ਕੇæਪੀæਐਸ਼ ਗਿੱਲ ਅਤੇ ਆਪ੍ਰੇਸ਼ਨ ਬਲੈਕ ਥੰਡਰ

ਰਿਬੇਰੋ ਦੀ ਆਪਬੀਤੀ-9
ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਅਤੇ ਜੂਲੀਓ ਰਿਬੇਰੋ ਨੇ ਪਿਛਲੀ ਸਦੀ ਦੇ ਅੱਸੀਵਿਆਂ ਦੇ ਦੌਰ ਉਪਰ ਕਿਤਾਬਾਂ ਲਿਖੀਆਂ ਹਨ। ਇਹ ਕਿਤਾਬਾਂ ਕਿਉਂਕਿ ਸਟੇਟ ਅਫਸਰਾਂ ਵਲੋਂ ਲਿਖੀਆਂ ਗਈਆਂ, ਇਸ ਕਰ ਕੇ ਇਹ ਸਟੇਟ ਦਾ ਏਜੰਡਾ ਹਨ ਪਰ ਰਿਬੇਰੋ ਇਨ੍ਹਾਂ ਤਿੰਨਾਂ ਵਿਚੋਂ ਭਿੰਨ ਹੈ ਕਿਉਂਕਿ ਕਦੀ ਕਦਾਈਂ ਉਹ ਸਟੇਟ ਨਾਲ ਸਹਿਮਤ ਨਹੀਂ ਹੁੰਦਾ। ਇਹੀ ਗੱਲ ਉਸ ਨੂੰ ਬਾਕੀਆਂ ਨਾਲੋਂ ਨਿਖੇੜਦੀ ਹੈ। ਰਿਬੇਰੋ ਦੀ ਧਿਰ ਨਾਲ ਭਾਵੇਂ ਕਿਸੇ ਵੀ ਸੂਰਤ ਸਹਿਮਤ ਨਹੀਂ ਹੋਇਆ ਜਾ ਸਕਦਾ ਪਰ ਉਸ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਸਟੇਟ ਕੀ ਸੋਚਦੀ ਰਹੀ, ਕੀ ਕਰਦੀ ਰਹੀ, ਕਿਉਂ ਕਰਦੀ ਰਹੀ? ਰਿਬੇਰੋ ਵੱਲੋਂ ਲਿਖੀ ਕਿਤਾਬ ‘ਬੁੱਲਟ ਫਾਰ ਬੁੱਲਟ’ ਦੇ ਕੁੱਝ ਪੰਨਿਆਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਉਘੇ ਲੇਖਕ ਪ੍ਰੋæ ਹਰਪਾਲ ਸਿੰਘ ਪੰਨੂ ਨੇ ਕੀਤਾ ਹੈ ਜੋ ਅਸੀਂ ਕਿਸ਼ਤਵਾਰ ਛਾਪ ਰਹੇ ਹਾਂ। ਇਸ ਕਿਸ਼ਤ ਵਿਚ ਪੁਲਿਸ ਮੁਖੀ ਕੇæਪੀæਐਸ਼ ਗਿੱਲ ਦੀਆਂ ਆਪ-ਹੁਦਰੀਆਂ ਦੀ ਚਰਚਾ ਹੈ। ਨਾਲ ਹੀ ਪੰਜਾਬ ਦੇ ਸਮੁੱਚੇ ਮਸਲੇ ਬਾਰੇ ਸਿਆਸਤਦਾਨਾਂ ਦੀ ਸੌੜੀ ਪਹੁੰਚ ਬਾਰੇ ਟਿੱਪਣੀਆਂ ਹਨ। -ਸੰਪਾਦਕ
ਅਨੁਵਾਦ: ਹਰਪਾਲ ਸਿੰਘ ਪੰਨੂ
ਫੋਨ: 91-94642-51454
ਪੰਨਾ 331: ਬੜੀ ਬਦਕਿਸਮਤ ਘਟਨਾ ਘਟੀ। ਗਿੱਲ ਨੇ ਜਦੋਂ ਪੁਲਿਸ ਚੀਫ ਦਾ ਚਾਰਜ ਲਿਆ, ਉਸ ਨੇ ਮੇਰੇ ਕੋਲ ਵਾਅਦਾ ਕੀਤਾ ਕਿ ਸ਼ਰਾਬ ਪੀਣੀ ਛੱਡ ਦਿਆਂਗਾ। ਮੈਨੂੰ ਲਗਦੈ, ਕੁੱਝ ਸਮਾਂ ਉਸ ਨੇ ਛੱਡੀ ਰੱਖੀ। ਮੈਂ ਰਾਤ ਦਾ ਖਾਣਾ ਖਤਮ ਕਰਨ ਲੱਗਾ ਸਾਂ ਕਿ ਆਈæਏæਐਸ਼ ਅਫਸਰ ਰੂਪਨ ਦਿਉਲ ਬਜਾਜ ਦਾ ਫੋਨ ਆਇਆ। ਉਹ ਮੈਨੂੰ ਤੁਰੰਤ ਘਰ ਮਿਲਣ ਦੀ ਇਛੁਕ ਸੀ। ਮੈਂ ਉਸ ਨੂੰ ਸਮਝਾਇਆ ਕਿ ਨੌਂ ਵੱਜ ਚੁੱਕੇ ਹਨ, ਇਹ ਮੀਟਿੰਗਾਂ ਦਾ ਸਮਾਂ ਨਹੀਂ ਹੁੰਦਾ। ਉਸ ਨੇ ਕਿਹਾ-ਬਹੁਤ ਜ਼ਰੂਰੀ ਮਿਲਣਾ ਹੈ, ਇਹ ਅਜਿਹੀ ਗੱਲ ਹੈ ਜਿਸ ਵਿਚ ਦੇਰੀ ਹੋ ਨਹੀਂ ਸਕਦੀ। ਰੂਪਨ ਬਾਰੇ ਪਤਾ ਸੀ ਅੱਖੜ ਸੁਭਾਅ ਦੀ ਹੈ, ਇਸ ਕਰ ਕੇ ਮੈਨੂੰ ਉਸ ਦਾ ਆਉਣਾ ਠੀਕ ਨਾ ਲੱਗਾ।
ਮਿਸਿਜ਼ ਬਜਾਜ ਦੀ ਕਹਾਣੀ ਬੇਚੈਨ ਕਰਨ ਵਾਲੀ ਸੀ। ਪਤਾ ਲੱਗਾ ਕਿ ਕੱਲ੍ਹ ਸ਼ਾਮ ਸਟੇਟ ਸਕੱਤਰ ਸੁਰਿੰਦਰ ਕਪੂਰ ਵਲੋਂ ਡਿਨਰ ਦੀ ਦਾਅਵਤ ਸੀ। ਸ਼ਰਾਬ ਪੀ ਕੇ ਗਿੱਲ ਔਰਤਾਂ ਵੱਲ ਆ ਗਿਆ। ਫਿਰ ਕੀ-ਕੀ ਹੋਇਆ, ਮੀਡੀਏ ਵਿਚ ਛਪ ਚੁੱਕਾ ਹੈ ਤੇ ਰੂਪਨ ਅਦਾਲਤ ਵਿਚ ਦੁਹਰਾ ਚੁੱਕੀ ਹੈ। ਮੈਂ ਵਾਅਦਾ ਕੀਤਾ ਕਿ ਇਹ ਗੱਲ ਗਵਰਨਰ ਦੇ ਧਿਆਨ ਵਿਚ ਲਿਆਵਾਂਗਾ।
ਜੋ ਉਸ ਨੇ ਦੱਸਿਆ, ਲਿਖ ਕੇ, ਗੁਪਤ ਲਿਫਾਫਾ ਮੈਂ ਗਵਰਨਰ ਹਾਊਸ ਤੋਰ ਦਿੱਤਾ। ਉਸ ਦਿਨ ਉਹ ਸ਼ਹਿਰੋਂ ਬਾਹਰ ਸੀ। ਉਸ ਦੇ ਸਕੱਤਰ ਨੇ ਲਿਫਾਫਾ ਲੈ ਕੇ ਕਿਹਾ ਕਿ ਜਦੋਂ ਸਾਹਬ ਆਉਣਗੇ, ਦਿਖਾ ਦਿਆਂਗਾ।
ਗਵਰਨਰ ਰਿਪੋਰਟ ਪੜ੍ਹ ਕੇ ਹੱਸ ਪਿਆ। ਹਾਲਾਂਕਿ ਮੈਂ ਇਸ਼ਾਰਾ ਕਰ ਦਿੱਤਾ ਸੀ ਕਿ ਇਸ ਔਰਤ ਦਾ ਸੁਭਾਅ ਅੱਖੜ ਹੈ, ਗਵਰਨਰ ਨੇ ਮਸਲਾ ਗੰਭੀਰਤਾ ਨਾਲ ਨਾ ਲਿਆ। ਉਸ ਨੇ ਕਿਹਾ-ਦੋਵਾਂ ਨੂੰ ਬੁਲਾ ਕੇ ਮੈਂ ਸੁਲ੍ਹਾ ਕਰਵਾ ਦਿਆਂਗਾ।
ਰੂਪਨ ਨੂੰ ਮਿਲਣ ਪਿਛੋਂ ਰੇਅ ਦਾ ਮੂਡ ਬਿਲਕੁਲ ਬਦਲ ਗਿਆ। ਉਹ ਰਾਜ਼ੀਨਾਵਾਂ ਨਹੀਂ, ਗਿੱਲ ਨੂੰ ਸਖਤ ਸਜ਼ਾ ਦਿਵਾਉਣੀ ਚਾਹੁੰਦੀ ਸੀ। ਮੈਂ ਗਿੱਲ ਨੂੰ ਕਿਹਾ, ਮੇਰੇ ਦਫਤਰ ਆ ਜਾਈਂ। ਉਧਰੋਂ ਰੂਪਨ ਨੂੰ ਬੁਲਾਵਾਂਗਾ। ਤੂੰ ਸਾਹਮਣੇ ਮੁਆਫੀ ਮੰਗ ਕੇ ਖਹਿੜਾ ਛੁਡਾ। ਮੈਂ ਰੂਪਨ ਨੂੰ ਸੱਦਿਆ, ਪਰ ਬੀਬੀ ਨੂੰ ਸ਼ੱਕ ਹੋਇਆ ਕਿ ਗਿੱਲ ਮੇਰੇ ਕਮਰੇ ਵਿਚ ਬੈਠਾ ਹੈ, ਉਹ ਆਈ ਹੀ ਨਾ; ਨਾਲੇ ਮੈਨੂੰ ਦੱਸ ਦਿੱਤਾ ਕਿ ਕਿਸ ਕਾਰਨ ਨਹੀਂ ਆ ਰਹੀ।
ਉਸ ਨੇ ਚੰਡੀਗੜ੍ਹ ਮੈਜਿਸਟਰੇਟ ਦੀ ਅਦਾਲਤ ਵਿਚ ਕੇਸ ਕਰ ਦਿੱਤਾ। ਗਿੱਲ ਆਪਣੇ ਬਚਾਉ ਵਿਚ ਲੱਗ ਗਿਆ। ਅਫਵਾਹ ਇਹ ਉਡੀ ਕਿ ਇਹ ਸਾਰਾ ਕੁੱਝ ਮੈਂ ਕਰਵਾਇਆ ਹੈ, ਈਰਖਾਵੱਸ। ਇਨ੍ਹਾਂ ਕਹਾਣੀਆਂ ਵੱਲ ਮੈਂ ਤਵੱਜੋ ਨਾ ਦਿਤੀ। ਬੰਬੇ ਤੋਂ ਨਿਕਲਦੇ ਅਖਬਾਰ ‘ਸੰਡੇ ਆਬਜ਼ਰਵਰ’ ਨੇ ਫਰੰਟ ਪੇਜ ਉਪਰ ਸਾਰਾ ਕੁੱਝ ਛਾਪ ਦਿੱਤਾ। ਆਬਜ਼ਰਵਰ ਨੇ ਕਹਾਣੀ ਕਿਥੋਂ ਲਈ, ਮੈਂ ਜਾਣਨਾ ਚਾਹਿਆ। ਪਤਾ ਲੱਗਾ ਕਿ ਰੇਅ ਦੇ ਦਫਤਰ ਵਿਚ ਇਕ ਜੁਆਨ ਆਈæਏæਐਸ਼ ਅਫਸਰ ਦਾ ਚਚੇਰਾ ਭਰਾ ‘ਸੰਡੇ ਆਬਜ਼ਰਵਰ’ ਦਾ ਰਿਪੋਰਟਰ ਹੈ, ਅਫਸਰ ਨੇ ਅੰਦਰਲੀ ਗੱਲ ਉਸ ਨੂੰ ਦੱਸ ਦਿਤੀ। ਇਹ ਝੂਠੀ ਸੂਚਨਾ ਗਵਰਨਰ ਦੇ ਦਫਤਰ ਵਿਚਲੇ ਟੈਲੀਫੋਨ ਰਾਹੀਂ ਦਿੱਤੀ ਗਈ। ਇਹ ਅਫਸਰ ਬੜਾ ਹੰਕਾਰਿਆ ਹੋਇਆ ਸੀ। ਮੈਂ ਕੁਝ ਨਾ ਕਿਹਾ, ਸਰਵਿਸ ਕਰਦਿਆਂ ਆਪੇ ਸਬਕ ਸਿੱਖ ਜਾਵੇਗਾ; ਹੁਣੇ ਇਹਦਾ ਕੈਰੀਅਰ ਕਾਹਨੂੰ ਖਰਾਬ ਕਰਨਾ! ਮੈਨੂੰ ਗਿਲਾ ਅਖਬਾਰ ਉਪਰ ਸੀ। ਸੰਪਾਦਕ ਅਤੇ ਪ੍ਰੈਸ ਕੌਂਸਲ ਨੂੰ ਮੈਂ ਖਤ ਲਿਖੇ। ਆਖਰ ਸੰਪਾਦਕ ਨੂੰ ਮੁਆਫੀ ਮੰਗਣੀ ਪਈæææਸੰਪਾਦਕ ਜਿਹੜਾ ਮੇਰਾ ਦੋਸਤ ਸੀ।
ਪੰਨਾ 333: 9 ਮਈ 1988; ਦੁਪਹਿਰ ਸਵਾ ਇਕ ਵਜੇ ਐਸ਼ਐਸ਼ ਵਿਰਕ ਡੀæਆਈæਜੀæ ਸੀæਆਰæਪੀæ ਨੂੰ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਗੋਲੀ ਵੱਜੀ ਜਿਸ ਨਾਲ ਉਸ ਦਾ ਜਬਾੜਾ ਉਡ ਗਿਆ, ਬਾਰੀਕ ਸਰਜਰੀ ਦੀ ਲੋੜ ਪਈ। ਦਰਬਾਰ ਸਾਹਿਬ ਦੇ ਅੰਦਰ ਜਿਹੜੀ ਕਿਲਾਬੰਦੀ ਕੀਤੀ ਹੋਈ ਸੀ, ਉਸ ਦੇ ਮੁਕਾਬਲੇ ਪਰਿਕਰਮਾ ਦੇ ਬਾਹਰ ਸੀæਆਰæਪੀæ ਵੱਲੋਂ ਮੋਰਚੇ ਬਣਾਏ ਗਏ ਸਨ। ਵਿਰਕ ਉਨ੍ਹਾਂ ਦਾ ਮੁਆਇਨਾ ਕਰਦਾ ਫਿਰ ਰਿਹਾ ਸੀ। ਦੋ ਸਾਲ ਪਹਿਲਾਂ ਕੱਢੇ ਗਏ ਖਾੜਕੂ ਹੌਲੀ-ਹੌਲੀ ਫੇਰ ਅੰਦਰ ਘੁਸ ਆਏ। ਉਦੋਂ ਕੁਝ ਦੇਰ ਤੱਕ ਪੁਲਿਸ ਅੰਦਰ ਰਹੀ, ਪਰ ਸਿੱਖਾਂ ਦੀ ਨਫਰਤ ਸਦਕਾ ਵਾਪਸ ਬੁਲਾਣੀ ਪਈ। ਪੁਲਸੀਆਂ ਨੂੰ ਤਾਂ ਔਰਤਾਂ ਮਿਹਣੇ ਮਾਰ ਜਾਂਦੀਆਂ। ਅਕਾਲੀ ਪੱਖੀ ਬ੍ਰਿਗੇਡੀਅਰ ਮਹਿੰਦਰ ਸਿੰਘ ਵੱਲੋਂ ਤਿਆਰ ਕੀਤੀ ਫੋਰਸ ਵੀ ਬੇਕਾਰ ਹੋ ਗਈ। ਅਕਾਲ ਤਖਤ ਦੇ ਜਥੇਦਾਰ ਜਸਬੀਰ ਸਿੰਘ (ਸੰਤ ਜਰਨੈਲ ਸਿੰਘ ਦਾ ਭਤੀਜਾ) ਵਲੋਂ ਕੀਤੀਆਂ ਕੋਸ਼ਿਸ਼ਾਂ ਵਿਅਰਥ ਰਹੀਆਂ। ਪ੍ਰਾਈਮ ਮਿਨਿਸਟਰ ਦਫਤਰ ਦੇ ਸਕੱਤਰ ਕੈਪਟਨ ਸਤੀਸ਼ ਸ਼ਰਮਾ ਨੇ ਜੈਨ ਸੰਤ ਸੁਸ਼ੀਲ ਮੁਨੀ ਰਾਹੀਂ ਯਤਨ ਕੀਤਾ। ਇਹ ਮੁਨੀ ਧਰਮ ਦੀ ਸਿਆਸਤ ਖੇਡਣ ਵਿਚ ਰੁਚਿਤ ਸੀ। ਮੁਨੀ ਦਾ ਦਾਅਵਾ ਸੀ ਕਿ ਉਹ ਖਾੜਕੂਆਂ ਨੂੰ ਗੱਲਬਾਤ ਲਈ ਮਨਾ ਲਏਗਾ। ਕੇਂਦਰੀ ਕਾਂਗਰਸ ਪਾਰਟੀ ਆਪਣੀਆਂ ਵਿਉਂਤਾਂ ਬਣਾ ਰਹੀ ਸੀ। ਮੈਂ ਚੰਡੀਗੜ੍ਹੋਂ ਜਹਾਜ਼ ਰਾਹੀਂ ਅੰਮ੍ਰਿਤਸਰ ਤੁਰਨ ਲੱਗਾ ਸਾਂ ਜਦੋਂ ਸ਼ਰਮੇ ਦਾ ਫੋਨ ਆਇਆ। ਉਸ ਨੇ ਮੈਨੂੰ ਕਿਹਾ ਕਿ ਸੀæਆਰæਪੀæ ਨੂੰ ਪਿੱਛੇ ਹਟਾ ਲਉ, ਬਾਹਰੋਂ ਕੁਝ ਖਾੜਕੂ ਅੰਦਰਲਿਆਂ ਨਾਲ ਗੱਲਬਾਤ ਕਰਨ ਵਾਸਤੇ ਆ ਰਹੇ ਹਨ। ਮੈਂ ਉਸ ਨੂੰ ਕਾਹਨੂੰ ਦੱਸਣਾ ਸੀ ਕਿ ਸੰਭਵ ਹੱਲ ਤਾਂ ਮੇਰੇ ਇਨਕਾਰ ਕਾਰਨ ਤਾਰਪੀਡੋ ਹੋ ਚੁੱਕਾ ਹੈ। ਜੇ ਕਿਤੇ ਅਕਲ ਦਲੀਲ ਰਾਹੀਂ ਰਸਤਾ ਨਿਕਲ ਸਕਦਾ, ਮੇਰੇ ਵਰਗਾ ਖੁਸ਼ ਆਦਮੀ ਹੋਰ ਕੌਣ ਹੋਣਾ ਸੀ? ਮੈਨੂੰ ਪਤਾ ਸੀ ਇਹ ਸਭ ਕੁਝ ਬੇਕਾਰ ਹੈ, ਪਰ ਮੇਰੀ ਕੌਣ ਸੁਣੇ?
ਮੈਂ ਅੰਮ੍ਰਿਤਸਰ ਆਪਣੀਆਂ ਫੋਰਸਾਂ ਨੂੰ ਕੁਝ ਦਿਨ ਹੋਰ ਆਰਾਮ ਕਰਨ ਲਈ ਕਿਹਾ। ਉਹ ਮੰਨ ਤਾਂ ਗਏ ਪਰ ਗੁੱਸੇ ਨਾਲ, ਹਿਚਕਚਾਉਂਦੇ ਹੋਏ। ਮੈਂ ਵਿਸਥਾਰ ਨਾਲ ਕੋਈ ਗੱਲ ਨਾ ਦੱਸੀ, ਇਹੀ ਕਿਹਾ-ਹੁਕਮ ਆਇਆ ਹੈ। ਉਹੀ ਹੋਇਆ, ਗੱਲਬਾਤ ਫੇਲ੍ਹ ਹੋ ਗਈ, ਸੁਸ਼ੀਲ ਮੁਨੀ ਪਰਤ ਗਿਆ; ਸਾਡੀ ਗੋਦੀ ਵਿਚ ਬੱਚਾ ਫੜਾ ਗਿਆ, ਤਾਂ ਕਿ ਖਿਡਾਉਂਦੇ ਰਹੀਏ।
ਅਪਰੈਲ 1988 ਤੱਕ ਹੋਰ ਖਾੜਕੂ ਅੰਦਰ ਪਹੁੰਚ ਗਏ। ਅਫਵਾਹ ਸੀ ਕਿ ਦਰਬਾਰ ਸਾਹਿਬ ਅੰਦਰ ਉਹ ਲੋਕਾਂ ਨੂੰ ਤਸੀਹੇ ਦੇ ਰਹੇ ਹਨ; ਪਤਾ ਲੱਗਾ, ਕੁਝ ਲੋਕਾਂ ਨੂੰ ਜਾਸੂਸ ਸਮਝ ਕੇ ਜਾਂ ਦਗੇਬਾਜ਼ ਕਹਿ ਕੇ ਮਾਰ ਵੀ ਦਿੱਤਾ ਸੀ। ਸਾਡੇ ਕੋਲ ਇਨ੍ਹਾਂ ਗੱਲਾਂ ਦੀ ਪੜਤਾਲ ਵਾਸਤੇ ਕੋਈ ਸਾਧਨ, ਸਬੂਤ ਨਹੀਂ ਸਨ। ਸਾਨੂੰ ਤਾਂ ਇੰਨਾ ਪਤਾ ਸੀ ਕਿ ਅੰਦਰ ਮੋਰਚਾਬੰਦੀ ਹੋ ਚੁੱਕੀ ਹੈ ਤੇ ਸਮਾਂ ਆਉਣ ‘ਤੇ ਸਾਨੂੰ ਕਿਹਾ ਜਾਏਗਾ, ਇਨ੍ਹਾਂ ਨੂੰ ਬਾਹਰ ਕੱਢੋ।
ਸਿੱਖ ਸੰਗਤ ਦੋ ਗੱਲਾਂ ਕਾਰਨ ਔਖੀ ਸੀ। ਇਕ ਤਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਯਾਤਰੂਆਂ ਦੀ ਸਖਤ ਤਲਾਸ਼ੀ ਹੁੰਦੀ, ਦੂਜੇ ਅੰਦਰ ਜਾਣ ਵਾਲਿਆਂ ਨੂੰ ਪਤਾ ਸੀ ਕਿ ਖਾੜਕੂ ਕਿਸੇ ਨੂੰ ਵੀ ਫੜ ਕੇ ਤਸੀਹੇ ਦੇ ਸਕਦੇ ਹਨ, ਸ਼ੱਕੀ ਬੰਦਿਆਂ ਨੂੰ ਮਾਰ ਦਿੰਦੇ ਹਨ। ਪੂਰੇ ਬੇਕਸੂਰ ਲੋਕ ਇਸ ਹਿਸਾਬ ਆਪਣੀਆਂ ਜਾਨਾਂ ਗੁਆ ਚੁਕੇ ਸਨ। ਸਾਰੇ ਅਫਸਰ ਮੈਨੂੰ ਕਹਿ ਰਹੇ ਸਨ ਕਿ ਜੁਆਨ ਤਿਆਰ ਹਨ, ਦੇਰ ਨਾ ਕਰੀਏ; ਪਰ ਮੈਂ ਉਨ੍ਹਾਂ ਦੀਆਂ ਲਗਾਮਾਂ ਕੱਸ ਰੱਖੀਆਂ ਸਨ। ਉਨ੍ਹਾਂ ਦਾ ਖਿਆਲ ਸੀ, ਦੇਰ ਕਰਨ ਨਾਲ ਨੁਕਸਾਨ ਹੋਏਗਾ, ਮੈਂ ਸੋਚਦਾ ਸਾਂ ਕਾਹਲ ਨੁਕਸਾਨ ਕਰੇਗੀ।
ਦਰਬਾਰ ਸਾਹਿਬ ਦੀ ਅੱਠੇ ਪਹਿਰ ਇਕ ਮਰਿਆਦਾ ਹੈ। ਜੇ ਲੰਮਾ ਸਮਾਂ ਫੋਰਸਾਂ ਨੂੰ ਅੰਦਰ ਰਹਿਣਾ ਪਿਆ ਤਾਂ ਮਰਿਆਦਾ ਭੰਗ ਹੋਣ ਨਾਲ ਸਿੱਖ ਨਾਰਾਜ਼ ਹੋਣਗੇ। ਸਰਬਜੀਤ ਸਿੰਘ ਵਿਰਕ ਇਸ ਧਾਰਨਾ ਦੇ ਉਲਟ ਸੀ, ਉਸ ਦਾ ਆਖਣਾ ਸੀ ਕਿ ਪੇਂਡੂ ਲੋਕ ਖਾੜਕੂਆਂ ਦੀਆਂ ਕਰਤੂਤਾਂ ਤੋਂ ਇੰਨੇ ਦੁਖੀ ਹੋਏ ਪਏ ਹਨ ਕਿ ਉਹ ਕੋਈ ਪ੍ਰਤੀਕਰਮ ਨਹੀਂ ਕਰਨਗੇ। ਇਹ ਗੱਲਾਂ ਹੋ ਰਹੀਆਂ ਸਨ ਕਿ ਗਿੱਲ ਆ ਗਿਆ। ਉਸ ਨੇ ਕਿਹਾ-ਦੋ ਤਿੰਨ ਦਿਨ ਘੇਰਾਬੰਦੀ ਕਰਨ ਬਾਅਦ ਦਰਬਾਰ ਸਾਹਿਬ ਖਾਲੀ ਕਰਵਾ ਲਈਏ। ਮੈਂ ਕਿਹਾ-ਤੁਹਾਡੀਆਂ ਰਾਵਾਂ ਮੈਂ ਰੇਅ ਅਤੇ ਰਾਜੀਵ ਗਾਂਧੀ ਤੱਕ ਪੁਚਾ ਕੇ ਫੈਸਲਾ ਕਰਾਂਗਾ।
ਪੰਨਾ 336: ਐਨæਐਸ਼ਜੀæ ਗਾਰਦ ਦਿੱਲੀ ਤੋਂ ਅੰਮ੍ਰਿਤਸਰ ਪੁੱਜ ਚੁੱਕੀ ਸੀ; ਮੈਂ ਅੰਮ੍ਰਿਤਸਰ ਤੋਂ ਚੰਡੀਗੜ੍ਹ, ਰੇਅ ਨਾਲ ਦਿੱਲੀ ਰਾਜੀਵ ਗਾਂਧੀ ਕੋਲ ਗਿਆ। ਆਈæਬੀæ ਡਾਇਰੈਕਟਰ ਨਾਰਾਇਣਨ ਅਤੇ ਅੰਦਰੂਨੀ ਸੁਰੱਖਿਆ ਮੰਤਰੀ ਚਿਦੰਬਰਮ ਆਏ ਬੈਠੇ ਸਨ। ਇਹ ਦੋ ਬੰਦੇ ਆਪ੍ਰੇਸ਼ਨ ਬਲੈਕ ਥੰਡਰ-2 ਦੇ ਥਿੰਕ ਟੈਂਕ ਸਨ। ਇਹ ਦਿਖਾਈ ਨਹੀਂ ਦਿੰਦੇ ਸਨ, ਸੀਨ ਦੇ ਪਿਛਲੇ ਪਾਸੇ ਸਰਕਾਰ ਦੀਆਂ ਅੱਖਾਂ ਅਤੇ ਕੰਨ ਇਹੋ ਦੋ ਬੰਦੇ ਸਨ, ਰਾਜੀਵ ਗਾਂਧੀ ਦੇ ਭਰੋਸੇਯੋਗ ਸਲਾਹਕਾਰ।
ਨਾਰਾਇਣਨ ਨੇ ਪਿੰਡਾਂ ਵਿਚਲੀ ਸਥਿਤੀ ਜਾਣਨੀ ਚਾਹੀ, ਖਬਰ ਮਿਲੀ ਕਿ ਪੇਂਡੂ ਸਿੱਖ ਦਰਬਾਰ ਸਾਹਿਬ ਅੰਦਰਲੇ ਖਾੜਕੂਆਂ ਕਾਰਨ ਦੁਖੀ ਹਨ; ਜੇ ਆਪ੍ਰੇਸ਼ਨ ਕਰ ਦੇਈਏ, ਕੋਈ ਹਲਚਲ ਨਹੀਂ ਹੋਵੇਗੀ। ਇਸ ਗੱਲ ਦਾ ਪਤਾ ਉਦਣੇ ਹੀ ਲੱਗ ਗਿਆ ਜਦ ਬਰਖਾਸਤ ਕੀਤੇ ਗਏ ਮੁਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਐਲਾਨ ਕੀਤਾ ਕਿ ਦਰਬਾਰ ਸਾਹਿਬ ਦੀ ਘੇਰਾਬੰਦੀ ਚੁੱਕਣ ਲਈ ਜਥਾ ਲੈ ਕੇ ਜਾਵਾਂਗਾ। ਉਸ ਨਾਲ ਜਾਣ ਲਈ ਕੋਈ ਤਿਆਰ ਨਹੀਂ ਸੀ। ਸੋ, ਇਨ੍ਹਾਂ ਦੀ ਕੋਸ਼ਿਸ਼ ਨਾਕਾਮ ਰਹੀ। ਗ੍ਰਿਫਤਾਰੀ ਦੇ ਕੇ ਸਬਰ ਸ਼ੁਕਰ ਕੀਤਾ।
ਸਾਫ ਹੋ ਗਿਆ ਕਿ ਲੋਕਾਂ ਦੀ ਖਾੜਕੂਆਂ ਨਾਲ, ਉਨ੍ਹਾਂ ਦੇ ਕੰਮ ਢੰਗ ਨਾਲ ਕੋਈ ਹਮਦਰਦੀ ਨਹੀਂ ਸੀ। ਪੰਜਵੇਂ ਦਿਨ ਤੱਕ ਗਿੱਲ ਬੇਚੈਨ ਹੋ ਗਿਆ। ਮਈ 14 ਨੂੰ ਮੇਰੇ ਕੋਲ ਰੇਅ ਦਾ ਫੋਨ ਆਇਆ ਕਿ ਗਿੱਲ ਨੂੰ ਲੈ ਕੇ ਜਹਾਜ਼ ਰਾਹੀਂ ਦਿੱਲੀ ਪੁੱਜੋ। ਅੱਧੀ ਰਾਤ ਅਸੀਂ ਦਿੱਲੀ ਪ੍ਰਧਾਨ ਮੰਤਰੀ ਦੀ ਕੋਠੀ ਪੁੱਜ ਗਏ। ਪ੍ਰਧਾਨ ਮੰਤਰੀ ਨੇ ਗਿੱਲ ਦੀਆਂ ਦਲੀਲਾਂ ਸ਼ਾਂਤ ਚਿੱਤ ਨਾਲ ਸੁਣੀਆਂ; ਫਿਰ ਵੀ ਇਹ ਕਿਹਾ ਕਿ ਦੇਰ ਬੇਸ਼ੱਕ ਹੋ ਜਾਵੇ, ਕਾਹਲ ਵਿਚ ਕੋਈ ਨੁਕਸਾਨ ਨਾ ਕਰਾ ਬੈਠਣਾ।
ਮੈਂ ਪ੍ਰਧਾਨ ਮੰਤਰੀ ਨੂੰ ਕਿਹਾ-ਪਰਿਕਰਮਾ ਵਿਚ ਖਾੜਕੂ ਸ਼ਰੇਆਮ ਹਥਿਆਰ ਫੜੀ ਘੁੰਮਦੇ ਫਿਰ ਰਹੇ ਹਨ। ਆਗਿਆ ਹੋਵੇ ਤਾਂ ਇਕ-ਦੋ ਨੂੰ ਫੁੰਡ ਦੇਈਏ। ਬਾਕੀਆਂ ਦੇ ਹੌਸਲੇ ਪਸਤ ਹੋ ਜਾਣਗੇ, ਆਤਮ ਸਮਰਪਣ ਕਰ ਦੇਣਗੇ। ਮੇਰੀ ਸਲਾਹ ਮੰਨ ਲਈ ਗਈ। ਅਸੀਂ ਦੋ-ਤਿੰਨ ਖਾੜਕੂ ਫੁੰਡ ਦਿਤੇ। ਖਾੜਕੂਆਂ ਦੀ ਮਾਯੂਸੀ ਪ੍ਰਗਟ ਹੋ ਗਈ। ਲਾਸ਼ਾਂ ਪਰਿਕਰਮਾ ਵਿਚ ਪਈਆਂ ਸਨ, ਕੋਈ ਸੰਭਾਲਣ ਲਈ ਨਹੀਂ ਸੀ ਨਿਕਲ ਰਿਹਾ; ਲਾਸ਼ਾਂ ਕੋਲ ਆਉਣ ਦਾ ਮਤਲਬ ਹੈ, ਫੁੰਡੇ ਜਾਵਾਂਗੇ।
ਅਗਲੇ ਦਿਨ ਸਵੇਰੇ ਪੰਜ ਵਜੇ ਚੰਡੀਗੜ੍ਹ ਆ ਗਏ, ਇਸੇ ਜਹਾਜ਼ ਵਿਚ ਗਿੱਲ ਅੰਮ੍ਰਿਤਸਰ ਚਲਾ ਗਿਆ। ਪੰਜ ਦਿਨ ਅਤੇ ਰਾਤਾਂ ਕੰਮ ਲੱਗਾ ਰਿਹਾ, ਮੈਂ ਉਸ ਦੀ ਤਾਕਤ ਦੇਖ ਕੇ ਹੈਰਾਨ ਹੋ ਗਿਆ। ਵਿਦੇਸ਼ੀ ਮੀਡੀਆ ਇਸ ਕਾਰਵਾਈ ਨੂੰ ਕਵਰ ਕਰ ਰਿਹਾ ਸੀ। ਗਿੱਲ ਦੀ ਅੰਗਰੇਜ਼ੀ ਸ਼ਾਨਦਾਰ ਹੈ। ਚਿਦੰਬਰਮ ਦੀ ਚਿੰਤਾ ਨੂੰ ਨਜ਼ਰਅੰਦਾਜ਼ ਕਰ ਕੇ ਗਿੱਲ ਨੇ ਟੈਲੀਵਿਜ਼ਨ ਸਟਾਫ ਨੂੰ ਅਜਿਹੀ ਥਾਂ ਬਿਠਾਇਆ ਜਿਥੋਂ ਸੰਸਾਰ ਇਸ ਐਕਸ਼ਨ ਨੂੰ ਲਾਈਵ ਦੇਖ ਸਕੇ।
ਸਵੇਰੇ ਸੱਤ ਵਜੇ ਮੈਂ ਸੌਣ ਹੀ ਲੱਗਾ ਸਾਂ ਕਿ ਗਿੱਲ ਦਾ ਫੋਨ ਆ ਗਿਆ। ਉਹ ਬਹੁਤ ਬੇਚੈਨ ਸੀ, ਗੁੱਸੇ ਵਿਚ ਸੀ। ਉਸ ਨੇ ਦੱਸਿਆ ਕਿ ਐਨæਐਸ਼ਜੀæ ਮੇਰਾ ਹੁਕਮ ਨਹੀਂ ਮੰਨਦੇ; ਸੋ, ਮੈਂ ਆਪਣੇ ਆਦਮੀਆਂ ਨਾਲ ਅੰਦਰ ਹਮਲਾ ਕਰਨ ਲੱਗਾ ਹਾਂ। ਐਨæਐਸ਼ਜੀæ ਨੇ ਕਹਿ ਦਿਤਾ ਸੀ-ਦਿੱਲੀ ਤੋਂ ਹੁਕਮ ਮਿਲੇਗਾ, ਅੰਦਰ ਜਾਵਾਂਗੇ; ਗਿੱਲ ਸਾਡਾ ਹਾਕਮ ਨਹੀਂ। ਮੈਂ ਗਿੱਲ ਨੂੰ ਕਿਹਾ-ਇਕ ਘੰਟਾ ਉਡੀਕ, ਮੈਂ ਗੱਲ ਕਰਦਾ ਹਾਂ। ਘੰਟਾ ਤਾਂ ਲੱਗਿਆ ਈ ਨਹੀਂ। ਐਨæਐਸ਼ਜੀæ ਨੂੰ ਅੰਦਰ ਜਾਣ ਦਾ ਹੁਕਮ ਮਿਲ ਗਿਆ। ਨਾਰਾਇਣਨ ਦੇ ਕਹਿਣ ‘ਤੇ ਐਨæਐਸ਼ਜੀæ ਨੇ ਆਰਾਮ ਨਾਲ, ਯੋਗਤਾ ਨਾਲ ਅੰਦਰਲਾ ਕੰਮ-ਕਾਜ ਨਿਬੇੜ ਲਿਆ।
ਪੰਨਾ 339: ਨਿਰਾਸ਼, ਘਿਰੇ ਹੋਏ ਖਾੜਕੂਆਂ ਨੇ ਟੁਕੜੀਆਂ ਵਿਚ ਦਰਬਾਰ ਸਾਹਿਬ ਵਿਚੋਂ ਬਾਹਰ ਆਉਣਾ ਸ਼ੁਰੂ ਕਰ ਦਿੱਤਾ। ਬੇਕਸੂਰ ਸ਼ਰਧਾਲੂ ਛੱਡ ਦਿੱਤੇ ਗਏ। ਇਕ ਖਾੜਕੂ ਲੀਡਰ ਨੇ ਸਾਇਨਾਈਡ ਨਿਗਲ ਲਿਆ ਤੇ ਸਭ ਦੇ ਸਾਹਮਣੇ ਮਰ ਗਿਆ, ਬਾਕੀਆਂ ਨੂੰ ਤਫਤੀਸ਼ ਵਾਸਤੇ ਹਿਰਾਸਤ ਵਿਚ ਲੈ ਲਿਆ। ਤੀਹ ਸਖਤ ਜਾਨ ਖਾੜਕੂ ਦਰਬਾਰ ਸਾਹਿਬ ਅੰਦਰ ਬੈਠੇ ਰਹੇ, ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਵਾਰ-ਵਾਰ ਲਾਊਡਸਪੀਕਰ ਰਾਹੀਂ ਬਾਹਰ ਆਉਣ ਲਈ ਕਿਹਾ, ਕੋਈ ਅਸਰ ਨਹੀਂ। ਕੁੱਝ ਬਰਤਨਾਂ ਵਿਚ ਉਨ੍ਹਾਂ ਨੇ ਟੱਟੀ-ਪੇਸ਼ਾਬ ਕੀਤਾ ਹੋਇਆ ਸੀ। ਆਖਰ ਉਹ ਵੀ ਬਾਹਰ ਆ ਗਏ। ਇਕ ਕਤਾਰ ਵਿਚ, ਹਥਿਆਰ ਸਿਰਾਂ ਉਪਰ ਰੱਖ ਕੇ ਉਹ ਬਾਹਰ ਨਿਕਲੇ। ਉਨ੍ਹਾਂ ਵਿਚੋਂ ਇਕ ਨੇ ਲਾਈਨ ਤੋੜ ਕੇ ਭੱਜਣਾ ਚਾਹਿਆ ਜਿਸ ਨੂੰ ਗੋਲੀ ਨਾਲ ਫੁੰਡ ਦਿੱਤਾ ਗਿਆ, ਦੂਜਿਆਂ ਨੂੰ ਕੰਨ ਹੋ ਗਏ। ਸਾਰਾ ਸੀਨ ਦੁਨੀਆਂ ਨੇ ਟੀæਵੀæ ਉਪਰ ਲਾਈਵ ਦੇਖਿਆ। ਦੋ-ਤਿੰਨ ਸਾਲ ਵਿਸ਼ੇਸ਼ ਅਦਾਲਤ ਵਿਚ ਮੁਕੱਦਮਾ ਚਲਦਾ ਰਿਹਾ, ਆਖਰ ਸਾਰੇ ਬਰੀ ਹੋ ਗਏ। ਇੰਨੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਬਰੀ ਹੋਣ ਦਾ ਅਰਥ ਹੈ, ਖਾੜਕੂ ਨੂੰ ਸਜ਼ਾ ਨਹੀਂ ਹੋ ਸਕਦੀ।
ਇਸ ਆਪ੍ਰੇਸ਼ਨ ਪਿਛੋਂ ਅੰਦਰ ਫੋਲਾ-ਫਾਲੀ ਕੀਤੀ ਤਾਂ ਮਲਬੇ ਦੇ ਢੇਰ ਵਿਚੋਂ 60 ਪਿੰਜਰ ਮਿਲੇ। ਖਾੜਕੂਆਂ ਵੱਲੋਂ ਤਸੀਹੇ ਦੇ ਕੇ ਮਾਰੇ ਗਏ ਲੋਕਾਂ ਦੇ ਪਿੰਜਰ। ਹਰ ਰੋਜ਼ ਖੁਦਾਈ ਵਿਚੋਂ ਹੋਰ ਲਾਸ਼ਾਂ ਮਿਲ ਜਾਂਦੀਆਂ। ਇਹ ਸੀਨ ਵੀ ਟੀæਵੀæ ਉਪਰ ਦਿਖਾਏ ਗਏ। ਸਿੱਖ ਸੰਗਤ ਬੁਰੀ ਤਰ੍ਹਾਂ ਝੰਜੋੜੀ ਗਈ, ਪਤਾ ਸੀ ਸਭ ਸੱਚ ਹੈ; ਪਰ ਪੰਥ ਇਸ ਨੁਮਾਇਸ਼ ਨੂੰ ਬੰਦ ਕਰਵਾਉਣੀ ਚਾਹੁੰਦਾ ਸੀ।
ਇਸ ਦੂਜੇ ਬਲੈਕ ਥੰਡਰ ਆਪ੍ਰੇਸ਼ਨ ਦਾ ਹੀਰੋ ਗਿੱਲ ਸੀ, ਦੂਜਾ ਡੀæਸੀæ ਸਰਬਜੀਤ ਸਿੰਘ, ਜਿਸ ਨੇ ਸਾਬਤ ਕੀਤਾ ਕਿ ਸਿਵਲ ਅਫਸਰਾਂ ਕੋਲ ਵਧੀਕ ਜਾਣਕਾਰੀ ਹੁੰਦੀ ਹੈ, ਕਿਉਂਕਿ ਉਹ ਲੋਕਾਂ ਦੇ ਨੇੜੇ ਹਨ। ਗਿੱਲ ਨੂੰ ਇਨ੍ਹਾਂ ਸੇਵਾਵਾਂ ਸਦਕਾ ਪਦਮਸ੍ਰੀ ਖਿਤਾਬ ਮਿਲਿਆ। ਉਸ ਕੋਲ ਇਹ ਖਿਤਾਬ ਹਾਸਲ ਕਰਨ ਦੀ ਯੋਗਤਾ ਹੈ ਸੀ।
ਪੰਨਾ 341: ਖਾੜਕੂਵਾਦ ਦੇ ਮੁੱਦੇ ‘ਤੇ ਪੰਜਾਬੀ ਸਮਾਜ ਫਿਰਕੂ ਆਧਾਰ ‘ਤੇ ਪਾਟ ਚੁੱਕਾ ਸੀ। ਜਦੋਂ ਕੋਈ ਖਾੜਕੂ ਮਾਰਿਆ ਜਾਂਦਾ, ਹਿੰਦੂ ਖੁਸ਼ ਹੁੰਦੇ; ਸਿੱਖ ਇਸ ਨੂੰ ਝੂਠਾ ਪੁਲਿਸ ਮੁਕਾਬਲਾ ਆਖ ਕੇ ਨਿੰਦਦੇ। ਦੋਸ਼ ਹੁੰਦਾ-ਮਾਸੂਮ ਸਿੱਖ ਮੁੰਡੇ ਫੜ-ਫੜ ਕੇ ਮਾਰੇ ਜਾ ਰਹੇ ਹਨ। ਕੁੱਝ ਹਿੰਦੂ ਬੁੱਧੀਜੀਵੀ ਵੀ ਝੂਠੇ ਮੁਕਾਬਲਿਆਂ ਖਿਲਾਫ ਆਵਾਜ਼ ਉਠਾਉਂਦੇ। ਉਹ ਆਰਮੀ ਸਿੱਖ ਜਰਨੈਲ ਜਿਨ੍ਹਾਂ ਨੇ ਉਤਰ ਪੂਰਬੀ ਭਾਰਤ ਵਿਚ, ਬੰਗਲਾਦੇਸ਼ ਵਿਚ ਇਸੇ ਤਰ੍ਹਾਂ ਦੇ ਐਕਸ਼ਨ ਕੀਤੇ ਸਨ, ਇਨ੍ਹਾਂ ਮੁਕਾਬਲਿਆਂ ਨੂੰ ਨਿੰਦਦੇ।
ਕੋਈ ਭਾਈਚਾਰਾ ਆਪਣੇ ਹੀ ਬੰਦਿਆਂ ਦੇ ਖਿਲਾਫ ਕਿਵੇਂ ਹੋ ਸਕਦਾ ਹੈ? ਆਇਰਲੈਂਡ ਦੇ ਕੈਥੋਲਿਕ ਪਾਦਰੀ ਦਹਿਸ਼ਤਵਾਦ ਦੇ ਖਿਲਾਫ ਹਨ, ਪਰ ਉਨ੍ਹਾਂ ਦੀ ਆਈæਆਰæਏæ ਜਥੇਬੰਦੀ ਨਾਲ ਪੂਰੀ ਹਮਦਰਦੀ ਹੈ। ਜਦੋਂ ਮੈਂ ਪੁਲਿਸ ਚੀਫ ਸਾਂ, ਕੈਥੋਲਿਕ ਲੇਖਕ ਅਤੇ ਨੇਤਾ ਕੋਨੋਰ ਕਰੂਜ਼ ਮੈਨੂੰ ਚੰਡੀਗੜ੍ਹ ਦਫਤਰ ਵਿਚ ਮਿਲਿਆ। ਉਹ ਲੁਧਿਆਣੇ ਅਕਾਲੀ ਮੀਟਿੰਗ ਦੇਖ ਕੇ ਆਇਆ ਸੀ। ਉਹ ਹੈਰਾਨ ਸੀ, ਇਕ ਵੀ ਅਕਾਲੀ ਨੇਤਾ ਨੇ ਖਾੜਕੂਆਂ ਦੀ ਨਿੰਦਾ ਨਹੀਂ ਕੀਤੀ, ਪੁਲਿਸ ਨੂੰ ਰੱਜ ਕੇ ਭੰਡਿਆ ਜਾ ਰਿਹਾ ਸੀ। ਉਸ ਨੇ ਦੇਖਿਆ, ਸਾਰੇ ਅਕਾਲੀ ਲੀਡਰਾਂ ਦੁਆਲੇ ਪੁਲਿਸ ਦੇ ਜੁਆਨਾਂ ਦਾ ਪਹਿਰਾ ਸੀ, ਤਾਂ ਵੀ ਉਹ ਧੜੱਲੇ ਨਾਲ ਪੁਲਿਸ ਨੂੰ ਨਿੰਦ ਰਹੇ ਸਨ।
ਪੰਨਾ 342: ਮੈਂ ਕੋਨੋਰ ਨੂੰ ਦੱਸਿਆ, ਪੁਲਿਸ ਇਨ੍ਹਾਂ ਲੀਡਰਾਂ ਦੀਆਂ ਗੱਲਾਂ ਦਾ ਬੁਰਾ ਨਹੀਂ ਮਨਾਉਂਦੀ, ਸਾਨੂੰ ਪਤਾ ਹੈ ਕਿ ਖਾੜਕੂਆਂ ਦੀ ਨਿੰਦਿਆ ਕਰਨ ਲੱਗ ਜਾਣ ਤਾਂ ਜਲਦੀ ਹੀ ਇਨ੍ਹਾਂ ਦੀਆਂ ਚਿਤਾਵਾਂ ਬਲਦੀਆਂ ਦਿਖਾਈ ਦੇਣਗੀਆਂ। ਖਾੜਕੂਆਂ ਦੇ ਭੋਗ ਉਤੇ ਲੀਡਰ ਹੁਮ-ਹੁਮਾ ਕੇ ਜਾਂਦੇ, ਸ਼ਹੀਦ ਨੂੰ ਸ਼ਰਧਾਂਜਲੀਆਂ ਦਿੰਦੇ। ਮੁਕਾਬਲੇ ਵਿਚ ਕੋਈ ਬੇਕਸੂਰ ਨਾਗਰਿਕ ਮਾਰਿਆ ਜਾਂਦਾ, ਕੋਈ ਅਕਾਲੀ ਉਸ ਦੇ ਭੋਗ ‘ਤੇ ਨਾ ਪੁੱਜਦਾ। ਮੈਂ ਪੁਲਿਸ ਅਫਸਰਾਂ ਦੀਆਂ ਡਿਊਟੀਆਂ ਲਾਈਆਂ ਸਨ ਕਿ ਬੇਕਸੂਰਾਂ ਦੇ ਭੋਗਾਂ ‘ਤੇ ਉਹ ਜਾਇਆ ਕਰਨ। ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਂਦਾ। ਸਰੀਰਕ ਤੌਰ ‘ਤੇ ਫਿੱਟ ਹੁੰਦਾ ਤਾਂ ਪੁਲਿਸ ਵਿਚ ਪਰਿਵਾਰ ਦਾ ਕੋਈ ਜੀਅ ਭਰਤੀ ਕਰ ਲੈਂਦਾ। ਮੈਂ ਸਖਤ ਤਾੜਨਾ ਕੀਤੀ ਹੋਈ ਸੀ ਕਿ ਪੁਲਿਸ ਦੇ ਲਲਕਾਰੇ ਸਦਕਾ ਦੌੜੇ ਜਾਂਦੇ ਬੰਦੇ ਉਤੇ ਫਾਇਰ ਨਹੀਂ ਕਰਨਾ। ਕਈ ਬੰਦੇ ਡਰ ਕੇ ਐਵੇਂ ਦੌੜਨ ਲਗਦੇ ਹਨ।
ਸਟੇਟ ਖਿਲਾਫ ਲੜਨ ਵਾਸਤੇ ਖਾੜਕੂਆਂ ਕੋਲ ਨਾ ਵਧੀਕ ਧਨ ਹੁੰਦਾ ਹੈ, ਨਾ ਨਫਰੀ। ਇਸੇ ਕਰ ਕੇ ਉਹ ਨਿਹੱਥੇ ਮਾਸੂਮ ਲੋਕਾਂ ਨੂੰ ਮਾਰਨ ਲਗਦੇ ਹਨ। ਇਨ੍ਹਾਂ ਐਕਸ਼ਨਾਂ ਵਿਚ ਕੋਈ ਪੁਲਸੀਆ ਮਾਰਿਆ ਜਾਂਦਾ, ਮੈਂ ਆਖਦਾ; ਇਹ ਤਾਂ ਹੋਣਾ ਈ ਐ, ਇਸ ਲੜਾਈ ਦੀ ਕੀਮਤ ਚੁਕਾਉਣੀ ਪਏਗੀ। ਜਦੋਂ ਕੋਈ ਖਾੜਕੂ ਕਤਲ ਹੋ ਜਾਂਦਾ, ਮੀਡੀਏ ਵਿਚ ਹਾਹਾਕਾਰ ਮੱਚ ਜਾਂਦੀ। ਮੇਰੇ ਉਪਰ ਦੋ ਵਾਰ ਹਮਲਾ ਹੋਇਆ। ਮੈਨੂੰ ਨਿਸ਼ਾਨਾ ਬਣਾ ਕੇ ਮੈਨੂੰ ਨ੍ਹੀਂ ਲਗਦਾ ਉਨ੍ਹਾਂ ਨੇ ਕੋਈ ਗਲਤ ਕੰਮ ਕੀਤਾ, ਆਖਰਕਾਰ ਮੈਂ ਉਨ੍ਹਾਂ ਦਾ ਦੁਸ਼ਮਣ ਸਾਂ।
(ਚਲਦਾ)

Be the first to comment

Leave a Reply

Your email address will not be published.