼ਦਗੀ ਦੀ ਬੀਹੀ ਵਿਚ ਵਿਚਰਦਿਆਂ ਅਸੀਂ ਬਹੁਤ ਲੋਕਾਂ ਨਾਲ ਬਾਵਸਤਾ ਹੁੰਦੇ। ਉਨ੍ਹਾਂ ਦੇ ਗੁਣਾਂ-ਔਗੁਣਾਂ, ਕਿਰਦਾਰ ਅਤੇ ਵਿਅਕਤੀਤਵ ਨੂੰ ਪਛਾਣਨ ਦੀ ਕੋਸਿ਼ਸ਼ ਵਿਚ ਕਈ ਵਾਰ ਖੁਦ ਹੀ ਗਵਾਚ ਜਾਂਦੇ; ਕਿਉਂਕਿ ਕੁਝ ਲੋਕ ਸਿਰਫ ਮੁਖੌਟਿਆਂ ਦਾ ਜੀਵਨ ਜਿਉਂਦੇ, ਜਦੋਂ ਕਿ ਕੁਝ ਖਰੇ ਸੋਨੇ ਵਰਗੇ। ਕੋਈ ਮਿਲਾਵਟ, ਕਚਰਾ ਜਾਂ ਕਬਾੜ ਨਹੀਂ ਹੁੰਦਾ ਉਨ੍ਹਾਂ ਦੀ ਤਰਬੀਅਤ, ਤਬੀਅਤ, ਤਸਵੀਰ ਜਾਂ ਤਹਿਜ਼ੀਬ ਵਿਚ। ਉਹ ਪਾਕ-ਪਵਿੱਤਰ, ਅੰਦਰੋਂ-ਬਾਹਰੋਂ ਇਕਸੁਰ, ਇਕਸਾਰ ਅਤੇ ਇਕਤਾਰ। ਉਹ ਪਰਤਾਂ ਵਿਚ ਨਹੀਂ ਜਿਉਂਦੇ। ਉਨ੍ਹਾਂ ਲਈ ਜਿ਼ੰਦਗੀ ਦੀ ਸਮੁੱਚਤਾ ਨੂੰ ਜਿਉਣਾ ਹੀ ਪਰਮ-ਧਰਮ। ਚੰਗਾ ਲੱਗਦਾ ਹੈ, ਅਜਿਹੇ ਮਨੁੱਖਾਂ ਦੀ ਸਾਂਝ। ਸੱਜਣਤਾਈ ਦਾ ਸੰਤੋਖੀ ਅਤੇ ਸਦਭਰਪੂਰ ਸਫਰ। ਅਜਿਹੇ ਵਿਅਕਤੀ ਨੂੰ ਯਾਦ ਕਰਨਾ ਅਤੇ ਬੀਤੇ ਵਿਚ ਵਾਪਸ ਪਰਤਣਾ ਬਹੁਤ ਅੱਛਾ ਲੱਗਦਾ।
‘ਕੇਰਾਂ ਸ਼ਾਮ ਦੇ ਘੁਸਮੁਸੇ ਵਿਚ ਫੋਨ ਆਉਂਦਾ ਕਿ ਜੀ. ਬੀ. ਕਿਥੇ ਏਂ? ਆਵਾਜ਼ ਪਛਾਣ ਕੇ ਜਦ ਦੱਸਿਆ ਕਿ ਘਰੇ ਹੀ ਹਾਂ, ਤਾਂ ਉਸ ਦਾ ਕਹਿਣਾ ਸੀ ਕਿ ਮੈਂ ਅੱਧੇ ਘੰਟੇ ਤੀਕ ਤੇਰੇ ਕੋਲ ਆ ਰਿਹਾ ਹਾਂ। ਇਕਦਮ ਹੈਰਾਨੀ, ਪਰ ਚਿਰਾਂ ਬਾਅਦ ਮਿੱਤਰ ਨੂੰ ਮਿਲਣ ਦਾ ਚਾਅ ਵੀ। ਯਾਦ ਆਇਆ ਡੀ. ਏ. ਵੀ. ਕਾਲਜ, ਹੁਸਿ਼ਆਰਪੁਰ ਵਿਚ ਪਹਿਲਾ ਦਿਨ ਜਦ ਮੈਂ ਵਾਈਬੀ ਨੂੰ ਹੋਸਟਲ ਮੈੱਸ ਵਿਚ ਮਿਲਿਆ ਸਾਂ। ਇਹ ਮਿਲਣੀ ਚਾਰ-ਪੰਜ ਘੰਟੇ ਲੰਮੀ ਹੋ ਗਈ। ਉਸ ਨੇ ਆਪਣੀ ਜੀਵਨ-ਗਾਥਾ ਤੇ ਪਿਆਰ-ਕਹਾਣੀ, ਪਹਿਲੀ ਹੀ ਮਿਲਣੀ ਵਿਚ ਅਜਿਹੀ ਸਾਂਝੀ ਕੀਤੀ ਕਿ ਇਸ ਯਾਦਗਾਰੀ ਮਿਲਣੀ ਵਿਚੋਂ ਉਮਰ ਭਰ ਦੀ ਸਾਂਝ ਪੈਦਾ ਹੋ ਗਈ। ਉਹ ਹਰਿਆਣਾ ਸਿਵਲ ਸਰਵਿਸਿਜ਼ ਵਿਚ ਚਲੇ ਗਿਆ ਤੇ ਮੈਂ ਸਰਕਾਰੀ ਕਾਲਜ ਕਪੂਰਥਲੇ ਆ ਗਿਆ।
ਪਰ ਅੱਜ ਵੀਹ ਕੁ ਸਾਲ ਬਾਅਦ ਮਿਲਣ ਆ ਰਿਹਾ ਸੀ, ਵਾਈਬੀ। ਘਰ ਵੜਦੇਸਾਰ ਉਸ ਨੇ ਕਾਰ ਅੰਦਰ ਕਰਵਾਈ ਤੇ ਗੇਟ ਨੂੰ ਅੰਦਰੋਂ ਬੰਦ ਕਰ, ਬਿਨਾ ਕੁਝ ਕਹੇ ਮੈਨੂੰ ਛੱਤ `ਤੇ ਲੈ ਗਿਆ। ਮੈਂ ਸ਼ਸ਼ੋਪੰਜ ਵਿਚ ਤੇ ਕੁਝ ਘਬਰਾ ਵੀ ਗਿਆ। ਉਸ ਨੇ ਦੱਸਿਆ ਕਿ ਉਸ ਦੇ ਗੈਰ-ਜਮਨਾਤੀ ਵਰੰਟ ਜਾਰੀ ਹੋ ਗਏ ਹਨ ਅਤੇ ਹਰਿਆਣਾ ਪੁਲਿਸ ਉਸ ਨੂੰ ਲੱਭ ਰਹੀ ਹੈ, ਉਹ ਕੁਝ ਦਿਨਾਂ ਲਈ ਇਥੇ ਲੁੱਕਣ ਲਈ ਆਇਆ ਅਤੇ ਜੇ ਹੋ ਸਕੇ ਤਾਂ ਪਿੰਡ ਵਿਚ ਠੀਕ ਰਹੇਗਾ। ਜਦ ਮੈਂ ਖੁੱਲ੍ਹ ਕੇ ਦੱਸਣ ਲਈ ਕਿਹਾ ਤਾਂ ਪਤਾ ਲੱਗਾ ਕਿ ਹਰਿਆਣਾ ਦੀਆਂ ਚੋਣਾਂ ਵਿਚ ਓਮ ਪ੍ਰਕਾਸ਼ ਚੌਟਾਲਾ ਦੋ ਸੀਟਾਂ ਤੋਂ ਚੋਣ ਲੜ ਰਿਹਾ ਸੀ। ਇਕ ਸੀਟ ਤੋਂ ਤਾਂ ਉਹ ਜਿੱਤ ਗਿਆ ਸੀ ਅਤੇ ਦੂਸਰੀ ਸੀਟ, ਜਿਥੇ ਵਾਈਬੀ ਐਸ. ਡੀ. ਐਮ. ਵਜੋਂ ਪ੍ਰਜ਼ਾਈਡਿੰਗ ਅਫਸਰ ਸੀ, ਹਾਰ ਗਿਆ ਸੀ ਅਤੇ ਉਸ `ਤੇ ਜੇਤੂ ਐਲਾਨਣ ਲਈ ਦਬਾ ਪਾਇਆ ਗਿਆ। ਜਦ ਉਸ ਨੇ ਓਮ ਪ੍ਰਕਾਸ਼ ਚੌਟਾਲਾ ਨੂੰ ਹਾਰਿਆ ਐਲਾਨ ਕੀਤਾ ਤਾਂ ਓਮ ਪ੍ਰਕਾਸ਼ ਚੌਟਾਲੇ ਨੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ, ਉਸ `ਤੇ ਝੂਠਾ ਕੇਸ ਪਵਾ, ਗੈਰ-ਜਮਾਨਤੀ ਵਰੰਟ ਜਾਰੀ ਕਰਵਾ, ਗ੍ਰਿਫਤਾਰੀ ਦੇ ਹੁਕਮ ਜਾਰੀ ਕਰਵਾਏ। ਵਾਈਬੀ ਕੁਝ ਦਿਨ ਤਾਂ ਹਰਿਆਣਾ ਵਿਚ ਹੀ ਲੁਕਿਆ ਰਿਹਾ। ਫਿਰ ਕਿਸੇ ਕਾਂਗਰਸ ਦੇ ਐਮ. ਐਲ. ਏ. ਦੀ ਸਰਕਾਰੀ ਗੱਡੀ ਵਿਚ ਹਰਿਆਣਾ ਤੋਂ ਨਿਕਲ ਕੇ ਮੇਰੇ ਕੋਲ ਆ ਗਿਆ। ਮੈਂ ਉਸ ਨੂੰ ਧਰਵਾਸ ਦਿੱਤਾ ਕਿ ਉਹ ਬੇਫਿਕਰ ਹੋ ਜਾਵੇ। ਕੁਝ ਨਹੀਂ ਹੋਵੇਗਾ ਭਾਵੇਂ ਕਿ ਉਸ ਸਮੇਂ ਪੰਜਾਬ ਵਿਚ ਓਮ ਪ੍ਰਕਾਸ਼ ਚੌਟਾਲੇ ਦੇ ਭਾਈਵਾਲ ਅਕਾਲੀ ਦਲ ਦੀ ਸਰਕਾਰ ਸੀ।
ਉਹ ਮੇਰੇ ਕੋਲ ਮਹੀਨਾ ਕੁ ਰਿਹਾ ਅਤੇ ਹਰਿਆਣਾ ਪੁਲਿਸ ਨੂੰ ਉਹ ਕਿਥੋਂ ਲੱਭਣਾ ਸੀ? ਉਸ ਨੂੰ ਅਗਾਊਂ ਜਮਾਨਤ ਮਿਲ ਗਈ ਤਾਂ ਮਹੀਨੇ ਕੁ ਬਾਅਦ ਉਹ ਵਾਪਸ ਚਲਾ ਗਿਆ, ਪਰ ਇਸ ਠਹਿਰ ਨੇ ਸੱਜਣਤਾਈ ਦਾ ਅਜਿਹਾ ਕਾਂਡ ਸਿਰਜਿਆ, ਜਿਸ `ਤੇ ਵਾਈਬੀ ਅਤੇ ਖੁਦ ਮੈਨੂੰ ਨਾਜ਼ ਹੈ ਕਿ ਮੈਂ ਆਪਣੇ ਮਿੱਤਰ ਦੇ ਕਿਸੇ ਕੰਮ ਆ ਸਕਿਆ। ਕਮਾਲ ਦੀ ਗੱਲ ਇਹ ਸੀ ਕਿ ਸਿਵਾਏ ਉਸ ਦੇ ਇਕ ਖਾਸ ਮਿੱਤਰ ਤੋਂ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਪਤਾ ਨਹੀਂ ਸੀ ਕਿ ਉਹ ਇਸ ਸਮੇਂ ਦੌਰਾਨ ਕਿਥੇ ਰਿਹਾ? ਇਹ ਰਾਜ਼ ਉਸ ਨੇ ਆਪਣੇ ਰਿਸ਼ਤੇਦਾਰਾਂ ਤੇ ਪਰਿਵਾਰ ਸਾਹਵੇਂ ਉਸ ਸਮੇਂ ਖੋਲ੍ਹਿਆ, ਜਦ ਮੈਂ ਪੱਕੇ ਤੌਰ `ਤੇ ਕੈਨੇਡਾ ਆਉਣਾ ਸੀ ਅਤੇ ਮੈਂ ਉਸ ਨੂੰ ਹਿਸਾਰ ਮਿਲਣ ਗਿਆ, ਜਿਥੇ ਉਹ ਕਮਿਸ਼ਨਰ ਸੀ। ਸ਼ਾਮ ਨੂੰ ਪਰਿਵਾਰਕ ਮਿਲਣੀ ਦੌਰਾਨ ਉਸ ਨੇ ਕਿਹਾ ਕਿ ਤੁਸੀਂ ਮੈਨੂੰ ਹੁਣ ਤੀਕ ਪੁੱਛਦੇ ਰਹੇ ਕਿ ਮੇਰੇ ਕਿਥੇ ਲੁਕਿਆ ਰਿਹਾ ਸੀ? ਮੈਂ ਜੀ. ਬੀ. ਕੋਲ ਰਿਹਾ ਸਾਂ, ਜੋ ਤੁਹਾਡੇ ਸਾਹਮਣੇ ਹੈ। ਇਹ ਹੁੰਦਾ ਏ ਦੋਸਤੀ ‘ਤੇ ਨਾਜ਼ ਅਤੇ ਮਿੱਤਰ ਦੇ ਭੇਤ ਨੂੰ ਭੇਤ ਹੀ ਰਹਿਣ ਦੇਣਾ। ਇਹ ਮਿੱਤਰਤਾ ਹੁਣ ਤੀਕ ਵੀ ਬਰਕਰਾਰ ਅਤੇ ਆਖਰੀ ਸਾਹਾਂ ਤੀਕ ਜਿਉਂਦੀ ਰਹੇਗੀ।
ਸੱਜਣਤਾਈ ਸਿਰਫ ਨਿੱਜੀ ਮੁਫਾਦ ਦੀ ਪੂਰਤੀ ਨਹੀਂ। ਇਹ ਤਾਂ ਸੱਜਣ ਲਈ ਜਿ਼ੰਦ ਦਾ ਸੌਦਾ, ਕਿਉਂਕਿ ਜਾਨ ਤੋਂ ਪਿਆਰੇ ਸੱਜਣ ਸਿਰਫ ਜਿੰਦ ਵੇਚਿਆਂ ਹੀ ਮਿਲਦੇ।
ਸੱਜਣਾਤਾਈ ਉਹ ਵੀ ਹੁੰਦੀ, ਜਦ ਵੱਡੇ ਅਹੁਦੇ `ਤੇ ਬੈਠਾ ਵਿਅਕਤੀ ਆਪਣੀਆਂ ਜੜ੍ਹਾਂ ਯਾਦ ਰੱਖਦਾ। ਪੁਰਾਣੀਆਂ ਸਾਂਝਾਂ ਨੂੰ ਚੇਤਿਆਂ ਵਿਚ ਰੱਖਦਾ ਅਤੇ ਲੋੜ ਪੈਣ `ਤੇ ਨਿਯਮਾਂ ਤਹਿਤ ਕਿਸੇ ਦੇ ਕੰਮ ਆਉਂਦਾ। ਇਹ ਤਾਂ ਸਬੱਬ ਹੁੰਦਾ ਕਿ ਕੋਈ ਭਾਗਸ਼ਾਲੀ ਕਿਸੇ ਲਈ ਕੁਝ ਕਰ ਸਕਦਾ ਹੋਵੇ, ਜੋ ਕਿਸੇ ਦੇ ਸੁਪਨਿਆਂ ਦਾ ਸੱਚ ਅਤੇ ਤਮੰਨਾਵਾਂ ਦੀ ਤ੍ਰਿਪਤੀ ਬਣੇ।
ਸੱਜਣਤਾਈ ਉਹ ਹੁੰਦੀ, ਜਦ ਕੋਈ ਕੌਲ ਕਰਦਾ ਤੇ ਉਸ ਨੂੰ ਨਿਭਾਉਂਦਾ, ਪਰ ਕਦੇ ਵੀ ਕੀਤੀ ਨੇਕੀ ਚਿਤਾਰਦਾ ਨਹੀਂ। ਦਰਅਸਲ ਅਜਿਹੇ ਲੋਕ ਜਿੰ਼ਦਗੀ ਦੇ ਰੋਲ ਮਾਡਲ, ਜਿਨ੍ਹਾਂ ਕੋਲੋਂ ਬਹੁਤ ਕੁਝ ਸਮਝਿਆ ਤੇ ਸਿਖਿਆ ਜਾ ਸਕਦਾ।
ਸੱਜਣਤਾਈ ਦਾ ਸੰੁਦਰ ਸਰੂਪ ਅਤੇ ਭਲਾਈ ਦਾ ਰੂਪ ਬਹੁਤ ਵਿਰਲੇ ਪਰ ਵਿਰਲਿਆਂ ਵਿਚੋਂ ਵਿਰਲਾ ਸੀ ਪੋ੍ਰ. ਹਰਭਜਨ ਸਿੰਘ ਦਿਓਲ। ਸੁਧਾਰ ਕਾਲਜ ਵਿਚੋਂ ਨੌਕਰੀ ਤੋਂ ਕੱਢਣ (ਮੇਰੇ ਵਿਆਹ ਹੋਏ ਨੂੰ ਕੁਝ ਮਹੀਨੇ ਹੀ ਹੋਏ ਸਨ) ਤੋਂ ਕੁਝ ਮਹੀਨੇ ਬਾਅਦ ਪੋ੍ਰ. ਹਰਭਜਨ ਸਿੰਘ ਦਿਓਲ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਨਿਯੁਕਤ ਹੋ ਗਏ ਸਨ। ਮੈਂ ਉਨ੍ਹਾਂ ਨੂੰ ਪਟਿਆਲੇ ਮਿਲਿਆ। ਉਨ੍ਹਾਂ ਨੇ ਮੈਨੂੰ ਬੁੱਕਲ ਵਿਚ ਲੈ ਕੇ ਕਿਹਾ ਕਿ ਉਦਾਸ ਨਾ ਹੋ। ਸੁਧਾਰ ਕਾਲਜ ਤੈਨੂੰ ਨੌਕਰੀ ਤੋਂ ਕੱਢ ਸਕਦਾ ਏ, ਪਰ ਤੂੰ ਹੁਣ ਸਰਕਾਰੀ ਕਾਲਜ ਵਿਚ ਨੌਕਰੀ ਕਰੇਂਗਾ। ਨਿਰਾਸ਼ ਨਾ ਹੋ। ਜਿ਼ੰਦਗੀ ਵਿਚ ਉਤਰਾਅ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ। ਉਸ ਨੇ ਆਪਣਾ ਇਕਰਾਰ ਪੁਗਾਇਆ। ਭਾਵੇਂ ਮੈਰਿਟ ਵਿਚ ਮੈਂ ਉਪਰ ਸਾਂ, ਪਰ ਸਾਧਾਰਨ ਪਰਿਵਾਰ ਦੇ ਬੱਚੇ ਨੂੰ ਜਿਸ ਦੀ ਕੋਈ ਸਿਫਾਰਸ਼ ਨਾ ਹੋਵੇ, ਕੌਣ ਪੁੱਛਦਾ ਏ ਕਮਿਸ਼ਨ ਵਿਚ! ਇਹ ਤਾਂ ਡਾ. ਹਰਭਜਨ ਸਿੰਘ ਦੀ ਬਦੌਲਤ ਹੀ ਸੰਭਵ ਹੋਇਆ। ਪੋ੍ਰ. ਦਿਓਲ ਦੀ ਮੌਤ ਤੀਕ ਇਹ ਪਿਆਰ ਭਿੱਜੀ ਸਾਂਝ ਬਰਕਰਾਰ ਅਤੇ ਬਾ-ਦਸਤੂਰ ਜਾਰੀ ਰਹੀ। ਵਿਦੇਸ਼ ਤੋਂ ਫੋਨ ਜਰੂਰ ਕਰਦਾ ਅਤੇ ਪੰਜਾਬ ਵਿਚ ਜਾ ਕੇ ਉਨ੍ਹਾਂ ਨੂੰ ਮਿਲਣਾ ਮੇਰਾ ਪਰਮ ਕਾਰਜ ਹੁੰਦਾ। ‘ਕੇਰਾਂ ਉਨ੍ਹਾਂ ਆਪਣਾ ਮਨ ਫਰੋਲਿਆ ਕਿ ਭੰਡਾਲ ਤੇਰੇ ਵਰਗੇ ਇਕ ਦੋ ਹੀ ਹਨ, ਜੋ ਯਾਦ ਰੱਖਦੇ ਨੇ ਤੇ ਫੋਨ ਕਰਦੇ ਨੇ। ਸਾਰੇ ਲੋਕ ਹੀ ਭੁੱਲ ਗਏ, ਜਿਨ੍ਹਾਂ ਦਾ ਬਹੁਤ ਕੁਝ ਸੰਵਾਰਿਆ ਸੀ। ਬੜੇ ਅਕ੍ਰਿਤਘਣ ਨੇ ਲੋਕ, ਜੋ ਮੁਫਾਦ ਪੂਰਾ ਕਰ ਬੇਪਛਾਣ ਹੋ ਗਏ।
ਅਜਿਹੀ ਬੇਰੁਖੀ, ਬੇਗਾਨਗੀ ਅਤੇ ਬੇਪ੍ਰਵਾਹੀ ਨਾਲ ਸੁੰਗੜ ਜਾਂਦੀਆਂ ਨੇ ਸਾਂਝਾਂ ਅਤੇ ਟੁੱਟ ਜਾਂਦੀਆਂ ਨੇ ਮੋਹ ਦੀਆਂ ਤੰਦਾਂ। ਅਜੋਕਾ ਮਨੁੱਖ ਸਿਰਫ ਨਿੱਜ ਦੀ ਪੁਰਤੀ ਤੀਕ ਸੀਮਤ, ਜਿਸ ਨੇ ਮਿੱਤਰਤਾ, ਸੱਜਣਤਾ ਅਤੇ ਦੋਸਤੀ ਨੂੰ ਦਾਗਦਾਰ ਕੀਤਾ ਏ।
ਦਰਅਸਲ ਤਾਂ:
ਸੱਜਣ ਹੁੰਦੇ ਸਾਹਾਂ ਵਰਗੇ
‘ਵਾਵੀਂ ਮਹਿਕ ਖਿਲਾਰੀ
ਸੱਜਣ ਹੁੰਦੇ ਚੜ੍ਹਿਆ ਸੂਰਜ
ਚਾਨਣ ਦੀ ਫੁੱਲਕਾਰੀ
ਸੱਜਣ ਹੁੰਦੇ ਚੰਨ ਪੁੰਨਿਆਂ ਦਾ
ਰਿਸ਼ਮਾਂ ਦੀ ਪਿਚਕਾਰੀ
ਸੱਜਣ ਹੁੰਦੇ ਤਾਜ ਸਿਰਾਂ ਦਾ
ਤੇ ਸਾਂਝਾਂ ਦੀ ਸਿਰਦਾਰੀ
ਸੱਜਣ ਦਰਿਆ ਦਾ ਵਹਿੰਦਾ ਪਾਣੀ
ਨਿੱਤ ਲਗਾਈਏ ਤਾਰੀ
ਸੱਜਣ ਹੁੰਦੇ ਅੰਬਰ ਦੀ ਚਾਦਰ
ਰੰਗਣ ਵਾਲੇ ਲਲਾਰੀ
ਸੱਜਣ ਹੁੰਦੇ ਧਰਤੀ ਜਿਹੇ
ਨਿਆਮਤਾਂ ਭਰੀ ਪਟਾਰੀ
ਸੱਜਣ ਹੁੰਦੇ ਰੁਮਕਦੀ ਪੌਣ
ਸਾਹਾਂ ਦੀ ਅਸਵਾਰੀ
ਸੱਜਣ ਨੈਣੀਂ ਸੁਪਨਿਆਂ ਵਰਗੇ
ਨਿੱਤ ਹੀ ਚੜ੍ਹੇ ਖੁਮਾਰੀ
ਸੱਜਣ ਹੁੰਦੇ ਮਹਿਕ ਚਮਨ ਦੀ
ਤੇ ਫੁੱਲਾਂ ਭਰੀ ਕਿਆਰੀ
ਸੱਜਣ ਹੁੰਦੇ ਰੂਹ ਦੀ ਨਗਰੀ
ਸੁੱਖਨਾਂ ਸੰਗ ਸਿ਼ੰਗਾਰੀ
ਸੱਜਣ ਹੁੰਦੇ ਨਿੱਘ ਬੁੱਕਲ ਦਾ
ਪਾਕ ਦਿਲ-ਏ-ਦਿਲਦਾਰੀ
ਸੱਜਣ ਹੁੰਦੇ ਸੋਚ-ਸਮਝ ਦੀ
ਨਿੱਭਦੀ ਹਿੱਸੇਦਾਰੀ
ਸੱਜਣ ਹੁੰਦੇ ਮਨਾਂ ਦੀ ਮਸਤੀ
ਤੇ ਅੰਦਰ ਦੀ ਰੂਹਦਾਰੀ
ਤੇ ਸੱਜਣ ਅੰਦਰ ਜਗਦਾ ਦੀਵਾ
ਵੰਡੇ ਕਿਰਨ-ਕਰਤਾਰੀ।
ਜਿੰ਼ਦਗੀ ਸਾਨੂੰ ਪਿਆਰੇ ਦੋਸਤ ਦਿੰਦੀ, ਪਰ ਇਹ ਖੂਬਸੂਰਤ ਸੱਜਣ ਹੀ ਹੁੰਦੇ ਜੋ ਜਿ਼ੰਦਗੀ ਨੂੰ ਹੋਰ ਹੁਸੀਨ, ਰੰਗੀਨ ਅਤੇ ਖੂਬਸੀਰਤ ਬਣਾਉਂਦੇ।
ਸੱਜਰੇ ਸੱਜਣ ਦੀ ਉਡੀਕ ਵਿਚ ਕੋਈ ਸੱਜਣ ਹੀ ਵਾਸਤਾ ਪਾ ਸਕਦਾ ਕਿ ਐ ਕਾਲੀ ਘਟਾ! ਅਜੇ ਨਾ ਬਰਸ ਕਿ ਮੇਰਾ ਸੱਜਣ ਆ ਨਾ ਸਕੇ। ਜਦ ਆ ਗਿਆ ਤਾਂ ਇੰਨਾ ਬਰਸੀਂ ਕਿ ਉਹ ਜਾ ਨਾ ਸਕੇ।
ਸੱਜਣਤਾਈ ਦੀ ਸਰਗਮ ਵਿਚ ਖੁਦ ਨੂੰ ਸੁਰਬੱਧ ਕਰਨ ਵਾਲੇ ਅਤੇ ਇਸ ਨੂੰ ਜੀਵਨ-ਨਾਦ ਦਾ ਹਿੱਸਾ ਬਣਾਉਣ ਵਾਲੇ ਸਾਹ-ਸੰਗੀਤਕਤਾ ਦਾ ਸੁੱਚਾ ਨਗਮਾ। ਉਨ੍ਹਾਂ ਦੇ ਬੋਲਾਂ, ਅੰਦਾਜ਼, ਅਲਫਾਜ਼ ਅਤੇ ਪਰਵਾਜ਼ ਵਿਚੋਂ ਜਿ਼ੰਦਗੀ ਦੀ ਝੋਲੀ ਵਿਚ ਸਭੈ ਨਿਆਮਤਾਂ ਤੇ ਖੈਰਾਂ ਪੈਂਦੀਆਂ।
ਕੋਸਿ਼ਸ਼ ਕਰੀਏ ਕਿ ਅਸੀਂ ਵੀ ਇਨ੍ਹਾਂ ਬਖਸਿ਼ਸ਼ਾਂ ਅਤੇ ਬਰਕਤਾਂ ਦੇ ਭਾਗੀਦਾਰ ਬਣੀਏ।