ਟਰੂਡੋ ਦੀ ਲਿਬਰਲ ਪਾਰਟੀ ਪੂਰਨ ਬਹੁਮਤ ਤੋਂ ਫਿਰ ਖੁੰਝੀ

ਬਰੈਂਪਟਨ: ਕੈਨੇਡਾ ਦੀ ਫੈਡਰਲ ਸਰਕਾਰ ਲਈ ਸੰਸਦ ਮੈਂਬਰਾਂ ਦੀਆਂ ਮੱਧਕਾਲੀ ਚੋਣਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਮੁੜ ਵੱਡੀ ਪਾਰਟੀ ਵਜੋਂ ਜੇਤੂ ਬਣ ਕੇ ਉੱਭਰੀ ਹੈ ਪਰ ਉਹ 338 ਸੀਟਾਂ ਵਾਲੇ ਸਦਨ ਵਿਚ ਲੋੜੀਂਦੀਆਂ 170 ਸੀਟਾਂ ਦੀ ਬਹੁਸੰਮਤੀ ਹਾਸਲ ਕਰਨ ਵਿਚ ਸਫਲ ਨਹੀਂ ਹੋ ਸਕੇ।

ਦੇਰ ਰਾਤ ਤੱਕ ਵੋਟਾਂ ਦੀ ਚੱਲੀ ਗਿਣਤੀ ਵਿਚ ਲਿਬਰਲ ਪਾਰਟੀ 158, ਕੰਜ਼ਰਵੇਟਿਵ 119, ਬਲੌਕ ਕਿਊਬਕਾ 34 ਅਤੇ ਐਨ.ਡੀ.ਪੀ. ਨੂੰ 25 ਸੀਟਾਂ ਉਤੇ ਜੇਤੂ ਦਿਖਾਇਆ ਜਾ ਰਿਹਾ ਹੈ। ਡਾਕ ਰਾਹੀਂ ਪਾਈਆਂ ਗਈਆਂ ਲੱਖਾਂ ਵੋਟਾਂ ਦੀ ਗਿਣਤੀ ਜਾਰੀ ਹੈ। ਦੱਸਣਯੋਗ ਹੈ ਕਿ 2019 ਵਿਚ ਹੋਈਆਂ ਆਮ ਚੋਣਾਂ ਵਿਚ ਲਿਬਰਲ ਪਾਰਟੀ ਨੂੰ 157, ਕੰਜ਼ਰਵੇਟਿਵ ਨੂੰ 121, ਬਲੌਕ ਕਿਊਬਕਾ ਨੂੰ 32, ਐਨ.ਡੀ.ਪੀ. ਨੂੰ 24 ਜਦਕਿ ਗ੍ਰੀਨ ਪਾਰਟੀ ਨੂੰ 3 ਸੀਟਾਂ ਮਿਲੀਆਂ ਸਨ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਚਰਚਿਤ ਸਿੱਖ ਆਗੂ ਜਗਮੀਤ ਸਿੰਘ ਆਪਣੀ ਬਰਨਬੀ ਸਾਊਥ ਸੀਟ ਤੋਂ ਮੁੜ ਜੇਤੂ ਰਹੇ ਹਨ। ਕੈਲਗਰੀ ਸਕਾਈ ਵਿਊ ਵਿਚ ਬਹੁਤ ਹੀ ਸਖਤ ਮੁਕਾਬਲਾ ਦਿਖਾਈ ਦਿੱਤਾ ਜਿੱਥੇ ਲਿਬਰਲ ਪਾਰਟੀ ਦੇ ਜਾਰਜ ਚਾਹਲ ਸਿਰਫ 600 ਵੋਟਾਂ ਦੇ ਫਰਕ ਨਾਲ ਕੰਜਰਵੇਟਿਵ ਪਾਰਟੀ ਦੇ ਜੈਗ ਸਹੋਤਾ ਤੋਂ ਜਿੱਤ ਗਏ ਹਨ।
ਹਾਊਸ ਆਫ ਕਾਮਨਜ ਵਿਚ ਬਹੁਮਤ ਲਈ 170 ਸੀਟਾਂ ਦੀ ਲੋੜ ਹੈ। ਟਰੂਡੋ ਬਹੁਮਤ ਤੋਂ 14 ਸੀਟਾਂ ਪਛੜ ਗਏ। ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਮੁੜ ਕਿੰਗ ਮੇਕਰ ਬਣੇਗੀ। ਇਸ ਪਾਰਟੀ ਨੇ ਇਸ ਵਾਰ ਆਪਣੀਆਂ ਸੀਟਾਂ 24 ਤੋਂ ਵਧਾ ਕੇ 27 ਕਰ ਲਈਆਂ ਹਨ। ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ ਤੇ ਪਿਛਲੀ ਵਾਰ ਵੀ ਐਨੀਆਂ ਹੀ ਸੀਟਾਂ ਜਿੱਤੀਆਂ ਸਨ।
ਕੈਨੇਡਾ ਦੀ ਇਸ 44ਵੀਂ ਪਾਰਲੀਮੈਂਟ ਚੋਣ ਵਿਚ ਡੇਢ ਦਰਜਨ ਦੇ ਕਰੀਬ ਪਰਵਾਸੀ ਪੰਜਾਬੀ ਮੈਂਬਰ ਚੁਣੇ ਗਏ ਹਨ। ਕੈਨੇਡਾ ਦੀ ਰਾਜਨੀਤੀ ਵਿਚ ਬੇਹੱਦ ਅਹਿਮ ਮੰਨੇ ਜਾਂਦੇ ਓਂਟਾਰੀਓ ਸੂਬੇ ਵਿਚ ਪਿਛਲੀਆਂ ਚੋਣਾਂ ਦਾ ਆਪਣਾ ਰਿਕਾਰਡ ਬਰਕਰਾਰ ਰੱਖਦਿਆਂ ਐਤਕੀਂ ਵੀ ਲਿਬਰਲ ਪਾਰਟੀ ਬਹੁਗਿਣਤੀ ਪਾਰਲੀਮੈਂਟ ਹਲਕਿਆਂ ਵਿਚ ਜੇਤੂ ਰਹੀ ਹੈ।
ਪੰਜਾਬੀਆਂ ਦੇ ਗੜ੍ਹ ਵਾਲੇ ਬਰੈਂਪਟਨ ਇਲਾਕੇ ਵਿਚ ਲਿਬਰਲ ਉਮੀਦਵਾਰਾਂ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਬਰੈਂਪਟਨ ਦੀਆਂ ਲਗਭਗ ਸਾਰੀਆਂ ਸੀਟਾਂ ਉਤੇ ਹੀ ਪ੍ਰਮੁੱਖ ਰਾਜਸੀ ਪਾਰਟੀਆਂ ਵੱਲੋਂ ਪੰਜਾਬੀ ਆਗੂ ਹੀ ਮੈਦਾਨ ਵਿਚ ਸਨ। ਇਨ੍ਹਾਂ ਵਿਚੋਂ ਲਿਬਰਲ ਪਾਰਟੀ ਵੱਲੋਂ ਬਰੈਂਪਟਨ ਪੂਰਬੀ ਤੋਂ ਮਨਿੰਦਰ ਸਿਧੂ, ਬਰੈਂਪਟਨ ਉਤਰੀ ਤੋਂ ਰੂਬੀ ਸਹੋਤਾ, ਬਰੈਂਪਟਨ ਦੱਖਣੀ ਤੋਂ ਸੋਨੀਆ ਸਿੱਧੂ, ਬਰੈਂਪਟਨ ਕੇਂਦਰੀ ਤੋਂ ਅਲੀ ਸ਼ਫਕਤ, ਬਰੈਂਪਟਨ ਪੱਛਮੀ ਹਲਕੇ ਤੋਂ ਕਮਲ ਖਹਿਰਾ ਚੋਣ ਜਿੱਤ ਗਏ ਹਨ। ਇਹ ਸਾਰੇ ਹੀ ਪੰਜਾਬੀ ਹਨ।