ਖੇਤੀ ਕਾਨੂੰਨ: ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਵਿਚ ਬੜ੍ਹਕ

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦਾ ਇਕ ਸਾਲ ਮੁਕੰਮਲ ਹੋਣ ‘ਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਸੰਸਦ ਮਾਰਚ ਵੱਲ ਮਾਰਚ ਕੱਢ ਕੇ ‘ਕਾਲਾ ਦਿਵਸ‘ ਮਨਾਇਆ। ਇਸ ਦੌਰਾਨ ਮਾਰਚ ਦੀ ਅਗਵਾਈ ਕਰ ਰਹੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਹੋਰ ਆਗੂਆਂ ਨੇ ਗ੍ਰਿਫਤਾਰੀਆਂ ਦਿੱਤੀਆਂ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਭੇਜੇ ਗਏ ਮੰਗ ਪੱਤਰ ਵਿਚ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਅਤੇ ਇਹ ਵਾਅਦਾ ਕਰਨ ਲਈ ਕਿਹਾ ਕਿ ਉਹ ਕਿਸਾਨਾਂ ਦੀ ਜ਼ਿੰਦਗੀ ‘ਤੇ ਅਸਰ ਪਾਉਣ ਵਾਲਾ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨਾਂ ਦੀ ਰਾਏ ਜਰੂਰ ਲੈਣਗੇ। ਮਾਰਚ ਤੋਂ ਪਹਿਲਾਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ, ”ਸਾਡੀ ਸਰਕਾਰ ਬਣਾ ਦਿਓ, ਪੰਜਾਬ ਵਿਚ ਖੇਤੀ ਕਾਨੂੰਨ ਲਾਗੂ ਨਹੀਂ ਹੋਣ ਦਿਆਂਗੇ। ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਡਟੇ ਰਹਾਂਗੇ।“ ਲੋਕ ਸਭਾ ‘ਚ ਖੇਤੀ ਕਾਨੂੰਨਾਂ ਖ਼ਿਲਾਫ਼ ਵੋਟ ਪਾਉਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨਾਲ ਮਿਲ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਕਿਉਂਕਿ ਕੈਪਟਨ ਉਸ 7 ਮੈਂਬਰੀ ਕਮੇਟੀ ਵਿੱਚ ਸ਼ਾਮਲ ਸਨ, ਜਿਸ ਨੇ ਕਾਨੂੰਨਾਂ ਦਾ ਖਰੜਾ ਤਿਆਰ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਖੇਤੀ ਕਾਨੂੰਨ ਪੇਸ਼ ਕੀਤੇ ਸਨ ਪਰ ਭਾਰੀ ਵਿਰੋਧ ਹੋਣ ਮਗਰੋਂ ਇਹ ਵਾਪਸ ਲੈ ਲਏ ਸਨ ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਏ.ਪੀ.ਐਮ.ਸੀ. ਐਕਟ ‘ਚ ਸੋਧ ਕਰਕੇ ਪ੍ਰਾਈਵੇਟ ਮੰਡੀਆਂ ਬਣਾਉਣ ਦਾ ਰਾਹ ਖੋਲ੍ਹ ਦਿੱਤਾ ਹੈ।
ਉਨ੍ਹਾਂ ਇਹੋ ਵਾਅਦਾ 2019 ਦੀਆਂ ਲੋਕ ਸਭਾ ਚੋਣਾਂ ‘ਚ ਵੀ ਕੀਤਾ ਸੀ। ਸੁਖਬੀਰ ਨੇ ਕਿਹਾ ਕਿ ਕਾਂਗਰਸ ਅਤੇ ‘ਆਪ‘ ਨੇ ਤਿੰਨੋਂ ਬਿੱਲਾਂ ਦਾ ਵਿਰੋਧ ਕਰਨ ਦੀ ਬਜਾਏ ਸਦਨ ‘ਚੋਂ ਵਾਕ ਆਊਟ ਕੀਤਾ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ,”ਸਤਲੁਜ ਯਮੁਨਾ ਲਿੰਕ ਨਹਿਰ, ਪਰਾਲੀ ਅਤੇ ਥਰਮਲ ਪਲਾਂਟਾਂ ਬਾਰੇ ਉਨ੍ਹਾਂ ਦੇ ਦੋਹਰੇ ਮਿਆਰ ਹਨ।“ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪੰਜਾਬ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਹਾਰੇਗੀ ਅਤੇ ਜੇਕਰ ਉਸ ਨੇ ਕਾਨੂੰਨ ਵਾਪਸ ਨਾ ਲਏ ਤਾਂ 2024 ਦੀਆਂ ਲੋਕ ਸਭਾ ਚੋਣਾਂ ‘ਚ ਵੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਬਸਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਹਨ। ਉਨ੍ਹਾਂ ਕਿਹਾ ਕਿ 2024 ਵਿਚ ਸਰਕਾਰ ਬਦਲਣ ‘ਤੇ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ। ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਨੂੰ ਅੱਗ ਵੱਲ ਨਾ ਧੱਕਿਆ ਜਾਵੇ ਅਤੇ ਕਿਸਾਨਾਂ ਦੇ ਮਸਲੇ ਫੌਰੀ ਹੱਲ ਕੀਤੇ ਜਾਣ।
_______________________________________________
ਅਕਾਲੀ ਦਲ ਦਾ ਪ੍ਰਦਰਸ਼ਨ ਮਗਰਮੱਛ ਦੇ ਹੰਝੂ: ਕਿਸਾਨ
ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਕਾਨੂੰਨ ਬਣੇ ਨੂੰ ਇਕ ਸਾਲ ਪੂਰਾ ਹੋਣ ‘ਤੇ ਦਿੱਲੀ ‘ਚ ਕੀਤੇ ਗਏ ਪ੍ਰਦਰਸ਼ਨ ਬਾਰੇ ਟਿੱਪਣੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਇਹ ਇਕ ਦਿਨ ਦਾ ਵਿਖਾਵਾ ਮਗਰਮੱਛ ਦੇ ਹੰਝੂ ਵਹਾਉਣ ਵਾਂਗ ਹੈ। ਦੂਜੇ ਪਾਸੇ 500 ਕਿਸਾਨ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚਾ ਪਿਛਲੇ 9 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਇਕ ਦਿਨ ਨਹੀਂ, ਸਗੋਂ ਲੰਮੇ ਅਤੇ ਦ੍ਰਿੜ੍ਹ ਇਰਾਦੇ ਵਾਲੇ ਸੰਘਰਸ਼ਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹਿਤੈਸ਼ੀ ਅਖਵਾਉਣ ਵਾਲਾ ਅਕਾਲੀ ਦਲ ਇਕ ਦਿਨ ਦੇ ਪ੍ਰਦਰਸ਼ਨ ਨਾਲ ਮਹਿਜ਼ ਸਿਆਸੀ ਰੋਟੀਆਂ ਸੇਕ ਰਿਹਾ ਹੈ।
______________________________________________
ਡਰਾਮਾ ਕਰ ਰਹੇ ਨੇ ਅਕਾਲੀ ਅਤੇ ‘ਆਪ’: ਸਿੱਧੂ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਦੇ ਵਿਵਾਦਤ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਉਹ ਇਸ ਮੁੱਦੇ ‘ਤੇ ਡਰਾਮਾ ਰਚ ਰਹੇ ਹਨ। ਆਮ ਆਦਮੀ ਪਾਰਟੀ (ਆਪ) ਨੇ ਸਿੱਧੂ ‘ਤੇ ਜਵਾਬੀ ਹਮਲਾ ਕਰਦਿਆਂ ਉਨ੍ਹਾਂ ਨੂੰ ‘ਰਾਖੀ ਸਾਵੰਤ‘ ਕਿਹਾ। ਜ਼ਿਕਰਯੋਗ ਹੈ ਕਿ ਸਿੱਧੂ ਨੇ ਬਾਦਲਾਂ ‘ਤੇ ਹਮਲਾ ਕਰਦਿਆਂ, ਉਨ੍ਹਾਂ ‘ਤੇ ਕੇਂਦਰ ਦੇ ਖੇਤੀ ਕਾਨੂੰਨਾਂ ਦੀ ਨੀਂਹ ਰੱਖਣ ਦਾ ਦੋਸ਼ ਲਗਾਇਆ ਸੀ, ਜਿਸ ਦਾ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ। ਅਕਾਲੀ ਦਲ ‘ਤੇ ਹਮਲਾ ਕਰਦਿਆਂ ਸਿੱਧੂ ਨੇ ਮੁੜ ਦੋਸ਼ ਲਾਇਆ ਕਿ ਉਹ ‘ਕਾਲੇ ਕਾਨੂੰਨਾਂ‘ ਦੇ ‘ਸਿਰਜਣਹਾਰ‘ ਅਤੇ ‘ਰਖਵਾਲੇ‘ ਸਨ। ਸਿੱਧੂ ਨੇ ਟਵੀਟ ਕੀਤਾ, ‘ਕਾਲੇ ਕਾਨੂੰਨਾਂ ਦੇ ਨਿਰਮਾਤਾ ਅਤੇ ਰਖਵਾਲੇ ਅੱਜ ਮਗਰਮੱਛ ਦੇ ਹੰਝੂ ਵਹਾ ਰਹੇ ਹਨ।‘