ਜਿ਼ੰਦਗੀ ਦੇ ਬੋਝੇ ‘ਚ ਹੱਥ ਮਾਰਦਿਆਂ…

ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਰੰਗਾਂ ਦਾ ਛੱਟਾ ਕੇਰਦਿਆਂ ਜਿ਼ੰਦਗੀ ਦੇ ਵੱਖ ਵੱਖ ਰੰਗਾਂ ਦਾ ਪ੍ਰਸੰਗ ਪੇਸ਼ ਕੀਤਾ ਸੀ, “ਰੰਗਾਂ ਤੋਂ ਬਗੈਰ ਬੇਹਿਸ ਹੋ ਜਾਵੇਗੀ ਜਿ਼ੰਦਗੀ, ਕਿਉਂਕਿ ਰੰਗ-ਬੇਰੰਗਤਾ ਹੀ ਹੁੰਦੀ ਜੋ ਮਨੁੱਖ ਨੂੰ ਜਿਊਣ ਦਾ ਉਤਸ਼ਾਹ, ਉਮਾਹ ਅਤੇ ਉਮੰਗ ਦਿੰਦੀ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਜਿ਼ੰਦਗੀ ਦੇ ਬੋਝੇ ‘ਚ ਹੱਥ ਮਾਰਦਿਆਂ ਹੋਰ ਕਈ ਰੰਗ ਕੱਢੇ ਹਨ।

ਉਹ ਕਹਿੰਦੇ ਹਨ, “ਜਿ਼ੰਦਗੀ ਦਾ ਬੋਝਾ ਹਰੇਕ ਨੂੰ ਹੀ ਮਿਲਦਾ, ਪਰ ਸਭ ਤੋਂ ਜਰੂਰੀ ਹੁੰਦਾ ਕਿ ਮਨੁੱਖ ਨੂੰ ਉਸ ਬੋਝੇ ਦੀ ਸੋਝੀ ਹੋਵੇ ਕਿ ਇਸ ਵਿਚ ਕੀ ਕੀ ਪਾਉਣਾ? ਕੀ ਕੀ ਨਕਾਰਨਾ?… ਜਿ਼ੰਦਗੀ ਦੇ ਬੋਝੇ ਵਿਚ ਮਨੁੱਖ ਕੀ ਚੁੱਕੀ ਫਿਰਦਾ, ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ। ਸਮਾਜ ਵਿਚ ਤੁਹਾਡੇ ਬਿੰਬ ਨੇ ਹੀ ਸਭ ਕੁਝ ਬਿਆਨ ਕਰ ਦੇਣਾ। ਇਸ ਦੇ ਪ੍ਰਭਾਵੀ ਅਸਰਾਂ ਨੂੰ ਮਨੁੱਖ ਵਿਚੋਂ ਮਨਫੀ ਨਹੀਂ ਕੀਤਾ ਜਾ ਸਕਦਾ। ਡਾ. ਭੰਡਾਲ ਕਹਿੰਦੇ ਹਨ, “ਉਮਰ ਦੇ ਹਰ ਪੜਾਅ `ਤੇ ਅਸੀਂ ਕੁਝ ਨਾ ਕੁਝ ਇਸ ਵਿਚ ਪਾ ਸਕਦੇ ਹਾਂ ਤੇ ਵੰਡ ਵੀ ਸਕਦੇ ਹਾਂ, ਬਸ਼ਰਤੇ ਕਿ ਸਾਨੂੰ ਬੋਝੇ ਦੀਆਂ ਬਰਕਤਾਂ ਦਾ ਅਹਿਸਾਸ ਹੋਵੇ; ਕਿਉਂਕਿ ਉਮਰ ਨਾਲ ਜਿ਼ੰਦਗੀ ਦੇ ਬੋਝੇ ਵਿਚ ਪਈਆਂ ਵਸਤਾਂ ਦੀ ਤਾਸੀਰ ਤੇ ਰੰਗ ਵੀ ਬਦਲਦੇ।” ਉਹ ਜਿ਼ੰਦਗੀ ਦੇ ਬੋਝੇ ਵਿਚ ਸੁੱਚਮ, ਉਚਮ ਅਤੇ ਕਰਮ-ਧਰਮ ਦੀ ਦੀਖਿਆ ਲੋਚਦੇ ਹਨ।

ਡਾ. ਗੁਰਬਖਸ਼ ਸਿੰਘ ਭੰਡਾਲ

ਹਰ ਕੋਲ ਹੈ ਜਿ਼ੰਦਗੀ ਦਾ ਬੋਝਾ। ਕਿਸੇ ਕੋਲ ਪਾਟਾ, ਕਿਸੇ ਕੋਲ ਸਬੂਤਾ। ਕਿਸੇ ਕੋਲ ਖੁੱਲ੍ਹਾ, ਕਿਸੇ ਕੋਲ ਬੰਦ। ਕਿਸੇ ਕੋਲ ਲੀਰਾਂ ਵਾਲਾ, ਕਿਸੇ ਕੋਲ ਮਖਮਲੀ। ਕਿਸੇ ਦਾ ਬੋਝਾ ਛੇਕੋ-ਛੇਕ, ਕਿਸੇ ਦਾ ਸਿੱਕੇਬੰਦ।
ਕਈਆਂ ਦਾ ਜਿ਼ੰਦਗੀ ਦਾ ਬੋਝਾ ਖੁਦ ਕੋਲ ਹੀ ਨਹੀਂ ਹੁੰਦਾ। ਕੋਈ ਹੋਰ ਇਸ ਬੋਝੇ ਦੀਆਂ ਅਮਾਨਤਾਂ ਨੂੰ ਸੰਭਾਲਦਾ ਤੇ ਵਰਤਦਾ; ਪਰ ਕਈ ਆਪ ਹੀ ਇਸ ਦੇ ਮਾਲਕ, ਰਖਵਾਲੇ ਤੇ ਖੁਦਮੁਖਤਾਰ।
ਜਿੰ਼ਦਗੀ ਦੇ ਬੋਝੇ ਵਿਚ ਕਈਆਂ ਨੂੰ ਜਨਮ ਤੋਂ ਬਹੁਤ ਸਾਰੀਆਂ ਨਿਆਮਤਾਂ ਮਿਲਦੀਆਂ ਅਤੇ ਬਹੁਤਿਆਂ ਨੂੰ ਖਾਲੀ ਬੋਝਿਆਂ ਦੀ ਗੁੜਤੀ ਮਿਲਦੀ। ਉਹ ਇਸ ਵਿਚ ਪਾਉਣ ਵਾਲੀਆਂ ਵਸਤਾਂ ਦੀ ਤਕਦੀਰ, ਤਰਤੀਬ ਤੇ ਤਹਿਜ਼ੀਬ ਨੂੰ ਵਿਚਾਰਦੇ ਅਤੇ ਭਰਨ ਦੇ ਆਹਰ ਵਿਚ ਰੁੱਝ ਜਾਂਦੇ।
ਕੁਝ ਲੋਕ ਜਿ਼ੰਦਗੀ ਦੇ ਬੋਝੇ ਨੂੰ ਸਦਾ ਖਾਲੀ ਹੀ ਰੱਖਦੇ। ਕੁਝ ਸਿਰਫ ਇਸ ਨੂੰ ਨੱਕੋ-ਨੱਕ ਭਰਨ ਲਈ ਸਾਹ ਖਰਚ ਦਿੰਦੇ, ਪਰ ਫੱਕਰਾਂ ਵਰਗੇ ਕੁਝ ਅਜਿਹੇ ਲੋਕ ਵੀ ਹੁੰਦੇ, ਜੋ ਜਿ਼ੰਦਗੀ ਦੇ ਬੋਝੇ ਨੂੰ ਅਮਾਨਤਾਂ ਨਾਲ ਭਰੀ ਵੀ ਜਾਂਦੇ ਅਤੇ ਲੋੜਵੰਦਾਂ ਵਿਚ ਦੋਹੀਂ ਹੱਥੀਂ ਵਰਤਾਈ ਵੀ ਜਾਂਦੇ। ਅਜਿਹੇ ਲੋਕ ਸ਼ੁਭ-ਕਰਮਨ ਦਾ ਸੁੱਚਾ ਧਰਮ। ਮਾਨਵਤਾ ਦੀ ਅੱਖ ਵਿਚ ਉਗੇ ਹੰਝੂ ਨੂੰ ਪੂੰਝਣ ਅਤੇ ਘਰਾਲਾਂ ਨੂੰ ਮਿਟਾਉਣ ਲਈ ਹਮੇਸ਼ਾ ਖੁਦ ਨੂੰ ਅਰਪਿੱਤ ਕਰਦੇ।
ਜਿ਼ੰਦਗੀ ਦਾ ਬੋਝਾ ਹਰੇਕ ਨੂੰ ਹੀ ਮਿਲਦਾ, ਪਰ ਸਭ ਤੋਂ ਜਰੂਰੀ ਹੁੰਦਾ ਕਿ ਮਨੁੱਖ ਨੂੰ ਉਸ ਬੋਝੇ ਦੀ ਸੋਝੀ ਹੋਵੇ ਕਿ ਇਸ ਵਿਚ ਕੀ ਕੀ ਪਾਉਣਾ? ਕੀ ਕੀ ਨਕਾਰਨਾ? ਕਿਹੜੀਆਂ ਵਸਤਾਂ ਨੂੰ ਆਪਣੇ ਕੋਲ ਰੱਖਣਾ? ਕਿਨ੍ਹਾਂ ਨੂੰ ਲੋਕਾਈ ਵਿਚ ਵਰਤਾਉਣਾ?
ਜਿ਼ੰਦਗੀ ਦੇ ਅਰਥਾਂ ਦੀ ਰਸਾਈ ਵਿਚੋਂ ਹੀ ਅਸੀਂ ਬੋਝੇ ਦੀ ਔਕਾਤ, ਆਸਥਾ, ਅਸੀਮਤਾ ਅਤੇ ਅਤੁੱਲਤਾ ਦਾ ਅੰਦਾਜ਼ਾ ਲਾ ਸਕਦੇ ਹਾਂ। ਜਿ਼ੰਦਗੀ ਸਿਰਫ ਸਾਹਾਂ ਦੀ ਗਿਣਤੀ ਨਹੀਂ। ਸਗੋਂ ਜਿ਼ੰਦਗੀ ਉਹ ਹੁੰਦੀ, ਜਿਹੜੀ ਦਾਨਾਈ ਅਤੇ ਭਲਿਆਈ ਨੂੰ ਸਮਰਪਿਤ ਹੋਵੇ। ਜੋ ਚੁਣੌਤੀਆਂ ਦਾ ਸਾਹਮਣਾ ਕਰੇ। ਜਿ਼ੰਦਗੀ ਦੀ ਦਿੱਖ ਨੂੰ ਸੁਧਾਰੇ ਅਤੇ ਨਿਖਾਰੇ। ਵੱਖਰੇ, ਵਿਕੋਲਿਤਰੇ ਅਤੇ ਵਿਭਿੰਨਤਾ ਵਿਚੋਂ ਹੀ ਵਿਲੱਖਣਤਾ ਨੂੰ ਵਿਕਸਿਤ ਕੀਤਾ ਜਾ ਸਕਦਾ, ਜਿਸ ਵਿਚੋਂ ਜੀਵਨ ਦੇ ਰਹੱਸਾਂ, ਪਰਤਾਂ ਅਤੇ ਦ੍ਰਿਸ਼ਟੀਕੋਣ ਨਾਲ ਖੁਦ ਨੂੰ ਨਵੇਂ ਦਿਸਹੱਦਿਆਂ ਦਾ ਹਾਣੀ ਬਣਾਇਆ ਜਾ ਸਕਦਾ।
ਜਿ਼ੰਦਗੀ ਦੇ ਬੋਝੇ ਵਿਚ ਛਿੱਲੜਾਂ ਵੀ ਤੇ ਸਿੱਕੇ ਵੀ। ਮੋਹਰਾਂ, ਮੋਹਰੇ ਤੇ ਮਹੁਰਾ ਵੀ। ਨੋਟ ਵੀ ਅਤੇ ਖਾਲੀ ਚੈੱਕ ਵੀ। ਮੋਰੀ ਵਾਲੇ ਪੈਸਿਆਂ ਦੀ ਛੁਣਕਾਰ ਵੀ ਅਤੇ ਖਾਲੀ ਬੋਝੇ ਦੀ ਭਰਮ-ਭਰਾਈ ਵੀ।
ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦੇ ਬੋਝੇ ਵਿਚੋਂ ਕੀ ਕਿਰ ਰਿਹਾ ਅਤੇ ਕਿਉਂ ਕਿਰ ਰਿਹਾ? ਜਦ ਕਿ ਕੁਝ ਲੋਕ ਆਪਣੇ ਬੋਝੇ ਨੂੰ ਆਪਣੀ ਖੁਦਾਈ ਤੀਕ ਹੀ ਸੀਮਤ ਰੱਖਦੇ।
ਜਿ਼ੰਦਗੀ ਦਾ ਬੋਝਾ ਅਮੀਰ ਤੇ ਗਰੀਬ ਕੋਲ, ਭਿਖਾਰੀ ਕੋਲ ਵੀ ਤੇ ਦਾਨੀ ਕੋਲ ਵੀ, ਬੱਚੇ ਕੋਲ ਵੀ ਤੇ ਬਜੁਰਗ ਕੋਲ ਵੀ। ਉਮਰ ਦੇ ਹਰ ਪੜਾਅ `ਤੇ ਅਸੀਂ ਕੁਝ ਨਾ ਕੁਝ ਇਸ ਵਿਚ ਪਾ ਸਕਦੇ ਹਾਂ ਤੇ ਵੰਡ ਵੀ ਸਕਦੇ ਹਾਂ, ਬਸ਼ਰਤੇ ਕਿ ਸਾਨੂੰ ਬੋਝੇ ਦੀਆਂ ਬਰਕਤਾਂ ਦਾ ਅਹਿਸਾਸ ਹੋਵੇ। ਸਾਨੂੰ ਤਾਂ ਬਹੁਤੀ ਵਾਰ ਪਤਾ ਹੀ ਨਹੀਂ ਹੁੰਦਾ ਏ ਕਿ ਜਿ਼ੰਦਗੀ ਨੇ ਸਾਨੂੰ ਕਿਹੜੀਆਂ ਬਖਸਿ਼ਸ਼ਾਂ ਨਾਲ ਨਿਵਾਜਿਆ ਏ? ਇਕ ਨੌਜਵਾਨ ਰੋਂਦਾ, ਕੁਰਲਾਉਂਦਾ ਕਿਸੇ ਫਕੀਰ ਕੋਲ ਰੱਬ ਦੀ ਸਿ਼ਕਾਇਤ ਲਾਉਣ ਲੱਗਾ ਕਿ ਮੈਨੂੰ ਰੱਬ ਨੇ ਕੁਝ ਨਹੀਂ ਦਿਤਾ, ਮੇਰੇ ਕੋਲ ਕੁਝ ਵੀ ਨਹੀਂ। ਫਕੀਰ ਨੇ ਕਿਹਾ ਕਿ ਤੈਨੂੰ ਪਤਾ ਹੀ ਨਹੀਂ ਕਿ ਤੇਰੇ ਕੋਲ ਕੀ ਕੁਝ ਹੈ? ਕੀ ਤੂੰ ਦੋ ਲੱਖ ਵਿਚ ਆਪਣੀ ਇਕ ਅੱਖ ਦੇ ਸਕਦੇ ਏਂ? ਤੇ ਹੈਰਾਨ ਹੋਏ ਨੌਜਵਾਨ ਨੂੰ ਸਮਝ ਆਈ ਕਿ ਉਹ ਕਿੰਨੀਆਂ ਕੀਮਤੀ ਅਮਾਨਤਾਂ ਨਾਲ ਵਰੋਸਾਇਆ ਹੈ।
ਜਿ਼ੰਦਗੀ ਦੇ ਬੋਝੇ ਵਿਚ ਉਤਸ਼ਾਹ, ਉਮੀਦ, ਉਮਾਹ, ਉਦਮ, ਉਡਾਣ ਤੇ ਉਮੰਗ ਦੇ ਨਾਲ-ਨਾਲ ਉਦਾਸੀ, ਉਪਰਾਮਤਾ ਉਡੀਕ, ਉਲਾਹਮਾ ਤੇ ਉਲੰਘਣਾ ਵੀ ਹੁੰਦੀ।
ਬੋਝੇ ਵਿਚ ਤਾਂ ਆਸ, ਆਸਥਾ, ਅਰਾਧਨਾ, ਅਨਾਇਤ, ਅਜ਼ੀਮਤਾ, ਅੱਖਰ, ਅੰਬਰ, ਆਬਰੂ, ਅਣਖ, ਅਲਮਸਤੀ, ਅਮੀਰੀ, ਆਤਮ-ਵਿਸ਼ਵਾਸ ਤੇ ਆਪਣਾਪਣ ਦੇ ਨਾਲ-ਨਾਲ ਅਲਗਰਜੀ, ਆਕੜ, ਅੱਖੜਤਾ, ਅੰਧ ਵਿਸ਼ਵਾਸ, ਅਧਰਮ, ਅੱਥਰੂ ਅਤੇ ਅਵਾਰਗੀ ਵੀ ਹੁੰਦੀ।
ਜਿ਼ੰਦਗੀ ਦੇ ਬੋਝੇ ਵਿਚ ਇੱਜ਼ਤ, ਇਖਲਾਕ, ਇਨਸਾਨੀਅਤ, ਇਮਾਨਦਾਰੀ ਦੇ ਨਾਲ-ਨਾਲ ਈਰਖਾ ਤੇ ਇਕੱਲਤਾ ਵੀ ਹੁੰਦੀ।
ਜਿ਼ੰਦਗੀ ਦੇ ਬੋਝੇ ਵਿਚ ਸੁਪਨੇ, ਸੰਯੋਗ, ਸੱਜਣ, ਸੁਹਜ, ਸਹਿਜ, ਸੁਖਨ, ਸਕੂਨ, ਸੂਰਜ, ਸਿਆਣਪ, ਸੰਜਮ, ਸੋਚ, ਸੁੱਚਮ, ਸਮਝ, ਸਮਰਪਿਤਾ, ਸਾਦਗੀ, ਸਿਰੜ, ਸਾਧਨਾ, ਸਾਧਨ, ਸੁੱਖ, ਸੰਤੋਖ ਤੇ ਸਫਲਤਾ ਦੇ ਨਾਲ ਹੀ ਸਨਕੀਪੁਣਾ, ਸ਼ੱਕ, ਸੰਤਾਪ, ਸਿਸਕੀ, ਸੋਗ ਅਤੇ ਸਿਆਪਾ ਵੀ ਆ ਜਾਂਦਾ।
ਜਿ਼ੰਦਗੀ ਦੇ ਇਸ ਬੋਝੇ ਵਿਚ ਹਾਸਾ, ਹੁੰਦਲਹੇੜਤਾ, ਹੱਕ, ਹਾਕ, ਹੁੰਗਾਰਾ, ਹਰਦਿਲ-ਅਜ਼ੀਜ਼ੀ, ਹਾਜ਼ਰ-ਜਵਾਬੀ, ਹਮਰਾਜ਼, ਹਾਣੀ, ਹੌਂਸਲਾ ਅਤੇ ਹਿੰਮਤ ਹੁੰਦੀ; ਪਰ ਹੂਕ, ਹੌਕੇ, ਹਾਵੇ, ਹਿੱਚਕੀਆਂ ਅਤੇ ਹੀਣਭਾਵਨਾ ਵੀ ਹੁੰਦੀ। ਇਨ੍ਹਾਂ ਵਿਚੋਂ ਕਿਸ ਨੂੰ ਬੋਝੇ ਵਿਚ ਰੱਖਣੇ ਅਤੇ ਕਿਨ੍ਹਾਂ ਨੂੰ ਬਾਹਰ ਕੱਢਣਾ, ਇਹ ਤਾਂ ਮਨੁੱਖ ਤੇ ਨਿਰਭਰ।
ਜਿ਼ੰਦਗੀ ਦੇ ਬੋਝੇ ਵਿਚ ਕਿਰਨ, ਕੁਦਰਤ, ਕਾਇਨਾਤ, ਕਰਾਮਾਤ, ਕ੍ਰਿਸ਼ਮਾ, ਕੀਰਤੀ, ਕਲਮ, ਕਿਤਾਬ, ਕਲਮਕਾਰੀ, ਕਲਾ-ਨਿਕਾਸ਼ੀ, ਕਰਮ-ਕੀਰਤੀ ਅਤੇ ਕਰਮ-ਧਰਮ ਵੀ ਹੁੰਦਾ; ਪਰ ਇਸ ਵਿਚ ਕਾਲਖ, ਕੁਹਜ, ਕੁਲਹਿਣਾ, ਕੁਕਰਮ, ਕੂਕ, ਕਤਲ, ਕੁਨੱਖਾਪਣ ਅਤੇ ਕਾਣੀਵੰਡ ਵੀ ਹੁੰਦੀ। ਕੀਰਨੇ ਅਤੇ ਕੁਲਹਿਣੇ ਪਲਾਂ ਦੀ ਹੂਕ ਵੀ। ਸਭ ਕੁਝ ਹੀ ਸਮਿਲਤ, ਪਰ ਇਨ੍ਹਾਂ ਨੂੰ ਵੱਖਰਾ ਕਰਨਾ ਅਤਿ ਜਰੂਰੀ।
ਇਹ ਬੋਝਾ ਖੁਸ਼ੀ, ਖਾਬਾਂ, ਖਿਆਲਾਂ, ਖਬਤ, ਖੈਰਾਂ ਦੇ ਨਾਲ-ਨਾਲ ਖਰਮਸਤੀ, ਖਰੂਦ, ਖਾਕ, ਖੂਨ, ਖਿਆਨਤ ਸੰਗ ਲਬਰੇਜ਼ ਹੁੰਦਾ। ਇਨ੍ਹਾਂ ਦੀ ਚੋਣ ਮਨੁੱਖੀ ਮਾਨਸਿਕਤਾ `ਤੇ ਆਧਾਰਤ।
ਜਿ਼ੰਦਗੀ ਦੇ ਨਿੱਕੇ ਜਿਹੇ ਬੋਝੇ ਵਿਚ ਗ੍ਰੰਥ, ਗੁਣ, ਗਿਆਨ, ਗੋਸ਼ਟਿ, ਗੁਰੂ, ਗੁਰਦੁਆਰਾ, ਗੰਗੋਤਰੀ ਦੇ ਨਾਲ ਹੀ ਗਰੂਰ, ਗਮ, ਗਰੀਬੀ, ਗ੍ਰਹਿਣ, ਗੁੱਸਾ ਤੇ ਗੰਧਲਾਪਣ ਵੀ ਹੁੰਦਾ। ਇਨ੍ਹਾਂ ਦੀ ਭਿੰਨਤਾ ਵਿਚੋਂ ਅਛਿਆਈ ਤੇ ਬੁਰਿਆਈ ਤਾਂ ਖੁਦ ਨੂੰ ਹੀ ਭਾਲਣੀ ਪੈਣੀ।
ਇਹ ਬੋਝਾ ਆਪਣੇ ਵਿਚ ਘਰ ਦੇ ਨਾਲ ਘਬਰਾਹਟ, ਘ੍ਰਿਣਾ, ਘੁਣ, ਘਪਲਾ ਵੀ ਸਮਾਈ ਰੱਖਦਾ। ਇਸ ਵਿਚੋਂ ਕਿਸ ਨੂੰ ਕਦੋਂ ਵਰਤਣਾ ਅਤੇ ਕਿਹੜੇ ਸਿੱਟਿਆਂ ਦੀ ਆਸ ਰੱਖਣਾ, ਇਹ ਮਨੁੱਖੀ ਫਿਤਰਤ `ਤੇ ਨਿਰਭਰ।
ਜਿ਼ੰਦਗੀ ਦੇ ਇਸ ਛੋਟੇ ਜਿਹੇ ਪਰ ਵਡੇਰੇ ਅਰਥਾਂ ਵਾਲੇ ਬੋਝੇ ਵਿਚ ਚੰਗਿਆਈ, ਚਾਹਤ, ਚਹਿਕ, ਚਾਨਣੀ, ਚੰਨ, ਚਮਕ, ਚਮਨ, ਚਾਅ ਦੇ ਨਾਲ-ਨਾਲ ਚੋਰੀ-ਚਕਾਰੀ, ਚਿੰਤਾ, ਚਿਖਾ ਅਤੇ ਚੰਗਿਆੜੀ ਵੀ। ਮਨੁੱਖ ਨੇ ਖੂਸ਼ਬੂ ਵੰਡਣਾ ਜਾਂ ਚੰਗਿਆੜੀ ਨਾਲ ਸੜਨਾ, ਇਹ ਮਨੁੱਖੀ ਸੋਚ ਦੀ ਉਪਜ।
ਜਿ਼ੰਦਗੀ ਦੇ ਬੋਝੇ ਦਾ ਕੇਹਾ ਕਮਾਲ ਕਿ ਇਸ ਵਿਚ ਛਿੰਨ, ਛਾਂ, ਛੱਤ, ਛੱਤਰੀ ਸਮੇਤ ਛੱਜ ਤੇ ਛਾਨਣੀ ਵੀ ਹੁੰਦੀ, ਜਿਸ ਨਾਲ ਕਈ ਵਾਰ ਆਪਣਿਆਂ ਵਲੋਂ ਬੇਲੋੜਾ ਹੀ ਪੁਣਿਆ ਤੇ ਛੱਟਿਆ ਜਾਂਦਾ।
ਇਸ ਵਿਚ ਤਾਂ ਜਜ਼ਬਾਤ, ਜਜ਼ਬਾ, ਜਿ਼ੰਦਾਦਿਲੀ, ਜਿ਼ੰਦਗੀ, ਜਾਨ, ਜਿ਼ਆਰਤ, ਜ਼ਹਿਨੀਅਤ, ਜਗਿਆਸਾ, ਜੋਤ, ਜ਼ਰੂਰਤ ਤੇ ਜ਼ਮੀਰ ਦੇ ਨਾਲ-ਨਾਲ ਹੀ ਜੰਗਾਲ, ਜੰਗ, ਜ਼ੰਜ਼ੀਰ, ਜੇਲ੍ਹ ਤੇ ਜੰਦਰਾ ਵੀ ਹੁੰਦਾ। ਇਸ ਵਿਚ ਹੀ ਜੀਵਿਆ, ਜਿੱਤਿਆ, ਜਰਿਆ, ਜਜ਼ਬਿਆ, ਜੋਖਿਆ ਅਤੇ ਜੋੜਿਆ ਵੀ ਸ਼ਾਮਲ।
ਇਸ ਵਿਚ ਝਾਂਜਰ, ਝਰਨਾਹਟ, ਝੂਮਣਾ, ਦੇ ਨਾਲ ਝੁੰਜਲਾਹਟ ਤੇ ਝਗੜਾ ਵੀ ਪਿਆ ਹੁੰਦਾ।
ਜਿ਼ੰਦਗੀ ਦੇ ਬੋਝੇ ਵਿਚ ਹੁੰਦਾ ਹੈ ਟੋਟਕਾ, ਟੁੱਕ, ਟੱਕ ਦੇ ਨਾਲ ਨਾਲ ਟੋਕਾ, ਟੋਟਾ ਟੁੱਕੜਬੋਚ ਅਤੇ ਟਾਂਕਾ।
ਇਸ ਵਿਚ ਤਾਂ ਹੁੰਦਾ ਹੈ ਠਰੰਮਾ, ਠਹਿਰ, ਠਹਿਰਾਅ, ਠੁੰਮਣਾ ਦੇ ਨਾਲ ਠੱਗ, ਠਰਕ ਵੀ। ਬੋਝੇ ਵਿਚ ਤਾਂ ਹੁੰਦਾ ਹੀ ਹੈ ਡਰ, ਡਰਪੋਕ ਤੇ ਡਹਿਲ। ਬੋਝੇ ਹੀ ਹੁੰਦਾ ਹੈ ਢਲਾਣ, ਢਿੱਲ, ਢੀਠਤਾਈ ਤੇ ਢੋਲ।
ਜਿ਼ੰਦਗੀ ਦੇ ਬੋਝੇ ਵਿਚ ਹੁੰਦੀ ਹੈ ਤੋਰ, ਤ੍ਰੇਲ, ਤੁਹਮਤ, ਤਿਗੜਮਬਾਜੀ, ਤਵਾਰੀਖ ਤਹਿਰੀਕ, ਤਜਵੀਜ਼, ਤਹਿਜ਼ੀਬ, ਤਰਤੀਬ, ਤਦਬੀਰ, ਤਸਵੀਰ, ਤਸ਼ਬੀਹ, ਤੀਖਣਤਾ, ਤੀਬਰਤਾ, ਤ੍ਰੇਹ, ਤਮੰਨਾ, ਤਾਂਘ ਤੜਫਣਾ ਅਤੇ ਝੱਲੇ ਹੋਏ ਤਸੀਹਿਆਂ ਦੀ ਤਫਸੀਲ।
ਜਿ਼ੰਦਗੀ ਦੀ ਇਸ ਨਿੱਕੀ ਜਿਹੀ ਪੋਟਲੀ ਨੁਮਾ ਬੋਝੇ ਵਿਚ ਹੁੰਦੀ ਹੈ ਥੱਪਕੀ, ਥੱਪਥਪਾਹਟ, ਥਰਕਾਉਣਾ, ਥਿਰਕਣਾ ਦੇ ਨਾਲ ਥੱਥਲਾਉਣਾ, ਥਕਾਵਟ ਤੇ ਥਿੜਕਣ।
ਬੋਝੇ ਵਿਚ ਹੀ ਹੁੰਦੀ ਏ ਦਿਲਗੀਰੀ, ਦੇਵਦਾਸਤਾ, ਦਿਲਬਰੀ, ਦੁਆਵਾਂ, ਦਿਲਜੋਈਆਂ, ਦੱਖਣਾ, ਦੋਸਤ, ਦਰਵੇਸ਼, ਦਮਦਾਰੀ, ਦਿਆਲਤਾ, ਦਯਾ, ਦੁਨੀਆਂਦਾਰੀ, ਦਿਆਨਤਦਾਰੀ, ਦਿੱਬ-ਦ੍ਰਿਸ਼ਟੀ, ਦ੍ਰਿਸ਼ਟੀਕੋਣ ਤੇ ਦਰਦਵੰਤਾ ਦੇ ਨਾਲ ਦੁੱਖ, ਦਰਦ, ਦੁਖਾਵੰਤ, ਦੰਭ, ਦੁਸ਼ਟਤਾ, ਦਮਨ ਅਤੇ ਦੁਕਾਨਦਾਰੀ। ਇਸ ਵਿਚੋਂ ਅਸੀਂ ਕੀ ਖੱਟਦੇ ਤੇ ਕੀ ਵਰਤਦੇ, ਇਹ ਬੰਦੇ ‘ਤੇ ਨਿਰਭਰ।
ਬੋਝੇ ਵਿਚ ਤਾਂ ਬਹੁਲਾਤ ਵਿਚ ਹੁੰਦਾ ਹੈ ਧੀਰਜ, ਧਰਮ, ਧਰਤੀ, ਧਰੂਤਾਰਾ, ਧਰਮਾਤਮਾ ਦੇ ਨਾਲ ਧੋਖਾ, ਧਮਕੀ, ਧਤੂਰਾ ਵੀ ਹੁੰਦਾ। ਮਨੁੱਖ ਨੇ ਕੀ ਬਣਨਾ, ਇਹ ਜ਼ਹਿਨੀਅਤ ਦਾ ਤਕਾਜ਼ਾ।
ਬੋਝੇ ਵਿਚ ਨੇਕੀ, ਨਿਆਮਤ, ਨਰਮਾਈ, ਨਿਰਮੂਲਤਾ, ਨਿਰਗੁਣਤਾ, ਨਿਮਾਣਾਪਣ, ਨਿਰ-ਸੁਆਰਥ, ਨਾਚੀਜ਼ਤਾ ਅਤੇ ਨਿਆਰਾਪਣ ਵੀ ਅਤੇ ਨਿਕੰਮਾਪਣ, ਨੀਚਤਾ, ਨਿਰਮੋਹਾਪਣ ਵੀ।
ਬੋਝੇ ਵਿਚ ਪਿਆਰ, ਪਿਆਰਾ, ਪਹੁਲ, ਪਾਕੀਜ਼ਗੀ, ਪੀਰ, ਪਹੁੰਚ ਅਤੇ ਪ੍ਰੇਰਨਾ; ਪੁੱਖਤਗੀ ਦੇ ਨਾਲ ਹੀ ਪਲੀਤਪੁਣਾ, ਪਾਖੰਡ, ਪ੍ਰੇਤ ਵੀ।
ਬੋਝੇ ਵਿਚ ਫੱਕਰਤਾ, ਫਕੀਰੀ, ਫਰਮਾਇਸ਼, ਫਲ, ਫੁੱਲ, ਫਰਮਾਬਰਦਾਰੀ, ਫਰਾਖਦਿਲੀ ਦੇ ਸੰਗ ਫੁਹਸ਼ਪੁਣਾ, ਫੁੱਕਰਾਪਣ ਵੀ ਤਾਂ ਹੁੰਦਾ ਈ ਆ।
ਬੋਝੇ ਵਿਚ ਬਖਸਿ਼ਸ਼ਾਂ, ਬਰਕਤਾਂ, ਬੰਦਗੀ, ਬੰਦਿਆਈ, ਬਹੁਲਤਾ ਦੇ ਨਾਲ ਬੁਰਿਆਈ, ਬਦਖੋਹੀ, ਬਦਲਾਖੋਰੀ, ਬਦਨੀਤ, ਬਦਦੁਆ ਜਾਂ ਬਦਅਮਨੀ ਵੀ; ਪਰ ਇਨ੍ਹਾਂ ਵਿਚੋਂ ਕਿਸ ਦੀ ਲਿਸ਼ਕ ਨੇ ਜਿ਼ੰਦਗੀ ਦੀਆਂ ਅੱਖਾਂ ਵਿਚ ਲਿਸ਼ਕੋਰ ਜਾਂ ਧੁੰਦਲਾਪਣ ਪੈਦਾ ਕਰਨਾ-ਇਹ ਹੀ ਸੋਚਣ ਦੀ ਗੱਲ ਆ।
ਜਿੰ਼ਦਗੀ ਦੇ ਬੋਝੇ ਵਿਚ ਭਗਤੀ, ਭਗਾਓਤੀ, ਭਲਾਈ, ਭਰਪਾਈ ਤੇ ਭਲੇਮਾਣਸੀ ਦੇ ਨਾਲ ਨਾਲ ਭੱਜ-ਨੱਸ, ਭਟਕਣਾ, ਭਰਮ, ਭੁਲੇਖੇ, ਭਰਪਾਈ ਤੇ ਭੁੱਲਭਲੱਈਆਂ ਵੀ ਹੁੰਦੀਆਂ, ਜਿਨ੍ਹਾਂ ਵਿਚੋਂ ਕੁਝ ਰਾਹ ਸਰਘੀ ਨੂੰ ਜਾਂਦੇ ਤੇ ਕੁਝ ਘੁਸਮੁੱਸੇ ਨੂੰ। ਚਾਨਣ ਰਾਹਾਂ ਨੂੰ ਜਾਣ ਵਾਲੇ ਪੈਰ ਹੀ ਪੂਜਣਯੋਗ ਹੁੰਦੇ।
ਇਸ ਬੋਝੇ ਵਿਚ ਤਾਂ ਮੰਨਤਾਂ, ਮੌਜ, ਮਸਤੀ, ਮਨੌਤਾਂ, ਮੁਆਫੀ, ਮਾਣ, ਮਾਨਵਤਾ ਮਰਿਆਦਾ, ਮਾਸੂਮੀਅਤ, ਮਿਕਨਾਤੀਸੀ, ਮੀਨਾਕਾਰੀ, ਮਾਨਵਤਾ ਤੇ ਮਿਹਰਬਾਨੀ ਤੋਂ ਇਲਾਵਾ ਮੂਰਖਤਾ, ਮਾਰਧਾੜ, ਮਾਰ-ਮਰਾਈ ਤੇ ਮੌਤ ਵੀ ਹੁੰਦੀ ਹੈ, ਜਿਨ੍ਹਾਂ `ਤੇ ਨਿਰਭਰ ਹੁੰਦੀ ਏ ਜਿ਼ੰਦਗੀ ਦੀ ਇਬਾਰਤ।
ਜਿ਼ੰਦਗੀ ਦੇ ਬੋਝੇ ਵਿਚ ਯਾਰ, ਯਾਰਾਨੇ, ਯੁੱਗ ਦੇ ਨਾਲ ਹੀ ਯੱਬਲੀਆਂ, ਯੁੱਧ, ਯੱਖਤਾ ਵੀ ਸਿਰ ਚੁੱਕਦੀ, ਪਰ ਕਿਸ ਨੂੰ ਸਿਰ ਚੁੱਕਣ ਦੇਣਾ ਅਤੇ ਕਿਸ ਨੂੰ ਚੁੱਕਣ ਤੋਂ ਵਰਜਣਾ, ਇਹ ਮਨੁੱਖ ਦਾ ਫੈਸਲਾ।
ਇਸ ਪਿਆਰੇ ਬੋਝੇ ਵਿਚ ਰਮਤਾ, ਰਵਾਨਗੀ, ਰੂਹਾਨੀਅਤ, ਰੂਹਰੇਜ਼ਾ, ਰੂਹਰੰਗਤਾ, ਰੂਹਦਾਰੀ, ਰੰਗ, ਰਿਸ਼ਮਾਂ, ਰਾਜ਼ਦਾਰੀ ਅਤੇ ਰਹਿਮਤਾਂ ਦੀ ਬਾਰਸ਼ ਸੰਗ ਰੋਸੇ, ਰਿਹਾੜ, ਰੌਣਾ ਵੀ ਸ਼ਾਮਲ। ਇਨ੍ਹਾਂ ਵਿਚ ਕਿੰਨਾ ਕੁ ਭਿੱਜਦੇ ਹੋ, ਇਹ ਬੋਝੇ ਦੀ ਤਾਸੀਰ ਤੇ ਤਰਬੀਅਤ ਨੇ ਹੀ ਦੱਸਣਾ।
ਇਸ ਬੋਝੇ ਵਿਚ ਲਿਲਕ, ਲਿਸ਼ਕ, ਲੋੜ, ਲੋਅ, ਲਿਆਕਤ, ਲਿਹਾਜ, ਲੋਕ-ਲੱਜ਼, ਲੋਕ, ਲਾਵਾਂ, ਲੌਣ ਦੇ ਨਾਲ ਨਾਲ ਹੀ ਲੇਰ, ਲੁੜਕਣਾ, ਲਿਫਣਾ ਅਤੇ ਲੂਆਂ ਵਿਚ ਸੜਨਾ ਵੀ ਹੁੰਦਾ। ਬੰਦਾ ਕਿੰਨਾ ਕੁ ਇਨ੍ਹਾਂ ਲੂਆਂ ਤੋਂ ਬਚਾਉਂਦਾ ਅਤੇ ਆਪ ਹੀ ਆਪਣੀ ਛਾਂ ਕਿਵੇਂ ਬਣਦਾ, ਇਹ ਤਾਂ ਮਨੁੱਖ ਦੇ ਉਦਮ ਨੇ ਦਰਸਾਉਣਾ।
ਇਸ ਬੋਝੇ ਵਿਚ ਵਿਰਾਸਤ, ਵਰਤਾਰਾ, ਵਿਸਥਾਰ, ਵਿਭਿੰਨਤਾ, ਵਿਹਾਰ ਤੇ ਵਰਤੋਂ ਦੇ ਨਾਲ ਹੀ ਵੈਰ, ਵੈਰਾਗ, ਵਿਹਲਪੁਣਾ, ਵਗਾਰ, ਵਹਾਅ, ਵਿਯੋਗ, ਵਰਲਾਪ ਤੇ ਵਹਿਮ ਵਿਚੋਂ ਕਿਸ ਨੂੰ ਜੀਵਨ ਯੁੱਗਤ ਬਣਾਉਣਾ, ਇਹ ਵੀ ਬੋਝੇ ਵਿਚਲੀ ਜਾਇਦਾਦ ਹੀ ਦੱਸਦੀ, ਜੋ ਸਿਰਫ ਤੁਹਾਡੀ ਨਿੱਜੀ ਹੁੰਦੀ।
ਇਸ ਬੋਝੇ ਵਿਚ ਬਹੁਤ ਅਹਿਮ ਹੁੰਦਾ ਏ ਸ਼ਗਨ, ਸ਼ਗੂਫਾ, ਸ਼ਰਮ ਤੇ ਸ਼ਾਗਿਰਦਗੀ ਵਿਚੋਂ ਸਫਲ ਜਿ਼ੰਦਗੀ ਦਾ ਉਹ ਸਿਰਨਾਵਾਂ ਬਣਨਾ, ਜਿਸ `ਤੇ ਸਮਾਜ ਦੇ ਨਾਲ-ਨਾਲ ਖੁਦ ਵੀ ਨਾਜ਼ ਹੋਵੇ।
ਬੋਝੇ ਵਿਚ ਤਾਂ ਕਿਰਤ ਕਰੋ ਦਾ ਹੋਕਰਾ, ਨਾਮ ਜਪੋ ਦਾ ਜਾਪ ਅਤੇ ਵੰਡ ਛੱਕੋ ਦਾ ਐਲਾਨਨਾਮਾ ਵੀ; ਪਰ ਨਾਲ ਹੀ ਖੁਦਗਰਜੀ, ਲੋਭ, ਲਾਲਚ ਅਤੇ ਕੂੜ ਕਪਟ ਦਾ ਭੰਡਾਰ ਵੀ। ਕਿਹੜਾ ਮਨੁੱਖ ਕਿਹੜੀਆਂ ਵਸਤਾਂ ਦਾ ਵਪਾਰ ਕਰਦਾ, ਇਹ ਮਨੁੱਖ ਦੇ ਅੰਦਰ ਬੈਠੇ ਹੋਏ ਮਨੁੱਖ ਨੇ ਕਿਰਤ-ਕਰਮਾਂ ਰਾਹੀਂ ਦਰਸਾਉਣਾ ਹੁੰਦਾ।
ਜਿ਼ੰਦਗੀ ਦੇ ਬੋਝੇ ਵਿਚ ਉਹ ਸਭ ਕੁਝ ਹੁੰਦਾ ਹੈ ਜੋ ਅਸੀਂ ਸਹਿਆ, ਸੋਚਿਆ, ਸਮਝਿਆ, ਸਮਝਾਇਆ, ਸੰਤਾਪਿਆ, ਸੁਪਨਿਆ, ਸੰਤੋਖਿਆ, ਸਿਉਂਕਿਆ ਤੇ ਸਿਸਕਿਆ ਹੈ।
ਇਸ ਵਿਚ ਹੁੰਦਾ ਹੈ ਜੋ ਅਸੀਂ ਭੁਗਤਿਆ, ਭੋਗਿਆ, ਭੱਜਿਆ, ਭਗਤੀ ਕੀਤੀ, ਭਜਨ ਕੀਤਾ, ਭਰਮਿਆ, ਭੁੱਲਿਆ ਅਤੇ ਭਰਮਣਾ ਕੀਤੀ।
ਸਭ ਕੁਝ ਜੋ ਬੋਝੇ ਵਿਚ ਹੀ ਜਜ਼ਬ ਹੋਈ ਜਾਂਦਾ, ਇਹ ਹੀ ਸਾਡੇ ਵਿਚ ਹਿਲਜੁਲ ਪੈਦਾ ਕਰਦਾ। ਸਾਡਾ ਵਰਤੋਂ-ਵਿਹਾਰ, ਅਚਾਰ, ਕਿਰਦਾਰ, ਗੁਫਤਾਰ ਅਤੇ ਰਫਤਾਰ ਇਹੀ ਨਿਰਧਾਰਤ ਕਰਦੀਆਂ। ਇਹ ਸਾਡੇ ਅੰਦਰ ਬੈਠੀਆਂ। ਇਸ ਦੇ ਪ੍ਰਭਾਵੀ ਅਸਰਾਂ ਨੂੰ ਮਨੁੱਖ ਵਿਚੋਂ ਮਨਫੀ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਵਿਚੋਂ ਮਨੁੱਖੀ ਸ਼ਖਸੀਅਤ ਨੂੰ ਪਛਾਣਿਆ ਅਤੇ ਸਿਰਨਾਵਿਆਂ ਜਾ ਸਕਦਾ।
ਉਮਰ ਨਾਲ ਜਿ਼ੰਦਗੀ ਦੇ ਬੋਝੇ ਵਿਚ ਪਈਆਂ ਵਸਤਾਂ ਦੀ ਤਾਸੀਰ ਤੇ ਰੰਗ ਵੀ ਬਦਲਦੇ। ਜਿ਼ੰਦਗੀ ਦੇ ਬੋਝੇ ਵਿਚ ਕਦੇ ਬਚਪਨੀ ਜਿੱ਼ਦ ਅਤੇ ਕਦੇ ਬਜ਼ੁਰਗੀ ਨਸੀਹਤ। ਕਦੇ ਦੋਸਤਾਂ ਨਾਲ ਸੰਦਲੀ ਰੰਗਾਂ ਨੂੰ ਮਾਣਨ `ਤੇ ਮਾਣ, ਪਰ ਕਦੇ ਇਹ ਦੋਸਤ ਹੀ ਬੰਦੇ ਨੂੰ ਪੜੁੱਲ ਬਣਾ ਕੇ ਉਚੇਰੀ ਛਲਾਂਗ ਲਾਉਂਦੇ। ਕਦੇ ਸਾਕ-ਸਬੰਧੀ ਤੇ ਭੈਣ-ਭਰਾ ਸਾਹਾਂ ਵਰਗੇ ਅਤੇ ਫਿਰ ਸਮਾਂ ਪੈਣ `ਤੇ ਉਹ ਹੀ ਸਾਹਾਂ ਲਈ ਸੂਲੀ ਬਣਦੇ। ਕਈ ਵਾਰ ਬੋਝੇ ਵਿਚ ਪਏ ਸਿਆਣਪੀ ਹੱਥ, ਗਿਆਨ-ਜੋਤ ਨੂੰ ਜਗਦਾ ਰੱਖਣ ਲਈ ਹਵਾ ਤੋਂ ਬਚਾਉਂਦੇ, ਪਰ ਕਈ ਵਾਰ ਉਹੀ ਹੱਥ ਹੀ ਜੋਤ ਨੂੰ ਬੁਝਾਉਣ ਲਈ ਅਹੁਲਦੇ। ਬਹੁਤ ਕੁਝ ਬਦਲਦਾ ਹੈ, ਬੋਝੇ ਵਿਚ ਪਏ ਕਿਰਦਾਰਾਂ ਦਾ।
ਜਿ਼ੰਦਗੀ ਦੇ ਬੋਝੇ ਵਿਚ ਸਭ ਕੁਝ ਹੀ ਅਸਥਿਰ। ਅੰਦਰ ਖੋਰੂ ਪਾ ਰਿਹਾ ਅਤੇ ਅੰਦਰਲਾ ਖੌਰੂਪੁਣਾ ਹੀ ਜਿ਼ੰਦਗੀ ਨੂੰ ਘੁਮਾ ਰਿਹਾ। ਅਸੀਂ ਕਿੰਜ ਘੁੰਮਣਾ ਅਤੇ ਕਿਹੜੀਆਂ ਤਰਜ਼ੀਹਾਂ ਤੇ ਤਦਬੀਰਾਂ ਨੇ ਮਨੁੱਖੀ ਤਵਾਰੀਖ ਨੂੰ ਸਿਰਜਣਾ, ਇਹ ਜਿ਼ੰਦਗੀ ਦੇ ਬੋਝੇ ਵਿਚ ਪਈ ਹੋਈ ਅਮਾਨਤ ਦਾ ਪ੍ਰਤੱਖ ਪ੍ਰਗਟਾਅ।
ਜਿ਼ੰਦਗੀ ਦੇ ਬੋਝੇ ਵਿਚ ਮਨੁੱਖ ਕੀ ਚੁੱਕੀ ਫਿਰਦਾ, ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ। ਸਮਾਜ ਵਿਚ ਤੁਹਾਡੇ ਬਿੰਬ ਨੇ ਹੀ ਸਭ ਕੁਝ ਬਿਆਨ ਕਰ ਦੇਣਾ। ਅੰਦਰ ਜੋ ਘੁੰਮ ਰਿਹਾ ਤੇ ਘੁੰਮਾ ਰਿਹਾ ਏ।
ਬੋਝੇ ਵਿਚ ਪਿਆ ਸਮਾਨ ਹੀ ਦੌੜਾਅ ਰਿਹਾ, ਹਸਾ ਰਿਹਾ, ਰੁਆ ਰਿਹਾ, ਚੁੱਪ ਕਰਾ ਰਿਹਾ, ਜਖਮ ਦੇ ਰਿਹਾ, ਟਕੋਰ ਕਰ ਰਿਹਾ, ਮਰਹਮ ਲਾ ਰਿਹਾ ਜਾਂ ਗੱਲੀਂ ਲਾ ਰਿਹਾ। ਸੁਚੇਤ ਕਰ ਰਿਹਾ ਜਾਂ ਖੁਦ ਨੂੰ ਭੁਲਾ ਰਿਹਾ। ਅਚੇਤ ਵਿਚ ਕੀ ਚੱਲ ਰਿਹਾ? ਅੰਦਰਲੇ ਅਤੇ ਬਾਹਰਲੇ ਸੰਸਾਰ ਵਿਚ ਕਿੰਨੀ ਕੁ ਇਕਸੁੱਰਤਾ ਅਤੇ ਸਾਵਾਂਪਣ ਹੈ, ਇਹ ਵੀ ਬੋਝੇ ਵਿਚ ਪਈਆਂ ਕੀਮਤੀ ਜਾਂ ਬੋਲੋੜੀਆਂ ਚੀਜਾਂ ਨੇ ਹੀ ਨਿਸ਼ਚਿੱਤ ਕਰਨਾ।
ਜਿ਼ੰਦਗੀ ਦੇ ਬੋਝੇ ਵਿਚ ਸੁੱਚਮ, ਉਚਮ ਅਤੇ ਕਰਮ-ਧਰਮ ਦੀਆਂ ਦੀਖਿਆ ਲੋਚੋ। ਇਸ ਦੀ ਅਰਾਧਨਾ ਵਿਚੋਂ ਸੁਪਨਿਆਂ ਦੀ ਵਿਉਂਤਬੰਦੀ ਕਰ, ਜਿ਼ੰਦਗੀ ਨੂੰ ਸੱਚੇ-ਸੁੱਚੇ ਅਰਥਾਂ ਦੀ ਟਕਸਾਲ ਬਣਾਵੋਗੇ ਤਾਂ ਬੋਝੇ ਦੀਆਂ ਦੁਆਵਾਂ ਤੁਹਾਡੇ ਨਾਲ ਸਦਾ ਰਹਿਣਗੀਆਂ। ਇਨ੍ਹਾਂ ਵਿਚੋਂ ਹੀ ਜੀਵਨ ਦੇ ਸੋਨ-ਸਫਿਆਂ ਨੂੰ ਆਪਣੀ ਇਬਾਰਤ `ਤੇ ਮਾਣ ਹੋਵੇਗਾ, ਜੋ ਅਕੀਦਤਯੋਗ ਹੋਵੇਗੀ।