ਕਾਬੁਲੀਵਾਲਾ

ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਠਾਣਾਂ ਬਾਰੇ ਅੱਛੀ-ਖਾਸੀ ਚਰਚਾ ਛਿੜੀ ਹੈ। ਭਾਰਤ ਦੇ ਨੋਬੇਲ ਇਨਾਮ ਜੇਤੂ ਲਿਖਾਰੀ ਰਾਬਿੰਦਰਨਾਥ ਟੈਗੋਰ ਨੇ ਇਕ ਪਠਾਣ ਨੂੰ ਆਧਾਰ ਬਣਾ ਕੇ ਚਿਰ ਪਹਿਲਾਂ ‘ਕਾਬੁਲੀਵਾਲਾ’ ਨਾਂ ਤਹਿਤ ਕਹਾਣੀ ਲਿਖੀ ਸੀ। ਇਸ ਕਹਾਣੀ ਵਿਚ ਲਿਖਾਰੀ ਨੇ ਵੱਖ-ਵੱਖ ਸਰੋਕਾਰਾਂ ਬਾਰੇ ਬਹੁਤ ਸੂਖਮ ਗੱਲਾਂ ਕੀਤੀਆਂ ਹਨ। ਸਭ ਤੋਂ ਸੂਖਮ ਗੱਲ ਪਠਾਣ ਦਾ ਆਪਣੀ ਧੀ ਨਾਲੋਂ ਵਿਛੋੜਾ ਅਤੇ ਉਸ ਦਾ ਲਿਖਾਰੀ ਦੀ ਧੀ ਲਈ ਉਮੜਦੇ ਪਿਆਰ ਵਿਚੋਂ ਮਹਿਸੂਸ ਕੀਤੀ ਜਾ ਸਕਦੀ ਹੈ।

ਰਾਬਿੰਦਰਨਾਥ ਟੈਗੋਰ

ਮੇਰੀ ਪੰਜ ਸਾਲਾ ਲੜਕੀ ਮਿੰਨੀ ਇਕ ਮਿੰਟ ਵੀ ਬੋਲੇ ਬਿਨਾ ਰਹਿ ਨਹੀਂ ਸਕਦੀ। ਇਕ ਦਿਨ ਉਸ ਨੇ ਕਿਹਾ, “ਬਾਊ ਜੀ, ਰਾਮਦਿਆਲ ਦਰਬਾਰੀ ਹੈ ਨਾ, ਉਹ ‘ਕਾਕ’ ਨੂੰ ‘ਕਾ’ ਕਹਿੰਦੇ, ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਉਸ ਨੇ ਇਕ ਹੋਰ ਗੱਲ ਸ਼ੁਰੂ ਕੀਤੀ, “ਵੇਖੋ ਬਾਬੂ ਜੀ, ਭੋਲਾ ਨੇ ਕਿਹਾ ਅਸਮਾਨ ਵਿਚ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ, ਇਹਦੇ ਨਾਲ ਮੀਂਹ ਪੈਂਦਾ ਹੈ, ਬਾਊ ਜੀ ਬਾਊ ਜੀ, ਭੋਲਾ ਝੂਠ ਬੋਲਦਾ ਹੈ ਨਾ?” ਤੇ ਫਿਰ ਉਹ ਖੇਡਣ ਲੱਗ ਪਈ।
ਮੇਰਾ ਘਰ ਸੜਕ ਦੇ ਇੱਕ ਪਾਸੇ ਹੈ। ਇਕ ਦਿਨ ਮਿੰਨੀ ਮੇਰੇ ਕਮਰੇ ਵਿਚ ਖੇਡ ਰਹੀ ਸੀ ਤੇ ਅਚਾਨਕ ਉਹ ਖੇਡ ਨੂੰ ਛੱਡ ਕੇ ਖਿੜਕੀ ਦੇ ਨੇੜੇ ਖੜ੍ਹੇ ਹੋ ਕੇ ਉਚੀ ਆਵਾਜ਼ ਵਿਚ ਬੋਲੀ, “ਕਾਬੁਲੀਵਾਲੇ ਓ ਕਾਬੁਲੀਵਾਲੇ!”
ਮੋਢੇ ‘ਤੇ ਮੇਵੇ ਦੀ ਝੋਲੀ, ਹੱਥ ਵਿਚ ਅੰਗੂਰ ਲਈ ਲੰਮਾ-ਝੰਮਾ ਕਾਬੁਲੀਵਾਲਾ ਸੜਕ ਉਤੇ ਹੌਲੀ-ਹੌਲੀ ਤੁਰ ਰਿਹਾ ਸੀ। ਜਦੋਂ ਉਹਨੇ ਘਰ ਵੱਲ ਆਉਣਾ ਸ਼ੁਰੂ ਕਰ ਦਿੱਤਾ ਤਾਂ ਮਿੰਨੀ ਅੰਦਰ ਭੱਜ ਗਈ। ਉਹ ਡਰਦੀ ਸੀ ਕਿ ਉਹ ਉਸ ਨੂੰ ਫੜ ਕੇ ਲੈ ਜਾਵੇਗਾ। ਉਸ ਨੂੰ ਇਹ ਲੱਗ ਰਿਹਾ ਸੀ ਕਿ ਕਾਬੁਲੀਵਾਲੇ ਦੀ ਝੋਲੀ ਵਿਚ ਹੋਰ ਜਵਾਕ ਵੀ ਨੇ।
ਕਾਬੁਲੀ ਨੇ ਹੱਸ ਕੇ ਮੈਨੂੰ ਸਲਾਮ ਕੀਤਾ। ਮੈਂ ਉਸ ਤੋਂ ਸੌਦਾ ਖਰੀਦਿਆ, ਫਿਰ ਉਸ ਨੇ ਕਿਹਾ, “ਬਾਬੂ ਸਾਹਿਬ, ਤੁਹਾਡੀ ਕੁੜੀ ਕਿੱਥੇ ਗਈ?”
ਮੈਂ ਮਿੰਨੀ ਦੇ ਡਰ ਨੂੰ ਦੂਰ ਕਰਨ ਲਈ ਉਸ ਨੂੰ ਬੁਲਾਇਆ ਅਤੇ ਕਾਬੁਲੀ ਨੇ ਝੋਲੀ ਵਿਚੋਂ ਦਾਖਾਂ (ਸੌਗੀ) ਤੇ ਬਦਾਮ ਕੱਢੇ ਪਰ ਉਸ ਨੇ ਕੁਝ ਵੀ ਨਹੀਂ ਲਿਆ। ਡਰ ਕੇ ਉਹ ਮੇਰੇ ਗੋਡੇ ਨਾਲ ਚਿੰਬੜ ਗਈ। ਕਾਬੁਲੀਵਾਲੇ ਨਾਲ ਉਸ ਦੀ ਪਹਿਲੀ ਜਾਣ-ਪਛਾਣ ਇਸ ਤਰ੍ਹਾਂ ਹੋਈ। ਕੁਝ ਦਿਨ ਬਾਅਦ ਮੈਂ ਕੁਝ ਜ਼ਰੂਰੀ ਕੰਮ-ਕਾਰ ਲਈ ਬਾਹਰ ਜਾ ਰਿਹਾ ਸੀ, ਮੈਂ ਦੇਖਿਆ ਕਿ ਮਿੰਨੀ ਕਾਬੁਲੀਵਾਲੇ ਨਾਲ ਗੱਲਾਂ ਕਰ ਰਹੀ ਹੈ ਅਤੇ ਕਾਬੁਲੀਵਾਲਾ ਸੁਣ ਕੇ ਹੱਸ ਰਿਹਾ ਹੈ। ਮਿੰਨੀ ਦੀ ਝੋਲੀ ਬਦਾਮ ਤੇ ਦਾਖਾਂ ਨਾਲ ਭਰੀ ਹੋਈ ਸੀ। ਮੈਂ ਕਾਬੁਲੀਵਾਲਾ ਨੂੰ ਅਠਿਆਨੀ ਦਿੱਤੀ ਅਤੇ ਕਿਹਾ, “ਤੁਸੀਂ ਇਹ ਸਭ ਕਿਉਂ ਦਿੱਤਾ? ਹੁਣ ਨਾ ਦਿਓ।” ਫਿਰ ਮੈਂ ਬਾਹਰ ਚਲਾ ਗਿਆ।
ਕਾਬੁਲੀਵਾਲਾ ਮਿੰਨੀ ਨਾਲ ਕੁਝ ਦੇਰ ਤੱਕ ਗੱਲਾਂ ਕਰਦਾ ਰਿਹਾ ਤੇ ਜਾਣ ਲੱਗਾ ਉਹ ਅਠਿਆਨੀ ਮਿੰਨੀ ਦੀ ਝੋਲੀ ਵਿਚ ਰੱਖ ਗਿਆ। ਜਦੋਂ ਮੈਂ ਘਰ ਪਰਤਿਆ, ਮੈਂ ਦੇਖਿਆ ਕਿ ਉਸ ਦੀ ਮਾਂ ਇਸ ਕਾਰਨ ਬਹੁਤ ਗੁੱਸੇ ਹੋ ਰਹੀ ਸੀ।
ਕਾਬੁਲੀਵਾਲਾ ਹਰ ਰੋਜ਼ ਆਉਂਦਾ ਰਿਹਾ ਤੇ ਉਸ ਨੂੰ ਬਦਾਮ ਕਿਸ਼ਮਿਸ਼ ਦੇ ਕੇ ਉਸ ਦੇ ਛੋਟੇ ਜਿਹੇ ਦਿਲ ਵਿਚ ਕਾਫੀ ਜਗ੍ਹਾ ਬਣਾ ਲਈ। ਦੋਹਾਂ ਵਿਚਕਾਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਅਤੇ ਉਹ ਬਹੁਤ ਹੱਸਦੇ। ਰਹਿਮਤ ਕਾਬੁਲੀਵਾਲੇ ਨੂੰ ਦੇਖ ਕੇ ਮੇਰੀ ਕੁੜੀ ਹੱਸਦੀ ਅਤੇ ਪੁੱਛਦੀ, “ਕਾਬੁਲੀਵਾਲੇ, ਕਾਬੁਲੀਵਾਲੇ! ਤੇਰੀ ਝੋਲੀ ਵਿਚ ਕੀ ਹੈ?”
ਰਹਿਮਤ ਹੱਸ ਕੇ ਕਹਿੰਦਾ “ਹਾਥੀ।” ਫਿਰ ਉਹ ਮਿੰਨੀ ਨੂੰ ਕਹਿੰਦਾ, “ਤੁਸੀਂ ਸਹੁਰੇ ਕਦੋਂ ਜਾਓਗੇ?”
ਇਸ ਦੇ ਉਲਟ ਮਿੰਨੀ ਰਹਿਮਤ ਨੂੰ ਪੁੱਛਦੀ, “ਤੁਸੀਂ ਸਹੁਰੇ ਕਦੋਂ ਜਾਓਗੇ?”
ਰਹਿਮਤ ਨੇ ਕਿਹਾ, “ਅਸੀਂ ਸਹੁਰੇ ਨੂੰ ਮਾਰ ਦੇਵਾਂਗੇ।” ਇਸ ‘ਤੇ ਮਿੰਨੀ ਬਹੁਤ ਹੱਸਦੀ।
ਕਾਬੁਲੀਵਾਲਾ ਹਰ ਸਾਲ ਸਰਦੀਆਂ ਦੇ ਅੰਤ ਵਿਚ ਆਪਣੇ ਦੇਸ ਚਲੇ ਜਾਂਦਾ। ਜਾਣ ਤੋਂ ਪਹਿਲਾਂ ਉਹ ਸਾਰੇ ਲੋਕਾਂ ਤੋਂ ਪੈਸੇ ਇਕੱਤਰ ਕਰਨ ਵਿਚ ਰੁੱਝਿਆ ਹੁੰਦਾ। ਉਸ ਨੂੰ ਘਰ-ਘਰ ਜਾਣਾ ਪੈਂਦਾ, ਫਿਰ ਵੀ ਉਹ ਹਰ ਰੋਜ਼ ਇਕ ਵਾਰ ਮਿੰਨੀ ਨੂੰ ਜ਼ਰੂਰ ਮਿਲਦਾ।
ਇਕ ਦਿਨ ਮੈਂ ਆਪਣੇ ਕਮਰੇ ਵਿਚ ਕੁਝ ਕੰਮ ਕਰ ਰਿਹਾ ਸੀ, ਉਸੇ ਸਮੇਂ ਸੜਕ ‘ਤੇ ਉਚੀ ਆਵਾਜ਼ ਸੁਣੀ। ਜਦੋਂ ਮੈਂ ਦੇਖਿਆ ਤਾਂ ਦੋ ਸਿਪਾਹੀ ਰਹਿਮਤ ਨੂੰ ਫੜ ਕੇ ਲਿਜਾ ਰਹੇ ਸਨ। ਰਹਿਮਤ ਦੇ ਕੁੜਤੇ ‘ਤੇ ਖੂਨ ਦੇ ਧੱਬੇ ਸਨ ਅਤੇ ਸਿਪਾਹੀ ਦੇ ਹੱਥਾਂ ਵਿਚ ਖੂਨ ਲਿਬੜਿਆ ਹੋਇਆ ਚਾਕੂ।
ਪੁਲਿਸ ਅਤੇ ਕੁਝ ਲੋਕਾਂ ਤੋਂ ਪਤਾ ਲੱਗਾ ਕਿ ਕਿ ਸਾਡੇ ਗੁਆਂਢ ਵਿਚ ਰਹਿੰਦੇ ਇੱਕ ਆਦਮੀ ਨੇ ਰਹਿਮਤ ਤੋਂ ਚਾਦਰ ਖਰੀਦੀ। ਉਸ ਦਾ ਕੁਝ ਪੈਸਾ ਉਧਾਰ ਸੀ, ਉਸ ਨੇ ਉਹ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲਾ ਵਧ ਗਿਆ ਅਤੇ ਕਾਬੁਲੀਵਾਲੇ ਨੇ ਉਸ ਨੂੰ ਚਾਕੂ ਮਾਰ ਦਿੱਤਾ।
ਇਸ ਦੌਰਾਨ ਘਰ ਵਿਚੋਂ ‘ਕਾਬੁਲੀਵਾਲੇ, ਕਾਬੁਲੀਵਾਲੇ’ ਕਹਿੰਦੇ ਹੋਏ ਮਿੰਨੀ ਬਾਹਰ ਆਈ ਅਤੇ ਇਹ ਦੇਖ ਕੇ ਰਹਿਮਤ ਦਾ ਚਿਹਰਾ ਇੱਕ ਪਲ ਲਈ ਖਿਲ ਗਿਆ। ਜਿਵੇਂ ਹੀ ਮਿੰਨੀ ਆਈ, ਉਸ ਨੇ ਪੁੱਛਿਆ, “ਕੀ ਤੁਸੀਂ ਸਹੁਰੇ ਜਾ ਰਹੇ ਓ?” ਰਹਿਮਤ ਨੇ ਹੱਸ ਕੇ ਕਿਹਾ, “ਹਾਂ, ਮੈਂ ਉਥੇ ਜਾ ਰਿਹਾ ਹਾਂ।”
ਰਹਿਮਤ ਨੇ ਮਹਿਸੂਸ ਕੀਤਾ ਕਿ ਮਿੰਨੀ ਉਸ ਦੇ ਜਵਾਬ ਤੋਂ ਖੁਸ਼ ਨਹੀਂ ਸੀ। ਫਿਰ ਉਸ ਨੇ ਕਿਹਾ, “ਮੈਂ ਆਪਣੇ ਸਹੁਰੇ ਨੂੰ ਮਾਰਦਾ ਪਰ ਕੀ ਕਰਾਂ ਮੇਰੇ ਹੱਥ ਬੰਨ੍ਹੇ ਹੋਏ ਨੇ?”
ਰਹਿਮਤ ਨੂੰ ਕਤਲ ਕਰਨ ਦੇ ਜੁਰਮ ਵਿਚ ਕਈ ਸਾਲ ਦੀ ਸਜ਼ਾ ਦਿੱਤੀ ਗਈ ਸੀ।
ਕਾਬੁਲੀਵਾਲੇ ਦਾ ਖਿਆਲ ਹੌਲੀ-ਹੌਲੀ ਮਨ ਵਿਚੋਂ ਨਿੱਕਲ ਗਿਆ ਤੇ ਮਿੰਨੀ ਵੀ ਉਸ ਨੂੰ ਭੁੱਲ ਗਈ। ਕਈ ਸਾਲ ਬੀਤ ਗਏ।
ਅੱਜ ਮਿੰਨੀ ਦਾ ਵਿਆਹ ਹੈ, ਲੋਕ ਆ ਰਹੇ ਹਨ ਤੇ ਜਾ ਰਹੇ ਹਨ। ਮੈਂ ਆਪਣੇ ਕਮਰੇ ਵਿਚ ਖਰਚ ਦਾ ਹਿਸਾਬ ਲਿਖ ਰਿਹਾ ਸੀ। ਇੰਨੇ ਚਿਰ ਨੂੰ ਰਹਿਮਤ ਸਲਾਮ ਕਰਕੇ ਇੱਕ ਪਾਸੇ ਖੜ੍ਹਾ ਹੋ ਗਿਆ।
ਪਹਿਲਾਂ ਮੈਂ ਉਸ ਨੂੰ ਪਛਾਣ ਨਹੀਂ ਸਕਿਆ ਸੀ। ਉਸ ਦੇ ਚਿਹਰੇ ‘ਤੇ ਪਹਿਲਾਂ ਵਾਂਗ ਕੋਈ ਖੁਸ਼ੀ ਨਹੀਂ ਸੀ ਤੇ ਨਾ ਹੀ ਉਸ ਕੋਲ ਕੋਈ ਝੋਲੀ ਸੀ। ਅਖੀਰ ਵਿਚ ਉਸ ਨੂੰ ਧਿਆਨ ਨਾਲ ਦੇਖਦੇ ਹੋਏ ਮੈਂ ਉਸ ਨੂੰ ਪਛਾਣ ਲਿਆ।
ਮੈਂ ਪੁੱਛਿਆ, “ਰਹਿਮਤ ਤੁਸੀਂ ਵਾਪਸ ਕਦੋਂ ਆਏ?”
ਉਸ ਨੇ ਕਿਹਾ, “ਕੱਲ੍ਹ ਸ਼ਾਮ ਨੂੰ ਮੈਂ ਜੇਲ੍ਹ ਵਿਚੋਂ ਰਿਹਾਅ ਹੋਇਆਂ।”
ਮੈਂ ਉਸ ਨੂੰ ਦੱਸਿਆ, “ਅੱਜ ਸਾਡੇ ਘਰ ਵਿਚ ਇੱਕ ਜ਼ਰੂਰੀ ਕੰਮ ਹੈ, ਮੈਂ ਇਸ ਵਿਚ ਲੱਗਾ ਹੋਇਆ ਹਾਂ। ਅੱਜ ਤੁਸੀਂ ਜਾਓ, ਫੇਰ ਆ ਜਾਇਓ।”
ਉਹ ਉਦਾਸ ਹੋ ਕੇ ਜਾਣ ਲੱਗਾ ਤਾਂ ਉਸ ਨੇ ਦਰਵਾਜ਼ੇ ਕੋਲ ਜਾ ਕੇ ਕਿਹਾ, “ਕੀ ਮੈਂ ਬੱਚੀ ਨੂੰ ਨਹੀਂ ਮਿਲ ਸਕਦਾ?”
ਸ਼ਾਇਦ ਉਹਨੂੰ ਲਗਦਾ ਸੀ ਕਿ ਮਿੰਨੀ ਅਜੇ ਵੀ ਬੱਚੀ ਹੈ। ਉਹ ਅੱਜ ਵੀ ‘ਕਾਬੁਲੀਵਾਲੇ ਕਾਬੁਲੀਵਾਲੇ’ ਕਹਿ ਕੇ ਭੱਜੀ ਆਵੇਗੀ।” ਉਨ੍ਹਾਂ ਦੇ ਉਹ ਪੁਰਾਣੀ ਗੱਲਬਾਤ ਅਤੇ ਹਾਸੇ ਵਿਚਕਾਰ ਕੋਈ ਰੁਕਾਵਟ ਨਹੀਂ ਹੋਵੇਗੀ। ਮੈਂ ਕਿਹਾ, “ਅੱਜ ਘਰ ਵਿਚ ਬਹੁਤ ਸਾਰਾ ਕੰਮ ਹੈ, ਅੱਜ ਤੁਸੀਂ ਨਹੀਂ ਮਿਲ ਸਕੋਗੇ।”
ਉਹ ਉਦਾਸ ਹੋ ਗਿਆ ਅਤੇ ਸਲਾਮੀ ਦੇਣ ਤੋਂ ਬਾਅਦ ਘਰੋਂ ਬਾਹਰ ਚਲਾ ਗਿਆ।
ਮੈਂ ਸੋਚ ਰਿਹਾ ਸੀ ਕਿ ਮੈਨੂੰ ਉਸ ਨੂੰ ਵਾਪਸ ਬੁਲਾਉਣਾ ਚਾਹੀਦਾ ਹੈ। ਇੰਨੇ ਨੂੰ ਉਹ ਆਪਣੇ ਆਪ ਪਰਤ ਆਇਆ ਅਤੇ ਕਿਹਾ, “ਮੈਂ ਥੋੜ੍ਹੀਆਂ ਦਾਖਾਂ ਮਿੰਨੀ ਲਈ ਲਿਆਇਆ ਸੀ, ਉਸ ਨੂੰ ਦੇ ਦਿਓ।”
ਮੈਂ ਉਸ ਨੂੰ ਪੈਸੇ ਦੇਣਾ ਚਾਹੁੰਦਾ ਹਾਂ ਪਰ ਉਸ ਨੇ ਕਿਹਾ, “ਬਾਬੂ ਸਾਹਿਬ, ਬਹੁਤ ਧੰਨਵਾਦ, ਪੈਸਾ ਰਹਿਣ ਦਿਓ।” ਥੋੜ੍ਹੀ ਦੇਰ ਬਾਅਦ ਉਸ ਨੇ ਕਿਹਾ, “ਮੇਰੀ ਵੀ ਮਿੰਨੀ ਵਰਗੀ ਧੀ ਹੈ, ਮੈਂ ਉਸ ਨੂੰ ਯਾਦ ਕਰਦਾ ਹਾਂ ਤੇ ਤੁਹਾਡੀ ਬੱਚੀ ਲਈ ਸੌਗੀ ਤੇ ਬਦਾਮ ਲੈ ਆਉਂਦਾ ਹਾਂ।” ਮੈਂ ਇੱਥੇ ਸੌਦਾ ਨਹੀਂ ਵੇਚਣ ਆਉਂਦਾ।”
ਉਸ ਨੇ ਆਪਣਾ ਹੱਥ ਆਪਣੀ ਜੇਬ ਵਿਚ ਪਾ ਕੇ ਆਪਣੀ ਜੇਬ ਵਿਚੋਂ ਕਾਗਜ਼ ਦਾ ਟੁਕੜਾ ਕੱਢ ਕੇ ਮੇਰੇ ਡੈਸਕ ‘ਤੇ ਰੱਖ ਦਿੱਤਾ। ਉਸ ਕਾਗਜ਼ ਉਪਰ ਨਿੱਕੇ ਜਿਹੇ ਹੱਥ ਦਾ ਛਾਪਾ ਹੈ। ਹੱਥ ‘ਤੇ ਕਾਲਖ ਲਾ ਕੇ ਇਹ ਛਾਪਾ ਲਿਆ ਗਿਆ ਸੀ। ਆਪਣੀ ਕੁੜੀ ਦੀ ਇਸ ਯਾਦ ਨੂੰ ਸੀਨੇ ਨਾਲ ਲਾ ਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਗਲੀਆਂ ਵਿਚ ਸੌਦਾ ਵੇਚਣ ਆਉਂਦਾ।
ਇਹ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ। ਸਭ ਭੁੱਲ ਕੇ ਉਸੇ ਸਮੇਂ ਮਿੰਨੀ ਨੂੰ ਬੁਲਾਇਆ। ਉਹ ਪੂਰੇ ਪਹਿਰਾਵੇ ਅਤੇ ਵਿਆਹ ਦੇ ਗਹਿਣੇ ਪਹਿਨੀ ਚੁੱਪ ਜਿਹੇ ਕਰਕੇ ਮੇਰੇ ਕੋਲ ਆ ਕੇ ਖੜ੍ਹੀ ਹੋ ਗਈ।
ਉਸ ਨੂੰ ਦੇਖ ਕੇ ਰਹਿਮਤ ਕਾਬੁਲੀਵਾਲਾ ਪਹਿਲਾ ਤਾਂ ਹੈਰਾਨ ਹੋ ਗਿਆ ਅਤੇ ਉਸ ਤੋਂ ਪਹਿਲਾਂ ਵਾਂਗ ਬੋਲ ਹੀ ਨਾ ਹੋਇਆ, ਬਾਅਦ ਵਿਚ ਉਹ ਹੱਸ ਪਿਆ ਅਤੇ ਕਹਿਣ ਲੱਗਾ, “ਤੁਸੀਂ ਸਹੁਰੇ ਘਰ ਜਾ ਰਹੇ ਹੋ?”
ਹੁਣ ਮਿੰਨੀ ਸਹੁਰੇ ਘਰ ਦਾ ਅਰਥ ਸਮਝਣ ਲੱਗ ਪਈ ਸੀ। ਉਸ ਦਾ ਚਿਹਰਾ ਲਾਲ ਹੋ ਗਿਆ।
ਮਿੰਨੀ ਦੇ ਜਾਣ ਤੋਂ ਬਾਅਦ ਡੂੰਘਾ ਸਾਹ ਭਰ ਕੇ ਰਹਿਮਤ ਜ਼ਮੀਨ ‘ਤੇ ਬੈਠ ਗਿਆ। ਉਸ ਦੀ ਸਮਝ ਵਿਚ ਆ ਗਿਆ ਸੀ ਕਿ ਇੰਨੇ ਸਮੇਂ ਬਾਅਦ ਤਾਂ ਉਸ ਦੀ ਧੀ ਵੀ ਵੱਡੀ ਹੋ ਗਈ ਹੋਵੇਗੀ, ਇਨ੍ਹਾਂ ਅੱਠ ਸਾਲਾਂ ਵਿਚ ਉਸ ਨਾਲ ਕੀ ਵਾਪਰਿਆ, ਕੌਣ ਜਾਣਦਾ ਹੈ? ਉਹ ਉਸ ਦੀ ਯਾਦ ਵਿਚ ਗੁਆਚ ਗਿਆ ਸੀ।
ਮੈਂ ਕੁਝ ਰੁਪਏ ਕੱਢ ਕੇ ਉਹਦੇ ਹੱਥ ਵਿਚ ਰੱਖ ਦਿੱਤੇ ਅਤੇ ਕਿਹਾ, “ਰਹਿਮਤ! ਤੁਸੀਂ ਵੀ ਆਪਣੀ ਧੀ ਦੇ ਕੋਲ ਆਪਣੇ ਦੇਸ ਚਲੇ ਜਾਓ।”