ਅਕਾਲੀਆਂ ਨੇ ਚੋਣਾਂ ਜਿੱਤਣ ਲਈ ਪਾਣੀ ਵਾਂਗ ਵਹਾਇਆ ਸੀ ਪੈਸਾ!

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਲਗਾਤਰ ਚੋਣਾਂ ਜਿੱਤਣ ਦਾ ਇਕ ਰਾਜ਼ ਪਾਣੀ ਵਾਂਗ ਪੈਸਾ ਵਹਾਉਣਾ ਵੀ ਹੈ। ਅਕਾਲੀਆਂ ਨੇ ਪੰਜਾਬ ਵਿਚ ਮੁੜ ਹਕੂਮਤ ਬਣਾਉਣ ਲਈ ਹਰ ਫਰੰਟ ‘ਤੇ ਕੋਈ ਕਸਰ ਬਾਕੀ ਨਾ ਛੱਡੀ ਜਦੋਂਕਿ ਕਾਂਗਰਸ ਪਾਰਟੀ ਨੇ ਹਰ ਪਾਸੇ ਹੱਥ ਘੁੱਟ ਕੇ ਖਰਚ ਕੀਤਾ। ਚੋਣ ਕਮਿਸ਼ਨ ਕੋਲ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਵੱਲੋਂ ਵਿਧਾਨ ਚੋਣਾਂ 2012 ਵਿਚ ਕੀਤੇ ਚੋਣ ਖਰਚ ਤੇ ਆਮਦਨ ਦੀ ਪੇਸ਼ ਕੀਤੀ ਗਈ ਰਿਟਰਨ ਵਿਚ ਦਿਲਚਸਪ ਤੱਥ ਸਾਹਮਣੇ ਆਏ ਹਨ।
ਇਨ੍ਹਾਂ ਰਿਟਰਨਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਚੋਣਾਂ ਵਿਚ 23æ55 ਕਰੋੜ ਰੁਪਏ ਖਰਚਾ ਕੀਤਾ ਹੈ ਜਦੋਂਕਿ ਕਾਂਗਰਸ ਪਾਰਟੀ ਨੇ ਪਾਰਟੀ ਵੱਲੋਂ 20æ02 ਕਰੋੜ ਰੁਪਏ ਖਰਚ ਕੀਤਾ ਗਿਆ। ਉਂਜ, ਇਹ ਸਿਰਫ ਉਹ ਅੰਕੜਾ ਹੈ ਜਿਹੜਾ ਰਿਕਾਰਡ ਵਿਚ ਲਿਆਂਦਾ ਗਿਆ ਹੈ ਜਦੋਂਕਿ ਅਸਲ ਖਰਚਾ ਇਸ ਤੋਂ ਵੀ ਕਈ ਗੁਣਾ ਵੱਧ ਹੈ। ਚੋਣਾਂ ਦੇ ਦਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਚੰਦਾ ਜ਼ਿਆਦਾ ਮਿਲਿਆ ਜਦੋਂਕਿ ਕਾਂਗਰਸ ਨੂੰ ਘੱਟ ਮਿਲਿਆ।
ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਚੋਣਾਂ ਵਿਚ 17æ04 ਕਰੋੜ ਨਕਦ ਰੂਪ ਵਿਚ ਚੰਦਾ ਦਿੱਤਾ ਜਦੋਂਕਿ ਚੈੱਕ ਤੇ ਡਰਾਫਟ ਦੇ ਰੂਪ ਵਿਚ 3æ38 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਇਹ ਵੇਰਵੇ ਦਿੱਤੇ ਗਏ ਹਨ। ਇਨ੍ਹਾਂ ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਦੋ ਕਰੋੜ ਰੁਪਏ ਕਰਜ਼ਾ ਤੇ ਅਡਵਾਂਸ ਵਜੋਂ ਵੀ ਪ੍ਰਾਪਤ ਕੀਤੇ।
ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਲੋਕਾਂ ਤੇ ਫਰਮਾਂ ਤੋਂ 5æ50 ਕਰੋੜ ਰੁਪਏ ਚੰਦਾ ਨਗਦ ਮਿਲਿਆ ਜਦੋਂਕਿ 13æ90 ਕਰੋੜ ਰੁਪਏ ਦਾ ਚੰਦਾ ਚੈੱਕ ਤੇ ਡਰਾਫਟ ਰਾਹੀਂ ਮਿਲਿਆ। ਹਾਲਾਂਕਿ ਉਨ੍ਹਾਂ ਦਿਨਾਂ ਵਿਚ ਕਾਂਗਰਸ ਪਾਰਟੀ ਦੀ ਹਕੂਮਤ ਬਣਨ ਦੇ ਚਰਚੇ ਸਨ ਪਰ ਫਿਰ ਵੀ ਜ਼ਿਆਦਾ ਚੰਦਾ ਅਕਾਲੀ ਦਲ ਨੂੰ ਹੀ ਮਿਲਿਆ। ਵਿਧਾਨ ਸਭਾ ਚੋਣਾਂ ਵਿਚ ਹੋਏ ਇਹ ਉਸ ਖਰਚ ਦੇ ਵੇਰਵੇ ਹਨ ਜੋ ਸਿਆਸੀ ਧਿਰਾਂ ਨੇ ਖੁਦ ਕੀਤਾ ਹੈ। ਉਮੀਦਵਾਰਾਂ ਵੱਲੋਂ ਕੀਤਾ ਗਿਆ ਖਰਚਾ ਵੱਖਰਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਖਰਚਾ ਪ੍ਰਚਾਰ ‘ਤੇ ਕੀਤਾ ਤੇ ਇਹ 21æ90 ਕਰੋੜ ਰੁਪਏ ਬਣਦਾ ਹੈ। ਅਕਾਲੀ ਦਲ ਨੇ ਅਖ਼ਬਾਰਾਂ ਤੇ ਮੈਗਜ਼ੀਨਾਂ ਨੂੰ ਚੋਣਾਂ ਦੇ 10æ47 ਕਰੋੜ ਰੁਪਏ ਦੇ ਇਸ਼ਤਿਹਾਰ ਦਿੱਤੇ ਤੇ ਇਸ ਪਾਰਟੀ ਨੇ ਇਲੈਕਟ੍ਰੋਨਿਕ ਮੀਡੀਏ ਨੂੰ ਦਿੱਤੇ ਇਸ਼ਤਿਹਾਰਾਂ ‘ਤੇ 9æ98 ਕਰੋੜ ਰੁਪਏ ਖਰਚੇ। ਇਸ ਮਾਮਲੇ ਵਿਚ ਕਾਂਗਰਸ ਪਛੜੀ ਰਹੀ। ਕਾਂਗਰਸ ਪਾਰਟੀ ਨੇ ਪ੍ਰਚਾਰ ‘ਤੇ ਸਿਰਫ਼ ਅੱਠ ਕਰੋੜ ਰੁਪਏ ਹੀ ਖਰਚ ਕੀਤੇ। ਕਾਂਗਰਸ ਪਾਰਟੀ ਨੇ ਅਖ਼ਬਾਰਾਂ ਤੇ ਮੈਗਜ਼ੀਨਾਂ ਨੂੰ 6æ26 ਕਰੋੜ ਰੁਪਏ ਦੇ ਇਸ਼ਤਿਹਾਰ ਦਿੱਤੇ ਤੇ ਇਲੈਕਟ੍ਰੋਨਿਕ ਮੀਡੀਏ ਨੂੰ ਤਾਂ ਸਿਰਫ਼ 50 ਲੱਖ ਰੁਪਏ ਦੇ ਹੀ ਇਸ਼ਤਿਹਾਰ ਦਿੱਤੇ।
ਕਾਂਗਰਸ ਪਾਰਟੀ ਨੇ ਜ਼ਿਆਦਾ ਰਾਸ਼ੀ ਉਮੀਦਵਾਰਾਂ ਨੂੰ ਹੀ ਵੰਡੀ। ਕਾਂਗਰਸ ਪਾਰਟੀ ਨੇ ਚੋਣਾਂ ਵਿਚ ਖੜ੍ਹੇ 117 ਉਮੀਦਵਾਰਾਂ ਨੂੰ 10 ਲੱਖ ਰੁਪਏ ਪ੍ਰਤੀ ਉਮੀਦਵਾਰ ਰਾਸ਼ੀ ਦਿੱਤੀ। ਕਾਂਗਰਸ ਨੇ 11æ70 ਕਰੋੜ ਰੁਪਏ ਤਾਂ ਸਿੱਧੇ ਉਮੀਦਵਾਰਾਂ ਨੂੰ ਹੀ ਚੋਣ ਖਰਚ ਵਾਸਤੇ ਦੇ ਦਿੱਤੇ ਸਨ। ਕਾਂਗਰਸ ਪਾਰਟੀ ਨੇ ਉੱਤਰ ਪ੍ਰਦੇਸ਼ ਵਿਚ ਹਰ ਉਮੀਦਵਾਰ ਨੂੰ 12 ਲੱਖ ਰੁਪਏ, ਪੰਜਾਬ ਵਿਚ ਪ੍ਰਤੀ ਉਮੀਦਵਾਰ 10 ਲੱਖ ਰੁਪਏ, ਉੱਤਰਾਖੰਡ ਵਿਚ ਹਰ ਉਮੀਦਵਾਰ ਨੂੰ ਅੱਠ ਲੱਖ ਰੁਪਏ ਤੇ ਗੋਆ ਵਿਚ ਹਰ ਉਮੀਦਵਾਰ ਨੂੰ ਚੋਣ ਲੜਨ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਪਾਰਟੀ ਵੱਲੋਂ ਦਿੱਤੀ ਸੀ।
ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਨੂੰ ਏਦਾਂ ਕੋਈ ਰਾਸ਼ੀ ਨਹੀਂ ਦਿੱਤੀ। ਕਾਂਗਰਸ ਨੇ ਪੰਜਾਬ ਵਿਚ ਪਾਰਟੀ ਦਫ਼ਤਰ ਤੇ ਚੋਣ ਮੁਹਿੰਮ ਚਲਾਉਣ ਲਈ 4æ23 ਲੱਖ ਰੁਪਏ ਖਰਚ ਕੀਤੇ ਤੇ ਜਨਤਕ ਮੀਟਿੰਗਾਂ ‘ਤੇ 10æ04 ਲੱਖ ਰੁਪਏ ਖਰਚ ਕੀਤੇ। ਇਸੇ ਤਰ੍ਹਾਂ ਕਾਰਾਂ ਅਤੇ ਦੋ ਪਹੀਆ ਵਾਹਨਾਂ ‘ਤੇ 3æ45 ਲੱਖ ਰੁਪਏ ਖਰਚਾ ਦਿਖਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਾਰਾਂ ਆਦਿ ‘ਤੇ ਪਾਰਟੀ ਵੱਲੋਂ ਖਰਚਾ 1æ08 ਲੱਖ ਰੁਪਏ ਦਿਖਾਇਆ ਹੈ। ਅਕਾਲੀ ਦਲ ਨੇ ਪਾਰਟੀ ਦਫ਼ਤਰ ਤੇ ਮੁਹਿੰਮ ਚਲਾਉਣ ਲਈ 15æ09 ਲੱਖ ਰੁਪਏ ਦਾ ਖਰਚਾ ਕੀਤਾ ਤੇ ਜਨਤਕ ਮੀਟਿੰਗਾਂ ‘ਤੇ 85,894 ਰੁਪਏ ਖਰਚ ਕੀਤੇ।

Be the first to comment

Leave a Reply

Your email address will not be published.