ਬੇਅਦਬੀ ਮਾਮਲੇ ‘ਚ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਆਹਮੋ-ਸਾਹਮਣੇ

ਸ੍ਰੀ ਆਨੰਦਪੁਰ ਸਾਹਿਬ: ਤਖਤ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਤੋਂ ਬਾਅਦ ਜਿਥੇ ਸੰਗਤਾਂ ਵੱਲੋਂ ਤਖਤਾਂ ਦੇ ਜਥੇਦਾਰਾਂ ਦੇ ਅਸਤੀਫੇ ਮੰਗਣੇ ਸ਼ੁਰੂ ਕਰ ਦਿੱਤੇ ਗਏ ਹਨ, ਉਥੇ ਹੁਣ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਸਿਰ ਮੜ੍ਹਦੇ ਹੋਏ ਕਮੇਟੀ ਮੈਂਬਰਾਂ ਨੂੰ ਘੁਰਕੀ ਦੇ ਨਾਲ ਉਨ੍ਹਾਂ ਦੀ ਕਾਰਗੁਜ਼ਾਰੀ ‘ਤੇ ਵੀ ਸੁਆਲੀਆਂ ਚਿੰਨ੍ਹ ਲਗਾ ਦਿੱਤਾ ਹੈ।

ਇੰਗਲੈਂਡ ਦੌਰੇ ਉਪਰੰਤ ਤਖਤ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਥੇ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ ਤੇ ਪੁਲਿਸ ਨੂੰ ਸੱਚ ਸਾਹਮਣੇ ਲਿਆਉਣ ਲਈ ਕਿਹਾ, ਨਾਲ ਹੀ ਉਨ੍ਹਾਂ ਸੰਗਤਾਂ ਵੱਲੋਂ ਜਥੇਦਾਰ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਅਸਤੀਫੇ ਦੀ ਮੰਗ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਹਿਬਾਨ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੈ।
ਇਸ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣ। ਜਥੇਦਾਰ ਅਕਾਲ ਤਖਤ ਨੇ ਇਥੋਂ ਤੱਕ ਆਖ ਦਿੱਤਾ ਕਿ ਇਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਸੰਗਤਾਂ ‘ਚ ਜਾ ਕੇ ਉਨ੍ਹਾਂ ਦੀ ਤਸੱਲੀ ਕਰਵਾਉਣ ਕਿਉਂਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਖਾਸ ਤੌਰ ‘ਤੇ ਸਥਾਨਕ ਮੈਂਬਰ ਇਥੇ ਸਮਾਂ ਨਹੀਂ ਦਿੰਦੇ। ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਜ਼ਿੰਮੇਵਾਰੀ ਨੂੰ ਸਮਝਣ।
ਇਸ ਬਾਰੇ ਸਥਾਨਕ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੇ ਨੇ ਉਨ੍ਹਾਂ ਕਿਹਾ ਕਿ ਉਹ ਤਾਂ ਬੀਤੇ ਕਈ ਦਿਨਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਦੀ ਸੰਗਤ ‘ਚ ਹੀ ਹਾਜ਼ਰ ਹਨ ਪਰ ਜਥੇਦਾਰ ਸਾਹਿਬ ਹੀ ਇੰਗਲੈਂਡ ਦੌਰੇ ‘ਤੇ ਗਏ ਹੋਏ ਸਨ। ਦੂਸਰੇ ਸਥਾਨਕ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਜ਼ਮੀਨੀ ਹਕੀਕਤ ਦਾ ਗਿਆਨ ਨਾ ਹੋਣ ਕਰਕੇ ਉਨ੍ਹਾਂ ਅਜਿਹਾ ਬਿਆਨ ਦਿੱਤਾ ਹੈ, ਜਦਕਿ ਸਥਾਨਕ ਦੋ ਮੈਂਬਰ ਹੀ ਨਹੀਂ ਬਲਕਿ 13 ਸਤੰਬਰ ‘ਤੇ ਗਿਆਨੀ ਰਘਬੀਰ ਸਿੰਘ ਕੋਲ ਅਤੇ ਖੁਦ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਇਤਰਾਜ਼ ਪ੍ਰਗਟ ਕੀਤਾ ਹੈ ਪਰ ਇਸ ਬਾਬਤ ਉਹ ਸਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਣੇ ਹਾਈਕਮਾਂਡ ਨਾਲ ਹੀ ਗੱਲ ਕਰਨਗੇ।
____________________________________
ਕਮੇਟੀ ਮੈਂਬਰਾਂ ਦਾ ਜਥੇਦਾਰ ਦੇ ਬਿਆਨ ‘ਤੇ ਇਤਰਾਜ਼
ਆਨੰਦਪੁਰ ਸਾਹਿਬ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਉਹ ਤਾਂ ਬੀਤੇ ਕਈ ਦਿਨਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਦੀ ਸੰਗਤ ਵਿਚ ਹੀ ਮੌਜੂਦ ਹਨ ਪਰ ਜਥੇਦਾਰ ਸਾਹਿਬ ਇੰਗਲੈਂਡ ਦੌਰੇ ‘ਤੇ ਗਏ ਹੋਏ ਸਨ। ਇਸੇ ਤਰ੍ਹਾਂ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਜ਼ਮੀਨੀ ਹਕੀਕਤ ਦਾ ਗਿਆਨ ਨਾ ਹੋਣ ਕਰਕੇ ਅਜਿਹਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਹੀ ਮੈਂਬਰ ਨਹੀਂ ਸਗੋਂ ਹੋਰ ਇਲਾਕਿਆਂ ਦੇ ਮੈਂਬਰ ਵੀ 13 ਸਤੰਬਰ ਤੋਂ ਰੋਜ਼ਾਨਾ ਤਖਤ ਸਾਹਿਬ ਮੌਜੂਦ ਰਹਿੰਦੇ ਹਨ।
_________________________________________
ਸ਼੍ਰੋਮਣੀ ਕਮੇਟੀ ਨੇ ਮੁਲਜ਼ਮ ਦਾ ਨਾਰਕੋ ਟੈਸਟ ਮੰਗਿਆ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਹੋਈ ਬੇਅਦਬੀ ਦੇ ਮੁਲਜ਼ਮ ਦਾ ਨਾਰਕੋ ਟੈਸਟ ਅਤੇ ਬਰੇਨ ਮੈਪਿੰਗ ਕਰਵਾ ਕੇ ਘਟਨਾ ਦੀ ਸਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਪੱਤਰ ਵੀ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ‘ਚ ਲਾਪਰਵਾਹੀ ਵਰਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਵਿਅਕਤੀ ਦੇ ਡੇਰਾ ਸਿਰਸਾ ਨਾਲ ਸਬੰਧਾਂ ਦੀ ਸਚਾਈ ਸਾਹਮਣੇ ਆਉਣ ਦੇ ਬਾਵਜੂਦ ਸਾਜ਼ਿਸ਼ਘਾੜਿਆਂ ਨੂੰ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਸਬੰਧੀ ਤੁਰਤ ਕਾਰਵਾਈ ਨਾ ਕੀਤੀ ਗਈ ਤਾਂ ਸ਼੍ਰੋਮਣੀ ਕਮੇਟੀ ਸਖਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ।