ਇੰਜੀਨੀਅਰ ਈਸ਼ਰ ਸਿੰਘ
ਫੋਨ: 647-640-2014
ਮਹਾਂਪੁਰਖ ਅਤੇ ਫਿਲਾਸਫਰ ਇਹ ਦੱਸ ਕੇ ਕਿ ਸੰਸਾਰ ਦੁੱਖਾਂ ਅਤੇ ਸੁੱਖਾਂ ਦਾ ਮਿਸ਼ਰਣ ਹੈ, ਸਾਨੂੰ ਨਸੀਹਤ ਕਰਦੇ ਹਨ ਕਿ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ, ਇਸ ਜੀਵਨ ਨੂੰ ਖਿੜੇ ਮੱਥੇ ਜੀਓ ਅਤੇ ਨਾਲ ਹੀ ਆਪਣੇ ਪਰਮਾਰਥੀ ਤੇ ਸੰਸਾਰਕ ਫਰਜ਼ ਵੀ ਪੂਰੇ ਕਰੋ। ਅੱਗੇ ਦਸਦੇ ਹਨ ਕਿ ਮਨੁੱਖਾ-ਜਨਮ ਬਹੁਤ ਸ੍ਰੇਸ਼ਠ ਅਤੇ ਵਡਮੁੱਲੀ ਦਾਤ ਹੈ ਅਤੇ ਸਾਡਾ ਸਰੀਰ ਜਿਉਂਦੇ ਰੱਬ ਦਾ ਘਰ ਹੈ, ਪਰ ਮਨੁੱਖ ਆਪ ਮੂਰਖ, ਅਣਜਾਣ, ਅੰਨ੍ਹਾ, ਕਪਟੀ, ਪਖੰਡੀ ਅਤੇ ਹੋਰ ਅਨੇਕਾਂ ਔਗੁਣਾਂ-ਵਿਕਾਰਾਂ-ਕਮਜ਼ੋਰੀਆਂ ਦਾ ਭਰਿਆ ਹੋਇਆ ਹੈ।
ਇਹ ਵੀ ਦੱਸਦੇ ਹਨ ਕਿ ਸੰਸਾਰ ਨੂੰ ਬਣਾਉਣ ਅਤੇ ਚਲਾਉਣ ਵਾਲੀ ਹਸਤੀ ਸਰਬ-ਸਮਰੱਥ, ਦਿਆਲੂ, ਬਖਸ਼ਣਹਾਰ ਅਤੇ ਜਾਣਨਹਾਰ ਹੈ, ਹਾਲਾਂਕਿ ਸਾਨੂੰ ਸੰਸਾਰ ਦੇ ਵਰਤਾਰਿਆਂ ਵਿਚੋਂ ਇਸ ਦਾ ਕੋਈ ਪ੍ਰਮਾਣ ਨਹੀਂ ਮਿਲਦਾ ਅਤੇ ਨਾ ਹੀ ਸਮਝ ਆਉਂਦੀ ਹੈ ਕਿ ਕੁਦਰਤੀ ਆਫਤਾਂ ਦਾ ਕੀ ਕਾਰਨ ਹੈ ਅਤੇ ਸੰਸਾਰ ਵਿਚ ਚੰਗਿਆਂ ਨਾਲ ਮੰਦਾ ਕਿਉਂ ਹੋ ਰਿਹਾ ਹੈ! ਸਾਨੂੰ ਤਾਂ ਅਸੰਗਤੀਆਂ-ਭਰਪੂਰ ਇਹ ਸੰਸਾਰ ਤਰਕਹੀਣ ਲਗਦਾ ਹੈ ਅਤੇ ਇਸ ਵਿਚ ਰਹਿਣਾ ਬਹੁਤ ਔਖਾ ਲਗਦਾ ਹੈ।
ਸਾਡੀ ਇਸ ਸੋਚਣੀ ਵਿਚ ਗਲਤੀ ਵੀ ਕੋਈ ਨਹੀਂ ਕਿਉਂਕਿ ਮਹਾਂਪੁਰਖ ਖੁਦ ਇਸ ਸੰਸਾਰ ਨੂੰ ਨਿੰਦਦੇ ਹਨ ਅਤੇ ਇਸ ਵਿਚ ਰਹਿਣ ਦੀ ਔਖਿਆਈ ਦੀ ਗੱਲ ਨੂੰ ਕਬੂਲਦੇ ਹਨ, ਪਰ ਇਹ ਵੀ ਸੱਚਾਈ ਹੈ ਕਿ ਉਨ੍ਹਾਂ ਨੇ ਖੁਦ ਇਸ ਸੰਸਾਰ ਵਿਚ ਰਹਿ ਕੇ ਇਸ ਦੀ ਜ਼ਮੀਨੀ-ਹਕੀਕਤ ਨੂੰ ਦੇਖਿਆ ਹੈ ਅਤੇ ਸਾਡੇ ਵਾਂਗੂੰ ਦੁੱਖ-ਸੁੱਖ ਹੰਢਾਏ ਹਨ, ਸਗੋਂ ਸਾਡੇ ’ਤੋਂ ਵੀ ਕਿਤੇ ਵੱਧ। ਉਹ ਇਨ੍ਹਾਂ ਹਾਲਾਤ ਵਿਚੋਂ ਆਦਰਸ਼ ਢੰਗ ਨਾਲ ਲੰਘੇ ਹਨ ਅਤੇ ਸਾਨੂੰ ਖਿੜੇ-ਮੱਥੇ ਰਹਿ ਕੇ ਆਪੋ-ਆਪਣੇ ਫਰਜ਼ ਪੂਰੇ ਕਰਨ ਨੂੰ ਪ੍ਰੇਰਦੇ ਹਨ, ਸਗੋਂ ਇਥੋਂ ਤਕ ਸਮਝਾਉਂਦੇ ਹਨ ਕਿ ਸਾਡੇ ਜੀਵਨ ਦਾ ਮੁੱਖ ਮੰਤਵ ਹੀ ਇਸ ਨੂੰ ਹਰ ਪੱਖ ਤੋਂ ਸੰਵਾਰਨਾ ਹੈ।
ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਪ੍ਰਤਿਭਾਵਾਂ ਨੂੰ ਸਮਝੀਏ, ਆਪਣੇ ਔਗੁਣਾਂ-ਵਿਕਾਰਾਂ-ਕਮਜ਼ੋਰੀਆਂ ਦੀ ਸਵੈ-ਪੜਚੋਲ ਕਰੀਏ, ਦਰਪੇਸ਼ ਵੰਗਾਰਾਂ ਦਾ ਸਾਹਮਣਾ ਕਰੀਏ ਅਤੇ ਮਿਲੇ ਸੁਨਹਿਰੀ ਮੌਕਿਆਂ ਦਾ ਲਾਹਾ ਲਈਏ। ਇਸ ਤਰ੍ਹਾਂ ਆਪੋ-ਆਪਣੀ ਵਿਚਾਰਧਾਰਾ, ਰਹਿਣੀ-ਬਹਿਣੀ ਤੇ ਕਹਿਣੀ-ਕਰਨੀ ਨੂੰ ਹੋਰ ਨਿਖਾਰੀਏ ਅਤੇ ਨਵਾਂ, ਸੰਵਰਿਆ ਤੇ ਸੁਚੱਜਾ ‘ਦੂਸਰਾ’ ਜੀਵਨ ਸ਼ੁਰੂ ਕਰੀਏ। ਇਸ ਸੰਸਾਰ ਨੂੰ ਨਵੇਂ ਉਸਾਰੂ ਦ੍ਰਿਸ਼ਟੀਕੋਣ ਤੋਂ ਦੇਖਣਾ ਸਿੱਖੀਏ। ਇਸ ਬਦਲਾਓ ਦੀ ਮਹੱਤਤਾ ਕਰ ਕੇ ਹੀ ਇਸ ਤੋਂ ਬਾਅਦ ਦੇ ਜੀਵਨ ਨੂੰ ਭਾਵਾਰਥਕ ਪੱਖੋਂ ‘ਦੂਸਰਾ ਜਨਮ’ ਕਿਹਾ ਜਾਂਦਾ ਹੈ, ਜਦੋਂ ਕਿ ਆਵਾਗਉਣ ਜਾਂ ਪੁਨਰ-ਜਨਮ ਦੇ ਸਿਧਾਂਤ ਅਨੁਸਾਰ ਦੂਸਰੇ ਜਨਮ ਦਾ ਅਸਲ ਅਰਥ ਸਰੀਰਕ ਮੌਤ ਤੋਂ ਬਾਅਦ ਮਿਲਣ ਵਾਲਾ ਜੀਵਨ ਹੈ, ਜੋ ਸੰਕਲਪਾਤਮਕ ਹੈ। ਸੋ ਲੇਖ ਅਨੁਸਾਰ ‘ਦੂਸਰਾ ਜੀਵਨ’ ਕਿਸੇ ਖਾਸ ਘਟਨਾ, ਸਵੈ-ਪੜਚੋਲ, ਸੋਚ-ਵਿਚਾਰ ਜਾਂ ਬਾਹਰੀ ਪ੍ਰੇਰਨਾ ਤੋਂ ਬਾਅਦ, ਸੁਚੇਤ ਢੰਗ ਨਾਲ ਕੀਤੀਆਂ ਕੋਸ਼ਿਸ਼ਾਂ ਵਜੋਂ ਸੁਧਰਿਆ-ਸੰਵਰਿਆ ਜੀਵਨ ਹੈ। ਇਸ ਦੀ ਪ੍ਰਾਪਤੀ ਵਾਸਤੇ ਕਾਇਆ-ਕਲਪ, ਸਵੈ-ਸੁਧਾਰ, ਸਵੈ-ਵਿਕਾਸ ਜਾਂ ‘ਟਰਾਂਸਫਾਰਮੇਸ਼ਨ’ ਜ਼ਰੂਰੀ ਹੈ। ਵਿਹਾਰਕ ਪੱਖ ਤੋਂ ਇਸ ਦੀ ਤੁਲਨਾ ਵਿਚ ਮੌਤ ਤੋਂ ਬਾਅਦ ਦੇ ਜੀਵਨ ਦੀ ਖਾਸ ਅਹਿਮੀਅਤ ਨਹੀਂ, ਸਗੋਂ ਇਹ ਉਸ ਜੀਵਨ ਦੀ ਨੀਂਹ ਹੈ। ਇਹ ਸੁਧਾਰ-ਵਿਕਾਸ ਸਰੀਰਕ, ਮਾਨਸਿਕ ਜਾਂ ਆਤਮਿਕ ਪੱਖ ਦੀ ਤਰੱਕੀ ਵਾਸਤੇ, ਜੀਵਨ ਨੂੰ ਹੋਰ ਖੁਸ਼ਮਈ ਅਤੇ ਸਫਲ ਬਣਾਉਣ ਵਾਸਤੇ ਜਾਂ ਆਉਣ ਵਾਲੀ ਕਿਸੇ ਵੱਡੀ ਸਮੱਸਿਆ ਤੋਂ ਬਚਾਓ ਲਈ ਹੋ ਸਕਦਾ ਹੈ। ਕਈ ਵਾਰ ਤਾਂ ਸਾਡੀ ਜਾਣ-ਪਛਾਣ ਅੰਦਰ ਜਾਂ ਸਾਡੇ ਖੁਦ ਦੇ ਜੀਵਨ ਵਿਚ ਇਸ ਤਰ੍ਹਾਂ ਦਾ ਮੋੜ ਆ ਜਾਂਦਾ ਹੈ। ਇਸ ਦੀਆਂ ਸਭ ਖੇਤਰਾਂ-ਅਧਿਆਤਮਕ, ਸੰਸਾਰਕ, ਖੇਡ-ਜਗਤ, ਵਿਦਿਅਕ, ਸੰਗੀਤ, ਬਹਾਦਰੀ, ਸਮਾਜ-ਸੁਧਾਰ, ਸਨਅਤ ਆਦਿ ਅਤੇ ਹਰ ਦੇਸ਼, ਹਰ ਸਭਿਅਤਾ ਤੇ ਹਰ ਧਰਮ ਵਿਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ।
ਖਾਸ ਘਟਨਾਵਾਂ ਤੋਂ ਬਾਅਦ ਸੁਧਰੇ ਜੀਵਨ ਦੀਆਂ ਦੋ ਮਿਸਾਲਾਂ ’ਤੇ ਗੌਰ ਕਰਦੇ ਹਾਂ। ਸਿੱਖ ਇਤਿਹਾਸ ਅਨੁਸਾਰ ਗੁਰੂ ਅਮਰ ਦਾਸ ਜੀ ਮਹਾਰਾਜ ਜਨਮ ਤੋਂ ਹੀ ਧਾਰਮਿਕ ਬਿਰਤੀ ਅਤੇ ਦੁਨਿਆਵੀ ਸਿਆਣਪ ਦੇ ਮਾਲਿਕ ਸਨ। ਬਚਪਨ ਤੋਂ ਹੀ ਪਿਤਾ-ਪੁਰਖੀ ਧਰਮ-ਕਰਮ ਨੇਮ ਅਤੇ ਸੁਹਿਰਦਤਾ ਨਾਲ ਨਿਭਾਉਂਦੇ ਸਨ। ਆਖਰੀ ਵਾਰ ਗੰਗਾ-ਇਸ਼ਨਾਨ ਦੀ ਯਾਤਰਾ ਵਕਤ ਉਨ੍ਹਾਂ ਦੇ ਸਹਿ-ਯਾਤਰੀ ਵਲੋਂ ਇਹ ਪੁੱਛੇ ਜਾਣ ’ਤੇ ਕਿ ਉਨ੍ਹਾਂ ਦਾ ਗੁਰੂ ਕੌਣ ਹੈ, ਆਪ ਨੇ ਨਾਂਹ ਵਿਚ ਜਵਾਬ ਦਿੱਤਾ। ਸਹਿ-ਯਾਤਰੀ ਨੇ ਬਹੁਤ ਤ੍ਰਿਸਕਾਰ ਭਰੇ ਬਚਨ ਕਹੇ, ਜਿਸ ਨਾਲ ਆਪ ਜੀ ਦਾ ਹਿਰਦਾ ਬਹੁਤ ਦੁਖੀ ਹੋਇਆ। ਇਸ ਘਟਨਾ ਕਰ ਕੇ ਜੀਵਨ ਵਿਚ ਇੱਕ ਐਸਾ ਮੋੜ ਆਇਆ ਕਿ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ਰਨ ਵਿਚ ਪਹੁੰਚ ਗਏ। ਉਨ੍ਹਾਂ ਤੋਂ ਨਾਮ-ਦਾਨ ਦੀ ਪ੍ਰਾਪਤੀ ਕਰ ਕੇ ਅਤੇ ਉਨ੍ਹਾਂ ਦੀ ਹੀ ਸੰਗਤ ਵਿਚ ਰਹਿ ਕੇ ਪੂਰੀ ਤਨਦੇਹੀ ਨਾਲ ਇੰਨੀ ਸਰੀਰਕ ਅਤੇ ਅਧਿਆਤਮਕ ਮਿਹਨਤ ਕੀਤੀ ਕਿ 73 ਸਾਲ ਦੀ ਵੱਡੀ ਉਮਰ ਵਿਚ ਖੁਦ ਸਤਿਗੁਰੂ ਦੀ ਉੱਚ-ਪਦਵੀ ਨੂੰ ਪ੍ਰਾਪਤ ਹੋਏ। ਇਸ ਸਰੂਪ ਵਿਚ ਉਨ੍ਹਾਂ ਨੇ 22 ਸਾਲ ਸੰਗਤ ਨੂੰ ਪਰਮਾਰਥੀ ਅਤੇ ਦੁਨਿਆਵੀ ਰਹਿਨੁਮਾਈ ਬਖਸ਼ੀ। ਭਾਵੇਂ ਹਰ ਧਰਮ ਦੇ ਅਨੁਆਈਆਂ ਨੂੰ ਆਪੋ-ਆਪਣੇ ਧਰਮਾਂ ਵਿਚ ਇਸ ਤਰ੍ਹਾਂ ਦੀਆਂ ਮਿਸਾਲਾਂ ਮਿਲ ਜਾਂਦੀਆਂ ਹਨ, ਪਰ ਪੰਜਾਬੀ ਅਤੇ ਸਿੱਖ ਜਗਤ ਵਿਚ ‘ਦੂਸਰੇ ਜਨਮ’ ਦੀ ਇਹ ਅਦੁੱਤੀ ਮਿਸਾਲ ਹੈ। ਚੋਟੀ ਦੇ ਮਹਾਂਪੁਰਖ ਸਮੁੱਚੀ ਮਨੁੱਖਤਾ ਵਾਸਤੇ ਆਪਣਾ ਕਾਇਆ-ਕਲਪ ਕਰਦੇ ਹਨ ਅਤੇ ਉਨ੍ਹਾਂ ਦੇ ਜੀਵਨ ਸਾਡੇ ਵਾਸਤੇ ਚਾਨਣ-ਮੁਨਾਰੇ ਹੁੰਦੇ ਹਨ। ਸਾਡਾ ਮੰਤਵ ਉਨ੍ਹਾਂ ਤੱਕ ਪਹੁੰਚਣ ਤੋਂ ਨਹੀਂ ਹੁੰਦਾ, ਸਗੋਂ ਉਨ੍ਹਾਂ ਤੋਂ ਸੇਧ ਲੈ ਕੇ ਆਪੋ-ਆਪਣੀ ਸਮਰੱਥਾ ਅਤੇ ਹਾਲਾਤ ਅਨੁਸਾਰ ਆਪਣੇ ਇਸ ਜੀਵਨ ਦਾ ਕਾਇਆ-ਕਲਪ ਹੁੰਦਾ ਹੈ।
ਦੂਸਰੀ ਸੰਸਾਰਕ ਪੱਖ ਦੀ ਇੱਕ ਬਹੁਤ ਹੀ ਦਿਲਚਸਪ ਅਤੇ ਵਧੀਆ ਮਿਸਾਲ ਨੋਬਲ ਪੁਰਸਕਾਰਾਂ ਦੇ ਸੰਸਥਾਪਕ ਸਵੀਡਨ ਨਿਵਾਸੀ, ਅਲਫਰੈੱਡ ਨੋਬਲ (1833-1896) ਦੀ ਹੈ। ਸਭ ਜਾਣਦੇ ਹਨ ਕਿ ਹਰ ਸਾਲ ਫਿਜਿਕਸ, ਕੈਮਿਸਟਰੀ, ਮੈਡੀਸਨ, ਸਾਹਿਤ, ਸ਼ਾਂਤੀ ਅਤੇ ਅਰਥ-ਸ਼ਾਸਤਰ ਦੇ ਖੇਤਰਾਂ ਵਿਚ ਦਿੱਤੇ ਜਾਣ ਵਾਲੇ ਇਹ ਸਭ ਤੋਂ ਵੱਡੇ ਅਤੇ ਸਭ ਤੋਂ ਸਤਿਕਾਰਤ ਪੁਰਸਕਾਰ ਹਨ। ਅਲਫਰੈੱਡ ਨੋਬਲ ਬਹੁਤ ਸਫਲ ਇੰਜੀਨੀਅਰ, ਆਵਿਸ਼ਕਾਰ-ਕਰਤਾ ਅਤੇ ਸਨਅਤਕਾਰ ਸੀ, ਜਿਸ ਨੇ ਡਾਇਨਾਮਾਈਟ ਬਾਰੂਦ ਸਣੇ ਹੋਰ ਅਨੇਕਾਂ ਖੋਜਾਂ ਕੀਤੀਆਂ ਤੇ ਅਥਾਹ ਕਮਾਈ ਕੀਤੀ। ਡਾਇਨਾਮਾਈਟ ਭਾਵੇਂ ਉਸਾਰੀ ਦੇ ਵੱਡੇ ਕੰਮਾਂ ਵਾਸਤੇ ਬਣਾਇਆ ਗਿਆ ਸੀ, ਪਰ ਇਸ ਦੀ ਲੜਾਈਆਂ ਵਿਚ ਵੀ ਬਹੁਤ ਦੁਰਵਰਤੋਂ ਹੋਈ, ਜਿਸ ਕਰ ਕੇ ਅਲਫਰੈੱਡ ਨੋਬਲ ਦਾ ਵਿਰੋਧ ਵੀ ਬਹੁਤ ਹੁੰਦਾ ਸੀ। 1888 ਵਿਚ ਉਸ ਦੇ ਛੋਟੇ ਭਰਾ ਲੁਡਵਿਗ ਦੀ ਮੌਤ ਹੋ ਗਈ, ਪਰ ਅਖਬਾਰ ਨੇ ਗਲਤੀ ਨਾਲ ਅਲਫਰੈੱਡ ਨੋਬਲ ਦੀ ਮੌਤ ਦੀ ਖਬਰ ਛਾਪ ਦਿੱਤੀ ਅਤੇ ਉਸ ਨੂੰ ‘ਮੌਤ ਦਾ ਸੌਦਾਗਰ’ ਕਹਿ ਕੇ ਬਹੁਤ ਭੰਡਿਆ ਗਿਆ। ਉਹ ਆਪਣੀ ਬਦਨਾਮੀ ਨਾਲ ਇੰਨਾ ਦੁਖੀ ਹੋਇਆ ਕਿ ਉਸ ਨੇ ਇਹ ਕਲੰਕ ਧੋਣ ਦਾ ਮਨ ਬਣਾ ਲਿਆ ਅਤੇ ਆਪਣੀ ਧਨ-ਦੌਲਤ ਦੀ ਇੱਕ ਫਾਊਂਡੇਸ਼ਨ ਬਣਾ ਕੇ ਇਨ੍ਹਾਂ ਪੁਰਸਕਾਰਾਂ ਦੀ ਸਥਾਪਨਾ ਕਰਨ ਦੀ ਵਸੀਅਤ ਕਰ ਦਿੱਤੀ। ਇਸ ਤਰ੍ਹਾਂ ਅਲਫਰੈੱਡ ਨੋਬਲ ਨੇ ‘ਦੂਸਰੇ ਜਨਮ’ ਵਿਚ ਆਪਣੀ ਧਨ-ਦੌਲਤ ਦੀ ਸਹੀ ਵਰਤੋਂ ਕਰ ਕੇ ਸੰਸਾਰ ਦੀ ਤਰੱਕੀ ਵਿਚ ਬਹੁਤ ਯੋਗਦਾਨ ਪਾਇਆ। ਵਿਸ਼ਵ ਇਤਿਹਾਸ ਵਿਚ ਇਸ ਤਰ੍ਹਾਂ ਦੀਆਂ ਹੋਰ ਅਨੇਕਾਂ ਮਿਸਾਲਾਂ ਹਨ, ਜਿਵੇਂ ਕਿ ਮਹਾਰਾਜਾ ਅਸ਼ੋਕ, ਮਹਾਤਮਾ ਗਾਂਧੀ, ਡਾ. ਮਾਰਟਿਨ ਲੂਥਰ ਕਿੰਗ ਅਤੇ ਨੈਲਸਨ ਮੰਡੇਲਾ ਆਦਿ।
ਜਰੂਰੀ ਨਹੀਂ ਕਿ ਕਾਇਆ-ਕਲਪ ਦੀ ਪ੍ਰਕਿਰਿਆ ਕਿਸੇ ਖਾਸ ਘਟਨਾ ਤੋਂ ਬਾਅਦ ਹੀ ਸ਼ੁਰੂ ਹੋਵੇ। ਜੇ ਆਪਾਂ ਲੋੜੀਂਦੀ ਤੀਬਰਤਾ ਨਾਲ ਇਸ ਦੇ ਇਛੁੱਕ ਹੋਈਏ ਤਾਂ ਰੋਜ਼ ਦੀਆਂ ਆਮ ਘਟਨਾਵਾਂ ਵਿਚੋਂ ਹੀ ਕੋਈ ਖਾਸ ਬਣ ਜਾਂਦੀ ਹੈ। ਇਸ ਸਬੰਧ ਵਿਚ ‘ਆਨੰਦ ਮਾਰਗ’ ਕਿਤਾਬ (ਅਨੁਵਾਦ ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ) ਦੀਆਂ ਸਿੱਖਿਆਵਾਂ ਵਿਚੋਂ ਦੋ ਮੁੱਖ ਵਿਚਾਰ ਇਹ ਹਨ:
‘ਦੂਸਰਾ ਜਨਮ’ ਧਾਰਨ ਕਰਨਾ ਅਰਥਾਤ ਆਪਾ-ਸੁਧਾਰ ਰਾਹੀਂ ਕਾਇਆ-ਕਲਪ ਕਰਨਾ ਸਾਡਾ ਫਰਜ਼ ਵੀ ਹੈ ਤੇ ਇਹ ‘ਸੰਭਵ’ ਵੀ ਹੈ; ਇਸ ਵਾਸਤੇ ਉਮਰ, ਦੇਸ਼, ਧਰਮ, ਸਮੇਂ ਜਾਂ ਕਿਸੇ ਅਲੌਕਿਕ ਸ਼ਕਤੀ ਵਿਚ ਭਰੋਸੇ ਜਾਂ ਨਾ-ਭਰੋਸੇ ਦੀ ਕੋਈ ਭੂਮਿਕਾ ਨਹੀਂ।
ਖਾਸ ਘਟਨਾ ਦੀ ਨਿਸ਼ਾਨਦੇਹੀ ਲਈ ਮਾਨਸਿਕ ਤੌਰ ’ਤੇ ਤਿਆਰ-ਬਰ-ਤਿਆਰ ਰਹਿਣਾ ਅਤੇ ਇਸ ਦੀ ਪਛਾਣ ਤੋਂ ਬਾਅਦ ਕਿਸੇ ਜਾਣਕਾਰ ‘ਗਾਈਡ’ ਦੀ ਅਗਵਾਈ ਵਿਚ ਸੁਚੇਤ ਅਤੇ ਨਿਰੰਤਰ ਮਿਹਨਤ ਕਰਨਾ। ਇਸ ਕੰਮ ਵਾਸਤੇ ‘ਗਾਈਡ’ ਦੀ ਬਹੁਤ ਮਹੱਤਤਾ ਹੈ ਅਤੇ ਸੁਚੇਤ ਢੰਗ ਦੀ ਬਹੁਤ ਜ਼ਰੂਰਤ ਹੈ; ਸਿਰਫ ਖੁਦ ਆਪ ਜਾਂ ਸਰਸਰੀ ਢੰਗ ਨਾਲ ਇਹ ਕੰਮ ਨਹੀਂ ਹੋ ਸਕਦਾ। ਇਸ ਵਾਸਤੇ ਲਾ-ਪਰਵਾਹੀ, ਸੁਸਤੀ ਅਤੇ ਨੀਂਦ ਵਰਗੀਆਂ ਕਮਜ਼ੋਰੀਆਂ ਦੇ ਨਾਲ-ਨਾਲ ਹੋਰ ਰਸਾਂ-ਕਸਾਂ ਅਤੇ ਮੌਜ-ਮਸਤੀਆਂ ਵਿਚ ਵਰਤੀਆਂ ਜਾ ਰਹੀਆਂ ਕੀਮਤੀ ਸ਼ਕਤੀਆਂ ਅਤੇ ਰੁਚੀਆਂ ਨੂੰ ਵੀ ਨਵੀਂ ਦਿਸ਼ਾ ਦੇਣੀ ਹੁੰਦੀ ਹੈ।
ਅਸੀਂ ਕਾਇਆ-ਕਲਪ ਦੀ ਮਹੱਤਤਾ ਅਤੇ ਸੰਭਵਤਾ ਨੂੰ ਇਸ ਕਰ ਕੇ ਨਹੀਂ ਸਮਝ ਪਾ ਰਹੇ, ਕਿਉਂਕਿ ਅਸੀਂ ਧਰਮਾਂ ਦੇ ਮੋਢੀ ਮਹਾਂ-ਪੁਰਖਾਂ ਦੀਆਂ ਸਿੱਖਿਆਵਾਂ ਨੂੰ ਪੜ੍ਹਨ ਅਤੇ ਸਮਝਣ ਦੇ ਜ਼ਰੂਰੀ ਕੰਮ ਨੂੰ ਖੁਦ ਕਰਨ ਦੀ ਥਾਂ, ਧਰਮ ਦੇ ਅਖੌਤੀ ਠੇਕੇਦਾਰਾਂ ਕੋਲ ‘ਆਊਟ ਸੋਰਸ’ ਕੀਤਾ ਹੋਇਆ ਹੈ। ਉਨ੍ਹਾਂ ਨੇ ਉਲਟਾ ਸਾਨੂੰ, ਸਾਡੀ ਕਿਸਮਤ ਬਦਲ ਕੇ ਸਾਡੇ ਇਸ ਜੀਵਨ ਨੂੰ ਸੁਖਮਈ ਬਣਾਉਣ ਅਤੇ ਮੌਤ ਤੋਂ ਬਾਅਦ ਵਧੀਆ ਜੀਵਨ ਦੀ ਗਾਰੰਟੀ ਦੇ ਚੁੰਗਲ ਵਿਚ ਫਸਾ ਕੇ, ਇਸ ਕੰਮ ਨੂੰ ਸ਼ਕਤੀਸ਼ਾਲੀ ਵਪਾਰ ਬਣਾ ਰੱਖਿਆ ਹੈ। ਕਾਇਆ-ਕਲਪ ਵਾਸਤੇ ਉਨ੍ਹਾਂ ਦੇ ਚੁੰਗਲ ’ਚੋਂ ਨਿਕਲਣਾ ਜ਼ਰੂਰੀ ਹੈ ਅਤੇ ਚੁੰਗਲ ’ਚੋਂ ਨਿਕਲਣ ਵਾਸਤੇ ਇਨ੍ਹਾਂ ਦੋ ਗੱਲਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਵਿਚਾਰਨਾ ਜ਼ਰੂਰੀ ਹੈ:
ਕਿਸਮਤ ਜਾਂ ਪ੍ਰਾਲਬਧ: ਇਹ ਬਣਦੀ ਕਿਵੇਂ ਹੈ, ਇਸ ਬਾਰੇ ਵੱਖ ਵੱਖ ਫਲਸਫੇ ਹਨ, ਪਰ ਇਸ ਗੱਲ ’ਤੇ ਸਭ ਸਹਿਮਤ ਹਨ ਕਿ ਇਹ ਅਟੱਲ ਹੁੰਦੀ ਹੈ ਅਤੇ ਬਦਲੀ ਨਹੀਂ ਜਾ ਸਕਦੀ। ਇਸ ਦਾ ਇੱਕ ਵਿਗਿਆਨਕ ਕਾਰਨ ਇਹ ਹੈ ਕਿ ਹਰ ਇੱਕ ਦੀ ਕਿਸਮਤ ਅੱਗੇ ਸੈਂਕੜੇ ਹੋਰਾਂ ਨਾਲ ਅਤੇ ਅਨੇਕਾਂ ਹਾਲਤਾਂ ਨਾਲ ਜੁੜੀ ਹੁੰਦੀ ਹੈ। ਇਹ ਮੌਸਮ ਵਾਂਗੂੰ ਹੁੰਦੀ ਹੈ, ਇਸ ਦਾ ਇੰਤਜ਼ਾਮ ਕਰਨਾ ਹੀ ਸਿਆਣਪ ਹੈ ਅਤੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਸਾਨੂੰ ਇਸ ਇੰਤਜ਼ਾਮ ਦੀ ਤਿਆਰੀ ਵਾਸਤੇ ਸੁਮੱਤ ਦਿੰਦੀਆਂ ਹਨ। ਜੇ ਫਿਰ ਵੀ ਇਸ ਨੂੰ ਭੁਗਤਣਾ ਪਵੇ ਤਾਂ ਖਿੜੇ-ਮੱਥੇ ਇਹ ਸਭ ਕਰਨ ਵਾਸਤੇ ਸਹਿਣ-ਸ਼ਕਤੀ ਪ੍ਰਦਾਨ ਕਰਦੀਆਂ ਹਨ। ਆਪਾਂ ਕਿਸਮਤ ਬਦਲ ਕੇ ਜੀਵਨ ’ਚੋਂ ਸੁਖ ਅਤੇ ਖੁਸ਼ੀਆਂ ਲੱਭਦੇ ਹਾਂ, ਪਰ ਉਹ ਸਾਨੂੰ ਮੌਜੂਦਾ ਕਿਸਮਤ ਵਿਚੋਂ ਹੀ ਇਹ ਸਭ ਲੱਭਣਾ ਸਿਖਾ ਦਿੰਦੇ ਹਨ। ਅਸੀਂ ਥੋੜ੍ਹ-ਚਿਰੇ ਇੰਦਰਿਆਵੀ ਸੁਖ ਲੱਭਦੇ ਹਾਂ, ਜਦੋਂ ਕਿ ਉਹ ਸਾਨੂੰ ਸਦੀਵੀ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਣਾਏ ਸੁੱਖਾਂ ਵਲ ਮੋੜਦੇ ਹਨ। ਉਹ ਸਮਝਾਉਂਦੇ ਹਨ ਕਿ ਸੁੱਖ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਹੜਾ ਕੁਦਰਤ, ਇਨਸਾਨੀਅਤ ਤੇ ਸਮਾਜ ਦਾ ਅਨੁਸਾਰੀ ਹੋਵੇ ਅਤੇ ਜਿਸ ਦੀ ਕੋਈ ਦੂਰ-ਰਸ ਗਲਤ ਪ੍ਰਕਿਰਿਆ ਨਾ ਹੋਵੇ।
ਮੌਤ: ਨਿਰਸੰਦੇਹ ਮੌਤ ਇੱਕ ਅਸਲੀਅਤ ਹੈ ਅਤੇ ਇਸ ਦੇ ਯਕੀਨੀ ਹੋਣ ਦੇ ਬਾਵਜੂਦ ਇਸ ਦਾ ਕੋਈ ਸਮਾਂ, ਸਥਾਨ ਜਾਂ ਕਾਰਨ ਨਹੀਂ ਜਾਣਿਆ ਜਾ ਸਕਦਾ। ਇਸ ਦਾ ਸਮਾਧਾਨ ਅਸੰਭਵ ਅਤੇ ਇਸ ਬਾਰੇ ਬੇਲੋੜਾ ਗਿਆਨ ਵਿਅਰਥ ਹੈ। ਇਸ ਸੰਸਾਰ ਵਿਚ ਅਣਗਿਣਤ ਅਜਿਹੀਆਂ ਹੋਰ ਗੱਲਾਂ ਹਨ, ਜਿਨ੍ਹਾਂ ਦਾ ਪੂਰਾ ਗਿਆਨ ਨਾ ਹੁੰਦਿਆਂ ਵੀ ਅਸੀਂ ਇਹ ਜੀਵਨ ਵਧੀਆ ਢੰਗ ਨਾਲ ਜਿਉ ਰਹੇ ਹਾਂ।
ਕਾਇਆ-ਕਲਪ ਰਾਹੀਂ ‘ਦੂਸਰਾ-ਜੀਵਨ’ ਧਾਰਨ ਕਰਨ ਵਾਸਤੇ ਸਾਨੂੰ ਕਿਸਮਤ ਅਤੇ ਮੌਤ ਬਾਰੇ ਦਿਖਾਵੇ ਦੇ ਗੂੜ੍ਹ-ਗਿਆਨ ਦੀ ਲੋੜ ਨਹੀਂ, ਸਗੋਂ ਇਸ ਬੇ-ਲੋੜੀ ਉਤਸੁਕਤਾ ਨੇ ਹੀ ਸਾਨੂੰ ਅਸਲੀਅਤ ਤੋਂ ਦੂਰ ਕਰ ਕੇ ਪੁਜਾਰੀ-ਸ਼੍ਰੇਣੀ ਦੇ ਚੁੰਗਲ ’ਚ ਜਕੜਿਆ ਹੋਇਆ ਹੈ। ਅਸੀਂ ਪਰਮਾਰਥੀ ਮਾਹਿਰਾਂ ਵਲੋਂ ਸਮਝਾਈਆਂ ਚੋਣਵੀਆਂ ਜੁਗਤਾਂ ’ਤੇ ਸੁਹਿਰਦ ਅਮਲ ਕਰ ਕੇ ਇਹ ਸਭ ਕਰ ਸਕਦੇ ਹਾਂ। ਅਮਰੀਕਾ ਦੇ ਪ੍ਰਸਿੱਧ ਫਿਲਾਸਫਰ-ਲੇਖਕ ਮਾਰਕ ਟਵੇਨ ਦੀ ਪ੍ਰਸੰਗਕ ਟੂਕ ਹੈ, “ਲੋਕ ਬਾਈਬਲ ਦੀਆਂ ਉਨ੍ਹਾਂ ਗੱਲਾਂ ਦਾ ਫਿਕਰ ਕਰਦੇ ਹਨ, ਜਿਹੜੀਆਂ ਉਨ੍ਹਾਂ ਨੂੰ ਸਮਝ ਨਹੀਂ ਆਉਂਦੀਆਂ, ਪਰ ਮੈਂ ਉਨ੍ਹਾਂ ਦਾ ਕਰਦਾ ਹਾਂ, ਜਿਹੜੀਆਂ ਮੇਰੇ ਸਮਝ ’ਚ ਆ ਗਈਆਂ ਹਨ।”
ਸਾਰ-ਤੱਤ ਇਹ ਕਿ ਸੰਸਾਰਕ ਅਸੰਗਤੀਆਂ ਦੇ ਗਿਆਨ ਤੋਂ ਬਿਨਾ ਵੀ ਅਸੀਂ ਇਸ ਜੀਵਨ ਨੂੰ ਪ੍ਰਸੰਨ-ਚਿੱਤ ਅਤੇ ਸੁਚੱਜਾ ਬਣਾ ਅਤੇ ਸੰਵਾਰ ਸਕਦੇ ਹਾਂ, ਭਾਵ ‘ਦੂਸਰਾ ਜੀਵਨ’ ਧਾਰਨ ਕਰ ਸਕਦੇ ਹਾਂ। ਆਪਾਂ ਨੂੰ ਸੁਚੇਤ ਅਤੇ ਸੁਹਿਰਦ ਢੰਗ ਨਾਲ ਇਸ ਤਰ੍ਹਾਂ ਕਰਨ ਦੀ ਬਹੁਤ ਲੋੜ ਹੈ, ਕਿਉਂਕਿ ਸਾਡੀ ਅਜੋਕੀ ਜੀਵਨ-ਸ਼ੈਲੀ, ਦਰਪੇਸ਼ ਸਮੱਸਿਆਵਾਂ ਦੇ ਹੱਲ ਦੀ ਥਾਂ ਇਨ੍ਹਾਂ ਨੂੰ ਵਧਾ ਅਤੇ ਗੁੰਝਲਦਾਰ ਕਰ ਰਹੀ ਹੈ। ਅੱਜ ਦਾ ਸੰਸਾਰ ਪੱਛਮੀ ਤਰਜ਼ ਦੀ ਤਰੱਕੀ ਅਤੇ ਬੇ-ਲਗਾਮ ਸਾਇੰਸੀ ਖੋਜਾਂ ਕਰ ਕੇ ਅਭੂਤ-ਪੂਰਵ ਸਮੱਸਿਆਵਾਂ ਵਿਚ ਘਿਰਿਆ ਹੋਇਆ ਹੈ, ਜਿਨ੍ਹਾਂ ਦਾ ਹੱਲ ਇਕੱਲੀ ਸਾਇੰਸ ਖੁਦ ਨਹੀਂ ਕਰ ਸਕਦੀ। ਇਸ ਨੂੰ ਅਧਿਆਤਮਵਾਦ ਦੀ ਰਹਿਨੁਮਾਈ ਵਿਚ ਰੱਖ ਕੇ, ‘ਧਰਤੀ ਇੱਕ ਪਰਿਵਾਰ’ (ਵਸੁਧੈਵ ਕੁਟੁੰਬਕਮ) ਅਤੇ ‘ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ’ ਦੇ ਸਿਧਾਤਾਂ ’ਤੇ ਸੁਹਿਰਦਤਾ ਨਾਲ ਅਮਲ ਕਰਨ ਦੀ ਲੋੜ ਹੈ। ਇਸ ਤਰ੍ਹਾਂ ਅਸੀਂ ਇਸ ਜਨਮ ਦੇ ਰਹਿੰਦੇ ਹਿੱਸੇ ਨੂੰ ਸੰਵਾਰ ਕੇ, ਇਸ ਨੂੰ ਸੁਖਮਈ ਅਤੇ ਸਫਲ ਬਣਾਉਣ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤ ਵਿਚ ਹੁਣ ਤੋਂ ਵਧੀਆ ਸੰਸਾਰ ਦੇਣ ਦੇ ਮੁੱਖ ਫਰਜ਼ ਨੂੰ ਨਿਭਾਅ ਸਕਾਂਗੇ।