ਕੈਪਟਨ ਦੀ ਛੁੱਟੀ, ਚਰਨਜੀਤ ਚੰਨੀ ਹੱਥ ਆਈ ਪੰਜਾਬ ਦੀ ਕਮਾਨ

ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਸਰਕਾਰ ਦੀ ਸਾਢੇ ਚਾਰ ਸਾਲ ਦੀ ਸੱਤਾ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਛੁੱਟੀ ਕਰ ਦਿੱਤੀ ਗਈ। ਉਨ੍ਹਾਂ ਦੀ ਥਾਂ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਦੇ ਨਾਲ ਓਪੀ ਸੋਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਲਾਇਆ ਗਿਆ ਹੈ।

ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਵਲੋਂ ਇਕ ਦਲਿਤ ਚਿਹਰੇ ਦੀ ਮੁੱਖ ਮੰਤਰੀ ਵਜੋਂ ਚੋਣ ਕਰਕੇ ਵਿਰੋਧੀ ਧਿਰਾਂ ਨੂੰ ਹੈਰਾਨ ਕਰਨ ਵਾਲੀ ਕਾਰਵਾਈ ਕੀਤੀ ਹੈ। ਕਾਂਗਰਸ ਹਾਈਕਮਾਨ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਕਾਂਗਰਸ ‘ਚ ਚੱਲੇ 24 ਘੰਟਿਆਂ ਦੇ ਘਮਾਸਾਨ ਤੋਂ ਬਾਅਦ ਚੰਨੀ ਦੇ ਨਾਂ ਦਾ ਐਲਾਨ ਕੀਤਾ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਅਧਿਕਾਰ ਦਿੱਤੇ ਗਏ ਸਨ। ਪਾਰਟੀ ਹਾਈਕਮਾਨ ਵੱਲੋਂ ਪਹਿਲਾਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਨਾਂ ਨਵੇਂ ਮੁੱਖ ਮੰਤਰੀ ਵਜੋਂ ਪੇਸ਼ ਕਰਨਾ ਚਾਹਿਆ ਪਰ ਇਸ ਦਾ ਕੁਝ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਦੇਸ਼ ਦਾ ਇਕੋ ਸੂਬਾ ਪੰਜਾਬ ਹੈ, ਜਿਥੇ ਪਗੜੀ ਧਾਰੀ ਮੁੱਖ ਮੰਤਰੀ ਬਣ ਸਕਦਾ ਹੈ ਤੇ ਇਸ ਰਵਾਇਤ ਨੂੰ ਖਤਮ ਨਾ ਕੀਤਾ ਜਾਵੇ। ਇਸ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੁੱਖ ਮੰਤਰੀ ਦੀ ਦੌੜ ਵਿਚ ਕੁੱਦ ਪਏ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਨੇ ਵੀ ਆਪਣਾ ਦਾਅਵਾ ਪੇਸ਼ ਕਰ ਦਿੱਤਾ। ਪਾਰਟੀ ਹਾਈਕਮਾਨ ਵੱਲੋਂ ਆਖਰ ਇਕ ਦਲਿਤ ਮੁੱਖ ਮੰਤਰੀ ਦੇਣ ਦਾ ਫੈਸਲਾ ਲੈਂਦਿਆਂ ਚੰਨੀ ਦੇ ਨਾਂ ‘ਤੇ ਮੋਹਰ ਲਗਾ ਦਿੱਤੀ, ਜਦੋਂਕਿ ਨਵਜੋਤ ਸਿੰਘ ਸਿੱਧੂ ਵੀ ਉਨ੍ਹਾਂ ਦੀ ਚੋਣ ਨਾਲ ਸਹਿਮਤ ਦੱਸੇ ਜਾ ਰਹੇ ਹਨ।
ਚੰਨੀ, ਜੋ ਕੈਪਟਨ ਸਰਕਾਰ ਵਿਚ ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ ਦੇ ਮੰਤਰੀ ਸਨ, ਸਾਲ 2015-2016 ਦੌਰਾਨ ਵਿਧਾਨ ਸਭਾ ‘ਚ ਕਾਂਗਰਸ ਵਲੋਂ ਵਿਰੋਧੀ ਧਿਰ ਦੇ ਆਗੂ ਵੀ ਰਹਿ ਚੁੱਕੇ ਹਨ। ਦਲਿਤਾਂ ਦੇ ਹੱਕਾਂ ਨੂੰ ਲੈ ਕੇ ਉਹ ਲਗਾਤਾਰ ਸੰਘਰਸ਼ ਕਰਦੇ ਰਹੇ ਤੇ ਸਰਕਾਰ ਵਿਚ ਹੁੰਦਿਆਂ ਵੀ ਦਲਿਤਾਂ ਨਾਲ ਸਬੰਧਤ ਕਈ ਅਹਿਮ ਫੈਸਲੇ ਉਨ੍ਹਾਂ ਕਾਰਨ ਹੋਏ।
__________________________________________
ਮੁੱਖ ਮੰਤਰੀ ਵਜੋਂ ਚੰਨੀ ਸਾਹਮਣੇ ਚੁਣੌਤੀਆਂ ਦਾ ਢੇਰ
ਚੰਡੀਗੜ੍ਹ: ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਨਾਮਜ਼ਦ ਚਰਨਜੀਤ ਸਿੰਘ ਚੰਨੀ ਕੋਲ ਹੁਣ ਸਮਾਂ ਘੱਟ ਅਤੇ ਪੈਂਡਾ ਲੰਮੇਰਾ ਹੈ। ਪੰਜਾਬ ਚੋੋਣਾਂ ‘ਚ ਹੁਣ ਬਹੁਤਾ ਵਕਤ ਨਹੀਂ ਰਿਹਾ ਤੇ ਚੁਣੌਤੀਆਂ ਦਾ ਵੱਡਾ ਢੇਰ ਸਾਹਮਣੇ ਹੈ। ਨਵੇਂ ਮੁੱਖ ਮੰਤਰੀ ਵਜੋਂ ਚੰਨੀ ਲਈ ਇਹ ਪਰਖ ਦੀ ਘੜੀ ਹੋਵੇਗੀ। ਨਵੇਂ ਮੁੱਖ ਮੰਤਰੀ ਨੂੰ ਜਿੱਥੇ ਹਾਈ ਕਮਾਨ ਦੀਆਂ ਆਸਾਂ ਉਮੀਦਾਂ ‘ਤੇ ਫੁੱਲ ਚੜ੍ਹਾਉਣੇ ਹੋਣਗੇ, ਉਥੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣਾ ਵੱਡੀ ਚੁਣੌਤੀ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦਿਆਂ ਤੋਂ ਪਲਟਣ ਕਰਕੇ ਲੋਕਾਂ ਦਾ ਵਿਸ਼ਵਾਸ ਟੁੱਟਿਆ ਹੈ। ਕਾਂਗਰਸ ਹਾਈ ਕਮਾਨ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਉਣ ਦਾ ਫੈਸਲਾ ਕਰਕੇ ਅਗਾਮੀ ਚੋਣਾਂ ਲਈ ਵੱਡਾ ਦਾਅ ਖੇਡਿਆ ਹੈ। ਚੰਨੀ ਲਈ ਮੁੱਖ ਮੰਤਰੀ ਦਾ ਅਹੁਦਾ ਫੁੱਲਾਂ ਦੀ ਨਹੀਂ ਕੰਡਿਆਂ ਦੀ ਸੇਜ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਰਹਿਣਗੀਆਂ। ਇਥੇ ਵੱਡਾ ਮਸਲਾ ਇਹ ਹੈ ਕਿ ਅਗਾਮੀ ਚੋਣਾਂ ਤੋਂ ਪਹਿਲਾਂ ਨਵੇਂ ਮੁੱਖ ਮੰਤਰੀ ਨੂੰ ਕੰਮ ਕਰਨ ਲਈ ਲਗਭਗ 100 ਦਿਨ ਹੀ ਮਿਲਣਗੇ। ਉਨ੍ਹਾਂ ਲਈ 18 ਨੁਕਾਤੀ ਏਜੰਡਾ ਪਰਖ ਬਣੇਗਾ। ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਕਾਂਗਰਸ ‘ਤੇ ਮਾਫੀਆ ਰਾਜ ਦੇ ਲੱਗੇ ਦਾਗ ਨੂੰ ਧੋਣ ਵਿਚ ਵੀ ਉਨ੍ਹਾਂ ਨੂੰ ਲੰਮੇਰਾ ਵਕਤ ਲੱਗੇਗਾ। ਨਵੇਂ ਮੁੱਖ ਮੰਤਰੀ ਨੂੰ ਖਾਸ ਕਰਕੇ ਬਹਿਬਲ ਤੇ ਬਰਗਾੜੀ ਮਾਮਲੇ ‘ਤੇ ਨਤੀਜੇ ਦੇਣੇ ਹੋਣਗੇ।
ਉਸ ਤੋਂ ਵੱਧ ਨਸ਼ਾ ਤਸਕਰੀ ਦੇ ਮਾਮਲੇ ‘ਚ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਦਲੇਰੀ ਦਿਖਾਉਣੀ ਹੋਵੇਗੀ। ਇਸੇ ਤਰ੍ਹਾਂ ਮਹਿੰਗੇ ਬਿਜਲੀ ਸਮਝੌਤੇ ਵੀ ਉਨ੍ਹਾਂ ਦਾ ਇਮਤਿਹਾਨ ਲੈਣਗੇ। ਪੰਜਾਬ ਵਿਚ ਰੁਜ਼ਗਾਰ ਦਾ ਵੱਡਾ ਮਸਲਾ ਹੈ ਅਤੇ ਪੰਜਾਬ ਭਰ ਵਿਚ ਬੇਰੁਜ਼ਗਾਰਾਂ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਹ ਪੰਜਾਬ ਦੀ ਜਵਾਨੀ ਨੂੰ ਕਿਵੇਂ ਮੋੜਾ ਦੇਣਗੇ, ਇਹ ਵੀ ਪਰਖ ਬਣੇਗਾ। ਸਭ ਤੋਂ ਵੱਡਾ ਮਸਲਾ ਕਿਸਾਨੀ ਦਾ ਹੋਵੇਗਾ। ਅਮਰਿੰਦਰ ਸਿੰਘ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਧਿਰਾਂ ਪ੍ਰਤੀ ਨਰਮੀ ਵਰਤੀ ਜਾਂਦੀ ਸੀ। ਚੰਨੀ ਕਿਸਾਨ ਅੰਦੋਲਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰਦੇ ਹਨ ਅਤੇ ਕਿਸਾਨਾਂ ਦੇ ਦਿਲ ਕਿਵੇਂ ਜਿੱਤਣਗੇ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।