ਖੋਜ ਪੁਸਤਕ: ਹਾਕੀ ਦਾ ਘਰ ਸੰਸਾਰਪੁਰ

ਪ੍ਰਿੰ. ਸਰਵਣ ਸਿੰਘ
ਸੰਸਾਰਪੁਰ ਨੂੰ ਹਾਕੀ ਦਾ ਮੱਕਾ, ਹਾਕੀ ਦਾ ਤੀਰਥ, ਹਾਕੀ ਦਾ ਘਰ, ਹਾਕੀ ਦਾ ਬਾਗ, ਕੁਝ ਵੀ ਕਹਿ ਸਕਦੇ ਹਾਂ। ਇਸ ਦੀ ਮਿੱਟੀ ਹੋਰਨਾਂ ਫਸਲਾਂ ਵਾਂਗ ਹਾਕੀ ਖਿਡਾਰੀਆਂ ਦੀਆਂ ਫਸਲਾਂ ਵੀ ਪੈਦਾ ਕਰਦੀ ਰਹੀ ਹੈ। ਇਸ ਪਿੰਡ ਦੇ ਸੈਆਂ ਖਿਡਾਰੀ ਦੇਸ਼-ਵਿਦੇਸ਼ ਹਾਕੀ ਮੈਦਾਨਾਂ ‘ਚ ਪੈੜਾਂ ਕਰ ਚੁਕੇ ਹਨ। ਕਿਹਾ ਜਾਂਦੈ ਕਿ ਸੰਸਾਰਪੁਰ ‘ਚ ਜਿਹੜਾ ਬੱਚਾ ਜਨਮ ਲੈਂਦੈ, ਉਹਦਾ ਪਹਿਲਾ ਰੋਣਾ ਹਾਕੀ ਦੀ ਸਟਿਕ ਲੈਣ ਲਈ ਹੀ ਹੁੰਦੈ। ਲਤੀਫਾ ਬਣ ਗਿਆ ਹੋਇਐ ਕਿ ਉਥੇ ਬੱਚਾ ਜੰਮਦਾ ਹੀ ਤਦ ਹੈ, ਜੇ ਉਹਦੇ ਹੱਥ ਹਾਕੀ ਫੜਾਈ ਜਾਵੇ! ਮਾਂਵਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਤੋਂ ਪਹਿਲਾਂ ਉਨ੍ਹਾਂ ਦਾ ਮੂੰਹ ਹਾਕੀ ਗਰਾਊਂਡ ਵੱਲ ਕਰ ਕੇ ਮੱਥਾ ਟਿਕਾਉਂਦੀਆਂ, ਪਰ ਇਹ ਪਹਿਲਾਂ ਦੀਆਂ ਗੱਲਾਂ ਹਨ। 1976 ਤੋਂ ਬਾਅਦ ਸ਼ਾਇਦ ਹੀ ਕੋਈ ਸੰਸਾਰਪੁਰੀਆ ਹਾਕੀ ਦਾ ਉਲੰਪੀਅਨ ਬਣਿਆ ਹੋਵੇ!

ਦੁਨੀਆਂ ਦਾ ਕੋਈ ਹੋਰ ਪਿੰਡ ਨਹੀਂ ਹੋਵੇਗਾ, ਜਿਥੇ ਸੰਸਾਰਪੁਰ ਵਾਂਗ 14 ਉਲੰਪੀਅਨ ਹਾਕੀ ਖਿਡਾਰੀਆਂ ਦੇ ਜੱਦੀ ਘਰ 100 ਮੀਟਰ ਦੇ ਘੇਰੇ ਵਿਚ ਹੋਣ। ਸੰਸਾਰਪੁਰ ਦੀ ਇਕ ਬੀਹੀ ਹੈ, ਜਿਥੋਂ ਇੱਟ ਪੁੱਟਿਆਂ ਹਾਕੀ ਖਿਡਾਰੀ ਨਿਕਲਦੈ! ਇਸ ਬੀਹੀ ਦੇ ਜੰਮਪਲਾਂ ਨੇ ਉਲੰਪਿਕ ਖੇਡਾਂ ‘ਚੋਂ 8 ਸੋਨੇ, 1 ਚਾਂਦੀ ਤੇ 6 ਤਾਂਬੇ ਦੇ ਤਗਮੇ ਜਿੱਤੇ ਹਨ। 5 ਅਰਜਨਾ ਅਵਾਰਡ ਤੇ ਦੋ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕੀਤੇ ਹਨ। ਇਕ ਚਾਂਦੀ ਤੇ 3 ਸੋਨ ਤਗਮੇ ਤਾਂ ‘ਕੱਲੇ ਊਧਮ ਸਿੰਘ ‘ਊਧੀ’ ਦੇ ਹੀ ਹਨ। ਪੰਜਾਬ ਤੇ ਭਾਰਤ ਦੇ ਵਿਰਾਸਤ ਵਿਭਾਗਾਂ ਨੂੰ ਸੰਸਾਰਪੁਰ ਦੀ ਇਹ ਬੀਹੀ ‘ਖੇਡ ਵਿਰਾਸਤ’ ਵਜੋਂ ਸਿ਼ੰਗਾਰਨੀ ਤੇ ਸੰਭਾਲਣੀ ਚਾਹੀਦੀ ਹੈ।
ਸੰਸਾਰਪੁਰ ਦੇ ਜੰਮਪਲ ਪ੍ਰੋਫੈਸਰ ਪੋਪਿੰਦਰ ਸਿੰਘ ਕੁਲਾਰ ਦੀ ਪੁਸਤਕ ‘ਹਾਕੀ ਦਾ ਘਰ ਸੰਸਾਰਪੁਰ’ ਉਸ ਦੇ ਪੀਐਚ.ਡੀ. ਦੇ ਖੋਜ ਪ੍ਰਬੰਧ ਉਤੇ ਆਧਾਰਿਤ ਹੈ। ਅੰਗਰੇਜ਼ੀ ਵਿਚ ਇਸ ਦਾ ਨਾਮ ‘ਐਜੂਕੇਸ਼ਨਲ ਐਂਡ ਸੋਸ਼ੀਓ-ਕਲਚਰਲ ਈਥੋਜ਼ ਆਫ ਸਪੋਰਟਸ, ਐਨ ਇੰਡੀਅਨ ਐਕਸਪੀਰੀਐਂਸ ਇਨ ਸੰਸਾਰਪੁਰ’ ਹੈ। 2006 ਵਿਚ ਅੰਗਰੇਜ਼ੀ `ਚ ਛਾਪਣ ਪਿੱਛੋਂ ਪੰਜਾਬੀ `ਚ ਲਿਖੀ ਇਹ ਕਿਤਾਬ ਪੰਜਾਬੀ ਖੇਡ ਸਾਹਿਤ ਦੀ ਖੋਜ ਭਰਪੂਰ ਪੁਸਤਕ ਹੈ। ਇਹ ਪੁਸਤਕ 2010 ਵਿਚ ਪੀ. ਪੀ. ਪਬਲੀਕੇਸ਼ਨ ਦਿੱਲੀ ਵੱਲੋਂ ਛਾਪੀ ਗਈ ਸੀ। ਇਸ ਦੇ ਪਹਿਲੇ ਪੰਨੇ ਉਤੇ ਉਲੰਪਿਕ ਹਾਕੀ ਟੀਮਾਂ ਦੇ ਦੋ ਵਾਰ ਕਪਤਾਨ ਰਹੇ ਪਰਗਟ ਸਿੰਘ ਨੇ ‘ਪੇਸ਼ਕਸ਼’ ਸਿਰਲੇਖ ਹੇਠ ਲਿਖਿਆ:
ਮੈਨੂੰ ਬਹੁਤ ਖੁਸ਼ੀ ਤੇ ਮਾਣ ਹੈ ਕਿ ‘ਹਾਕੀ ਦੇ ਮੱਕੇ ਸੰਸਾਰਪੁਰ’ `ਤੇ ਲਿਖੀ ਕਿਤਾਬ ਪੇਸ਼ ਕਰ ਰਿਹਾ ਹਾਂ। ਦੁਨੀਆਂ `ਚ ਹਾਕੀ ਦੇ ਖੇਤਰ ਵਿਚ ਐਸੀ ਕੋਈ ਜਗ੍ਹਾ ਨਹੀਂ, ਜਿਸ ਨੇ ਏਨੇ ਆਲ੍ਹਾ ਦਰਜੇ ਦੇ ਖਿਡਾਰੀ ਪੈਦਾ ਕੀਤੇ ਹੋਣ। ‘ਹਾਕੀ ਦਾ ਘਰ ਸੰਸਾਰਪੁਰ’ ਕਿਤਾਬ `ਚ ਸੰਸਾਰਪੁਰ ਦੇ ਕਲਾਤਮਕ ਹਾਕੀ ਖਿਡਾਰੀਆਂ ਦੇ ਮਾਂ-ਬਾਪ, ਅਧਿਆਪਕਾਂ, ਰਿਸ਼ਤੇਦਾਰਾਂ, ਦੋਸਤਾਂ ਤੇ ਕੋਚਾਂ ਬਾਰੇ ਵਰਣਨ ਕਰਨ ਦਾ ਅਨੋਖਾ ਤਰੀਕਾ ਹੈ। ਇਹ ਪੁਸਤਕ ਸਿਰਫ ਹਾਕੀ ਵਾਲਿਆਂ ਲਈ ਹੀ ਨਹੀਂ, ਸਗੋਂ ਸਿੱਖਿਆ ਦੇ ਹਰ ਖੇਤਰ `ਚ ਖਰੀ ਉਤਰੇਗੀ। ਇਹ ਹਾਕੀ ਅਤੇ ਪਿੰਡ ਦੀ ਇਤਿਹਾਸਕ ਕਿਤਾਬ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਲਾਇਬ੍ਰੇਰੀਆਂ `ਚ ਜ਼ਰੂਰ ਹੋਣੀ ਚਾਹੀਦੀ ਹੈ। ਇਸ ਦਾ ਲੇਖਕ ਖੁਦ ਹਾਕੀ ਖਿਡਾਰੀ, ਕੋਚ, ਪ੍ਰਬੰਧਕ, ਆਯੋਜਕ, ਹਾਕੀ ਦਾ ਖੋਜੀ ਤੇ ਲਿਖਾਰੀ ਰਿਹਾ ਹੈ ਅਤੇ ਇਸ ਕਿਤਾਬ `ਚ ਉਸ ਦੀ ਮਿਹਨਤ ਤੇ ਈਮਾਨਦਾਰੀ ਦੀ ਝਲਕ ਸਾਫ ਨਜ਼ਰ ਆਉਂਦੀ ਹੈ। ਇਸ ਲਈ ਇਹ ਅਨੋਖੀ ਕਿਤਾਬ ਸਭਨਾਂ ਲਈ ਹੈ।
ਮੁਖਬੰਦ ‘ਚ ਪੋਪਿੰਦਰ ਸਿੰਘ ਕੁਲਾਰ ਨੇ ਲਿਖਿਆ, ਇਸ ਕਿਤਾਬ ਦੇ ਛਪਣ ਨਾਲ ਹਾਕੀ ਦੇ ਖੋਜ ਸਕਾਲਰਾਂ ਨੂੰ ਕਾਫੀ ਮਦਦ ਮਿਲੇਗੀ। ਇਸ ਵਿਚਲੀਆਂ ਜਿ਼ਆਦਾਤਰ ਜਾਣਕਾਰੀਆਂ, ਬਜ਼ੁਰਗਾਂ ਤੇ ਹਾਕੀ ਖਿਡਾਰੀਆਂ ਦੀ ਜ਼ਬਾਨੀ, ਖਿਡਾਰੀਆਂ ਦੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਤੋਂ ਮਿਲੀਆਂ ਹਨ। ਅਸੀਂ ਉਲੰਪੀਅਨ ਹਾਕੀ ਖਿਡਾਰੀ ਊਧਮ ਸਿੰਘ ਕੁਲਾਰ, ਗੁਰਦੇਵ ਸਿੰਘ ਕੁਲਾਰ, ਦਰਸ਼ਨ ਸਿੰਘ ਕੁਲਾਰ, ਜਗਜੀਤ ਸਿੰਘ ਕੁਲਾਰ, ਬਲਬੀਰ ਸਿੰਘ ਕੁਲਾਰ (ਪੁਲਿਸ), ਬਲਬੀਰ ਸਿੰਘ ਕੁਲਾਰ (ਸਰਵਿਸਿਜ਼), ਤਰਸੇਮ ਸਿੰਘ ਕੁਲਾਰ, ਅਜੀਤਪਾਲ ਸਿੰਘ ਕੁਲਾਰ, ਹਰਦੇਵ ਸਿੰਘ ਕੁਲਾਰ, ਜਗਜੀਤ ਸਿੰਘ ਕੁਲਾਰ (ਕੀਨੀਆ), ਹਰਵਿੰਦਰ ਸਿੰਘ ਕੁਲਾਰ, ਬਿੰਦੀ ਕੁਲਾਰ, ਪਿੰਡ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਤੇ ਹੋਰ ਅਨੇਕਾਂ ਉੱਘੇ ਖਿਡਾਰੀਆਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣਾ ਬਹੁਮੁੱਲਾ ਸਮਾਂ ਦੇ ਕੇ ਤੱਥਾਂ ਦੀ ਸਮੱਗਰੀ ਇਕੱਠੀ ਕਰਵਾਉਣ ਵਿਚ ਮਦਦ ਕੀਤੀ। ਉਨ੍ਹਾਂ ਦੀ ਬਦੌਲਤ ਇਹ ਇਤਿਹਾਸਕ ਤੱਥਾਂ ਵਾਲੀ ਕਿਤਾਬ ਹਾਕੀ ਪ੍ਰੇਮੀਆਂ ਅੱਗੇ ਆ ਸਕੀ ਹੈ।
ਡਾ. ਪੋਪਿੰਦਰ ਸਿੰਘ ਕੁਲਾਰ ਜਾਮੀਆ ਮਿਲੀਆ ਇਸਲਾਮੀਆ, ਦਿੱਲੀ ਦੇ ਸਰੀਰਕ ਸਿੱਖਿਆ ਵਿਭਾਗ ਵਿਚੋਂ ਪ੍ਰੋਫੈਸਰ ਦੇ ਅਹੁਦੇ ਤੋਂ ਰਿਟਾਇਰ ਹੋਇਆ ਹੈ। ਅੱਜ ਕੱਲ੍ਹ ਉਹ ਪਰਿਵਾਰ ਸਮੇਤ ਆਪਣੇ ਪਿੰਡ ਸੰਸਾਰਪੁਰ ਵਿਚ ਰਹਿ ਰਿਹੈ। ਉਸ ਦਾ ਇਕ ਪੁੱਤਰ ਤੇ ਇਕ ਧੀ ਹੈ ਅਤੇ ਪਤਨੀ ਅਧਿਆਪਕਾ ਵਜੋਂ ਰਿਟਾਇਰ ਹੋ ਚੁਕੀ ਹੈ। ਉਹ ਆਪਣਾ ਵਿਹਲਾ ਸਮਾਂ ਪਿੰਡ ਦੇ ਹਾਕੀ ਗਰਾਊਂਡ ਨੂੰ ਦੇ ਰਿਹੈ। ਉਸ ਨੂੰ ਘਰ ਦੇ ਪੋਪਿੰਦਰ ਦੀ ਥਾਂ ‘ਪਿੰਦਰ’ ਤੇ ਪਿੰਡ ਦੇ ਬੰਦੇ ‘ਪਿੰਦਾ’ ਕਹਿੰਦੇ ਰਹੇ। ਉਲੰਪੀਅਨ ਊਧਮ ਸਿੰਘ ‘ਭਿੰਦਾ’ ਕਹਿੰਦਾ ਸੀ ਤੇ ਉਲੰਪੀਅਨ ਜਗਜੀਤ ਜੱਗਾ ਉਸ ਨੂੰ ਪਿਆਰ ਨਾਲ ‘ਪਿੰਦਰਜੀਤ’ ਕਹਿ ਕੇ ਬੁਲਾਂਦਾ ਸੀ। ਉਸ ਦੇ ਵਿਦਿਆਰਥੀ ‘ਪੋਪੀ ਸਰ’ ਅਤੇ ਯੂਨੀਵਰਸਿਟੀ ਦੇ ਕੁਲੀਗ ‘ਪੋਪ’ ਕਹਿ ਕੇ ਸੰਬੋਧਨ ਕਰਦੇ ਸਨ। ਉਸ ਦਾ ਜਨਮ ਸੂਬੇਦਾਰ ਗੱਜਣ ਸਿੰਘ ਕੁਲਾਰ ਦੇ ਘਰ ਮਾਤਾ ਦਰਬਾਰ ਕੌਰ ਦੀ ਕੁੱਖੋਂ ਸੰਸਾਰਪੁਰ ਵਿਚ ਹੋਇਆ ਸੀ। ਸਰਟੀਫਿਕੇਟ ਉਤੇ ਉਸ ਦੀ ਜਨਮ ਤਾਰੀਖ ਭਾਰਤ ਦੇ ਆਜ਼ਾਦੀ ਦਿਵਸ ਵਾਲੀ 15 ਅਗਸਤ 1947 ਲਿਖੀ ਹੋਈ ਹੈ। ਉਹ ਹਾਸੇ-ਹਾਸੇ ਵਿਚ ਆਪਣੇ ਜਨਮ ਦਿਨ ਦੀ ਵਾਰਤਾ ਇੰਜ ਸੁਣਾਉਂਦੈ:
ਉਦੋਂ ਹਰ ਜੋੜੇ ਦੇ ਪੰਜ-ਸੱਤ ਬੱਚੇ ਜੰਮਦੇ ਸਨ। ਕਈਆਂ ਦੇ ਏਦੂੰ ਵੀ ਵੱਧ। ਉਹ ਕੀਹਦੀਆਂ ਕੀਹਦੀਆਂ ਜਨਮ ਤਰੀਕਾਂ ਯਾਦ ਰੱਖਦੇ? ਜਿ਼ਆਦਾਤਰ ਮਾਪੇ ਅਨਪੜ੍ਹ ਹੁੰਦੇ ਸਨ। ਬਹੁਤੇ ਮਾਪੇ ਇਸ ਤਰ੍ਹਾਂ ਯਾਦ ਰੱਖਦੇ… ਓਦੋਂ ਭਾਦੋਂ ਦਾ ਮਹੀਨਾ ਸੀ, ਬੁੱਧਵਾਰ ਦਾ ਦਿਨ ਸੀ, ਉਸ ਦਿਨ ਫਲਾਣੇ ਦਾ ਵਿਆਹ ਸੀ ਜਾਂ ਆਪਣੀ ਬੂਰੀ ਮੱਝ ਨੇ ਕੱਟੀ ਦਿੱਤੀ ਸੀ। ਲਓ ਫੜ ਲਓ ਬੂਰੀ ਮੱਝ ਦੀ ਪੂਛ! ਉਹ ਲਿਖਦੈ: ਮੇਰੇ ਨਾਲ ਵੀ ਇਸ ਤਰ੍ਹਾਂ ਹੀ ਵਾਪਰਿਆ। ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ, ਤੂੰ ਰੌਲਿਆਂ ‘ਚ ਭਾਦੋਂ ਦੇ ਮਹੀਨੇ ਬੁੱਧਵਾਰ ਨੂੰ ਜੰਮਿਆ ਸੀ। ਮੈਂ ਮਾਂ ਨੂੰ ਪੁੱਛਣਾ ਭੁੱਲ ਗਿਆ ਕਿ ਭਾਦੋਂ ਦਾ ਕਿੰਨਵਾਂ ਦਿਨ ਸੀ? ਸਾਡੇ ਗੁਆਂਢੀਆਂ ਦੇ ਸੁਨਿਆਰੇ ਦਾ ਸੱਤ ਮੈਨੂੰ ਪਿੰਡ ਦੇ ਪ੍ਰਾਇਮਰੀ ਸਕੂਲ ‘ਚ ਦਾਖਲ ਕਰਾਉਣ ਗਿਆ ਸੀ, ਜਿਥੇ ਸਕੂਲ ਵਾਲਿਆਂ ਨੇ ਆਪ ਹੀ ਮੇਰੀ ਜਨਮ ਤਾਰੀਖ ਆਜ਼ਾਦੀ ਦੀ ਲਿਖ ਕੇ ਮੈਨੂੰ ਦਾਖਲ ਕਰ ਲਿਆ ਸੀ। ਮੈਂ ਜਾਮੀਆ ਮਿਲੀਆ ‘ਚ ਪੜ੍ਹਾਉਣ ਲੱਗਾ ਤਾਂ ਯਾਰ ਦੋਸਤ ਤੇ ਵਿਦਿਆਰਥੀ ਮੈਨੂੰ 15 ਅਗਸਤ ਦੇ ਦਿਨ ਜਨਮ ਦਿਨ ਦੀ ਵਧਾਈ ਦਿੰਦੇ ਤਾਂ ਮੈਂ ਕਬੂਲ ਨਾ ਕਰਦਾ, ਕਿਉਂਕਿ ਮੈਨੂੰ ਸਹੀ ਜਨਮ ਤਾਰੀਕ ਦਾ ਪਤਾ ਹੀ ਨਹੀਂ ਸੀ।
ਫਿਰ ਜਦ ਮੈਂ ਪ੍ਰੋਫੈਸਰ ਬਣਿਆ ਤਾਂ ਮੈਨੂੰ ਖਿਆਲ ਆਇਆ ਕਿ ਮੈਂ ਆਪਣੇ ਪਿੰਡ ਦੀ ਹਾਕੀ ‘ਤੇ ਪੀਐਚ.ਡੀ. ਕੀਤੀ ਹੈ, ਕਿਉਂ ਨਾ ਆਪਣੇ ਜਨਮ ਦਿਨ ਦੀ ਖੋਜ ਕਰਾਂ? ਭਾਦੋਂ ਦਾ ਮਹੀਨਾ ਆਮ ਕਰ ਕੇ 15-16 ਅਗਸਤ ਤੋਂ 15-16 ਸਤੰਬਰ ਤਕ ਹੁੰਦੈ। ਇਸ ਦਾ ਮਤਲਬ ਇਨ੍ਹਾਂ ਦਿਨਾਂ ਵਿਚ ਹੀ ਮੈਂ ਜੰਮਿਆ ਸੀ। ਮੈਨੂੰ ਆਂਢ-ਗੁਆਂਢ ਤੋਂ ਪਤਾ ਲੱਗਾ ਕਿ ਬਾਬੂਮੋਹਨ ਸਿੰਘ ਦੀ ਮਾਂ ਉਸ ਦਿਨ ਪੂਰੀ ਹੋਈ ਸੀ, ਜਿੱਦਣ ਮੈਂ ਪੈਦਾ ਹੋਇਆ ਸੀ। ਬੀਬੀ ਜੋਗਿੰਦਰ ਕੌਰ ਤੋਂ ਪਤਾ ਲੱਗਾ ਕਿ ਉਹ ਉਸ ਸਾਲ 20 ਜੁਲਾਈ ਨੂੰ ਪੂਰੇ ਹੋਏ ਸਨ। ਫਿਰ ਮੇਰੇ ਬੇਟੇ ਪੁਸ਼ਪਿੰਦਰ ਸਿੰਘ ਨੇ 1947 ਦੇ ਭਾਦੋਂ ਮਹੀਨੇ ਦੇ ਬੁੱਧਵਾਰ ਲੱਭੇ। ਉਹ 13 ਅਗਸਤ, 20 ਅਗਸਤ, 27 ਅਗਸਤ, 3 ਸਤੰਬਰ ਤੇ 10 ਸਤੰਬਰ ਦੇ ਨਿਕਲੇ। ਸਮਝ ਨਾ ਆਵੇ ਕਿ ਕਿਹੜੇ ਬੁੱਧਵਾਰ ਦੀ ਤਰੀਕ ਨੂੰ ਸਹੀ ਜਨਮ ਦਿਨ ਮੰਨਿਆ ਜਾਵੇ? ਇਕ ਹੋਰ ਪਤਾ ਲੱਗਾ ਕਿ ਹੁਕਮ ਸਿੰਘ ਦਾ ਦੋਹਤਾ, ਜਿਹੜਾ ਮੇਰਾ ਸਿਰਨਾਵੀਆਂ ਹੀ ਸੀ, ਉਸੇ ਦਿਨ ਪੈਦਾ ਹੋਇਆ ਸੀ। ਮੈਂ ਉਹਦੇ ਮਾਮਾ ਜੀ ਅਨੂਪ ਸਿੰਘ ਨੂੰ ਕਿਹਾ ਕਿ ਤੁਸੀਂ ਉਸ ਦਾ ਜਨਮ ਦਿਨ ਪਤਾ ਕਰ ਕੇ ਦੱਸਣਾ। ਉਹਦੇ ਜਨਮ ਦਿਨ ਦਾ ਵੀ ਅਜੇ ਤਕ ਪੱਕਾ ਪਤਾ ਨਹੀਂ ਲੱਗਾ, ਪਰ ਮੇਰੀ ਖੋਜ ਅਜੇ ਵੀ ਚੱਲ ਰਹੀ ਹੈ ਕਿ ਮੈਂ ਕਿਸ ਦਿਨ ਪੈਦਾ ਹੋਇਆ? 15 ਅਗਸਤ ਭਾਰਤ ਦਾ ਆਜ਼ਾਦੀ ਦਿਵਸ ਹੋਣ ਕਰਕੇ ਹਾਲ ਦੀ ਘੜੀ ਹਰ ਸਾਲ ਮੇਰਾ ਜਨਮ ਦਿਨ ਝੂੰਗੇ ਵਿਚ ਹੀ ਮਨਾ ਲਿਆ ਜਾਂਦੈ!
ਉਸ ਨੇ ਆਪਣੇ ਪਰਿਵਾਰ ਬਾਰੇ ਲਿਖਿਆ: ਮੈਂ ਹਾਕੀ ਨਾਲ ਗੂੜ੍ਹਾ ਪਿਆਰ ਕਰਨ ਵਾਲੇ ਫੌਜੀ ਪਰਿਵਾਰ ‘ਚ ਪੈਦਾ ਹੋਇਆ। ਮੇਰੇ ਦਾਦਾ ਜੀ ਹਵਾਲਦਾਰ ਜਗਤ ਸਿੰਘ ਕੁਲਾਰ, ਸਪੁੱਤਰ ਫਤਿਹ ਸਿੰਘ ਕੁਲਾਰ, ਸਪੁੱਤਰ ਬਹਾਦੁਰ ਸਿੰਘ ਕੁਲਾਰ ਨੇ ਪਹਿਲੀ ਵਿਸ਼ਵ ਜੰਗ ਵਿਚ ਹਿੱਸਾ ਲਿਆ ਤੇ ਹਾਕੀ ਦੇ ਜਾਦੂਗਰ ਧਿਆਨ ਚੰਦ ਨਾਲ ਹਾਕੀ ਖੇਡੀ। ਮੇਰੀ ਮਾਂ ਬੀਬੀ ਦਰਬਾਰ ਕੌਰ ਹੀਰ 1913 ਵਿਚ ਮਾਂਡਲੇ ਬਰਮਾ ‘ਚ ਪੈਦਾ ਹੋਈ। ਉਹ ਸ. ਪਾਲਾ ਸਿੰਘ ਹੀਰ ਪਿੰਡ ਰਾਜੋਵਾਲ ਜਿਲਾ ਹੁਸਿ਼ਆਰਪੁਰ ਦੀ ਇਕਲੌਤੀ ਬੇਟੀ ਸੀ, ਜਿਸ ਨੂੰ ਬਚਪਨ ਵਿਚ ਤੈਰਾਕੀ ਦਾ ਸ਼ੌਕ ਸੀ। ਸਾਡੇ ਪਿਤਾ ਜੀ ਦੇ ਦੋ ਬੇਟੀਆਂ ਤੇ ਤਿੰਨ ਬੇਟੇ ਹਨ। ਸਭ ਤੋਂ ਵੱਡੀ ਪ੍ਰਿੰਸੀਪਲ ਮਨਦੀਸ਼ ਕੌਰ ਸੁਪਤਨੀ ਪ੍ਰੀਤਮ ਸਿੰਘ ਬੈਂਸ ਸਾਬਕਾ ਡਾਇਰੈਕਟਰ ਸਰੀਰਕ ਸਿੱਖਿਆ, ਦਿੱਲੀ ਯੂਨੀਵਰਸਿਟੀ, ਦੂਸਰੀ ਬੇਟੀ ਪ੍ਰਕਾਸ਼ ਕੌਰ ਸੁਪਤਨੀ ਰਤਨ ਸਿੰਘ ਔਲਖ ਇੰਗਲੈਂਡ ਨਿਵਾਸੀ, ਵੱਡੇ ਬੇਟੇ ਕਰਨਲ ਪ੍ਰੀਤਮ ਸਿੰਘ ਕੁਲਾਰ, ਜਿਨ੍ਹਾਂ ਨੇ 1971 ਦੀ ਬੰਗਲਾ ਦੇਸ਼ ਜੰਗ ‘ਚ ਹਿੱਸਾ ਲਿਆ, ਦੂਜੇ ਬੇਟੇ ਕਰਨਲ ਬਲਬੀਰ ਸਿੰਘ ਕੁਲਾਰ ਅਰਜਨਾ ਅਵਾਰਡੀ, ਜਿਨ੍ਹਾਂ ਨੇ 1968 ਦੀ ਉਲੰਪਿਕ ‘ਚੋਂ ਕਾਂਸੀ ਦਾ ਤਗਮਾ ਜਿੱਤਿਆ ਤੇ ਸਭ ਤੋਂ ਛੋਟਾ ਬੇਟਾ ਲੇਖਕ ਖੁਦ, ਜੋ ਬਾਕੀ ਪਰਿਵਾਰ ਦੇ ਮੈਂਬਰਾਂ ਵਾਂਗ ਫੌਜ ‘ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਸੀ, ਪਰ ਵੱਡੇ ਭਰਾ ਕਰਨਲ ਪ੍ਰੀਤਮ ਸਿੰਘ ਕੁਲਾਰ ਦੇ ਜ਼ੋਰ ਦੇਣ ‘ਤੇ ਆਪਣਾ ਫੌਜੀ ਤੇ ਹਾਕੀ ਕੈਰੀਅਰ ਬਦਲ ਕੇ ਸਿੱਖਿਆ ਦੇ ਖੇਤਰ ਵੱਲ ਰੁਖ ਕਰ ਲਿਆ।
‘ਹਾਕੀ ਦਾ ਘਰ ਸੰਸਾਰਪੁਰ’ ਦੇ ਹਾਕੀ ਦੀ ਇਲੈਵਨ ਵਾਂਗ ਗਿਆਰਾਂ ਕਾਂਡ ਹਨ। ਪਹਿਲੇ ਕਾਂਡ ਵਿਚ ਹਾਕੀ ਦੇ ਘਰ ਸੰਸਾਰਪੁਰ, ਸੰਸਾਰਪੁਰ ਕਦ ਹੋਂਦ ਵਿਚ ਆਇਆ, ਸੰਸਾਰਪੁਰ `ਚ ਹਾਕੀ ਕਿਸ ਨੇ ਸ਼ੁਰੂ ਕੀਤੀ ਤੇ ਸੰਸਾਰਪੁਰ ਦੇ ਇਤਿਹਾਸਕ ਗਰਾਊਂਡ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦੂਜੇ ਕਾਂਡ ਵਿਚ ਸੰਸਾਰਪੁਰ ਦੇ ਹਾਕੀ `ਚ ਉੱਚੇ ਉੱਠਣ ਦੇ ਕਾਰਨ, ਸੰਸਾਰਪੁਰ ਹਾਕੀ ਐਸੋਸੀਏਸ਼ਨ ਦਾ ਵਡਮੁੱਲਾ ਯੋਗਦਾਨ, ਸੰਸਾਰਪੁਰੀਆਂ ਦੇ ਘਰ ਦਿਆਂ ਦਾ ਯੋਗਦਾਨ, ਸੰਸਾਰਪੁਰ ਦੇ ਕੁਝ ਪਰਿਵਾਰਾਂ ਦਾ ਵਿਸ਼ੇਸ਼ ਯੋਗਦਾਨ, ਸੰਸਾਰਪੁਰ ਦੇ ਹਾਕੀ ਖਿਡਾਰੀਆਂ ਦੀ ਪਹਿਲੀ ਸਫਲਤਾ, ਸੰਸਾਰਪੁਰ ਹਾਕੀ ਦੇ ਤਿੰਨ ਦੌਰ, ਸੰਸਾਰਪੁਰੀਆਂ ਨੂੰ ਹਾਕੀ ਵਿਰਾਸਤ ਵਿਚ ਮਿਲੀ, ਸੰਸਾਰਪੁਰ ਟੀਮ ਦਾ ਬੈਟਨ ਕੱਪ ਵਿਚ ਹਿੱਸਾ ਲੈਣਾ, ਸੰਸਾਰਪੁਰ ਵਿਚ ਹਾਕੀ ਟੂਰਨਾਮੈਂਟਾਂ ਦਾ ਯੋਗਦਾਨ, ਸੰਸਾਰਪੁਰੀਆਂ ਦਾ ਇਕ ਦੂਜੇ ਦੀ ਮਦਦ ਕਰਨ ਦਾ ਅਨੋਖਾ ਢੰਗ, ਸੰਸਾਰਪੁਰੀਏ ਪਿੰਡ ਦੀ ਟੀਮ ਵੱਲੋਂ ਖੇਡਣਾ ਫਖਰ ਮਹਿਸੂਸ ਕਰਦੇ, ਸੰਸਾਰਪੁਰੀਆਂ ਦਾ ਮਕਸਦ ਕੁਝ ਕਰ ਕੇ ਦਿਖਾਈਏ, ਸੰਸਾਰਪੁਰੀਆਂ ਦਾ ਆਤਮ ਵਿਸ਼ਵਾਸ, ਸੰਸਾਰਪੁਰੀਏ ਐਂਟਰੀ ਲਾ ਕੇ ਖੇਡਦੇ, ਸੰਸਾਰਪੁਰੀਆਂ ਦੀ ਹਾਕੀ ਕਰਕੇ ਆਰਥਿਕ ਹਾਲਤ ਵਿਚ ਸੁਧਾਰ ਅਤੇ ਸੰਸਾਰਪੁਰ ਲਾਗੇ ਸਕੂਲਾਂ/ਕਾਲਜਾਂ ਦਾ ਹੋਣਾ। ਸੰਸਾਰਪੁਰ ਦੇ ਅਧਿਆਪਕਾਂ ਦਾ ਯੋਗਦਾਨ, ਸੰਸਾਰਪੁਰ ਲਾਗੇ ਸਕੂਲਾਂ ਦੀਆਂ ਗਰਾਊਂਡਾਂ ਉਤੇ ਟੂਰਨਾਮੈਂਟ, ਸੰਸਾਰਪੁਰ ਕੁਦਰਤੀ ਸੋਹਣੀ ਥਾਂ `ਤੇ ਮੌਜੂਦ, ਸੰਸਾਰਪੁਰ ਦਾ ਜਲੰਧਰ ਛਾਉਣੀ ਲਾਗੇ ਹੋਣਾ, ਸੰਸਾਰਪੁਰ ਲਈ ਪਰੇਡ ਗਰਾਊਂਡ ਵਰਦਾਨ ਸਿੱਧ ਹੋਈ, ਸੰਸਾਰਪੁਰੀਆਂ ਦੀ ਹਾਕੀ ਵਿਚ ਅਨੋਖੀ ਪ੍ਰੈਕਟਿਸ, ਸੰਸਾਰਪੁਰੀਆਂ ਦੇ ਹਾਕੀ ਖਿਡਾਰੀਆਂ ਦੀ ਅਨੋਖੀ ਕਲਾ, ਸੰਸਾਰਪੁਰੀਆਂ ਦੇ ਨਿਰਾਲੇ ਸ਼ੌਕ ਅਤੇ ਸੰਸਾਰਪੁਰ `ਚ ਵਿਦੇਸ਼ੀ ਟੀਮਾਂ ਦਾ ਖੇਡਣਾ।
ਤੀਜੇ ਕਾਂਡ ਵਿਚ ਸੰਸਾਰਪੁਰ ਦੇ ਖਿਡਾਰੀਆਂ ਦਾ ਵਿਸ਼ਾਲ ਇਕੱਠ, ਸੰਸਾਰਪੁਰ ਦੇ ਅਲੱਗ ਅਲੱਗ ਗੋਤਾਂ ਦੇ ਖਿਡਾਰੀਆਂ ਦਾ ਵਧੀਆ ਟੀਮਾਂ ਵਿਚ ਪ੍ਰਦਰਸ਼ਨ, ਸੰਸਾਰਪੁਰ ਦੇ ਕੁਲਾਰਾਂ ਦਾ ਫੈਮਲੀ ਟ੍ਰੀ ਅਤੇ ਸੰਸਾਰਪੁਰ ਦੇ ਕੁਝ ਹੋਰ ਗੋਤਾਂ ਦੇ ਫੈਮਲੀ ਟ੍ਰੀ। ਚੌਥੇ ਕਾਂਡ ਵਿਚ ਸੰਸਾਰਪੁਰ ਦੇ ਉਲੰਪੀਅਨ, ਅੰਤਰਰਾਸ਼ਟਰੀ ਖਿਡਾਰੀ, ਨੈਸ਼ਨਲ, ਮਿਲਟਰੀ, ਯੂਨੀਵਰਸਿਟੀ ਅਤੇ ਕਾਲਜ ਦੇ ਉੱਘੇ ਖਿਡਾਰੀ। ਇਹ ਕਾਂਡ ਬੜਾ ਵੇਰਵੇ ਭਰਪੂਰ ਹੈ, ਜੋ ਪੰਨਾ 157 ਤੋਂ 386 ਤਕ ਛਾਪਿਆ ਗਿਆ ਹੈ। ਇਸ ਵਿਚ ਤਿੰਨ ਸੌ ਤੋਂ ਵੱਧ ਖਿਡਾਰੀਆਂ ਦਾ ਵੇਰਵਾ ਹੈ। ਪੰਜਵਾਂ ਕਾਂਡ ਸੰਸਾਰਪੁਰੀ ਖਿਡਾਰੀਆਂ ਦੇ ਪਹਿਲੇ ਕਦਮ ਨਾਲ ਸਬੰਧਿਤ ਹੈ। ਛੇਵੇਂ ਕਾਂਡ ਦਾ ਨਾਂ ‘ਸੰਸਾਰਪੁਰ `ਚ ਰਹਿ ਕੇ ਰਿਸ਼ਤੇਦਾਰਾਂ ਤੇ ਕਿਰਾਏਦਾਰਾਂ ਨੇ ਹਾਕੀ ਸਿੱਖੀ’ ਰੱਖਿਆ ਹੈ। ਸੱਤਵਾਂ ਕਾਂਡ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਸੰਸਾਰਪੁਰ ਨਾਲ ਗੂੜ੍ਹਾ ਰਿਸ਼ਤਾ ਦਰਸਾਉਂਦਾ ਹੈ। ਧਿਆਨ ਚੰਦ ਖੁਦ ਉਸ ਬੀਹੀ ਦਾ ਗੇੜਾ ਮਾਰ ਗਏ ਸਨ, ਜਿਸ `ਚੋਂ 14 ਉਲੰਪੀਅਨ ਨਿਕਲੇ। ਅੱਠਵਾਂ ਕਾਂਡ ਸੰਸਾਰਪੁਰੀਆਂ ਦੇ ਹਾਕੀ ਤੋਂ ਇਲਾਵਾ ਹੋਰ ਖੇਡਾਂ ਨਾਲ ਸ਼ੌਕ ਬਾਰੇ ਹੈ। ਨੌਵੇਂ ਕਾਂਡ ਵਿਚ ਸੰਸਾਰਪੁਰ `ਚ ਆਈ ਹਾਕੀ ਦੀ ਗਿਰਾਵਟ ਦੇ ਕਾਰਨ ਬਿਆਨ ਕੀਤੇ ਹਨ। ਇਹ ਵਾਕਿਆ ਹੀ ਚਿੰਤਾ ਦਾ ਵਿਸ਼ਾ ਹੈ ਕਿ ਚਾਰ ਦਹਾਕਿਆਂ ਤੋਂ ਕੋਈ ਸੰਸਾਰਪੁਰੀਆ ਭਾਰਤੀ ਉਲੰਪਿਕ ਹਾਕੀ ਟੀਮ ਵਿਚ ਥਾਂ ਨਹੀਂ ਬਣਾ ਸਕਿਆ। ਦਸਵਾਂ ਕਾਂਡ ਹਾਕੀ ਦੀ ਨਰਸਰੀ ਸੰਸਾਰਪੁਰ ਨੂੰ ਸਿੰਜਣ ਦੀ ਲੋੜ ਬਾਰੇ ਹੈ ਅਤੇ ਅਖੀਰਲੇ ਕਾਂਡ ਵਿਚ ਲੇਖਕ ਨੇ ਆਪਣਾ ਪਰਿਵਾਰਕ ਪਿਛੋਕੜ ਦੱਸਦਿਆਂ ਆਪਣੀਆਂ ਦਿਲਚਸਪ ਹੱਡਬੀਤੀਆਂ ਬਿਆਨ ਕੀਤੀਆਂ ਹਨ:
ਲੇਖਕ ਦੇ ਜੀਵਨ ਦਾ ਸੁਨਹਿਰਾ ਸਫਰ
ਜੇ ਤੁਸੀਂ ਬਚਪਨ ਤੋਂ ਕੰਮ ਕਰਨ ਦੀ ਆਦਤ ਪਾ ਲਵੋ ਤਾਂ ਉਹ ਤੁਹਾਡੀ ਜਿ਼ੰਦਗੀ ‘ਚ ਸੋਨੇ ‘ਤੇ ਸੁਹਾਗਾ ਸਾਬਤ ਹੋਵੇਗੀ, ਕਿਉਂਕਿ ਜਿ਼ੰਦਗੀ ‘ਚ ਕਿਸੇ ਵੀ ਸਮੇਂ ਆਪਣੇ ਹੱਥੀਂ ਕੰਮ ਕਰਨਾ ਪੈ ਸਕਦਾ ਹੈ। ਮੈਨੂੰ ਬਚਪਨ ਤੋਂ ਕਾਲਜ ਪੜ੍ਹਨ ਤਕ ਘਰ ਦੇ ਬਹੁਤ ਕੰਮ ਕਰਨੇ ਪਏ, ਕਿਉਂਕਿ ਮੈਂ ਘਰ ‘ਚ ਸਭ ਤੋਂ ਛੋਟਾ ਸੀ। ਭੈਣਾਂ ਵੱਡੀਆਂ ਸਨ, ਉਨ੍ਹਾਂ ਦੀ ਸ਼ਾਦੀ ਹੋ ਗਈ, ਦੋਨੋਂ ਭਰਾ ਫੌਜ ਵਿਚ ਭਰਤੀ ਹੋ ਗਏ, ਪਿਤਾ ਜੀ ਅਜੇ ਨੌਕਰੀ ਕਰਦੇ ਸਨ। ਮੈਂ ਤੇ ਮੇਰੀ ਮਾਂ ਹੀ ਘਰ ‘ਚ ਇਕੱਲੇ ਸਾਂ। ਮਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਮੈਂ ਮਾਂ ਨਾਲ ਹਰ ਕੰਮ ‘ਚ ਹੱਥ ਵਟਾਂਦਾ ਸੀ। ਮੇਰਾ ਹਰ ਰੋਜ਼ ਦੇ ਕੰਮਾਂ ਦਾ ਵੇਰਵਾ ਇਸ ਤਰ੍ਹਾਂ ਸੀ: ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਦੁੱਧ ਰਿੜਕਣਾ, ਫੇਰ ਕੂੜਾ ਕਰਕਟ ਸੂਰਜ ਚੜ੍ਹਨ ਤੋਂ ਪਹਿਲਾਂ ਬਾਹਰ ਹਵੇਲੀ ਵਿਚ ਸੁੱਟਣ ਜਾਣਾ, ਲੋਕਾਂ ਕਹਿਣਾ ਕਿ ਇਹ ਦਰਬਾਰ ਕੌਰ ਦਾ ਮੁੰਡਾ ਨਹੀਂ, ਕੁੜੀ ਹੈ। ਹਵੇਲੀ ਪਸ਼ੂਆਂ ਦਾ ਗੋਹਾ ਸੁੱਟਣਾ, ਫਿਰ ਪੱਠੇ ਲੈਣ ਸੂਜੀ ਵਾਲੇ ਖੂਹ ‘ਤੇ ਜਾਣਾ, ਜੋ ਘਰੋਂ ਦੋ ਕਿਲੋਮੀਟਰ ਦੂਰ ਸੀ। ਆਪ ਪੱਠੇ ਵੱਢਣੇ, ਆਪੇ ਸਿਰ ‘ਤੇ ਚੁੱਕਣੇ, ਨੰਗੇ ਪੈਰੀਂ ਹਵੇਲੀ ਲਿਆਣੇ ਤੇ ਚਾਰੇ ਵਾਲੀ ਮਸ਼ੀਨ ‘ਤੇ ਕੁਤਰਨੇ। ਦਾਤੀ ਨਾਲ ਉਂਗਲਾਂ ‘ਤੇ ਪਏ ਨਿਸ਼ਾਨ ਅਜੇ ਵੀ ਦਿਸਦੇ ਹਨ। ਫਿਰ ਘਰ ਦੀ ਸਫਾਈ ਤੇ ਬਰਤਨਾਂ ਦੀ ਮੰਜਾਈ ਕਰ ਕੇ ਦੌੜ ਕੇ ਪਹਿਲਾਂ ਸਕੂਲ ਤੇ ਫੇਰ ਕਾਲਜ ਜਾਣਾ। ਰੋਜ਼ ਹਾਕੀ ਖੇਡਣੀ ਤੇ ਘਰ ਆ ਕੇ ਪਸ਼ੂਆਂ ਦੀਆਂ ਖੁਰਲੀਆਂ ਭਰਨੀਆਂ। ਜੇ ਰਾਤ ਨੂੰ ਬਾਰਸ਼ ਆ ਜਾਵੇ ਤਾਂ ਮਾਂ ਨੇ ਕਹਿਣਾ ਪਸ਼ੂ ਅੰਦਰ ਕਰ ਲੈ, ਜੇ ਮੀਂਹ ਹਟ ਜਾਣਾ ਤਾਂ ਕਹਿਣਾ ਪਸ਼ੂ ਬਾਹਰ ਕੱਢ ਲੈ। ਛੁੱਟੀ ਵਾਲੇ ਦਿਨ ਵਾਧੂ ਦੇ ਕੰਮ ਕਰਨੇ। ਅੱਜ ਤਕ ਆਪਣੇ ਕੱਪੜੇ ਖੁਦ ਧੋਂਦਾ ਹਾਂ। ਜਦੋਂ ਅਸੀਂ ਪਰੇਡ ਗਰਾਊਂਡ ਜਾਂ ਖੇਤਾਂ ਬੰਨਿਆਂ ਤੋਂ ਘਾਹ ਖੋਤ ਕੇ ਲਿਆਉਂਦੇ ਸੀ ਤਾਂ ਮਾਂ ਬਹੁਤ ਖੁਸ਼ ਹੁੰਦੀ ਸੀ। ਮੈਂ ਪਸ਼ੂਆਂ ਨੂੰ ਬਾਹਰ ਵੀ ਚਾਰ ਲਿਆਉਂਦਾ ਸੀ ਤੇ ਕਈ ਵਾਰ ਮੱਝ ‘ਤੇ ਬੈਠ ਕੇ ਢੋਲੇ ਦੀਆਂ ਲਾ ਲੈਂਦਾ ਸੀ। ਰਾਤ ਤਕ ਏਨਾ ਥੱਕ ਜਾਂਦਾ ਸੀ ਕਿ ਮੰਜੇ ‘ਤੇ ਪੈਂਦਿਆਂ ਈ ਗੂੜ੍ਹੀ ਨੀਂਦ ਆ ਜਾਂਦੀ ਸੀ। ਉਹ ਦਿਨ ਕਿੰਨੇ ਚੰਗੇ ਹੁੰਦੇ ਸਨ!
ਮਾਂ ਨੇ ਮੇਰਾ ਪੋਂਖਾ ਲੈਂਦੇ ਰਹਿਣਾ
1960 ਦੇ ਆਸ-ਪਾਸ ਇਕ ਬੜਾ ਦਿਲਚਸਪ ਵਾਕਿਆ ਹੋਇਆ। ਸਾਡੀ ਮਾਂ ਨੇ ਸਾਡੇ ਘਰ ਨਾਲ ਲਗਦੇ ‘ਭੋਲੀ’ ਕੇ ਘਰ ਦੁੱਧ ਕੜ੍ਹਨ ਵਾਸਤੇ ਭੜੋਲੀ ਬਣਾਈ ਹੋਈ ਸੀ। ਉਸ ਵਿਚ ਸਾਰਾ ਦਿਨ ਦੁੱਧ ਕੜ੍ਹਦਾ ਰਹਿੰਦਾ ਸੀ। ਮਾਂ ਨੇ ਹਰ ਰੋਜ਼ ਈ ਕਹਿਣਾ, ਪਤਾ ਨ੍ਹੀਂ ਕੀ ਗੱਲ ਐ ਮੱਖਣ ਬਹੁਤ ਘੱਟ ਆਉਂਦੈ। ਉਸ ਨੇ ਮੈਨੂੰ ਤੜਕਸਾਰ ਉਠਾ ਕੇ ਕਹਿਣਾ ਕਿ ਤੇਰਾ ਪੋਂਖਾ ਬਹੁਤ ਚੰਗਾ ਹੈ, ਤੂੰ ਦੁੱਧ ਵਾਲੀ ਮਧਾਣੀ ਕੋਲ ਖੜ੍ਹਾ ਹੋ ਕੇ ਪੋਂਖਾ ਦੇਹ। ਮੈਂ ਅੱਖਾਂ ਮਲਦੇ-ਮਲਦੇ ਸੁੱਤ-ਅਨੀਂਦੇ ਮਧਾਣੀ ਲਾਗੇ ਖਲੋ ਜਾਣਾ। ਪਰ ਮੱਖਣ ਫੇਰ ਵੀ ਘੱਟ ਆਵੇ? ਮਾਂ ਨੇ ਲਵੇਰਿਆਂ ਨੂੰ ਵੰਡ, ਸੌਂਫ ਤੇ ਗੁੜ ਚਾਰਨ ਲੱਗ ਜਾਣਾ ਬਈ ਕਿਤੇ ਬਿਮਾਰ ਨਾ ਹੋਣ। ਕਾਫੀ ਦੇਰ ਬਾਅਦ ਭੋਲੀ ਕੇ ਸੀਤੇ-ਜਗਰੀ ਹੋਰਾਂ ਨੇ ਦੱਸਿਆ ਕਿ ਅਸੀਂ ਕਣਕ ਦੇ ਨਾੜ ਦੀਆਂ ਨਲਪੀਆਂ ਬਣਾ ਕੇ ਤੁਹਾਡਾ ਕੜ੍ਹਿਆ ਦੁੱਧ ਪੀ ਜਾਂਦੇ ਸੀ ਤੇ ਮਲਾਈ ਨੂੰ ਵੀ ਦਾਅ ਲਾ ਜਾਂਦੇ ਸੀ। ਪੂਰੀ ਮਲਾਈ ਨਹੀਂ ਸੀ ਖਾਂਦੇ ਬਈ ਤੇਰੀ ਮਾਂ ਨੂੰ ਪਤਾ ਨਾ ਲੱਗ ਜਾਵੇ। ਹੋਰ ਨਾ ਕਿਤੇ ਉਹ ਸਾਡੇ ਘਰ ਦੁੱਧ ਕੜ੍ਹਨਾ ਰੱਖਣੋ ਹਟ ਜਾਵੇ ਬਈ ਏਥੇ ਸੀਤੇ-ਜਗਰੀ ਵਰਗੇ ਬਿੱਲੇ ਦਾਅ ਲਾਉਂਦੇ ਆ। ਤਦੇ ਅਸੀਂ ਹਾਕੀ ਖੇਡਦਿਆਂ ਅਸੀਂ ਤੈਨੂੰ ਡਾਹੀ ਨਾ ਸੀ ਦਿੰਦੇ। ਮੈਂ ਉਨ੍ਹਾਂ ਨੂੰ ਕਿਹਾ, ਤੁਸੀਂ ਸਾਡਾ ਕੜ੍ਹਿਆ ਦੁੱਧ ਪੀ-ਪੀ ਕੇ ਤਗੜੇ ਹੋ ਗਏ ਤੇ ਅਸੀਂ ਮਾੜੇ ਰਹਿ ਗਏ। ਮਾਂ ਸਾਡੇ ਪੋਂਖੇ ਲੈਂਦੀ ਹੀ ਰਹਿ`ਗੀ, ਜਦ ਕਿ ਤੁਸੀਂ ਲਵੇਰਾ ਵੀ ਨਹੀਂ ਸੀ ਰੱਖਦੇ। ਉਸ ਵੇਲੇ ਲੋਕ ਕਿੰਨੇ ਭੋਲੇ ਸਨ! ਦੁੱਧ, ਉਹ ਵੀ ਘਰੋਂ ਬਾਹਰ ਕੜ੍ਹਨਾ ਰੱਖ ਦਿੰਦੇ! ਸੀਤੇ-ਜਗਰੀ ਹੋਰੀਂ ਮੁਫਤ ਦਾ ਦੁੱਧ ਡੀਕ ਕੇ ਸਿਹਤਾਂ ਨਾ ਬਣਾਉਂਦੇ ਤਾਂ ਹੋਰ ਕੀ ਬਣਾਉਂਦੇ?
ਜਦ ਗਾਂ ਨੂੰ ਨਵੇਂ ਦੁੱਧ ਕਰਾਉਣ ਗਿਆ
1968 ਦਾ ਵਾਕਿਆ ਹੈ, ਜਿਸ ਨੇ ਮੇਰੀ ਜਿ਼ੰਦਗੀ ਵਿਚ ਨਵਾਂ ਮੋੜ ਲਿਆਂਦਾ। ਮੈਂ ਲੁਹਾਰ ਪਰਤਾਪਪੁਰੇ ਆਪਣੀ ਗਾਂ ਨੂੰ ਨਵੇਂ ਦੁੱਧ ਕਰਾਉਣ ਗਿਆ। ਨਕੋਦਰ ਵਾਲੀ ਰੇਲਵੇ ਲਾਈਨ ਦੇ ਫਾਟਕ ਲਾਗੇ ਸਾਡੇ ਪਿੰਡ ਦੇ ਖਿਡਾਰੀ ‘ਕੈਨੀ’ ਤੇ ‘ਰਾਜਨ’ ਦੀ ਆਵਾਜ਼ ਮੇਰੇ ਕੰਨੀਂ ਪਈ, ‘ਓਏ ਪਿੰਦੇ, ਤੂੰ ਪਾਸ ਹੋ ਗਿਆ, ਅੱਜ ਸ਼ਾਮ ਨੂੰ ਆਪਣਾ ਇੰਟਰ ਕਾਲਜ ਦਾ ਮੈਚ ਐ। ਹੁਣ ਤੇਰਾ ਖੇਡਣ ਦਾ ਸਾਲ ਬਣ ਗਿਆ।’ ਇਹ ਸੁਣ ਕੇ ਗਾਂ ਮੇਰੇ ਹੱਥੋਂ ਛੁੱਟ ਗਈ ਤੇ ਦੌੜ ਪਈ। ਉਹ ਸੀਨ ਅੱਜ ਤਕ ਮੇਰੀਆਂ ਅੱਖਾਂ ਅੱਗੇ ਐ। ਉਸ ਵੇਲੇ ਮੈਂ ਬੀ. ਏ. ਪਾਰਟ ਵਨ ਵਿਚ ਸੀ। ਇਹ ਉਹ ਜਮਾਤ ਸੀ, ਜਿਸ ਵਿਚ ਸੰਸਾਰਪੁਰੀਆਂ ਦੀਆਂ ਬ੍ਰੇਕਾਂ ਲੱਗੀਆਂ ਰਹਿੰਦੀਆਂ। ਸੰਸਾਰਪੁਰੀਏ ਜਿੰਨੇ ਹਾਕੀ ਖੇਡਣ `ਚ ਤਕੜੇ ਸਨ, ਓਨੇ ਈ ਪੜ੍ਹਾਈ `ਚ ਮਾੜੇ ਸਨ। ਮਾਪੇ ਪੜ੍ਹਾਈ `ਚ ਫੇਲ੍ਹ ਹੁੰਦੇ ਆਪਣੇ ਮੁੰਡਿਆਂ ਨੂੰ ਕਹਿੰਦੇ, ‘ਜੇ ਪੜ੍ਹ ਨ੍ਹੀਂ ਹੁੰਦਾ ਤਾਂ ‘ਊਧੀ’ ਓ ਬਣ-ਜੋ।’ ਮੈਂ ਫੇਲ੍ਹ ਹੁੰਦਾ-ਹੁੰਦਾ ਪਾਸ ਹੋ ਗਿਆ ਸਾਂ, ਇਸੇ ਕਰਕੇ ‘ਊਧੀ’ ਨਾ ਬਣ ਸਕਿਆ। ਫੇਲ੍ਹ ਹੋ ਜਾਂਦਾ ਤਾਂ ਸੰਭਵ ਸੀ ਕਿ ਬੀ. ਐਸ. ਐਫ. ਦਾ ਕਮਾਂਡੈਂਟ ਬਣ ਕੇ ਰਿਟਾਇਰ ਹੁੰਦਾ! ਹੋਰਨਾਂ ਸੰਸਾਰਪੁਰੀਆਂ ਤੇ ਵੱਡੇ ਭਰਾ ਬਲਬੀਰ ਵਾਂਗ ਉਲੰਪੀਅਨ ਬਣਦਾ। ਉਦਣ ਪਾਸ ਹੋਣ ਦੀ ਖਬਰ ਨਾਲ ਗਾਂ ਨੇ ਤਾਂ ਹੱਥੋਂ ਛੁੱਟਣਾ ਹੀ ਸੀ ਮੇਰੀ ਜਿ਼ੰਦਗੀ ਦਾ ਵੀ ਪਾਸਾ ਪਲਟ ਗਿਆ ਤੇ ਮੈਂ ਪ੍ਰੋਫੈਸਰ ਬਣਨ ਦੇ ਰਾਹ ਪੈ ਗਿਆ। ਇਉਂ ਸੰਸਾਰਪੁਰ ਦੀ ਹਾਕੀ `ਤੇ ਪੀਐਚ.ਡੀ. ਕਰਨ ਦਾ ਮੌਕਾ ਵੀ ਮਿਲ ਗਿਆ।
ਹਾਕੀ ਦਾ ਬਾਬਾ ਬੋਹੜ ਊਧਮ ਸਿੰਘ
1982 ਵਿਚ ਪੰਜਾਬੀ ਯੂਨੀਵਰਸਿਟੀ ਨੇ ਮੇਰੀ ਪੁਸਤਕ ‘ਪੰਜਾਬੀ ਖਿਡਾਰੀ’ ਪ੍ਰਕਾਸਿ਼ਤ ਕੀਤੀ ਸੀ, ਜਿਸ ਦਾ ਅੰਗਰੇਜ਼ੀ ਅਨੁਵਾਦ ਵੀ ਛਪਿਆ। ਉਸ ਵਿਚਲਾ ਪਹਿਲਾ ਸ਼ਬਦ ਚਿੱਤਰ ਊਧਮ ਸਿੰਘ ਦਾ ਹੈ: ਊਧਮ ਸਿੰਘ ਨੇ ਦੁਨੀਆਂ ਵਿਚ ਸਭ ਤੋਂ ਬਹੁਤੀ ਹਾਕੀ ਖੇਡੀ ਹੈ। ਉਸ ਨੂੰ ਹਾਕੀ ਫੜਿਆਂ ਚਾਲੀ ਸਾਲ ਹੋ ਗਏ ਹਨ। ਇਨ੍ਹਾਂ ਚਾਲੀ ਸਾਲਾਂ `ਚ ਲਗਭਗ ਪੈਂਤੀ ਸਾਲ ਉਹ ਸਰਗਰਮ ਹਾਕੀ ਖੇਡਿਆ। ਉਹ ਛੋਟੇ ਕੱਦ ਦਾ ਵੱਡਾ ਖਿਡਾਰੀ ਹੈ, ਜੀਹਨੇ ਦਰਜਨਾਂ ਦੇਸ਼ਾਂ ਦੇ ਸੈਂਕੜੇ ਮੈਦਾਨਾਂ ਵਿਚ ਆਪਣੀ ਖੇਡ ਦੇ ਜੌਹਰ ਵਿਖਾਏ ਹਨ। ਉਹ ਪੰਜ ਉਲੰਪਿਕਸ ਖੇਡਣ ਲਈ ਚੁਣਿਆ ਗਿਆ ਸੀ, ਪਰ ਪਹਿਲੀ ਵਾਰ ਉਂਗਲਾਂ ਟੁੱਟ ਜਾਣ ਕਾਰਨ ਚਾਰ ਉਲੰਪਿਕਸ ਖੇਡ ਸਕਿਆ। ਮੈਲਬੌਰਨ ਦੀਆਂ ਉਲੰਪਿਕਸ ਖੇਡਾਂ `ਚ ਉਹਨੇ ਪੰਦਰਾਂ ਗੋਲ ਕਰਨ ਦਾ ਰਿਕਾਰਡ ਰੱਖਿਆ। ਉਸ ਨੇ ਉਲੰਪਿਕਸ ਖੇਡਾਂ `ਚੋਂ ਇਕ ਚਾਂਦੀ ਤੇ ਤਿੰਨ ਸੋਨੇ ਦੇ ਤਗਮੇ ਜਿੱਤੇ, ਜੋ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਦਰਜ ਹਨ। ਵੀਹ ਸਾਲ ਉਹ ਪੰਜਾਬ ਦੀਆਂ ਟੀਮਾਂ ਦੀ ਨੁਮਾਇੰਦਗੀ ਕਰਦਾ ਰਿਹਾ। ਉਮਰ ਦੇ ਪੰਜਾਹਵੇਂ ਸਾਲ `ਚ ਉਹ ਦਿੱਲੀ ਦਾ ਨਹਿਰੂ ਹਾਕੀ ਟੂਰਨਾਮੈਂਟ ਖੇਡਿਆ ਤੇ ਉਨ੍ਹਾਂ ਦੀ ਟੀਮ ਗੱਜ ਵੱਜ ਕੇ ਜੇਤੂ ਰਹੀ। ਉਹਨੇ ਆਪਣੇ ਹਾਣੀਆਂ ਨਾਲ ਤਾਂ ਖੇਡਣਾ ਹੀ ਸੀ, ਉਨ੍ਹਾਂ ਦੇ ਪੁੱਤਰਾਂ ਨਾਲ ਵੀ ਖੇਡਿਆ ਤੇ ਪੋਤਿਆਂ ਨੂੰ ਵੀ ਡਾਜਾਂ ਮਾਰ ਰਿਹੈ!
ਪੁਸਤਕ ‘ਹਾਕੀ ਦਾ ਘਰ ਸੰਸਾਰਪੁਰ’ ਲਿਖਣ ਵਿਚ ਊਧਮ ਸਿੰਘ ਨੇ ਲੇਖਕ ਨੂੰ ਬਹੁਤ ਸਹਿਯੋਗ ਦਿੱਤਾ ਸੀ। ਪੋਪਿੰਦਰ ਸਿੰਘ ਲਿਖਦੈ: 15 ਮਾਰਚ 2000, ਦਿਨ ਬੁੱਧਵਾਰ ਨੂੰ ਸਰਦਾਰ ਊਧਮ ਸਿੰਘ ਦੀ ਮੌਤ ਤੋਂ ਅੱਠ ਦਿਨ ਪਹਿਲਾਂ ਰਾਜਿੰਦਰ ਸਿੰਘ, ਜੋ ਡੀ. ਏ. ਵੀ. ਕਾਲਜ ਜਲੰਧਰ ਵਿਚ ਕੋਚ ਸਨ, ਸਰਦਾਰ ਜੀ ਨੂੰ ਜਲੰਧਰ ਦੂਰਦਰਸ਼ਨ `ਚ ਇੰਟਰਵਿਊ ਵਾਸਤੇ ਸੱਦਣ ਸੰਸਾਰਪੁਰ ਦੀ ਹਾਕੀ ਗਰਾਊਂਡ `ਚ ਆਏ। ਸਰਦਾਰ ਜੀ ਨੇ ਮੈਨੂੰ ਘਰੋਂ ਬੁਲਾਇਆ ਤੇ ਹਾਕੀ ਗਰਾਊਂਡ `ਤੇ ਹਾਕੀ ਗੋਲਾਂ ਦਰਮਿਆਨ ਉਨ੍ਹਾਂ ਨੂੰ ਮਿਲਾਉਂਦਿਆਂ ਕਿਹਾ, “ਭਿੰਦਾ ਚੰਗਾ ਖਿਡਾਰੀ ਸੀ। ਜੇ ਸਾਡੇ ਕੋਲ ਬੀ. ਐਸ. ਐਫ. `ਚ ਆ ਜਾਂਦਾ ਤਾਂ ਇਸ ਨੇ ਦੋ ਉਲੰਪਿਕ ਖੇਡ ਜਾਣਾ ਸੀ ਤੇ ਕਮਾਂਡੰਟ ਬਣ ਜਾਣਾ ਸੀ, ਪਰ ਇਸ ਨੇ ਲਾਈਨ ਬਦਲ ਲਈ। ਸਰਦਾਰ ਜੀ ਨੇ ਰਜਿੰਦਰ ਸਿੰਘ ਨੂੰ ਕਿਹਾ ਕਿ ਭਿੰਦਾ ਵੀ ਮੇਰੇ ਨਾਲ ਇੰਟਰਵਿਊ `ਚ ਆਵੇਗਾ। 18 ਮਾਰਚ 2000 ਨੂੰ ਉਹ ਮੈਨੂੰ ਆਪਣੇ ਪੁਰਾਣੇ ਸਕੂਟਰ `ਤੇ ਬਿਠਾ ਕੇ ਜਲੰਧਰ ਦੂਰਦਰਸ਼ਨ ਵੱਲ ਚੱਲ ਪਏ। ਅਚਾਨਕ ਉਨ੍ਹਾਂ ਨੇ ਜਲੰਧਰ ਛਾਉਣੀ ਵਾਲੇ ਰਸਤੇ ਤੋਂ ਬੀ. ਐਸ. ਐਫ. ਦੇ ਗੇਟ ਵੱਲ ਸਕੂਟਰ ਮੋੜ ਲਿਆ। ਮੈਂ ਕਿਹਾ, ਸਰਦਾਰ ਜੀ ਆਪਾਂ ਤਾਂ ਦੂਰਦਰਸ਼ਨ ਵੱਲ ਜਾਣਾ ਹੈ, ਤੁਸੀਂ ਏਧਰ ਸਕੂਟਰ ਕਿਉਂ ਮੋੜ ਲਿਆ? ਉਨ੍ਹਾਂ ਨੇ ਕਿਹਾ, ਮੇਰਾ ਹਾਕੀ ਦੀ ਗਰਾਊਂਡ ਤੇ ਦਫਤਰ ਦੇਖਣ ਨੂੰ ਜੀਅ ਕਰਦਾ, ਜਿਥੇ ਮੈਂ ਜਿ਼ੰਦਗੀ ਦਾ ਬਹੁਤਾ ਸਮਾਂ ਬਤੀਤ ਕੀਤਾ, ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਉਨ੍ਹਾਂ ਦੇ ਜੀਵਨ ਦੀ ਆਖਰੀ ਫੇਰੀ ਸੀ। 23 ਮਾਰਚ ਨੂੰ ਸ਼ਹੀਦ ਭਗਤ ਤੇ ਕਵੀ ਪਾਸ਼ ਦੀ ਬਰਸੀ ਵਾਲੇ ਦਿਨ ਉਹ ਚੜ੍ਹਾਈ ਕਰ ਗਏ। ਪਿੱਛੇ ਉਹਦੀਆਂ ਤੇ ਸੰਸਾਰਪੁਰ ਦੀਆਂ ਗੱਲਾਂ ਰਹਿ ਗਈਆਂ ਹਨ, ਜੋ ਇਸ ਪੁਸਤਕ `ਚੋਂ ਪੜ੍ਹੀਆਂ ਜਾ ਸਕਦੀਆਂ ਹਨ।