ਕੈਪਟਨ ਅਮਰਿੰਦਰ ਸਿੰਘ, ਪ੍ਰੋ. ਕਾਂਤਾ ਚਾਵਲਾ ਤੇ ਹੋਰਨਾਂ ਦਾ ਨਵਾਂ ਜੱਲਿਆਂਵਾਲਾ

ਗੁਲਜ਼ਾਰ ਸਿੰਘ ਸੰਧੂ
ਕੇਂਦਰ ਦੀ ਵਰਤਮਾਨ ਸਰਕਾਰ ਨੇ ਰਾਸ਼ਟਰਵਾਦੀ ਧਾਰਨਾ ਨੂੰ ਪ੍ਰਮੁੱਖਤਾ ਦੇਣ ਦੇ ਏਜੰਡੇ ਅਧੀਨ ਕਰੋਨਾ ਤਾਲਾਬੰਦੀ ਦੇ ਹਨੇਰੇ ਵਿਚ ਸਾਕਾ ਜੱਲਿਆਂਵਾਲਾ ਬਾਗ ਦੀ ਧਰਮ-ਨਿਰਪੱਖ ਤੇ ਸਾਂਝੀ ਵਿਰਾਸਤ ਨੂੰ ਉਜਾਗਰ ਕਰਨ ਦੀ ਥਾਂ ਰਾਸ਼ਟਰੀ ਸਰੂਪ ਦੇਣ ਦਾ ਦਾਅ ਖੇਡਿਆ ਹੈ। ਨਵੀਨੀਕਰਨ ਦੀ ਆੜ ਵਿਚ ਉਸ ਤੰਗ ਗਲੀ ਨੂੰ ਜਿੱਥੇ ਉਸ ਵੇਲੇ ਦੀ ਵਸੋਂ ਨੇ ਰੌਲਟ ਐਕਟ ਦਾ ਵਿਰੋਧ ਕੀਤਾ ਸੀ, ਨੱਚਦੇ-ਟੱਪਦੇ ਲੋਕਾਂ ਦੀਆਂ ਮੂਰਤੀਆਂ ਨਾਲ ਸ਼ਿੰਗਾਰ ਦਿੱਤਾ ਗਿਆ ਹੈ। ਗੋਰੀ ਸਰਕਾਰ ਦੀਆਂ ਗੋਲੀਆਂ ਤੋਂ ਬਚਣ ਲਈ ਸੁਤੰਤਰਤਾ ਪ੍ਰੇਮੀਆਂ ਨੇ ਜਿਸ ਖੂਹ ਵਿਚ ਛਾਲਾਂ ਮਾਰ ਕੇ ਜਾਨਾਂ ਗੰਵਾ ਲਈਆਂ ਸਨ, ਉਸ ਦੀਆਂ ਮੌਣਾਂ ਉਤੇ ਗੁਬੰਦ ਜਿਹਾ ਉਸਾਰ ਕੇ ਇਸ ਨੂੰ ਇੱਕ ਸ਼ੀਸ਼ੇ ਦਾ ਬਕਸਾ ਬਣਾ ਦਿੱਤਾ ਗਿਆ ਹੈ।

ਇਸ ਦੀ ਡੂੰਘਾਈ ਦੇ ਦ੍ਰਿਸ਼ ਨਾਲ ਵੀ ਛੇੜ-ਛਾੜ ਕੀਤੀ ਗਈ ਹੈ। ਜਿਸ ਥਾਂ ਉਤੇ ਖਲੋ ਕੇ ਡਾਇਰ ਨੇ ਲੋਕਾਂ ਉਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ, ਉਹ ਮਿਟਾ ਦਿੱਤਾ ਗਿਆ ਹੈ। ਇਥੋਂ ਤੱਕ ਕਿ ਅਮਰ ਜਿਓਤੀ ਦੀ ਥਾਂ ਵੀ ਬਦਲ ਦਿੱਤੀ ਗਈ ਹੈ। ਸਰਕਾਰੀ ਦਸਤਾਵੇਜ਼ਾਂ ਅਨੁਸਾਰ 1650 ਗੋਲੀਆਂ ਦਾ ਸ਼ਿਕਾਰ ਹੋਣ, 379 ਸ਼ਹੀਦਾਂ ਤੇ 1137 ਜ਼ਖਮੀਆਂ ਦੀ ਬਾਤ ਪਾਉਂਦੀ ਇਸ ਵਿਰਾਸਤ ਦੀਆਂ ਗੈਲਰੀਆਂ ਵਿਚ ‘ਆਜ਼ਾਦੀ ਸੰਗਰਾਮ’ ਸ਼ਬਦਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ‘ਰਾਸ਼ਟਰਵਾਦ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਸ ਸਾਕੇ ਵਿਚ ਕੁਰਬਾਨ ਹੋਏ ਲੋਕਾਂ ਦੇ ਮੱਦਾਹਾਂ ਦੇ ਜ਼ਖਮਾਂ ਉਤੇ ਲੂਣ ਛਿੜਕਣ ਲਈ ਜੱਲਿਆਂਵਾਲਾ ਬਾਗ ਦੇ ਪ੍ਰਵੇਸ਼ ਦੁਆਰ ਉਤੇ ਟਿਕਟ ਖਿੜਕੀਆਂ ਬਣਾਈਆਂ ਗਈਆਂ, ਜਿੱਥੋਂ ਟਿਕਟ ਲੈਣ ਉਪਰੰਤ ਹੀ ਦੇਸ਼ ਵਾਸੀ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰ ਸਕਣ।
ਜੱਲਿਆਂਵਾਲਾ ਬਾਗ ਦੀ ਨਵੀਂ ਦਿੱਖ ਹੁਣ ਧਰਮ ਨਿਰਪੱਖ ਤੇ ਸਾਂਝੀ ਵਿਰਾਸਤ ਦੀ ਥਾਂ ਟਿਕਟਾਂ ਰਾਹੀਂ ਕਮਾਏ ਪੈਸੇ ਦਾ ਸਾਧਨ ਹੋ ਕੇ ਰਹਿ ਜਾਵੇਗੀ। ਤਾਜ ਮਹੱਲ ਵਾਂਗ, ਜਿਸ ਬਾਰੇ ਸ਼ਾਇਰ ਲੁਧਿਆਣਵੀ ਦੇ ਲਿਖੇ ਬੋਲ ਚੇਤੇ ਆ ਰਹੇ ਹਨ:
ਇੱਕ ਸ਼ਹਿਨਸ਼ਾਹ ਨੇ ਦੌਲਤ ਕਾ ਲੇ ਕਰ ਸਹਾਰਾ
ਹਮ ਗਰੀਬੋਂ ਕੀ ਮੁਹੱਬਤ ਕਾ ਉੜਾਇਆ ਹੈ ਮਜ਼ਾਕ।
ਜੱਲਿਆਂਵਾਲੇ ਬਾਗ ਦੇ ਸਾਕੇ ਨੂੰ ਫਿਰੋਜ਼ਦੀਨ ਸ਼ਰਫ ਨੇ ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ ਲਿਖਿਆ ਸੀ (ਵੇਖੋ ਅੰਤਿਕਾ)। ਇਹ ਗੱਲ ਵੱਖਰੀ ਹੈ ਕਿ ਇਸ ਬਾਗ ਦੀ ਨਵੀਂ ਦਿੱਖ ਨੂੰ ਕੈਪਟਨ ਅਮਰਿੰਦਰ ਸਿੰਘ ਰਾਜੇ ਮਹਾਰਾਜਿਆਂ ਵਾਲੀ ਅੱਖ ਨਾਲ ਦੇਖ ਕੇ ਪਸੰਦ ਕਰ ਰਿਹਾ ਹੈ ਤੇ ਭਾਜਪਾ ਦੀ ਨੇਤਾ ਲਕਸ਼ਮੀ ਕਾਂਤਾ ਚਾਵਲਾ ਪ੍ਰੋਫੈਸਰ ਵਾਲੀ ਬੁੱਧੀਜੀਵੀ ਅੱਖ ਨਾਲ ਵੇਖ ਕੇ ਨਾਪਸੰਦ। ਸੰਭਵ ਹੈ ਕਿ ਕੱਲ੍ਹ ਨੂੰ ਕੋਈ ਸ਼ਾਇਰਾਨਾ ਅੱਖ ਇਹਦੇ ਬਾਰੇ ਹੇਠ ਲਿਖੇ ਬੋਲ ਬੋਲੇ:
ਇਕ ਸਰਕਾਰ ਨੇ ਕਾਰਪੋਰੇਟਾਂ ਕਾ ਲੇ ਕਰ ਸਹਾਰਾ
ਹਮ ਸ਼ਹੀਦੋਂ ਕੀ ਸ਼ਹਾਦਤ ਕਾ ਉੜਾਇਆ ਹੈ ਮਜ਼ਾਕ।
ਮੈਂ ਖੁਦ ਵੀ ਨਵਾਂ ਰੂਪ ਦੇਖ ਆਇਆ ਹਾਂ। ਮੇਰਾ ਨਿੱਜੀ ਪ੍ਰਤੀਕਰਮ ਕੀ ਹੈ, ਦੱਸਣ ਦੀ ਲੋੜ ਨਹੀਂ।
ਪ੍ਰੀਤਨਗਰ ਦੇ ਵਿਹੜੇ ਸਿਰਜਣਾ ਦੀ ਮਹਿਕ: ਪਿਛਲੇ ਹਫਤੇ ਪੰਜਾਬੀ ਦੇ ਤੈ੍ਰਮਾਸਕ ਸਾਹਿਤਕ ਰਸਾਲੇ ‘ਸਿਰਜਣਾ’ ਦੇ ਦੋ ਸੌ ਤੋਂ ਵਧ ਅੰਕ ਨਿਕਲਣ ਦਾ ਰਸਮੀ ਜਸ਼ਨ ਮੇਰੇ ਸਮਿਆਂ ਦੀ ਮੁਕੱਦਸ ਭੂਮੀ ਪ੍ਰੀਤਨਗਰ ਵਿਚ ਮਨਾਇਆ ਗਿਆ। ਅੱਜ ਦੇ ਬਿਜਲਈ ਮੀਡੀਆ ਯੁੱਗ ਵਿਚ ਚਿੱਟੇ ਕਾਗਜ਼ ਉਤੇ ਕਾਲੇ ਅੱਖਰਾਂ ਵਾਲੇ ਪਰਚੇ ਦਾ ਅੱਧੀ ਸਦੀ ਤੋਂ ਵੱਧ ਸਿਦਕ ਤੇ ਮੜਕ ਬਣਾਈ ਰੱਖਣਾ ਇੱਕ ਵਿਲੱਖਣ ਪ੍ਰਾਪਤੀ ਹੈ। ‘ਫੁਲਵਾੜੀ’, ‘ਲੋਕ ਸਾਹਿਤ’, ‘ਪੰਜ ਦਰਿਆ’, ‘ਆਰਸੀ’ ਤੇ ‘ਨਾਗਮਣੀ’ ਦੇ ਮਰਹੂਮ ਸੰਪਾਦਕ ਸੰਸਥਾਪਕਾਂ ਦੀ ਆਤਮਾ ਇਸ ਗੱਲ ਦੀ ਗਵਾਹ ਹੈ ਕਿ ਨਿਰੋਲ ਸਾਹਿਤਕ ਰਸਾਲਾ ਕੱਢਣਾ ਤੇ ਜਾਰੀ ਰੱਖਣਾ ਖਾਲਾ ਜੀ ਦਾ ਵਾੜਾ ਨਹੀਂ। ‘ਸਿਰਜਣਾ’ ਦੇ ਚਾਲਕਾਂ ਨੇ ਇਹ ਸਫਰ ਕਿਵੇਂ ਨਿਭਾਇਆ, ਤਾਜ਼ਾ ਸਮਾਗਮ ਦੇ ਇੱਕ ਦਰਜਨ ਤੋਂ ਵੱਧ ਬੁਲਾਰਿਆਂ ਤੇ ਇੱਕ ਸੌ ਤੋਂ ਵੱਧ ਸਰੋਤਿਆਂ ਨੇ ਬੜੇ ਮਾਣ ਤੇ ਸ਼ਰਧਾ ਨਾਲ ਚੇਤੇ ਕੀਤਾ ਅਤੇ ਇਸ ਵਿਚ ਤੇਰਾ ਸਿੰਘ ਚੰਨ ਦੇ ਵਾਰਸਾਂ ਵਲੋਂ ਪਾਏ ਯੋਗਦਾਨ ਦੀ ਸੱਚੇ ਦਿਲੋਂ ਸ਼ਲਾਘਾ ਕੀਤੀ। ਬੁਲਾਰਿਆਂ ਵਿਚ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬੇਟੇ ਹਿਰਦੇਪਾਲ ਤੋਂ ਲੈ ਕੇ ਉਨ੍ਹਾਂ ਦੇ ਦੋਹਤਰੇ ਸੁਕੀਰਤ ਤੱਕ ਕੱਦਾਵਰ ਰਚਨਹਾਰੇ ਸਨ, ਜਿਨ੍ਹਾਂ ਵਿਚ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਤੇ ਨਾਟਕਕਾਰ ਸਵਰਾਜਬੀਰ ਹੀ ਨਹੀਂ, ਸਿਰਜਣਾ ਦੇ ਮੁਢਲੇ ਸੰਸਥਾਪਕਾਂ ਵਿਚੋਂ ਜਗੀਰ ਸਿੰਘ ਜਗਤਾਰ ਵੀ ਸੀ, ਜਿਸ ਨੇ ਆਪਣੀ ਮਾੜੀ ਸਿਹਤ ਦੇ ਬਾਵਜੂਦ ਬਰਨਾਲਾ ਤੋਂ ਆ ਕੇ ਹਾਜ਼ਰੀ ਭਰੀ। ਸਰੋਤਿਆਂ ਵਿਚ ਸਤੀਸ਼ ਗੁਲਾਟੀ ਵਰਗੇ ਪ੍ਰਕਾਸ਼ਕ, ਹਰਜੀਤ ਵਰਗੇ ਟੈਲੀਵਿਜ਼ਨ ਕਾਰਕੁਨ, ਗੁਰਭਜਨ ਗਿੱਲ ਜਿਹੇ ਕਵੀ, ਕੇਵਲ ਧਾਲੀਵਾਲ ਜਿਹੇ ਨਾਟਕਕਾਰ, ਜਸਵੀਰ ਰਾਣਾ ਵਰਗੇ ਨਵੀਂ ਪੀੜ੍ਹੀ ਦੇ ਪ੍ਰਤੀਨਿਧ ਅਤੇ ਦਰਜਨ ਤੋਂ ਵਧ ਬੁੱਧੀਜੀਵੀ, ਚਿੰਤਕ ਤੇ ਸਾਹਿਤਕਾਰਾਂ ਦੀ ਸ਼ਿਰਕਤ ਨੇ ਇਸ ਇਕੱਤਰਤਾ ਨੂੰ ਇੱਕ ਬਹੁਤ ਵੱਡੇ ਸਮਾਗਮ ਦਾ ਰੂਪ ਦੇ ਦਿੱਤਾ। ਅਸੀਂ ਆਸ ਕਰਦੇ ਹਾਂ ਕਿ ਰਘਬੀਰ ਸਿੰਘ ਸਿਰਜਣਾ ਇਸ ਮਾਣਯੋਗ ਤੇ ਵੱਡੇ ਰਸਾਲੇ ਨੂੰ ਆਪਣੇ ਅੰਤਲੇ ਸਾਹਾਂ ਤੱਕ ਚਲਦਾ ਰੱਖੇਗਾ ਤੇ ਉਸ ਦੇ ਮੱਦਾਹ ਉਸ ਤੋਂ ਪਿੱਛੋਂ ਇੱਕ ਵੱਡਾ ਯਾਦਗਾਰੀ ਅੰਕ ਕੱਢ ਕੇ ਹੀ ਇਸ ਨੂੰ ਅਲਵਿਦਾ ਕਹਿਣਗੇ।
ਅੰਤਿਕਾ: ਫਿਰੋਜ਼ਦੀਨ ਸ਼ਰਫ
ਨਾਦਰਗਰਦੀ ਵੀ ਹਿੰਦ ਨੂੰ ਭੁੱਲ ਗਈ ਏ,
ਚਲੇ ਇੰਗਲਸ਼ੀ ਐਸੇ ਫੁਰਮਾਨ ਏਥੇ।
ਕਰਾਂ ਕਿਹੜਿਆਂ ਅੱਖਰਾਂ ਵਿਚ ਜ਼ਾਹਿਰ,
ਜੋ ਜੋ ਜ਼ੁਲਮ ਦੇ ਹੋਏ ਸਾਮਾਨ ਏਥੇ।

ਇਕੋ ਰੂਪ ਅੰਦਰ ਡਿੱਠਾ ਸਾਰਿਆਂ ਨੇ,
ਓਹ ‘ਰਹੀਮ’ ਕਰਤਾਰ ਭਗਵਾਨ ਏਥੇ।
ਹੋਏ ‘ਜ਼ਮਜ਼ਮ’ ਤੇ ‘ਗੰਗਾ’ ਇਕ ਥਾਂ ਕੱਠੇ,
ਰਲਿਆ ਖੂਨ ਹਿੰਦੂ-ਮੁਸਲਮਾਨ ਏਥੇ।