ਬੈਚ ਫੁੱਲ ਵਾਟਰ ਵਾਇਓਲੈਟ: ਮਗਰੂਰ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ 408-634-2310
ਬੈਚ ਫੁੱਲ ਦਵਾਈਆਂ ਵਿਚ ਕਿਸੇ ਦਵਾਈ ਦਾ ਪੂਰਾ ਭੇਤ ਇਕ, ਦੋ ਜਾਂ ਕੁਝ ਸ਼ਬਦਾਂ ਦੀ ਵਰਤੋਂ ਨਾਲ ਨਹੀਂ ਦਰਸਾਇਆ ਜਾ ਸਕਦਾ। ਇਸ ਤਰ੍ਹਾਂ ਕਰਨਾ ਇਕ ਗਲਤ ਪ੍ਰਥਾ ਹੈ, ਪਰ ਮਜ਼ਬੂਰੀ ਵੱਸ ਇਸ ਦੀ ਵਰਤੋਂ ਕਰਨੀ ਪੈਂਦੀ ਹੈ। ਵਾਟਰ ਵਾਇਓਲੈਟ (ੱਅਟੲਰ ੜੋਲਿੲਟ) ਜੋ ਹੋਟੋਨੀਆ ਪਾਲਸਟ੍ਰੀਸ (੍ਹੋਟਟੋਨਅਿ ਫਅਲੁਸਟਰਸਿ) ਨਾਮਕ ਪੌਦੇ ਦੇ ਫੁੱਲਾਂ ਤੋਂ ਬਣੀ ਦਵਾਈ ਹੈ, ਨੂੰ ਹੀ ਲੈ ਲਵੋ, “ਮਗਰੂਰੀ” ਜਿਹਾ ਇੱਕਲਾ ਸ਼ਬਦ ਇਸ ਦਾ ਸਹੀ ਪ੍ਰਤੀਨਿਧਤਾ ਨਹੀਂ ਕਰ ਸਕਦਾ। ਇਹ ਇਸ ਲਈ ਕਿ ਇਹ ਇਕ ਬਹੁ-ਪੱਖੀ ਤੇ ਬਹੁ-ਪ੍ਰਭਾਵੀ ਦਵਾਈ ਹੈ। ਇਸ ਦੇ ਚੰਗੇ-ਮਾੜੇ ਕਈ ਪਹਿਲੂ ਹਨ, ਜੋ ਇਕ ਜਾਂ ਦੋ ਸ਼ਬਦਾਂ ਵਿਚ ਸੰਚਿਤ ਨਹੀਂ ਕੀਤੇ ਜਾ ਸਕਦੇ। ਹਾਂ, ਇਸ ਦੇ ਕਿਰਦਾਰ ਵਾਲਾ ਵਿਅਕਤੀ ਬਹੁਤ ਹੀ ਸ਼ਾਨਦਾਰ ਗੁਣਾਂ ਵਾਲਾ ਹੁੰਦਾ ਹੈ। ਇਕ ਲੇਖੇ ਤਾਂ ਸਾਰੀਆਂ ਬੈਚ ਦਵਾਈਆਂ ਵਿਚੋਂ ਸਭ ਤੋਂ ਵਧੀਆ ਤੇ ਨੇਕ ਇਨਸਾਨ ਇਸੇ ਫੁੱਲ ਦਵਾਈ ਦੇ ਸੁਭਾਅ ਵਾਲਾ ਹੁੰਦਾ ਹੈ। ਜੇ ਇਸ ਦੇ ਸਦਗੁਣਾਂ ਨੂੰ ਵਾਚੀਏ ਤਾਂ ‘ਮਗਰੂਰ’ ਸ਼ਬਦ ਉੱਦਾਂ ਹੀ ਵਾਧੂ ਤੇ ਕਸੂਤਾ ਲਗਦਾ ਹੈ, ਪਰ ਜਦੋਂ ਇਸ ਦੇ ਬਿਮਾਰ ਪੱਖ `ਤੇ ਨਜ਼ਰ ਮਾਰੀਏ ਤਾਂ ਇਸ ਤੋਂ ਵੱਧ ਢੁਕਵਾਂ ਕੋਈ ਸ਼ਬਦ ਲੱਭਦਾ ਹੀ ਨਹੀਂ।

ਵਾਟਰ ਵਾਇਓਲੈਟ ਦੇ ਸੁਭਾਅ ਵਾਲਾ ਵਿਅਕਤੀ ਘੱਟ ਬੋਲਣ ਵਾਲਾ ਤੇ ਇਕਾਂਤ ਪਸੰਦ ਹੁੰਦਾ ਹੈ। ਉਹ ਸਵੈਮਾਨੀ ਤੇ ਗਿਆਨਵਾਨ ਹੁੰਦਾ ਹੈ। ਉਹ ਸੁਤੰਤਰ ਵਿਚਾਰਾਂ ਵਾਲਾ ਤੇ ਨਿਆਂਪਸੰਦ ਵਿਅਕਤੀ ਹੁੰਦਾ ਹੈ, ਜੋ ਨਾ ਦੂਜਿਆਂ ਦੇ ਕੰਮਾਂ ਵਿਚ ਦਖਲ ਦਿੰਦਾ ਹੈ ਤੇ ਨਾ ਆਪਣੇ ਕੰਮਾਂ ਵਿਚ ਕਿਸੇ ਦਾ ਦਖਲ ਕਬੂਲਦਾ ਹੈ। ਉਹ ਸਿਆਣਪ ਦੀ ਗੁਥਲੀ ਹੁੰਦਾ ਹੈ, ਪਰ ਦੂਜਿਆਂ ਨੂੰ ਬਿਨਾ ਮੰਗੇ ਸਲਾਹਾਂ ਦੇਣ ਦਾ ਆਦੀ ਨਹੀਂ ਹੁੰਦਾ। ਉਹ ਆਪਣੀ ਸਿਖਿਆ ਤੇ ਰੁਤਬੇ ਦਾ ਲਿਹਾਜ਼ ਕਰਦਾ ਹੋਇਆ ਦੂਜਿਆਂ ਤੋਂ ਦੂਰੀ ਬਣਾ ਕੇ ਰੱਖਦਾ ਹੈ, ਪਰ ਜੇ ਕਿਸੇ ਨੂੰ ਲੋੜ ਪਵੇ ਤਾਂ ਹਲੀਮੀ ਨਾਲ ਮਦਦ ਕਰਦਾ ਹੈ। ਅਜਿਹਾ ਸੰਜਮੀ ਤੇ ਗੁਣਵਾਨ ਵਿਅਕਤੀ ਲੱਭਣ ਗਿਆਂ ਵੀ ਨਹੀਂ ਮਿਲਦਾ, ਪਰ ਜਦੋਂ ਉਸ ਦੀਆਂ ਆਦਤਾਂ ਹਿੱਲ ਜਾਣ ਤਾਂ ਉਸ ਦੇ ਇਹੀ ਗੁਣ ਰਿਣਾਤਮਿਕ ਹੋ ਜਾਂਦੇ ਹਨ। ਉਹ ਆਪਣੇ ਆਪ ਵਿਚ ਸੁੰਗੜ ਜਾਂਦਾ ਹੈ, ਮਗਰੂਰ ਬਣ ਜਾਂਦਾ ਹੈ ਤੇ ਦੂਜਿਆਂ ਨਾਲ ਸੰਪਰਕ ਖੋ ਬੈਠਦਾ ਹੈ। ਭਾਵੇਂ ਉਸ ਲਈ ਇਹ ਔਗੁਣ ਕੋਈ ਵਧੇਰੇ ਹਾਨੀਕਾਰਕ ਨਾ ਵੀ ਹੋਣ ਤਾਂ ਵੀ ਜੇ ਉਹ ਆਪਣੇ ਵਿਗੜੇ ਅੰਦਰੂਨੀ ਤਵਾਜ਼ਨ ਨੂੰ ਸਹੀ ਕਰਨਾ ਚਾਹੁੰਦਾ ਹੋਵੇ ਤਾਂ ਉਸ ਕੋਲ ਫੁੱਲ ਦਵਾਈ ਵਾਟਰ ਵਾਇਓਲੈਟ ਲੈਣ ਤੋਂ ਬਿਨਾ ਕੋਈ ਚਾਰਾ ਨਹੀਂ।
ਡਾ. ਬੈਚ ਵੀ ਇਹੀ ਕਹਿੰਦੇ ਹਨ। ਉਨ੍ਹਾਂ ਅਨੁਸਾਰ ਇਹ ਦਵਾਈ ਉਨ੍ਹਾਂ ਲਈ ਹੈ ਜੋ, “ਸਿਹਤਮੰਦੀ ਜਾਂ ਬਿਮਾਰੀ ਵਿਚ ਇਕਾਂਤ ਭਾਲਦੇ ਹਨ। ਉਹ ਖਾਮੋਸ਼ ਲੋਕ ਹੁੰਦੇ ਹਨ, ਜੋ ਚੁੱਪ ਚਾਪ ਰਹਿੰਦੇ ਹਨ, ਘੱਟ ਬੋਲਦੇ ਹਨ, ਮਿਠਬੋਲੜੇ ਹੁੰਦੇ ਹਨ। ਉਹ ਸੁਤੰਤਰ, ਸਮਰੱਥ ਤੇ ਆਤਮ-ਨਿਰਭਰ ਹੁੰਦੇ ਹਨ। ਉਹ ਦੂਜਿਆਂ ਦੀ ਰਾਏ ਦੇ ਮੁਥਾਜ ਨਹੀਂ ਹੁੰਦੇ। ਉਹ ਦੂਜਿਆਂ ਤੋਂ ਦੂਰੀ ਬਣਾ ਕੇ ਰੱਖਦੇ ਹਨ, ਉਨ੍ਹਾਂ ਦੇ ਝਮੇਲਿਆਂ ਵਿਚ ਨਹੀਂ ਪੈਂਦੇ ਅਤੇ ਆਪਣੀ ਸਲਾਹ ਨਾਲ ਚਲਦੇ ਹਨ। ਉਹ ਆਮ ਤੌਰ `ਤੇ ਚੁਸਤ ਤੇ ਸਮਝਦਾਰ ਹੁੰਦੇ ਹਨ। ਉਨ੍ਹਾਂ ਦਾ ਸ਼ਾਂਤਮਈ ਤੇ ਅਡੋਲ ਸੁਭਾਅ ਆਲੇ ਦੁਆਲੇ ਦੇ ਲੋਕਾਂ ਲਈ ਵਰਦਾਨ ਹੁੰਦਾ ਹੈ।”
ਡਾ. ਬੈਚ ਦੀ ਵਾਟਰ ਵਾਇਓਲੈਟ ਦੇ ਸੁਭਾਅ ਦੀ ਇਹ ਪਰਿਭਾਸ਼ਾ ਕਿਸੇ ਵੱਡੇ ਰਹੱਸ ਦਾ ਪ੍ਰਦਰਸ਼ਨ ਨਹੀਂ ਕਰਦੀ, ਭਾਵ ਬੜੀ ਸਪਸ਼ਟ ਜਿਹੀ ਹੈ, ਤਾਂ ਵੀ ਇਸ ਦੇ ਮੁੱਖ ਪਹਿਲੂਆਂ ਵੱਲ ਧਿਆਨ ਦੇਣਾ ਬਣਦਾ ਹੈ। ਪਹਿਲਾਂ ਇਸ ਦੇ ਵਿਅਕਤੀਤਵ ਵਾਲੇ ਲੋਕ ਸਮਰੱਥ, ਆਤਮ-ਨਿਰਭਰ ਤੇ ਆਜ਼ਾਦ ਵਿਚਾਰਾਂ ਵਾਲੇ ਹੁੰਦੇ ਹਨ। ਉਹ ਆਪਣੇ ਪੈਰਾਂ `ਤੇ ਖੜ੍ਹੇ ਹੁੰਦੇ ਹਨ ਤੇ ਕੁਝ ਕਰ ਸਕਣ ਦਾ ਮਾਦਾ ਰੱਖਦੇ ਹਨ। ਦੂਜੇ, ਉਹ ਹੁਸ਼ਿਆਰ ਤੇ ਗੁਣਵਾਨ ਹੁੰਦੇ ਹਨ ਭਾਵ ਸੁਸਤ ਤੇ ਮੰਦਬੁੱਧੀ ਨਹੀਂ ਹੁੰਦੇ। ਜੇ ਇੱਦਾਂ ਹੋਣ ਤਾਂ ਉਹ ਆਪਣੇ ਪੈਰਾਂ `ਤੇ ਨਹੀਂ ਖੜ੍ਹ ਸਕਦੇ। ਤੀਜੇ ਉਹ ਦੂਜਿਆਂ ਦੀ ਰਾਇ ਤੋਂ ਅਣਭਿੱਜ ਰਹਿੰਦੇ ਹਨ ਤੇ ਆਪਣੀ ਸੋਚ ਅਨੁਸਾਰ ਚਲਦੇ ਹਨ। ਇਸ ਦਾ ਭਾਵ ਹੈ ਕਿ ਉਹ ਸਭ ਕੁਝ ਆਪ ਵਿਚਾਰ ਕੇ ਹੀ ਆਪਣੀ ਸਲਾਹ ਬਣਾਉਂਦੇ ਹਨ ਤੇ ਫਿਰ ਜੋ ਉਨ੍ਹਾਂ ਨੂੰ ਚੰਗਾ ਲੱਗੇ, ਉਹੀ ਕਰਦੇ ਹਨ। ਦੂਜਿਆਂ `ਤੇ ਨਿਰਭਰ ਵਿਅਕਤੀ ਆਪਣੀ ਸੋਚ ਅਨੁਸਾਰ ਨਹੀਂ ਚਲ ਸਕਦਾ। ਚੌਥੇ, ਉਹ ਖਾਮੋਸ਼ ਰਹਿ ਕੇ ਕੰਮ ਕਰਨ ਵਾਲੇ ਲੋਕ ਹੁੰਦੇ ਹਨ, ਜੋ ਆਪਣੇ ਕੰਮਾਂ ਤੀਕ ਸੀਮਤ ਰਹਿੰਦੇ ਹਨ। ਨਾ ਉਨ੍ਹਾਂ ਵਿਚ ਫੂੰ ਫਾਂ ਹੁੰਦੀ ਹੈ ਤੇ ਨਾ ਉਹ ਆਉਂਦੇ-ਜਾਂਦੇ ਰੜਕਦੇ ਹਨ ਤੇ ਨਾ ਉਹ ਕਿਸੇ ਨਾਲ ਖਹਿਬਾਜ਼ੀ ਕਰਦੇ ਹਨ। ਅਰਥਾਤ ਉਹ ਸੰਜੀਦਾ ਕਿਸਮ ਦੇ ਲੋਕ ਹੁੰਦੇ ਹਨ, ਜੋ ਬਿਨਾ ਕਿਸੇ ਸ਼ੋਰ ਸ਼ਰਾਬੇ ਦੇ ਖਾਮੋਸ਼ੀ ਨਾਲ ਕੰਮ ਕਰਨ ਦੇ ਆਦੀ ਹੁੰਦੇ ਹਨ।
ਪੰਜਵੇਂ, ਉਹ ਮਿੱਠੀ ਭਾਸ਼ਾ ਵਿਚ ਗੱਲ ਕਰਦੇ ਹਨ ਤੇ ਹਲੀਮੀ ਨਾਲ ਪੇਸ਼ ਆਉਂਦੇ ਹਨ। ਉਨ੍ਹਾਂ ਦਾ ਕਿਰਦਾਰ ਇੰਨਾ ਪ੍ਰਭਾਵਸ਼ਾਲੀ ਹੁੰਦਾ ਹੈ ਕਿ ਉਹ ਕਿਸੇ ਚੀਜ਼ ਤੋਂ ਘਬਰਾਉਂਦੇ ਨਹੀਂ ਤੇ ਮਾਨਵਤਾ ਦੇ ਪੱਧਰ ਤੋਂ ਡਿੱਗੀ ਗੱਲ ਨਹੀਂ ਕਰਦੇ। ਛੇਵੇਂ, ਉਹ ਦੂਜੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ ਤੇ ਉਨ੍ਹਾਂ ਦੇ ਕੰਮਾਂ ਵਿਚ ਦਖਲ ਨਹੀਂ ਦਿੰਦੇ। ਇਹ ਇਸ ਲਈ ਕਿ ਉਨ੍ਹਾਂ ਨੇ ਆਪਣੀ ਮਿਹਨਤ ਤੇ ਕਾਬਲੀਅਤ ਅਨੁਸਾਰ ਆਪਣਾ ਇਕ ਰੁਤਬਾ ਬਣਾਇਆ ਹੁੰਦਾ ਹੈ, ਜਿਸ ਤੋਂ ਉਹ ਬਾਹਰ ਨਹੀਂ ਜਾਂਦੇ। ਉਹ ਦੂਜਿਆਂ ਨੂੰ ਦੇਖਦੇ ਹਨ, ਉਨ੍ਹਾਂ ਦਾ ਦੁੱਖ-ਸੁੱਖ ਸਮਝਦੇ ਹਨ ਤੇ ਲੋੜ ਪੈਣ `ਤੇ ਉਨ੍ਹਾਂ ਨਾਲ ਚੰਗਾ ਬੋਲਦੇ ਹਨ, ਪਰ ਉਹ ਉਨ੍ਹਾਂ ਨਾਲ ਬਹੁਤਾ ਭਿੱਜਦੇ ਨਹੀਂ। ਭਾਵ ਉਨ੍ਹਾਂ ਦੇ ਅੰਗ-ਸੰਗ ਰਹਿੰਦੇ ਹੋਏ ਵੀ ਉਹ ਉਨ੍ਹਾਂ ਤੋਂ ਦੂਰ ਤੇ ਸੁਤੰਤਰ ਰਹਿੰਦੇ ਹਨ। ਉਹ ਉਨ੍ਹਾਂ ਦੇ ਕੰਮਾਂ ਵਿਚ ਦਖਲ ਨਹੀਂ ਦਿੰਦੇ, ਉਨ੍ਹਾਂ ਨਾਲ ਬੈਠ ਕੇ ਖਾਂਦੇ-ਪੀਂਦੇ ਨਹੀਂ ਤੇ ਉਨ੍ਹਾਂ ਵਾਂਗ ਹੱਲੇ-ਗੁੱਲੇ ਦੇ ਸ਼ੌਕੀਨ ਨਹੀਂ ਹੁੰਦੇ। ਸੱਤਵੇਂ, ਉਹ ਆਪਣੇ ਗਵਾਂਢੀਆਂ ਲਈ ਕਦੇ ਕੋਈ ਮੁਸ਼ਕਿਲ ਖੜ੍ਹੀ ਨਹੀਂ ਕਰਦੇ, ਸਗੋਂ ਉਨ੍ਹਾਂ ਦਾ ਸ਼ਾਂਤਮਈ ਸੁਭਾਅ ਪੜੌਸੀਆਂ ਲਈ ਫਖਰ ਤੇ ਪ੍ਰੇਰਣਾ ਦਾ ਸ਼੍ਰੋਤ ਬਣਦਾ ਹੈ। ਅੱਠਵੇਂ, ਉਨ੍ਹਾਂ ਦੀ ਤੰਦਰੁਸਤੀ ਦੀ ਅਵਸਥਾ ਤੇ ਬਿਮਾਰੀ ਦੀ ਹਾਲਤ ਦੋਹਾਂ ਵਿਚ ਧਨ-ਰਿਣ ਦੇ ਫਰਕ ਨਾਲ ਇਹ ਅਲਾਮਤਾਂ ਪਾਈਆਂ ਜਾਂਦੀਆਂ ਹਨ। ਭਾਵ ਜੇ ਉਹ ਤੰਦਰੁਸਤੀ ਵੇਲੇ ਦੂਜਿਆਂ ਤੋਂ ਦੂਰ ਰਹਿੰਦੇ ਹਨ ਤਾਂ ਬਿਮਾਰੀ ਦੀ ਅਵਸਥਾ ਵਿਚ ਵੀ ਉਹ ਆਪਣੀ ਦੇਖ-ਭਾਲ ਕਰਨ ਵਾਲਿਆਂ ਨਾਲ ਇੱਕ-ਮਿੱਕ ਨਹੀਂ ਹੁੰਦੇ। ਜੇ ਉਹ ਤੰਦਰੁਸਤੀ ਵੇਲੇ ਸੁਤੰਤਰ ਵਿਹਾਰ ਰੱਖਦੇ ਹਨ ਤਾਂ ਬਿਮਾਰੀ ਵੇਲੇ ਵੀ ਡਾਕਟਰਾਂ ਤੇ ਸੇਵਾਦਾਰਾਂ ਦੀ ਸਲਾਹ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਦੀ ਪੂਰੀ ਹਾਲਤ ਦਾ ਜ਼ਾਇਜ਼ਾ ਲੈਂਦੇ ਹੋਏ ਉਨ੍ਹਾਂ ਨੂੰ “ਮਗਰੂਰ” ਕਿਹਾ ਜਾ ਸਕਦਾ ਹੈ, ਪਰ ਸਹੀ ਅਰਥਾਂ ਵਿਚ ਉਹ ਇਸ ਤੋਂ ਵੀ ਕਈ ਕੁਝ ਵੱਧ ਹੁੰਦੇ ਹਨ।
ਭਾਵੇਂ ਵਾਟਰ ਵਾਇਓਲੈਟ ਦੇ ਲੋਕਾਂ ਵਿਚ ਚੰਗੇ ਗੁਣ ਕੁੱਟ ਕੁੱਟ ਕੇ ਭਰੇ ਹੋਏ ਹੁੰਦੇ ਹਨ ਤੇ ਕਿਸੇ ਨੂੰ ਉਨ੍ਹਾਂ ਤੋਂ ਕੋਈ ਤਕਲੀਫ ਨਹੀਂ ਹੁੰਦੀ, ਪਰ ਕਿਸੇ ਵੀ ਚੀਜ਼ ਦੀ ਬਹੁਲਤਾ ਠੀਕ ਨਹੀਂ ਹੁੰਦੀ। ਉਨ੍ਹਾਂ ਦੀਆਂ ਨਿਖੇਧਤਾਈਆਂ ਭਾਵ ਔਗੁਣ ਉਨ੍ਹਾਂ ਦੇ ਗੁਣਾਂ ਵਿਚੋਂ ਹੀ ਉਠ ਉਠ ਬਾਹਰ ਝਾਕਦੇ ਹਨ। ਦੂਜੇ ਲੋਕਾਂ ਨੂੰ ਉਨ੍ਹਾਂ ਦਾ ਵਿਹਾਰ ਠੰਡਾ ਤੇ ਬੇਪ੍ਰਵਾਹ ਲੱਗਣ ਲਗਦਾ ਹੈ। ਲੋਕ ਉਨ੍ਹਾਂ ਬਾਰੇ ਕਹਿੰਦੇ ਹਨ, “ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।” ਭਾਵ ਉਹ ਨੀਰਸ ਤੇ ਬੇਗਰਜ਼ ਜਿਹੇ ਲਗਦੇ ਹਨ। ਉਨ੍ਹਾਂ ਦਾ ਸੁਭਾਅ ਮਗਰੂਰੀ ਭਰਿਆ ਬਣ ਜਾਂਦਾ ਹੈ। ਨਾ ਉਹ ਦੂਜਿਆਂ ਨਾਲ ਮਿਲ ਕੇ ਕੰਮ ਕਰਦੇ ਹਨ ਤੇ ਨਾ ਉਨ੍ਹਾਂ ਦੇ ਕੰਮ ਨੂੰ ਪਸੰਦ ਕਰਦੇ ਹਨ। ਉਨ੍ਹਾਂ ਦੀ ਭਾਈਚਾਰਕ ਭਾਵਨਾ ਕਮਜ਼ੋਰ ਪੈ ਜਾਂਦੀ ਹੈ ਤੇ ਉਹ ਆਪਣੇ ਲਈ ਆਪਣੇ ਵਿਚ ਹੀ ਜਿਊਣਾ ਸ਼ੁਰੂ ਕਰ ਦਿੰਦੇ ਹਨ। ਚਾਹੇ ਕਿੰਨੇ ਵੀ ਬਿਮਾਰ ਕਿਉਂ ਨਾ ਹੋਣ, ਉਹ ਦੂਜਿਆਂ ਦੀ ਮਦਦ ਲੈਣੀ ਪਸੰਦ ਨਹੀਂ ਕਰਦੇ। ਉਹ ਕਿਸੇ ਦੂਜੇ ਬਿਮਾਰ ਜਾਂ ਲੋੜਵੰਦ ਦੀ ਮਦਦ ਵੀ ਨਹੀਂ ਕਰਦੇ। ਉਹ ਨਾ ਕਿਸੇ `ਤੇ ਅਹਿਸਾਨ ਕਰਦੇ ਹਨ ਤੇ ਨਾ ਕਿਸੇ ਦਾ ਅਹਿਸਾਨ ਲੈਂਦੇ ਹਨ। ਉਹ ਆਪਣੀਆਂ ਤਕਲੀਫਾਂ ਆਪ ਹੀ ਝੇਲਦੇ ਹਨ। ਇਸ ਲਈ ਜੇ ਕਿਸੇ ਨੂੰ ਬਿਮਾਰੀ ਦੀ ਹਾਲਤ ਵਿਚ ਮਿਲਣ ਜਾਓ ਤੇ ਉਹ ਅੱਗੋਂ ਮੂੰਹ-ਸਿਰ ਢਕ ਕੇ ਪਿਆ ਰਹੇ, ਹਾਲ ਚਾਲ ਪੁਛੋ ਤਾਂ ਕਹੇ, “ਮੈਂ ਠੀਕ ਠਾਕ ਹਾਂ”, ਡਾਕਟਰ ਤੋਂ ਦਵਾਈ ਲੈਣ ਲਈ ਕਹੋ ਤਾਂ ਬੋਲੇ ਕਿ “ਕੋਈ ਗੱਲ ਨਹੀਂ, ਮੈਂ ਖਿਆਲ ਰੱਖ ਰਿਹਾ ਹਾਂ” ਤੇ ਹਸਪਤਾਲ ਜਾ ਕੇ ਦਿਖਾਉਣ ਲਈ ਕਹੋ ਤਾਂ ਕਹੇ, “ਫਿਕਰ ਨਾ ਕਰੋ, ਮੇਰਾ ਇਕ ਸਿਆਣੇ ਡਾਕਟਰ ਕੋਲ ਇਲਾਜ ਚਲ ਰਿਹਾ ਹੈ”, ਤਾਂ ਉਸ ਨੂੰ ਵਾਟਰ ਵਾਇਓਲੈਟ ਦੇਣੀ ਨਾ ਭੁੱਲੋ।
ਇਸ ਫੁੱਲ ਦਵਾਈ ਦੇ ਵਿਅਕਤੀਤਵ ਬਾਰੇ ਡਾ. ਦਰਸ਼ਨ ਸਿੰਘ ਵੋਹਰਾ ਲਿਖਦੇ ਹਨ, “ਚੰਗੇ ਸੁਭਾਅ ਦੇ ਆਦਮੀ, ਜੋ ਚੁੱਪ-ਚਾਪ ਆਪਣੇ ਕੰਮ ਵਿਚ ਮਗਨ ਰਹਿੰਦੇ ਹਨ, ਜਿਵੇਂ ਮੋਢੀ (ਫੋਿਨੲੲਰਸ) ਜਾਂ ਨਵੀਂ ਕਾਢ ਕੱਢਣ ਵਾਲੇ (ੀਨਵੲਨਟੋਰਸ)- ਇਨ੍ਹਾਂ ਦਾ ਕੰਮ ਹੀ ਅਜਿਹਾ ਹੁੰਦਾ ਹੈ, ਜੋ ਜਨ-ਸਾਧਾਰਨ ਦੀ ਸਮਝ ਤੋਂ ਬਾਹਰ ਹੁੰਦਾ ਹੈ, ਇਸ ਲਈ ਉਨ੍ਹਾਂ ਵਿਚ ਵਖਰੇਵਾਂਪਨ ਹੁੰਦਾ ਹੈ। ਉਹ ਆਪਣਾ ਕੰਮ ਵੱਖਰੇ ਰਹਿ ਕੇ ਹੀ ਕਰ ਸਕਦੇ ਹਨ, ਇਸ ਲਈ ਉਹ ਭਾਈਚਾਰੇ ਤੋਂ ਵੱਖ ਇਕੱਲ ਵਿਚ ਰਹਿੰਦੇ ਹਨ। ਆਤਮ ਵਿਸ਼ਵਾਸ ਨਾਲ ਆਪਣਾ ਕੰਮ ਵਖਰੇਵੇਂ ਵਿਚ ਕਰਦੇ ਹਨ, ਕਿਸੇ ਦੂਜੇ ਦੇ ਕੰਮ ਵਿਚ ਨਾ ਆਪ ਦਖਲ ਦਿੰਦੇ ਹਨ, ਨਾ ਹੀ ਆਪਣੇ ਕੰਮ ਵਿਚ ਕਿਸੇ ਦਾ ਦਖਲ ਸਹਿਨ ਕਰਦੇ ਹਨ। ਆਪਣੇ ਕੰਮ ਨੂੰ ਪੂਰੀ ਤਰ੍ਹਾਂ ਸਮਝਦੇ ਹਨ ਅਤੇ ਆਪਣੇ `ਤੇ ਪੂਰਾ ਵਿਸ਼ਵਾਸ ਰੱਖਦੇ ਹਨ, ਪਰ ਆਪਣੀ ਮਰਜ਼ੀ ਦੂਜੇ `ਤੇ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ ਨਹੀਂ ਕਰਦੇ। ਭਾਵੇਂ ਉਹ ਦੂਜੇ ਦੇ ਖਿਆਲ ਨਾਲ ਸਹਿਮਤ ਨਾ ਹੋਣ, ਉਹ ਦੂਜੇ ਦੀ ਕਰਨੀ ਵਿਚ ਕਦੇ ਦਖਲ ਨਹੀਂ ਦਿੰਦੇ। ਉਹ ਆਪਣੇ ਦੁਖ-ਦਰਦ ਨੂੰ ਚੁੱਪ-ਚਾਪ ਇੱਕਲੇ ਸਹਿਨ ਕਰਦੇ ਹਨ, ਕਿਸੇ ਦੂਜੇ ਨੂੰ ਇਸ ਵਿਚ ਭਾਈਵਾਲ ਨਹੀਂ ਬਣਾਉਂਦੇ। ਜੇ ਕਿਤੇ ਉਹ ਬੀਮਾਰ ਹੋ ਜਾਣ ਤਾਂ ਇਕੱਲ ਵਿਚ ਚੁੱਪ-ਚਾਪ ਹੀ ਪਏ ਰਹਿਣਾ ਪਸੰਦ ਕਰਦੇ ਹਨ। ਕਿਸੇ ਤਰ੍ਹਾਂ ਦਾ ਵਿਘਨ ਨਹੀਂ ਚਾਹੁੰਦੇ। ਉਨ੍ਹਾਂ ਦੀ ਯੋਗਤਾ, ਕਾਬਲੀਅਤ ਅਤੇ ਆਤਮ ਵਿਸ਼ਵਾਸ ਇਸ ਗੱਲ ਦੀ ਗਾਰੰਟੀ ਹੁੰਦੀ ਹੈ ਕਿ ਉਹ ਹਰ ਔਕੜ ਵਿਚ ਆਪਣੇ ਆਪ ਨੂੰ ਸਾਵਧਾਨ ਰੱਖਦੇ ਹਨ, ਘਬਰਾਉਂਦੇ ਨਹੀਂ।” ਇਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਫੁੱਲ ਦਵਾਈ ਵਾਟਰ ਵਾਇਓਲੈਟ ਦੀ ਲੋੜ ਹੈ।
ਡਾ. ਵੋਹਰਾ ਕਹਿੰਦੇ ਹਨ, ਵਾਟਰ ਵਾਇਓਲੈਟ ਦੇ ਮਰੀਜ਼ਾਂ ਦਾ ਇਲਾਜ ਦੋ ਪੱਧਰ `ਤੇ ਹੋਣਾ ਚਾਹੀਦਾ ਹੈ। ਪਹਿਲਾ, ਉਨ੍ਹਾਂ ਨੂੰ ਉਨ੍ਹਾਂ ਦੇ ਸੁਭਾਅ ਅਨੁਸਾਰ ਇਸ ਦਵਾਈ ਦੀਆਂ ਕੁਝ ਖੁਰਾਕਾਂ ਦੇ ਕੇ ਅਤੇ ਦੂਜਾ ਉਨ੍ਹਾਂ ਦੀ ਮਰਜ਼ ਅਨੁਸਾਰ ਉਨ੍ਹਾਂ ਨੂੰ ਢੁਕਵੀਂ ਦਵਾਈ ਦੇ ਕੇ। ਉਨ੍ਹਾਂ ਦੀ ਇਹ ਗੱਲ ਭੁਲੇਖੇ ਵਾਲੀ ਹੈ। ਲੱਗਦਾ ਹੈ, ਉਹ ਕਾਹਲੀ ਵਿਚ ਕਈ ਗੱਲਾਂ ਰਲ-ਗੱਡ ਕਰ ਗਏ ਹਨ। ਇਨ੍ਹਾਂ ਲੇਖਾਂ ਵਿਚ ਇਸ ਗੱਲ ਦਾ ਕਈ ਵਾਰ ਜ਼ਿਕਰ ਕੀਤਾ ਜਾ ਚੁਕਾ ਹੈ ਕਿ ਬੈਚ ਫੁੱਲ ਦਵਾਈਆਂ ਮਨੁੱਖੀ ਬੀਮਾਰੀਆਂ ਦਾ ਸਿੱਧਾ ਇਲਾਜ ਨਹੀਂ ਕਰਦੀਆਂ। ਇਹ ਬਿਮਾਰ ਦੇ ਵਿਅਕਤੀਤਵ ਭਾਵ ਆਦਤਾਂ ਤੇ ਸੁਭਾਅ ਨੂੰ ਦਰੁਸਤ ਕਰ ਕੇ ਉਸ ਨੂੰ ਬਿਮਾਰੀਆਂ ਤੋਂ ਅੱਲਗ ਕਰਦੀਆਂ ਹਨ। ਸਿਧਾਂਤ ਇਹ ਹੈ ਕਿ ਬਿਮਾਰੀਆਂ ਮਨੁੱਖ ਨੂੰ ਨਹੀਂ, ਮਨੁੱਖ ਦੇ ਸੁਭਾਅ ਨੂੰ ਚੰਬੜੀਆਂ ਹੁੰਦੀਆਂ ਹਨ ਤੇ ਉਸ ਦਾ ਸੁਭਾਅ ਠੀਕ ਹੋਣ ਨਾਲ ਹੀ ਇਹ ਵੀ ਚਲੀਆਂ ਜਾਦੀਆਂ ਹਨ। ਇਸ ਲਈ ਫੁੱਲ ਦਵਾਈ ਪੱਧਤੀ ਵਿਚ ਸੁਭਾਅ ਤੇ ਆਦਤਾਂ ਅਨੁਸਾਰ ਦਵਾਈ ਦੇਣ ਨਾਲ ਹੀ ਮਰੀਜ਼ ਦਾ ਇਲਾਜ ਹੋ ਜਾਂਦਾ ਹੈ, ਭਾਵ ਉਸ ਨੂੰ ਬਿਮਾਰੀ ਦੂਰ ਕਰਨ ਲਈ ਕੋਈ ਹੋਰ ਦਵਾਈ ਦੇਣ ਦੀ ਲੋੜ ਨਹੀਂ। ਹਾਂ, ਕਈ ਵਾਰ ਮਨੁੱਖ ਵਿਚ ਇਕ ਤੋਂ ਵੱਧ ਰਿਣਾਤਮਿਕਤਾਵਾਂ ਪਾਈਆਂ ਜਾ ਸਕਦੀਆ ਹਨ, ਜਿਵੇਂ ਕੋਈ ਵਿਦਿਆਰਥੀ ਪੜ੍ਹਾਈ-ਲਿਖਾਈ ਵਿਚ ਕਮਜ਼ੋਰ ਹੋਵੇ ਤੇ ਨਾਲੇ ਆਪਣੀ ਗੁਜ਼ਰੀ ਮਾਂ ਦੀ ਯਾਦ ਵਿਚ ਖੋਇਆ ਰਹੇ। ਅਜਿਹੀ ਹਾਲਤ ਵਿਚ ਹੋਮਿਓਪੈਥ ਦਾ ਕੰਮ ਹੈ ਕਿ ਉਹ ਉਸ ਦੇ ਸੁਭਾਅ ਦੀਆਂ ਅਲਾਮਤਾਂ ਨੂੰ ਨਿਖੇੜ ਕੇ ਪਛਾਣੇ ਤੇ ਇਨ੍ਹਾਂ ਦਾ ਵੱਖ ਵੱਖ ਇਲਾਜ ਕਰੇ। ਇਸ ਕੰਮ ਵਿਚ ਵੀ ਉਹ ਮਨ ਮਰਜ਼ੀ ਨਹੀਂ ਕਰ ਸਕਦਾ। ਉਹ ਸਿੱਧ ਕਰੇ ਕਿ ਬੱਚਾ ਮਾਂ ਨੂੰ ਯਾਦ ਕਰਨ ਕਰਕੇ ਪੜ੍ਹਾਈ ਦਾ ਕੰਮ ਨਹੀਂ ਕਰਦਾ ਜਾਂ ਪੜ੍ਹਾਈ ਵਿਚ ਕਮਜ਼ੋਰ ਹੋਣ ਕਰਕੇ ਮਾਂ ਨੂੰ ਯਾਦ ਕਰਦਾ ਹੈ। ਨਾ ਪਤਾ ਲੱਗੇ ਤਾਂ ਪੜਤਾਲ ਕਰੇ ਕਿ ਮਾਂ ਗੁਜ਼ਰਨ ਤੋਂ ਪਹਿਲਾਂ ਵੀ ਪੜ੍ਹਾਈ ਵਿਚ ਕਮਜ਼ੋਰ ਸੀ ਜਾਂ ਮਾਂ ਦੇ ਸਦਮੇ ਨਾਲ ਪੜ੍ਹਾਈ ਤੋਂ ਪਾਸਾ ਵੱਟ ਗਿਆ। ਉਹ ਇਨ੍ਹਾਂ ਘਟਨਾਵਾਂ ਅਰਥਾਤ ਅਲਾਮਤਾਂ ਦੀ ਲੜੀ-ਬੱਧ ਸੂਚੀ ਬਣਾਵੇ ਤੇ ਉਸ ਲੜੀ ਅਨੁਸਾਰ ਬੱਝਵੀਂ ਦਵਾਈ ਦੇਵੇ। ਜੇ ਕੋਈ ਮਰਜ਼ ਇਨ੍ਹਾਂ ਨਿਰਧਾਰਤ ਦਵਾਈਆਂ ਨਾਲ ਠੀਕ ਨਾ ਹੋਵੇ ਤਾਂ ਮਰੀਜ਼ ਦੇ ਕੇਸ ਦਾ ਮੁੜ ਕੇ ਅਧਿਐਨ ਕਰੇ।
ਡਾ. ਦਰਸ਼ਨ ਸਿੰਘ ਵੋਹਰਾ ਅੱਗੇ ਚਲ ਕੇ ਲਿਖਦੇ ਹਨ ਕਿ ਵਾਟਰ ਵਾਇਓਲੈਟ ਬਹੁਤ ਘੱਟ ਇਸਤੇਮਾਲ ਹੋਣ ਵਾਲੀ ਫੁੱਲ ਦਵਾਈ ਹੈ, ਕਿਉਂਕਿ ਇਸ ਦਾ ਮਰੀਜ਼ ਵਿਗਿਆਨਕ ਖੋਜਾਂ ਵਿਚ ਰੁੱਝਿਆ ਕੋਈ ਵਿਰਲਾ ਵਿਅਕਤੀ ਹੁੰਦਾ ਹੈ। ਇਹ ਇਕ ਅਜਿਹਾ ਕਥਨ ਹੈ, ਜਿਸ ਨਾਲ ਕੋਈ ਸਹਿਮਤ ਨਹੀਂ ਹੋਵੇਗਾ; ਘੱਟੋ ਘੱਟ ਮੈਂ ਤਾਂ ਨਹੀਂ। ਅੱਜ ਕੱਲ੍ਹ ਕਿੰਨੇ ਹੀ ਅਜਿਹੇ ਲੋਕ ਹਨ, ਜੋ ਪੜ੍ਹੇ-ਲਿਖੇ ਹਨ, ਕਾਬਲ ਹਨ, ਕਿਸੇ ਦੇ ਕੰਮ ਵਿਚ ਦਖਲ ਨਹੀਂ ਦਿੰਦੇ ਤੇ ਕਿਸੇ ਦਾ ਆਪਣੇ ਕੰਮ ਵਿਚ ਦਖਲ ਪਸੰਦ ਨਹੀਂ ਕਰਦੇ। ਉਹ ਅਮਨ ਪਸੰਦ ਢੰਗ ਨਾਲ ਚੁੱਪ-ਚਾਪ ਕੰਮ ਕਰਦੇ ਰਹਿੰਦੇ ਹਨ। ਬੋਲੋ ਤਾਂ ਬੋਲਦੇ ਵੀ ਮਿੱਠਾ ਤੇ ਨਾਪ ਤੋਲ ਕੇ ਹਨ। ਦੁਆਲੇ ਦੇਖੋ ਤਾਂ ਇਹ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਮਿਲਦੇ ਹਨ। ਬੱਸ ਜਾਂ ਟ੍ਰੇਨ ਵਿਚ ਬੈਠੇ ਇਹ ਕਿਤਾਬਾਂ ਖੋਲ੍ਹ ਕੇ ਪੜ੍ਹ ਰਹੇ ਹੁੰਦੇ ਹਨ। ਘਰਾਂ ਵਿਚ ਇਹ ਖਾਮੋਸ਼ੀ ਨਾਲ ਟੀ. ਵੀ. ਦੇਖ ਰਹੇ ਹੁੰਦੇ ਹਨ। ਇਥੋਂ ਤੀਕ ਕਿ ਬੱਚੇ ਵੀ ਸਮਾਰਟ ਫੋਨ `ਤੇ ਚੁਪਚਾਪ ਇੰਟਰਨੈਟ ਖੰਘਾਲ ਰਹੇ ਹੁੰਦੇ ਹਨ। ਜੇ ਇਹ ਲੋਕ ਹੋਰ ਵੀ ਵੱਡੀ ਗਿਣਤੀ ਵਿਚ ਦੇਖਣੇ ਹੋਣ ਤਾਂ ਕਿਸੇ ਸਟਾਰ-ਬੱਕ ਜਾਂ ਬੁੱਕ ਸਟੋਰ ਵਿਚ ਜਾ ਕੇ ਦੇਖੇ ਜਾ ਸਕਦੇ ਹਨ। ਨਾ ਇਹ ਬੁਲਾਇਆਂ ਬੋਲਦੇ ਹਨ ਤੇ ਨਾ ਹਿਲਾਇਆਂ ਹਿੱਲਦੇ ਹਨ। ਹੱਲਾ ਗੁੱਲਾ ਕਰਨਾ ਤਾਂ ਇਕ ਪਾਸੇ ਰਿਹਾ, ਇਹ ਤਾਂ ਪੜ੍ਹਦੇ-ਪੜ੍ਹਦੇ ਆਪਣੀ ਕਾਫੀ ਵੀ ਠੰਡੀ ਕਰ ਲੈਂਦੇ ਹਨ। ਮੇਰੇ ਖਿਆਲ ਵਿਚ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਪੈਦਾ ਹੀ ਵਾਟਰ ਵਾਇਓਲੈਟ ਦੀਆਂ ਅਲਾਮਤਾਂ ਨਾਲ ਲੱਦੀ ਹੁੰਦੀ ਹੈ। ਕਈ ਫਿਲਾਸਫਰ ਤਾਂ ਇਸ ਨੂੰ “ਮਾਰੂ ਵਿਅਕਤੀਵਾਦ” ਦਾ ਨਾਂ ਦੇ ਕੇ ਇਸ ਤੋਂ ਖਬਰਦਾਰ ਰਹਿਣ ਦੀ ਚਿਤਾਵਨੀ ਦਿੰਦੇ ਹਨ। ਜੇ ਅਜੋਕੀ ਪੀੜ੍ਹੀ ਨੂੰ ਇਸ ਘਾਤਕ ਵਿਅਕਤੀਵਾਦ ਨਾਲੋਂ ਤੋੜ ਕੇ ਉਸਾਰੂ ਵਿਅਕਤੀਵਾਦ ਜਾਂ ਸਾਂਝੇ ਸਮਾਜਵਾਦ ਵੱਲ ਮੋੜਨਾ ਹੈ ਤਾਂ ਇਸ ਫੁੱਲ ਦਵਾਈ ਦੀ ਵੱਡੇ ਪੈਮਾਨੇ `ਤੇ ਵਰਤੋਂ ਕਰਨੀ ਪਵੇਗੀ। ਇਹ ਉਨ੍ਹਾਂ ਦੀ ਫੋਕੀ ਲਿਲ੍ਹਕ ਨੂੰ ਖੋਜੀ ਲਗਨ ਵਿਚ ਤਬਦੀਲ ਕਰ ਕੇ ਉਨ੍ਹਾਂ ਨੂੰ ਸਮਾਜਿਕ ਤੌਰ `ਤੇ ਉਪਯੋਗੀ ਜੀਵ ਬਣਾ ਦੇਵੇਗੀ।
ਇਹ ਵੀ ਸੱਚ ਨਹੀਂ ਹੈ ਕਿ ਇਸ ਦਵਾਈ ਦੇ ਮਰੀਜ਼ ਬਹੁਤੇ ਵਿਗਿਆਨੀ ਤੇ ਖੋਜੀ ਲੋਕ ਹੀ ਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਕੰਮ ਲੋਕਾਂ ਦੀ ਸਮਝ ਤੋਂ ਪਰ੍ਹੇ ਹੁੰਦਾ ਹੈ ਤੇ ਉਹ ਇਸ ਨੂੰ ਕਿਸੇ ਨਾਲ ਬੋਲ ਕੇ ਸਾਂਝਾ ਨਹੀਂ ਕਰ ਸਕਦੇ। ਅੱਜ ਕੱਲ੍ਹ ਲਗਭਗ ਹਰੇਕ ਕੰਮ ਹੀ ਤਕਨੀਕੀ ਕਿਸਮ ਦਾ ਹੈ, ਜੋ ਆਮ ਲੋਕਾਂ ਦੀ ਸਮਝ ਵਿਚ ਨਹੀਂ ਆਉਂਦਾ। ਸਮਾਜ ਵਿਚ ਕਿੰਨੇ ਕੁ ਲੋਕ ਹਨ, ਜਿਨ੍ਹਾਂ ਨੂੰ ਅਕਾਊਂਟੈਂਸੀ, ਕਾਨੂੰਨ, ਟੈਕਸ, ਆਰਟ, ਗਣਿੱਤ, ਫਿਲਾਸਫੀ ਤੇ ਵਿਗਿਆਨ ਸਮਝ ਵਿਚ ਆਉਂਦੇ ਹਨ? ਕਿੰਨੇ ਕੁ ਹਨ, ਜਿਨ੍ਹਾਂ ਨੂੰ ਆਯੁਰਵੇਦਾ, ਐਲੋਪੈਥੀ ਤੇ ਹੋਮਿਓਪੈਥੀ ਦਵਾਈ ਪ੍ਰਣਾਲੀਆਂ ਦੀ ਸਮਝ ਹੈ? ਆਉਂਦਾ ਤਾਂ ਕਿਸੇ ਨੂੰ ਕੰਪਿਊਟਰ ਵਿਗਿਆਨ ਵੀ ਨਹੀਂ, ਜੇ ਦੋ ਚਾਰ ਪ੍ਰੋਗਰਾਮ ਤੇ ਐਪਲੀਕੇਸ਼ਨਾਂ ਚਲਾਉਣ ਅਤੇ ਕੀ-ਬੋਰਡ `ਤੇ ਉਂਗਲਾਂ ਮਾਰਨ ਨੂੰ ਹੀ ਸੰਪੂਰਨ ਕੰਪਿਊਟਰ ਗਿਆਨ ਨਾ ਸਮਝਿਆ ਜਾਵੇ। ਫਿਰ ਇਹ ਵਿਸ਼ੇਸ਼ ਸਮਝ ਤੇ ਟ੍ਰੇਨਿੰਗ ਵਾਲੇ ਆਮ ਲੋਕ, ਜੋ ਆਪਣੇ ਗਿਆਨ ਦੀਆਂ ਘੁੰਤਰਾਂ ਨੂੰ ਦੂਜਿਆਂ ਨਾਲ ਸਾਂਝਾ ਨਹੀਂ ਕਰਦੇ ਜਾਂ ਕਰ ਨਹੀਂ ਸਕਦੇ, ਵਿਗਿਆਨੀਆਂ ਤੋਂ ਘੱਟ ਕਿਵੇਂ ਹੋਏ? ਆਪਣੇ ਹੁਨਰ ਤੇ ਤਕਨੀਕੀ ਸਿੱਖਿਆ ਕਾਰਨ ਇਹ ਵੀ “ਮਗਰੂਰ” ਹੀ ਸਮਝੇ ਜਾ ਸਕਦੇ ਹਨ। ਜੇ ਇਨ੍ਹਾਂ ਦੀ ਸੋਚ ਖੁਸ਼ਕ ਤੇ ਠੰਡੀ ਹੋ ਜਾਵੇ ਅਤੇ ਵਤੀਰਾ ਬੇਤਰਸ ਹੋ ਜਾਵੇ ਤਾਂ ਇਹ ਵੀ ਫੁੱਲ ਦਵਾਈ ਵਾਟਰ ਵਾਇਓਲੈਟ ਨਾਲ ਹੀ ਠੀਕ ਹੋਣਗੇ। ਇਸ ਲਈ ਇਹ ਵਸੀਹ ਤੇ ਤੇਜੀ ਨਾਲ ਵਧਦੇ ਘੇਰੇ ਵਾਲੀ ਫੁੱਲ ਦਵਾਈ ਹੈ, ਜੋ ਸਮਾਜ ਦੇ ਕਿਸੇ ਵੀ ਵਰਗ ਲਈ ਲਾਭਦਾਇਕ ਸਿੱਧ ਹੋ ਸਕਦੀ ਹੈ।
ਦਫਤਰਾਂ ਵਿਚ ਬੈਠੇ ਜਿੰਨੇ ਸਖਤ ਸੁਭਾਵਾਂ ਵਾਲੇ ਅਫਸਰ ਹਨ, ਜਿੰਨੇ ਬੌਸ ਹਨ, ਜੋ ਆਪਣੇ ਮਾਤਹਿਤਾਂ ਨੂੰ ਰੁੱਖਾ ਬੋਲਦੇ ਹਨ ਤੇ ਕਿੰਨੇ ਅਜਿਹੇ ਕਾਰਕੁਨ ਹਨ, ਜੋ ਲੋਕਾਂ ਦਾ ਕੰਮ ਨਹੀਂ ਕਰਦੇ, ਪਰ ਸੁੱਕਾ ਰੋਹਬ ਝਾੜਦੇ ਹਨ, ਉਹ ਸਾਰੇ ਵਾਟਰ ਵਾਇਓਲੈਟ ਦੇ ਹੀ ਮਰੀਜ਼ ਹੁੰਦੇ ਹਨ। ਇਸ ਦਵਾਈ ਦੀਆਂ ਅਲਾਮਤਾਂ ਸਿਰਫ ਅਫਸਰਾਂ ਵਿਚ ਹੀ ਨਹੀਂ, ਹੋਰ ਵਰਗਾਂ ਵਿਚ ਵੀ ਹੋ ਸਕਦੀਆਂ ਹਨ। ਜਿਸ ਕਾਲਜ ਵਿਚ ਮੈਂ ਪੜ੍ਹਾਉਂਦਾ ਸਾਂ, ਉਸ ਵਿਚ ਅੰਗਰੇਜ਼ੀ ਵਿਸ਼ੇ ਦੇ ਦੋ ਪ੍ਰੋਫੈਸਰ ਸਨ। ਉਹ ਦੋਵੇਂ ਉੱਚੇ ਤੇ ਪਤਲੇ ਮੁੜੰਗੇ ਦੇ ਸਨ ਤੇ ਸਨ ਵੀ ਸਕੇ ਭਰਾ। ਸਦਾ ਪ੍ਰੈਸ ਕੀਤੇ ਸਫੈਦ ਕੱਪੜੇ ਪਾਉਂਦੇ ਸਨ ਤੇ ਟਾਈ ਲਾ ਕੇ ਰੱਖਦੇ ਸਨ। ਉਹ ਆਪਣੇ ਵਿਸ਼ੇ ਵਿਚ ਪੀਐਚ.ਡੀ. ਸਨ ਤੇ ਪੜ੍ਹਾਉਣ ਵਿਚ ਵੀ ਪ੍ਰਵੀਨ ਸਨ। ਇਮਾਨਦਾਰੀ ਨਾਲ ਉਹ ਕਲਾਸਾਂ ਲੈਂਦੇ ਤੇ ਵਿਹਲੇ ਸਮੇਂ ਵਿਚ ਸਟਾਫ ਰੂਮ ਵਿਚ ਗੱਪਾਂ ਮਾਰਨ ਦੀ ਥਾਂ ਲਾਇਬ੍ਰੇਰੀ ਵਿਚ ਬੈਠ ਕੇ ਪੜ੍ਹਦੇ ਸਨ। ਉਹ ਆਪਣੇ ਆਪ ਵਿਚ ਹੀ ਮਗਨ ਰਹਿੰਦੇ ਸਨ। ਆਪਸ ਵਿਚ ਤਾਂ ਹੌਲੀ ਹੌਲੀ ਘੁਸਰ-ਮੁਸਰ ਕਰ ਲੈਂਦੇ ਸਨ, ਪਰ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਦੁਆ ਸਲਾਮ ਦਾ ਜਵਾਬ ਸਿਰ ਹਿਲਾ ਕੇ ਹੀ ਦਿੰਦੇ ਸਨ। ਇੰਨਾ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਦੋਵੇਂ ਸਨਕੀ ਸਨ। ਆਪਣੇ ਦੁਆਲੇ ਦੀਆਂ ਕਨਸੋਆਂ ਲੈਂਦੇ ਰਹਿੰਦੇ ਸਨ। ਕਿਸੇ ਨਾਲ ਲੜਦੇ ਨਹੀਂ ਸਨ ਤੇ ਨਾ ਵਾਧੂ ਬੋਲਦੇ ਸਨ, ਪਰ ਮੌਕਾ ਆਉਣ `ਤੇ ਬਦਲਾ ਜਰੂਰ ਲੈਂਦੇ ਸਨ। ਦੋਵੇਂ ਛੜੇ ਸਨ, ਇਕੋ ਘਰ ਵਿਚ ਰਹਿੰਦੇ ਸਨ ਤੇ ਸ਼ਾਮ ਨੂੰ ਵਿਦੇਸ਼ੀ ਵਿਸਕੀ ਪੀਂਦੇ ਸਨ। ਉਨ੍ਹਾਂ ਵਿਚੋਂ ਇਕ ਸ਼ਰਾਬ ਪੀ ਕੇ ਮਰਿਆ ਤੇ ਦੂਜਾ ਉਸ ਦੀ ਮੌਤ ਦੇ ਝੋਰੇ ਵਿਚ। ਉਨ੍ਹਾਂ ਦੀ ਮੌਤ `ਤੇ ਉਨ੍ਹਾਂ ਦਾ ਕੋਈ ਸਹਿਕਰਮੀ ਸੋਗ ਕਰਨ ਨਾ ਪਹੁੰਚਿਆ। ਉਨ੍ਹਾਂ ਨੇ ਕਿਸੇ ਨਾਲ ਅਜਿਹੇ ਸਬੰਧ ਹੀ ਨਹੀਂ ਸਨ ਬਣਾਏ। ਹੁਣ ਪਿਛਾਂਹ ਝਾਤ ਮਾਰਿਆਂ ਪਤਾ ਚਲਦਾ ਹੈ ਕਿ ਉਹ ਦੋਵੇਂ ਵਾਟਰ ਵਾਇਓਲੈਟ ਦੇ ਮਰੀਜ਼ ਸਨ। ਜੇ ਉਨ੍ਹਾਂ ਨੂੰ ਵੇਲੇ ਸਿਰ ਕਿਸੇ ਤਰ੍ਹਾਂ ਇਹ ਫੁੱਲ ਦਵਾਈ ਮਿਲ ਜਾਂਦੀ ਤਾਂ ਉਹ ਆਕੜ ਛੱਡ ਕੇ ਲੜਕੀਆਂ ਪਸੰਦ ਕਰਦੇ, ਵਿਆਹ ਕਰਵਾਉਂਦੇ, ਪਰਿਵਾਰ ਪਾਲਦੇ, ਰਿਸ਼ਤੇਦਾਰੀਆਂ ਨਿਭਾਉਂਦੇ ਤੇ ਚੰਗੇ ਸਮਾਜਿਕ ਵਿਅਕਤੀਆਂ ਵਾਂਗ ਰਹਿੰਦੇ।
ਯਾਦ ਰਹੇ, ਕਿਸੇ ਫੁੱਲ ਦਵਾਈ ਦੇ ਕਿਰਦਾਰ ਤੇ ਉਸ ਦੇ ਮਰੀਜ਼ ਵਿਚ ਅੰਤਰ ਹੁੰਦਾ ਹੈ। ਕਿਰਦਾਰ ਇਸ ਦੇ ਧਨ-ਪੱਖ ਜਾਂ ਸਦਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ ਤੇ ਮਰੀਜ਼ ਪੱਖ ਵਿਚ ਇਹੀ ਚੰਗੇ ਗੁਣ ਮਾੜਿਆਂ ਵਿਚ ਤਬਦੀਲ ਹੋ ਗਏ ਹੁੰਦੇ ਹਨ। ਵਾਟਰ ਵਾਇਓਲੈਟ ਦੇ ਸੰਦਰਭ ਵਿਚ ਚਾਹੇ ਵਿਅਕਤੀ ਕੋਈ ਵੀ ਕਿੱਤਾ ਕਰਦਾ ਹੋਵੇ, ਆਪਣੇ ਕੰਮ ਵਿਚ ਕਿੰਨਾ ਹੀ ਵਿਸ਼ੇਸ਼ੱਗ ਤੇ ਮਸਰੂਫ ਹੋਵੇ ਅਤੇ ਕਿੰਨਾ ਹੀ ਮਿਠ-ਬੋਲੜਾ ਤੇ ਇਕਾਂਤ ਪਸੰਦ ਕਿਉਂ ਨਾ ਹੋਵੇ, ਉਹ ਉਦੋਂ ਤੀਕ ਇਸ ਫੁੱਲ ਦਵਾਈ ਦਾ ਮਰੀਜ਼ ਨਹੀਂ ਕਹਾਵੇਗਾ, ਜਦੋਂ ਤੀਕ ਉਹ ਮਗਰੂਰ, ਖੁਸ਼ਕ, ਆਕੜਖਾਨ ਤੇ ਦੂਜਿਆਂ ਨੂੰ ਤੁੱਛ ਸਮਝਣ ਵਾਲਾ ਨਾ ਹੋਵੇ। ਇਸ ਦਾ ਮਰੀਜ਼ ਉਹ ਉਦੋਂ ਹੀ ਬਣੇਗਾ, ਜਦੋਂ ਉਸ ਦੇ ਚੰਗੇ ਗੁਣ ਉਸ ਦੇ ਦਿਮਾਗ ਨੂੰ ਚੜ੍ਹ ਕੇ ਉਸ ਵਿਚ ਵਖਰੇਵੇਂ ਦੀ ਭਾਵਨਾ ਪੈਦਾ ਕਰਨਗੇ ਤੇ ਉਸ ਦੇ ਵਤੀਰੇ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰਨਗੇ। ਬਦਲਾਓ ਦੀ ਇਸ ਪ੍ਰਕਿਰਿਆ ਦਾ ਸਮਾਂ ਵਰਤਮਾਨ, ਭੂਤਕਾਲ ਜਾਂ ਭਵਿੱਖ ਕਦੇ ਵੀ ਹੋ ਸਕਦਾ ਹੈ। ਇਹ ਫੁੱਲ ਦਵਾਈ ਵੀ ਦੂਜੀਆਂ ਫੁੱਲ ਦਵਾਈਆਂ ਵਾਂਗ ਉਸ ਦੀਆਂ ਨੈਗੇਟਿਵ ਆਦਤਾਂ ਨੂੰ ਨਿਖੇਧ ਕੇ ਪਾਜ਼ੇਟਿਵ ਕਿਰਦਾਰ ਨੂੰ ਮੁੜ ਸਥਾਪਤ ਕਰੇਗੀ। ਇਸ ਦੌਰਾਨ ਉਸ ਨੂੰ ਜੇ ਕੋਈ ਸਰੀਰਕ ਬਿਮਾਰੀ ਲੱਗ ਜਾਵੇ ਤਾਂ ਇਹ ਉਸ ਨੂੰ ਵੀ ਦੂਰ ਕਰੇਗੀ।
ਵਾਟਰ ਵਾਇਓਲੈਟ ਦੇ ਮਰੀਜ਼ਾਂ ਨੂੰ ਆਮ ਕਰਕੇ ਚਮੜੀ ਦੀ ਖਾਰਸ਼, ਮਿਹਦੇ ਦੇ ਰੋਗ, ਪੱਠਿਆਂ ਦੀ ਅਕੜਨ ਤੇ ਜੋੜਾਂ ਦੇ ਦਰਦ ਹੋ ਜਾਂਦੇ ਹਨ। ਬਾਹਰੀ ਘਮੰਡ ਕਾਰਨ ਉਹ ਅੰਦਰੋਂ ਅੰਤਰਮੁਖੀ ਹੋ ਜਾਂਦੇ ਹਨ ਤੇ ਲੋਕਾਂ ਨਾਲੋਂ ਨਾਤਾ ਤੋੜ ਜਾਂਦੇ ਹਨ। ਇਸ ਲਈ ਉਨ੍ਹਾਂ ਵਿਚ ਕਈ ਤਰ੍ਹਾਂ ਦੇ ਮਨੋਵਿਗਿਆਨਕ ਰੋਗ ਪੈਦਾ ਹੋ ਜਾਂਦੇ ਹਨ। ਕਿਉਂਕਿ ਉਨ੍ਹਾਂ ਨੂੰ ਕੋਈ ਕਹਿਣ/ਸਮਝਾਉਣ ਵਾਲਾ ਨਹੀਂ ਹੁੰਦਾ ਤੇ ਨਾ ਹੀ ਉਹ ਕਿਸੇ ਦੀ ਮੰਨਦੇ ਹਨ, ਇਸ ਲਈ ਉਹ ਘੋਰੀ ਹੋ ਜਾਂਦੇ ਹਨ ਤੇ ਆਪਣੀ ਹਾਈਜ਼ੀਨ ਦਾ ਵੀ ਖਿਆਲ ਨਹੀਂ ਰੱਖਦੇ। ਜਦੋਂ ਇਹ ਹਾਲਤ ਹੋ ਜਾਵੇ ਤਾਂ ਵਾਟਰ ਵਾਇਓਲੈਟ ਦਿੱਤਿਆਂ ਮਰੀਜ਼ ਦੀ ਸਥਿਤੀ ਸੰਭਲ ਸਕਦੀ ਹੈ। ਹੋਮਿਓਪੈਥੀ ਵਿਚ ਇਸ ਦਾ ਬਦਲ ਸਲਫਰ (ੰੁਲਪਹੁਰ) ਹੈ, ਜੋ ਅਜਿਹੇ ਮਰੀਜ਼ਾਂ ਦੀ ਤਬੀਅਤ ਡੂੰਘਾਈ ਨਾਲ ਰਗੜ ਕੇ ਠੀਕ ਕਰਦੀ ਹੈ। ਕਈ ਵਾਰ ਘਮੰਡ ਤੇ ਮਗਰੂਰੀ ਕਾਰਨ ਇਹ ਮਰੀਜ਼ ਆਪਣੇ ਆਪ ਨੂੰ ਦੂਜਿਆਂ ਤੋਂ ਸੱਚੀ ਮੁੱਚੀ ਵਧੀਆ ਤੇ ਵੱਡੇ ਸਮਝਣ ਲਗਦੇ ਹਨ। ਉਨ੍ਹਾਂ ਦੀ ਨਜ਼ਰ ਵਿਚ ਵੀ ਫਰਕ ਆ ਜਾਂਦਾ ਹੈ। ਉਨ੍ਹਾਂ ਨੂੰ ਸੇਬ ਬੇਰਾਂ ਵਾਂਗ ਛੋਟੇ ਲੱਗਦੇ ਹਨ, ਮੀਲ ਫਰਲਾਂਗਾਂ ਬਰਾਬਰ ਤੇ ਮਨੁੱਖ ਕੀੜੇ-ਮਕੌੜੇ ਜਾਪਦੇ ਹਨ। ਅਹਿਸਾਸੇ-ਬਢਤਰੀ ਦੇ ਸ਼ਿਕਾਰ ਹੋਏ ਇਨ੍ਹਾਂ ਮਰੀਜ਼ਾਂ ਦਾ ਸਹੀ ਇਲਾਜ ਵਾਟਰ ਵਾਇਓਲੈਟ ਹੈ। ਹੋਮਿਓਪੈਥੀ ਵਿਚ ਇਸ ਤਰ੍ਹਾਂ ਦੀਆਂ ਅਲਾਮਤਾਂ ਵਾਲੀ ਬਿਮਾਰੀ ਲਈ ਪਲੈਟਿਨਾ (ਫਲਅਟਨਿਅ) ਨਾਮਕ ਦਵਾਈ ਵਰਤੀ ਜਾਂਦੀ ਹੈ, ਜੋ ਪਲਾਟੀਨਮ ਧਾਤੂ ਤੋਂ ਬਣਦੀ ਹੈ। ਬੈਚ ਫਲਾਵਰ ਤੇ ਹੋਮਿਓਪੈਥਿਕ ਦਵਾਈਆਂ ਆਪਸ ਵਿਚ ਇਕ ਦੂਜੇ ਦੀਆਂ ਪੂਰਕ ਭਾਵ ਸਹਾਇਕ ਹੁੰਦੀਆਂ ਹਨ। ਜੇ ਇਕ ਨਾਲ ਇਲਾਜ ਪੂਰਾ ਨਾ ਹੋਵੇ ਤਾਂ ਦੂਜੀ ਵਰਤ ਲਈ ਜਾਂਦੀ ਹੈ।
ਫੁੱਲ ਦਵਾਈ ਵਾਟਰ ਵਾਇਓਲੈਟ ਆਪਣੇ ਮਰੀਜ਼ਾਂ ਦੇ ਸੁਭਾਅ ਵਿਚ ਜ਼ਮੀਨ ਪੱਧਰੀ ਤਬਦੀਲੀ ਲੈ ਆਉਂਦੀ ਹੈ। ਇਹ ਉਨ੍ਹਾਂ ਦੇ ਸਿਆਣਪ, ਹਲੀਮੀ, ਸ਼ਾਂਤੀ, ਸਮਰੱਥਾ ਤੇ ਸੁਤੰਤਰਤਾ ਦੇ ਗੁਣਾਂ ਨੂੰ ਖਰਾਬ ਕੀਤੇ ਬਿਨਾ ਉਨ੍ਹਾਂ ਦੀ ਕੋਈ ਵੀ ਰਿਣਾਤਮਿਕਤਾ ਦੂਰ ਕਰ ਦੇਵੇਗੀ। ਇਹ ਉਨ੍ਹਾਂ ਦੇ ਸਰਦ ਸੁਭਾਅ ਦੀ ਕਰੂਰਤਾ ਨੂੰ ਦੂਰ ਕਰੇਗੀ ਤੇ ਉਨ੍ਹਾਂ ਨੂੰ ਅਸਲ ਅਰਥਾਂ ਵਿਚ ਲੋਕਾਚਾਰੀ ਤੇ ਮਿਲਾਪੜੇ ਬਣਾ ਦੇਵੇਗੀ। ਇਹ ਉਨ੍ਹਾਂ ਦੀ ਸਮਝ ਤੇ ਚੜ੍ਹੀ ਘੁਮੰਡ ਦੀ ਪਰਤ ਲਾਹ ਕੇ ਉਨ੍ਹਾਂ ਨੂੰ ਇਨਸਾਨ ਵਿਚ ਇਨਸਾਨ ਦੇਖਣ ਦੇ ਕਾਬਲ ਬਣਾ ਦੇਵੇਗੀ। ਇਸ ਦੇ ਸੇਵਨ ਉਪਰੰਤ ਉਹ ਬਾਹਰ ਨਿਕਲ ਕੇ ਲੋਕਾਂ ਨਾਲ ਦੋਸਤੀ ਕਰਨ ਲੱਗਣਗੇ ਤੇ ਉਨ੍ਹਾਂ ਦੇ ਦੁੱਖ-ਸੁੱਖ ਦੇ ਭਾਈਵਾਲ ਬਣਨਗੇ। ਫਿਰ ਉਹ ਲੋਕਾਂ ਵਿਚ ਵਿਚਰਨ ਵਿਚ ਔਖਿਆਈ ਮਹਿਸੂਸ ਨਹੀਂ ਕਰਨਗੇ ਤੇ ਸਹੀ ਸਲਾਹ ਦੇ ਕੇ ਉਨ੍ਹਾਂ ਨੂੰ ਆਪਣੀ ਕਾਬਲੀਅਤ ਦਾ ਲਾਭ ਦੇਣਾ ਸ਼ੁਰੂ ਕਰ ਦੇਣਗੇ। ਇਹ ਫੁੱਲ ਦਵਾਈ ਉਨ੍ਹਾਂ ਨੂੰ ਉੱਘੇ ਸਮਾਜ ਸੇਵੀ ਤੇ ਪਰਜਾ-ਪਾਲਕ ਨੇਤਾ ਬਣਾ ਦੇਣ ਦੀ ਸ਼ਕਤੀ ਰੱਖਦੀ ਹੈ।