ਤਿੰਨ ਪੀੜ੍ਹੀਆਂ

ਹਥਲੀ ਕਹਾਣੀ ਵਿਚ ਬੇਸ਼ੱਕ ਅਤਿਵਾਦ ਦੇ ਦੌਰ ਦੀ ਦਰਦ-ਬਿਆਨੀ ਹੈ, ਪਰ ਇਸ ਦੀ ਤੰਦ ਪੰਜਾਬ ਦੇ ਅਜੋਕੇ ਹਾਲਾਤ ਨਾਲ ਵੀ ਜੁੜੀ ਹੋਈ ਹੈ। ਇਹ ਪੰਜਾਬ ਦਾ ਦੁਖਾਂਤ ਹੀ ਹੈ ਕਿ ਇਕ ਪੀੜ੍ਹੀ ਅਤਿਵਾਦ ਨੇ ਖਾ ਲਈ, ਦੂਸਰੀ ਨਸ਼ਿਆਂ ਨੇ ਅਤੇ ਤੀਸਰੀ ਬਾਹਰਲੇ ਮੁਲਕਾਂ ਨੂੰ ਜਾਣ ਦੇ ਰੁਝਾਨ ਨੇ। ਸ਼ਾਇਦ ਤਦੇ ਹੀ ਦੁੱਖਾਂ ਦੀ ਝੰਬੀ ਕਹਾਣੀ ਦੀ ਮੁੱਖ ਪਾਤਰ ਗਿਆਨ ਕੌਰ ਨੇ ਡਿਪੋਰਟ ਹੋ ਕੇ ਪਰਤੇ ਆਪਣੇ ਪੁੱਤ ਨੂੰ ਧਰਵਾਸ ਦਿੰਦਿਆਂ ਹਉਕਾ ਭਰਿਆ ਹੈ, “ਸੱਚੀਂ ਪੁੱਤ! ਪੰਜਾਬ ਦੀਆਂ ਤਿੰਨ ਪੀੜ੍ਹੀਆਂ ਖਾ ਲਈਆਂ ਇਨ੍ਹਾਂ ਅਲਾਮਤਾਂ ਨੇ।” ਇਹ ਵੀ ਕੌੜੀ ਹਕੀਕਤ ਹੈ ਕਿ ਇਨ੍ਹਾਂ ਅਲਾਮਤਾਂ ਦੀ ਚੀਸ ਪੰਜਾਬ, ਹਰਿਆਣਾ ਅਤੇ ਹੋਰਨਾਂ ਸੂਬਿਆਂ ਦੇ ਲੋਕਾਂ ਦੇ ਘਰਾਂ ਵਿਚ ਵੀ ਉਠਦੀ ਹੈ, ਜੋ ਇਨ੍ਹਾਂ ਦਾ ਸਿ਼ਕਾਰ ਹੋਏ ਹਨ।

ਸੁਰਿੰਦਰ ਗੀਤ, ਕੈਨੇਡਾ
ਫੋਨ: 403 605 3734

ਹਾੜ੍ਹ ਦਾ ਮਹੀਨਾ। ਲੋਹੜੇ ਦੀ ਗਰਮੀ। ਤਾਰਿਆਂ ਭਰੀ ਰਾਤ। ਗਿਆਨ ਕੌਰ ਨੇ ਅਸਮਾਨ ਵੱਲ ਵੇਖਿਆ-ਅਜੇ ਤਾਂ ਰਾਤ ਪੂਰੀ ਪਈ ਹੈ, ਮੁੱਕਣ `ਤੇ ਹੀ ਨਹੀਂ ਆਉਂਦੀ। ਉਸ ਨੇ ਆਪਣੀ ਚੁੰਨੀ ਦੇ ਲੜ ਨਾਲ ਮੁੜ੍ਹਕੋ ਮੁੜ੍ਹਕੀ ਹੋਇਆ ਮੂੰਹ ਪੂੰਝਿਆ। ਫਿਰ ਸੁਖਵਿੰਦਰ ਦੇ ਮੰਜੇ ਵੱਲ ਝਾਤੀ ਮਾਰੀ। ਸੁਖਵਿੰਦਰ ਵੀ ਜਾਗਦਾ ਪਿਆ ਸੀ, ਪਰ ਉਸ ਨੇ ਆਪਣੀ ਮਾਂ ਨੂੰ ਦੇਖ ਅੱਖਾਂ ਮੀਚ ਲਈਆਂ। ਸੋਚਿਆ ਮਾਂ ਪਹਿਲਾਂ ਹੀ ਬੇਚੈਨ ਹੈ। ਉਸ ਨੂੰ ਜਾਗਦਾ ਵੇਖ ਹੋਰ ਬੇਚੈਨ ਹੋਵੇਗੀ। ਗਿਆਨ ਕੌਰ ਨੇ ਕੂਲਰ ਨੂੰ ਖਿੱਚ ਕੇ ਸੁਖਵਿੰਦਰ ਦੇ ਮੰਜੇ ਵੱਲ ਨੂੰ ਕਰ ਦਿੱਤਾ। ਉਸ ਨੇ ਮਨ ਹੀ ਮਨ ਸੋਚਿਆ, “ਮੇਰਾ ਕੀ ਹੈ! ਜਵਾਕ ਥੱਕਿਆ ਟੁੱਟਿਆ ਪਿਆ ਹੈ। ਪਤਾ ਨਹੀਂ ਕਿੰਨੇ ਦਿਨ ਹੋ ਗਏ ਹੋਣਗੇ ਜਾਗਦੇ ਨੂੰ। ਉਹ ਜਾਣੇ ਠੀਕ-ਠਾਕ ਆ ਗਿਆ। ਜੀਹਨੇ ਢਿੱਡ ਦਿੱਤੈ, ਆਪੇ ਰੋਟੀ ਦੇਊ!”
ਰਾਣੋ ਨੇ ਪਾਸਾ ਪਰਤਿਆ। ਗਿਆਨ ਕੌਰ ਨੂੰ ਪਤਾ ਸੀ ਬਈ ਰਾਣੋ ਨੂੰ ਵੀ ਨੀਂਦ ਨਹੀਂ ਆ ਰਹੀ।
“ਕਿੰਨੇ ਦਿਨਾਂ ਤੋਂ ਸੁਖਵਿੰਦਰ ਦਾ ਫਿਕਰ ਕਰਦੀ ਹੈ। ਦਿਨਾਂ ‘ਚ ਹੀ ਸੁੱਕ ਕੇ ਤੀਲਾ ਹੋ ਗਈ। ਪਿੱਤਾ ਨਾਲ ਹੀ ਜੁੜ ਗਿਆ। ਭੈਣ-ਭਰਾ ਇਕ ਦੂਸਰੇ ਦੇ ਸਾਹੀਂ ਜਿਊਂਦੇ ਆ। ਵਾਹਿਗੁਰੂ ਆਪੇ ਬਣੀਆਂ ਨਿਬੇੜੂ!” ਗਿਆਨ ਕੌਰ ਨੇ ‘ਵਾਹਿਗੂਰੂ’ ਕਿਹਾ ਤੇ ਪਾਣੀ ਦੀਆਂ ਦੋ ਘੁੱਟਾਂ ਭਰ ਕੇ ਮੁੜ ਮੰਜੇ `ਤੇ ਪੈ ਗਈ।
ਉਹ ਬਿੱਟ ਬਿੱਟ ਤਾਰਿਆਂ ਵੱਲ ਝਾਕ ਰਹੀ ਸੀ। ਤਾਰਿਆਂ ਨਾਲ ਮਨ ਹੀ ਮਨ ਗੱਲਾਂ ਕਰਨ ਲੱਗ ਪਈ। ਉਸ ਨੂੰ ਜਾਪਿਆ ਜਿਵੇਂ ਤਾਰੇ ਉਸ ਦੀ ਸਾਰੀ ਪੀੜਾ ਚੂਸ ਲੈਣਗੇ। ਉਸ ਨੇ ਆਪਣਾ ਆਪ ਤਾਰਿਆਂ ਮੂਹਰੇ ਖੋਲ੍ਹ ਕੇ ਰੱਖ ਦਿੱਤਾ।
ਚੌਰਾਸੀ ਵਿਚ ਅਤਿਵਾਦ ਦੇ ਦਿਨਾਂ ਵਿਚ ਮੈਂ ਪੰਦਰਾਂ ਸਾਲਾਂ ਦੀ ਸਾਂ। ਦਰਬਾਰ ਸਾਹਿਬ ਅੰਮ੍ਰਿਤਸਰ `ਤੇ ਭਾਰਤੀ ਫੌਜ ਹਮਲਾ ਕਰ ਚੁੱਕੀ ਸੀ। ਬਹੁਤ ਮਾੜੇ ਦਿਨ ਸਨ। ਏਨੇ ਮਾੜੇ ਕਿ ਲੋਕੀਂ ਦਿਨ ਛਿਪਣ ਤੋਂ ਪਹਿਲਾਂ ਹੀ ਬੂਹੇ ਬੰਦ ਕਰ ਲੈਂਦੇ। ਆਪੋ ਆਪਣੇ ਘਰਾਂ ਵਿਚ ਜਾਗਦੇ ਹੀ ਸੁੱਸਰੀ ਵਾਂਗ ਸੌ ਜਾਂਦੇ ਸਨ। ਮੇਰੇ ਬਾਪੂ ਨੇ ਮੈਨੂੰ ਸਕੂਲੋਂ ਪੜ੍ਹਨ ਤੋਂ ਹਟਾ ਲਿਆ। ਮੈਂ ਦਸ ਜਮਾਤਾਂ ਪੂਰੀਆਂ ਵੀ ਨਾ ਕੀਤੀਆਂ। ਪੜ੍ਹਨਾ ਚਾਹੁੰਦੀ ਸਾਂ, ਪਰ ਬਾਪੂ ਮੂਹਰੇ ਪੇਸ਼ ਨਾ ਗਈ। ਉਹ ਵੀ ਆਪਣੀ ਥਾਂ `ਤੇ ਸੱਚਾ ਸੀ। ਰਾਹ ਖਹਿੜੇ ਕੋਈ ਜਵਾਨ ਧੀ ਨਾਲ ਭਾਣਾ ਵਰਤ ਜਾਂਦਾ ਤਾਂ ਕੀਹਨੂੰ ਮੂੰਹ ਦਿਖਾਉਂਦਾ। ਬਾਪੂ ਤਾਂ ਮੇਰੇ ਵੀਰੇ ਮੱਖਣ ਨੂੰ ਵੀ ਘਰੋਂ ਨਾ ਨਿਕਲਣ ਦਿੰਦਾ। ਅਣਸਰਦੇ ਹੀ ਘਰੋਂ ਬਾਹਰ ਜਾਂਦਾ। ਮੈਂ ਤਾਂ ਫਿਰ ਵੀ ਔਰਤ ਜ਼ਾਤ ਸਾਂ।
ਸਾਡਾ ਘਰ ਖੇਤ ਵਿਚ ਸੀ। ਪਿੰਡ ਤੋਂ ਬਹੁਤੀ ਦੂਰੀ `ਤੇ ਨਹੀਂ ਸੀ। ਪਿੰਡ ਦੇ ਘਰਾਂ ਤੋਂ ਥੋੜ੍ਹਾ ਨਿਖੜਵਾਂ ਜਿਹਾ। ਗੁਰੂ ਘਰ ਨੇੜੇ ਹੋਣ ਕਰਕੇ ਸਵੇਰੇ-ਸ਼ਾਮ ਬਾਬੇ ਦੀ ਆਵਾਜ਼ ਸੁਣਦੀ ਰਹਿੰਦੀ ਸੀ। ਰਾਤ ਬਰਾਤੇ ਮਾੜਾ ਜਿਹਾ ਖੜਕਾ ਹੁੰਦਾ ਤਾਂ ਸਾਰੇ ਚੁੱਪ ਹੋ ਜਾਂਦੇ। ਵੈਸੇ ਬੋਲਦਾ ਵੀ ਕੌਣ ਸੀ ਉਨ੍ਹਾਂ ਦਿਨਾਂ ਵਿਚ! ਜੇ ਕਿਸੇ ਦਾ ਕੁੱਤਾ ਭੌਂਕ ਪੈਂਦਾ ਤਾ ਜਾਨ ਹੱਥਾਂ ‘ਚ ਆ ਜਾਂਦੀ। ਉਨ੍ਹੀਂ ਦਿਨੀਂ ਅਸੀਂ ਵੀ ਆਪਣੇ ਟੋਨੀ ਨੂੰ ਅੰਦਰਲੇ ਕਮਰੇ ਵਿਚ ਬੰਨ੍ਹ ਕੇ ਰੱਖਦੇ ਸਾਂ। ਉਹ ਵੀ ਸਾਡੇ ਨਾਲ ਹੀ ਇਨ੍ਹਾਂ ਮਾੜੇ ਦਿਨਾਂ ਦਾ ਸਰਾਪ ਝੱਲ ਰਿਹਾ ਸੀ।
ਮੇਰਾ ਬਾਪੂ, ਬੇਬੇ ਤੇ ਵੀਰਾ ਮੱਖਣ ਤਿੰਨੇ ਅੰਮ੍ਰਿਤਧਾਰੀ ਸਨ। ਮੈਨੂੰ ਵੀਰੇ ਦੇ ਚਿੱਟੇ ਕੁੜਤੇ-ਪਜਾਮੇ ਨਾਲ ਬਾਹਰ ਦੀ ਨੀਲੇ ਰੰਗ ਦਾ ਗਾਤਰਾ ਪਾਇਆ ਬਹੁਤ ਚੰਗਾ ਲਗਦਾ ਸੀ। ਵੀਰਾ ਸੀ ਵੀ ਪੂਰਾ ਛੇ ਫੁੱਟਾ ਜਵਾਨ। ਵੀਰੇ ਦੀ ਦਾੜ੍ਹੀ ਅਜੇ ਫੁੱਟਦੀ ਹੀ ਸੀ। ਉਸ ਦਾ ਵੱਡਾ ਸਾਰਾ ਜੂੜਾ ਤਾਂ ਬਾਹਲਾ ਹੀ ਸੋਹਣਾ ਸੀ। ਵੀਰਾ ਜਦੋਂ ਲੱਕੜ ਦੇ ਕੰਘੇ ਨਾਲ ਵਾਲ ਵਾਹੁਦਾ ਤਾਂ ਮੈਂ ਟਿਕਟਿਕੀ ਲਾ ਦੇ ਵੇਖਦੀ। ਮੂਹਰ ਨੂੰ ਸੁੱਟੇ ਵਾਲ ਜ਼ਮੀਨ `ਤੇ ਲੱਗਦੇ। ਮੈਂ ਭੱਜ ਕੇ ਜਾਂਦੀ ਕਿ ਵੀਰੇ ਦੇ ਵਾਲ ਮੈਲੇ ਨਾ ਹੋ ਜਾਣ। ਮੈਂ ਭੱਜ ਭੱਜ ਕੇ ਵੀਰੇ ਦਾ ਕੰਮ ਕਰਦੀ। ਕਦੇ ਉਸ ਦੇ ਨਹਾਉਣ ਵਾਸਤੇ ਪਾਣੀ ਦੀ ਬਾਲਟੀ ਭਰਦੀ, ਕਦੇ ਬਾਹਲਾ ਸਾਰਾ ਮੱਖਣ ਉਹਦੀ ਦਾਲ ‘ਚ ਪਾ ਕੇ ਰੋਟੀ ਉਸ ਦੇ ਸਾਹਮਣੇ ਲਿਆ ਧਰਦੀ। ਕਈ ਵਾਰ ਵੀਰੇ ਵੱਲ ਦੇਖ ਕੇ ਆਪਣੇ ਆਪ ਨੂੰ ਆਖਦੀ, “ਐਵੇਂ ਨਾ ਗਿਆਨ ਕੁਰੇ ਮੁੰਡੇ ਵੱਲ ਏਦਾਂ ਦੇਖਿਆ ਕਰ। ਨਜ਼ਰ ਨਾ ਲਾ ਦੇਵੀਂ ਕਿਤੇ।”
ਮੈਂ ਇਕ ਵਾਰੀ ਆਪਣੀ ਬੇਬੇ ਨੂੰ ਕਹਿ ਦਿੱਤਾ, “ਬੇਬੇ, ਵੀਰਾ ਕਿੰਨਾ ਸੋਹਣਾ ਲਗਦੈ!”
ਬੇਬੇ ਨੇ ਮੈਨੂੰ ਝਿੜਕ ਕੇ ਕਿਹਾ ਸੀ, “ਨੀ ਬੱਸ ਕਰ। ਐਵੇਂ ਨਾ ਬੋਲਿਆ ਕਰ। ਕਿਤੇ ਨਜ਼ਰ ਨਾ ਲਾ ਦੇਵੀਂ।”
ਤੇ ਉਸੇ ਦਿਨ ਹੀ ਵੀਰੇ ਨੂੰ ਮਾੜੀ ਜਿਹੀ ਕਣਸ ਜਿਹੀ ਹੋ ਗਈ। ਬੇਬੇ ਨੇ ਮੇਰੇ ਪੈਰਾਂ ਦੀ ਮਿੱਟੀ ਚੁੱਕ ਕੇ ਚੁੱਲ੍ਹੇ ਵਿਚ ਪਾਈ ਸੀ। ਵੀਰਾ ਬਹੁਤ ਹੱਸਿਆ ਸੀ ਬੇਬੇ ਦੀ ਇਸ ਗੱਲ `ਤੇ। ਉਸ ਰਾਤ ਵੀਰੇ ਨੇ ਬੇਬੇ ਦੀ ਇਹ ਗੱਲ ਬਾਪੂ ਨੂੰ ਵੀ ਦੱਸੀ। ਬਾਪੂ ਹੱਸ ਕੇ ਕਹਿਣ ਲੱਗਾ, “ਮੱਖਣ ਪੁੱਤ, ਤੇਰੀ ਬੇਬੇ ਤਾਂ ਕਮਲੀ ਆ। ਨਾਲੇ ਅੰਮ੍ਰਿਤ ਛਕੀ ਫਿਰਦੀ ਆ, ਨਾਲੇ ਇਹੋ ਜਿਹੀਆਂ ਵਿਚਾਰਾਂ ਕਰਦੀ ਆ।”
ਵੀਰਾ ਮੈਥੋਂ ਦੋ ਕੁ ਸਾਲ ਵੱਡਾ ਸੀ।
ਦਸ ਕੁ ਕਿਲ੍ਹੇ ਸਨ ਘਰ ਦੇ। ਕਿਸੇ ਦਾ ਕੁਝ ਦੇਣਾ ਨਹੀਂ ਸੀ। ਬਾਪੂ ਬਹੁਤ ਮਿਹਨਤੀ ਸੀ। ਖੇਤ ‘ਚ ਘਰ ਹੋਣ ਕਰਕੇ ਬੇਬੇ ਵੀ ਬਾਪੂ ਨਾਲ ਬਹੁਤ ਕੰਮ ਕਰਵਾ ਦਿੰਦੀ। ਜਦੋਂ ਮੋਟਰ ਚਲਦੀ ਹੁੰਦੀ ਤਾਂ ਨੱਕਾ ਵੀ ਮੋੜ ਦਿੰਦੀ। ਵੀਰਾ ਕਾਲਜ ਤੋਂ ਆ ਕੇ ਬਾਪੂ ਨਾਲ ਕੰਮ ਕਰਵਾਉਂਦਾ। ਦੁੱਧ ਘਿਉ ਦੀ ਕਦੇ ਘਾਟ ਨਹੀਂ ਸੀ ਆਈ। ਇਕ ਮੱਝ ਦੁੱਧੋਂ ਭੱਜਦੀ ਤਾਂ ਦੂਸਰੀ ਸੂ ਪੈਂਦੀ। ਬੇਬੇ ਜਿੱਥੇ ਵੀਰੇ ਨੂੰ ਰੀਝਾਂ ਨਾਲ ਪਾਲਦੀ ਸੀ, ਉਥੇ ਮੇਰੇ ਨਾਲ ਵੀ ਵਿਤਕਰਾ ਨਹੀਂ ਸੀ ਕਰਦੀ।
ਹਾਂ ਸੱਚ, ਬਾਪੂ ਨੇ ਮੇਰਾ ਮੰਗਣਾ ਵੀ ਕਰ ਦਿੱਤਾ। ਇਸ ਪਿੰਡ ‘ਚ। ਇਸ ਘਰ ‘ਚ ਹੀ ਮੈਂ ਵਿਆਹੀ ਆਈ। ਵਾਹਿਗੁਰੂ ਦੀ ਕਿਰਪਾ ਨਾਲ ਇਨ੍ਹਾਂ ਦਾ ਟੱਬਰ ਵੀ ਅੰਮ੍ਰਿਤਧਾਰੀ ਸੀ। ਇਹ ਵੀ ਚੰਗੇ ਵਸਦੇ-ਰਸਦੇ ਸਨ। ਕਿਸੇ ਕਿਸਮ ਦੇ ਨਸ਼ੇ ਦਾ ਤਾਂ ਸਵਾਲ ਵੀ ਪੈਦਾ ਨਹੀਂ ਸੀ ਹੁੰਦਾ। ਦੋਹਾਂ ਘਰਾਂ ਵਿਚ ਕਦੇ ਸ਼ਰਾਬ ਨੇ ਪੈਰ ਨਹੀਂ ਸਨ ਪਾਏ। ਜਿਸ ਘਰ ਵਿਚ ਮਿਹਨਤ ਨੱਚਦੀ ਹੋਵੇ, ਘਰ ਦੇ ਜੀਆਂ ਵਿਚ ਇਤਫਾਕ ਹੋਵੇ ਤੇ ਰੋਟੀ ਤੋਂ ਬਿਨਾ ਹੋਰ ਕਾਸੇ ਦਾ ਅਮਲ ਨਾ ਹੋਵੇ, ਉਥੇ ਬਰਕਤ ਤਾਂ ਹੁੰਦੀ ਹੀ ਹੁੰਦੀ ਹੈ। ਆਪਣੀ ਮਾਂ ਦਾ ਲਾਡਲਾ ਪੁੱਤ ਤੇ ਮੇਰਾ ਮੰਗੇਤਰ ਗੁਰਦੇਵ ਸਿੰਘ ਮੇਰੇ ਵੀਰੇ ਵਾਂਗ ਹੀ ਸੋਹਣਾ ਸੁਨੱਖਾ ਸੀ। ਮੈਂ ਵੇਖਿਆ ਤਾਂ ਨਹੀਂ ਸੀ, ਪਰ ਕਦੇ ਕਦੇ ਮਾਂ ਤੋਂ ਚੋਰੀ ਉਸ ਦੀ ਫੋਟੋ ਦੇਖ ਲੈਂਦੀ ਸਾਂ। ਮੈਨੂੰ ਗੁਰਦੇਵ ਨਾਮ ਸੋਹਣਾ ਵੀ ਬਹੁਤ ਲੱਗਦੈ। ਗੁਰਦੇਵ ਸਿਉਂ ਮੇਰੇ ਤੋਂ ਚਾਰ ਕੁ ਸਾਲ ਵੱਡਾ ਸੀ ਤੇ ਮੇਰੇ ਵੀਰੇ ਤੋਂ ਦੋ ਕੁ ਸਾਲ ਵੱਡਾ। ਉਸ ਦੀ ਇਕੋ ਇਕ ਭੈਣ ਹਰਦੇਵ ਵਿਆਹੀ ਹੋਈ ਸੀ, ਪਰ ਸਾਰੇ ਉਸ ਨੂੰ ਦੇਬੋ ਹੀ ਆਖਦੇ ਸਨ।
ਮੇਰੇ ਬਾਪੂ ਨੇ ਗੁਰਦੇਵ ਦੇ ਬਾਪੂ ਯਾਨਿ ਮੇਰੇ ਹੋਣ ਵਾਲੇ ਸਹੁਰਾ ਸਾਹਿਬ ਨੂੰ ਆਖ ਦਿੱਤਾ ਸੀ ਕਿ ਅਜੇ ਕੁੜੀ ਨਿਆਣੀ ਹੈ ਤੇ ਨਾਲੇ ਸ਼ਾਂਤੀ ਹੋ ਜਾਣ ਦੇ, ਆਪਾਂ ਫਿਰ ਵਿਆਹ ਧਰਾਂਗੇ। ਉਨ੍ਹਾਂ ਦੇ ਘਰ ਬੇਸ਼ੱਕ ਰੋਟੀ ਟੁੱਕ ਦਾ ਮੁਸ਼ਕਿਲ ਸੀ, ਪਰ ਉਨ੍ਹਾਂ ਗੱਲ ਮੰਨ ਲਈ। ਮੇਰੀ ਹੋਣ ਵਾਲੀ ਸੱਸ ਨੇ ਰੋਟੀ ਟੁੱਕ ਦਾ ਕੰਮ ਕਰਵਾਉਣ ਵਾਸਤੇ ਪਿੰਡੋਂ ਹੀ ਝਿਊਰਾਂ ਦੀ ਕੁੜੀ ਨੂੰ ਰੱਖਿਆ ਹੋਇਆ ਸੀ। ਸਰਦੇ-ਵਰਦੇ ਘਰ ਅਕਸਰ ਹੀ ਰੋਟੀ ਟੁੱਕ ਦਾ ਕੰਮ ਕਰਵਾਉਣ ਵਾਸਤੇ ਪਿੰਡ `ਚੋਂ ਕੋਈ ਕੁੜੀ-ਬੁੜ੍ਹੀ ਰੱਖ ਹੀ ਲੈਂਦੇ ਨੇ।
ਗਿਆਨ ਕੌਰ ਨੂੰ ਜਾਪਿਆ ਜਿਵੇਂ ਤਾਰੇ ਉਸ ਦੀ ਗੱਲ ਧਿਆਨ ਨਾਲ ਸੁਣ ਰਹੇ ਹਨ। ਉਹ ਆਪਣਾ ਸਾਰਾ ਦਰਦ ਇਨ੍ਹਾਂ ਤਾਰਿਆਂ ਮੂਹਰੇ ਢੇਰੀ ਕਰ ਰਹੀ ਸੀ। ਗਿਆਨ ਕੌਰ ਨੇ ਸਿਰਹਾਣੇ ਪਏ ਪਾਣੀ ਦੇ ਗਲਾਸ `ਚੋਂ ਪਾਣੀ ਦੀ ਇਕ ਵਾਰ ਫੇਰ ਘੁੱਟ ਭਰੀ ਤੇ ਚੁੰਨੀ ਦੇ ਲੜ ਨਾਲ ਫਿਰ ਮੁੜ੍ਹਕਾ ਪੂੰਝਿਆ ਅਤੇ ਗੱਲ ਅਗਾਂਹ ਤੋਰਨ ਲੱਗੀ।
ਬੋਲਣ ਤੋਂ ਪਹਿਲਾਂ ਉਸ ਨੇ ਏਡਾ ਵੱਡਾ ਹਉਕਾ ਲਿਆ ਕਿ ਤਾਰੇ ਵੀ ਕੰਬ ਉੱਠੇ।
ਉਨ੍ਹੀਂ ਦਿਨੀਂ ਆਂਢ-ਗਵਾਂਢ ਰੋਜ਼ ਗੱਲਾਂ ਹੁੰਦੀਆਂ ਕਿ ਫਲਾਣੇ ਥਾਂ `ਤੇ ਫਲਾਣਾ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ। ਇਥੇ ਆਹ ਹੋ ਗਿਅ, ਓਥੇ ਅਹੁ ਹੋ ਗਿਆ। ਗੱਲ ਮਾਰਨ ਜਾਂ ਮਰਨ ਦੀ ਹੀ ਹੁੰਦੀ ਸੀ। ਜੰਮਣ ਦੀ ਗੱਲ ਤਾਂ ਕੋਈ ਕਰਦਾ ਹੀ ਨਹੀਂ ਸੀ। ਅਖਬਾਰਾਂ ਤਾਂ ਜਿਵੇਂ ਲਹੂ ਵਿਚ ਨਹਾ ਕੇ ਹੀ ਆਉਂਦੀਆਂ। ਲਹੂ ਵਿਚ ਨੁੱਚੜਦੀਆਂ ਨੁੱਚੜਦੀਆਂ। ਮਾਂਵਾਂ ਦੇ ਗੱਭਰੂ ਪੁੱਤ ਮਰਦੇ। ਝੂਠੇ ਪੁਲਿਸ ਮੁਕਾਬਲੇ ਬਣਦੇ। ਪੁਲਿਸ ਤਾਂ ਜਿਵੇਂ ਕਸਾਈ ਹੀ ਬਣ ਗਈ ਹੋਵੇ। ਮੁੰਡੇ ਤਾਂ ਮੂਲੀਆਂ ਗਾਜਰਾਂ ਹੀ ਬਣ ਗਏ। ਜਿੱਥੇ ਮਰਜ਼ੀ ਜਦੋਂ ਮਰਜ਼ੀ ਪੁਲਿਸ ਮੁੰਡਿਆਂ ਨੂੰ ਚੁੱਕ ਕੇ ਲੈ ਜਾਂਦੀ, ਖਾਸ ਕਰਕੇ ਅੰਮ੍ਰਿਤਧਾਰੀ ਮੁੰਡਿਆਂ ਨੂੰ। ਕੋਈ ਕਹਿੰਦਾ ਇਹ ਧਰਮ ਯੁੱਧ ਮੋਰਚਾ ਹੈ, ਕੋਈ ਕਹਿੰਦਾ ਇਹ ਤਾਂ ਸਿਰਫ ਲੁੱਟਾਂ-ਖੋਹਾਂ ਦਾ ਮੰਜ਼ਰ ਹੈ। ਮੈਨੂੰ ਤਾਂ ਕੁਝ ਵੀ ਸਮਝ ਨਾ ਆਉਂਦੀ ਕਿ ਕੀ ਹੋਈ ਜਾਂਦੈ। ਮੇਰਾ ਚਿੱਤ ਕਰਦਾ ਕਿ ਮੈਂ ਆਪਣੇ ਬਾਪੂ ਤੇ ਵੀਰੇ-ਦੋਹਾਂ ਨੂੰ ਘਰੋਂ ਬਾਹਰ ਹੀ ਨਾ ਜਾਣ ਦੇਵਾਂ।
ਗਿਆਨ ਕੌਰ ਦਾ ਗਲਾ ਭਰ ਆਇਆ। ਉਸ ਨੇ ਆਪਣੇ ਆਪ ਨੂੰ ਸੰਭਾਲਿਆ। ਸੌਂ ਰਹੇ ਸੁਖਵਿੰਦਰ ਵੱਲ ਨਜ਼ਰ ਮਾਰੀ। ਇਕ ਹੋਰ ਹਾਉਕਾ ਲਿਆ ਤੇ ਕੂਲਰ ਦੀ ਠੰਡੀ ਹਵਾ ਵਿਚ ਰਲ ਗਿਆ। ਕਹਾਣੀ ਤੁਰਦੀ ਗਈ।
ਇਕ ਦਿਨ ਤਾਂ ਹੱਦ ਹੀ ਹੋ ਗਈ। ਪਿੰਡ ‘ਚ ਗੁਰਦੁਆਰੇ ਦੇ ਸਪੀਕਰ `ਚੋਂ ਹੋਕਾ ਆਇਆ ਕਿ ਸਾਰੇ ਆਦਮੀ ਤੇ ਜਵਾਨ ਮੁੰਡੇ ਪਿੰਡ ਦੀ ਧਰਮਸ਼ਾਲਾ ਵਿਚ ਇਕੱਠੇ ਹੋ ਜਾਣ। ਪਿੰਡ ‘ਚ ਸਨਾਟਾ ਛਾ ਗਿਆ। ਓਦਣ ਐਤਵਾਰ ਸੀ। ਵੀਰਾ ਬੈਠਕ ‘ਚ ਬੈਠਾ ਪੜ੍ਹ ਰਿਹਾ ਸੀ ਤੇ ਬਾਪੂ ਬਾਹਰ ਬਰਾਂਡੇ ‘ਚ ਮੰਜੀ `ਤੇ ਪਿਆ ਸੀ। ਬਾਪੂ ਨੇ ਬੇਬੇ ਤੋਂ ਪੁਛਿਆ ਬਈ ਮੱਖਣ ਕਿੱਥੇ ਹੈ! ਬੇਬੇ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਕਿ ਹੁਣ ਇਹਦੇ ਨਾਲ ਮੱਖਣ ਨੂੰ ਵੀ ਜਾਣਾ ਪਊ।
ਬੇਬੇ ਬੋਲੀ, “ਸਰਦਾਰਾ, ਮੱਖਣ ਤਾਂ ਪੜ੍ਹ ਰਿਹਾ ਹੈ। ਤੂੰ ਉਹਨੂੰ ਘਰੇ ਹੀ ਰਹਿਣ ਦੇ। ਮੇਰੀ ਮੰਨੇ ਤਾਂ ਇਕੱਲਾ ਹੀ ਜਾ ਆ।”
ਬਾਪੂ ਨੇ ਸਿਰ ਉਤਲਾ ਪਰਨਾ ਠੀਕ ਕਰਕੇ ਵਲੇਟਿਆਂ ਕਿਹਾ, “ਕਿਵੇਂ ਜਾ ਆਵਾਂ। ਜੇ ਪੁਲਸ ਘਰੇ ਆ ਗਈ ਤਾਂ ਹੋਰ ਵੀ ਮਾੜਾ ਹੋਊ। ਨਾਲੇ ਇਹਨੇ ਕਿਹੜਾ ਕੁਝ ਕੀਤਾ ਹੈ! ਏਹਨੂੰ ਕੀ ਕਹਿਣਾ ਪੁਲਸ ਨੇ!”
ਬਾਪੂ ਨੇ ਵੀਰੇ ਨੂੰ ਆਵਾਜ਼ ਮਾਰੀ। ਹੋਕਾ ਤਾਂ ਵੀਰੇ ਨੇ ਵੀ ਸੁਣ ਲਿਆ ਸੀ। ਉਹ ਕਿਤਾਬ ਰੱਖਣ ਹੀ ਵਾਲਾ ਸੀ ਕਿ ਬਾਪੂ ਨੇ ਹਾਕ ਮਾਰ ਲਈ। ਬਾਪੂ ਕਹਿ ਰਿਹਾ ਸੀ, “ਮੱਖਣ ਸ਼ੇਰਾ, ਆ ਕੇ ਪੜ੍ਹ ਲਵੀਂ। ਧਰਮਸ਼ਾਲਾ ਵਿਚ ਇਕੱਠੇ ਹੋਣ ਲਈ ਕਿਹਾ ਹੈ। ਛੇਤੀ ਮੁੜ ਆਵਾਂਗੇ।”
ਵੀਰੇ ਨੇ ਵੀ ਸਿਰ `ਤੇ ਆਪਣਾ ਡੱਬੀਆਂ ਵਾਲਾ ਪਰਨਾ ਵਲ੍ਹੇਟ ਲਿਆ। ਬਿਨਾ ਕੁਝ ਬੋਲੇ ਪੈਰੀਂ ਚੱਪਲਾਂ ਪਾ ਕੇ ਬਾਪੂ ਦੇ ਨਾਲ ਹੋ ਤੁਰਿਆ।
ਧਰਮਸ਼ਾਲਾ ਵਿਚ ਸਾਰਾ ਪਿੰਡ ਇਕੱਠਾ ਹੋ ਗਿਆ। ਘਰਾਂ ‘ਚ ਔਰਤਾਂ ਸਹਿਮੀਆਂ ਬੈਠੀਆਂ ਸਨ। ਮਾਂਵਾਂ ਦਾ ਸਹਿਮ ਦੇਖ ਨਿਆਣੇ ਵੀ ਕੌਲਿਆਂ ‘ਚ ਲੁਕ ਗਏ।
ਪਿੰਡ ‘ਚ ਰੌਲਾ ਪੈ ਗਿਆ ਕਿ ਪੁਲਿਸ ਪਿੰਡ ਦੇ ਦੋ ਮੁੰਡੇ ਚੁੱਕ ਕੇ ਲੈ ਗਈ। ਧਰਮਸ਼ਾਲਾ ਵਿਚ ਹੀ ਕਈਆਂ `ਤੇ ਪੁਲਿਸ ਨੇ ਕੁਟਾਪਾ ਚਾੜ੍ਹਿਆ। ਮੇਰੇ ਵੀਰੇ ਤੇ ਭੋਲੂ ਚਾਚੇ ਦੇ ਮੁੰਡੇ ਬਿੰਦਰ ਨੂੰ ਪੁਲਿਸ ਨੇ ਵਾਲੋਂ ਫੜ ਕੇ ਘੜੀਸ ਕੇ ਜਿਪਸੀ ਵਿਚ ਸੁੱਟ ਲਿਆ। ਸਾਰਾ ਪਿੰਡ ਸਹਿਮ ਗਿਆ। ਨਾ ਕਿਸੇ ਪਕਾਈ, ਨਾ ਕਿਸੇ ਖਾਧੀ। ਪਾਣੀ ਦੀ ਘੁੱਟ ਅੰਦਰ ਨਹੀਂ ਸੀ ਲੰਘਦੀ। ਪਿੰਡ ਤ੍ਰਾਹ ਤ੍ਰਾਹ ਕਰਨ ਲੱਗ ਪਿਆ। ਪਿੰਡ `ਚੋਂ ਦੋ ਜਵਾਨ ਮੁੰਡਿਆਂ ਦਾ ਫੜੇ ਜਾਣਾ ਅਤੇ ਉਹ ਵੀ ਬੇਕਸੂਰ ਮੁੰਡਿਆਂ ਦਾ! ਕਿਹੋ ਜਿਹੇ ਵੇਲੇ ਆ ਗਏ। ਲੋਕਾਂ ਦੇ ਮੂੰਹਾਂ ‘ਚ ਬੋਲ ਸੁੱਕ ਗਏ। ਕੋਈ ਬੋਲੇ ਤਾਂ ਕੀ ਬੋਲੇ!
ਮੇਰੀ ਤਾਂ ਜਾਨ ਹੀ ਨਿਕਲ ਗਈ। ਮੇਰੀਆਂ ਅੱਖਾਂ ਮੂਹਰੇ ਵੀਰੇ ਦੇ ਲੰਬੇ ਲੰਬੇ ਸੋਹਣੇ ਵਾਲ ਘੁੰਮਣ ਲੱਗੇ। ਮੈਂ ਚੀਕਾਂ ਮਾਰੀ ਜਾਵਾਂ। ਮੇਰਾ ਵੀਰਾ… ਮੇਰਾ ਵੀਰਾ। ਨਾਲ ਦੇ ਘਰੋਂ ਚਾਚੀ ਨੇ ਆ ਕੇ ਮੈਨੂੰ ਬੁੱਕਲ ‘ਚ ਲਿਆ ਤੇ ਦਿਲਾਸਾ ਦਿੱਤਾ ਕਿ ਅੱਜ-ਭਲਕ ਦੋਨੋਂ ਮੁੰਡੇ ਛੁੱਟ ਕੇ ਆ ਜਾਣਗੇ; ਪਰ ਮੇਰਾ ਦਿਲ ਨਾ ਠਹਿਰਦਾ।
ਪਿੰਡ `ਚੋਂ ਬੰਦੇ ਇਕੱਠੇ ਹੋ ਕੇ ਥਾਣੇ ਗਏ, ਪਰ ਕਿਸੇ ਨੇ ਨਾ ਸੁਣੀ। ਭੇਬੇ-ਬਾਪੂ ਨੂੰ ਕਹੇ, ਜਾ ਕੇ ਮੇਰੇ ਪੁੱਤ ਨੂੰ ਛੁਡਾ ਕੇ ਲਿਆ। ਭਾਵੇਂ ਸਾਰੀ ਜ਼ਮੀਨ ਪੁਲਸ ਦੇ ਨਾਮ ਕਰਵਾ ਦੇ, ਮੈਨੂੰ ਮੇਰਾ ਪੁੱਤ ਚਾਹੀਦੈ!
ਮੇਰੇ ਸਹੁਰਿਆਂ ਨੇ ਵੀ ਅਹੁੜ-ਪਹੁੜ ਕੀਤਾ। ਬਾਪੂ ਨਾਲ ਥਾਣੇ ਗਏ। ਵੀਰੇ ਦੀ ਕੋਈ ਉੱਘ-ਸੁੱਘ ਨਾ ਮਿਲੇ। ਕਿੱਥੇ ਲੈ ਗਈ ਪੁਲਿਸ?
ਬਾਪੂ ਖੇਤ ਵੀ ਨਹੀਂ ਸੀ ਜਾਂਦਾ। ਦਿਨ-ਰਾਤ ਥਾਣਿਆਂ ਦੇ ਗੇੜੇ ਕੱਢਦਾ ਰਹਿੰਦਾ। ਆਥਣ ਨੂੰ ਥੱਕ-ਟੁੱਟ ਘਰ ਆ ਜਾਂਦਾ। ਭੁੱਬਾਂ ਮਾਰ ਮਾਰ ਰੋਂਦਾ। ਬੇਬੇ ਸਾਰਾ ਸਾਰਾ ਦਿਨ ਅੱਖਾਂ ਪੂੰਝਦੀ ਰਹਿੰਦੀ। ਮੈਂ ਬੇਬੇ ਤੋਂ ਚੋਰੀ, ਵੀਰੇ ਦੀ ਫੋਟੋ ਚੁੱਕ ਕੇ ਵੀਰੇ ਨਾਲ ਗੱਲਾਂ ਕਰਦੀ ਰਹਿੰਦੀ। ਰੱਬ ਅੱਗੇ ਅਰਦਾਸਾਂ ਕਰਦੀ ਕਿ ਰੱਬਾ ਮੇਰੇ ਵੀਰੇ ਨੂੰ ਤੱਤੀ ਵਾਅ ਨਾ ਲੱਗਣ ਦੇਵੀਂ। ਮੈਂ ਆਪ ਰੋਂਦੀ, ਪਰ ਬਾਪੂ `ਤੇ ਬੇਬੇ ਨੂੰ ਧਰਵਾਸ ਦਿੰਦੀ। ਹੋਰ ਕਰ ਵੀ ਕੀ ਸਕਦੀ ਸੀ।
ਬਹੁਤ ਖੱਜਲ ਖੁਆਰੀ ਤੋਂ ਬਾਅਦ ਏਨਾ ਹੀ ਪਤਾ ਲੱਗਿਆ ਕਿ ਮੇਰੇ ਵੀਰੇ ਤੇ ਭੋਲੂ ਚਾਚੇ ਦੇ ਮੁੰਡੇ `ਤੇ ਅਤਿਵਾਦੀ ਹੋਣ, ਲੁੱਟਾਂ-ਖੋਹਾਂ ਕਰਨ ਤੇ ਕਤਲ ਦੇ ਕਈ ਕੇਸ ਪਾ ਦਿੱਤੇ ਹਨ। ਸਾਡਾ ਘਰ ਖੇਤ ‘ਚ ਹੋਣ ਕਰਕੇ, ਪੁਲਿਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਤੁਹਾਡੇ ਮੁੰਡੇ ਕੋਲ ਰਾਤ ਬਰਾਤੇ ਅਤਿਵਾਦੀ ਆਉਂਦੇ ਨੇ। ਤੁਹਾਡਾ ਮੁੰਡਾ ਉਨ੍ਹਾਂ ਨੂੰ ਵੇਲੇ-ਕੁਵੇਲੇ ਪਨਾਹ ਦਿੰਦਾ ਹੈ। ਇਨ੍ਹਾਂ ਦੋਨਾਂ ਮੁੰਡਿਆਂ ਨੂੰ ਇਕ ਦਿਨ ਅਤਿਵਾਦੀਆਂ ਦੀ ਕਾਰ `ਚੋਂ ਨਿਕਲਦੇ ਵੇਖਿਆ ਗਿਆ ਹੈ, ਬਿਲਕੁਲ ਤੁਹਾਡੇ ਘਰ ਦੇ ਮੂਹਰੇ। ਬਾਪੂ ਨੇ ਬਥੇਰਾ ਕਿਹਾ ਪਈ ਜੇ ਸਾਡੇ ਕਦੇ ਕੋਈ ਆਇਆ ਹੁੰਦਾ ਤਾਂ ਕੀ ਸਾਨੂੰ ਪਤਾ ਨਾ ਲੱਗਦਾ। ਪਿੰਡ ਦੇ ਲੋਕਾਂ ਨੇ ਵੀ ਬਥੇਰੇ ਹੱਥ ਜੋੜੇ। ਬਥੇਰੇ ਤਰਲੇ ਪਾਏ, ਪਰ ਡਾਹਢਿਆਂ ਮੂਹਰੇ ਕੋਈ ਪੇਸ਼ ਨਾ ਗਈ।
ਹੋਇਆ ਇਉਂ ਕਿ ਇਕ ਦਿਨ ਭੋਲੂ ਚਾਚੇ ਦਾ ਮੁੰਡਾ ਬਿੰਦਰ ਸਾਡੇ ਘਰ ਆਇਆ। ਬਿੰਦਰ, ਵੀਰੇ ਤੋਂ ਕੋਈ ਕਿਤਾਬ ਲੈਣ ਆਇਆ ਸੀ। ਉਹ ਦੋਨੋਂ ਗੱਲਾਂ ਕਰਦੇ ਕਰਦੇ ਸਾਡੇ ਖੇਤ ਨੂੰ ਆਉਂਦੀ ਪਹੀ ਦੇ ਸਾਹਮਣੇ ਵਾਲੀ ਪੁਲੀ `ਤੇ ਜਾ ਬੈਠੇ। ਸੜਕ `ਤੇ ਜਾਂਦੀ ਇਕ ਕਾਰ ਦਾ ਟਾਇਰ ਫਟ ਗਿਆ। ਕਾਰ ਵਿਚ ਦੋ ਸਵਾਰ ਸਨ। ਬਿੰਦਰ ਤੇ ਵੀਰਾ-ਦੋਵੇਂ ਭੱਜ ਕੇ ਉਨ੍ਹਾਂ ਦੀ ਮਦਦ ਕਰਨ ਚਲੇ ਗਏ। ਉਹ ਕੌਣ ਸਨ, ਕਿੱਥੋਂ ਆਏ ਸਨ, ਕਿੱਧਰ ਨੂੰ ਜਾਣਾ ਸੀ, ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ। ਉਹ ਤਾਂ ਸਿਰਫ ਇਹੀ ਜਾਣਦੇ ਸਨ ਕਿ ਮੁਸ਼ਕਿਲ ਵੇਲੇ ਬੰਦੇ ਨੂੰ ਬੰਦੇ ਦਾ ਸਾਥ ਦੇਣਾ ਚਾਹੀਦਾ ਹੈ।
ਲੋਕੀਂ ਗੱਲਾਂ ਕਰਦੇ ਬਈ ਮਾੜਾ ਹੋਇਆ। ਇਹ ਦੋਨੋਂ ਤਾਂ ਪਿੰਡ ਦੇ ਸਾਊ ਪੁੱਤ ਸਨ। ਦੋਨਾਂ ਦੀ ਆਪਸ ਵਿਚ ਬਣਦੀ ਵੀ ਬਹੁਤ ਸੀ। ਇਕੱਠੇ ਕਾਲਜ ਜਾਂਦੇ ਤੇ ਇਕੱਠੇ ਹੀ ਵਾਪਿਸ ਆਉਂਦੇ। ਬਿੰਦਰ ਨੇ ਵੀ ਮੇਰੇ ਵੀਰੇ ਦੀ ਰੀਸੇ ਅੰਮ੍ਰਿਤ ਛਕ ਲਿਆ ਸੀ। ਪਹਿਲਾਂ ਉਹ ਕਦੇ ਕਦੇ ਸ਼ਰਾਬ ਪੀ ਲਿਆ ਕਰਦਾ ਸੀ। ਹੁਣ ਤਾਂ ਬਿੰਦਰ ਵੀ ਰਹਿਤ ਮਰਿਆਦਾ ਦਾ ਪੱਕਾ ਧਾਰਨੀ ਸੀ।
ਮੈਂ ਸੋਚਾਂ, ਮੇਰਾ ਵੀਰ ਕਿਵੇਂ ਲੁੱਟ-ਖੋਹ ਕਰ ਸਕਦਾ ਹੈ! ਉਹ ਤਾਂ ਪੰਜ-ਦਸ ਰੁਪਈਏ ਵੀ ਬਾਪੂ ਤੋਂ ਲੈ ਕੇ ਜਾਂਦਾ ਸੀ ਕਾਲਜ ਜਾਣ ਵੇਲੇ!
ਤੇ ਫਿਰ ਇਕ ਦਿਨ ਖਬਰ ਆ ਗਈ ਕਿ ਮੇਰਾ ਵੀਰਾ ਮੱਖਣ ਤੇ ਭੋਲੂ ਚਾਚੇ ਦਾ ਮੁੰਡਾ ਬਿੰਦਰ ਦੋਵੇਂ ਪੁਲਿਸ ਮੁਕਾਬਲੇ ਵਿਚ ਮਾਰੇ ਗਏ। ਫਿਰ ਕੀ ਹੋਣਾ ਸੀ! ਦੋਨਾਂ ਦੀ ਫੋਟੋ ਅਖਬਾਰ ਵਿਚ ਸੀ। ਵੀਰੇ ਦੇ ਲੰਬੇ ਖੁੱਲ੍ਹੇ ਵਾਲ ਲਹੂ ‘ਚ ਗੜੁੱਚ ਸਨ। ਖਿਲਰੇ ਹੋਏ ਵਾਲ ਦੇਖ ਮੇਰਾ ਕਾਲਜਾ ਬਾਹਰ ਆ ਗਿਆ। ਬੇਬੇ ਬਾਪੂ ਮਰਨ ਵਾਲੇ ਹੋ ਗਏ। ਬੇਬੇ ਤਾਂ ਪਾਗਲ ਹੀ ਹੋ ਗਈ। ਸਾਰਾ ਦਿਨ ਅਵਾ-ਤਵਾ ਬੋਲਦੀ ਰਹਿੰਦੀ। ਨਾ ਖਾਂਦੀ, ਨਾ ਪੀਂਦੀ। ਜਿਹੜਾ ਵੀ ਮੂਹਰੇ ਆਉਂਦਾ, ਉਸ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੀ। ਇਸੇ ਪਾਗਲਪਣ ‘ਚ ਉਸ ਨੇ ਕੋਠੇ ਤੋਂ ਛਾਲ ਮਾਰ ਦਿੱਤੀ ਤੇ ਜਹਾਨੋਂ ਤੁਰ ਗਈ।
ਮੈਨੂੰ ਵਾਰ ਵਾਰ ਵੀਰੇ ਦੇ ਲੰਬੇ ਲੰਬੇ ਵਾਲ ਯਾਦ ਆਉਂਦੇ। ਉਹ ਜਦੋਂ ਘਰੋਂ ਗਿਆ ਸੀ, ਉਸ ਨੇ ਚਿੱਟਾ ਕੁੜਤਾ-ਪਜਾਮਾ ਤੇ ਬਾਹਰ ਦੀ ਨੀਲੇ ਰੰਗ ਦਾ ਗਾਤਰਾ ਪਾਇਆ ਸੀ। ਡੱਬੀਆਂ ਵਾਲਾ ਪਰਨਾ ਤਾਂ ਵੀਰੇ ਦੇ ਬਾਹਲਾ ਹੀ ਫੱਬਦਾ ਸੀ। ਅੱਜ ਤੱਕ ਓਹੀ ਤਸਵੀਰ ਮੇਰੀਆਂ ਅੱਖਾਂ ਮੂਹਰੇ ਘੁੰਮਦੀ ਹੈ।
ਇਕ ਦਿਨ ਮੈਂ ਦੇਖਿਆ, ਬਾਪੂ ਤੇ ਬੇਬੇ ਬਰਾਂਡੇ ‘ਚ ਬੈਠੇ ਘੁਸਰ-ਮੁਸਰ ਕਰ ਰਹੇ ਹਨ। ਮੈਂ ਬਾਪੂ ਦੇ ਮੂੰਹੋਂ ਗੁਰਦੇਵ ਸਿਉਂ ਨਾਂ ਸੁਣ ਕੇ ਠਠੰਬਰ ਗਈ।
ਬਾਪੂ ਬੇਬੇ ਨੂੰ ਕਹਿ ਰਿਹਾ ਸੀ, “ਕੱਲ੍ਹ ਹਰਨੇਕ ਸਿਉਂ ਨੂੰ ਫੜ ਕੇ ਲੈ ਗਏ ਆ। ਉਹ ਗੁਰਦੇਵ ਬਾਰੇ ਪੁੱਛਦੇ ਹਨ, ਬਈ ਉਹ ਕਿੱਥੇ ਹੈ? ਗੁਰਦੇਵ ਦੇ ਮੱਖਣ ਨਾਲ ਕੀ ਸਬੰਧ ਸਨ? ਦੋਨਾਂ ਨੂੰ ਸ਼ਹਿਰ ‘ਚ ਕਈ ਵਾਰ ਇਕੱਠੇ ਦੇਖਿਆ ਗਿਆ ਹੈ।”
ਮੈਂ ਸਮਝ ਗਈ ਕਿ ਹੁਣ ਗੁਰਦੇਵ ਨਾਲ ਵੀ ਉਹ ਹੀ ਹੋਊ, ਜੋ ਵੀਰੇ ਨਾਲ ਹੋਈ ਹੈ। ਪਰ ਮੇਰੇ ਸਹੁਰੇ ਯਾਨਿ ਗੁਰਦੇਵ ਦੇ ਬਾਪ ਨੇ ਮੇਰੇ ਬਾਪੂ ਨਾਲ ਸਲਾਹ ਕਰਕੇ ਗੁਰਦੇਵ ਨੂੰ ਪਹਿਲਾਂ ਹੀ ਕਲਕੱਤੇ ਕਿਸੇ ਰਿਸ਼ਤੇਦਾਰ ਕੋਲ ਭੇਜ ਦਿੱਤਾ ਸੀ।
ਮੇਰੇ ਸਹੁਰੇ ਦੀ ਅੱਜ ਤੱਕ ਉੱਘ-ਸੁੱਘ ਨਹੀਂ ਮਿਲੀ। ਕਹਿੰਦੇ ਨੇ ਪੁਲਿਸ ਨੇ ਉਸ ਨੂੰ ਬਹੁਤ ਕੁੱਟਿਆ ਤੇ ਕੁੱਟ-ਕੁੱਟ ਕੇ ਹੀ ਮਾਰ ਦਿੱਤਾ। ਉਹ ਗੁਰਦੇਵ ਬਾਰੇ ਪੁੱਛਦੇ ਸਨ ਕਿ ਉਹਨੂੰ ਕਿੱਥੇ ਲਕੋਇਆ ਹੈ।
ਮੇਰੀ ਸੱਸ ਨੇ ਮੈਨੂੰ ਦੱਸਿਆ ਕਿ ਉਹ ਸਾਰਾ ਮਾਲ ਢਾਂਡਾ ਵੇਚ ਕੇ ਆਪਣੇ ਪੇਕੀਂ ਚਲੀ ਗਈ। ਘਰ ਬਰਬਾਦ ਹੋ ਗਿਆ। ਜ਼ਮੀਨ ਵਿੱਕ ਗਈ। ਉਹਦੇ ਪੇਕਿਆਂ ਨੇ ਪੁਲਿਸ ਦੇ ਢਿੱਡ ‘ਚ ਪੂਰੇ ਚਾਰ ਕਿੱਲੇ ਪਾਏ ਤਾਂ ਜਾ ਕੇ ਗੁਰਦੇਵ ਦਾ ਖਹਿੜਾ ਛੱਡਿਆ। ਸਾਰਾ ਕੇਸ ਰਫਾ-ਦਫਾ ਕਰਵਾਇਆ। ਦੋ-ਤਿੰਨ ਸਾਲਾਂ ਬਾਅਦ ਗੁਰਦੇਵ ਕਲਕੱਤੇ ਤੋਂ ਘਰੇ ਆ ਗਿਆ, ਪਰ ਦਿਲ ਵਿਚ ਧੁੜਕੂ ਬਣਿਆ ਰਿਹਾ।
ਗੁਰਦੇਵ ਦੀ ਮਾਂ ਵੀ ਆਪਣੇ ਪੇਕਿਓਂ ਆਪਣੇ ਘਰ ਮੁੜ ਆਈ। ਉਹ ਵੀ ਜਿਊਂਦੀ ਲਾਸ਼ ਬਣ ਚੁਕੀ ਸੀ। ਘਰ ਬਰਬਾਦ ਹੋ ਗਿਆ ਸੀ। ਜਿਸ ਔਰਤ ਨੂੰ ਪਤਾ ਨਾ ਹੋਵੇ ਕਿ ਉਸ ਦੇ ਸਿਰ ਦਾ ਸਾਂਈਂ ਜਿਊਂਦਾ ਜਾਂ ਮਰ ਗਿਆ ਤਾਂ ਉਸ ਦੀ ਦੀ ਹਾਲਤ ਦਾ ਉਸ ਨੂੰ ਹੀ ਪਤਾ ਹੁੰਦਾ ਹੈ। ਬਾਕੀ ਲੋਕ ਅੰਦਾਜ਼ੇ ਹੀ ਲਾ ਸਕਦੇ ਹਨ।
ਹੁਣ ਘਰ ਵਿਚ ਗੁਰਦੇਵ ਤੇ ਉਸ ਦੀ ਮਾਂ ਹੀ ਰਹਿ ਗਏ ਸਨ। ਰਿਸ਼ਤੇਦਾਰਾਂ ਨੇ ਸਲਾਹ ਮਸ਼ਵਰਾ ਕਰਕੇ ਸਾਡਾ ਵਿਆਹ ਕਰ ਦਿੱਤਾ। ਗੁਰਦੇਵ ਨੇ ਰਹਿੰਦੀ ਖੂੰਹਦੀ ਜ਼ਮੀਨ ਤੇ ਖੇਤੀਬਾੜੀ ਦਾ ਕੰਮ ਕਰਨਾ ਸ਼ੁਰੂ ਕੀਤਾ। ਨਵੇਂ ਸਿਰੇ ਤੋਂ ਪੁਰਾਣੇ-ਸਰਾਣੇ ਸੰਦ ਖਰੀਦੇ। ਔਖੇ-ਸੌਖੇ ਹੋ ਕੇ ਇਕ ਤੋਕੜ ਗਾਂ ਰੱਖ ਲਈ। ਗੱਲ ਕੀ, ਅਸੀਂ ਰੁੱਖੀ-ਮਿਸੀ ਖਾਣ ਜੋਗੇ ਹੋ ਗਏ।
ਬਹੁਤਾ ਸਮਾਂ ਨਹੀਂ ਸੀ ਬੀਤਿਆ। ਮਾੜੀ ਕਿਸਮਤ ਜੋ ਲਗਾਤਾਰ ਸਾਡਾ ਪਿੱਛਾ ਕਰ ਰਹੀ ਸੀ, ਫਿਰ ਸਾਡੇ ਤੱਕ ਪਹੁੰਚ ਗਈ। ਹੋਇਆ ਕੀ ਕਿ ਇਕ ਦਿਨ ਪੁਲਿਸ ਦੀ ਗੱਡੀ ਸਾਡੇ ਵਿਹੜੇ ‘ਚ ਆ ਖੜ੍ਹੀ ਹੋਈ। ਮੈਂ ਤੇ ਬੇਬੇ ਜੀ ਯਾਨਿ ਮੇਰੀ ਸੱਸ ਘਰ ਸਾਂ। ਪੁਲਿਸ `ਚੋਂ ਇਕ ਨੇ ਗੁਰਦੇਵ ਬਾਰੇ ਪੁਛਿਆ।
ਮੈਂ ਤਾਂ ਪਿਛਾਂਹ ਹੋ ਗਈ, ਬੇਬੇ ਜੀ ਨੇ ਕੰਬਦੀ ਆਵਾਜ਼ ਵਿਚ ਜਵਾਬ ਦਿੱਤਾ, “ਗੁਰਦੇਵ ਤਾਂ ਭਾਈ ਘਰੇ ਨ੍ਹੀਂ। ਬਾਜ਼ਾਰੋਂ ਸੌਦਾ ਪੱਤਾ ਲੈਣ ਗਿਆ ਹੈ। ਤੁਸੀਂ ਬੈਠੋ, ਚਾਹ ਪਾਣੀ ਪੀਵੋ।”
ਉਹ ਸਾਡੇ ਕਮਰਿਆਂ ਵੱਲ ਨੂੰ ਹੋ ਤੁਰੇ ਜਿਵੇਂ ਕਿਸੇ ਨੂੰ ਲੱਭ ਰਹੇ ਹੋਣ। ਤੂੜੀ ਵਾਲੇ ਅੰਦਰ ਵੀ ਵੇਖਿਆ, ਜਿੱਥੇ ਗਾਂ ਬੰਨ੍ਹਦੇ ਸਾਂ, ਉਥੇ ਵੀ ਗਏ। ਇਕੱਠੇ ਕਰਕੇ ਰੱਖੇ ਬਿਸਤਰੇ ਵੀ ਫਰੋਲੇ। ਇਕ ਜਾਣੇ ਨੇ ਦੂਸਰੇ ਵੱਲ ਇਸ਼ਾਰਾ ਕੀਤਾ। ਉਸ ਨੇ ਮੁੱਛਾਂ ਨੂੰ ਵੱਟ ਦਿੰਦਿਆਂ ਤੇ ਨਵੀ ਰਜਾਈ ਵੱਲ ਡੰਡੇ ਨਾਲ ਇਸ਼ਾਰਾ ਕਰਕੇ ਪੁੱਛਿਆ, “ਕਲ੍ਹ ਰਾਤ ਕੌਣ ਆਇਆ ਸੀ।”
ਬੇਬੇ ਜੀ ਨੇ ਕੰਬਦੀ ਆਵਾਜ਼ ‘ਚ ਕਿਹਾ, “ਕਲ੍ਹ ਸਾਡੀ ਬਹੂ ਦਾ ਪਿਉ ਆਇਆ ਸੀ। ਦੁਪਹਿਰੇ ਜਿਹੇ ਆਇਆ ਸੀ ਆਪਣੀ ਧੀ ਨੂੰ ਮਿਲਣ ਤੇ ਅੱਜ ਸਵੇਰੇ ਚਾਹ ਪੀ ਕੇ ਹੀ ਤੁਰ ਗਿਆ। ਇਹ ਨਵਾਂ ਬਿਸਤਰਾ ਉਹਦੇ ਲਈ ਕੱਢਿਆ ਸੀ।”
ਪੁਲਿਸ ਅਫਸਰ ਜਿਹਦੀ ਤੋਂਦ ਦੋ ਫੁੱਟ ਬਾਹਰ ਨਿਕਲੀ ਹੋਈ ਸੀ, ਬੇਬੇ ਜੀ ਵੱਲ ਘੂਰ ਕੇ ਝਾਕਿਆ ਤੇ ਕਹਿਣ ਲੱਗਾ, “ਸਾਨੂੰ ਇਤਲਾਹ ਮਿਲੀ ਹੈ ਕਿ ਕਲ੍ਹ ਰਾਤ ਤੁਹਾਡੇ ਘਰ ਕਿਸੇ ਅਤਿਵਾਦੀ ਨੇ ਰਾਤ ਕੱਟੀ ਸੀ।”
“ਨਾ, ਭਾਈ ਨਾ! ਇਹਦੇ ਬਾਪੂ ਤੋਂ ਬਿਨਾ ਤਾਂ ਚਿੜੀ ਨੀ ਫਰਕੀ।” ਬੇਬੇ ਜੀ ਨੇ ਰੋਣੀ ਆਵਾਜ਼ ‘ਚ ਜਵਾਬ ਦਿੱਤਾ।
ਏਨੇ ਨੂੰ ਗੁਰਦੇਵ ਆ ਗਿਆ। ਉਸ ਨੇ ਸਾਈਕਲ ਖੜ੍ਹਾ ਕੀਤਾ ਤੇ ਬੜੇ ਅਦਬ ਨਾਲ ਸਤਿ ਸ਼੍ਰੀ ਅਕਾਲ ਬੁਲਾਈ। ਚਾਹ ਪਾਣੀ ਪੀਣ ਲਈ ਕਿਹਾ।
“ਇਤਲਾਹ ਮਿਲੀ ਹੈ ਰਾਤ ਕੋਈ ਓਪਰਾ ਬੰਦਾ ਤੁਹਾਡੇ ਘਰ ਠਹਿਰਿਆ। ਨਹੀਂ ਆਉਂਦੇ ਬਾਜ ਆਪਣੀਆਂ ਕਰਤੂਤਾਂ ਤੋਂ।” ਇਕ ਜਾਣਾ ਇਉਂ ਬੋਲਿਆ ਜਿਵੇਂ ਅਸੀਂ ਬਹੁਤ ਵੱਡੇ ਅਪਰਾਧੀ ਹੋਈਏ।
ਵੇਂਹਦੇ ਵੇਂਹਦੇ ਗੁਰਦੇਵ ਨੂੰ ਹੱਥਕੜੀ ਲਾ ਕੇ ਥਾਣੇ ਲੈ ਗਏ। ਮੈਨੂੰ ਵਾਰ ਵਾਰ ਇਹੀ ਖਿਆਲ ਆਈ ਜਾਵੇ ਕਿ ਕਿਤੇ ਵੀਰੇ ਵਾਂਗ ਏਹਨੂੰ ਵੀ…।
ਬੇਬੇ ਜੀ ਨੇ ਪਿੰਡ ’ਚ ਦੁਹਾਈ ਪਾਈ। ਆਪਣੇ ਪੇਕੀਂ ਤੇ ਮੇਰੇ ਬਾਪੂ ਨੂੰ ਸੁਨੇਹਾ ਭੇਜਿਆ।
ਜਿਵੇਂ ਜਿਵੇਂ ਪਤਾ ਲੱਗਿਆ, ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ। ਮੇਰਾ ਬਾਪੂ ਪਤਾ ਨ੍ਹੀਂ ਕਿੱਥੋਂ ਚਾਲੀ ਕੁ ਹਜ਼ਾਰ ਫੜ ਕੇ ਲਿਆਇਆ। ਮੇਰੀ ਸੱਸ ਦੇ ਭਤੀਜੇ ਦੀ ਕਿਸੇ ਵੱਡੇ ਅਫਸਰ ਨਾਲ ਜਾਣ-ਪਛਾਣ ਸੀ। ਉਹ ਓਧਰ ਨੂੰ ਭੱਜਿਆ। ਗੱਲ ਕੀ, ਪੂਰੇ ਪੰਜਾਹ ਹਜ਼ਾਰ ਦੇ ਕੇ ਤੇ ਕਹਿ ਕੁਹਾ ਕੇ ਅਗਲੇ ਦਿਨ ਗੁਰਦੇਵ ਸਿਉਂ ਨੂੰ ਘਰੇ ਲਿਆਂਦਾ।
ਗੁਰਦੇਵ ਜਦੋਂ ਘਰੇ ਆਇਆ, ਉਸ ਦਾ ਬੁਰਾ ਹਾਲ ਸੀ। ਉਸ ਤੋਂ ਤੁਰਿਆ ਨਹੀਂ ਸੀ ਜਾਂਦਾ। ਉਸ ਦੇ ਵਾਲ ਪੱਟੇ ਪਏ ਸਨ। ਥਾਂ ਥਾਂ `ਤੇ ਜ਼ਖਮ ਸਨ। ਪੈਰ ਸੁੱਜੇ ਪਏ ਸਨ। ਉਸ ਦੀ ਹਾਲਤ ਦੇਖ ਕੇ ਮੇਰੀ ਤੇ ਬੇਬੇ ਜੀ ਦੀ ਭੁੱਬ ਨਿਕਲ ਗਈ।
ਮੇਰੇ ਬਾਪੂ ਨੇ ਮੇਰੇ ਸਿਰ `ਤੇ ਹੱਥ ਧਰਿਆ, ਹੌਸਲਾ ਦਿੱਤਾ ਤੇ ਗੁਰਦੇਵ ਵਾਸਤੇ ਦੁੱਧ ਘਿਉ ਦਾ ਪ੍ਰਬੰਧ ਕਰਨ ਲਈ ਕਿਹਾ।
ਹੌਲੀ ਹੌਲੀ ਗੁਰਦੇਵ ਤੁਰਨ ਫਿਰਨ ਲੱਗ ਪਿਆ। ਅਸੀਂ ਲੋਹੜਿਆਂ ਦੀ ਸੇਵਾ ਕੀਤੀ ਉਸ ਦੀ। ਸਰੀਰ ਦਾ ਤਕੜਾ ਹੋਣ ਕਰਕੇ ਛੇਤੀ ਹੀ ਜ਼ੋਰ ਫੜ ਗਿਆ।
ਉਦੋਂ ਸੁਖਵਿੰਦਰ ਹੋਣ ਵਾਲਾ ਸੀ। ਚੌਥਾ ਪੰਜਵਾਂ ਮਹੀਨਾ ਸੀ। ਗਿਆਨ ਕੁਰ ਨੇ ਸੁਖਵਿੰਦਰ ਵੱਲ ਤੱਕਿਆ। ਸੁਖਵਿੰਦਰ ਤਾਂ ਜਮਾਂ ਹੀ ਮੇਰੇ ਵੀਰੇ ਮੱਖਣ ਵਰਗਾ ਹੈ।
ਸੁਖਵਿੰਦਰ ਦੇ ਬਾਪੂ ਯਾਨਿ ਗੁਰਦੇਵ ਸਿਉਂ ਤੋਂ ਕੰਮ ਨਾ ਹੁੰਦਾ। ਪੁਲਿਸ ਨੇ ਕੁੱਟ ਕੁੱਟ ਕੇ ਹੱਡ ਪੋਲੇ ਕਰ ਦਿੱਤੇ। ਕੰਮ ਕਾਰ ਕਰਨ ਲਈ ਉਹ ਅਫੀਮ ਖਾਣ ਲੱਗ ਪਿਆ। ਉਸ ਦਾ ਅੰਮ੍ਰਿਤ ਵੀ ਭੰਗ ਹੋ ਗਿਆ। ਕਦੇ ਕਦੇ ਪੀ ਵੀ ਲੈਂਦਾ ਸੀ।
ਦੋ ਸਾਲਾਂ ਬਾਅਦ ਰਾਣੋ ਆ ਗਈ। ਹੁਣ ਅਤਿਵਾਦ ਨੂੰ ਵੀ ਠੱਲ੍ਹ ਪੈ ਗਈ ਸੀ। ਅਸੀਂ ਇਕ ਵਾਰ ਫਿਰ ਆਪਣੇ ਪੈਰਾਂ `ਤੇ ਖੜ੍ਹੇ ਹੋ ਗਏ। ਬੇਬੇ ਜੀ ਬੀਮਾਰ ਰਹਿਣ ਲੱਗ ਪਈ। ਕੁਝ ਸਾਲਾਂ ਬਾਅਦ ਰੱਬ ਨੂੰ ਪਿਆਰੀ ਹੋ ਗਈ। ਮੇਰਾ ਬਾਪੂ ਵੀ ਚੱਲ ਵਸਿਆ। ਉਹ ਤਾਂ ਪਹਿਲਾਂ ਵੀ ਜਿਊਂਦੀ ਲਾਸ਼ ਸੀ। ਬੇਬੇ ਤਾਂ ਪਹਿਲਾਂ ਹੀ ਸਾਨੂੰ ਛੱਡ ਗਈ ਸੀ। ਜਦੋਂ ਬਾਪੂ ਇਕੱਲਾ ਸੀ ਤਾਂ ਬਹੁਤਾ ਭੂਆ ਕੋਲ ਹੀ ਰਹਿੰਦਾ ਸੀ। ਬਾਪੂ ਤੇ ਫੁੱਫੜ ਦੀ ਵਾਹਵਾ ਬਣਦੀ ਸੀ।
ਬਾਪੂ ਨੂੰ ਇਕੱਲਾ ਦੇਖ ਕੇ ਫੁੱਫੜ ਨੇ ਇਕ ਦਿਨ ਆਖ ਹੀ ਦਿੱਤਾ, “ਗੁਰਦਿਆਲ ਸਿਆਂ, ਸਾਡੇ ਤੋਂ ਨਹੀਂ ਦੇਖਿਆ ਜਾਂਦਾ ਆਪ ਹੱਥ ਸਾੜਦੇ ਨੂੰ। ਤੂੰ ਸਾਡੇ ਕੋਲ ਆ ਜਾ। ਅਸੀਂ ਕਿਹੜਾ ਓਪਰੇ ਹਾਂ।”
ਬਾਪੂ ਦੇ ਜਾਣ ਮਗਰੋਂ ਮੇਰੇ ਪੇਕਿਆਂ ਦਾ ਘਰ ਖੋਲਾ ਬਣ ਗਿਆ।
ਚੱਲ ਉਹ ਜਾਣੇ, ਜੋ ਆਇਆ ਹੈ ਉਸ ਨੇ ਚਲੇ ਜਾਣਾ ਹੈ, ਆਪੋ ਆਪਣੀ ਉਮਰ ਭੋਗ ਕੇ।
ਦਿਨ ਲੰਘਦੇ ਗਏ। ਸੁਖਵਿੰਦਰ ਤੇ ਰਾਣੋ ਜਵਾਨ ਹੋਣ ਲੱਗੇ। ਸੁਖਵਿੰਦਰ ਦਾ ਬਾਪੂ ਗੁਰਦੇਵ ਸਿਉਂ ਨੂੰ ਥੋੜ੍ਹੇ ਥੋੜ੍ਹੇ ਤੋਂ ਬਹੁਤਾ ਨਸ਼ਾ ਕਰਨ ਲੱਗ ਪਿਆ। ਪਤਾ ਨ੍ਹੀਂ ਭੈੜੇ ਭੈੜੇ ਨਸ਼ੇ ਕਿਧਰੋਂ ਆ ਗਏ। ਪਹਿਲਾਂ ਪਹਿਲਾਂ ਤਾਂ ਸ਼ਰਾਬ ਤੇ ਅਫੀਮ ਦਾ ਹੀ ਨਸ਼ਾ ਹੁੰਦਾ ਸੀ। ਹੁਣ ਤਾਂ ਕਾਲੇ, ਪੀਲੇ ਤੇ ਚਿੱਟੇ ਕਿੰਨੇ ਹੀ ਨਸ਼ੇ ਚੱਲ ਪਏ ਹਨ।
ਮੈਨੂੰ ਤਾਂ ਪਤਾ ਹੀ ਨਾ ਲੱਗਿਆ ਕਦੋਂ ਮੇਰੇ ਜਵਾਕਾਂ ਦਾ ਪਿਉ ਚਿੱਟੇ ਦਾ ਆਦੀ ਹੋ ਗਿਆ। ਜੇ ਚਿੱਟਾ ਨਾ ਮਿਲਦਾ ਤਾਂ ਨਸ਼ੇ ਵਾਲੀਆਂ ਗੋਲੀਆਂ ਖਾ ਲੈਂਦਾ। ਜਿਉਂ ਜਿਉਂ ਦਿਨ ਟੱਪਦੇ ਗਏ, ਇਹਦੀ ਲਲਕ ਵੱਧਦੀ ਗਈ। ਕਿੱਲਾ ਗਹਿਣੇ ਧਰ ਦਿੱਤਾ ਤਾਂ ਜਾ ਕੇ ਸੁਖਵਿੰਦਰ ਤੇ ਰਾਣੋ ਦੀ ਪੜ੍ਹਾਈ ਤੁਰੀ। ਰਹਿੰਦੀ ਖੂੰਹਦੀ ਜ਼ਮੀਨ ਮਾਮਲੇ `ਤੇ ਦੇਣ ਲੱਗ ਪਿਆ। ਆਪ ਤੋਂ ਤਾਂ ਕੰਮ ਹੁੰਦਾ ਨਹੀਂ ਸੀ।
ਘਰ ਵਿਚ ਰੋਜ਼ ਲੜਾਈ ਝਗੜਾ ਹੁੰਦਾ। ਮੈਂ ਪੈਸੇ ਉਸ ਕੋਲੋਂ ਲਕੋ ਕੇ ਰੱਖਣ ਲੱਗ ਪਈ। ਪੈਸੇ ਵੀ ਕਿੱਥੋਂ ਆਉਣੇ ਸਨ! ਚਹੁੰ ਕਿੱਲਿਆਂ ਦਾ ਕਿੰਨਾ ਕੁ ਮਾਮਲਾ ਆਉਂਦਾ। ਸੁਖਵਿੰਦਰ ਦੀ ਸਕੂਲ ਦੀ ਫੀਸ, ਰਾਣੋ ਦੀ ਪੜ੍ਹਾਈ ਤੇ ਘਰ ਦਾ ਰੋਟੀ ਟੁੱਕ। ਜਦੋਂ ਮੱਝ ਸੂਈ ਹੁੰਦੀ, ਮੈਂ ਜਵਾਕਾਂ ਦੇ ਮੂੰਹੋਂ ਖੋਹ ਕੇ ਦੁੱਧ ਡੇਅਰੀ ਵਿਚ ਪਾ ਆਉਂਦੀ। ਗੁਜ਼ਾਰਾ ਤਾਂ ਕਰਨਾ ਸੀ। ਕਦੇ ਗੋਹਾ ਇਕੱਠਾ ਕਰਕੇ ਪਾਥੀਆਂ ਬਣਾ ਕੇ ਵੇਚ ਦਿੰਦੀ। ਜੇ ਕਦੇ ਸਿਲਾਈ ਦਾ ਕੰਮ ਆ ਜਾਂਦਾ ਤਾਂ ਉਹ ਕਰ ਲੈਂਦੀ। ਕੀ ਦੱਸਾਂ? ਕਿਹੜੇ ਕਿਹੜੇ ਪਾਪੜ ਵੇਲੇ ਮੈਂ ਜਵਾਕਾਂ ਦੀ ਜ਼ਿੰਦਗੀ ਵਾਸਤੇ।
ਤੇ ਫਿਰ ਇਕ ਦਿਨ… ਸੁਖਵਿੰਦਰ ਦਾ ਬਾਪੂ ਮੰਜੇ ‘ਚ ਹੀ ਰਹਿ ਗਿਆ। ਅਸੀਂ ਤਾਂ ਸਵੇਰੇ ਦੇਖਿਆ ਜਦੋਂ ਮੈਂ ਚਾਹ ਬਣਾ ਕੇ ਉਸ ਨੂੰ ਦੇਣ ਗਈ।
ਹੁਣ ਰਹਿ ਗਈ ਮੈਂ, ਜਵਾਕਾਂ ਦੇ ਸਿਰ `ਤੇ। ਉਧਰੋਂ ਜਵਾਕਾਂ ਦੀ ਪੜ੍ਹਾਈ ਦਾ ਖਰਚਾ ਵਧ ਰਿਹਾ ਸੀ, ਇੱਧਰੋਂ ਮੇਰੀ ਹਿੰਮਤ ਮੇਰਾ ਸਾਥ ਛੱਡ ਰਹੀ ਸੀ। ਰਾਣੋ ਨੂੰ ਤਾਂ ਮੈਂ ਹਟਾ ਲਿਆ ਦਸ ਜਮਾਤਾਂ ਕਰਵਾ ਕੇ। ਸੁਖਵਿੰਦਰ ਨੂੰ ਬਾਰਾਂ ਤੋਂ ਬਾਅਦ ਆਈਲੈਟਸ ਕਰਵਾ ਦਿੱਤੀ। ਚੰਗੇ ਬੈਂਡ ਆ ਗਏ। ਖਰਚਾ ਤਾਂ ਭਾਵੇਂ ਬਥੇਰਾ ਹੋ ਗਿਆ, ਪਰ ਮਨ ਨੂੰ ਤਸੱਲੀ ਸੀ ਕਿ ਸੁਖਵਿੰਦਰ ਕੈਨੇਡਾ ਜਾ ਕੇ ਸਾਰੀ ਉਮਰ ਦੇ ਧੋਣੇ ਧੋ ਦੇਵੇਗਾ। ਮੈਨੂੰ ਆਖ ਵੀ ਦਿੰਦਾ, “ਮਾਂ, ਤੂੰ ਹੁਣ ਫਿਕਰ ਨਾ ਕਰਿਆ ਕਰ। ਆਪਣੇ ਦਿਨ ਬਦਲਣ ਵਾਲੇ ਹਨ। ਮੇਰਾ ਵੀਜ਼ਾ ਲੱਗ ਲੈਣ ਦੇ। ਪੌ ਬਾਰਾਂ ਕਰ ਦੂੰ।”
ਮੈਂ ਖੁਸ਼ ਹੋ ਜਾਂਦੀ। ਸੁਖਵਿੰਦਰ ਨੂੰ ਰੱਜ ਕੇ ਪਿਆਰ ਕਰਦੀ। ਉਹ ਜਿਵੇਂ ਕਹਿੰਦਾ, ਮੈਂ ਕਰੀ ਜਾਂਦੀ। ਇਕ ਕਿੱਲਾ ਹੋਰ ਬੈਅ ਕਰ ਦਿੱਤਾ। ਜਿੰਨੇ ਪੈਸੇ ਮੰਗਦਾ, ਮੈਂ ਦੇ ਦਿੰਦੀ। ਮੈਨੂੰ ਆਸ ਸੀ ਕਿ ਇਕ ਵਾਰ ਇਹਦਾ ਵੀਜ਼ਾ ਲੱਗ ਜਾਵੇ, ਘਰ ‘ਚ ਮੁੜ ਬਰਕਤ ਆ ਜਾਣੀ ਹੈ।
ਏਜੰਟ ਨੇ ਸੁਖਵਿੰਦਰ ਦਾ ਕੈਨੇਡਾ ਦਾ ਵੀਜ਼ਾ ਲਵਾ ਦਿੱਤਾ। ਛੇ ਮਹੀਨੇ ਦੀ ਫੀਸ ਤੇ ਹੋਰ ਪੂਰੇ ਦੱਸ ਲੱਖ ਦੇ ਕੇ ਜਹਾਜ਼ ਚੜ੍ਹਾਇਆ। ਪੂਰੇ ਸ਼ਗਨਾਂ ਨਾਲ। ਗੁਰਦੁਆਰੇ ਵਾਲੇ ਬਾਬੇ ਤੋਂ ਅਰਦਾਸ ਕਰਵਾ ਕੇ।
ਰਾਣੋ ਨੇ ਪਾਸਾ ਪਰਤਿਆ। ਗਿਆਨ ਕੁਰ ਨੇ ਸੋਚਿਆ ਰਾਣੋ ਜਾਗ ਪਈ ਹੈ। ਉਸ ਨੇ ਆਵਾਜ਼ ਦਿੱਤੀ, ਪਰ ਰਾਣੋ ਪਾਸਾ ਲੈ ਕੇ ਫਿਰ ਸੌਂ ਗਈ। ਸੁਖਵਿੰਦਰ ਤਾਂ ਹਿੱਲਿਆ ਵੀ ਨਹੀਂ ਸੀ ਸਾਰੀ ਰਾਤ। ਗਿਆਨ ਕੌਰ ਨੇ ਪਿਆਰ ਨਾਲ ਸੁਖਵਿੰਦਰ ਦੇ ਮੂੰਹ `ਤੇ ਹੱਥ ਫੇਰਿਆ ਤੇ ਆਪਣੀ ਕਹਾਣੀ ਅੱਗੇ ਤੋਰ ਲਈ। ਉਸ ਨੂੰ ਜਾਪਿਆ ਜਿਵੇਂ ਅਸਮਾਨ ਦੇ ਤਾਰੇ ਉਸ ਦਾ ਦੁੱਖ ਵੰਡਾ ਰਹੇ ਹੋਣ।
ਉਸ ਨੂੰ ਲੱਗਦਾ ਸੀ ਕਿ ਤਾਰਿਆਂ ਨੂੰ ਆਪਣਾ ਸਾਰਾ ਦੁੱਖ ਸੁਣਾ ਕੇ ਉਹ ਹੌਲੀ ਫੁੱਲ ਵਰਗੀ ਹੋ ਜਾਵੇਗੀ। ਸੋ ਉਸ ਨੇ ਗੱਲ ਜਾਰੀ ਰੱਖੀ।
ਸੁਖਵਿੰਦਰ ਉਥੇ ਜਾ ਕੇ ਪੂਰੀ ਮਿਹਨਤ ਕਰਨ ਲੱਗਾ। ਜੋ ਪੈਸੇ ਮੈਂ ਘਰੋਂ ਦਿੱਤੇ ਸਨ, ਉਹ ਤਾਂ ਦਿਨਾਂ ਵਿਚ ਹੀ ਮੁੱਕ ਗਏ। ਅਗਲੇ ਛੇ ਮਹੀਨਿਆਂ ਦੀ ਫੀਸ ਉਸ ਨੇ ਕੰਮ ਕਰਕੇ ਪੂਰੀ ਕਰ ਲਈ। ਰੋਟੀ ਪਾਣੀ ਗੁਰਦੁਆਰੇ ਤੋਂ ਖਾ ਆਉਂਦਾ। ਉਹ ਤੇ ਉਸ ਦਾ ਦੋਸਤ ਰਲ ਮਿਲ ਕੇ ਬੇਸਮੈਂਟ ਦਾ ਕਿਰਾਇਆ ਤੋਰੀ ਜਾਂਦੇ। ਮੈਨੂੰ ਮੇਰੀਆਂ ਸਾਰੀਆਂ ਆਸਾਂ `ਤੇ ਬੂਰ ਪੈਂਦਾ ਨਜ਼ਰ ਆ ਰਿਹਾ ਸੀ। ਮੈਂ ਖੁਸ਼ ਸੀ ਕਿ ਹੁਣ ਦਿਨ ਬਦਲਨ ਵਾਲੇ ਹਨ। ਸੁਖਵਿੰਦਰ ਨੇ ਤਿੰਨ ਸਾਲ ਪੂਰੇ ਕਰ ਲਏ ਸਨ। ਉਸ ਦਾ ਚਾਰ ਸਾਲਾਂ ਦਾ ਕੋਰਸ ਸੀ।
ਤੇ ਫਿਰ ਇਕ ਦਿਨ ਸੁਖਵਿੰਦਰ ਦਾ ਫੋਨ ਆਇਆ ਕਿ ਬੇਬੇ ਮੈਨੂੰ ਕੈਨੇਡਾ ਇਮੀਗਰੇਸ਼ਨ ਵਾਲਿਆਂ ਵੀਹ ਘੰਟਿਆਂ ਤੋਂ ਵੱਧ ਕੰਮ ਕਰਦਿਆਂ ਫੜ ਲਿਆ ਹੈ। ਪਤਾ ਨ੍ਹੀਂ ਹੁਣ ਕੀ ਬਣਨਾ ਹੈ। ਮੈਂ ਵਕੀਲ ਕੀਤਾ ਹੈ। ਮੈਨੂੰ ਡਰ ਹੈ, ਕਿਤੇ ਮੈਨੂੰ ਡਿਪੋਰਟ ਹੀ ਨਾ ਕਰ ਦੇਣ।
“ਪੁੱਤ, ਆਹ ਡਿਪੋਰਟ ਕੀ ਹੁੰਦਾ ਹੈ…?” ਮੈਂ ਜਾਣਦੀ ਹੋਈ ਵੀ ਅਣਜਾਣ ਬਣ ਗਈ। ਮੈਨੂੰ ਆਸ ਸੀ ਕਿ ਇਹ ਕੁਝ ਹੋਰ ਹੁੰਦਾ ਹੋਣਾ ਹੈ। ਮੇਰਾ ਪੁੱਤ ਕਿਵੇਂ ਡਿਪੋਰਟ ਹੋ ਸਕਦਾ ਹੈ। ਨਹੀਂ! ਨਹੀਂ! ਉਹ ਡਿਪੋਰਟ ਨਹੀਂ ਹੋ ਸਕਦਾ। ਇਸ ਤਰ੍ਹਾਂ ਸੋਚ ਕੇ ਮੈਂ ਆਪਣੇ ਆਪ ਨੂੰ ਤਸੱਲੀ ਦਿੱਤੀ। ਮੈਂ ਆਂਢ-ਗਵਾਂਢ ਵੀ ਕਿਸੇ ਕੋਲ ਗੱਲ ਨਾ ਕੀਤੀ। ਰਾਣੋ ਤਾਂ ਗੂੰਗੀ ਹੀ ਬਣ ਗਈ। ਉਹਦੀ ਤਾਂ ਜਾਣੋ ਬੋਲਤੀ ਹੀ ਬੰਦ ਹੋ ਗਈ। ਮੈਂ ਤਾਂ ਸੋਚ ਰਹੀ ਸੀ ਕਿ ਸੁਖਵਿੰਦਰ ਦੇ ਪੱਕਾ ਹੋਣ `ਤੇ ਰਾਣੋ ਦੇ ਰਿਸ਼ਤੇ ਬਾਰੇ ਕਿਤੇ ਗੱਲ ਤੋਰਾਂਗੇ।
“ਮਾਂ! ਜੇ ਸੁਖਵਿੰਦਰ ਵਾਪਿਸ ਆ ਗਿਆ ਤਾਂ ਕੀ ਕਰਾਂਗੇ। ਆਪਾਂ ਤਾਂ ਲੁੱਟੇ ਪੱਟੇ ਜਾਵਾਂਗੇ!” ਰਾਣੋ ਮੈਨੂੰ ਕਹਿ ਬੈਠੀ।
ਮੈਨੂੰ ਤਾਂ ਰਾਣੋ `ਤੇ ਗੁੱਸਾ ਕੀ ਆਇਆ, ਮੈਂ ਉਸ ਦੇ ਪਿੱਛੇ ਹੀ ਪੈ ਗਈ।
ਮੇਰੇ ਮੂੰਹੋਂ ਨਿਕਲ ਹੀ ਗਿਆ, “ਆਵਦੀ ਜ਼ਬਾਨ ਨੂੰ ਲਗਾਮ ਦੇ ਕੇ ਰੱਖ। ਸੁੱਖ ਭਾਲ। ਵਾਹਿਗੁਰੂ ਵਾਹਿਗੁਰੂ ਕਰ। ਕੜਮੀਂ ਕਿਸੇ ਥਾਂ ਦੀ।”
ਆੜ੍ਹਤੀਆਂ ਤੋਂ ਫੜ ਕੇ ਮੈਂ ਹੋਰ ਪੈਸੇ ਭੇਜ ਦਿੱਤੇ, ਵਕੀਲ ਨੂੰ ਦੇਣੇ ਸਨ; ਪਰ ਸਾਡੀ ਮਾੜੀ ਕਿਸਮਤ ਸਾਡੇ ਨਾਲ ਹੀ ਰਹੀ। ਸੁਖਵਿੰਦਰ ਕੇਸ ਹਾਰ ਗਿਆ। ਇਮੀਗਰੇਸ਼ਨ ਵਾਲਿਆਂ ਉਸ ਨੂੰ ਵਾਪਿਸ ਭੇਜ ਦਿੱਤਾ। ਕੱਲ੍ਹ ਸਵੇਰੇ ਚਾਰ ਵਜੇ ਦਿੱਲੀ ਆ ਗਿਆ ਤੇ ਬੱਸ ਫੜ ਕੇ ਸ਼ਾਮ ਨੂੰ ਘਰੇ।
ਗਿਆਨ ਕੁਰ ਦੀ ਭੁੱਬ ਨਿਕਲ ਗਈ। ਸੁਖਵਿੰਦਰ ਨੇ ਉੱਠ ਕੇ ਮਾਂ ਨੂੰ ਫੜਿਆ। ਪਾਣੀ ਪਿਆਇਆ। ਮਾਂ ਨੂੰ ਬੁੱਕਲ ਵਿਚ ਲੈ ਕੇ ਕਹਿਣ ਲੱਗਾ, “ਮਾਂ ਇਹ ਸਿਰਫ ਸਾਡਾ ਦੁਖਾਂਤ ਨਹੀਂ। ਇਹ ਸਾਰੇ ਪੰਜਾਬ ਦਾ ਦੁਖਾਂਤ ਹੈ। ਇਕ ਪੀੜ੍ਹ ਸਾਡੀ ਅਤਿਵਾਦ ਨੇ ਖਾ ਲਈ, ਦੂਸਰੀ ਨਸ਼ਿਆਂ ਨੇ ਤੇ ਤੀਸਰੀ ਬਾਹਰਲੇ ਮੁਲਕਾਂ ਨੂੰ ਜਾਣ ਦੇ ਰੁਝਾਨ ਨੇ।”
ਗਿਆਨ ਕੁਰ ਨੇ ਸੁਖਵਿੰਦਰ ਦਾ ਮੱਥਾ ਚੁੰਮਦਿਆਂ ਆਖਿਆ, “ਪੁੱਤ, ਉਹ ਜਾਣੇ ਪੈਸਾ ਹੀ ਬਰਬਾਦ ਹੋਇਆ ਹੈ। ਤੂੰ ਰਾਜ਼ੀ ਖੁਸ਼ੀ ਆਪਣੇ ਘਰ ਮੁੜ ਆਇਆ। ਵਾਹਿਗੁਰੂ ਦਾ ਸ਼ੁਕਰ ਹੈ। ਇਥੇ ਤਾਂ ਰੋਜ਼ ਹੀ ਅਖਬਾਰਾਂ ਵਿਚ ਖਬਰਾਂ ਛਪਦੀਆਂ ਕਿ ਫਲਾਣੇ ਥਾਂ ਕਿਸ਼ਤੀ ਡੁੱਬ ਗਈ, ਐਨੇ ਮੁੰਡੇ ਨੁਕਸਾਨੇ ਗਏ, ਫਲਾਣੇ ਥਾਂ ਫੜੇ ਗਏ। ਜੇਲ੍ਹਾਂ ਵਿਚ ਬੈਠੇ ਨੇ। ਹੋਰ ਤਾਂ ਹੋਰ ਕੁੜੀਆਂ ਵੀ ਫਸੀਆਂ ਬੈਠੀਆਂ ਮੁਸਲਮਾਨਾਂ ਦੇ ਮੁਲਕਾਂ ਵਿਚ।”
ਸੁਖਵਿੰਦਰ ਨੇ ਬੇਬੇ ਦੁਆਲੇ ਬਾਹਾਂ ਹੋਰ ਚੰਗੀ ਤਰ੍ਹਾਂ ਲਪੇਟ ਲਈਆਂ।
“ਸੱਚੀਂ ਪੁੱਤ! ਪੰਜਾਬ ਦੀਆਂ ਤਿੰਨ ਪੀੜ੍ਹੀਆਂ ਖਾ ਲਈਆਂ ਇਨ੍ਹਾਂ ਅਲਾਮਤਾਂ ਨੇ।” ਗਿਆਨ ਕੁਰ ਨੇ ਹਉਕਾ ਲੈਂਦੇ ਹੋਏ ਕਿਹਾ।
ਦਿਨ ਚੜ੍ਹੇ ਜਿਹੜਾ ਵੀ ਕੋਈ ਅਫਸੋਸ ਕਰਨ ਆਉਂਦਾ, ਗਿਆਨ ਕੁਰ ਇਹੋ ਹੀ ਆਖਦੀ।
ਇਹ ਸਾਡੇ ਪੰਜਾਬ ਦਾ ਦੁਖਾਂਤ ਹੈ। ਇਕ ਪੀੜ੍ਹੀ ਸਾਡੀ ਅਤਿਵਾਦ ਨੇ ਖਾ ਲਈ, ਦੂਸਰੀ ਨਸ਼ਿਆਂ ਨੇ ਤੇ ਤੀਜੀ ਬਾਹਰਲੇ ਮੁਲਕਾਂ ਨੂੰ ਜਾਣ ਦੇ ਰੁਝਾਨ ਨੇ।
ਅਫਸੋਸ ਕਰਨ ਆਈਆਂ `ਚੋਂ ਦਿਆਲੋ ਬੋਲ ਹੀ ਪਈ, “ਮੈਂ ਤਾਂ ਆਪ ਮੁੰਡੇ ਨੂੰ ਕਹਿੰਦੀ ਆਂ ਏਥੇ ਹੀ ਭਾਈ ਕੰਮ ਕਰ। ਕੰਮ ਕਰਦਾ ਕੋਈ ਨ੍ਹੀਂ ਭੁੱਖਾ ਮਰਦਾ। ਉਹ ਜਾਣੇ ਮੁੰਡਾ ਸਹੀ ਸਲਾਮਤ ਘਰ ਆ ਗਿਆ। ਰੱਬ ਦਾ ਸ਼ੁਕਰ ਕਰੋ।”