ਧੰਨੁ ਧੰਨੁ ਸਤਿਗੁਰ ਪੁਰਖੁ ਨਿਰੰਕਾਰਿ ਆਕਾਰੁ ਬਣਾਇਆ

ਡਾ. ਗੁਰਨਾਮ ਕੌਰ, ਕੈਨੇਡਾ
ਗੁਰਮੁਖਿ ਜਾਂ ਘਰ ਬਾਰੀ ਸਿੱਖ ਦੀ ਰਹਿਣੀ ਕਿਹੋ ਜਿਹੀ ਹੁੰਦੀ ਹੈ ਜਾਂ ਹੋਣੀ ਚਾਹੀਦੀ ਹੈ? ਦੱਸ ਕੇ ਭਾਈ ਗੁਰਦਾਸ ਅਗਲੀ ਪਉੜੀ ਵਿਚ ਸਤਿਗੁਰ ਅਤੇ ਸਿੱਖ ਦੀ ਉਸਤਤਿ ਕਰਦਿਆਂ ਗੁਰੂ ਤੇ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਵਾਲੇ ਗੁਰਮੁਖਿ ਅਰਥਾਤ ਗ੍ਰਹਿਸਥੀ ਸਿੱਖ ਦੀਆ ਵਿਸ਼ੇਸ਼ਤਾਈਆਂ ਅਤੇ ਸੱਚੇ ਗੁਰੂ ਦੀ ਸ਼ਖਸੀਅਤ ‘ਤੇ ਚਾਨਣਾ ਪਾਉਂਦੇ ਹਨ। ਸੋਲਵੀਂ ਪਉੜੀ ਦੀ ਸ਼ੁਰੂਆਤ ਇਹ ਦੱਸਦਿਆਂ ਕੀਤੀ ਹੈ ਕਿ ਸਿਰਜਣਹਾਰ ਨਿਰੰਕਾਰ ਨੇ ਆਪਣੇ ਸਰੂਪ ਵਿਚ ਹੀ ਗੁਰੂ ਦੀ ਘਾੜਤ ਕੀਤੀ ਹੈ ਭਾਵ ਗੁਰੂ ਪਰਮਾਤਮਾ ਦਾ ਹੀ ਸਰੂਪ ਹੈ; ਗੁਰੂ ਧੰਨ ਹੈ ਕਿਉਂਕਿ ਉਹ ਸਿੱਖਾਂ ਨੂੰ ਪਰਮਾਤਮਾ ਦੀ ਭਗਤੀ ਦਾ ਰਾਹ ਦੱਸਦਾ ਹੈ।

ਗੁਰੂ ਦਾ ਸਿੱਖ ਵੀ ਭਾਗਾਂ ਵਾਲਾ ਹੈ, ਉਹ ਗੁਰੂ ਦੀ ਸਿੱਖਿਆ ਨੂੰ ਸੁਣਦਾ ਹੈ, ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਅਤੇ ਗੁਰੂ ਦੀ ਸਿੱਖਿਆ ‘ਤੇ ਅਮਲ ਕਰਦਿਆਂ ਉਸ ਰਸਤੇ ‘ਤੇ ਤੁਰਦਾ ਹੈ। ਗੁਰੂ ਦਾ ਦੱਸਿਆ ਹੋਇਆ ਰਸਤਾ ਵੀ ਧੰਨ ਹੈ, ਕਿਉਂਕਿ ਇਸ ਰਸਤੇ ‘ਤੇ ਚੱਲਦਿਆਂ ਗੁਰਸਿੱਖ ਭਲੇ ਮਨੁੱਖਾਂ ਦੀ ਸਤਿਸੰਗਤ ਨਾਲ ਜੁੜਦਾ ਹੈ। ਗੁਰੂ ਦੇ ਚਰਨ ਵੀ ਧੰਨ ਹਨ, ਜੋ ਗੁਰਸਿੱਖ ਨੂੰ ਆਪਣੇ ਨਾਲ ਜੋੜਦੇ ਹਨ ਅਤੇ ਗੁਰੂ ਚਰਨਾਂ ਨਾਲ ਜੁੜਨ ਵਾਲਾ ਸਿੱਖ ਤੇ ਉਸ ਦਾ ਮੱਥਾ ਵੀ ਵਡਿਆਈ ਦਾ ਪਾਤਰ ਹੈ, ਜੋ ਗੁਰੂ ਚਰਨਾਂ ‘ਤੇ ਟਿਕਦਾ ਹੈ। ਸੱਚੇ ਗੁਰੂ ਦਾ ਦਰਸ਼ਨ ਵਡਿਆਈ ਵਾਲਾ ਹੈ ਅਤੇ ਗੁਰਸਿੱਖ ਦਾ ਉਸ ਦਰਸ਼ਨ ਨਾਲ ਮੇਲ ਹੋ ਸਕਣਾ ਵੀ ਵਡਿਆਈ ਯੋਗ ਹੈ। ਗੁਰਸਿੱਖ ਦੇ ਮਨ ਵਿਚ ਪ੍ਰੇਮ ਤੇ ਭਗਤੀ ਹੈ ਅਤੇ ਗੁਰੂ ਮਿਹਰ ਕਰਕੇ ਸਿੱਖ ਨੂੰ ਆਪਣੇ ਨਾਲ ਲਾਉਂਦਾ ਹੈ ਅਰਥਾਤ ਮਾਰਗ ‘ਤੇ ਤੋਰਦਾ ਹੈ। ਭਾਈ ਗੁਰਦਾਸ ਨੇ ਨਤੀਜਾ ਇਹ ਕੱਢਿਆ ਹੈ ਕਿ ਗੁਰਮਤਿ ਦੇ ਰਸਤੇ ‘ਤੇ ਚੱਲਦਿਆਂ ਸਿੱਖ ਦੇ ਮਨ ਵਿਚੋਂ ਦਵੈਤ ਅਰਥਾਤ ਮੇਰ-ਤੇਰ, ਮਾਇਆਵੀ ਦੂਜਾ ਭਾਉ ਆਦਿ ਖਤਮ ਹੋ ਜਾਂਦੇ ਹਨ:
ਧੰਨੁ ਧੰਨੁ ਸਤਿਗੁਰ ਪੁਰਖੁ
ਨਿਰੰਕਾਰਿ ਆਕਾਰੁ ਬਣਾਇਆ।
ਧੰਨੁ ਧੰਨੁ ਸਤਿਗੁਰ ਸਿਖਸੁਣਿ
ਚਰਣਿਸਰਣਿ ਗੁਰਸਿਖ ਜੁਆਇਆ।
ਗੁਰਮੁਖਿ ਮਾਰਗੁ ਧੰਨੁ ਹੈ
ਸਾਧਸੰਗਤਿ ਮਿਲਿ ਸੰਗੁ ਚਲਾਇਆ।
ਧੰਨੁ ਧੰਨੁ ਸਤਿਗੁਰ ਚਰਣ ਧੰਨੁ
ਮਸਤਕੁ ਗੁਰ ਚਰਣੀ ਲਾਇਆ।
ਸਤਿਗੁਰ ਦਰਸਨੁ ਧੰਨੁ ਹੈ
ਧੰਨੁ ਧੰਨੁ ਗੁਰਸਿਖ ਪਰਸਣਿ ਆਇਆ।
ਭਾਉ ਭਗਤਿ ਗੁਰਸਿਖ ਵਿਚਿ ਹੋਇ
ਦਇਆਲੁ ਗੁਰੁ ਮੁਹਿ ਲਾਇਆ।
ਗੁਰਮਤਿ ਦੂਜਾ ਭਾਉ ਮਿਟਾਇਆ॥16॥
ਅਗਲੀ ਪਉੜੀ ਵਿਚ ਦੱਸਿਆ ਹੈ ਕਿ ਉਹ ਪਲ, ਘੜੀ ਅਤੇ ਪਹਿਰ (ਇਹ ਸਮੇਂ ਨੂੰ ਮਿਣਨ ਦੇ ਪੈਮਾਨੇ ਹਨ), ਤਿਥਾਂ, ਵਾਰ, ਦਿਨ ਆਦਿ ਸੁਭਾਗੇ ਹਨ, ਜਿਨ੍ਹਾਂ ਵਿਚ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ। ਉਹ ਦਿਨ, ਰਾਤ, ਪੰਦਰਵਾੜੇ (ਜਿਵੇਂ ਹਨੇਰਾ ਅਤੇ ਚਾਨਣਾ ਪੱਖ ਆਦਿ), ਰੁੱਤਾਂ, ਮਹੀਨੇ, ਸੰਮਤ ਵੀ ਸੁਭਾਗੇ ਅਤੇ ਵਡਿਆਈ ਵਾਲੇ ਹਨ, ਜਦੋਂ ਮਨ ਉਸ ਦੈਵੀ ਹੋਂਦ ਵੱਲ ਜਾਗਦਾ ਹੈ, ਉਸ ਵੱਲ ਉੱਤੇ ਉਠਦਾ ਹੈ। ਉਹ ਅਭੀਚ ਨਛੱਤਰ ਸ਼ੁਭ ਹੈ, ਜਿਹੜਾ ਮਨੁੱਖ ਨੂੰ ਕਾਮ, ਕ੍ਰੋਧ ਅਤੇ ਹਉਮੈ ਦਾ ਤਿਆਗ ਕਰਨ ਲਈ ਪ੍ਰੇਰਦਾ ਹੈ (ਗੁਰਮਤਿ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਮਨ ਦੇ ਅਜਿਹੇ ਵਿਕਾਰ ਮੰਨਿਆ ਗਿਆ ਹੈ, ਜੋ ਬੁਰੇ ਕੰਮ ਕਰਨ ਲਈ ਉਕਸਾਉਂਦੇ ਹਨ)। ਉਹ ਸੰਜੋਗੀ ਸਮਾਂ ਵਡਿਆਈ ਵਾਲਾ ਹੈ, ਜਦੋਂ ਮਨੁੱਖ ਦਾ ਮਨ ਪਰਮਾਤਮਾ ਦੀ ਭਗਤੀ ਵੱਲ ਲੱਗਦਾ ਹੈ ਅਤੇ ਅਠਾਹਠ ਤੀਰਥਾਂ ਅਤੇ ਪਰਯਾਗ ਵਰਗੇ ਸਥਾਨਾਂ ‘ਤੇ ਇਸ਼ਨਾਨ ਕਰਨ ਦਾ ਫਲ ਮਿਲ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਰਾਗੁ ਮਾਰੂ ਵਿਚ ਦੱਸਿਆ ਹੈ ਕਿ ਅਣਗਿਣਤ ਪਾਪੀ ਪਵਿੱਤਰ ਹੋ ਜਾਂਦੇ ਹਨ, ਜੇ ਉਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੱਗ ਜਾਂਦਾ ਹੈ। ਪਰਮਾਤਮਾ ਦਾ ਨਾਮ ਮੱਥੇ ਦੇ ਚੰਗੇ ਭਾਗਾਂ ਨਾਲ ਜਿਸ ਮਨੁੱਖ ਨੂੰ ਮਿਲ ਜਾਂਦਾ ਹੈ, ਜਿਸ ਦਾ ਮਨ ਚੰਗੀ ਕਿਸਮਤ ਨਾਲ ਪਰਮਾਤਮਾ ਦੇ ਸਿਮਰਨ ਵੱਲ ਲੱਗ ਜਾਂਦਾ ਹੈ, ਉਸ ਨੂੰ ਸਮਝੋ ਅਠਾਹਠ ਤੀਰਥਾਂ ਦਾ ਫਲ ਮਿਲ ਗਿਆ, “ਪਤਿਤ ਪੁਨੀਤ ਅਸੰਖ ਹੋਤਿ ਹਰਿ ਚਰਨੀ ਮਨੁ ਲਾਗ॥ ਅਠਸਠ ਤੀਰਥ ਨਾਮੁ ਪ੍ਰਭ ਨਾਨਕ ਜਿਸੁ ਮਸਤਕਿ ਭਾਗ॥ (ਪੰਨ 990)”
ਗੁਰੂ ਦੇ ਦਰ ‘ਤੇ ਆ ਕੇ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਲੱਗ ਜਾਂਦਾ ਹੈ ਅਤੇ ਅੰਮ੍ਰਿਤ-ਰਸ ਪੀਂਦਾ ਹੈ, ਅਰਥਾਤ ਨਾਮ-ਰਸ ਰੂਪੀ ਅੰਮ੍ਰਿਤ ਪੀਂਦਾ ਹੈ ਅਤੇ ਖੁਸ਼ੀ ਪ੍ਰਾਪਤ ਕਰਦਾ ਹੈ। ਗੁਰੂ ਦੀ ਦਿੱਤੀ ਸਿੱਖਿਆ ਨੂੰ ਮਨ ਵਿਚ ਵਸਾ ਲੈਣ ਨਾਲ ਉਹ ਨਿਰਭੈਅ ਹੋ ਜਾਂਦਾ ਹੈ ( ਗੁਰਬਾਣੀ ਅਨੁਸਾਰ ਜੋ ਉਸ ਨਿਰਭਉ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉਸ ਦੇ ਅੰਦਰੋਂ ਹੋਰ ਸਾਰੇ ਭੈਅ ਮੁੱਕ ਜਾਂਦੇ ਹਨ) ਅਤੇ ਉਸ ਦਾ ਮਨ ਰੱਬੀ ਪ੍ਰੇਮ ਵਿਚ ਖੁਭ ਜਾਂਦਾ ਹੈ। ਸੁਰਤਿ ਨੂੰ ਸ਼ਬਦ ਵਿਚ ਟਿਕਾ ਕੇ ਸਤਿਸੰਗਤਿ ਰਾਹੀਂ ਉਸ ਦਾ ਰੋਮ ਰੋਮ ਪਰਮਾਤਮ-ਰੰਗ ਵਿਚ ਰੰਗਿਆ ਜਾਂਦਾ ਹੈ, ਜੋ ਕਦੀ ਉਤਰਦਾ ਨਹੀਂ; ਅਰਥਾਤ ਇਹ ਰੰਗ ਬਹੁਤ ਪੱਕਾ ਅਤੇ ਸਦੀਵੀ ਹੈ। ਭਾਈ ਗੁਰਦਾਸ ਇਸ ਨਾਮ ਸਿਮਰਨ ਅਤੇ ਸਤਿਸੰਗਤਿ ਦਾ ਸਿੱਟਾ ਸਾਹਮਣੇ ਲਿਆਉਂਦੇ ਹਨ ਕਿ ਇਸ ਰਾਹੀਂ ਸਵਾਸਾਂ ਦੇ ਕੱਚੇ ਧਾਗਿਆਂ ਦੀ ਗੁਰੂ ਦੇ ਸਿੱਖਾਂ ਨੇ ਰਤਨਮਾਲਾ ਬਣਾ ਲਈ ਹੈ ਅਰਥਾਤ ਆਪਣੇ ਸਵਾਸਾਂ ਨੂੰ, ਜੋ ਕਦੇ ਵੀ ਮੁੱਕ ਸਕਦੇ ਹਨ, ਪਰਮਾਤਮਾ ਦੇ ਪ੍ਰੇਮ ਵਿਚ ਲਾ ਕੇ ਕੀਮਤੀ ਬਣਾ ਲਿਆ ਹੈ:
ਧੰਨੁ ਪਲੁ ਚਸਾ ਘੜੀ ਪਹਰੁ
ਧੰਨੁ ਧੰਨੁ ਥਿਤਿ ਸੁ ਵਾਰ ਸਭਾਗੇ।
ਧੰਨੁ ਧੰਨੁ ਦਿਹੁ ਰਾਤਿ ਹੈ
ਪਖੁ ਮਾਹ ਰੁਤਿ ਸੰਮਤਿ ਜਾਗੇ।
ਧੰਨੁ ਅਭੀਚੁ ਨਿਛਤ੍ਰੁ ਹੈ
ਕਾਮੁ ਕ੍ਰੋਧ ਅਹੰਕਾਰੁ ਤਿਆਗੇ।
ਧੰਨੁ ਧੰਨੁ ਸੰਜੋਗੁ ਹੈ
ਅਠਸਠਿ ਤੀਰਥ ਰਾਜ ਪਿਰਾਗੇ।
ਗੁਰੂ ਦੁਆਰੈ ਆਇ ਕੈ
ਚਰਣ ਕਵਲ ਰਸ ਅੰਮ੍ਰਿਤੁ ਪਾਗੇ।
ਸਬਦਿ ਸੁਰਤਿ ਲਿਵ ਸਾਧਸੰਗਿ
ਅੰਗਿ ਅੰਗਿ ਇਕ ਰੰਗਿ ਸਮਾਗੇ।
ਰਤਨੁ ਮਾਲੁ ਕਰਿ ਕਚੇ ਧਾਗੇ॥17॥
ਸਿੱਖ ਧਰਮ ਦਰਸਨ ਅਨੁਸਾਰ ਮਨੁੱਖ ਨੇ ਇਸ ਸੰਸਾਰ ਵਿਚ ਰਹਿੰਦਿਆਂ ਅਤੇ ਗ੍ਰਹਿਸਤੀ ਦਾ ਜੀਵਨ ਜਿਉਂਦਿਆਂ ਜੀਵਨ ਮੁਕਤੀ ਪ੍ਰਾਪਤ ਕਰਨੀ ਹੈ। ਜੀਵਨ ਮੁਕਤੀ ਦਾ ਅਰਥ ਹੈ ਕਿ ਇਸ ਜੀਵਨ ਵਿਚ ਸੰਸਾਰਕ ਬੰਧਨਾਂ ਦਾ ਕਾਰਨ ਬਣਨ ਵਾਲੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਵਿਕਾਰਾਂ ਤੋਂ ਨਿਰਲੇਪ ਹੋ ਕੇ ਜਿਉਣਾ ਹੈ। ਇਸ ਪ੍ਰਾਪਤੀ ਲਈ ਕਿਸੇ ਇਕਾਂਤ ਵਿਚ ਜਾ ਕੇ ਤਪੱਸਿਆ ਆਦਿ ਕਰਨ ਦੀ ਲੋੜ ਨਹੀਂ ਹੈ, ਸਗੋਂ ਇਹ ਜੀਵਨ ਜਾਚ ਸਤਿਸੰਗਤਿ ਵਿਚ ਜਾ ਕੇ ਗੁਰੂ ਦੇ ਸ਼ਬਦ ਵਿਚ ਆਪਣੀ ਸੁਰਤਿ ਨੂੰ ਟਿਕਾ ਕੇ ਆਉਂਦੀ ਹੈ। ਇਹ ਹੀ ਗੁਰਮੁਖਿ ਦਾ ਰਸਤਾ ਹੈ। ਇਸ ਪਉੜੀ ਵਿਚ ਵੀ ਭਾਈ ਗੁਰਦਾਸ ਗੁਰਮੁਖਿ ਦੀਆਂ ਵਿਸ਼ੇਸ਼ਤਾਈਆਂ, ਉਸ ਦਾ ਜੀਵਨ ਚਲਣ ਕਿਹੋ ਜਿਹਾ ਹੁੰਦਾ ਹੈ, ਉਸ ਦੀ ਵਿਆਖਿਆ ਕਰਦੇ ਹਨ। ਗੁਰਮੁਖਿ ਹਲੀਮ ਹੁੰਦਾ ਹੈ ਅਤੇ ਮਿੱਠਾ ਬੋਲਦਾ ਹੈ, ਉਸ ਦੀ ਮਿੱਠੀ ਜ਼ੁਬਾਨ ਰਾਹੀਂ ਜੋ ਵੀ ਉਸ ਦੇ ਦਿਲ ਅਤੇ ਮਨ ਵਿਚ ਹੁੰਦਾ ਹੈ, ਬਾਹਰ ਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਮਿੱਠਾ ਬੋਲਣ ਅਤੇ ਨਿਵ ਕੇ ਚੱਲਣ ਅਰਥਾਤ ਹਲੀਮੀ ਨੂੰ ਸਾਰੇ ਗੁਣਾਂ ਦਾ ਸਾਰਤੱਤ ਕਿਹਾ ਹੈ, “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥”
ਗੁਰਮੁਖਿ ਅਰਥਾਤ ਗੁਰਸਿੱਖ ਹਰ ਥਾਂ ਉਸ ਪਾਰਬ੍ਰਹਮ ਦੀ ਵਿਆਪਕਤਾ ਨੂੰ ਆਪਣੀਆਂ ਅੱਖਾਂ ਨਾਲ ਦੇਖਦਾ ਹੈ ਅਤੇ ਉਸ ਬ੍ਰਹਮ ਦੀ ਵਿਆਪਕਤਾ ਨੂੰ ਅਨੁਭਵ ਕਰਨਾ ਹੀ ਯੋਗੀਆਂ ਦੇ ਧਿਆਨ ਧਰਨ ਬਰਾਬਰ ਹੈ। ਗੁਰਮੁਖਿ ਜਾਂ ਗੁਰਸਿੱਖ ਜਦੋਂ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣਦਾ ਹੈ ਜਾਂ ਆਪ ਉਸ ਦਾ ਕੀਰਤਨ ਕਰਦਾ ਹੈ ਤਾਂ ਇਹ ਯੋਗੀਆਂ ਦੇ ਪੰਚ ਨਾਦ ਸੁਣਨ ਦੇ ਬਰਾਬਰ ਹੁੰਦਾ ਹੈ। ਗੁਰਸਿੱਖ ਜਦੋਂ ਆਪਣੇ ਹੱਥਾਂ ਨਾਲ ਸੱਚੀ-ਸੁੱਚੀ ਕਿਰਤ ਕਮਾਈ ਕਰਦਾ ਹੈ ਤਾਂ ਇਹ ਯੋਗੀਆਂ ਦੀ ਨਮਸਕਾਰ ਅਤੇ ਡੰਡਾਉਤ ਬੰਦਨਾਂ ਦੇ ਬਰਾਬਰ ਹੁੰਦੀ ਹੈ। ਗੁਰਸਿੱਖ ਵੱਲੋਂ ਗੁਰੂ ਦੇ ਦੱਸੇ ਹੋਏ ਮਾਰਗ ‘ਤੇ ਚੱਲਣਾ ਯੋਗੀਆਂ ਦੀ ਪਵਿੱਤਰ ਪਰਿਕਰਮਾ ਕਰਨ ਦੇ ਬਰਾਬਰ ਹੈ। ਗੁਰਮੁਖਿ ਸੰਸਾਰ ਉਤੇ ਖਾਣ-ਪਹਿਨਣ, ਭੋਗ ਆਦਿ ਨੂੰ ਇੱਕ ਸੰਜੋਗ ਦੀ ਤਰ੍ਹਾਂ ਦੇਖਦਾ ਹੈ ਅਰਥਾਤ ਉਹ ਖਾਣ-ਪਹਿਨਣ ਦੀ ਮਰਿਆਦਾ ਨੂੰ ਸਮਝਦਾ ਹੈ। ਜਦੋਂ ਗੁਰਮੁਖਿ ਸੌਂਦਾ ਹੈ ਤਾਂ ਇਹ ਯੋਗੀ ਦੇ ਸਮਾਧੀ ਵਿਚ ਧਿਆਨਮਗਨ ਹੋ ਜਾਣ ਦੀ ਤਰ੍ਹਾਂ ਹੈ, ਕਿਉਂਕਿ ਗੁਰਮੁਖਿ ਆਪਣਾ ਧਿਆਨ ਪਰਮਾਤਮਾ ਵੱਲੋਂ ਅਤੇ ਗੁਰੂ ਵੱਲੋਂ ਹਟਾ ਕੇ ਆਪਣੇ ਆਪ ਵੱਲ ਕਦੇ ਨਹੀਂ ਲਗਾਉਂਦਾ। ਘਰਬਾਰੀ ਸਿੱਖ ਇਸ ਜੀਵਨ ਨੂੰ ਜੀਂਵਦਿਆਂ ਹੀ ਮੁਕਤ ਹੋ ਜਾਂਦਾ ਹੈ, ਕਿਉਂਕਿ ਉਹ ਸੰਸਾਰ-ਸਮੁੰਦਰ ਦੀਆਂ ਲਹਿਰਾਂ ਵਿਚ ਡੁੱਬਦਾ ਨਹੀਂ ਅਤੇ ਉਸ ਦੇ ਅੰਦਰੋਂ ਹਰ ਕਿਸਮ ਦਾ ਭੈਅ ਖਤਮ ਹੋ ਜਾਂਦਾ ਹੈ। ਉਹ ਵਰ ਅਤੇ ਸਰਾਪ ਵਰਗੇ ਖੇਤਰਾਂ ਤੋਂ ਪਾਰ ਲੰਘ ਜਾਂਦਾ ਹੈ:
ਗੁਰਮੁਖਿ ਮਿਠਾ ਬੋਲਣਾ
ਜੋ ਬੋਲੈ ਸੋਈ ਜਪੁ ਜਾਪੈ।
ਗੁਰਮੁਖਿ ਅਖੀ ਦੇਖਣਾ
ਬ੍ਰਹਮ ਧਿਆਨੁ ਧਰੈ ਆਪੁ ਆਪੈ।
ਗੁਰਮੁਖਿ ਸੁਨਣਾ ਸੁਰਤਿ ਕਰਿ
ਪੰਚ ਸਬਦੁ ਗੁਰ ਸਬਦਿ ਅਲਾਪੈ।
ਗੁਰਮੁਖਿ ਕਿਰਤਿ ਕਮਾਵਣੀ
ਨਮਸਕਾਰੁ ਡੰਡਉਤਿ ਸਿਞਾਪੈ।
ਗੁਰਮੁਖਿ ਮਾਰਗਿ ਚਲਣਾ
ਪਰਦਖਣਾ ਪੂਰਨ ਪਰਤਾਪੈ।
ਗੁਰਮੁਖਿ ਖਾਣਾ ਪੈਨਣਾ
ਜਗ ਭੋਗ ਸੰਜੋਗ ਪਛਾਪੈ।
ਗੁਰਮੁਖਿ ਸਵਣੁ ਸਮਾਧਿ ਹੈ
ਆਪੇ ਆਪਿ ਨ ਥਾਪਿ ਉਥਾਪੈ।
ਘਰਬਾਰੀ ਜੀਵਨ ਮੁਕਤਿ ਲਹਰਿ
ਨ ਭਵਜਲ ਭਉ ਨ ਬਿਆਪੈ।
ਪਾਰਿ ਪਏ ਲੰਘਿ ਵਰੈ ਸਰਾਪੈ॥18॥
ਗੁਰੂ ਨਾਨਕ ਸਾਹਿਬ ਨੇ ਸ੍ਰੀ ਰਾਗੁ ਵਿਚ ਮਨੁੱਖ ਦੇ ਖਾਣ-ਪਹਿਨਣ, ਦੁਨਿਆਵੀ ਐਸ਼ੋ-ਇਸ਼ਰਤ ਸਬੰਧੀ ਆਦੇਸ਼ ਕਰਦਿਆਂ ਕਿਹਾ ਹੈ ਕਿ ਪਰਮਾਤਮਾ ਦੇ ਨਾਮ ਦਾ ਮਨਨ ਕਰਨਾ ਸਾਰੇ ਮਿੱਠੇ ਰਸਾਂ ਅਤੇ ਨਾਮ ਨੂੰ ਸੁਣਨਾ ਸਲੂਣੇ ਰਸਾਂ ਦੀ ਪ੍ਰਾਪਤੀ ਹੈ। ਮੂੰਹ ਤੋਂ ਪਰਮਾਤਮਾ ਦੇ ਨਾਮ ਨੂੰ ਉਚਾਰਨਾ ਸਮਝੋ ਖੱਟੇ ਸੁਆਦ ਵਾਲੇ ਪਦਾਰਥ ਹਨ। ਪਰਮਾਤਮਾ ਦੀ ਸਿਫਤਿ-ਸਾਲਾਹ ਦਾ ਕੀਰਤਨ ਕਰਨਾ ਸਮਝੋ ਭੋਜਨ ਵਿਚ ਮਸਾਲੇ ਪਾਉਣਾ ਹੈ। ਪਰਮਾਤਮਾ ਨਾਲ ਇਕਸੁਰਤਾ ਵਾਲਾ ਪ੍ਰੇਮ ਛੱਤੀ ਪ੍ਰਕਾਰ ਦੇ ਭੋਜਨ ਹਨ, ਪਰ ਨਾਮ ਦੀ ਦਾਤ ਪ੍ਰਾਪਤ ਉਸ ਪਰਵਦਗਾਰ ਦੀ ਮਿਹਰ ਸਦਕਾ ਹੁੰਦੀ ਹੈ। ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਮਨ ਵਿਚ ਬੁਰੇ ਖਿਆਲ ਪੈਦਾ ਹੁੰਦੇ ਹਨ, ਉਨ੍ਹਾਂ ਪਦਾਰਥਾਂ ਨੂੰ ਖਾਣ ਨਾਲ ਖੁਆਰ ਹੋਈਦਾ ਹੈ। ਇਸੇ ਤਰ੍ਹਾਂ ਪਹਿਰਾਵੇ ਜਾਂ ਪੁਸ਼ਾਕ ਬਾਰੇ ਕਿਹਾ ਹੈ ਕਿ ਪਰਮਾਤਮਾ ਦੇ ਪਿਆਰ ਵਿਚ ਮਨ ਨੂੰ ਰੰਗਣਾ ਲਾਲ ਰੰਗ ਦੀ ਪੁਸ਼ਾਕ ਸਮਾਨ ਹੈ, ਲੋੜਵੰਦਾਂ ਦੀ ਖਿਦਮਤ ਲਈ ਦਾਨ ਦੇਣਾ ਚਿੱਟਾ ਰੰਗ ਪਹਿਨਣਾ ਹੈ ਅਤੇ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਬਾਹਰ ਕੱਢ ਦੇਣਾ ਨੀਲੇ ਰੰਗ ਦਾ ਪਹਿਰਾਵਾ ਪਹਿਨਣ ਵਾਂਗ ਹੈ। ਪਰਮਾਤਮਾ ਦੇ ਚਰਨਾਂ ਦਾ ਧਿਆਨ ਦੇਣਾ ਪਹਿਰਣ (ਚੋਗਾ) ਪਹਿਨਣ ਦੇ ਸਮਾਨ ਹੈ। ਸੰਤੋਖ ਨੂੰ ਮੈਂ ਆਪਣਾ ਕਮਰਬੰਦ ਬਣਾਇਆ ਹੈ ਅਤੇ ਉਸ ਪਰਮਾਤਮਾ ਦਾ ਨਾਮ ਹੀ ਮੇਰੀ ਦੌਲਤ ਤੇ ਜੁਆਨੀ ਹੈ; ਜਿਸ ਨੂੰ ਪਹਿਨਣ ਦੇ ਨਾਲ ਸਰੀਰ ਨੂੰ ਤਕਲੀਫ ਹੋਵੇ ਅਤੇ ਮਨ ਵਿਚ ਮੰਦੇ ਖਿਆਲ ਪੈਦਾ ਹੋਣ, ਉਹ ਪਹਿਰਾਵਾ, ਉਸ ਨੂੰ ਪਹਿਨਣ ਦਾ ਸ਼ੌਕ ਖੁਆਰ ਕਰਦਾ ਹੈ:
ਸਭ ਰਸ ਮਿਠੇ ਮੰਨਿਐ
ਸੁਣਿਐ ਸਾਲੋਣੇ॥
ਖਟ ਤੁਰਸੀ ਮੁਖਿ ਬੋਲਣਾ
ਮਾਰਣ ਨਾਦ ਕੀਏ॥
ਛਤੀਹ ਅੰਮ੍ਰਿਤ ਭਾਉ ਏਕੁ
ਜਾ ਕਉ ਨਦਰਿ ਕਰੇਇ॥1॥
ਬਾਬਾ ਹੋਰੁ ਖਾਣਾ ਖੁਸੀ ਖੁਆਰ॥
ਜਿਤੁ ਖਾਧੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰ॥1॥ ਰਹਾਉ॥
ਰਤਾ ਪੈਨਣੁ ਮਨੁ
ਰਤਾ ਸੁਪੇਦੀ ਸਤੁ ਦਾਨੁ॥
ਨੀਲੀ ਸਿਆਹੀ ਕਦਾ ਕਰਣੀ
ਪਹਿਰਣੁ ਪੈਰ ਧਿਆਨ॥
ਕਮਰਬੰਦ ਸੰਤੋਖ ਕਾ
ਧਨੁ ਜੋਬਨੁ ਤੇਰਾ ਨਾਮੁ॥2॥
ਬਾਬਾ ਹੋਰੁ ਪੈਨਣੁ ਖੁਸੀ ਖੁਆਰ॥
ਜਿਤੁ ਪੈਧੈ ਤਨੁ ਪੀੜੀਐ
ਮਨ ਮਹਿ ਚਲੈ ਵਿਕਾਰ॥1॥ (ਪੰਨਾ 16)
ਛੇਵੀਂ ਵਾਰ ਦੀ 19ਵੀਂ ਪਉੜੀ ਵਿਚ ਭਾਈ ਗੁਰਦਾਸ ਦੱਸਦੇ ਹਨ ਕਿ ਗੁਰੂ ਦਾ ਸਿੱਖ ਜਾਣਦਾ ਹੈ ਕਿ ਸਤਿਗੁਰੂ ਸਤਿਸਰੂਪ ਹੈ ਅਤੇ ਉਹ ਇਸ ਦਾ ਧਿਆਨ ਧਰਦਾ ਹੈ। ਉਹ “ੴ ਸਤਿਨਾਮ ਕਰਤਾ ਪੁਰਖੁ… ਗੁਰਪ੍ਰਸਾਦਿ” ਤੱਕ ਦੀ ਬਾਣੀ, ਜਿਸ ਨੂੰ ਭਾਈ ਗੁਰਦਾਸ ਨੇ ਮੂਲ ਮੰਤਰ ਕਿਹਾ ਹੈ, ਦਾ ਸਿਮਰਨ ਕਰਕੇ ਪਰਵਾਨ ਹੁੰਦਾ ਹੈ। ਉਹ ਸਤਿਗੁਰੂ ਦੇ ਚਰਨ ਕੰਵਲਾਂ ਨੂੰ ਮੂਲ ਮਨ ਕੇ ਇਨ੍ਹਾਂ ਨਾਲ ਪ੍ਰੇਮ ਕਰਦਾ ਹੈ ਅਤੇ ਇਨ੍ਹਾਂ ਦੇ ਰਸ ਨੂੰ ਮਾਣਦਾ ਹੈ। ਭਾਵ ਗੁਰਸਿੱਖ ਨੂੰ ਗੁਰੂ ਚਰਨ ਕੰਵਲਾਂ ਨਾਲ ਪ੍ਰੇਮ ਹੁੰਦਾ ਹੈ ਅਤੇ ਉਹ ਇਸ ਪ੍ਰੇਮ-ਰਸ ਦਾ ਅਨੰਦ ਮਾਣਦਾ ਹੈ। ਉਹ ਗੁਰੂ ਅਤੇ ਸਤਿਸੰਗਤ ਰਾਹੀਂ ਆਪਣੀ ਸੁਰਤਿ ਨੂੰ ਸ਼ਬਦ ਵਿਚ ਟਿਕਾਉਂਦਾ ਹੈ ਤੇ ਸ਼ਬਦ ਨਾਲ ਲਿਵ ਲਾਉਂਦਾ ਹੈ। ਗੁਰਮੁਖਿ ਦਾ ਰਸਤਾ ਮਨ ਤੇ ਭਾਖਿਆ ਤੋਂ ਪਾਰ ਦਾ ਹੈ ਅਤੇ ਉਹ ਅਡੋਲ ਹੋ ਕੇ ਭਾਣੇ ਵਿਚ ਚੱਲਦਾ ਹੈ। ਗੁਰਮੁਖਿ ਜਾਣਦਾ ਹੈ ਕਿ ਪਰਮਾਤਮਾ ਵੇਦਾਂ ਅਤੇ ਕਤੇਬਾਂ ਆਦਿ ਧਰਮ ਗ੍ਰੰਥਾਂ ਦੇ ਕਥਨ ਤੋਂ ਵੀ ਉੱਤੇ ਹੈ, ਜਿਸ ਦਾ ਕਥਨ ਕਰ ਸਕਣਾ ਸੰਭਵ ਨਹੀਂ ਅਰਥਾਤ ਉਹ ਅਕੱਥ ਹੈ। ਗੁਰੂ ਅਰਜਨ ਦੇਵ ਇਸ ਤੱਥ ਦਾ ਬਿਆਨ ਰਾਗੁ ਆਸਾ ਵਿਚ ਇਸ ਤਰ੍ਹਾਂ ਕਰਦੇ ਹਨ, “ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥” ਵੇਦ ਕਤੇਬ ਅਤੇ ਸੰਸਾਰ ਸਭਨਾਂ ਤੋਂ ਵੱਖਰਾ ਹੈ, ਭਾਵ ਵਾਹਿਗੁਰੂ ਧਾਰਮਕ ਪੁਸਤਕਾਂ ਜਾਂ ਸ੍ਰਿਸ਼ਟੀ ਦੇ ਅੰਦਰ ਹੀ ਨਹੀਂ ਸਮਾਇਆ ਹੋਇਆ, ਉਹ ਤਾਂ ਇੰਨਾ ਵੱਡਾ ਹੈ ਕਿ ਇਨ੍ਹਾਂ ਦੇ ਮਹਿਦੂਦ ਬਿਆਨ ਤੋਂ ਟੱਪ ਕੇ ਬਾਹਰ ਦੀ ਬਿਅੰਤਤਾ ਵਿਚ ਪ੍ਰਕਾਸ਼ਮਾਨ ਹੈ। ਭਾਈ ਗੁਰਦਾਸ ਨਿਚੋੜ ਇਹ ਦਿੰਦੇ ਹਨ ਕਿ ਇਸ ਰਸਤੇ ਨੂੰ ਹੱਦਬੰਦੀਆਂ, ਸੰਸਿਆਂ ਅਤੇ ਉਤੇਜਨਾਵਾਂ ਆਦਿ ਤੋਂ ਪਾਰ ਲੰਘ ਕੇ ਹੀ ਪਛਾਣਿਆ ਜਾ ਸਕਦਾ ਹੈ:
ਸਤਿਗੁਰੁ ਸਤਿਸਰੂਪੁ ਹੈ
ਧਿਆਨ ਮੂਲੁ ਗੁਰ ਮੂਰਤਿ ਜਾਣੈ।
ਸਤਿ ਨਾਮੁ ਕਰਤਾ ਪੁਰਖੁ
ਮੂਲ ਮੰਤ੍ਰ ਸਿਮਰਣੁ ਪਰਵਾਣੈ।
ਚਰਣ ਕਵਲ ਮਕਰੰਦ ਰਸੁ
ਪੂਜਾ ਮੂਲੁ ਪਿਰਮ ਰਸੁ ਮਾਣੈ।
ਸਬਦ ਸੁਰਤਿ ਲਿਵ ਸਾਧਸੰਗਿ
ਗੁਰ ਕਿਰਪਾ ਤੇ ਅੰਦਰਿ ਆਣੈ।
ਗੁਰਮੁਖਿ ਪੰਥੁ ਅਗੰਮੁ ਹੈ
ਗੁਰਮਤਿ ਨਿਹਚਲੁ ਚਲਣੁ ਭਾਣੈ।
ਵੇਦ ਕਤੇਬਹੁੰ ਬਾਹਰੀ
ਅਕਥ ਕਥਾ ਕਉਣੁ ਆਖਿ ਵਖਾਣੈ।
ਵੀਹ ਇਕੀਹ ਉਲੰਘਿ ਸਿਞਾਣੈ॥19॥
ਗੁਰਮੁਖਿ ਦੇ ਬਿਲਕੁਲ ਉਲਟ ਮਨਮੁਖਿ ਦੀ ਗਤੀ ਜਾਂ ਰਸਤਾ ਹੈ, ਕਿਉਂਕਿ ਉਹ ਗੁਰੂ ਦੇ ਦੱਸੇ ਹੋਏ ਰਸਤੇ ‘ਤੇ ਚੱਲਣ ਦੀ ਥਾਂ ਆਪਣੇ ਮਨ ਦੀਆਂ ਰੁਚੀਆਂ ਅਨੁਸਾਰ ਚੱਲਦਾ ਹੈ। ਛੇਵੀਂ ਵਾਰ ਦੀ ਵੀਹਵੀਂ ਅਤੇ ਆਖਰੀ ਪਉੜੀ ਵਿਚ ਭਾਈ ਗੁਰਦਾਸ ਮਨਮੁਖਿ ਦੀ ਗਤੀ ਦਾ ਵਰਨਣ ਕਰਦੇ ਹਨ। ਭਾਈ ਗੁਰਦਾਸ ਅਨੁਸਾਰ ਕਿਸੇ ਵਗਦੇ ਨਾਲੇ ਜਾਂ ਤਲਾਅ ਵਿਚੋਂ ਪਾਣੀ ਕੱਢਣ ਲਈ ਢੀਂਗਲੀ ਨੂੰ ਨੀਵਾਂ ਕੀਤਾ ਜਾਂਦਾ ਹੈ ਤਾਂ ਪਾਣੀ ਭਰ ਕੇ ਉੱਚਾ ਹੋ ਕੇ ਬਾਹਰ ਆਉਂਦਾ ਹੈ (ਢੀਂਗਲੀ ਬਣਾਉਣ ਲਈ ਡੰਡੇ ਦੇ ਇੱਕ ਸਿਰੇ `ਤੇ ਪਾਣੀ ਭਰਨ ਲਈ ਬਾਲਟੀ ਬੰਨ੍ਹੀ ਜਾਂਦੀ ਹੈ, ਵਿਚਕਾਰ ਇੱਕ ਟੇਕ ਜਾਂ ਧੁਰਾ ਲਾਇਆ ਜਾਂਦਾ ਹੈ ਅਤੇ ਸਿਰੇ ਤੋਂ ਫੜ ਕੇ ਉਸ ਨੂੰ ਨਾਲੇ ਜਾਂ ਤਲਾਅ ਵਿਚ ਨੀਂਵਾਂ ਕਰਦੇ ਹਨ)। ਇੱਥੇ ਇਹ ਦੱਸਿਆ ਹੈ ਕਿ ਢੀਂਗਲੀ ਆਪਣੇ ਆਪ ਨੀਵੀਂ ਨਹੀਂ ਹੁੰਦੀ, ਉਸ ਨੂੰ ਕਰਨਾ ਪੈਂਦਾ ਹੈ। ਉੱਲੂ ਨੂੰ ਸੂਰਜ ਦਾ ਚਾਨਣ ਚੰਗਾ ਨਹੀਂ ਲੱਗਦਾ, ਕਿਉਂਕਿ ਉਹ ਸੂਰਜ ਦੀ ਰੌਸ਼ਨੀ ਵਿਚ ਦੇਖ ਨਹੀਂ ਸਕਦਾ। ਇਸੇ ਤਰ੍ਹਾਂ ਚਕਵੀ ਨੂੰ ਚੰਦ੍ਰਮਾ ਚੰਗਾ ਨਹੀਂ ਲੱਗਦਾ, ਕਿਉਂਕਿ ਚਕਵੀ ਨੂੰ ਸੂਰਜ ਨਾਲ ਪਿਆਰ ਹੁੰਦਾ ਹੈ। ਗੁਰੂ ਅਰਜਨ ਦੇਵ ਚਕਵੀ ਦੇ ਸੂਰਜ ਨਾਲ ਪ੍ਰੇਮ ਦੀ ਮਿਸਾਲ ਦਿੰਦੇ ਹਨ, “ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ॥” ਅਰਥਾਤ ਚਕਵੀ ਅਤੇ ਸੂਰਜ ਦਾ ਪ੍ਰੇਮ ਹੈ, ਇਸ ਲਈ ਉਹ ਤਾਂਘ ਕਰਦੀ ਰਹਿੰਦੀ ਹੈ ਕਿ ਕਦੋਂ ਦਿਨ ਚੜ੍ਹੇ ਅਤੇ ਉਹ ਸੂਰਜ ਨੂੰ ਦੇਖੇ। ਸਿੰਮਲ ਦਾ ਰੁੱਖ ਦੇਖਣ ਨੂੰ ਬੜਾ ਉੱਚਾ-ਲੰਬਾ ਅਤੇ ਸੋਹਣਾ ਹੁੰਦਾ ਹੈ, ਪਰ ਉਸ ਨੂੰ ਕੋਈ ਫਲ ਨਹੀਂ ਪੈਂਦਾ, ਇਸ ਲਈ ਉਹ ਸਫਲ ਨਹੀਂ ਹੁੰਦਾ, ਕਿਸੇ ਕੰਮ ਨਹੀਂ ਆਉਂਦਾ। ਬਾਂਸ ਦਾ ਦਰਖਤ ਚੰਦਨ ਕੋਲ ਉੱਗਿਆ ਹੋਣ ‘ਤੇ ਵੀ ਚੰਦਨ ਦੀ ਖੁਸ਼ਬੋ ਆਪਣੇ ਅੰਦਰ ਨਹੀਂ ਸਮੇਟਦਾ।
ਭਾਈ ਗੁਰਦਾਸ ਕਹਿੰਦੇ ਹਨ, ਸੱਪਾਂ ਨੂੰ ਜਿੰਨਾ ਮਰਜ਼ੀ ਦੁੱਧ ਪਿਆਲ ਲਈਏ, ਉਹ ਜ਼ਹਿਰ ਉਗਲਣ ਦਾ ਆਪਣਾ ਸੁਭਾਅ ਨਹੀਂ ਤਿਆਗਦੇ; ਇਸੇ ਤਰ੍ਹਾਂ ਕੌੜ-ਤੁੰਮੇ ਦੀ ਕੁੜੱਤਣ ਵੀ ਨਹੀਂ ਜਾਂਦੀ, ਜੋ ਮਰਜ਼ੀ ਯਤਨ ਕਰੀਏ, ਕਿਉਂਕਿ ਸੱਪ ਵਾਂਗ ਹੀ ਇਹ ਕੌੜ-ਤੁੰਮੇ ਦਾ ਸੁਭਾਅ ਹੈ। ਚਿੱਚੜੀ ਗਊ ਜਾਂ ਮੱਝ ਦੇ ਥਣਾਂ ਨਾਲ ਚੰਬੜੀ ਰਹਿੰਦੀ ਹੈ, ਪਰ ਉਹ ਦੁੱਧ ਨਹੀਂ ਪੀਂਦੀ, ਲਹੂ ਹੀ ਪੀਂਦੀ ਹੈ। ਭਾਈ ਸਾਹਿਬ ਕਹਿੰਦੇ ਹਨ, ਮੇਰੇ ਅੰਦਰ ਅਰਥਾਤ ਮਨੁੱਖ ਮਨ ਵਿਚ ਸਾਰੇ ਔਗੁਣ ਭਰੇ ਪਏ ਹਨ, ਜੇ ਕੋਈ ਮੇਰੇ ਨਾਲ ਚੰਗਾ ਵੀ ਕਰਦਾ ਹੈ ਤਾਂ ਮੈਂ ਬਦਲੇ ਵਿਚ ਉਸ ਨੂੰ ਕੁਝ ਚੰਗਾ ਦੇਣ ਦੀ ਥਾਂ ਆਪਣੇ ਔਗੁਣਾਂ ਕਰਕੇ ਬੁਰਾ ਹੀ ਦਿੰਦਾ ਹਾਂ। ਲਸਣ ਵਿਚੋਂ ਕਸਤੂਰੀ ਦੀ ਖੁਸ਼ਬੋ ਕਦੇ ਵੀ ਨਹੀਂ ਆ ਸਕਦੀ, ਲਸਣ ਦੀ ਗੰਧ ਹੀ ਆਵੇਗੀ:
ਸੀਸੁ ਨਿਵਾਏ ਢੀਂਗੁਲੀ
ਗਲਿ ਬੰਧੇ ਜਲੁ ਉਚਾ ਆਵੈ।
ਘੁਘੂ ਸੁਝੁ ਨ ਸੁਝਈ
ਚਕਈ ਚੰਦੁ ਨ ਡਿਠਾ ਭਾਵੈ।
ਸਿੰਮਲ ਬਿਰਖੁ ਨ ਸਫਲੁ ਹੋਇ
ਚੰਦਨ ਵਾਸੁ ਨ ਵਾਂਸਿ ਸਮਾਵੈ।
ਸਪੈ ਦੁਧੁ ਪੀਆਲੀਐ
ਤੁਮੇ ਦਾ ਕਉੜਤੁ ਨ ਜਾਵੈ।
ਜਿਉ ਥਣਿ ਚੰਬੜਿ ਚਿਚੁੜੀ
ਲੋਹੂ ਪੀਐ ਦੁਧੁ ਨ ਖਾਵੈ।
ਸਭ ਅਵਗੁਣ ਮੈ ਤਨਿ ਵਸਨਿ
ਗੁਣ ਕੀਤੇ ਅਵਗੁਣ ਨੋ ਧਾਵੈ।
ਥੋਮ ਨ ਵਾਸੁ ਕਥੂਰੀ ਆਵੈ॥ 20॥