ਖੱਬੇ ਅਤੇ ਸਿੱਖ ਕਾਰਕੁਨਾਂ ਲਈ ਕੁਝ ਅਹਿਮ ਸਬਕ

ਗੁਰਪ੍ਰੀਤ ਸਿੰਘ
ਅਨੁਵਾਦ: ਬੂਟਾ ਸਿੰਘ
ਭਾਰਤ ਦੀ ਸੱਤਾਧਾਰੀ, ਰਾਸ਼ਟਰਵਾਦੀ ਭਾਜਪਾ ਦੇ ਬੁਲਾਰੇ ਵੱਲੋਂ ਹਾਲ ਹੀ ‘ਚ ਕਮਿਊਨਿਸਟਾਂ ਵਿਰੁਧ ਭੜਕਾਊ ਭਾਸ਼ਣ ਪੰਜਾਬ ‘ਚ ਚੱਲ ਰਹੇ ਕਿਸਾਨ ਅੰਦੋਲਨ ਦੇ ਕੰਟਰੋਲ ਨੂੰ ਲੈ ਕੇ ਇਕ ਦੂਜੇ ਦੇ ਵਿਰੁੱਧ ਲੜ ਰਹੇ ਲੋਕਾਂ ਲਈ ਜਾਗਣ ਦਾ ਹੋਕਾ ਹੋਣਾ ਚਾਹੀਦਾ ਹੈ। ਹਰਿੰਦਰ ਸਿੰਘ ਕਾਹਲੋਂ ਨੇ ਕਿਸਾਨੀ ਸੰਘਰਸ਼ ਨੂੰ ਭੜਕਾਉਣ ਲਈ ‘ਕਾਮਰੇਡਾਂ` ਨੂੰ ਸੀਖਾਂ ਪਿੱਛੇ ਸੁੱਟਣ ਲਈ ਕਿਹਾ ਸੀ।

ਭਾਰਤੀ ਕਿਸਾਨ ਨਵੰਬਰ 2020 ਤੋਂ ਨਵੀਂ ਦਿੱਲੀ ਦੇ ਬਾਹਰ ਉਨ੍ਹਾਂ ਗੈਰ-ਕਾਨੂੰਨੀ ਕਾਨੂੰਨਾਂ ਵਿਰੁੱਧ ਡੇਰਾ ਲਾਈ ਬੈਠੇ ਹਨ ਜੋ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਖਤਰੇ ਵਿਚ ਪਾਉਂਦੇ ਹਨ। ਪੰਜਾਬ ਕਿਉਂਕਿ ਸਿੱਖ ਬਹੁਲਤਾ ਵਾਲਾ ਸੂਬਾ ਹੈ ਜਿੱਥੇ ਖੇਤੀਬਾੜੀ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ, ਇਸ ਲਈ ਉੱਥੋਂ ਦੇ ਅੰਦੋਲਨਕਾਰੀ ਕਿਸਾਨਾਂ ਦੀ ਬਹੁਗਿਣਤੀ ਸਿੱਖ ਪਿਛੋਕੜ ਤੋਂ ਹੈ। ਫਿਰ ਵੀ, ਹਰ ਕੋਈ ਨਿੱਤ ਨੇਮੀ ਸਿੱਖ ਨਹੀਂ ਹੈ, ਉਨ੍ਹਾਂ ਵਿਚੋਂ ਬਹੁਤ ਸਾਰੇ ਕਮਿਊਨਿਸਟ ਲਹਿਰ ਨਾਲ ਜੁੜੇ ਹੋਏ ਹਨ।
ਕਾਹਲੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਏ.ਆਈ.ਐਸ.ਐਸ.ਐਫ.) ਦਾ ਸਾਬਕਾ ਆਗੂ ਹਨ, ਇਹ ਅਜਿਹਾ ਕੱਟੜਪੰਥੀ ਸਮੂਹ ਹੈ ਜੋ ਖੁਦਮੁਖਤਾਰ ਸਿੱਖ ਖਿੱਤੇ ਲਈ ਸੰਘਰਸ਼ ਵਿਚ ਮੋਹਰੀ ਰਿਹਾ ਸੀ, ਤੇ ਕਮਿਊਨਿਸਟਾਂ ਨੂੰ ਆਪਣਾ ਵਿਚਾਰਧਾਰਕ ਦੁਸ਼ਮਣ ਮੰਨਦਾ ਸੀ। ਉਧਰ, ਕਮਿਊਨਿਸਟ ਸਿੱਖ ਵੱਖਵਾਦ ਅਤੇ ਕਿਸੇ ਵੀ ਵੰਨਗੀ ਦੇ ਧਰਮਤੰਤਰ ਦੀ ਨਿਖੇਧੀ ਕਰਦੇ ਸਨ। ਇਸ ਨਾਲ 1980 ਤੋਂ 1990ਵਿਆਂ ਦਰਮਿਆਨ ਦੋਹਾਂ ਧਿਰਾਂ ਵਿਚ ਖੂਨੀ ਟਕਰਾਅ ਹੋਇਆ ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਕਮਿਊਨਿਸਟ ਆਗੂਆਂ ਦਾ ਸਿੱਖ ਵੱਖਵਾਦੀਆਂ ਨੇ ਕਤਲ ਕਰ ਦਿੱਤਾ ਜਿਨ੍ਹਾਂ ਨੇ ਖੱਬੇ ਪੱਖੀਆਂ ਉਪਰ ਭਾਰਤੀ ਸਟੇਟ ਨਾਲ ਮਿਲੇ ਹੋਣ ਦਾ ਦੋਸ਼ ਲਾਇਆ, ਇਸ ਤੱਥ ਦੇ ਬਾਵਜੂਦ ਕਿ ਬਹੁਤ ਸਾਰੇ ਮਾਰੇ ਗਏ ਲੋਕ ਨਿਰਦੋਸ਼ ਸਿੱਖਾਂ ਉੱਪਰ ਹਕੂਮਤੀ ਜਬਰ ਦਾ ਵੀ ਵਿਰੋਧ ਕਰਦੇ ਸਨ।
ਕਾਹਲੋਂ ਨੂੰ ਹਾਲ ਹੀ ਵਿਚ ਪੰਜਾਬ ਵਿਚ ਭਾਜਪਾ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਸੀ ਜਿੱਥੇ ਕਿਸਾਨਾਂ ਅੰਦੋਲਨ ਜਾਰੀ ਹੈ। ਇਹ ਇਕ ਸਾਬਕਾ ਕੱਟੜਪੰਥੀ ਸਿੱਖ ਨੂੰ ਆਪਣੇ ਨਾਲ ਜੋੜ ਕੇ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਮਨਸੂਬੇ ਦਾ ਹਿੱਸਾ ਹੋ ਸਕਦਾ ਹੈ ਜੋ ਉਨ੍ਹਾਂ ਸਿੱਖ ਕਾਰਕੁਨਾਂ ਨੂੰ ਹਰਾਉਣ ਦੀ ਚਾਲ ਹੋ ਸਕਦਾ ਹੈ ਜਿਨ੍ਹਾਂ ਦੇ ਸੰਘਰਸ਼ ਵਿਚ ਹਿੱਤ ਹਨ। ਕਮਿਊਨਿਸਟਾਂ ਨੂੰ ਸਿੱਧਾ ਨਿਸ਼ਾਨਾ ਬਣਾਉਂਦੇ ਉਸ ਦੇ ਭਾਸ਼ਣ ਤੋਂ ਸਪੱਸ਼ਟ ਤੌਰ ‘ਤੇ ਭਾਜਪਾ ਦੀ ਨਿਰਾਸ਼ਾ ਦਾ ਪਤਾ ਲੱਗਦਾ ਹੈ ਜੋ ਵਿਵਾਦ ਵਾਲੇ ਖੇਤੀ ਕਾਨੂੰਨਾਂ ਨੂੰ ਇਕਜੁੱਟ ਹੋ ਕੇ ਚੁਣੌਤੀ ਦੇ ਰਹੇ ਸਿੱਖ ਕਾਰਕੁਨਾਂ ਅਤੇ ਖੱਬੇ ਪੱਖੀ ਆਗੂਆਂ ਵਿਚਕਾਰ ਪਾੜਾ ਪੈਦਾ ਕਰਨਾ ਚਾਹੁੰਦੀ ਹੈ।
ਕਾਹਲੋਂ ਨੇ ਨਾ ਸਿਰਫ ਕਮਿਊਨਿਸਟਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਕੇ ਹਲਚਲ ਪੈਦਾ ਕੀਤੀ, ਬਲਕਿ ਇਹ ਦਾਅਵਾ ਵੀ ਕੀਤਾ ਕਿ 1980 ਦੇ ਦਹਾਕੇ ਦੌਰਾਨ ਉਨ੍ਹਾਂ ਦਾ ਸਫਾਇਆ ਕਰਨ ਵਿਚ ਉਸ ਦਾ ਅਹਿਮ ਯੋਗਦਾਨ ਰਿਹਾ ਸੀ।
ਇਹ ਮੰਦਭਾਗਾ ਹੈ ਕਿ ਖੱਬੀ ਲਹਿਰ ਦੇ ਇਕ ਹਿੱਸੇ ਅਤੇ ਸਿੱਖ ਕਾਰਕੁਨਾਂ ਦੇ ਕੈਂਪ ਨੇ ਨਾ ਤਾਂ ਪਿਛਲੀਆਂ ਦੁਸ਼ਮਣੀਆਂ ਛੱਡੀਆਂ ਹਨ ਅਤੇ ਨਾ ਹੀ ਉਨ੍ਹਾਂ ਨੇ ਇਮਾਨਦਾਰੀ ਨਾਲ ਇਤਿਹਾਸ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੀ ਬਜਾਇ, ਉਹ ਆਪੋ-ਆਪਣੀ ਗੱਲ ‘ਤੇ ਅੜੇ ਹੋਏ ਹਨ ਜਿਸ ਨਾਲ ਭਾਜਪਾ ਸਰਕਾਰ ਦਾ ਕੰਮ ਸੌਖਾ ਹੋ ਗਿਆ। ਸ਼ਾਇਦ ਭਾਜਪਾ ਇਸ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਹਾਲਾਤ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਕ ਮਾਮਲਾ ਅਭਿਨੇਤਰੀ ਤੋਂ ਕਾਰਕੁਨ ਬਣੀ ਸੋਨੀਆ ਮਾਨ ਦੀ ਉੱਪਰ ਚਿੱਕੜ ਉਛਾਲੀ ਦਾ ਹੈ। ਉਹ ਪੰਜਾਬ ਦੇ ਮਰਹੂਮ ਕਮਿਊਨਿਸਟ ਆਗੂ ਬਲਦੇਵ ਸਿੰਘ ਮਾਨ ਦੀ ਧੀ ਹੈ ਜਿਸ ਦਾ 1986 ਵਿਚ ਸਿੱਖ ਵੱਖਵਾਦੀਆਂ ਨੇ ਕਤਲ ਕਰ ਦਿੱਤਾ ਸੀ। ਸੋਨੀਆ ਕਿਸਾਨ ਅੰਦੋਲਨ ਵਿਚ ਸਰਗਰਮੀ ਨਾਲ ਹਿੱਸਾ ਲੈ ਰਹੀ ਹੈ ਅਤੇ ਉਸ ਨੂੰ ਭੰਡਣ ਦੀ ਮੁਹਿੰਮ ਉਨ੍ਹਾਂ ਸਿੱਖ ਕਾਰਕੁਨਾਂ ਵੱਲੋਂ ਚਲਾਈ ਗਈ ਜੋ ਅਜੇ ਵੀ ਵੱਖਰਾ ਹੋਮਲੈਂਡ ਹਾਸਲ ਕਰਨ ‘ਚ ਵਿਸ਼ਵਾਸ ਰੱਖਦੇ ਹਨ।
ਅਜਿਹੀਆਂ ਵੰਡੀਆਂ ਸਿਰਫ ਭਾਜਪਾ ਨੂੰ ਲਾਭ ਪਹੁੰਚਾਉਂਦੀਆਂ ਹਨ, ਜਿਵੇਂ ਸਿੱਖ ਖਾੜਕੂਆਂ ਵੱਲੋਂ ਕਮਿਊਨਿਸਟਾਂ ਦੇ ਕਤਲਾਂ ਨੇ ਬੀਤੇ ਦੀਆਂ ਨਵਉਦਾਰਵਾਦੀ ਸਰਕਾਰਾਂ ਦੀ ਸਹਾਇਤਾ ਕੀਤੀ ਸੀ। ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਭਾਰਤੀ ਸਟੇਟ ਸਿੱਖ ਅਤਿਵਾਦੀਆਂ ਨੂੰ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਖਤਮ ਕਰਨ ਤੋਂ ਬਾਅਦ ਬੁਰਜੂਆ ਤਾਕਤਾਂ ਲਈ ਮੁਆਫਕ ਸਿਆਸੀ ਮਾਹੌਲ ਬਣਾਉਣ ਵਿਚ ਸਫਲ ਹੋ ਗਿਆ, ਜਦੋਂਕਿ ਸਿੱਖ ਵੱਖਵਾਦੀ ਲਹਿਰ ਦੇ ਖਤਮ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਮਰਜ਼ੀ ਮੁਤਾਬਿਕ ਕਮਿਊਨਿਸਟਾਂ ਦੇ ਕਤਲ ਕਰਨ ਦੀ ਖੁੱਲ੍ਹ ਦਿੱਤੀ ਗਈ।
ਇਹ ਸਾਬਤ ਕਰਨਾ ਔਖਾ ਹੈ ਕਿ ਭਾਰਤੀ ਸਟੇਟ ਨੇ ਸਿੱਖ ਖਾੜਕੂਆਂ ਨੂੰ ਕਮਿਊਨਿਸਟਾਂ ਨੂੰ ਮਾਰਨ ਲਈ ਉਕਸਾਇਆ, ਜਾਂ ਭੜਕਾਊ ਏਜੰਟਾਂ ਰਾਹੀਂ ਇਕ ਤੀਰ ਨਾਲ ਦੋ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਇਕ ਕਮਿਊਨਿਸਟ ਕਾਰਕੁਨ ਤੇਜਿੰਦਰ ਵਿਰਲੀ ਦੱਸਦਾ ਹੈ ਕਿ ਐਸ.ਐਸ. ਰੇਅ ਦੇ ਕਾਰਜਕਾਲ ਦੌਰਾਨ ਖੱਬੇ ਪੱਖੀਆਂ ਦੇ ਵੱਡੀ ਗਿਣਤੀ ਵਿਚ ਕਤਲ ਕੀਤੇ ਗਏ ਸਨ ਜੋ 1986 ਤੋਂ 1989 ਤੱਕ ਪੰਜਾਬ ਦਾ ਰਾਜਪਾਲ ਰਿਹਾ ਸੀ।
ਇਸ ਤੋਂ ਪਹਿਲਾਂ ਰੇਅ ਪੱਛਮੀ ਬੰਗਾਲ ਦਾ ਮੁੱਖ ਮੰਤਰੀ ਰਹਿ ਚੁੱਕਾ ਸੀ, ਜਿੱਥੇ ਉਸ ਨੇ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਬੇਕਿਰਕੀ ਨਾਲ ਕੁਚਲਿਆ ਸੀ। ਵਿਰਲੀ ਦਾ ਮੰਨਣਾ ਹੈ ਕਿ ਸਿੱਖ ਖਾੜਕੂਆਂ ਕੋਲੋਂ ਕਮਿਊਨਿਸਟਾਂ ਨੂੰ ਮਰਵਾਉਣ ਦੀ ਸਕੀਮ ਪਿੱਛੇ ਉਸ ਦਾ ਹੱਥ ਹੋ ਸਕਦਾ ਹੈ। ਇਹ ਗੱਲ ਕਿ ਖਾੜਕੂ ਲਹਿਰ ਵਿਚ ਭਾਰਤੀ ਏਜੰਟਾਂ ਵੱਲੋਂ ਘੁਸਪੈਠ ਕੀਤੀ ਗਈ ਸੀ, ਇਸ ਦਾ ਬਾਖੂਬੀ ਦਸਤਾਵੇਜ਼ੀਕਰਨ ਕੀਤਾ ਗਿਆ ਹੈ। ਮ੍ਰਿਤਕਾਂ ਵਿਚ ਕਈ ਮੁੱਖ ਧਾਰਾ ਦੇ ਕਮਿਊਨਿਸਟ ਵੀ ਸ਼ਾਮਲ ਸਨ ਜਿਨ੍ਹਾਂ ਨੇ ਰਾਸ਼ਟਰੀ ਹਿੱਤਾਂ ਦੇ ਨਾਂ ‘ਤੇ ਸਿੱਖ ਵੱਖਵਾਦੀਆਂ ਪ੍ਰਤੀ ਹਮਲਾਵਰ ਨੀਤੀ ਵਿਚ ਸਰਕਾਰ ਦਾ ਬੇਸ਼ਰਮੀ ਨਾਲ ਸਾਥ ਦਿੱਤਾ ਸੀ ਪਰ ਬਲਦੇਵ ਸਿੰਘ ਮਾਨ ਵਰਗੇ ਜਿਹੜੇ ਕਮਿਊਨਿਸਟ ਰਾਜਕੀ ਹਿੰਸਾ ਵਿਰੁੱਧ ਡਟੇ ਸਨ, ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ ਗਿਆ।
ਬਲਦੇਵ ਸਿੰਘ ਮਾਨ ਨੇ ਜੂਨ 1984 ਵਿਚ ਸਿੱਖਾਂ ਦੇ ਸਭ ਤੋਂ ਮੁਕੱਦਸ ਅਸਥਾਨ ਦਰਬਾਰ ਸਾਹਿਬ ਕੰਪਲੈਕਸ ਉੱਪਰ ਫੌਜੀ ਹਮਲੇ ਦਾ ਵਿਰੋਧ ਕੀਤਾ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਮੁੱਠੀ ਭਰ ਅਤਿਵਾਦੀਆਂ ਨਾਲ ਨਜਿੱਠਣ ਲਈ ਗਲਤ ਫੌਜੀ ਕਾਰਵਾਈ ਦਾ ਆਦੇਸ਼ ਦਿੱਤਾ ਸੀ ਜਿਸ ਨਾਲ ਬਹੁਤ ਸਾਰੇ ਨਿਰਦੋਸ਼ ਸ਼ਰਧਾਲੂ ਮਾਰੇ ਗਏ ਸਨ। ਇਸ ਨਾਲ ਸਿੱਖਾਂ ਅੰਦਰ ਬੇਗਾਨਗੀ ਪੈਦਾ ਹੋਈ ਅਤੇ ਵੱਖਰੇ ਹੋਮਲੈਂਡ ਖਾਲਸਤਾਨ ਲਈ ਲਹਿਰ ‘ਚ ਤੇਜ਼ੀ ਆਈ। ਖਾਲਿਸਤਾਨ ਦਾ ਸਖਤ ਵਿਰੋਧੀ ਹੋਣ ਦੇ ਬਾਵਜੂਦ ਮਾਨ ਨੇ ਫੌਜੀ ਹਮਲੇ ਅਤੇ ਸੁਰੱਖਿਆ ਬਲਾਂ ਦੁਆਰਾ ਸਿੱਖਾਂ ਵਿਰੁੱਧ ਹਿੰਸਾ ਦੀ ਆਲੋਚਨਾ ਕੀਤੀ ਸੀ।
ਇਸ ਦੇ ਸਿਖਰ ‘ਤੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਸਿੱਖ ਅੰਗ ਰੱਖਿਅਕਾਂ ਨੇ ਉਸ ਦਾ ਕਤਲ ਕਰ ਦਿੱਤਾ ਜਿਸ ਦੇ ਬਾਅਦ ਉਸ ਦੀ ਪਾਰਟੀ ਦੇ ਕਾਰਕੁਨਾਂ ਦੀ ਅਗਵਾਈ ਵਾਲੇ ਗੁੰਡਿਆਂ ਨੇ ਪੂਰੇ ਭਾਰਤ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ। ਇਕ ਹੋਰ ਇਨਕਲਾਬੀ ਕਮਿਊਨਿਸਟ ਪਾਸ਼ ਨੇ ਕਤਲੇਆਮ ਵਿਰੁੱਧ ਬੜੀ ਜਾਨਦਾਰ ਕਵਿਤਾ ਲਿਖੀ। ਫਿਰ ਵੀ, ਉਹ ਖਾਲਿਸਤਾਨੀ ਅਤਿਵਾਦੀਆਂ ਹੱਥੋਂ ਮਾਰਿਆ ਗਿਆ ਸੀ।
ਕਈ ਸਾਲਾਂ ਬਾਅਦ ਮਾਰੇ ਗਏ ਖਾਲਿਸਤਾਨੀ ਖਾੜਕੂ ਨੇਤਾ ਲਾਭ ਸਿੰਘ ਦੀ ਡਾਇਰੀ ਤੋਂ ਖੁਲਾਸਾ ਹੋਇਆ ਕਿ ਉਸ ਨੇ ਬਲਦੇਵ ਸਿੰਘ ਮਾਨ ਅਤੇ ਪਾਸ਼ ਦੇ ਕਤਲਾਂ ਦਾ ਪਛਤਾਵਾ ਕੀਤਾ ਸੀ ਜੋ ਕਈ ਮੁੱਦਿਆਂ ‘ਤੇ ਮਤਭੇਦਾਂ ਦੇ ਬਾਵਜੂਦ ਕਦੇ ਵੀ ਭਾਰਤੀ ਸਥਾਪਤੀ ਦੇ ਪੈਰੋਕਾਰ ਨਹੀਂ ਬਣੇ ਸਨ। ਲਾਭ ਸਿੰਘ ਨੇ ਮੰਨਿਆ ਸੀ ਕਿ ਮਾਨ ਅਤੇ ਪਾਸ਼ ਦੇ ਕਤਲ ਦਾਅਪੇਚਕ ਗਲਤੀ ਸਨ।
ਦਰਅਸਲ, ਸਿੱਖ ਕਾਰਕੁਨ ਅਤੇ ਖੱਬੇ ਪੱਖੀ ਮਨੁੱਖੀ ਅਧਿਕਾਰਾਂ, ਘੱਟ ਗਿਣਤੀਆਂ ਨਾਲ ਨਿਰਪੱਖ ਵਿਹਾਰ, ਖੁਦਮੁਖਤਾਰੀ ਅਤੇ ਕੁਦਰਤੀ ਸਰੋਤਾਂ ਦੀ ਨਿਰਪੱਖ ਵੰਡ ਵਰਗੇ ਲੋਕ ਮੁੱਦਿਆਂ ਉਪਰ ਸਾਂਝਾ ਆਧਾਰ ਲੱਭ ਸਕਦੇ ਸਨ ਜਿਸ ਦੇ ਕਾਰਨ ਸਿੱਖ ਲਹਿਰ ਸ਼ੁਰੂ ਹੋਈ ਸੀ। ਜ਼ਿਕਰਯੋਗ ਹੈ ਕਿ ਸਿੱਖ ਸੰਘਰਸ਼ ਦੇ ਕੁਝ ਭਾਗੀਦਾਰ ਪਿਛਲੇ ਸਮੇਂ ਵਿਚ ਇਨਕਲਾਬੀ ਕਮਿਊਨਿਸਟਾਂ ਦਾ ਹਿੱਸਾ ਰਹੇ ਸਨ। ਦਰਮਿਆਨੇ ਕਿਸਾਨਾਂ ਦੀਆਂ ਆਰਥਕ ਤੰਗੀਆਂ ਨੇ ਉਨ੍ਹਾਂ ਨੂੰ 1960ਵਿਆਂ ਦੇ ਅਖੀਰ ਵਿਚ ਕਮਿਊਨਿਸਟ ਬਣਾ ਦਿੱਤਾ ਸੀ ਅਤੇ ਦਹਾਕਿਆਂ ਬਾਅਦ ਖਾਲਿਸਤਾਨੀ। ਕੜੀਆਂ ਲੱਭਣਾ ਅਤੇ ਵਿਸ਼ਲੇਸ਼ਣ ਕਰਨਾ ਇਨ੍ਹਾਂ ਦੋਹਾਂ ਲਹਿਰਾਂ ਦੇ ਮੁੱਖ ਪਾਤਰਾਂ ਦਾ ਕੰਮ ਹੈ।
ਅੱਜ ਜ਼ਾਹਰਾ ਹਿੰਦੂ ਫਾਸ਼ੀਵਾਦੀ ਸ਼ਾਸਨ ਦੇ ਅਧੀਨ ਜੋ ਸਿੱਖਾਂ ਅਤੇ ਖੱਬੇ ਪੱਖੀਆਂ ਸਮੇਤ ਘੱਟ ਗਿਣਤੀਆਂ ਨੂੰ ਖੁੱਲ੍ਹੇਆਮ ਨਿਸ਼ਾਨਾ ਬਣਾਉਂਦਾ ਹੈ, ਇਹ ਸਵਾਲ ਹੋਰ ਵੀ ਢੁੁੱਕਵਾਂ ਹੋ ਗਿਆ ਹੈ ਅਤੇ ਹੱਲ ਕਰਨ ਵਿਚ ਅਸਾਨ ਹੋ ਗਿਆ ਹੈ। ਆਖਿਰਕਾਰ, ਸਖਤ ਕਾਨੂੰਨ ਸਿਰਫ ਘੱਟ ਗਿਣਤੀ ਜਾਂ ਖੱਬੇ ਪੱਖੀ ਜਥੇਬੰਦੀਆਂ ਵਿਰੁੱਧ ਕਿਸੇ ਵੀ ਮੱਤਭੇਦ ਦੀ ਆਵਾਜ਼ ਨੂੰ ਦਬਾਉਣ ਲਈ ਵਰਤੇ ਜਾ ਰਹੇ ਹਨ, ਨਾ ਕਿ ਹਿੰਦੂ ਅਤਿਵਾਦੀਆਂ ਵਿਰੁੱਧ ਜੋ ਹਰ ਕਿਸੇ ਨੂੰ ਬੇਖੌਫ ਹੋ ਕੇ ਡਰਾਉਂਦੇ ਰਹਿੰਦੇ ਹਨ।
ਸ਼ੁਰੂਆਤ ਦੇ ਤੌਰ ‘ਤੇ, ਸਾਂਝੇ ਦੁਸ਼ਮਣ ਵਿਰੁਧ ਲੜਨ ਲਈ ਪੁਰਾਣੀ ਦੁਸ਼ਮਣੀਆਂ ਨੂੰ ਇਕ ਪਾਸੇ ਰੱਖਣਾ ਹੋਵੇਗਾ ਜੋ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ। ਕਾਹਲੋਂ ਦੇ ਬਿਆਨ ਦੇ ਮੱਦੇਨਜ਼ਰ, ਕਿਸਾਨ ਅੰਦੋਲਨ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਦਾਰਸ਼ਨਿਕ ਮੱਤਭੇਦਾਂ ਦੇ ਬਾਵਜੂਦ ਇਕਜੁੱਟ ਹੋ ਜਾਣਾ ਚਾਹੀਦਾ ਹੈ। ਵਿਚਾਰਾਂ ਦੀ ਵੰਨ-ਸਵੰਨਤਾ ਕਿਸਾਨਾਂ ਦੇ ਸੰਘਰਸ਼ ਦੀ ਖੂਬਸੂਰਤੀ ਹੈ ਅਤੇ ਕੁਝ ਵੀ ਹੋਵੇ, ਉਸ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ।
ਆਓ ਇਸ ਦਾ ਸਾਹਮਣਾ ਕਰੀਏ; ਪੰਜਾਬੀ ਕਿਸਾਨ ਮੁੱਖ ਤੌਰ ‘ਤੇ ਸਿੱਖ ਹੈ, ਤੇ ਇਕ ਸਿੱਖ ਕਿਸਾਨ ਧਾਰਮਿਕ ਜਾਂ ਅਧਰਮੀ ਹੋ ਸਕਦਾ ਹੈ, ਉਹ ਖਾਲਿਸਤਾਨ ਦਾ ਹਮਾਇਤੀ ਜਾਂ ਇੱਥੋਂ ਤੱਕ ਕਿ ਸੰਯੁਕਤ ਭਾਰਤ ਦਾ ਹਮਾਇਤੀ ਵੀ ਹੋ ਸਕਦਾ ਹੈ ਪਰ ਇਹ ਸਭ ਕੁਝ ਮਹੱਤਵਹੀਣ ਹੈ। ਇਹ ਮਹੱਤਵਪੂਰਨ ਸਮਾਂ ਹੈ, ਖਾਸ ਕਰਕੇ ਖੱਬੇ ਪੱਖੀਆਂ ਲਈ ਆਪਣੇ ਬਾਰੇ ਸੋਚ-ਵਿਚਾਰ ਕਰਨ ਲਈ। ਭਾਜਪਾ ਹਮਾਇਤੀ ਸਿੱਖ ਕਿਸਾਨਾਂ ਨੂੰ ਵੱਖਵਾਦੀ ਅਤੇ ਅਤਿਵਾਦੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਤੁਸੀਂ ਪੰਜਾਬ ਵਿਚ ਆਪਣੀ ਹੋਂਦ ਬਚਾਉਣਾ ਚਾਹੁੰਦੇ ਹੋ, ਤਾਂ ਇਸ ਨੂੰ ਨਾ ਸਿਰਫ ਆਪਣੇ ਸਿੱਖ ਭਰਾਵਾਂ ਦਾ, ਬਲਕਿ ਆਪਣੇ ਆਪ ਦਾ ਅਪਮਾਨ ਸਮਝੋ। ਕਿਸੇ ਇਕ ਦੀ ਸੱਟ ਨੂੰ ਸਾਰਿਆਂ ਦੀ ਸੱਟ ਵਜੋਂ ਲਿਆ ਜਾਣਾ ਚਾਹੀਦਾ ਹੈ।
ਇਹ ਉਨ੍ਹਾਂ ਸਿੱਖ ਨੇਤਾਵਾਂ ‘ਤੇ ਵੀ ਲਾਗੂ ਹੁੰਦਾ ਹੈ ਜੋ ਕਮਿਊਨਿਸਟਾਂ ਨੂੰ ਆਪਣੇ ਸੰਗੀ-ਸਾਥੀਆਂ ਵਜੋਂ ਦੇਖਣ ਵਿਚ ਅਸਫਲ ਰਹਿੰਦੇ ਹਨ, ਅਤੇ ਉਨ੍ਹਾਂ ਸਾਰਿਆਂ ਨੂੰ ਧਰਮ ਦੇ ਸੌੜੇ ਨਜ਼ਰੀਏ ਤੋਂ ਨਾਸਤਿਕ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਪੂਰੀ ਖੱਬੀ ਧਿਰ ਨੂੰ ਇੱਕੋ ਰੱਸੇ ਬੰਨ੍ਹਣਾ ਵੀ ਬਹੁਤ ਜ਼ਿਆਦਾ ਸਮੱਸਿਆ ਪੈਦਾ ਕਰਨ ਵਾਲਾ ਹੈ। ਸਿਰਫ ਦਲੀਲ ਦੀ ਖਾਤਰ, ਜੇ ਕੁਝ ਖੱਬੇ ਪੱਖੀ ਨੇਤਾ ਭਾਰਤੀ ਰਾਜ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ, ਤਾਂ ਉਹ ਕਾਹਲੋਂ ਦੇ ਭਾਜਪਾ ‘ਚ ਸ਼ਾਮਿਲ ਹੋਣ ਦੀ ਵਿਆਖਿਆ ਕਿਵੇਂ ਕਰਨਾ ਚਾਹੁਣਗੇ ਜੋ ਸਿਰਫ ਏ.ਆਈ.ਐਸ.ਐਸ.ਐਫ. ਦੇ ਇਕ ਸਾਬਕਾ ਆਗੂ ਦੀਆਂ ਅਸਲ ਵਫਾਦਾਰੀਆਂ ਨੂੰ ਦਰਸਾਉਂਦਾ ਹੈ, ਜੋ ਹੁਣ ਭਾਜਪਾ ਵਿਚ ਸ਼ਾਮਲ ਹੋ ਗਿਆ ਹੈ ਅਤੇ ਸ਼ਰੇਆਮ ਸਰਕਾਰ ਦੀ ਬੋਲੀ ਬੋਲ ਰਿਹਾ ਹੈ?
ਦੋਵੇਂ ਧਿਰਾਂ ਉਦੋਂ ਵੀ ਅਸਲ ਦੁਸ਼ਮਣ ਦੀ ਪਛਾਣ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀਆਂ, ਅਤੇ ਅੱਜ ਵੀ ਇਸ ਦੀ ਪਛਾਣ ਕਰਨ ਵਿਚ ਅਸਫਲ ਹਨ। ਘੱਟੋ-ਘੱਟ ਆਪਣੀ ਹੀ ਵਿਰਾਸਤ ਤੋਂ ਸਿੱਖ ਲਵੋ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਨੇ ਹੱਥੀਂ ਕਿਰਤ ਕਰਨ, ਹੱਕ ਦੀ ਕਮਾਈ ਨਾਲ ਗੁਜ਼ਾਰਾ ਕਰਨ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਸਮਾਨਤਾਵਾਦੀ ਸਮਾਜ ਲਈ ਉਨ੍ਹਾਂ ਦੀ ਦ੍ਰਿਸ਼ਟੀ ਸਮਾਜਵਾਦ ਦੇ ਅਨੁਸਾਰੀ ਹੈ।