ਛਿੰਦੋ ਗਈ, ਗੁਲਾਬੋ ਆਊ!

ਹਾਥੀ, ਪੰਜਾ, ਤੱਕੜੀ ਜੋ ਵੱਖੋ ਵੱਖ ਲੱਗਦੇ ਨੇ, ਕਮਲ ਦੇ ਹੱਥ ਜਾਪੇ ਸਭ ਦੀ ‘ਕਮਾਨ’ ਜੀ।
ਵਿਚੋ ਵਿਚੀਂ ਸਾਂਝ ਇਕ-ਦੂਜੇ ਨਾਲ ਗੂੜ੍ਹੀ ਪੱਕੀ, ਉੱਤੋਂ ਉੱਤੋਂ ਦਿੰਦੇ ਰਹਿੰਦੇ ‘ਚੁੱਭਵੇਂ’ ਬਿਆਨ ਜੀ।
ਛਿੰਦੋ ਚਲੇ ਜਾਂਦੀ ਤੇ ਗੁਲਾਬੋ ਕੋਈ ਆਣ ਬੈਠੇ, ਵੋਟਰ ਬੇਚਾਰੇ ਹੁੰਦੇ ਰਹਿਣ ਪ੍ਰੇਸ਼ਾਨ ਜੀ।
ਜਾਣਦੇ ਸਿਆਸਤਾਂ ਦੀ ਗੱਲ ਜੋ ਸਿਆਣੇ ਕਹਿੰਦੇ, ਮੁੱਕਿਆ ਨਾ ਜਾਣੋ ਹਾਲੇ ਪਊ ‘ਘਮਸਾਨ’ ਜੀ।
ਕੱਢਣੀ ਕਸਰ ਕਹਿੰਦੇ ਕੀਤੇ ਹੋਏ ਵਾਅਦਿਆਂ ਦੀ, ਬਾਈ ਵਿਚ ਲਾਉਣਾ ਚਾਹੁੰਦੇ ਜਿੱਤ ਦੇ ਨਿਸ਼ਾਨ ਜੀ।
ਸਾਢੇ ਚਾਰ ਸਾਲ ਗੇਮ ’ਕੱਠਿਆਂ ਨੇ ਖੇਡੀ ਰਲ, ਛੱਡ ਦਿੱਤਾ ‘ਟੀਮ’ ਨੇ ਪਹਿਲੋਂ ਈ ਕਪਤਾਨ ਜੀ!