ਬਲਜੀਤ ਬਾਸੀ
ਚਾਕਰ ਸ਼ਬਦ ਦੇ ਭਾਵੇਂ ਨੌਕਰ ਜਿਹੇ ਹੀ ਅਰਥ ਹਨ ਪਰ ਬੋਲਚਾਲ ਵਿਚ ਇਸ ਦੀ ਸੁਤੰਤਰ ਵਰਤੋਂ ਅੱਜ ਕਲ੍ਹ ਘਟ ਹੀ ਸੁਣਨ ਨੂੰ ਮਿਲਦੀ ਹੈ। ਹਾਂ ਇਸ ਗੀਤ ਦੇ ਬੋਲ, ‘ਤੁਸੀਂ ਨੌਕਰ ਚੱਲੇ, ਤੁਸੀਂ ਚਾਕਰ ਚੱਲੇ, ਸਾਡੇ ਲਈ ਕੀ ਲਿਆਓਗੇ ਸੁਗਾਤ’ ਵਿਚ ਚਾਕਰ ਨੂੰ ਨੌਕਰ ਤੋਂ ਨਿਖੇੜਿਆ ਗਿਆ ਹੈ ਪਰ ਇਹ ਇਕ ਕਾਵਿਕ ਜੁਗਤ ਵਜੋਂ ਹੋਇਆ ਹੈ।ਅੱਜ ਕਲ੍ਹ ਆਮ ਤੌਰ ‘ਤੇ ਨੌਕਰ-ਚਾਕਰ ਸ਼ਬਦ ਜੁੱਟ ਵਿਚ ਹੀ ਚਾਕਰ ਦੀ ਮੁਲਾਕਾਤ ਹੁੰਦੀ ਹੈ। ਇਸ ਤੋਂ ਕਈਆਂ ਨੂੰ ਇਸ ਦੇ ਨਿਰਰਥਕ ਸ਼ਬਦ ਹੋਣ ਦਾ ਭੁਲੇਖਾ ਲਗਦਾ ਹੈ ਪਰ ਅਜਿਹਾ ਨਹੀਂ ਹੈ। ਉਂਜ ਬੋਲਚਾਲ ਵਿਚ ਭਾਵੇਂ ਨਹੀਂ, ਕਦੇ ਕਦੇ ਲਿਖਤੀ ਪੰਜਾਬੀ ਵਿਚ ਇਸ ਸ਼ਬਦ ਦੀ ਵਰਤੋਂ ਰੜਕ ਜਾਂਦੀ ਹੈ ਜਿਵੇਂ “ਰਿਲਾਇੰਸ ਦੀ ਚਾਕਰ ਹੈ ਭਾਰਤੀ ਹਕੂਮਤæææ।” ਗੁਰਮੀਤ ਸੰਧੂ ਦੇ ਇਸ ਹਾਇਕੂ ‘ਤੇ ਵੀ ਜ਼ਰਾ ਝਾਤ ਮਾਰ ਲਓ,
ਟਿਕੀ ਰਾਤ ਦਾ ਚਾਕਰ
ਕਰਦਾ ਫਿਰਦਾ ਠਕ ਠਕ
ਸਾਡੀ ਨੀਂਦ ਖਾਤਰ।
ਇਥੇ ਚੌਕੀਦਾਰ ਨੂੰ ਚਾਕਰ ਕਿਹਾ ਗਿਆ ਹੈ। ਹੈਰਾਨੀ ਹੈ ਕਿ ਬੋਲਚਾਲ ਦੀ ਅਜੋਕੀ ਪੰਜਾਬੀ ਵਿਚ ਚਾਕਰ ਕਿਉਂ ਇਕ ਸ਼ਬਦ ਜੁੱਟ ਵਿਚ ਹੀ ਕੈਦ ਹੋ ਕੇ ਰਹਿ ਗਿਆ ਹੈ? ਅੱਜ ਕਦੇ ਕਿਸੇ ਨੇ ਕਿਹਾ ਹੈ, ‘ਮੈਂ ਘਰ ਦੇ ਕੰਮ ਲਈ ਚਾਕਰ ਰਖਿਆ ਹੈ?’ ਕੋਈ ਇਕ ਸਦੀ ਪਹਿਲਾਂ ਅੰਗਰੇਜ਼ੀ ਸ਼ਾਸਨ ਵੇਲੇ ਐਂਗਲੋ-ਇੰਡੀਅਨ ਬੋਲੀ ਦਾ ‘ਹਾਬਸਨ ਜਾਬਸਨ’ ਨਾਮੀ ਇਕ ਕੋਸ਼ ਰਚਿਆ ਗਿਆ। ਚਾਕਰ ਦੀ ਵਰਤੋਂ ਬਾਰੇ ਇਸ ਕੋਸ਼ ਨੇ ਉਦੋਂ ਹੀ ਨਿਰਣਾ ਕਰ ਦਿਤਾ ਸੀ, “ਐਂਗਲੋ-ਇੰਡੀਅਨ ਘਰਾਂ ਵਿਚ ਇਹ ਸ਼ਬਦ ਹੁਣ ਘਟ ਹੀ ਵਰਤੋਂ ਵਿਚ ਆਉਂਦਾ ਹੈ। ਹਾਂ, ਬੋਲਚਾਲ ਵਿਚ ਕਾਵਿਕ ਸੁੰਦਰਤਾ ਵਧਾਉਣ ਲਈ ਇਸ ਦੀ ਵਰਤੋਂ ਨੌਕਰ-ਚਾਕਰ ਸ਼ਬਦ ਜੁੱਟ ਵਿਚ ਜ਼ਰੂਰ ਰੜਕਦੀ ਹੈ। ਪੁਰਾਣੀ ਪੀੜੀ ਨੌਕਰ ਤੇ ਚਾਕਰ ਸ਼ਬਦਾਂ ਵਿਚ ਫਰਕ ਕਰਦੀ ਸੀ। ਉਦੋਂ ਨੌਕਰਾਂ ਦਾ ਦਰਜਾ ਉਚੇਰਾ ਹੁੰਦਾ ਸੀ। ਇਨ੍ਹਾਂ ਵਿਚ ਮੁਨਸ਼ੀ, ਗੁਮਾਸ਼ਤਾ, ਚੋਬਦਾਰ ਅਤੇ ਖਾਨਸਾਮਾ ਸ਼ਾਮਿਲ ਸਨ। ਚਾਕਰ ਨੀਵੇਂ ਦਰਜੇ ਦਾ ਕੰਮ ਕਰਨ ਵਾਲੇ ਸਨ। ਨੌਕਰ ਆਪਣੇ ਆਪ ਨੂੰ ਏਨਾ ਉਚਾ ਸਮਝਦੇ ਸਨ ਕਿ ਜੇ ਉਨ੍ਹਾਂ ਨੂੰ ਕੋਈ ਗਲਤੀ ਨਾਲ ਪੁਛ ਬੈਠੇ ਕਿ ਤੂੰ ਕਿਸ ਦਾ ਚਾਕਰ ਹੈਂ ਤਾਂ ਉਹ ਆਪਣੀ ਘੋਰ ਹੱਤਕ ਹੋਈ ਸਮਝਦੇ ਸਨ।”
ਇਸ ਹਵਾਲੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਵਿਚ ਸੌ ਸਾਲ ਪਹਿਲਾਂ ਹੀ ਚਾਕਰ ਸ਼ਬਦ ਦੀ ਵਰਤੋਂ ਘਟ ਗਈ ਸੀ ਜਦ ਕਿ ਇਸ ਤੋਂ ਪਹਿਲਾਂ ਨੌਕਰ ਤੇ ਚਾਕਰ ਦੋ ਅਲੱਗ-ਅਲੱਗ ਤਰ੍ਹਾਂ ਦੇ ਖਿਦਮਤਗਾਰ ਸਨ। ਚਾਕਰ ਸ਼ਬਦ ਦੀ ਵਰਤੋਂ ਹੀ ਨਹੀਂ ਘਟੀ, ਇਸ ਨੂੰ ਤਾਂ ਹਾਸੀਏ ਵਿਚ ਹੀ ਧੱਕ ਦਿੱਤਾ ਗਿਆ। ਦੂਜੇ ਪਾਸੇ ਨੌਕਰ ਭਾਵੇਂ ਫੌਜੀ ਜਾਂ ਮੁਲਾਜ਼ਮ ਦਾ ਰੁਤਬਾ ਕਾਇਮ ਰੱਖ ਸਕਿਆ ਪਰ ਹੌਲੀ ਹੌਲੀ ਇਹ ਵੀ ਹੇਠਲੇ ਦਰਜੇ ਦੇ ਕੰਮਕਾਰ ਕਰਨ ਵਾਲਾ ਟਹਿਲੂਆ ਬਣ ਕੇ ਰਹਿ ਗਿਆ।
ਆਮ ਵਿਚਾਰ ਅਨੁਸਾਰ ਚਾਕਰ ਸ਼ਬਦ ਫਾਰਸੀ ਦਾ ਹੈ। ‘ਮਹਾਨ ਕੋਸ਼’ ਇਸ ਨੂੰ ਫਾਰਸੀ ਤੋਂ ਆਇਆ ਦੱਸ ਕੇ ਇਸ ਦੇ ਅਰਥ ਨੌਕਰ ਜਾਂ ਸੇਵਕ ਵਜੋਂ ਕਰਦਾ ਹੈ। ਪਲੈਟਸ ਜਿਹਾ ਸਮਰੱਥ ਕੋਸ਼ਕਾਰ ਇਸ ਨੂੰ ਆਪਣੇ ਹਿੰਦੁਸਤਾਨੀ-ਅੰਗਰੇਜ਼ੀ ਕੋਸ਼ ਵਿਚ ਸੰਸਕ੍ਰਿਤ ਦੇ ‘ਕ੍ਰ’ ਧਾਤੂ ਤੋਂ ਬਣਿਆ ਦੱਸਦਾ ਹੈ ਜਿਸ ਦਾ ਅਰਥ ‘ਕਰਨਾ’ ਹੁੰਦਾ ਹੈ। ਅਰਥਾਤ ਚਾਕਰ ਉਹ ਹੈ ਜੋ ਕੰਮ ਕਰੇ। ਕੁਝ ਲੋਕ ਇਸ ਨੂੰ ‘ਚੱਕ’ ਤੋਂ ਬਣਿਆ ਵੀ ਦਰਸਾਉਂਦੇ ਹਨ ਯਾਨਿ ਚਾਕਰ ਉਹ ਹੈ ਜੋ ਆਪਣੇ ਕੰਮਾਂ ਕਾਰਨ ਅਤੇ ਹਮੇਸ਼ਾ ਮਾਲਕਾਂ ਦੀ ਤਾਬਿਆ ਵਿਚ ਰਹਿਣ ਕਾਰਨ ਚੱਕ ਵਾਂਗ ਭੌਂਦਾ ਫਿਰਦਾ ਹੈ। ਅਜਿਹੀਆਂ ਵਿਉਤਪਤੀਆਂ ਮਨੋਰੰਜਕ ਤਾਂ ਹੁੰਦੀਆਂ ਹਨ, ਇਨ੍ਹਾਂ ਦਾ ਸੱਚਾਈ ਨਾਲ ਕੋਈ ਵਾਸਤਾ ਨਹੀਂ ਹੁੰਦਾ। ਅਸੀਂ ਨੌਕਰ ਵਾਲੇ ਲੇਖ ਵਿਚ ਦੇਖ ਆਏ ਹਾਂ ਕਿ ਮੁਢਲੇ ਤੌਰ ‘ਤੇ ਇਸ ਦਾ ਸਬੰਧ ਯੋਧਿਆਂ ਨਾਲ ਹੈ। ਚਾਕਰ ਦੀ ਵੀ ਲਗਭਗ ਇਹੀ ਕਹਾਣੀ ਹੈ। ਤੁਰਕੀ ਵਿਚ ਚਾਕਰ ਸਰਦਾਰ ਦੇ ਯੋਧੇ ਤੇ ਅੰਗ-ਰਖਿਅਕ ਹੁੰਦੇ ਸਨ। ਬਹੁਤ ਪਿਛੇ ਤੱਕ ਜਾਣ ‘ਤੇ ਪਤਾ ਲਗਦਾ ਹੈ ਕਿ ਚਾਕਰ ਚੀਨੀ ਮੂਲ ਦਾ ਸ਼ਬਦ ਹੈ। ਨੌਕਰ ਦੀ ਤਰ੍ਹਾਂ ਚਾਕਰ ਵੀ ਖਾਕਾਨ ਹਾਕਮ ਪਰਿਵਾਰਾਂ ਨਾਲ ਜੁੜੇ ਹੋਏ ਬਹਾਦਰ ਯੋਧੇ ਅਤੇ ਅੰਗ-ਰਖਿਅਕ ਹੋਇਆ ਕਰਦੇ ਸਨ। ‘ਅਲਤਾਇਕ ਜਗਤ ਦੇ ਰਿਸ਼ਤੇ-ਨਾਤੇ’ ਨਾਮੀ ਕਿਤਾਬ ਤੋਂਂ ਪਤਾ ਲਗਦਾ ਹੈ ਕਿ ਸਾਸਾਨ ਵੰਸ਼ਾਂ ਵਿਚ ਚਾਕਰ ਸ਼ਬਦ ਇਕ ਤਰ੍ਹਾਂ ਪੁਨਰ ਵਿਆਹ ਵੱਲ ਸੰਕੇਤ ਕਰਦਾ ਹੈ। ਸਾਸਾਨ ਰਿਵਾਜ ਅਨੁਸਾਰ ਇਸਤਰੀ ਦੇ ਦੇਵਰ ਅਤੇ ਉਸ ਦੀ ਪਹਿਲੀ ਸ਼ਾਦੀ ਤੋਂ ਪੈਦਾ ਹੋਏ ਬੱਚਿਆਂ ਲਈ ਨਵੇਂ ਪਤੀ ਦੀ ਟਹਿਲ ਸੇਵਾ ਅਤੇ ਰਖਵਾਲੀ ਕਰਨਾ ਲਾਜ਼ਮੀ ਹੁੰਦਾ ਸੀ। ਇਹ ਯੁਧ ਵਿਚ ਵੀ ਪ੍ਰਮੁਖ ਭੂਮਿਕਾ ਨਿਭਾਉਂਦੇ ਸਨ ਤੇ ਚਾਕਰ ਕਹਾਉਂਦੇ ਸਨ। ਬਾਅਦ ਵਿਚ ਸੌਦਗੀਅਨ ਹਾਕਮਾਂ ਦੇ ਖਿਦਮਤਗਾਰਾਂ ਨੂੰ ਵੀ ਚਾਕਰ ਕਿਹਾ ਜਾਣ ਲੱਗਾ। ਕਿਸੇ ਵੇਲੇ ਇਹ ਆਪਣੇ ਆਪ ਨੂੰ ਚਾਕਰ ਕਹਾਉਣ ਵਿਚ ਫਖਰ ਮਹਿਸੂਸ ਕਰਦੇ ਸਨ। ਪਰ ਹੌਲੀ ਹੌਲੀ ਇਨ੍ਹਾਂ ਦੀ ਮਹੱਤਤਾ ਘਟਦੀ ਘਟਦੀ ਨਿਘਰ ਹੀ ਗਈ।
ਚਾਕਰ ਸ਼ਬਦ ਤੁਰਕੀ ਥਾਣੀਂ ਹੁੰਦਾ ਹੋਇਆ ਉਜ਼ਬੇਕ ਅਤੇ ਤਾਜਿਕੀ ਭਾਸ਼ਾਵਾਂ ਵਿਚ ਪੁੱਜਾ ਤੇ ਉਥੋਂ ਫਾਰਸੀ ਤੇ ਇਸ ਨਾਲ ਜੁੜੀਆਂ ਹਿੰਦ-ਇਰਾਨੀ ਭਾਸ਼ਾਵਾਂ ਵਿਚ ਦਾਖਲ ਹੋਇਆ। ਇਹ ਇਲਾਕਾ ਸਿਲਕ ਰੋਡ ‘ਤੇ ਸਥਿਤ ਹੋਣ ਕਾਰਨ ਇਥੋਂ ਦੀਆਂ ਭਾਸ਼ਾਵਾਂ ਵਿਚ ਚੀਨੀ ਅਤੇ ਮੰਗੋਲ ਭਾਸ਼ਾਵਾਂ ਦੇ ਅਨੇਕਾਂ ਸ਼ਬਦ ਰਚ-ਮਿਚ ਗਏ। ਸੱਚੀ ਗੱਲ ਤਾਂ ਇਹ ਹੈ ਕਿ ਯੁਧ ਨਾਲ ਸਬੰਧਤ ਬਹੁਤ ਸਾਰੀ ਸ਼ਬਦਾਵਲੀ ਇਸ ਭਾਸ਼ਾਈ ਖੇਤਰ ‘ਚੋਂ ਆਈ ਹੈ। ਕਈ ਰਹਿੰਦ-ਖੂਹੰਦਾਂ ਵਿਚ ਸ਼ਬਦਾਂ ਦੇ ਪੁਰਾਣੇ ਰੂਪ ਜਾਂ ਅਰਥ ਦਿਸ ਪੈਂਦੇ ਹਨ। ਇਹ ਰਹਿੰਦ-ਖੂਹੰਦ ਇਕ ਤਰ੍ਹਾਂ ਪਥਰਾਟਾਂ ਦੀ ਤਰ੍ਹਾਂ ਹੀ ਹੁੰਦੇ ਹਨ। ਇਸ ਗੱਲ ਦੀ ਇਕ ਠੋਸ ਮਿਸਾਲ ਦੇ ਕੇ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਅਸਲ ਵਿਚ ਚਾਕਰ ਸ਼ਬਦ ਇਕ ਰੁਤਬੇ ਜਾਂ ਖਿਤਾਬ ਦੀ ਤਰ੍ਹਾਂ ਵੀ ਵਰਤਿਆ ਜਾਂਦਾ ਰਿਹਾ ਹੈ। ਉਤਰੀ ਇਰਾਨ, ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਅਜੇ ਵੀ ਕੁਝ ਲੋਕ ਚਾਕਰ ਕਹਾਉਣ ਵਿਚ ਫਖਰ ਮਹਿਸੂਸ ਕਰਦੇ ਹਨ। ਚਾਕਰ ਖਾਂ ਰਿੰਦ ਨਾਂ ਦਾ ਇਕ ਬਲੋਚੀ ਸਰਦਾਰ 16ਵੀਂ ਸਦੀ ਦਾ ਇਕ ਬਲੋਚੀ ਨਾਇਕ ਹੋਇਆ ਹੈ। ਬਲੋਚਿਸਤਾਨ ਦੀ ਇਕ ਮਸ਼ਹੂਰ ਦਾਸਤਾਨ ‘ਹਨੀ-ਓ-ਸ਼ੇ ਮੁਰੀਦ’ ਦਾ ਮੁਖ ਚਰਿਤਰ ਇਹ ਚਾਕਰ ਖਾਂ ਰਿੰਦ ਹੀ ਹੈ। ਯੁਧਾਂ ਵਿਚ ਇਸ ਨੇ ਬਹੁਤ ਸਾਰੇ ਮਾਅਰਕੇ ਮਾਰੇ। ਇਕ ਵਾਰੀ ਇਸ ਨੇ ਸ਼ੇਰ ਸ਼ਾਹ ਸੂਰੀ ਦੀਆਂ ਫੌਜਾਂ ਨੂੰ ਵੀ ਹਰਾ ਦਿੱਤਾ। ਇਸ ਨੂੰ ‘ਚਾਕਰੇ ਆਜ਼ਮ’ ਵੀ ਕਿਹਾ ਜਾਣ ਲੱਗਾ। ਇਸ ਸਰਦਾਰ ਨਾਲ ਸਬੰਧਤ ਕਬੀਲੇ ਦੇ ਕਈ ਲੋਕ ਅਜੇ ਵੀ ਪੱਛਮੀ ਪੰਜਾਬ ਦੇ ਓਕਾਰਾ ਜ਼ਿਲੇ ਦੇ ਸਤਘਰਾ ਕਸਬੇ ਵਿਚ ਰਹਿੰਦੇ ਹਨ ਜੋ ਸਰਾਇਕੀ ਬੋਲਦੇ ਹਨ। ਇਨ੍ਹਾਂ ਦਾ ਅਜੇ ਵੀ ਚੋਖਾ ਰਾਜਸੀ ਦਬਦਬਾ ਹੈ। ਬਲੋਚਿਸਤਾਨ ਦੇ ਇਕ ਮਾਰਕਸਵਾਦੀ ਗੁਰੀਲਾ ਲੀਡਰ ਦੀ ਜਦ 1970 ਵਿਚ ਮੌਤ ਹੋਈ ਤਾਂ ਲੋਕਾਂ ਨੇ ਉਸ ਨੂੰ ‘ਚਾਕਰ ਖਾਨ’ ਦੀ ਉਪਾਧੀ ਦਿੱਤੀ।
ਅਕਸਰ ਜ਼ਿਕਰ ਹੁੰਦਾ ਰਹਿੰਦਾ ਹੈ ਕਿ ਇਤਿਹਾਸਕ ਕਾਰਨਾਂ ਕਰਕੇ ਪੰਜਾਬੀ ਤੇ ਹੋਰ ਭਾਰਤੀ ਬੋਲੀਆਂ ਵਿਚ ਫਾਰਸੀ, ਅਰਬੀ ਤੇ ਤੁਰਕ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਵੜ ਚੁਕੇ ਹਨ। ਤੇਰਵੀਂ ਸਦੀ ਦੇ ਪੰਜਾਬੀ ਕਵੀ ਬਾਬਾ ਸ਼ੇਖ ਫਰੀਦ ਨੇ ਬਹੁਤ ਸਾਰੇ ਅਜਿਹੇ ਸ਼ਬਦ ਵਰਤੇ ਹਨ ਜਿਨ੍ਹਾਂ ਵਿਚ ਚਾਕਰ ਵੀ ਇਕ ਹੈ, “ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹਿ ਭਰਾਂਦਿ।” ਇਸੇ ਤਰ੍ਹਾਂ ਤੇਰਵੀਂ-ਚੌਦਵੀਂ ਸਦੀ ਦੇ ਤੁਰਕ ਪਿਛੋਕੜ ਦੇ ਭਾਰਤੀ ਕਵੀ ਅਤੇ ਕੋਸ਼ਕਾਰ ਅਮੀਰ ਖੁਸਰੋ ਨੇ ‘ਖਾਲਿਕਬਾਰੀ’ ਨਾਂ ਦਾ ਇਕ ਛੰਦਬਧ ਕੋਸ਼ ਰਚਿਆ ਹੈ ਜਿਸ ਵਿਚ ਅਰਬੀ-ਫਾਰਸੀ-ਤੁਰਕੀ ਸ਼ਬਦਾਂ ਦੇ ਨਾਲ ਨਾਲ ਭਾਰਤੀ ਸ਼ਬਦ ਲਿਖੇ ਮਿਲਦੇ ਹਨ। ਚਾਕਰ ਦਾ ਇੰਦਰਾਜ ਇਸ ਤਰ੍ਹਾਂ ਹੈ, “ਦੂਦ ਕਾਜਲ ਅੰਜਨ ਸੁਰਮਹ ਕੀਮਤ ਮੋਲ। ਚਾਕਰ ਸੇਵਕ ਬੰਦਹ ਚੇਰਾ ਕੌਲ ਸੋ ਬੋਲ।” ਮੀਰਾ ਬਾਈ ਦੇ ਇਕ ਮਸ਼ਹੂਰ ਭਜਨ ਦੇ ਬੋਲ ਹਨ, ‘ਮੰਨੇ ਚਾਕਰ ਰਾਖੋ ਜੀ।’ ਸਿੱਖ ਗੁਰੂਆਂ ਨੇ ਵੀ ਇਸ ਸ਼ਬਦ ਦੀ ਖੂਬ ਵਰਤੋਂ ਕੀਤੀ ਹੈ। ਮਿਸਾਲ ਵਜੋਂ, “ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ॥” -ਗੁਰੂ ਅਰਜਨ ਦੇਵ। “ਚਾਕਰ ਲਗੇ ਚਾਕਰੀ ਨਾਲੇ ਗਾਰਬੁ ਵਾਦ॥” -ਗੁਰੂ ਅੰਗਦ ਦੇਵ, ਅਤੇ “ਚਾਕਰੁ ਲਗੈ ਵਾਕਰੀ ਜੇ ਚਲੈ ਖਸਮੈ ਭਾਈ॥” -ਗੁਰੂ ਨਾਨਕ ਦੇਵ। ਚਾਕਰ ਤੋਂ ਹੀ ਬਣਿਆ ਚਾਕਰੀ ਸ਼æਬਦ ਗੁਰੂ ਗ੍ਰੰਥ ਸਾਹਿਬ ਵਿਚ ਕਈ ਵਾਰੀ ਆਇਆ ਹੈ, “ਤਾ ਕੀ ਚਾਕਰੀ ਕਰਹੁ ਬਿਸੇਖਾ॥” -ਗੁਰੂ ਅਰਜਨ ਦੇਵ। “ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ॥” -ਗੁਰੂ ਨਾਨਕ ਦੇਵ। ਧਿਆਨਯੋਗ ਹੈ ਕਿ ਗੁਰੂਆਂ ਤੇ ਭਗਤਾਂ ਦੀ ਬਾਣੀ ਵਿਚ ਚਾਕਰ ਜਾਂ ਚਾਕਰੀ ਸ਼ਬਦ ਕੇਵਲ ਪਰਮਾਤਮਾ ਜਾਂ ਗੁਰੂ ਦੀ ਸੇਵਾ ਦੇ ਅਰਥਾਂ ਵਿਚ ਹੀ ਹੈ, ਇਸ ਦੀ ਸਮਾਜਕ ਪ੍ਰਕਰਣ ਵਿਚ ਵਰਤੋਂ ਨਹੀਂ ਲਭਦੀ। ਪਰ ਅਸੀਂ ਅਟਕਲ ਲਗਾ ਸਕਦੇ ਹਾਂ ਕਿ ਉਨ੍ਹਾਂ ਦਿਨਾਂ ਵਿਚ ਚਾਕਰ ਸ਼ਬਦ ਦੀ ਸਮਾਜ ਵਿਚ ਕਾਫੀ ਵਰਤੋਂ ਹੁੰਦੀ ਹੋਵੇਗੀ। ਸੂਫੀ ਤੇ ਕਿੱਸਾ ਕਵੀਆਂ ਨੇ ਵੀ ਇਸ ਸ਼ਬਦ ਦੀ ਕਾਫੀ ਵਰਤੋਂ ਕੀਤੀ ਹੈ। ਹਾਸ਼ਿਮ ਸ਼ਾਹ ਫਰਮਾਉਂਦੇ ਹਨ,
ਨ ਬਣ ਸ਼ੇਖ ਮਸ਼ਾਇਖ ਪਿਆਰੇ,
ਨ ਪਹਿਨ ਲਿਬਾਸ ਫ਼ਕਰ ਦਾ।
ਬਣ ਘਾਇਲ ਮਰ ਦਿਲ ਦੀ ਪੀੜੇ,
ਇਹ ਤਿਉਂ ਤਿਉਂ ਦਾਮ ਮਕਰ ਦਾ।
ਤੋੜ ਖੁਦੀ ਖ਼ੁਦਬੀਨੀ ਨਫ਼ਸੋਂ,
ਅਤੇ ਚਾਕਰ ਰਹਿ ਦਿਲਬਰ ਦਾ।
ਹਾਸ਼ਮ ਦਰਦ ਜਿਗਰ ਵਿਚ ਬੂਟਾ,
ਕਰ ਗਿਰੀਆ ਨਾਲ ਪ੍ਰਵਰਦਾ।
—
ਬੁਲੇ ਸ਼ਾਹ ਦਾ ਕਲਾਮ ਦੇਖੋ,
ਸੋਹਣੀਆਂ ਪਰੇ ਹਟਾਈਆਂ,
ਤੇ ਕੋਝੀਆਂ ਲੈ ਗਲ ਲਾਈਆਂ।
ਜੇ ਤੂੰ ਲੋੜੇਂ ਬਾਗ਼ ਬਹਾਰਾਂ,
ਚਾਕਰ ਹੋ ਜਾ ਰਾਈਆਂ।
ਬੁੱਲ੍ਹੇ ਸ਼ਾਹ ਦੀ ਜਾਤ ਕੀ ਪੁਛਣੈ,
ਸ਼ਾਕਰ ਹੋ ਰਜ਼ਾਈਆਂ।
ਵਾਰਸ ਸ਼ਾਹ ਨੇ ਤਾਂ ਖੈਰ ਇਹ ਸ਼ਬਦ ਵਰਤਣਾ ਹੀ ਸੀ,
ਸਈਅਦ ਸੋਈ ਜੋ ਸੂਮ ਨਾ ਹੋਵੇ
ਕਾਇਰ ਜ਼ਾਨੀ ਸਿਆਹ ਤੇ
ਨਾ ਕਹਿਰਵਾਨ ਹੋਵੇ।
ਚਾਕਰ ਔਰਤਾਂ ਸਦਾ ਬੇਉਜ਼ਰ ਹੋਵਣ
ਅਤੇ ਆਦਮੀ ਬੇਨੁਕਸਾਨ ਹੋਵੇ।
ਪਰ੍ਹਾਂ ਜਾ ਵੇ ਭੇਸੀਆ ਚੋਬਰਾ ਵੇ
ਮਤਾਂ ਮੰਗਣੋਂ ਕੋਈ ਵਧਾਣ ਹੋਵੇ।
ਵਾਰਸ ਸ਼ਾਹ ਫਕੀਰ ਬਿਨ ਹਿਰਸ ਜ਼ਫਲਤ
ਯਾਦ ਰਬ ਦੀ ਵਿਚ ਮਸਤਾਨ ਹੋਵੇ।
ਵਾਰਸ ਸ਼ਾਹ ਦਾ ਜ਼ਿਕਰ ਹੋਇਆ ਹੈ ਤਾਂ ਇਕ ਗੱਲ ਯਾਦ ਆ ਗਈ। ਵਾਰਿਸ ਸ਼ਾਹ ਤੇ ਹੋਰਾਂ ਵਲੋਂ ਰਚੇ ਹੀਰ ਦੇ ਕਿੱਸੇ ਵਿਚ ਅਸੀਂ ਪੜ੍ਹਦੇ ਹਾਂ ਕਿ ਆਪਣੇ ਪਿਆਰ ਦੀ ਖਾਤਿਰ ਰਾਂਝਾ ਹੀਰ ਦੇ ਘਰ ਵਿਚ ਚਾਕ ਦੀ ਨੌਕਰੀ ਕਰਨ ਲੱਗ ਪਿਆ,
ਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ
ਇਹ ਵੀ ਫੰਦ ਲੱਗੇ ਜੇ ਤੂੰ ਲਾਵਨਾ ਏ।
ਵਾਰਸ ਸ਼ਾਹ ਚੁਹੀਕ ਜੇ ਨਵੀਂ ਚੂਪੇਂ
ਸਭੇ ਭੁਲ ਜਾਨੀ ਜਿਹੜੀਆਂ ਗਾਵਨਾਂ ਏ।
ਚਾਕ ਦਾ ਅਰਥ ਆਮ ਤੌਰ ‘ਤੇ ਚਰਵਾਹਾ ਕੀਤਾ ਜਾਂਦਾ ਹੈ, ਸ਼ਾਇਦ ਇਸ ਲਈ ਕਿ ਚਾਕ ਵਜੋਂ ਉਸ ਦਾ ਮੁਖ ਕੰਮ ਮੱਝਾਂ ਚਰਾਉਣਾ ਸੀ ਪਰ ਚਾਕ ਸ਼ਬਦ ਅਸਲ ਵਿਚ ਚਾਕਰ ਦਾ ਹੀ ਸੁੰਗੜਿਆ ਰੂਪ ਹੈ ਤੇ ਸਮਾਂ ਪੈਣ ‘ਤੇ ਇਸ ਦਾ ਹਸ਼ਰ ਚਾਕਰ ਨਾਲੋਂ ਵੀ ਭੈੜਾ ਹੋ ਗਿਆ, ਚਾਕ ਸ਼ਬਦ ਹੀ ਸਾਡੀ ਭਾਸ਼ਾ ਵਿਚੋਂ ਉਡ ਗਿਆ।
ਬੁਲ੍ਹਾ ਸ਼ਹੁ ਦੀ ਜਾਤ ਕੀ ਪੁਛਨਾਂ,
ਸ਼ਾਕਰ ਹੋ ਰਜ਼ਾਈਂ ਦਾ।
ਜੋ ਤੂੰ ਲੋੜੇਂ ਬਾਗ ਬਹਾਰਾਂ,
ਚਾਕਰ ਰਹੁ ਅਰਾਈਂ ਦਾ।
Leave a Reply