ਮੁਸਲਮਾਨਾਂ ਬਾਰੇ ਗਲਤ ਧਾਰਨਾਵਾਂ ਅਤੇ ਭਾਰਤੀ ਅਮਰੀਕੀ

ਕੇ.ਪੀ. ਨਾਇਰ
ਅਮਰੀਕਾ ਉਤੇ ਹੋਏ 9/11 ਹਮਲਿਆਂ ਦੇ ਨਾਲ ਹੀ ਉਤਰੀ ਅਮਰੀਕੀ ਮਹਾਦੀਪ ਵਿਚਲੇ ਭਾਰਤੀ ਉਥੇ ਆਪਣੇ ਖਿਲਾਫ ਹੋਏ ਸਭ ਤੋਂ ਗੰਭੀਰ ਨਫਰਤੀ ਜੁਰਮਾਂ ਦੀ 20ਵੀਂ ਬਰਸੀ ਵੀ ਮਨਾ ਰਹੇ ਹਨ। ਇਸ ਤੋਂ ਪਹਿਲਾਂ 1914 ਵਿਚ ਭਾਰਤ ਤੋਂ ਕੌਮਾਗਾਟਾ ਮਾਰੂ ਜਹਾਜ਼ ਰਾਹੀਂ ਵੈਨਕੂਵਰ ਪਹੁੰਚੇ 376 ਮੁਸਾਫਰਾਂ ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਸਿੱਖ ਸਨ, ਨਾਲ ਉਸ ਵਕਤ ਕੈਨੇਡਾ ਤੇ ਅਮਰੀਕਾ ਵਿਚ ਲਾਗੂ ਏਸ਼ਿਆਈ ਭਾਈਚਾਰੇ ਵਿਰੋਧੀ ਕਾਨੂੰਨਾਂ ਤਹਿਤ ਕੈਨੇਡਾ ਸਰਕਾਰ ਵੱਲੋਂ ਜੋ ਬਹੁਤ ਹੀ ਮਾੜਾ ਵਰਤਾਓ ਕੀਤਾ ਗਿਆ ਸੀ, ਉਸ ਪਿੱਛੋਂ ਇਹ 9/11 ਤੋਂ ਬਾਅਦ ਵਾਲੀ ਨਫਰਤੀ ਲਹਿਰ ਸਭ ਤੋਂ ਭਿਆਨਕ ਸੀ।

ਸਤੰਬਰੀ ਹਮਲਿਆਂ ਤੋਂ ਫੌਰੀ ਬਾਅਦ ਪਹਿਲਾ ਨਫਰਤੀ ਹਮਲਾ, ਭਾਵ ਪੈਟਰੋਲ ਸਟੇਸ਼ਨ ਦੇ ਮਾਲਕ ਬਲਬੀਰ ਸਿੰਘ ਸੋਢੀ ਦਾ ਕਤਲ, ਇੰਨਾ ਅਚਨਚੇਤ ਹੋਇਆ ਕਿ ਉਦੋਂ ਤੱਕ ਤਾਂ ਭਾਰਤੀ ਅਮਰੀਕੀ ਭਾਈਚਾਰਾ ਅਜੇ ਅਮਰੀਕੀ ਸਰਜ਼ਮੀਨ ਉਤੇ ਇਨ੍ਹਾਂ ਭਿਆਨਕ ਸਤੰਬਰੀ ਦਹਿਸ਼ਤੀ ਹਮਲਿਆਂ ਨੂੰ ਸਮਝ ਵੀ ਨਹੀਂ ਸੀ ਸਕਿਆ ਅਤੇ ਇਸ ਤਰ੍ਹਾਂ ਇਹ ਨਫਰਤੀ ਹਮਲਾ ਉਨ੍ਹਾਂ ਲਈ ਦੋਹਰੀ ਮਾਰ ਸੀ। ਇਸ ਤ੍ਰਾਸਦੀ ਦੇ 20 ਸਾਲਾਂ ਬਾਅਦ ਜੇ ਕੋਈ ਦਿਲਾਸੇ ਵਾਲੀ ਗੱਲ ਹੈ ਤਾਂ ਇਹੋ ਕਿ ਸ. ਸੋਢੀ ਦੀ ਮੌਤ ਅਜਾਈਂ ਨਹੀਂ ਗਈ। ਉਨ੍ਹਾਂ ਦੀ ਮੌਤ ਨੇ ਅਮਰੀਕਾ ਅਤੇ ਕੁਝ ਹੱਦ ਤੱਕ ਕੈਨੇਡਾ ਵਿਚ ਵੀ ਜ਼ੋਰਦਾਰ ਮੁਹਿੰਮ ਦਾ ਮੁੱਢ ਬੰਨ੍ਹਿਆ ਜਿਸ ਦੇ ਸਿੱਟੇ ਵਜੋਂ ਹੁਣ ਅਮਰੀਕਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਿੱਖਾਂ ਖਿਲਾਫ ਨਫਰਤੀ ਜੁਰਮਾਂ ਦਾ ਰਿਕਾਰਡ ਵੀ ਰੱਖਦੀਆਂ ਹਨ ਤੇ ਉਨ੍ਹਾਂ ਖਿਲਾਫ ਕਾਰਵਾਈ ਵੀ ਕਰਦੀਆਂ ਹਨ।
ਛੇ ਸਾਲ ਪਹਿਲਾਂ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਨਸਲੀ ਸਬੰਧਾਂ ਵਿਚ ਅਜਿਹੀ ਬਹੁਤ ਅਹਿਮ ਤਬਦੀਲੀ ਵੱਲ ਪੇਸ਼ਕਦਮੀ ਸੌਖੀ ਨਹੀਂ ਸੀ। ਸ. ਸੋਢੀ ਵਾਂਗ ਹੀ ਹੋਰ ਕਈ ਸਿੱਖਾਂ ਨੂੰ ਵੀ ਇਸ ਦੌਰਾਨ ਜਾਨਾਂ ਗਵਾਉਣੀਆਂ ਪਈਆਂ ਅਤੇ ਸਭ ਤੋਂ ਭਿਆਨਕ ਨਸਲੀ ਹਮਲਾ ਨੌਂ ਸਾਲ ਪਹਿਲਾਂ ਵਿਸਕੌਨਸਿਨ ਵਿਚ ਕੀਤਾ ਗਿਆ। ਓਕ ਕਰੀਕ ਸਥਿਤ ਗੁਰਦੁਆਰੇ ਵਿਚ ਹਮਲਾ ਕਰ ਕੇ ਇਕ ਗੋਰੇ ਨਸਲਪ੍ਰਸਤ ਨੇ ਸੱਤ ਸਿੱਖ ਸ਼ਰਧਾਲੂਆਂ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ। ਵਿਸਕੌਨਸਿਨ ਹਮਲੇ ਦੀ ਬਰਸੀ ਹੁਣ ਕੌਮੀ ਯਾਦਗਾਰ ਦਿਹਾੜਾ ਬਣ ਚੁੱਕੀ ਹੈ। ਬੀਤੇ ਹਫਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਭਿਆਨਕ ਘਟਨਾ ਨੂੰ ਚੇਤੇ ਕੀਤਾ ਅਤੇ ਸਭ ਨੂੰ ‘ਨਫਰਤ ਤੇ ਕੱਟੜਤਾ ਖਿਲਾਫ ਡਟ ਕੇ ਖੜ੍ਹਨ’ ਦਾ ਸੱਦਾ ਦਿੰਦਿਆਂ ਇਹ ਗੱਲ ਯਕੀਨੀ ਬਣਾਏ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ ਕਿ ‘ਸਾਰੇ ਲੋਕ ਆਪੋ-ਆਪਣੇ ਅਕੀਦਿਆਂ ਨੂੰ ਬਿਨਾ ਕਿਸੇ ਡਰ-ਭੈਅ ਤੋਂ ਮੰਨ ਸਕਣ’।
ਅਜਿਹਾ ਕੋਈ ਪੱਕਾ ਬੰਦੋਬਸਤ ਨਹੀਂ ਹੈ ਜਿਸ ਨਾਲ ਅਜਿਹੀਆਂ ਨਫਰਤੀ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਕਿਸੇ ਵੱਲੋਂ ਖੁਦ ਨੂੰ ਉੱਤਮ ਮੰਨਦਿਆਂ ਰੰਗ, ਨਸਲ ਅਤੇ ਅਕੀਦੇ ਦੇ ਆਧਾਰ ਉਤੇ ਹੋਰਾਂ ਨਾਲ ਦੁਸ਼ਮਣੀ ਤੇ ਵਿਤਕਰਾ ਕਰਨਾ ਮਾੜੀ ਮਾਨਸਿਕਤਾ ਦਾ ਸਿੱਟਾ ਹੁੰਦਾ ਹੈ ਅਤੇ ਇਸ ਨੂੰ ਕਾਨੂੰਨੀ ਢੰਗ-ਤਰੀਕਿਆਂ ਨਾਲ ਮਾੜਾ-ਮੋਟਾ ਹੀ ਠੱਲ੍ਹਿਆ ਜਾ ਸਕਦਾ ਹੈ। ਇਸ ਲਈ ਅਮਰੀਕਾ ਤੇ ਯੂਰੋਪ ਵਰਗੇ ਸਮਾਜਾਂ ਵਿਚ ਦੱਖਣੀ ਏਸ਼ਿਆਈਆਂ, ਅਰਬਾਂ ਅਤੇ ਪੂਰਬੀ ਏਸ਼ਿਆਈਆਂ ਵਰਗੇ ‘ਗੈਰਾਂ’ ਪ੍ਰਤੀ ਵੈਰ-ਵਿਰੋਧ ਦੇ ਦੋਸ਼ਾਂ ਲਈ ਹਮੇਸ਼ਾ ਗੁੰਜਾਇਸ਼ ਬਣੀ ਰਹੇਗੀ ਪਰ ਸਤੰਬਰੀ ਹਮਲਿਆਂ ਦੀ 20ਵੀਂ ਬਰਸੀ ਮੌਕੇ ਜਦੋਂ ਖਾਸਕਰ ਅਫਗਾਨਿਸਤਾਨ ਵਿਚ ਵਾਪਰੀਆਂ ਹਾਲੀਆ ਘਟਨਾਵਾਂ ਕਾਰਨ ਇਕ ਵਾਰੀ ਮੁੜ ਦਹਿਸ਼ਤਗਰਦੀ ਦੇ ਖਦਸ਼ੇ ਗੰਭੀਰ ਬਣ ਗਏ ਹਨ, ਤਾਂ ਇਹ ਤਸਲੀਮ ਕਰਨਾ ਜ਼ਰੂਰੀ ਹੈ ਕਿ ਸਿੱਖ ਅਮਰੀਕੀਆਂ ਬਾਰੇ ਵੱਡੇ ਪੱਧਰ ‘ਤੇ ਚੇਤਨਾ ਪੈਦਾ ਕਰਨ ਵਿਚ ਕਾਫੀ ਸਫਲਤਾ ਹਾਸਲ ਕਰ ਲਈ ਗਈ ਹੈ ਜਿਨ੍ਹਾਂ ਨੂੰ 9/11 ਤੋਂ ਫੌਰੀ ਬਾਅਦ ਹੁਣ ਤੱਕ ਦੀ ਸਭ ਤੋਂ ਮਾੜੀ ਦੁਸ਼ਮਣੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਾਮਲੇ ਵਿਚ ਹਾਲੇ ਹੋਰ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ ਅਤੇ ਏਸ਼ਿਆਈ ਅਮਰੀਕੀਆਂ ਨੂੰ ਆਪਣੇ ਬੀਤੇ ਦੋ ਦਹਾਕਿਆਂ ਦੇ ਤਜਰਬੇ ਤੋਂ ਪੂਰੀ ਆਸ ਹੈ ਕਿ ਅਜਿਹਾ ਕਰ ਲਿਆ ਜਾਵੇਗਾ।
ਜਦੋਂ ਸਤੰਬਰੀ ਹਮਲੇ ਹੋਏ ਤਾਂ ਬਹੁਤ ਸਾਰੇ ਲੋਕ ਇਸ ਦੇ ਸਿੱਟੇ ਵਜੋਂ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਨੂੰ ਮੁਆਫ ਕਰ ਦੇਣ ਲਈ ਤਿਆਰ ਸਨ। ਦੋਵੇਂ ਥਾਈਂ ਅਮਰੀਕਾ ਵਿਚ ਵੀ ਤੇ ਇਸ ਦੇ ਬਾਹਰ ਵੀ ਪਰ ਹੁਣ ਵੀਹ ਸਾਲਾਂ ਬਾਅਦ ਇਹ ਸੋਚ ਬਦਲ ਗਈ ਹੈ ਅਤੇ ਦਹਿਸ਼ਤਗਰਦੀ ਖਿਲਾਫ ਲੜਾਈ ਦੇ ਨਾਂ ‘ਤੇ ਕੁਝ ਵੀਅ ਤੇ ਸਭ ਕੁਝ ਕਰ ਸਕਣ ਦੇ ਲਾਇਸੈਂਸ ਦੀ ਹੁਣ ਅਮਰੀਕਾ ਵਿਚ ਮਿਆਦ ਪੁੱਗ ਚੁੱਕੀ ਹੈ। ਇਹ ਨਸਲ, ਧਰਮ ਤੇ ਦਿੱਖ (ਪਹਿਰਾਵੇ ਆਦਿ) ਤੇ ਆਧਾਰਤ ਨਫਰਤੀ ਜੁਰਮਾਂ ਅਤੇ ਵਿਤਕਰੇ ਤੋਂ ਕਿਤੇ ਅਗਾਂਹ ਦਾ ਮਾਮਲਾ ਹੈ। ਇਸ ਗੱਲ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਨੂੰ ਢਾਹ ਦਿੱਤੇ ਜਾਣ ਦੇ ਕੁਝ ਸਾਲਾਂ ਬਾਅਦ ਹੀ ਰਾਇਟਰਜ਼ ਹੈਂਡਬੁਕ ਆਫ ਜਰਨਲਿਜ਼ਮ (ਰਾਇਟਰਜ਼ ਦਾ ਪੱਤਰਕਾਰੀ ਬਾਰੇ ਕਿਤਾਬਚਾ) ਆਲਮੀ ਖਬਰ ਨੈਟਵਰਕਾਂ ਦੇ ਰਿਪੋਰਟਰਾਂ ਨੂੰ ਸਲਾਹ ਦੇਵੇਗਾ ਕਿ ਉਹ ‘ਦਹਿਸ਼ਤਗਰਦੀ ਖਿਲਾਫ ਜੰਗ’ ਵਾਕਅੰਸ਼ ਦੀ ਵਰਤੋਂ ਤੋਂ ਗੁਰੇਜ਼ ਕਰਨ। ਇਸ ਕਿਤਾਬਚੇ ਵਿਚ ਲਿਖਿਆ ਹੈ: “ਜਦੋਂ ਤੱਕ ਹਵਾਲੇ ਵਿਚ ਨਾ ਹੋਵੇ, ਇਹ ਵਾਕਅੰਸ਼ ਨਾ ਵਰਤੋ। ਇਹ ਮਾੜੀ ਅੰਗਰੇਜ਼ੀ ਹੈ ਅਤੇ ਇਹ ਅਤਿਵਾਦੀ ਹਿੰਸਾ ਦੁਆਲੇ ਘੁੰਮਦੀ ਪ੍ਰਚਾਰ ਲੜਾਈ ਦਾ ਹਿੱਸਾ ਹੈ।”
ਜਿਵੇਂ ਹੁਣ ਭਾਰਤ ਵਿਚ ਵਾਪਰ ਰਿਹਾ ਹੈ, ਬਿਲਕੁਲ ਉਵੇਂ ਹੀ ਅਮਰੀਕੀ ਮੀਡੀਆ ਦੇ ਕੁਝ ਹਿੱਸਿਆਂ ਨੇ 9/11 ਤੋਂ ਬਾਅਦ ਇਸਲਾਮੋਫੋਬੀਆ (ਮੁਸਲਮਾਨਾਂ/ਇਸਲਾਮ ਤੋਂ ਕਲਪਿਤ ਤੇ ਝੂਠਾ ਡਰ) ਨੂੰ ਹੁਲਾਰਾ ਦੇਣ ਵਿਚ ਅਹਿਮ ਕਿਰਦਾਰ ਨਿਭਾਇਆ। ਇਨ੍ਹਾਂ ਵਿਚ ਮੁੱਖ ਤੌਰ ’ਤੇ ਵਿਜ਼ੂਅਲ ਮੀਡੀਆ ਦੇ ਉਹ ਵਰਗ ਸ਼ਾਮਲ ਸਨ ਜਿਹੜੇ ਆਪਣੇ ਦਰਸ਼ਕ (ਟੀਆਰਪੀ) ਵਧਾਉਣ ਦੇ ਭੁੱਖੇ ਸਨ ਜਾਂ ਜਿਨ੍ਹਾਂ ਕੋਲ ਸਹੀ ਸੂਚਨਾ ਦੀ ਘਾਟ ਸੀ। ਇਸ ਦੀ ਮਾਰ ਗੈਰ-ਮੁਸਲਮਾਨਾਂ ਨੂੰ ਵੀ ਝੱਲਣੀ ਪਈ ਕਿਉਂਕਿ ਬਹੁਤੇ ਅਮਰੀਕੀਆਂ ਨੂੰ ਸਿੱਖਾਂ ਅਤੇ ਅਫਗਾਨਾਂ ਦਰਮਿਆਨ ਫਰਕ ਦੀ ਜਾਣਕਾਰੀ ਨਹੀਂ ਸੀ ਕਿਉਂਕਿ ਦੋਵੇਂ ਹੀ ਦਸਤਾਰਾਂ ਬੰਨ੍ਹਦੇ ਹਨ ਅਤੇ ਅਜਿਹਾ ਕੁਝ ਹੀ ਦਾੜ੍ਹੀਆਂ ਰੱਖਣ ਵਾਲੇ ਇਰਾਨੀਆਂ ਨਾਲ ਵਾਪਰਿਆ। ਗੌਰਤਲਬ ਹੈ ਕਿ 9/11 ਹਮਲਿਆਂ ਤੱਕ ਅਮਰੀਕਾ ਵਿਚ ਦਾੜ੍ਹੀ ਦਾ ਕੋਈ ਮੁੱਦਾ ਹੀ ਨਹੀਂ ਸੀ। ਹਮਲਿਆਂ ਤੋਂ ਬਾਅਦ ਦੇ ਮਹੀਨਿਆਂ ਦੌਰਾਨ ਮੈਨੂੰ ਚੇਤੇ ਹੈ ਕਿ ਨਿਊਯਾਰਕ ਜਾਂ ਵਾਸ਼ਿੰਗਟਨ ਦੇ ਬਾਰਾਂ ਵਿਚ ਜਾਣ ‘ਤੇ ਮੈਨੂੰ ਪੁੱਛਿਆ ਗਿਆ ਕਿ ਕੀ ਮੈਂ ਹਿੰਦੂ ਹਾਂ। ਕਿਸੇ ਨੇ ਵੀ ਮੈਨੂੰ ਮੁਸਲਮਾਨ ਹੋਣ ਬਾਰੇ ਨਹੀਂ ਪੁੱਛਿਆ, ਕਿਉਂਕਿ ਬਾਰ ਦੇ ਸਟੂਲਾਂ ਉਤੇ ਮੇਰੇ ਕਰੀਬ ਬੈਠੇ ਹੋਰ ਗਾਹਕ ਆਪਣੀ ਤਸੱਲੀ ਕਰ ਲੈਣਾ ਚਾਹੁੰਦੇ ਸਨ। ਇਸ ਤੋਂ ਇਲਾਵਾ ਉੱਚ ਵਰਗਾਂ ਵਿਚ ਜ਼ਾਹਰਾ ਤੌਰ ਤੇ ਇਸਲਾਮੋਫੋਬੀਆ ਤੋਂ ਬਚੇ ਜਾਣ ਕਾਰਨ ਅਜਿਹੇ ਸਵਾਲ ਪੈਦਾ ਹੀ ਨਹੀਂ ਹੋਏ ਪਰ ਮੱਧ ਅਮਰੀਕਾ ਦੇ ਵਿਸ਼ਾਲ ਇਲਾਕਿਆਂ ਵਿਚ ਇਹ ਗੱਲ ਨਹੀਂ ਸੀ, ਜਿਥੇ ਅਗਿਆਨਤਾ ਦੀ ਭਰਮਾਰ ਹੈ ਅਤੇ ਬਾਹਰਲੀ ਦੁਨੀਆਂ ਨਾਲ ਸੰਪਰਕ ਨਾਂਮਾਤਰ ਹੈ। ਸ. ਸੋਢੀ ਨੂੰ ਅਮਰੀਕੀ ਇਲਾਕੇ ਐਰੀਜ਼ੋਨਾ ਵਿਚ ਅਜਿਹੀ ਹੀ ਅਗਿਆਨਤਾ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ।
ਦੋ ਦਹਾਕੇ ਪਹਿਲਾਂ ਦੇ ਤਲਖ ਤਜਰਬਿਆਂ ਤੋਂ ਸਬਕ ਲੈਂਦਿਆਂ ਰਾਇਟਰਜ਼ ਵਾਂਗ ਹੀ ਅਮਰੀਕਾ ਦੀਆਂ ਬਹੁਤ ਸਾਰੀਆਂ ਮੀਡੀਆ ਐਸੋਸੀਏਸ਼ਨਾਂ ਨੇ 9/11 ਦੀ 20ਵੀਂ ਬਰਸੀ ਦੀ ਕਵਰੇਜ ਲਈ ਰਿਪੋਰਟਰਾਂ ਵਾਸਤੇ ਤਫਸੀਲ ਨਾਲ ਸੇਧਾਂ ਜਾਰੀ ਕੀਤੀਆਂ ਸਨ। ਅਫਰੀਕੀ ਅਮਰੀਕੀਆਂ ਦਾ ਅਮਰੀਕਾ ਵਿਚ ਵਿਤਕਰਿਆਂ ਦਾ ਹਾਲੀਆ ਪਰਵਾਸੀਆਂ ਜਿਵੇਂ ਭਾਰਤੀਆਂ ਤੇ ਅਰਬਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਭਿਆਨਕ ਅਤੇ ਲਹੂ ਤੇ ਹੰਝੂਆਂ ਭਿੱਜਾ ਤਜਰਬਾ ਹੈ। ਇਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਨੈਸ਼ਨਲ ਐਸੋਸੀਏਸ਼ਨ ਆਫ ਬਲੈਕ ਜਰਨਲਿਸਟਸ (ਐਨ.ਏ.ਬੀ.ਜੇ.) ਵੀ ਆਪਣੇ ਵਰਗੀਆਂ ਹੋਰ ਪੇਸ਼ੇਵਰ ਸੰਸਥਾਵਾਂ ਨਾਲ ਮਿਲ ਕੇ ‘ਪੱਤਰਕਾਰਾਂ ਅਤੇ ਨਿਊਜ਼ ਰੂਮਜ਼ ਨੂੰ ਯਾਦ ਦਿਹਾੜਾ ਪ੍ਰਭਾਵਿਤ ਭਾਈਚਾਰਿਆਂ ਅਤੇ 9/11 ਦੇ ਸਿੱਟੇ ਵਜੋਂ ਆਈਆਂ ਨੀਤੀਆਂ ਨੂੰ ਵਧੇਰੇ ਸਹੀ ਤੇ ਸੰਜੀਦਗੀ ਨਾਲ ਕਵਰ ਕਰਨ ਵਿਚ ਮਦਦ ਕਰਨ ਲਈ ਸੇਧਾਂ’ ਜਾਰੀ ਕਰਨ ਵਿਚ ਪਿੱਛੇ ਨਾ ਰਹੀ। ਇਥੇ ਸਭ ਤੋਂ ਅਹਿਮ ਸ਼ਬਦ ਹਨ ‘ਪ੍ਰਭਾਵਿਤ ਭਾਈਚਾਰੇ’ ਜੋ ਸ. ਸੋਢੀ ਦੇ ਪਰਿਵਾਰ ਅਤੇ ਐਰੀਜ਼ੋਨਾ ਵਿਚਲੇ ਉਨ੍ਹਾਂ ਦੇ ਦੋਸਤਾਂ ਵਰਗੇ ਹਨ, ਜੋ ਉਸ ਵਕਤ ਮੀਡੀਆ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੋਏ।
ਖਬਰਾਂ ਨੂੰ ਫਿਰਕੂ ਰੰਗ ਦੇਣ ਵਾਲੇ ਭਾਰਤੀ ਮੀਡੀਆ ਦੇ ਕੁਝ ਹਿੱਸਿਆਂ ਖਿਲਾਫ ਚੀਫ ਜਸਟਿਸ ਐਨ.ਵੀ. ਰਾਮੰਨਾ ਦੀਆਂ ਟਿੱਪਣੀਆਂ 20 ਸਾਲ ਪਹਿਲਾਂ ਅਮਰੀਕਾ ਵਿਚ ਵੀ ਢੁਕਵੀਆਂ ਅਤੇ ਸੁਧਾਰਕ ਹੋ ਸਕਦੀਆਂ ਸਨ। ਦੂਜੇ ਪਾਸੇ ਅਫਸੋਸ ਦੀ ਗੱਲ ਹੈ ਕਿ ਅਮਰੀਕੀ ਸੁਪਰੀਮ ਕੋਰਟ ਜਿਸ ਦੇ ਬੈਂਚ ਉਤੇ ਉਸ ਵਕਤ ਕਈ ਤਕੜੇ ਰੂੜੀਵਾਦੀ ਬਿਰਾਜਮਾਨ ਸਨ, ਸ਼ਹਿਰੀ ਆਜ਼ਾਦੀਆਂ ਦੇ ਹੱਕ ਵਿਚ ਅਤੇ ਨਾਲ ਹੀ ਨਫਰਤੀ ਜੁਰਮਾਂ ਦੇ ਪੀੜਤਾਂ ਦੀ ਆਜ਼ਾਦੀ ਲਈ ਖੜ੍ਹੇ ਹੋਣ ਵਿਚ ਨਾਕਾਮ ਰਹੇ। ਦੂਜੇ ਪਾਸੇ ਬੈਂਚ ਉਤੇ ਜਿਹੜੇ ਨਰਮ ਖਿਆਲ ਵੀ ਸਨ, ਉਹ ਵੀ ਉਸ ਵਕਤ ਬਣੇ ਜ਼ਹਿਰੀਲੇ ਮਾਹੌਲ ਦੌਰਾਨ ਮੂੰਹ ਖੋਲ੍ਹਣ ਦਾ ਜੇਰਾ ਨਾ ਕਰ ਸਕੇ। ਹਾਂ, ਉਸ ਤਜਰਬੇ ਤੋਂ ਸਬਕ ਸਿੱਖ ਕੇ ਹੁਣ ਉਹ ਜ਼ਰੂਰ ਸਮਝਦਾਰ ਹੋਏ ਹਨ। ਹਾਲਾਂਕਿ ਅਮਰੀਕੀ ਸੁਪਰੀਮ ਕੋਰਟ ਵਿਚ ਇਸ ਵਕਤ ਦੋ ਦਹਾਕੇ ਪਹਿਲਾਂ ਦੇ ਮੁਕਾਬਲੇ ਵੱਧ ਰੂੜੀਵਾਦੀ ਜੱਜ ਹਨ, ਤਾਂ ਵੀ ਪਰਵਾਸੀ ਭਾਈਚਾਰਿਆਂ ’ਤੇ ਅਸਰ ਅੰਦਾਜ਼ ਹੋਣ ਵਾਲੇ ਉਨ੍ਹਾਂ ਦੇ ਫੈਸਲੇ ਹੁਣ ਵਧੇਰੇ ਸੰਤੁਲਿਤ ਅਤੇ ਨਿਰਪੱਖ ਹਨ।
ਅਮਰੀਕਾ ਵਿਚ ਕਿਸੇ ਹੋਰ ਅਦਾਰੇ ਦੇ ਮੁਕਾਬਲੇ ਇਸ ਦੇ (ਲੋਕਤੰਤਰ ਦੇ) ਚੌਥੇ ਥੰਮ੍ਹ ਨੇ ਆਪਣੇ ਆਪ ਨੂੰ ਜ਼ਿਆਦਾ ਦਰੁਸਤ ਕੀਤਾ ਹੈ। ਅਮਰੀਕੀ ਪ੍ਰਿੰਟ ਮੀਡੀਆ ਨੇ ਅਮਰੀਕੀ ਸਦਰ ਜਾਰਜ ਵਾਕਰ ਬੁਸ਼ ਵੱਲੋਂ 2003 ਵਿਚ ਇਰਾਕ ਉਤੇ ਕੀਤੇ ਗਏ ਹਮਲੇ ਦੌਰਾਨ ਜਾਣ-ਬੁਝ ਕੇ ਗਿਣੀਆਂ-ਮਿਥੀਆਂ ਤੇ ਝੂਠੀਆਂ ਖਬਰਾਂ ਛਾਪੀਆਂ ਕਿਉਂਕਿ ਇਹ ਦਹਿਸ਼ਤਗਰਦੀ ਖਿਲਾਫ ਜੰਗ ਦੀ ਲਗਾਤਾਰਤਾ ਸੀ- ਪਰ ਬਾਅਦ ਵਿਚ ਉਸ ਨੇ ਇਸ ਲਈ ਮੁਆਫੀ ਮੰਗ ਕੇ ਖੁਦ ਨੂੰ ਦਿਆਨਤਦਾਰੀ ਦਾ ਪਹਿਰੇਦਾਰ ਸਾਬਤ ਕੀਤਾ। ਹੁਣ ਉਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਜਿਹੜੀ ਭਾਸ਼ਾ ਵਰਤਦੇ ਹਨ, ਉਹ ਸਮਾਜ ਦੀ ਆਮ ਪ੍ਰਵਾਨਤ ਨੀਤੀ ਨਾ ਬਣੇ। ਅਮਰੀਕੀ ਮੀਡੀਆ ਵਿਚ ਹੁਣ ਦਹਿਸ਼ਤਗਰਦੀ ਦਾ ਅਖੌਤੀ ਟਾਕਰਾ ਨਿਰਵਿਵਾਦ ਹੱਲ ਨਹੀਂ ਰਹਿ ਗਿਆ, ਜਿਵੇਂ ਇਹ 9/11 ਤੋਂ ਬਾਅਦ ਸੀ। ਇਸ ਮੌਕੇ ਇਹ ਜ਼ਰੂਰ ਸੋਚਣ ਵਾਲੀ ਗੱਲ ਹੈ ਕਿ ਕੀ ਜਸਟਿਸ ਰਾਮੰਨਾ ਦੀਆਂ ਚੌਕਸ ਕਰਨ ਵਾਲੀਆਂ ਟਿੱਪਣੀਆਂ ਭਾਰਤੀਆਂ ਨੂੰ ਵੀ ਉਵੇਂ ਹੀ ਆਪਣੇ ਗਿਰੇਬਾਨ ਵਿਚ ਝਾਤ ਮਾਰਨ ਲਈ ਪ੍ਰੇਰਨਗੀਆਂ, ਜਿਵੇਂ ਅਮਰੀਕੀਆਂ ਨੇ ਆਪਣੇ ਸਮਾਜ ਦੇ ਫਾਇਦੇ ਲਈ ਕੀਤਾ ਹੈ। ਅਮਰੀਕੀ ਮੀਡੀਆ ਨੇ 9/11 ਤੋਂ ਕਈ ਸਾਲਾਂ ਬਾਅਦ ਇਸਲਾਮੋਫੋਬੀਆ ਦੇ ਮੁੱਦੇ ਉਤੇ ਆਪਣੇ ਆਪ `ਚ ਭਾਰੀ ਸੁਧਾਰ ਕੀਤਾ ਹੈ, ਕੀ ਅਸੀਂ ਭਾਰਤ ਵਿਚ ਅਜਿਹੀ ਉਮੀਦ ਕਰ ਸਕਦੇ ਹਾਂ?