ਸਬਦ ਸੁਰਤਿ ਲਿਵ ਸਾਧਸੰਗਿ ਪੰਚ ਸਬਦ ਇਕ ਸਬਦ ਮਿਲਾਏ

ਡਾ. ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਵਿਚ ਭਾਈ ਗੁਰਦਾਸ ਦੀ ਛੇਵੀਂ ਵਾਰ ਦੀ ਨੌਵੀਂ ਪਉੜੀ ਤੱਕ ਸੰਖੇਪ ਚਰਚਾ ਕੀਤੀ ਸੀ। ਦਸਵੀਂ ਪਉੜੀ ਵਿਚ ਭਾਈ ਗੁਰਦਾਸ ਸਿੱਖ ਧਰਮ ਵਿਚ ਆਏ ਗੁਰਮੁਖਿ ਦੇ ਸੰਕਲਪ ‘ਤੇ ਚਰਚਾ ਕਰਦੇ ਹਨ। ਗੁਰਮਤਿ ਚਿੰਤਨ ਵਿਚ ਮਨੁੱਖ ਦੀ ਜਨਮ ਜਾਤਿ, ਜਮਾਤ ਜਾਂ ਲਿੰਗ ਆਧਾਰਤ ਕਿਸੇ ਕਿਸਮ ਦੀ ਵੰਡ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਮਨੁੱਖ ਦੀਆਂ ਦੋ ਹੀ ਕੋਟੀਆਂ ਪ੍ਰਵਾਨ ਕੀਤੀਆਂ ਹਨ: ਗੁਰਮੁਖਿ, ਜੋ ਗੁਰੂ ਦੀ ਸਿੱਖਿਆ ਅਨੁਸਾਰ ਚੱਲਦਾ ਹੈ ਅਤੇ ਮਨਮੁਖਿ, ਜੋ ਆਪਣੇ ਮਨ ਦੀ ਮਤਿ ਅਨੁਸਾਰ ਚੱਲਦਾ ਹੈ। ਗੁਰਮੁਖਿ ਗੁਰੂ ਦੀ ਸਿੱਖਿਆ ‘ਤੇ ਚੱਲਦਿਆਂ ਆਪਣੀ ਸੁਰਤਿ ਗੁਰੂ ਦੇ ਸ਼ਬਦ ਵਿਚ ਟਿਕਾ ਕੇ ਰੱਖਦਾ ਹੈ ਅਤੇ ਵੱਖ ਵੱਖ ਸਾਜ਼ਾਂ ਰਾਹੀਂ ਪੈਦਾ ਕੀਤੀਆਂ ਧੁਨਾਂ ਅਤੇ ਆਵਾਜ਼ਾਂ ਵਿਚ ਵੀ ਉਸ ਦਾ ਧਿਆਨ ਗੁਰੂ ਦੇ ਸ਼ਬਦ ਵਿਚ ਹੀ ਹੁੰਦਾ ਹੈ।

ਗੁਰਮੁਖਿ ਲਈ ਰਾਗ ਤੇ ਨਾਦ ਸਿਰਫ ਮਾਧਿਅਮ ਹਨ ਅਤੇ ਗੁਰਮੁਖਿ ਗੁਰੂ ਦੇ ਸ਼ਬਦ ‘ਤੇ ਹੀ ਪ੍ਰੇਮ ਨਾਲ ਚਰਚਾ ਕਰਦਾ ਹੈ ਤੇ ਸ਼ਬਦ ਦਾ ਹੀ ਉਚਾਰਨ ਜਾਂ ਗਾਇਨ ਕਰਦਾ ਹੈ। ਗੁਰਮੁਖਿ ਪਰਮਸਤਿ ਜਾਂ ਬ੍ਰਹਮ ਦੇ ਗਿਆਨ ਨੂੰ ਸਮਝਦਾ ਹੈ, ਜਿਸ ਤਰ੍ਹਾਂ ਵਾਜਾ ਵਜਾਉਣ ਵਾਲਾ ਆਪਣੇ ਵਾਜੇ ਦੀ ਧੁਨੀ ਨੂੰ ਸਮਝਦਾ ਹੈ। ਉਸ ਪਰਮਸਤਿ ‘ਤੇ, ਜਿਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ, ਗੁਰਮੁਖਿ ਵਿਚਾਰ ਕਰਦਾ ਹੈ ਅਤੇ ਉਸਤਤਿ ਤੇ ਨਿੰਦਿਆ ਵਰਗੀਆਂ ਰੁਚੀਆਂ ਤੋਂ ਦੂਰ ਰਹਿੰਦਾ ਹੈ ਅਰਥਾਤ ਉਸਤਤਿ ਅਤੇ ਨਿੰਦਿਆ ਆਦਿ ਦੋਵੇਂ ਉਸ ਲਈ ਕੋਈ ਅਰਥ ਨਹੀਂ ਰੱਖਦੀਆਂ। ਗੁਰੂ ਦੀ ਸਿੱਖਿਆ ‘ਤੇ ਚੱਲਦਿਆਂ ਗੁਰਮੁਖਿ ਹਲੀਮੀ ਦੇ ਗੁਣ ਅਪਨਾਉਂਦਾ ਹੈ ਅਤੇ ਹਰ ਇੱਕ ਨਾਲ ਮਿੱਠਾ ਬੋਲਦਾ ਹੈ। ਜਿਸ ਤਰ੍ਹਾਂ ਕੋਈ ਗੁੜ ਨੂੰ ਜਿੰਨਾ ਮਰਜ਼ੀ ਲੁਕਾ ਕੇ ਰੱਖ ਲਵੇ ਕੀੜੇ-ਕੀੜੀਆਂ ਉਸ ਨੂੰ ਲੱਭ ਲੈਂਦੇ ਹਨ; ਇਸੇ ਤਰ੍ਹਾਂ ਗੁਰਮੁਖਿ ਦੇ ਗੁਣ ਵੀ ਛੁਪਾਏ ਹੋਏ ਛੁਪਦੇ ਨਹੀਂ, ਉਸ ਦੇ ਵਿਅਕਤੀਤਵ ਵਿਚੋਂ ਪਰਗਟ ਹੋ ਜਾਂਦੇ ਹਨ। ਜਿਸ ਤਰ੍ਹਾਂ ਰਸ ਦੇਣ ਲਈ ਗੰਨੇ ਨੂੰ ਵੇਲਣੇ ਜਾਂ ਕੋਹਲੂ ਵਿਚ ਪੀੜਨਾ ਪੈਂਦਾ ਹੈ, ਇਸੇ ਤਰ੍ਹਾਂ ਦੂਸਰਿਆਂ ਨੂੰ ਸੁੱਖ ਦੇਣ ਲਈ ਗੁਰਮੁਖਿ ਨੂੰ ਆਪ ਕਸ਼ਟ ਸਹਿਣੇ ਪੈਂਦੇ ਹਨ:
ਸਬਦ ਸੁਰਤਿ ਲਿਵ ਸਾਧਸੰਗਿ
ਪੰਚ ਸਬਦ ਇਕ ਸਬਦ ਮਿਲਾਏ।
ਰਾਗ ਨਾਦ ਲਖ ਸਬਦ ਲਖਿ
ਭਾਖਿਆ ਭਾਉ ਸੁਭਾਉ ਅਲਾਏ।
ਗੁਰਮੁਖਿ ਬ੍ਰਹਮ ਧਿਆਨੁ ਧੁਨਿ
ਜਾਣੈ ਜੰਤ੍ਰੀ ਜੰਤ੍ਰ ਵਜਾਏ।
ਅਕਥ ਕਥਾ ਵੀਚਾਰਿ ਕੈ
ਉਸਤਤਿ ਨਿੰਦਾ ਵਰਜਿ ਰਹਾਏ।
ਗੁਰ ਉਪਦੇਸੁ ਅਵੇਸੁ ਕਰਿ
ਮਿਠਾ ਬੋਲਣੁ ਮਨ ਪਰਚਾਏ।
ਜਾਇ ਮਿਲਨਿ ਗੁੜ ਕੀੜਿਆਂ
ਰਖੈ ਰਖਣਹਾਰੁ ਲੁਕਾਏ।
ਗੰਨਾ ਹੋਇ ਕੋਲੂ ਪੀੜਾਏ॥10॥
ਅਗਲੀ ਪਉੜੀ ਵਿਚ ਦੱਸਿਆ ਹੈ ਕਿ ਜਿਸ ਤਰ੍ਹਾਂ ਭਉਰਾ ਫੁੱਲਾਂ ਦਾ ਰਸ ਮਾਣਦਾ ਹੈ, ਇਸੇ ਤਰ੍ਹਾਂ ਗੁਰੂ ਦੇ ਚਰਨ-ਕਮਲਾਂ ਨਾਲ ਲੱਗ ਕੇ ਗੁਰਮੁਖਿ ਰਸ ਅਤੇ ਅਨੰਦ ਮਾਣਦਾ ਹੈ। ਇੜਾ, ਪਿੰਗਲਾ ਅਤੇ ਸੁਸ਼ਮਨਾ ਤੋਂ ਵੀ ਪਾਰ ਜਾਂਦਿਆਂ ਉਹ ਆਪਣੇ ਆਪ ਨੂੰ ਆਪਣੇ ਆਤਮ ਵਿਚ, ਆਪਣੇ ਸਵੈ ਵਿਚ ਟਿਕਾ ਲੈਂਦਾ ਹੈ। ਉਹ ਆਪਣੇ ਸਵਾਸਾਂ, ਮਨ ਅਤੇ ਪ੍ਰਾਣ ਰਾਹੀਂ ਪਰਮਾਤਮਾ ਦਾ ਜਾਪ ਕਰਦਾ ਹੈ ਅਤੇ ਦੂਸਰਿਆਂ ਨੂੰ ਵੀ ਜਾਪ ਕਰਾਉਂਦਾ ਹੈ। ਗੁਰਮੁਖਿ ਦੀ ਪਰਮਾਤਮਾ ਵਿਚ ਲਿਵ ਲੱਗਣ ਦਾ ਅਨੂਪਮ ਸਰੂਪ ਬਹੁਤ ਅਸਚਰਜ ਕਰਨ ਵਾਲਾ ਹੈ, ਜਿਵੇਂ ਖੁਸ਼ਬੋ ਦਾ ਸਮਾਉਣਾ ਸੁਗੰਧ ਮਚਾ ਦਿੰਦਾ ਹੈ, ਇਵੇਂ ਹੀ ਇਹ ਲਿਵ ਵਿਅਕਤੀਤਵ ਨੂੰ ਸੁਗੰਧਤ ਕਰ ਦਿੰਦੀ ਹੈ। ਗੁਰਮੁਖਿ ਗੁਰੂ ਚਰਨਾਂ ਰੂਪੀ ਅਨੰਦਮਈ ਸਮੁੰਦਰ ਵਿਚ ਸ਼ਾਂਤ-ਚਿੱਤ ਹੋ ਕੇ ਸਮਾ ਜਾਂਦੇ ਹਨ। ਜਦੋਂ ਗੁਰਮੁਖਿ ਰੱਬੀ ਪ੍ਰੇਮ-ਰਸ ਰੂਪੀ ਸੁੱਖ-ਫਲ ਦੀ ਪ੍ਰਾਪਤੀ ਕਰ ਲੈਂਦੇ ਹਨ ਤਾਂ ਉਹ ਸਰੀਰਕ-ਬੰਧਨਾਂ ਤੋਂ ਪਾਰ ਜਾ ਕੇ ਪਰਮ-ਪਦ ਅਰਥਾਤ ਮੁਕਤ ਪਦਾਰਥ ਪ੍ਰਾਪਤ ਕਰ ਲੈਂਦੇ ਹਨ। ਭਾਵ ਉਹ ਇਸ ਸੰਸਾਰ ਵਿਚ ਰਹਿੰਦਿਆਂ ਹੀ ਪਰਮ-ਪਦ, ਜਿਸ ਨੂੰ ਜੀਵਨ-ਮੁਕਤ ਵੀ ਕਿਹਾ ਜਾਂਦਾ ਹੈ, ਪਾ ਲੈਂਦੇ ਹਨ ਅਤੇ ਇਸ ਸੰਸਾਰ ਤੋਂ ਵਿਦਾ ਹੋ ਕੇ ਵਿਦੇਹ-ਮੁਕਤੀ (ਮੌਤ ਉਪਰੰਤ ਮੁਕਤੀ) ਪ੍ਰਾਪਤ ਕਰ ਲੈਂਦੇ ਹਨ। (ਸਿੱਖ ਧਰਮ-ਚਿੰਤਨ ਵਿਚ ਜੀਵਨ-ਮੁਕਤ ਦਾ ਸੰਕਲਪ ਦਿੱਤਾ ਗਿਆ ਹੈ, ਜਿਸ ਦਾ ਅਰਥ ਹੈ-ਇਸ ਸੰਸਾਰ ਵਿਚ ਰਹਿੰਦਿਆਂ ਵੀ ਸੰਸਾਰਕ ਬੰਧਨਾਂ ਜਿਵੇਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆਦਿ ਵਿਕਾਰਾਂ ਅਤੇ ਖੁਸ਼ੀ-ਗਮੀ, ਭੈਅ ਆਦਿ ਭਾਵਨਾਵਾਂ ਤੋਂ ਉੱਤੇ ਉਠ ਜਾਣਾ)। ਗੁਰੂ ਤੇਗ ਬਹਾਦਰ ਇਸੇ ਪਰਮ-ਪਦ ਜਾਂ ਮੁਕਤਿ-ਪਦਾਰਥ ਦਾ ਵਰਨਣ ਆਪਣੀ ਬਾਣੀ ਵਿਚ ਕਰਦੇ ਹਨ ਕਿ ਜਿਸ ਮਨੁੱਖ ਲਈ ਉਸਤਤਿ ਅਤੇ ਨਿੰਦਿਆ, ਸੋਨਾ ਅਤੇ ਲੋਹਾ ਇੱਕ ਬਰਾਬਰ ਹਨ, ਉਸ ਮਨੁੱਖ ਨੂੰ ਹੀ ਮੁਕਤ ਹੋਇਆ ਮੰਨਣਾ ਚਾਹੀਦਾ ਹੈ। ਜਿਸ ਮਨੁੱਖ ਲਈ ਖੁਸ਼ੀ ਅਤੇ ਗਮੀ, ਵੈਰੀ ਅਤੇ ਮਿੱਤਰ ਇਕ ਸਮਾਨ ਹਨ, ਉਹ ਮਨੁੱਖ ਹੀ ਅਸਲ ਵਿਚ ਮੁਕਤ ਹੈ:
ਉਸਤਤਿ ਨਿੰਦਿਆ ਨਾਹਿ
ਜਿਹਿ ਕੰਚਨ ਲੋਹ ਸਮਾਨ॥
ਕਹੁ ਨਾਨਕ ਸੁਨਿ ਰੇ ਮਨਾ
ਮੁਕਤਿ ਤਾਹਿ ਤੈ ਜਾਨਿ॥14॥
ਹਰਖੁ ਸੋਗੁ ਜਾ ਕੈ ਨਹੀ
ਬੈਰੀ ਮੀਤ ਸਮਾਨਿ॥
ਕਹੁ ਨਾਨਕ ਸੁਨਿ ਰੇ ਮਨਾ
ਮੁਕਤਿ ਤਾਹਿ ਤੈ ਜਾਨਿ॥15॥
ਭਾਈ ਗੁਰਦਾਸ ਸਮਝਾਉਂਦੇ ਹੋਏ ਨਤੀਜਾ ਇਹ ਕੱਢਦੇ ਹਨ ਕਿ ਉਸ ਨਾ ਜਾਣੇ ਜਾਣ ਵਾਲੇ ਪਰਮਾਤਮਾ ਦੀ ਸਮਝ ਮਨੁੱਖ ਨੂੰ ਸਾਧ ਸੰਗਤਿ ਵਿਚ ਜਾਇਆਂ ਆਉਂਦੀ ਹੈ। ਇਸ ਪ੍ਰਾਪਤੀ ਦੇ ਰਸਤੇ ਦੀ ਸੋਝੀ ਮਨੁੱਖ ਨੂੰ ਸਤਿਸੰਗਤਿ ਵਿਚ ਪ੍ਰਾਪਤ ਹੁੰਦੀ ਹੈ:
ਚਰਣ ਕਮਲ ਮਕਰੰਦੁ ਰਸਿ
ਹੋਇ ਭਵਰੁ ਲੈ ਵਾਸੁ ਲੁਭਾਵੈ।
ਇੜਾ ਪਿੰਗੁਲਾ ਸੁਖਮਨਾ ਲੰਘਿ
ਤ੍ਰਿਬੇਣੀ ਨਿਜ ਘਰਿ ਆਵੈ।
ਸਾਹਿ ਸਾਹਿ ਮਨੁ ਪਵਣ ਲਿਵ
ਸੋਹੰ ਹੰਸਾ ਜਪੈ ਜਪਾਵੈ।
ਅਚਰਜ ਰੂਪ ਅਨੂਪ ਲਿਵ
ਗੰਧ ਸੁਗੰਧਿ ਅਵੇਸੁ ਮਚਾਵੈ।
ਸੁਖਸਾਗਰ ਚਰਣਾਰਬਿੰਦ
ਸੁਖ ਸੰਪਟ ਵਿਚਿ ਸਹਜਿ ਸਮਾਵੈ।
ਗੁਰਮੁਖਿ ਸੁਖਫਲ ਪਿਰਮ ਰਸੁ
ਦੇਹ ਬਿਦੇਹ ਪਰਮ ਪਦੁ ਪਾਵੈ।
ਸਾਧ ਸੰਗਤਿ ਮਿਲਿ ਅਲਖੁ ਲਖਾਵੈ॥11॥
ਅਗਲੀ ਪਉੜੀ ਵਿਚ ਦੱਸਦੇ ਹਨ ਕਿ ਗੁਰਮੁਖਿ ਦੇ ਹੱਥ ਸਕਾਰਥੇ ਕਿਉਂ ਅਤੇ ਕਿਵੇਂ ਹੁੰਦੇ ਹਨ? ਮਨੁੱਖ ਦੇ ਹੱਥ ਚੰਗੇ ਕੰਮ ਕਰਨ ਕਰਕੇ ਸਕਾਰਥੇ ਮੰਨੇ ਜਾਂਦੇ ਹਨ ਅਤੇ ਹੱਥਾਂ ਦੀ ਮਿਸਾਲ ਰਾਹੀਂ ਦੱਸਿਆ ਹੈ ਕਿ ਗੁਰਮੁਖਿ ਦੇ ਹੱਥ ਕਿਸ ਕਿਸਮ ਦੇ ਕਾਰਜ ਕਰਦੇ ਹਨ ਅਰਥਾਤ ਗੁਰਮਖਿ ਸਿਰਫ ਮਨ ਕਰਕੇ ਹੀ ਗੁਰਮੁਖਿ ਨਹੀਂ ਹੁੰਦਾ, ਉਹ ਆਪਣੇ ਹੱਥਾਂ ਨਾਲ ਕਾਰਜ ਵੀ ਗੁਰਮੁਖਾਂ ਵਾਲੇ ਕਰਦਾ ਹੈ। ਗੁਰਮੁਖਿ ਦੇ ਕਾਰਜ ਕੀ ਹਨ? ਸੇਵਾ ਕਰਨਾ। ਭਾਈ ਗੁਰਦਾਸ ਵਰਨਣ ਕਰਦੇ ਹਨ ਕਿ ਗੁਰਮੁਖਿ ਦੇ ਹੱਥ ਸਕਾਰਥੇ ਹਨ, ਕਿਉਂਕਿ ਉਹ ਸਾਧਸੰਗਤਿ ਵਿਚ ਜਾ ਕੇ ਗੁਰੂ ਦੇ ਦੱਸੇ ਹੋਏ ਸੇਵਾ ਦੇ ਕਾਰਜ ਕਰਦੇ ਹਨ। ਇਹ ਸੇਵਾ ਆਪਣੇ ਹੱਥਾਂ ਨਾਲ ਲੰਗਰ ਲਈ ਪਾਣੀ ਢੋਣਾ, ਗਰਮੀ ਵਿਚ ਪੱਖਾ ਫੇਰਨਾ, ਲੰਗਰ ਵਾਸਤੇ ਅਨਾਜ ਪੀਹਣਾ, ਸੰਗਤਿ ਜਾਂ ਗੁਰੂ ਦੇ ਪੈਰ ਧੋਣਾ ਅਤੇ ਗੁਰੂ ਦੇ ਚਰਨਾਂ ਦਾ ਅੰਮ੍ਰਿਤ ਲੈਣਾ। ਹੱਥਾਂ ਨਾਲ ਗੁਰਬਾਣੀ ਦਾ ਉਤਾਰਾ ਕਰਕੇ ਪੋਥੀਆਂ ਲਿਖਣਾ; ਤਾਲ, ਮ੍ਰਿਦੰਗ ਅਤੇ ਰਬਾਬ ਵਜਾ ਕੇ ਉਨ੍ਹਾਂ ‘ਤੇ ਬਾਣੀ ਦਾ ਕੀਰਤਨ ਕਰਨਾ। ਫਿਰ ਸੰਗਤਿ ਵਿਚ ਆਏ ਆਪਣੇ ਗੁਰਭਾਈਆਂ ਨੂੰ ਨਮਸਕਾਰ ਕਰਨੀ, ਡੰਡਾਉਤ ਕਰਨੀ, ਇੱਕ ਦੂਸਰੇ ਨੂੰ ਗਲੇ ਮਿਲਣਾ, ਗਲੇ ਲਾਉਣਾ। ਹੱਕ-ਸੱਚ ਦੀ ਉਪਜੀਵਕਾ ਪੈਦਾ ਕਰਨੀ ਅਤੇ ਦੂਸਰਿਆਂ ਨਾਲ ਵੰਡ ਕੇ ਸ਼ੁਕਰ ਮਨਾਉਣਾ। ਉਸ ਸਿੱਖ ਦੇ ਹੱਥ ਸਕਾਰਥੇ ਹਨ, ਜਿਹੜਾ ਗੁਰੂ ਦੀ ਸੰਗਤਿ ਵਿਚ ਆਉਂਦਾ ਹੈ ਅਤੇ ਦੁਨਿਆਵੀ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ; ਦੂਸਰਿਆਂ ਦੀ ਦੌਲਤ ਅਤੇ ਪਰਾਈ ਇਸਤਰੀ ‘ਤੇ ਬੁਰੀ ਨਜ਼ਰ ਨਹੀਂ ਰੱਖਦਾ। ਗੁਰਸਿੱਖ ਦੂਸਰੇ ਗੁਰਸਿੱਖਾਂ ਨੂੰ ਪ੍ਰੇਮ ਕਰਦਾ ਹੈ, ਉਨ੍ਹਾਂ ਦਾ ਸਤਿਕਾਰ ਕਰਦਾ ਹੈ, ਪਰਮਾਤਮਾ ਨੂੰ ਪ੍ਰੇਮ ਕਰਦਾ, ਭਗਤੀ ਕਰਦਾ ਅਤੇ ਉਸ ਦੇ ਭੈਅ ਵਿਚ ਤੇ ਭਾਣੇ ਵਿਚ ਜਿਉਂਦਾ ਹੈ (ਗੁਰਬਾਣੀ ਅਨੁਸਾਰ ਜਿਹੜਾ ਮਨੁੱਖ ਪਰਮਾਤਮਾ ਦੇ ਭੈਅ ਵਿਚ ਜਿਉਂਦਾ ਹੈ, ਉਹ ਨਿਰਭੈਅ ਹੋ ਜਾਂਦਾ ਹੈ ਅਰਥਾਤ ਉਸ ਨੂੰ ਕਿਸੇ ਹੋਰ ਦਾ ਜਾਂ ਮੌਤ ਦਾ ਭੈ ਨਹੀਂ ਰਹਿੰਦਾ)। ਗੁਰਮੁਖਿ ਜਾਂ ਗੁਰਸਿਖ ਆਪਣੀ ਹਉਮੈ ਨੂੰ ਤਿਆਗ ਦਿੰਦਾ ਹੈ ਅਤੇ ਆਪਣੀ ਅਹਿਮੀਅਤ, ਆਪਣੀ ‘ਮੈਂ’ ਨਹੀਂ ਗਿਣਾਉਂਦਾ, ਹਉਮੈਂ ਤੋਂ ਦੂਰ ਰਹਿੰਦਾ ਹੈ:
ਗੁਰਮੁਖਿ ਹਥਿ ਸਕਥ ਹਨਿ
ਸਾਧਸੰਗਤਿ ਗੁਰ ਕਾਰ ਕਮਾਵੈ।
ਪਾਣੀ ਪਖਾ ਪੀਹਣਾ
ਪੈਰ ਧੋਇ ਚਰਣਾਮਤੁ ਪਾਵੈ।
ਗੁਰਬਾਣੀ ਲਿਖਿ ਪੋਥੀਆ
ਤਾਲ ਮ੍ਰਿਦੰਗ ਰਬਾਬ ਵਜਾਵੈ।
ਨਮਸਕਾਰ ਡੰਡਉਤ ਕਰਿ
ਗੁਰਭਾਈ ਗਲਿ ਮਿਲਿ ਗਲਿ ਲਾਵੈ।
ਕਿਰਤਿ ਵਿਰਤਿ ਕਰਿ ਧਰਮ ਦੀ
ਹਥਹੁ ਦੇ ਕੈ ਭਲਾ ਮਨਾਵੈ।
ਪਾਰਸੁ ਪਰਸਿ ਅਪਰਸਿ ਹੋਇ
ਪਰ ਤਨ ਪਰ ਧਨ ਹਥੁ ਨ ਲਾਵੈ।
ਗੁਰ ਸਿਖ ਗੁਰ ਸਿਖ ਪੂਜ ਕੈ
ਭਾਇ ਭਗਤਿ ਭੈ ਭਾਣਾ ਭਾਵੈ।
ਆਪੁ ਗਵਾਇ ਨ ਆਪੁ ਜਣਾਵੈ॥12॥
ਇਸ ਤੋਂ ਅਗਲੀ ਪਉੜੀ ਵਿਚ ਭਾਈ ਗੁਰਦਾਸ ਦੱਸਦੇ ਹਨ ਕਿ ਹੱਥਾਂ ਦੀ ਤਰ੍ਹਾਂ ਹੀ ਗੁਰਮੁਖਾਂ ਦੇ ਚਰਨ ਜਾਂ ਪੈਰ ਕਿਉਂ ਸਕਾਰਥ ਮੰਨੇ ਜਾਂਦੇ ਹਨ? ਚਰਨ ਜਾਂ ਪੈਰ ਇਸ ਲਈ ਸ਼ੁਭ ਹਨ, ਕਿਉਂਕਿ ਗੁਰਮੁਖਾਂ ਦੇ ਪੈਰ ਸਦੀਵੀ ਚੰਗੀਆਂ ਥਾਂਵਾਂ ਵੱਲ ਜਾਣਾ ਲੋਚਦੇ ਹਨ ਅਤੇ ਜਾਂਦੇ ਹਨ। ਗੁਰਮੁਖਾਂ ਦੇ ਪੈਰ ਇਸ ਲਈ ਸਕਾਰਥੇ ਹਨ, ਕਿਉਂਕਿ ਉਹ ਸਦੀਵੀ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦੇ ਹਨ, ਮਨ ਦੇ ਪਿੱਛੇ ਲੱਗ ਕੇ ਨਹੀਂ ਚੱਲਦੇ। ਉਹ ਚੱਲ ਕੇ ਗੁਰੂ ਦੇ ਦੁਆਰੇ ‘ਤੇ ਜਾਂਦੇ ਹਨ ਅਤੇ ਜਾ ਕੇ ਸਤਿਸੰਗਤ ਵਿਚ ਬੈਠਦੇ ਹਨ। ਅਗਲੀ ਚੰਗਿਆਈ ਇਹ ਹੈ ਕਿ ਦੂਸਰਿਆਂ ਦਾ ਭਲਾ ਕਰਨ ਵਾਸਤੇ ਉਹ ਦੌੜ ਕੇ ਜਾਂਦੇ ਹਨ ਅਤੇ ਭਲੇ ਕਾਰਜਾਂ ਵਿਚ ਨਾਲ ਮਿਲਾਉਣ ਲਈ ਹੋਰ ਗੁਰਸਿੱਖਾਂ ਨੂੰ ਲੱਭ ਲੈਂਦੇ ਹਨ। ਉਹ ਦੁਬਿਧਾ ਦੇ ਮਾਰਗ ‘ਤੇ ਨਹੀਂ ਚੱਲਦੇ ਭਾਵ ਦੋਚਿੱਤੀ ਵਿਚ ਨਹੀਂ ਜਿਉਂਦੇ ਅਤੇ ਸੰਸਾਰਕ ਮਾਇਆ ਵਿਚ ਵੀ ਨਿਰਲੇਪ ਹੋ ਕੇ ਜਿਉਂਦੇ ਹਨ। ਬੰਦਗੀ ਵਿਚ ਹੀ ਬੰਧਨਾਂ ਤੋਂ ਆਜ਼ਾਦ ਹੋਈਦਾ ਹੈ, ਮੁਕਤੀ ਮਿਲਦੀ ਹੈ ਅਤੇ ਕੋਈ ਵਿਰਲੇ ਮਨੁੱਖ ਹੁੰਦੇ ਹਨ, ਜੋ ਵਾਹਿਗੁਰੂ ਦੇ ਹੁਕਮ ਵਿਚ ਜਿਉਂਦੇ ਹਨ ਅਤੇ ਉਸ ਦੀ ਬੰਦਗੀ ਕਰਦੇ ਹਨ। ਉਹ ਗੁਰਸਿੱਖਾਂ ਦੀ ਪਰਿਕਰਮਾ ਕਰਕੇ, ਪੈਰੀਂ ਪੈ ਕੇ ਨਿਮਰਤਾ, ਹਲੀਮੀ ਦੀ ਰੀਤ ਨਿਭਾਉਂਦੇ ਹਨ। ਉਹ ਗੁਰੂ ਅਤੇ ਚੇਲੇ ਦੇ ਪ੍ਰੇਮ ਵਿਚ ਪਰਚੇ ਹੋਏ ਖੁਸ਼ੀ ਮਹਿਸੂਸ ਕਰਦੇ ਹਨ:
ਗੁਰਮੁਖਿ ਪੈਰ ਸਕਾਰਥੇ
ਗੁਰਮੁਖਿ ਮਾਰਗਿ ਚਾਲ ਚਲੰਦੇ।
ਗੁਰੂ ਦੁਆਰੈ ਜਾਨਿ ਚਲਿ
ਸਾਧਸੰਗਤਿ ਚਲਿ ਜਾਇ ਬਹੰਦੇ।
ਧਾਵਨ ਪਰਉਪਕਾਰ ਨੋ
ਗੁਰ ਸਿਖਾ ਨੋ ਖੋਜਿ ਲਹੰਦੇ।
ਦੁਬਿਧਾ ਪੰਥਿ ਨ ਧਾਵਨੀ
ਮਾਇਆ ਵਿਚਿ ਉਦਾਸੁ ਰਹੰਦੇ।
ਬੰਦਿ ਖਲਾਸੀ ਬੰਦਗੀ
ਵਿਰਲੇ ਕੋਈ ਹੁਕਮੀ ਬੰਦੇ।
ਗੁਰ ਸਿਖਾ ਪਰਦਖਣਾਂ
ਪੈਰੀ ਪੈ ਰਹਰਾਸਿ ਕਰੰਦੇ।
ਗੁਰ ਚੇਲੇ ਪਰਚੇ ਪਰਚੰਦੇ॥13॥
ਚੌਧਵੀਂ ਪਉੜੀ ਵਿਚ ਭਾਈ ਗੁਰਦਾਸ ਗੁਰਮੁਖਿ ਦੇ ਪਰਉਪਕਾਰੀ ਹੋਣ ਦੇ ਗੁਣ ਦੀ ਗੱਲ ਕਰਦੇ ਹਨ ਕਿ ਗੁਰਮੁਖਾਂ ਦੇ ਮਨ ਵਿਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਅਤੇ ਇਸ ਗਿਆਨ ਰਾਹੀਂ ਉਹ ਅਕਾਲ ਪੁਰਖ ਦੇ ਪ੍ਰੇਮ ਦਾ ਪਿਆਲਾ, ਜਿਸ ਨੂੰ ਜਰ ਸਕਣਾ ਔਖਾ ਮੰਨਿਆ ਜਾਂਦਾ ਹੈ, ਉਸ ਨੂੰ ਵੀ ਜਰ ਜਾਂਦੇ ਹਨ। ਉਨ੍ਹਾਂ ਨੂੰ ਪੂਰਨਬ੍ਰਹਮ ਦਾ ਗਿਆਨ ਹੋਣ ਕਰਕੇ ਉਹ ਪਾਰਬ੍ਰਹਮ ‘ਤੇ ਆਪਣਾ ਧਿਆਨ ਧਰਦੇ ਹਨ। ਉਹ ਸ਼ਬਦ ਵਿਚ ਆਪਣੀ ਸੁਰਤਿ ਨੂੰ ਟਿਕਾ ਕੇ ਰਖਦੇ ਹਨ, ਕੰਨਾਂ ਨਾਲ ਗੁਰੂ ਦੀ ਬਾਣੀ ਦੀ ਨਾ ਕਥੀ ਜਾ ਸਕਣ ਵਾਲੀ ਕਥਾ ਨੂੰ ਸਰਵਣ ਕਰਦੇ ਹਨ। ਇਸ ਗਿਆਨ ਦੇ ਫਲਸਰੂਪ ਉਹ ਬੀਤ ਚੁਕੇ, ਵਰਤਮਾਨ ਅਤੇ ਆਉਣ ਵਾਲੇ ਸਮੇਂ ਦੀ ਗਤੀ ਨੂੰ ਜਾਣ ਲੈਂਦੇ ਹਨ, ਉਸ ਦਾ ਉਨ੍ਹਾਂ ਨੂੰ ਗਿਆਨ ਹੋ ਜਾਂਦਾ ਹੈ ਅਰਥਾਤ ਉਹ ਵਿਵੇਕ-ਬੁਧਿ ਹਾਸਲ ਕਰ ਲੈਂਦੇ ਹਨ। ਉਨ੍ਹਾਂ ਨੂੰ ਜੀਵਨ ਦੀ ਸਮਝ ਲੱਗ ਜਾਂਦੀ ਹੈ ਕਿ ਇਸ ਨੂੰ ਪਰਉਪਕਾਰ ਰਾਹੀਂ ਸਫਲਾ ਕਿਵੇਂ ਕਰਨਾ ਹੈ। ਉਨ੍ਹਾਂ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਵਿਕਾਰ ਛਲ ਨਹੀਂ ਸਕਦੇ ਸਗੋਂ ਉਹ ਇਨ੍ਹਾਂ ਵਿਕਾਰਾਂ ‘ਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ। ਜਿਸ ਤਰ੍ਹਾਂ ਜਹਾਜ਼ ਭਵ-ਸਾਗਰ ਨੂੰ ਤਰ ਕੇ ਪਾਰ ਲੰਘ ਜਾਂਦਾ ਹੈ, ਇਸੇ ਤਰ੍ਹਾਂ ਇੱਕ ਗੁਰਮੁਖਿ ਦੇ ਪਿੱਛੇ ਲੱਗ ਕੇ ਲੱਖਾਂ ਲੋਕ ਇਸ ਸੰਸਾਰ ਸਮੁੰਦਰ ਤੋਂ ਪਾਰ ਲੱਗ ਜਾਂਦੇ ਹਨ। ਗੁਰਮੁਖਾਂ ਦਾ ਸੁਭਾਅ ਪਰਉਪਕਾਰੀ ਹੁੰਦਾ ਹੈ, ਉਹ ਸਭ ਦਾ ਭਲਾ ਕਰਨ ਵਾਲੇ ਹੁੰਦੇ ਹਨ, ਇਸ ਲਈ ਸਭ ਨੂੰ ਖੁਸ਼ ਹੋ ਕੇ ਮਿਲਦੇ ਹਨ:
ਗੁਰਮੁਖਿ ਮਨਿ ਪਰਗਾਸੁ ਹੈ
ਪਿਰਮ ਪਿਆਲਾ ਅਜਰੁ ਜਰੰਦੇ।
ਪਾਰਬ੍ਰਹਮੁ ਪੂਰਨ ਬ੍ਰਹਮੁ
ਬ੍ਰਹਮੁ ਬਿਬੇਕੀ ਧਿਆਨੁ ਧਰੰਦੇ।
ਸਬਦ ਸੁਰਤਿ ਲਿਵ ਲੀਣ ਹੋਇ
ਅਕਥ ਕਥਾ ਗੁਰ ਸਬਦੁ ਸੁਣੰਦੇ।
ਭੂਤ ਭਵਿਖਹੁੰ ਵਰਤਮਾਨ
ਅਬਿਗਤਿ ਗਤਿ ਅਤਿ ਅਲਖ ਲਖੰਦੇ।
ਗੁਰਮੁਖਿ ਸੁਖਫਲੁ ਅਛਲੁਛਲੁ
ਭਗਤਿਵਛਲੁ ਕਰਿਅਛਲੁ ਛਲੰਦੇ।
ਭਵਜਲ ਅੰਦਰਿ ਬੋਹਿਥੈ
ਇਕਸ ਪਿਛੇ ਲਖ ਤਰੰਦੇ।
ਪਰਉਪਕਾਰੀ ਮਿਲਨਿ ਹਸੰਦੇ॥14॥
ਗੁਰਮਤਿ ਅਨੁਸਾਰ ਗ੍ਰਹਿਸਤ ਜੀਵਨ ਨੂੰ ਪ੍ਰਧਾਨ ਮੰਨਿਆ ਗਿਆ ਹੈ। ਜੀਵਨ-ਮੁਕਤੀ ਪ੍ਰਾਪਤ ਕਰਨ ਲਈ ਸੰਨਿਆਸ ਜਾਂ ਇਕਾਂਤਵਾਸ ਹੋ ਕੇ ਕਠਿਨ ਤਪੱਸਿਆ ਕਰਨ ਦੇ ਸੰਕਲਪ ਨੂੰ ਮੁੱਢੋਂ ਨਕਾਰਿਆ ਗਿਆ ਹੈ। ਸਮਾਜਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਪਰਉਪਕਾਰੀ ਅਤੇ ਨਿਰਲੇਪ ਜੀਵਨ ਦਾ ਅਦੇਸ਼ ਕੀਤਾ ਹੈ। ਭਾਈ ਗੁਰਦਾਸ ਇਸ ਪਉੜੀ ਵਿਚ ਇਸੇ ਸੰਕਲਪ ਨੂੰ ਧਿਆਨ ਵਿਚ ਰੱਖਦਿਆਂ ਦੱਸਦੇ ਹਨ ਕਿ ਇੱਕ ਗ੍ਰਹਿਸਤੀ ਸਿੱਖ ਦੀ, ਘਰ ਬਾਰੀ ਸਿੱਖ ਦੀ ਰਹਿਣੀ ਕਿਹੋ ਜਿਹੀ ਹੁੰਦੀ ਹੈ ਜਾਂ ਹੋਣੀ ਚਾਹੀਦੀ ਹੈ ਤਾਂ ਕਿ ਉਹ ਸੰਸਾਰ ਵਿਚ ਵਿਚਰਦਿਆਂ ਇੱਕ ਨਿਰਲੇਪ ਜੀਵਨ ਜਿਉਂ ਸਕੇ। ਭਾਈ ਗੁਰਦਾਸ ਆਪਣੇ ਆਲੇ-ਦੁਆਲੇ ਦੇ ਆਮ ਅਤੇ ਕੁਦਰਤੀ ਵਰਤਾਰੇ ਵਿਚੋਂ ਮਿਸਾਲਾਂ ਰਾਹੀਂ ਸਮਝਾਉਂਦੇ ਹਨ ਕਿ ਚੰਦਨ ਦੇ ਰੁੱਖ ਦੁਆਲੇ ਅਨੇਕਾਂ ਸੱਪ ਲਿਪਟੇ ਹੁੰਦੇ ਹਨ, ਪਰ ਉਨ੍ਹਾਂ ਅੰਦਰਲੀ ਜ਼ਹਿਰ ਦਾ ਚੰਦਨ ਦੇ ਰੁੱਖ ‘ਤੇ ਕੋਈ ਅਸਰ ਨਹੀਂ ਪੈਂਦਾ (ਚੰਦਨ ਦਾ ਕੰਮ ਹੈ ਖੁਸ਼ਬੋ ਵੰਡਣਾ ਅਤੇ ਉਹ ਜ਼ਹਿਰੀਲੇ ਸੱਪਾਂ ਵਿਚ ਲਿਪਟਿਆ ਹੋ ਕੇ ਵੀ ਖੁਸ਼ਬੋ ਵੰਡਦਾ ਹੈ, ਜ਼ਹਿਰ ਤੋਂ ਨਿਰਲੇਪ ਰਹਿੰਦਾ ਹੈ)। ਇਸੇ ਤਰ੍ਹਾਂ ਪਾਰਸ ਆਮ ਪੱਥਰਾਂ ਵਿਚ ਰਹਿੰਦਾ ਹੈ, ਪਰ ਪਾਰਸ ਕਦੇ ਵੀ ਆਮ ਪੱਥਰ ਨਹੀਂ ਬਣਦਾ (ਮੰਨਿਆ ਜਾਂਦਾ ਹੈ ਕਿ ਪਾਰਸ ਨਾਲ ਛੂਹ ਕੇ ਲੋਹੇ ਵਰਗਾ ਆਮ ਧਾਤੂ ਵੀ ਸੋਨਾ ਬਣ ਜਾਂਦਾ ਹੈ)। ਮਣੀ ਵਾਲਾ ਸੱਪ ਵੀ ਆਮ ਸੱਪਾਂ ਵਿਚ ਰਹਿੰਦਾ ਹੈ, ਪਰ ਉਸ ਕੋਲ ਮਣੀ ਹੋਣ ਕਰਕੇ ਉਹ ਆਮ ਸੱਪਾਂ ਤੋਂ ਵੱਖਰਾ ਹੁੰਦਾ ਹੈ ਅਤੇ ਰਲਾਇਆ ਨਹੀਂ ਰਲਦਾ। ਹੰਸ ਸਰੋਵਰ ਵਿਚ ਰਹਿੰਦਾ ਹੈ, ਪਰ ਉਹ ਸਰੋਵਰ ਵਿਚੋਂ ਕੀਮਤੀ ਮਾਣਕ ਅਤੇ ਮੋਤੀਆਂ ਦਾ ਚੋਗ ਚੁਗਦਾ ਹੈ। ਕੰਵਲ ਦਾ ਫੁੱਲ ਸਦਾ ਪਾਣੀ ਵਿਚ ਰਹਿੰਦਾ ਹੈ, ਪਰ ਪਾਣੀ ਵਿਚ ਰਹਿ ਕੇ ਵੀ ਉਹ ਪਾਣੀ ਵਿਚ ਭਿੱਜਦਾ ਨਹੀਂ, ਉਸ ਦੀਆਂ ਪੱਤੀਆਂ ਜਲ-ਬੂੰਦਾਂ ਤੋਂ ਨਿਰਲੇਪ ਹੁੰਦੀਆਂ ਹਨ। ਇਸੇ ਤਰ੍ਹਾਂ ਗੁਰਮੁਖਿ ਜਾਂ ਗ੍ਰਹਿਸਤੀ ਸਿੱਖ ਦਾ ਜੀਵਨ ਹੈ। ਉਹ ਸੰਸਾਰ ਵਿਚ ਰਹਿੰਦਿਆਂ ਵੀ ਸੰਸਾਰ ਦੇ ਵਿਕਾਰਾਂ ਤੋਂ ਨਿਰਲੇਪ ਰਹਿੰਦਾ ਹੈ, ਸੰਸਾਰ ਵਿਚ ਰਹਿੰਦਿਆਂ ਵੀ ਇੱਕ ਜੀਵਨ-ਮੁਕਤ ਦੀ ਜੁਗਤ ਨਾਲ ਜੀਵਨ ਬਸਰ ਕਰਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਸੰਸਾਰਕ ਰੁਚੀਆਂ ਉਸ ‘ਤੇ ਕੋਈ ਅਸਰ ਨਹੀਂ ਕਰਦੀਆਂ; ਉਸੇ ਤਰ੍ਹਾਂ ਜਿਵੇਂ ਜ਼ਹਿਰੀਲੇ ਸੱਪਾਂ ਦੇ ਚੰਦਨ ਦੇ ਰੁੱਖ ਦੁਆਲੇ ਲਿਪਟੇ ਹੋਣ `ਤੇ ਵੀ ਚੰਦਨ ਦੇ ਰੁੱਖ ਨੂੰ ਜ਼ਹਿਰ ਨਹੀਂ ਚੜ੍ਹਦਾ, ਪਾਰਸ ਆਮ ਪੱਥਰਾਂ ਵਿਚ ਮਿਲਿਆ ਹੋਣ `ਤੇ ਵੀ ਆਪਣਾ ਗੁਣ ਨਹੀਂ ਗੁਆਉਂਦਾ, ਹੰਸ ਸਰੋਵਰ ਵਿਚ ਰਹਿ ਕੇ ਬਗਲੇ ਦੀ ਤਰ੍ਹਾਂ ਡੱਡਾਂ-ਮੱਛੀਆਂ ਨਹੀਂ ਖਾਂਦਾ, ਉਸ ਦਾ ਸੁਭਾਅ ਮੋਤੀ ਅਤੇ ਮਾਣਕ ਚੁਗਣਾ ਹੈ; ਕੰਵਲ ਦਾ ਫੁੱਲ ਚਿੱਕੜ ਅਤੇ ਪਾਣੀ ਵਿਚ ਉੱਗਦਾ ਤੇ ਰਹਿੰਦਾ ਹੈ, ਪਰ ਇਨ੍ਹਾਂ ਤੋਂ ਨਿਰਲੇਪ ਹੁੰਦਾ ਹੈ। ਇਸੇ ਤਰ੍ਹਾਂ ਗੁਰਸਿੱਖ ਦਾ ਜੀਵਨ ਹੈ। ਉਹ ਵੀ ਇਨ੍ਹਾਂ ਵਾਂਗ ਹੀ ਸੰਸਾਰ ਵਿਚ ਰਹਿੰਦਿਆਂ ਇਸ ਦੀਆਂ ਬੁਰਾਈਆਂ ਤੋਂ ਨਿਰਲੇਪ ਹੋ ਕੇ ਜਿਉਂਦਾ ਹੈ। ਇਹ ਸਾਰੇ ਗੁਣ ਗੁਰਸਿੱਖ ਜਾਂ ਗੁਰਮੁਖਿ ਵਿਚ ਸਤਿਸੰਗਤ ਵਿਚ ਜਾਇਆਂ ਆਉਂਦੇ ਹਨ। ਇਸ ਲਈ ਸਤਿਸੰਗਤਿ ਦੀ ਉਪਮਾ ਕਿਸ ਮੁੱਖ ਨਾਲ ਕੀਤੀ ਜਾ ਸਕਦੀ ਹੈ? ਕਹਿਣ ਤੋਂ ਭਾਵ ਹੈ ਕਿ ਮੂੰਹ ਨਾਲ ਸਤਿਸੰਗਤਿ ਦੀ ਮਹਿਮਾ ਕਰ ਸਕਣੀ ਮੁਸ਼ਕਿਲ ਹੈ:
ਬਾਵਨ ਚੰਦਨ ਆਖੀਐ
ਬਹਲੇ ਬਿਸੀਅਰੁ ਤਿਸੁ ਲਪਟਾਹੀ।
ਪਾਰਸੁ ਅੰਦਰਿ ਪਥਰਾ
ਪਥਰ ਪਾਰਸੁ ਹੋਇ ਨ ਜਾਹੀ।
ਮਣੀ ਜਿਨ੍ਹਾਂ ਸਪਾਂ ਸਿਰੀਂ
ਓਇ ਭਿ ਸਪਾਂ ਵਿਚਿ ਫਿਰਾਹੀ।
ਲਹਰੀ ਅੰਦਰਿ ਹੰਸੁਲੇ
ਮਾਣਕ ਮੋਤੀ ਚੁਗਿ ਚੁਗਿ ਖਾਹੀ।
ਜਿਉਂ ਜਲਿ ਕਵਲ ਅਲਿਪਤੁ ਹੈ
ਘਰਿਬਾਰੀ ਗੁਰਸਿਖਿ ਤਿਵਾਹੀ।
ਆਸਾ ਵਿਚਿ ਨਿਰਾਸੁ ਹੋਇ
ਜੀਵਨੁ ਮੁਕਤਿ ਜੁਗਤਿ ਜੀਵਾਹੀ।
ਸਾਧ ਸੰਗਤਿ ਕਿਤੁ ਮੁਹਿ ਸਾਲਾਹੀ॥15॥
ਇਸੇ ਜੀਵਨ-ਜੁਗਤਿ ਦੀ ਗੱਲ ਕਰਦਿਆਂ ਗੁਰੂ ਨਾਨਕ ਦੇਵ ਰਾਗੁ ਰਾਮਕਲੀ, ਸਿਧ ਗੋਸਟਿ ਵਿਚ ਸਿੱਧਾਂ ਨਾਲ ਵਾਰਤਾਲਾਪ ਕਰਦਿਆਂ ਫਰਮਾਉਂਦੇ ਹਨ ਕਿ ਜਿਸ ਤਰ੍ਹਾਂ ਜਲ ਵਿਚ ਉੱਗਿਆ ਕੰਵਲ ਦਾ ਫੁੱਲ ਪਾਣੀ ਨਾਲੋਂ ਨਿਰਲੇਪ ਰਹਿੰਦਾ ਹੈ ਅਤੇ ਜਿਸ ਤਰ੍ਹਾਂ ਨਦੀ ਵਿਚ ਤੈਰਦੀ ਮੁਰਗਾਬੀ ਦੇ ਖੰਭ ਪਾਣੀ ਵਿਚ ਨਹੀਂ ਭਿਜਦੇ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਵਿਚ ਸੁਰਤਿ ਨੂੰ ਟਿਕਾ ਕੇ ਨਾਮ ਜਪਿਆਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ:
ਜੈਸੇ ਜਲ ਮਹਿ ਕਮਲੁ ਨਿਰਾਲਮੁ
ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ
ਨਾਨਕ ਨਾਮੁ ਵਖਾਣੇ॥ (ਪੰਨਾ 938)