ਬਰਸਾਤਾਂ

ਸ. ਠਾਕਰ ਸਿੰਘ ਬਸਾਤੀ ਦੇ ਲੇਖ ‘ਬਰਸਾਤਾਂ’ ਵਿਚ ਸਿਰਫ ਮੀਂਹ ਦਾ ਜ਼ਿਕਰ ਨਹੀਂ, ਇਸ ਅੰਦਰ ਪਿੰਡ ਦੀਆਂ ਮੋਹ-ਮੁਹੱਬਤਾਂ ਦੇ ਹਾਰ ਗੁੰਦੇ ਹੋਏ ਹਨ। ਇਹ ਅਸਲ ਵਿਚ ਪੁਰਾਣੇ ਵਕਤਾਂ ਦੀਆਂ ਉਹ ਗੱਲਾਂ-ਬਾਤਾਂ ਹਨ, ਜਿਨ੍ਹਾਂ ਤੋਂ ਹੁਣ ਅਸੀਂ ਬਹੁਤ ਦੂਰ ਆ ਗਏ ਹਾਂ। ਅੱਜ ਦੇ ਵਿਕਾਸ ਨੇ ਮਨੁੱਖ ਤੋਂ ਬਹੁਤ ਵੱਡੀ ਕੀਮਤ ਵਸੂਲ ਕੀਤੀ ਹੈ, ਜੋ ਜ਼ਿੰਦਗੀ ਦੇ ਬਹੁਤ ਸਾਰੇ ਰੰਗ ਉਡਾ ਕੇ ਲੈ ਗਿਆ ਹੈ।

ਠਾਕਰ ਸਿੰਘ ਬਸਾਤੀ
ਫੋਨ: 847-736-6092

ਸੂਫੀ ਮੱਤ ਦਾ ਵਿਚਾਰ ਹੈ ਕਿ ਜਦੋਂ ਮਨੁੱਖ ਧਰਤੀ `ਤੇ ਪੈਦਾ ਹੁੰਦਾ ਹੈ ਤਾਂ ਰੱਬ ਉਸ ਦੇ ਕੰਨ ਵਿਚ ਕਹਿੰਦਾ ਹੈ, “ਮੈਂ ਤੇਰੇ ਲਈ ਖੂਬਸੂਰਤ ਦੁਨੀਆ ਵਸਾਈ ਹੈ। ਬਸ ਇੰਨਾ ਖਿਆਲ ਰੱਖੀਂ ਕਿ ਜਦੋਂ ਵਾਪਸ ਆਵੇਂ ਤਾਂ ਉਸ ਤੋਂ ਬਿਹਤਰ ਹੋਵੇ।” ਗੁਰਬਾਣੀ ਦਾ ਫਰਮਾਨ ਹੈ- ਪਵਣੁ ਗੁਰੂ ਪਾਣੀ ਪਿਤਾ…। ਜਦੋਂ 1976 ਵਿਚ ਅਸੀਂ ਅਮਰੀਕਾ ਆਏ ਤੇ ਮੌਸਮ ਦੀ ਭਵਿਖਬਾਣੀ ਸੁਣਨੀ ਕਿ ਆਉਣ ਵਾਲੇ ਸਮੇਂ `ਚ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਮੱਲੋ-ਮੱਲੀ ਹਾਸਾ ਆਉਣਾ ਕਿਉਂਕਿ ਉਦੋਂ ਮੀਂਹ ਦਾ ਮਤਲਬ ਸੀ ਕਿਣਮਿਣ ਕਾਣੀ। ਪਹਿਲੇ ਕਈ ਸਾਲ ਤਾਂ ਅਸੀਂ ਛਤਰੀ ਵੀ ਨਹੀਂ ਸੀ ਖੋਲ੍ਹੀ, ਜ਼ਰੂਰਤ ਹੀ ਨਹੀਂ ਸੀ ਪੈਂਦੀ ਪਰ ਹੁਣ ਜਦੋਂ ਮੋਹਲੇਧਾਰ ਝੱਖੜ ਅਮਰੀਕਾ ਵਿਚ ਵਰਸਦੇ ਹਨ ਤਾਂ ਪਿੰਡ ਦੀਆਂ ਬਰਸਾਤਾਂ ਯਾਦ ਆਉਂਦੀਆਂ ਹਨ।
ਇੰਡੀਆ ਵਿਚ ਉਦੋਂ ਮਾਨਸੂਨ ਦੋ ਵਾਰ ਆਉਂਦਾ ਸੀ; ਇਕ ਭਾਦੋਂ ਤਕ ਤੇ ਇਕ ਸਰਦੀਆਂ ਵਿਚ। ਸਰਦੀਆਂ ਵਾਲਾ ਨਾ ਇੰਨਾ ਤਾਕਤਵਰ ਤੇ ਨਾ ਬਹੁਤੀ ਦੇਰ ਚੱਲਣ ਵਾਲਾ ਪਰ ਬਰਸਾਤ ਜ਼ਬਰਦਸਤ ਤੇ ਦੋ-ਢਾਈ ਮਹੀਨੇ। ਬਚਪਨ ਵੀ ਸੀ, ਕਿੰਨੀ ਕੁ ਦੇਰ ਅੰਦਰ ਡੱਕੇ ਰਹਿ ਸਕਦੇ ਸੀ! ਸਾਡੇ ਪਿੰਡ ਉਦੋਂ ਤਿੰਨ ਟੋਭੇ ਹੁੰਦੇ ਸਨ: ਲੁਹਾਰਾਂ ਵਾਲਾ, ਜੁਗਿੰਦਰ ਸਿੰਘ ਵਾਲਾ ਤੇ ਬਾਗ ਵਾਲਾ। ਹੁਣ ਸਿਰਫ ਬਾਗ ਵਾਲਾ ਹੀ ਰਹਿ ਗਿਆ, ਉਹ ਵੀ ਚੁਫੇਰਿਉਂ ਘਿਰਿਆ ਹੋਇਆ। ਹੁਣ ਇਸ ਵਿਚ ਬਰਸਾਤੀ ਪਾਣੀ ਨਹੀਂ ਪੈਂਦਾ, ਹੁਣ ਤਾਂ ਉਥੇ ਨਵਾਂ ਗੁਰਦੁਆਰਾ ਬਣਾਉਣ ਦੀ ਗੱਲ ਚੱਲ ਰਹੀ ਹੈ। ਉਦੋਂ ਹਵਾ ਦਾ ਰੁਖ ਦੇਖ ਕੇ ਦੱਸ ਦੇਈਦਾ ਸੀ ਕਿ ਮੀਂਹ ਕਦੋਂ ਆਵੇਗਾ। ਜੇ ਪੁਰੇ ਦੀ ‘ਵਾ ਦੋ ਕੁ ਦਿਨ ਚੱਲ ਪਈ ਤੇ ਹਵਾ ਰੁਕ ਗਈ, ਬਸ ਬੱਦਲ ਆਏ ਕਿ ਆਏ। ਜੇ ਪੱਛਮ ਤੋਂ ਘਟਾ ਚੜ੍ਹ ਆਈ ਤਾਂ ਸਮਝੋ ਹਨੇਰੀ ਤੇ ਫਿਰ ਝੱਖੜ। ਦਰੱਖਤਾਂ ਦੇ ਟਾਹਣੇ ਟੁੱਟ ਜਾਣੇ। ਬਿਜਲੀ ਦੀ ਤਾਰਾਂ ਉਦੋਂ ਪਿੰਡਾਂ ਵਿਚ ਹੁੰਦੀਆਂ ਨਹੀਂ ਸਨ। ਮਕਾਨ ਜ਼ਿਆਦਾ ਕੱਚੇ ਸਨ, ਸੋ ਪਹਿਲਾਂ ਮੋਰੀਆਂ ਬੰਦ ਕਰਨੀਆਂ। ਘਰਾਂ ਵਿਚ ਮੋਘੇ ਰੱਖੇ ਹੁੰਦੇ ਸਨ, ਰੋਸ਼ਨੀ ਅੰਦਰ ਆਣ ਲਈ; ਉਨ੍ਹਾਂ ‘ਤੇ ਤਸਲੇ ਮੂਧੇ ਮਾਰਨੇ। ਜੇ ਕਿਤੇ ਬਨੇਰੇ ਨੇੜੇ ਪਾਣੀ ਚੋਣ ਦੇ ਆਸਾਰ ਨਜ਼ਰ ਆਉਣੇ ਤਾਂ ਬੋਰੀ ਨਾਲ ਢਕ ਦੇਣਾ।
ਬਰਸਾਤ ਆਉਣ ਤੋਂ ਪਹਿਲਾਂ ਬਨੇਰਿਆਂ ਨੂੰ ਚੀਕਣੀ ਮਿੱਟੀ `ਚ ਤੂੜੀ ਦੀਆਂ ਗੰਢਾਂ ਮਿਲਾ ਕੇ ਗਾਰਾ ਬਣਾਉਣਾ। ਦੋ-ਤਿੰਨ ਦਿਨਾਂ ਬਾਅਦ ਬਨੇਰੇ ਲਿੱਪਣੇ। ਕਈ ਵਾਰ ਕੰਮ ਨਿਬੇੜਨ ਲਈ ਮਜ਼ਦੂਰ ਜਾਂ ਆਬਤ ਲਾ ਲੈਣੀ। ਮਣਾਂ ਮੂੰਹੀਂ ਰੋਟੀ-ਦਾਲ ਬਣਨੀ। ਚਾਹ ਜੱਗ ਭਰ ਭਰ ਵਰਤਾਉਣੇ। ਹਈ ਸ਼ੇਰਾ, ਚੱਕ ਲੈ ਫੱਟੇ, ਹਾਹਾ ਹੀਹੀ, ਚਲਦੀ ਰਹਿਣੀ। ਕਿਤੇ-ਕਿਤੇ ਬਜ਼ੁਰਗਾਂ ਕੋਲੋਂ ਸ਼ਾਬਾਸ਼, ਕਿਤੇ ਝਿੜਕਾਂ। ਉਨ੍ਹਾਂ ਦਾ ਤਜਰਬਾ ਹੁੰਦਾ ਸੀ ਤੇ ਸਾਡੇ ਕੋਲ ਅੱਲੜਪੁਣਾ। ਕੋਠੇ ਨੀਵੇਂ ਹੁੰਦੇ ਸਨ। ਕੋਠਿਆਂ ਤੋਂ ਖਾਲੀ ਤਸਲੇ ਥੱਲੇ ਚਲਾ-ਚਲਾ ਮਾਰਨੇ। ਕਦੇ ਆਪ ਵੀ ਛਾਲ ਮਾਰ ਦੇਣੀ। ਸਾਡੇ ਪਿੰਡ ਕੁਝ ਅਜਿਹੇ ਲੋਕ ਵੀ ਸਨ ਜੋ ਭੱਜ ਕੇ ਕੋਠੇ `ਤੇ ਚੜ੍ਹ ਜਾਂਦੇ ਸਨ। ਬਰਸਾਤਾਂ ਵਿਚ ਗੁਹਾਰੇ ਲਿੱਪ ਕੇ ਪਾਥੀਆਂ ਭਰ ਲਈਦੀਆਂ ਸਨ। ਇਕ ਵਾਰ ਮੇਰੀ ਬੇਬੇ ਕੋਲ ਖੜ੍ਹੀ ਗੁਹਾਰਾ ਲਿਪਾ ਰਹੀ ਸੀ, ਉਧਰੋਂ ਬਾਬੂ ਸਿੰਘ ਆ ਗਿਆ ਜੋ ਬੇਬੇ ਨੂੰ ਮਾਸੀ ਕਹਿੰਦਾ ਹੁੰਦਾ ਸੀ। ਬੇਬੇ ਬਾਬੂ ਨੂੰ ਕਹਿ ਬੈਠੀ ਕਿ ਮਰ ਜਾਣਿਆਂ ਮੁਹਾਰਾ ਲਿਪਵਾ ਦੇ। ਕਹਿੰਦਾ, ਠੀਕ ਹੈ ਮਾਸੀ, ਚਾਹ ਲੈ ਆ, ਮੈਂ ਲਿਪਵਾ ਦਿੰਨਾ। ਬੇਬੇ ਚਾਹ ਲੈ ਕੇ ਆਈ, ਬਾਬੂ ਗਾਇਬ। ਬੇਬੇ ਖੜ੍ਹ ਕੇ ਗਾਲਾਂ ਕੱਢਣ ਲੱਗ ਪਈ- ਪਤਾ ਨ੍ਹੀਂ ਕਿਥੇ ਮਰ ਗਿਆ। ਥੋੜ੍ਹੀ ਦੇਰ ਬਾਬੂ ਕਹਿੰਦਾ, “ਮਾਸੀ, ਕਿਸ ਨੂੰ ਗਾਲਾਂ ਕੱਢੀ ਜਾਨੀ?” ਨਿਗਾਹ ਮਾਰੀ ਤਾਂ ਬਾਬੂ ਗੁਹਾਰੇ ਦੇ ਸਿਖਰ ‘ਤੇ ਬੈਠਾ ਸੀ।
ਜਦੋਂ ਮੀਂਹ ਪੈਣ ਲੱਗ ਪੈਣਾ ਤਾਂ ਜੇ ਕਿਤੇ ਪਾਣੀ ਰੁਕ ਜਾਵੇ ਤਾਂ ਡੱਕੇ ਨਾਲ ਘਰਾਲਾਂ ਬਣਾ ਕੇ ਪਾਣੀ ਲਈ ਰਸਤਾ ਬਣਾ ਦੇਣਾ। ਕਈ ਵਾਰ ਪਾਣੀ ਪਿੱਛੇ ਡਾਂਗਾਂ ਵੀ ਚੱਲ ਪੈਣੀਆਂ। ਪਾਣੀ ਦਾ ਵਹਾਓ ਹੁੰਦਾ ਹੀ ਇੰਨਾ ਤੇਜ਼ ਸੀ ਕਿ ਕਈ ਵਾਰ ਤਾਂ ਖਦਾਨ ਬਣ ਜਾਂਦੇ। ਸਾਡੇ ਪਿੰਡ ਕੋਲ ਦੀ ਗੰਦਾ ਨਾਲਾ ਵਗਦਾ ਹੈ ਜਿਸ ਵਿਚ ਚੰਡੀਗੜ੍ਹ ਦੇ ਸੀਵਰੇਜ ਦਾ ਪਾਣੀ ਆਉਂਦਾ ਹੈ। ਉਸ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਬਰਸਾਤੀ ਪਾਣੀ ਇਕ ਦਮ ਚੜ੍ਹ ਆਉਂਦਾ ਸੀ। ਪੁਲ ਤਾਂ ਉਦੋਂ ਹੁੰਦੇ ਨਹੀਂ ਸੀ, ਸੋ ਕਈ ਵਾਰ ਪਾਰ ਗਏ ਲੋਕ ਫਸ ਜਾਂਦੇ। ਕਈ ਵਾਰ ਦੋ-ਚਾਰ ਦਿਨ ਨਾਲ ਦੇ ਪਿੰਡਾਂ ਵਿਚ ਮਜਬੂਰਨ ਪ੍ਰਾਹੁਣੇ ਬਣ ਜਾਂਦੇ। ਸਾਡੇ ਸਕੂਲ ਦੇ ਵਿਚ ਵੀ ਬਰਸਾਤੀ ਨਦੀ ਪੈਂਦੀ ਸੀ। ਕਈ ਵਾਰ ਸਵੇਰੇ ਚੰਗੇ ਭਲੇ ਸਕੂਲ ਚਲੇ ਜਾਂਦੇ ਪਰ ਸ਼ਾਮੀਂ ਨਦੀ ਵਿਚ ਹੜ੍ਹ ਆ ਜਾਣਾ। ਫਿਰ ਤਿੰਨ ਕੁ ਮੀਲ ਵਲ ਪਾ ਕੇ ਘਰੇ ਪਹੁੰਚਣਾ। ਨਦੀ ਕਿਉਂਕਿ ਬਰਸਾਤੀ ਸੀ, ਸੋ ਖਦਾਨਾਂ (ਦੈੜਾਂ) ਵਿਚ ਲੋਕੀ ਸ਼ਰਾਬ ਦੇ ਮਟਕੇ ਦੱਬ ਜਾਂਦੇ ਸਨ। ਕਈ ਵਾਰ ਸ਼ਰਾਬ ਕੱਢ ਕੇ ਲਾਹਣ ਨਦੀ ਵਿਚ ਰੋੜ੍ਹ ਦਿੰਦੇ ਸਨ। ਭਾਰੀ ਬਰਸਾਤ ਪੈਣੀ ਤਾਂ ਮੱਟ ਨੰਗੇ ਵੀ ਹੋ ਜਾਂਦੇ ਸਨ। ਸਾਡਾ ਸਕੂਲ ਪਿੰਡੋਂ ਦੋ ਮੀਲ ਸੀ ਤੇ ਕੱਚੀ ਗੋਹਰ ਸੀ ਜੋ ਤਿੰਨ ਮਹੀਨੇ ਬਰਸਾਤੀ ਪਾਣੀ ਨਾਲ ਭਰੀ ਰਹਿੰਦੀ ਸੀ। ਪਜਾਮਾ ਜੁੱਤੀ ਅਸੀਂ ਸਕੂਲ ਤੋਂ ਅੱਧਾ ਮੀਲ ਪਹਿਲਾਂ ਘੁਮਿਆਰਾਂ ਦੇ ਨਲਕੇ ‘ਤੇ ਪੈਰ ਧੋ ਕੇ ਪਾਉਂਦੇ ਅਤੇ ਸਕੂਲ ਨਿਕਲਦਿਆਂ ਹੀ ਪਜਾਮਾ ਝੋਲੇ ਵਿਚ ਤੇ ਜੁੱਤੀਆਂ ਹੱਥ ‘ਚ ਫੜ ਲੈਂਦੇ। ਤੈਰਨਾ ਸਾਨੂੰ ਆਉਂਦਾ ਨਹੀਂ ਸੀ, ਅਸੀਂ ਤਾਂ ਬਸ ਮੱਝਾਂ ਕੱਟੀਆਂ ਨੂੰ ਲੁਹਾਰਾਂ ਵਾਲੇ ਟੋਭੇ `ਚ ਨਹਾਉਣ ਲੈ ਜਾਂਦੇ ਸਾਂ ਤੇ ਕਿਸੇ ਦੀ ਪੂਛ ਫੜ ਕੇ ਦੋ ਕੁ ਪੈਰ ਮਾਰ ਲੈਣੇ। ਬਸ ਸਾਡੇ ਲਈ ਇਹੀ ਚੈਂਪੀਅਨਸ਼ਿਪ ਬਰਾਬਰ ਸੀ ਪਰ ਪਿੰਡ ਵਾਲੇ ਚੋਏ ਵਿਚ ਬਰਸਾਤ ਵਿਚ ਕਿਤੋਂ ਲੱਕੜਾਂ, ਫਿੰਡਾਂ (ਗੇਂਦਾਂ) ਅਤੇ ਵਰਤੇ ਹੋਏ ਨਿਰੋਧ ਆਮ ਆ ਜਾਂਦੇ। ਲੱਕੜਾਂ ਘੁਮਿਆਰਾਂ ਦੇ ਤੈਰਾਕ ਮੁੰਡੇ ਭੱਜ ਫੜ ਲੈਂਦੇ ਸਨ।
ਘਰੇ ਬੈਠੇ ਮੀਂਹਾਂ ਤੋਂ ਤੰਗ ਆ ਕੇ ਕਦੇ-ਕਦੇ ਬੋਰੀ ਦੀ ਝੁੰਮੀ ਮਾਰ ਲੈਣੀ, ਹੱਥ `ਚ ਸੋਟੀ ਲੈ ਬਾਹਰ ਨਿਕਲ ਜਾਣਾ। ਕਿਤੇ-ਕਿਤੇ ਸ਼ਰਾਰਤ ਕਰਕੇ ਪਾਣੀ ਕਿਸੇ ਖੁੱਡ ਵਿਚ ਪਾ ਦੇਣਾ ਤੇ ਫਿਰ ਵਿਚੋਂ ਕਦੇ ਚੂਹਾ ਕਦੇ ਸੱਪ ਬਾਹਰ ਨਿਕਲ ਆਉਣਾ। ਜੇ ਤਾਂ ਸੋਟੀ ਸਹੀ ਵੱਜ ਗਈ, ਫਿਰ ਜਿੱਤ ਸਾਡੀ, ਨਹੀਂ ਚੀਕ ਮਾਰ ਕੇ ਜਿੱਧਰ ਨੂੰ ਮੂੰਹ ਹੋਇਆ, ਭੱਜ ਜਾਣਾ। ਇਕ ਵਾਰ ਮੱਕੀ ਨੂੰ ਪਾਣੀ ਲਾ ਰਿਹਾ ਸਾਂ। ਖੁੱਡ ਵਿਚ ਪਾਣੀ ਭਰ ਦਿੱਤਾ, ਅੰਦਰੋਂ ਖੂੰਖਾਰ ਚੂਹਾ ਮੇਰੇ ਵੱਲ ਕਚੀਚੀਆਂ ਵੱਟੇ। ਮੈਂ ਕਹੀ ਮਾਰੀ ਤਾਂ ਉਸ ਦੇ ਨਾ ਲੱਗੀ, ਉਸ ਨੇ ਕਹੀ ਨੂੰ ਦੰਦੀ ਵੱਢ ਲਈ। ਮੈਂ ਚੀਕਾਂ ਮਾਰਦਾ ਛੋਟੇ ਤਾਏ ਕੋਲ ਭੱਜਾ ਆਇਆ। ਅੱਗਿਓਂ ਉਹ ਹੱਸੇ- “ਬੱਲੇ ਓ ਬਹਾਦਰਾ! ਹਥਿਆਰ ਵੀ ਛੱਡ ਆਇਆਂ”।
ਇਸੇ ਤਰ੍ਹਾਂ ਇਕ ਵਾਰ ਢੱਕਾਂ `ਚੋਂ ਚਕਰਚੁੰਡਾ ਵੱਢਣ ਚਲਾ ਗਿਆ। ਪਿੰਡ `ਚ ਕਿਸੇ ਹੋਰ ਦੇ ਘਰ ਵਿਚ ਚਕਰਚੂੰਡਾ ਲਾਇਆ ਸੀ। ਮੈਂ ਕੁਝ ਲੈਣ ਲਈ ਕਿਹਾ ਤਾਂ ਕਿਸੇ ਨੇ ਬੋਲੀ ਮਾਰ ਦਿੱਤੀ, “ਵੱਡੇ ਲੰਬੜਦਾਰ ਬਣੀ ਫਿਰਦੇ ਹੋ, ਆਪਣੇ ਚੱਕਾਂ ਵਿਚੋਂ ਵੱਢ ਲਿਆ।” ਦੂਜੇ ਦਿਨ ਸਵੇਰੇ ਝੁੰਮੀ ਮਾਰੀ, ਕੁਹਾੜੀ ਲੈ ਕੇ ਢੱਕ ਵੱਢਣ ਚਲਾ ਗਿਆ। ਦੂਜਾ ਹੀ ਟੱਕ ਮਾਰਿਆ ਸੀ ਕਿ ਇਕ ਜਾਨਵਰ ਨੇ ਚੀਕਾਂ ਛੱਡ ਦਿੱਤੀਆਂ। ਦੇਖਿਆ ਤਾਂ ਉਹ ਮੇਰੇ ਵਲ ਦੰਦ ਕਰੀਚ ਰਿਹਾ ਸੀ। ਲੰਗੂਰ ਸੀ। ਕੁਹਾੜੀ ਤੇ ਝੁੰਮੀ ਸਿੱਟੀ ਉਥੇ ਹੀ, ਤੇ ਸਿੱਧਾ ਘਰ। ਹੌਂਕਦੇ ਨੂੰ ਘਰਦਿਆਂ ਨੇ ਪੁੱਛਿਆ, “ਮੱਲਾ, ਲਾਲ ਕਿਉਂ ਹੋਇਆਂ?” ਦਾਸਤਾਂ ਦਸ ਦਿੰਤੀ ਤਾਂ ਬਜ਼ੁਰਗ ਹੱਸਣੋਂ ਨਾ ਹਟਣ। ਆਖਰ ਉਨ੍ਹਾਂ ਮੇਰੇ ਨਾਲ ਕਾਮਾ ਭੇਜ ਦਿੱਤਾ ਤੇ ਅਸੀਂ ਆਪਣੀ ਮੁਹਿੰਮ ਵਿਚ ਕਾਮਯਾਬੀ ਹਾਸਲ ਕੀਤੀ। ਕੁਹਾੜੀ ਵੀ ਉਥੇ ਹੀ ਸੀ, ਸੋ ਡਾਂਟ ਪੈਣੋਂ ਬਚ ਗਈ ਕਿਉਂਕਿ ਕੁਹਾੜੀ ਮਹਿੰਗੀ ਸੀ।
ਕਈ ਵਾਰ ਖੇਤਾਂ ਵਿਚ ਵਗਦੇ ਪਾਣੀ ਕਰਕੇ ਪੰਗੇ ਵੀ ਪੈ ਜਾਂਦੇ। ਸਾਡੀ ਗਲੀ ਵਿਚ ਇਕ ਪਰਿਵਾਰ ਸੀ ਜਿਸ ਨਾਲ ਗੁਆਂਢੀਆਂ ਦੀ ਅਣਬਣ ਰਹਿੰਦੀ ਸੀ। ਸਾਡੇ ਘਰਦੇ ਇਨ੍ਹਾਂ ਖਿਲਾਫ ਉਸ ਪਰਿਵਾਰ ਦੇ ਹੱਕ ਵਿਚ ਖੜ੍ਹਦੇ ਸਨ। ਇਕ ਦਿਨ ਕਾਮੇ ਨੇ ਆ ਕੇ ਦੱਸਿਆ ਕਿ ਇਨ੍ਹਾਂ ਨੇ ਆਪਣੇ ਖੇਤ ਵਿਚੋਂ ਸਾਡੇ ਖੇਤ ਵਿਚ ਪਾਣੀ ਪਾ ਦਿੱਤਾ ਤੇ ਨਾਲ ਕਿਹਾ ਕਿ ਕੋਈ ਆ ਕੇ ਕਿਵੇਂ ਰੋਕੇਗਾ। ਪਿੱਛੇ-ਪਿੱਛੇ ਉਹ ਆਦਮੀ ਵੀ ਆ ਗਿਆ। ਬਜ਼ੁਰਗ ਨੇ ਝੱਟ ਨਹੀਂ ਪੈਣ ਦਿੱਤੀ ਕਿ ਢਾਹ ਲਿਆ ਤੇ ਚੰਗੀ ਖੜਕੈਂਤੀ ਕੀਤੀ। ਸਾਡੇ ਦੋ ਹਲਾਂ ਦੀ ਖੇਤੀ ਸੀ। ਇਕ ਦੋ ਵਹਿੜਕਾ, 4-5 ਮੱਝਾਂ, ਦੋ ਕੁ ਗਊਆਂ ਹੁੰਦੀਆਂ; ਸੋ ਚਾਰਾ ਵਾਹਵਾ ਲਗਦਾ ਸੀ। ਮੈਨੂੰ ਯਾਦ ਹੈ, ਚਰ੍ਹੀ ਦੇ 7 ਭਾਰ (ਭਰੀ) ਲੈ ਕੇ ਆਏ, 5 ਭਾਰਾਂ ਦਾ ਟੋਕਾ ਤਾਂ ਮੈਂ ਕਰ ਦਿੱਤਾ ਪਰ ਅਗਲੇ ਦੋਹਾਂ ਲਈ ਕਾਮੇ ਦੀ ਮਦਦ ਲਈ। ਉਦੋਂ ਹੱਥ-ਟੋਕਾ ਹੀ ਹੁੰਦਾ ਸੀ। ਇੰਜਣ ਤੇ ਬਿਜਲੀ ਵਾਲੇ ਤਾਂ ਬਾਅਦ ਵਿਚ ਆਏ। ਉਦੋਂ ਤਾਂ ਪੱਟਾਂ ‘ਤੇ ਖੱਲਾਂ ਪੈਦੀਆਂ ਸਨ, ਹੁਣ ਝੁਰੜੀਆਂ। ਸਾਡੇ 2 ਕੁ ਸਾਂਝੀ ਹੁੰਦੇ ਸਨ, ਦੋ ਕੁ ਕਾਮੇ।
ਗੁਆਂਢ ਵਿਚ ਇਕ ਪਧਾਣੀ ਰਹਿੰਦੀ ਸੀ ਇਕੱਲੀ। ਮੇਰੀ ਦਾਦੀ (ਅੰਮਾ) ਦੀ ਉਹ ਕਦੇ ਪੱਕੀ ਸਹੇਲੀ, ਕਦੇ ਸੌਕਣ। ਜਦੋਂ ਖੜਕ ਪੈਣੀ, ਦੋ ਕੁ ਦਿਨ ਬਿਲਕੁਲ ਚੁੱਪ; ਫਿਰ ‘ਮੈਂ ਤੇਰੀ ਬੋਬੋ, ਤੂੰ ਮੇਰੀ ਬੋਬੋ, ਭੈਣੇ ਕੌਣ ਹੈ ਕਿਸੇ ਦਾ। ਆ ਬਹਿ ਜਾ’। ਉਹ ਆਪਣੇ ਇਸ਼ਟ ਦੀ ਪੱਕੀ ਸੀ। ਖੂਹ ਦੇ ਪਾਣੀ ਨਾਲ ਹੀ ਨਹਾਉਣਾ-ਧੋਣਾ। ਜੇ ਕਿਤੇ ਕਥਿਤ ਛੋਟੀ ਜਾਤ ਦਾ ਕੋਈ ਸਾਹਮਣੇ ਆ ਗਿਆ, ਰਾਹ ਬਦਲ ਲੈਂਦੀ ਸੀ। ਸਾਡੇ ਘਰੇ ਜਦੋਂ ਦਾ ਚਮੜੇ ਦੀ ਬੋਕੀ ਵਾਲਾ ਨਲਕਾ ਲੱਗ ਗਿਆ, ਉਸ ਚਾਹ ਪੀਣੀ ਛੱਡ ਦਿੱਤੀ। ਇਕ ਵਾਰ ਰੱਬ ਦਾ ਭਾਣਾ, ਤਿੰਨ ਕੁ ਦਿਨ ਬਰਸਾਤ ਲੱਗ ਗਈ। ਚੰਗੀ ਝੜੀ ਲੱਗੀ। ਉਸ ਦਾ ਕੱਚਾ ਕੋਠਾ ਜਿਥੇ ਉਹ ਮੰਜੀ ‘ਤੇ ਪਈ ਸੀ, ਉਸ ਉਤੇ ਡਿੱਗ ਪਿਆ। ਉਧਰੋਂ ਸਾਡਾ ਕਾਮਾ ਕਹੀ ਲੈ ਕੇ ਖੇਤੋਂ ਵਾਪਸ ਆ ਰਿਹਾ ਸੀ। ਉਸ ਨੇ ਦੇਖ ਲਿਆ। ਰੌਲਾ ਪਾ ਦਿੱਤਾ ਤੇ ਪਿੰਡ ਦੇ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਕੱਢ ਲਿਆ। ਸਭ ਤੋਂ ਪਹਿਲਾਂ ਉਸ ਕਥਿਤ ਨੀਵੀਂ ਜਾਤ ਦੇ ਨੌਕਰ ਨੇ ਉਸ ਦੇ ਮੂੰਹ ਵਿਚ ਪਾਣੀ ਪਾਇਆ ਤੇ ਉਹ ਬਚ ਗਈ। ਥੋੜ੍ਹੇ ਦਿਨਾਂ ਬਾਅਦ ਉਸ ਦਾ ਕੋਠਾ ਫਿਰ ਬਣਵਾ ਦਿੱਤਾ।
ਬਰਸਾਤ ਵਿਚ ਨਾਲ ਦੇ ਪਿੰਡੋਂ ਗੁੱਗੇ ਦੀ ਛੜੀ ਆਉਂਦੀ ਸੀ। ਬੇਸਣ ਦੇ ਪੂੜੇ ਤੇ ਖੀਰ ਬਣਨੇ। ਹੋਰ ਵੀ ਕਿੰਨੇ ਤਿਉਹਾਰ ਮਨਾਉਂਦੇ ਸਾਂ। ਗੁੱਗੇ ਪੀਰ ਦੀ ਕਹਾਣੀ ਡਮਰੂ ਨਾਲ ਸੁਣਾਈ ਜਾਂਦੀ। ਹੁਣ ਤਾਂ ਬਸ ਪੱਕੇ ਮਕਾਨਾਂ ਵਿਚ ਬਾਹਰ ਝੱਖੜ, ਅੰਦਰ ਟੀ.ਵੀ.। ਨਾ ਕੋਠੇ ਲਿਪਣੇ, ਨਾ ਮੋਰੀਆਂ ਬੰਦ ਕਰਨੀਆਂ ਪਰ ਤਾਂ ਵੀ ਵਾਤਾਵਰਨ ਦਾ ਖਿਆਲ ਰੱਖਣਾ ਪੈਣਾ; ਨਹੀਂ ਤਾਂ ਪਤਾ ਨਹੀਂ ਆਉਣ ਵਾਲੀ ਨਸਲਾਂ ਲਈ ਕੀ-ਕੀ ਆਫਤਾਂ ਆਉਣਗੀਆਂ।