ਟੋਕੀਓ ਪੈਰਾਲੰਪਿਕਸ ਵਿਚ ਭਾਰਤ ਦਾ ਪ੍ਰਦਰਸ਼ਨ

ਡਾ. ਕਰਨਜੀਤ ਸਿੰਘ
‘ਖੇਡਾਂ ਹਰੇਕ ਲਈ ਅਤੇ ਹਰੇਕ ਖੇਡਾਂ ਲਈ’ ਦੇ ਨਾਅਰੇ ਅਨੁਸਾਰ ਆਧੁਨਿਕ ਸਮਾਜ ਨੇ ਖੇਡਾਂ ਦੀ ਮਹੱਤਤਾ ਨੂੰ ਸਮਝਦਿਆਂ ਖੇਡਾਂ ਵਿਚ ਔਰਤਾਂ ਦੀ ਸ਼ਮੂਲੀਅਤ, ਉਮਰਾਂ ਦਾ ਵਰਗੀਕਰਣ ਅਤੇ ਪੈਰਾ ਖੇਡਾਂ ਦੇ ਆਯੋਜਨ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ 1960 ਤੋਂ ਉਲੰਪਿਕਸ ਤੋਂ ਬਾਅਦ ਪੈਰਾਲੰਪਿਕਸ ਵੀ ਕਰਵਾਈਆਂ ਜਾਣ ਲੱਗੀਆਂ। ਪੈਰਾਲੰਪਿਕਸ ਗ੍ਰੀਕ ਭਾਸ਼ਾ ਦੇ ਸ਼ਬਦ ‘ਪੈਰਾ’ ਭਾਵ ਬਰਾਬਰ ਅਤੇ ‘ਉਲੰਪਿਕਸ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ‘ਉਲੰਪਿਕਸ ਦੇ ਬਰਾਬਰ ਦੀਆਂ ਖੇਡਾਂ’, ਜਿਨ੍ਹਾਂ ਵਿਚ ਸਰੀਰਕ ਅਤੇ ਬੌਧਿਕ ਘਾਟ ਵਾਲੇ ਖਿਡਾਰੀ ਭਾਗ ਲੈਂਦੇ ਹਨ। ਪੈਰਾਲੰਪਿਕਸ ਵਿਚ ਖਿਡਾਰੀਆਂ ਨੂੰ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਅਯੋਗਤਾ ਦੇ ਆਧਾਰ ’ਤੇ ਵੱਖ ਵੱਖ ਵਰਗਾਂ ਵਿਚ ਵੰਡਿਆਂ ਜਾਂਦਾ ਹੈ।

ਇਸ ਵਾਰ 2020 ਦੀਆਂ ਪੈਰਾਲੰਪਿਕਸ ਟੋਕੀਓ ਸ਼ਹਿਰ ਵਿਚ 24 ਅਗਸਤ ਤੋਂ 5 ਸਤੰਬਰ 2021 ਤੱਕ ਹੋਈਆਂ। ਭਾਰਤੀ ਦਲ ਵਿਚ 54 ਖਿਡਾਰੀਆਂ ਨੇ 9 ਖੇਡਾਂ ਵਿਚ ਭਾਗ ਲਿਆ, ਜਿਸ ਵਿਚ 14 ਔਰਤਾਂ ਅਤੇ 40 ਮਰਦ ਸ਼ਾਮਿਲ ਸਨ। ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਸੀ, ਇਸ ਤੋਂ ਪਹਿਲਾਂ ਰੀਓ ਪੈਰਾਲੰਪਿਕਸ ਵਿਚ 19 ਖਿਡਾਰੀਆਂ ਦਾ ਦਲ ਭੇਜਿਆ ਗਿਆ ਸੀ। ਭਾਰਤੀ ਉਲੰਪਿਕ ਖਿਡਾਰੀਆਂ ਦੀ ਤਰ੍ਹਾਂ ਹੀ ਭਾਰਤੀ ਪੈਰਾਲੰਪਿਕ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2020 ਦੀਆਂ ਖੇਡਾਂ ਵਿਚ ਆਪਣੇ ਦੇਸ਼ ਲਈ ਪਹਿਲਾਂ ਨਾਲੋਂ ਵੱਧ ਤਗਮੇ ਜਿੱਤੇ। ਇਸ ਤੋਂ ਪਹਿਲੀਆਂ 11 ਪੈਰਾਲੰਪਿਕਸ ਵਿਚ ਭਾਗ ਲੈਂਦਿਆਂ ਭਾਰਤੀਆਂ ਨੇ 4 ਸੋਨੇ, 4 ਚਾਂਦੀ ਅਤੇ 4 ਕਾਂਸੀ ਤਗਮਿਆਂ ਸਮੇਤ ਕੁੱਲ 12 ਤਗਮੇ ਜਿੱਤੇ ਸਨ, ਪਰ ਇਸ ਵਾਰ ਇਕ ਹੀ ਪੈਰਾਲੰਪਿਕਸ ਵਿਚ 5 ਸੋਨੇ, 8 ਚਾਂਦੀ ਅਤੇ 6 ਕਾਂਸੀ ਤਗਮਿਆਂ ਸਮੇਤ ਕੁੱਲ 19 ਤਗਮੇ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ।
ਟੇਬਲ ਟੈਨਿਸ: ਗੁਜਰਾਤ ਦੀ ਭਾਵਨਾ ਪਟੇਲ, ਜੋ ਵਿਸ਼ਵ ਦਰਜਾਬੰਦੀ ਵਿਚ 12ਵੇਂ ਨੰਬਰ ’ਤੇ ਕਾਬਜ਼ ਸੀ, ਉਸ ਨੇ ਸ਼ੁਰੂ ਵਿਚ ਹੀ ਰੀਓ ਪੈਰਾਲੰਪਿਕਸ ਦੀ ਸੋਨ ਤਗਮਾ ਜੇਤੂ ਖਿਡਾਰਨ ਨੂੰ ਹਰਾਇਆ ਅਤੇ ਆਪਣੇ ਤੋਂ ਤਕੜੇ ਵਿਰੋਧੀਆਂ ਨੂੰ ਹਰਾ ਕੇ ਫਾਈਨਲ ਵਿਚ ਪਹੁੰਚੀ। ਭਾਵਨਾ ਫਾਈਨਲ ਵਿਚ ਹੋਏ ਸੰਘਰਸ਼ਪੂਰਨ ਮੁਕਾਬਲੇ ਵਿਚ ਵਿਸ਼ਵ ਨੰਬਰ ਦੋ ਚੀਨੀ ਖਿਡਾਰਨ ਤੋਂ ਹਾਰ ਗਈ ਅਤੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਪੋਲੀਓ-ਗ੍ਰਸਤ (ਸੀ-4) ਵਰਗ ਵਿਚ ਟੇਬਲ ਟੈਨਿਸ ਖੇਡਣ ਵਾਲੀ ਭਾਵਨਾ ਪਟੇਲ ਸਾਲ 2013 ਵਿਚ ਵਿਸ਼ਵ ਦੀ ਨੰਬਰ ਦੋ ਖਿਡਾਰਨ ਰਹਿ ਚੁਕੀ ਹੈ। ਉਸ ਨੇ ਟੇਬਲ ਟੈਨਿਸ ਵਿਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਤੇ ਪੈਰਾਲੰਪਿਕਸ ਇਤਿਹਾਸ ਵਿਚ ਤਗਮਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਹੋਣ ਦਾ ਮਾਣ ਹਾਸਿਲ ਕੀਤਾ। ਭਾਰਤ ਵਲੋਂ ਪਹਿਲੀ ਤਗਮਾ ਜਿੱਤਣ ਵਾਲੀ ਮਹਿਲਾ ਦੀਪਿਕਾ ਮਲਿਕ ਸੀ, ਜਿਸ ਨੇ 2016 ਵਿਚ ਸ਼ਾਟ ਪੁੱਟ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ।
ਨਿਸ਼ਾਨੇਬਾਜ਼ੀ: ਰਾਜਸਥਾਨ ਦੀ ਜੰਮਪਲ 19 ਸਾਲਾਂ ਅਵਨੀ ਲਾਖੜਾ, ਜੋ 12 ਸਾਲ ਦੀ ਉਮਰ ਵਿਚ ਕਾਰ ਦੁਰਘਟਨਾ ਕਾਰਨ ਪੈਰਾਪਲੀਗੀਆ ਰੋਗ ਨਾਲ ਪੀੜਤ ਹੋ ਗਈ ਸੀ, ਨੇ ਆਪਣੇ ਪਿਤਾ ਦੇ ਉਤਸ਼ਾਹ ਨਾਲ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਸੀ। ਅਵਨੀ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਵਿਚ 249.6 ਅੰਕਾਂ ਨਾਲ ਇਨ੍ਹਾਂ ਪੈਰਾਲੰਪਿਕ ਖੇਡਾਂ ਦਾ ਪਹਿਲਾ ਸੋਨ ਤਗਮਾ ਭਾਰਤ ਦੀ ਝੋਲੀ ਪਾਇਆ। ਵਿਸ਼ਵ ਦਰਜਾਬੰਦੀ ਵਿਚ 5ਵੇਂ ਸਥਾਨ ’ਤੇ ਕਾਬਜ ਅਵਨੀ ਨੇ ਪੈਰਾਲੰਪਿਕਸ ਦਾ ਨਵਾਂ ਰਿਕਾਰਡ ਬਣਾੳਂੁਦਿਆਂ ਅਤੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦਿਆਂ ਇਹ ਜਿੱਤ ਹਾਸਿਲ ਕੀਤੀ। ਇਸ ਤਰ੍ਹਾਂ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਅਵਨੀ ਨੇ 50 ਮੀਟਰ ਰਾਈਫਲ ਵਿਚ ਵੀ ਕਾਂਸੀ ਦਾ ਤਗਮਾ ਜਿੱਤ ਕੇ ਇੱਕ ਹੀ ਉਲੰਪਿਕ ਖੇਡਾਂ ਵਿਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੋਣ ਦਾ ਮਾਣ ਹਾਸਿਲ ਕੀਤਾ।
ਮਰਦਾਂ ਦੇ 10 ਮੀਟਰ ਏਅਰ ਪਿਸਟਲ ਵਿਚ ਫਰੀਦਾਬਾਦ (ਹਰਿਆਣਾ) ਦੇ ਨਿਸ਼ਾਨੇਬਾਜ ਸਿੰਘਰਾਜ ਅਡਾਨਾ ਨੇ ਉਮੀਦ ਮੁਤਾਬਿਕ ਪ੍ਰਦਰਸ਼ਨ ਕਰਦਿਆਂ 216.8 ਅੰਕਾਂ ਨਾਲ ਕਾਂਸੇ ਦਾ ਤਗਮਾ ਜਿੱਤਿਆ। ਵਿਸ਼ਵ ਪੱਧਰ ’ਤੇ ਕਈ ਤਗਮੇ ਜਿੱਤ ਚੁਕਾ 30 ਸਾਲਾਂ ਸਿੰਘਰਾਜ, ਜੋ ਪੋਲੀਓ-ਗ੍ਰਸਤ ਹੈ, ਨੇ 50 ਮੀਟਰ ਪਿਸਟਲ ਵਿਚ ਵੀ 216.7 ਅੰਕਾਂ ਨਾਲ ਚਾਂਦੀ ਤਗਮਾ ਪ੍ਰਾਪਤ ਕੀਤਾ। ਇਸ ਤਰ੍ਹਾਂ ਉਹ ਇਕੋ ਪੈਰਾਲੰਪਿਕਸ ਵਿਚ ਦੋ ਤਗਮੇ ਜਿੱਤਣ ਵਾਲਾ ਦੂਜਾ ਭਾਰਤੀ ਪੁਰਸ਼ ਬਣ ਗਿਆ, ਪਹਿਲਾ ਭਾਰਤੀ ਪੁਰਸ਼ ਖਿਡਾਰੀ ਜੋਗਿੰਦਰ ਸਿੰਘ ਬੇਦੀ ਹੈ, ਜਿਸ ਨੇ 1984 ਦੀ ਪੈਰਾਲੰਪਿਕਸ ਵਿਚ ਤਿੰਨ ਤਗਮੇ ਜਿੱਤੇ ਸਨ।
ਨਿਸ਼ਾਨੇਬਾਜ਼ੀ ਵਿਚ ਭਾਰਤ ਨੂੰ ਇਨ੍ਹਾਂ ਪੈਰਾਲੰਪਿਕ ਖੇਡਾਂ ਦਾ ਤੀਜਾ ਸੋਨੇ ਦਾ ਤਗਮਾ ਮਰਦਾਂ ਦੇ 50 ਮੀਟਰ ਪਿਸਟਲ ਵਿਚ ਅਰਜੁਨ ਐਵਾਰਡੀ ਮਨੀਸ਼ ਨਰਵਾਲ ਨੇ ਜਿੱਤ ਕੇ ਦਿਵਾਇਆ। ਮਨੀਸ਼ ਨੇ ਇਹ ਸੋਨ ਤਗਮਾ 218.2 ਅੰਕਾਂ ਨਾਲ ਨਵਾਂ ਪੈਰਾਲੰਪਿਕਸ ਰਿਕਾਰਡ ਬਣਾ ਕੇ ਜਿੱਤਿਆ ਅਤੇ ਭਾਰਤ ਦਾ ਮਾਣ ਵਧਾਇਆ। ਵਿਸ਼ਵ ਦਰਜਾਬੰਦੀ ਵਿਚ ਚੌਥੇ ਸਥਾਨ ’ਤੇ ਕਾਬਜ਼ ਫਰੀਦਾਬਾਦ (ਹਰਿਆਣਾ) ਦੇ 19 ਸਾਲਾ ਇਸ ਨਿਸ਼ਾਨੇਬਾਜ਼ ਦੇ ਸੱਜੇ ਹੱਥ ਵਿਚ ਜਮਾਂਦਰੂ ਨੁਕਸ ਸੀ। ਭਾਰਤ ਨੂੰ ਨਿਸ਼ਾਨੇਬਾਜ਼ੀ ਵਿਚ ਦੋ ਸੋਨੇ, ਇਕ ਚਾਂਦੀ ਅਤੇ ਦੋ ਕਾਂਸੀ ਤਗਮਿਆਂ ਸਮੇਤ ਕੁੱਲ ਪੰਜ ਤਗਮੇ ਪ੍ਰਾਪਤ ਹੋਏ।
ਅਥਲੈਟਿਕਸ: ਇਨ੍ਹਾਂ ਪੈਰਾਲੰਪਿਕ ਖੇਡਾਂ ਦਾ ਦੂਜਾ ਸੋਨ ਤਗਮਾ ਮਰਦਾਂ ਦੇ ਐਫ-64 ਵਰਗ ਦੇ ਜੈਵਲਿਨ ਥਰੋਅ ਵਿਚ ਸੋਨੀਪਤ ਹਰਿਆਣਾ ਦੇ 23 ਸਾਲਾਂ ਸੁਮੀਤ ਅੰਟਿਲ ਨੇ ਜਿੱਤਿਆ। ਇਹ ਮਾਣ ਉਸ ਨੇ 68.55 ਮੀਟਰ ਦੂਰੀ ਨਾਲ ਵਿਸ਼ਵ ਰਿਕਾਰਡ ਬਣਾ ਕੇ ਹਾਸਿਲ ਕੀਤਾ। ਇੱਕ ਮੋਟਰਸਾਈਕਲ ਦੁਰਘਟਨਾ ਵਿਚ ਆਪਣੀ ਖੱਬੀ ਲੱਤ ਗੋਡੇ ਤੋਂ ਹੇਠਾਂ ਗਵਾ ਚੁਕੇ ਸੁਮੀਤ ਨੇ 2017 ਤੋਂ ਟ੍ਰੇਨਿੰਗ ਸ਼ੁਰੂ ਕਰਕੇ ਆਪਣੇ ਵਰਗ ਵਿਚ ਦੋ ਸਾਲਾਂ ਅੰਦਰ ਵਿਸ਼ਵ ਰਿਕਾਰਡ ਤੋੜ ਦਿੱਤਾ ਸੀ। ਭਾਰਤ ਨੂੰ ਜੈਵਲਿਨ ਥਰੋਅ ਵਿਚ ਦੋ ਹੋਰ ਤਗਮੇ ਪ੍ਰਾਪਤ ਹੋਏ, ਜਦੋਂ ਮਰਦਾਂ ਦੇ ਐਫ-46 ਵਰਗ ਦੇ ਜੈਵਲਿਨ ਥਰੋਅ ਵਿਚ ਦਵੇਂਦਰ ਝਾਂਜੜੀਆ ਨੇ ਆਪਣੇ ਵੱਕਾਰ ਮੁਤਾਬਿਕ ਪ੍ਰਦਰਸ਼ਨ ਕਰਦਿਆਂ 64.35 ਮੀਟਰ ਦੂਰ ਨੇਜਾ ਸੁੱਟ ਕੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਰਾਜਸਥਾਨ ਦੇ 40 ਸਾਲਾ ਦਵੇਂਦਰ ਨੂੰ ਬਿਜਲੀ ਦੇ ਕਰੰਟ ਦੀ ਚਪੇਟ ਵਿਚ ਆਉਣ ਕਾਰਨ ਬਚਪਨ ਵਿਚ ਹੀ ਗੁੱਟ ਦੇ ਉਪਰੋਂ ਆਪਣਾ ਖੱਬਾ ਹੱਥ ਗਵਾਉਣਾ ਪਿਆ ਸੀ। ਅਰਜੁਨ ਐਵਾਰਡੀ, ਖੇਲ ਰਤਨ ਤੇ ਪਦਮਸ਼੍ਰੀ ਐਵਾਰਡੀ ਦਵੇਂਦਰ ਸਖਤ ਮਿਹਨਤ ਸਦਕਾ ਏਥਨਜ਼ ਪੈਰਾਲੰਪਿਕਸ-2004 ਅਤੇ ਰੀਓ ਪੈਰਾਲੰਪਿਕ-2016 ਵਿਚ ਸੋਨ ਤਗਮੇ ਪ੍ਰਾਪਤ ਕਰ ਚੁਕਾ ਹੈ। ਰਾਜਸਥਾਨ ਦੇ ਹੀ 25 ਸਾਲ ਦੇ ਸੁੰਦਰ ਸਿੰਘ ਗੁਜਰ ਨੇ ਇਸੇ ਵਰਗ ਵਿਚ 64.01 ਮੀ: ਦੂਰ ਜੈਵਲਿਨ ਸੁੱਟ ਕੇ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ। ਸੁੰਦਰ ਸਿੰਘ ਗੁਜਰ ਪਹਿਲਾਂ ਇੱਕ ਆਮ ਐਥਲੀਟ ਸੀ, ਪਰ 2015 ਵਿਚ ਉਸ ਦਾ ਖੱਬਾ ਹੱਥ ਲੋਹੇ ਦੀ ਟੀਨ ਵੱਜਣ ਨਾਲ ਬੁਰੀ ਤਰ੍ਹਾਂ ਜਖਮੀ ਹੋ ਗਿਆ ਸੀ, ਜੋ ਬਾਅਦ ਵਿਚ ਕੱਟਣਾ ਪਿਆ। ਗੁਜਰ ਜੈਵਲਿਨ ਥਰੋਅ ਦੇ ਨਾਲ ਸ਼ਾਟ ਪੁੱਟ ਅਤੇ ਡਿਸਕਸ ਥਰੋਅ ਵਿਚ ਵੀ ਅੰਤਰ ਰਾਸ਼ਟਰੀ ਤਗਮੇ ਜਿੱਤ ਚੁਕਾ ਹੈ।
ਅਥਲੈਟਿਕਸ ਦੇ ਉੱਚੀ ਛਾਲ ਵਿਚ ਭਾਰਤ ਦੀ ਝੋਲੀ ਚਾਰ ਤਗਮੇ ਪਏ। ਪਹਿਲਾ ਤਗਮਾ ਮਰਦਾਂ ਦੇ ਟੀ-47 ਵਰਗ ਵਿਚ ਹਿਮਾਚਲ ਪ੍ਰਦੇਸ਼ ਦੇ 21 ਸਾਲਾਂ ਦੇ ਨਿਸ਼ਧ ਕੁਮਾਰ ਨੇ ਆਪਣੇ ਪਹਿਲੇ ਹੀ ਪੈਰਾਲੰਪਿਕਸ ਵਿਚ 2.0 6 ਮੀਟਰ ਉੱਚੀ ਛਾਲ ਨਾਲ ਚਾਂਦੀ ਦਾ ਤਗਮਾ ਜਿੱਤਿਆ। ਬਚਪਨ ’ਚ ਹੀ ਇਕ ਦੁਰਘਟਨਾ ਵਿਚ ਨਿਸ਼ਧ ਕੁਮਾਰ ਦਾ ਸੱਜਾ ਹੱਥ ਚਲਾ ਗਿਆ ਸੀ। ਦੂਜਾ ਤਗਮਾ ਮਰਦਾਂ ਦੇ ਟੀ-63 ਵਰਗ ਵਿਚ ਤਾਮਿਲਨਾਡੂ ਦੇ 26 ਸਾਲਾ ਮਰੀਯੱਪਨ ਥੰਗਾਵੇਲੁ ਨੇ 1.86 ਮੀਟਰ ਉੱਚੀ ਛਾਲ ਨਾਲ ਚਾਂਦੀ ਦਾ ਤਗਮਾ ਜਿੱਤਿਆ। ਰੀਓ ਪੈਰਾਲੰਪਿਕਸ-2016 ਵਿਚ ਸੋਨ ਤਗਮਾ ਜਿੱਤ ਚੁਕੇ ਮਰੀਯੱਪਨ ਦਾ ਬਚਪਨ ਵਿਚ ਹੀ ਸਕੂਲ ਜਾਂਦਿਆਂ ਬਸ ਥੱਲੇ ਆਉਣ ਕਾਰਨ ਸੱਜਾ ਪੈਰ ਗਿੱਟੇ ਦੇ ਉਪਰੋਂ ਕੱਟਣਾ ਪਿਆ ਸੀ।
ਤੀਸਰਾ ਕਾਂਸੇ ਦਾ ਤਗਮਾ ਵੀ ਟੀ-63 ਵਰਗ ਵਿਚ ਬਿਹਾਰ ਦੇ 29 ਸਾਲਾਂ ਦੇ ਸ਼ਰਦ ਕੁਮਾਰ ਨੇ 1.83 ਮੀਟਰ ਉੱਚੀ ਛਾਲ ਨਾਲ ਪ੍ਰਾਪਤ ਕੀਤਾ। ਆਪਣੇ ਬਚਪਨ ਵਿਚ ਖੱਬੀ ਲੱਤ ਵਿਚ ਅਧਰੰਗ ਦੇ ਸਿ਼ਕਾਰ ਸ਼ਰਦ ਕੁਮਾਰ ਏਸ਼ੀਆਈ ਪੈਰਾ ਖੇਡਾਂ ਦਾ ਰਿਕਾਰਡਧਾਰੀ ਅਤੇ ਸਾਬਕਾ ਵਿਸ਼ਵ ਨੰਬਰ ਇਕ ਐਥਲੀਟ ਰਹਿ ਚੁਕਾ ਹੈ। ਚੌਥਾ ਤਗਮਾ ਮਰਦਾਂ ਦੇ ਟੀ-64 ਵਰਗ ਵਿਚ ਨੋਇਡਾ (ਯੂ. ਪੀ.) ਵਾਸੀ 18 ਸਾਲਾ ਪ੍ਰਵੀਨ ਕੁਮਾਰ ਨੇ 2.07 ਮੀਟਰ ਉੱਚੀ ਛਾਲ ਨਾਲ ਨਵਾਂ ਏਸ਼ੀਆਈ ਰਿਕਾਰਡ ਬਣਾ ਕੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਪ੍ਰਵੀਨ ਦੀ ਖੱਬੀ ਲੱਤ ਵਿਚ ਜਮਾਂਦਰੂ ਨੁਕਸ ਸੀ। ਉਹ ਇਨ੍ਹਾਂ ਖੇਡਾਂ ਵਿਚ ਸਭ ਤੋਂ ਘੱਟ ਉਮਰ ਵਿਚ ਤਗਮਾ ਜਿੱਤਣ ਵਾਲਾ ਭਾਰਤੀ ਖਿਡਾਰੀ ਬਣਿਆ।
ਮਰਦਾਂ ਦੇ ਡਿਸਕਸ ਥਰੋਅ ਦੇ ਐਫ-56 ਵਰਗ ਵਿਚ ਦਿੱਲੀ ਦੇ ਰਹਿਣ ਵਾਲੇ 24 ਸਾਲਾ ਯੋਗੇਸ਼ ਕਥੂਨੀਆ ਨੇ 44.38 ਮੀਟਰ ਦੂਰ ਡਿਸਕਸ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ। ਯੋਗੇਸ਼ 9 ਸਾਲ ਦੀ ਉਮਰ ਵਿਚ ਨਿਉਰੋਲੋਜੀ ਦੀ ਬਿਮਾਰੀ ਤੋਂ ਪੀੜਤ ਹੋ ਗਿਆ ਸੀ, ਪਰ ਆਪਣੀ ਮਾਂ ਦੀ ਸੇਵਾ ਸੰਭਾਲ ਨਾਲ ਤਿੰਨਾਂ ਸਾਲਾਂ ਵਿਚ ਆਪਣੇ ਪੈਰਾਂ ’ਤੇ ਖੜ੍ਹਨ ਦੇ ਕਾਬਿਲ ਹੋ ਗਿਆ ਅਤੇ ਐਫ-36 ਵਰਗ ਦਾ ਵਿਸ਼ਵ ਰਿਕਾਰਡਧਾਰੀ ਬਣ ਗਿਆ। ਭਾਰਤ ਨੂੰ ਅਥਲੈਟਿਕਸ ਵਿਚ ਇਕ ਸੋਨੇ, ਪੰਜ ਚਾਂਦੀ ਅਤੇ ਦੋ ਕਾਂਸੀ ਦੇ ਤਗਮਿਆਂ ਸਮੇਤ ਕੁੱਲ ਅੱਠ ਤਗਮੇ ਪ੍ਰਾਪਤ ਹੋਏ।
ਤੀਰ-ਅੰਦਾਜ਼ੀ: ਕਿਸਾਨੀ ਪਰਿਵਾਰ ਨਾਲ ਸਬੰਧਿਤ ਕੈਥਲ (ਹਰਿਆਣਾ) ਦੇ 30 ਸਾਲਾ ਹਰਵਿੰਦਰ ਸਿੰਘ ਨੇ ਤੀਰ-ਅੰਦਾਜ਼ੀ ਦੇ ਗੇੜ (ਰਾਊਂਡ) 1/16 ਵਿਚ ਇਟਲੀ ਦੇ ਖਿਡਾਰੀ ਤੋਂ 6-5 ਨਾਲ, ਗੇੜ 1/8 ਵਿਚ ਰਸ਼ੀਅਨ ਉਲੰਪਿਕ ਕਮੇਟੀ ਦੇ ਖਿਡਾਰੀ ਤੋਂ 6-5 ਨਾਲ ਅਤੇ ਕੁਆਟਰ ਫਾਈਨਲ ਵਿਚ ਜਰਮਨੀ ਖਿਡਾਰੀ ਤੋਂ 6-2 ਨਾਲ ਜਿੱਤ ਪ੍ਰਾਪਤ ਕੀਤੀ, ਪਰ ਸੈਮੀ ਫਾਈਨਲ ਵਿਚ ਅਮਰੀਕੀ ਖਿਡਾਰੀ ਤੋਂ 4-6 ਨਾਲ ਹਾਰ ਗਿਆ। ਉਹ ਕਾਂਸੀ ਤਗਮੇ ਦੇ ਮੁਕਾਬਲੇ ਵਿਚ ਕੋਰੀਅਨ ਖਿਡਾਰੀ ਤੋਂ ਰੋਮਾਂਚਿਕ ਸ਼ੂਟ ਆਊਟ ਵਿਚ ਜਿੱਤ ਪ੍ਰਾਪਤ ਕਰਕੇ ਪੈਰਾਲੰਪਿਕਸ ਵਿਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਤੀਰ-ਅੰਦਾਜ਼ ਬਣਿਆ। ਹਰਵਿੰਦਰ ਦੀ ਇਕ ਲੱਤ ਨੇ ਬਚਪਨ ਵਿਚ ਬੁਖਾਰ ਦੇ ਇਕ ਟੀਕੇ ਦੇ ਪ੍ਰਭਾਵ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਬੈੱਡਮਿੰਟਨ: ਇਸ ਵਿਚ ਭਾਰਤ ਨੂੰ ਵਰਗ (ਐਸ. ਐਲ. 3) ਵਿਚ ਇਕ ਸੋਨੇ ਅਤੇ ਇਕ ਕਾਂਸੀ ਦਾ ਤਗਮਾ ਪ੍ਰਾਪਤ ਹੋਇਆ। ਭਾਰਤ ਲਈ ਇਨ੍ਹਾਂ ਪੈਰਾਲੰਪਿਕ ਖੇਡਾਂ ਦਾ ਚੌਥਾ ਸੋਨ ਤਗਮਾ ਉੜੀਸਾ ਦੇ 33 ਸਾਲਾ ਬੈੱਡਮਿੰਟਨ ਖਿਡਾਰੀ ਪ੍ਰਮੋਦ ਭਗਤ ਨੇ ਵਿਸ਼ਵ ਨੰਬਰ ਦੋ ਬਰਤਾਨਵੀ ਖਿਡਾਰੀ ਨੂੰ 2-0 ਨਾਲ ਹਰਾ ਕੇ ਜਿੱਤਿਆ। ਅਰਜੁਨ ਐਵਾਰਡੀ ਅਤੇ ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਪ੍ਰਮੋਦ ਦੀ ਖੱਬੀ ਲੱਤ ਵਿਚ ਬਚਪਨ ਵਿਚ ਕੁਦਰਤੀ ਨੁਕਸ ਪੈ ਗਿਆ ਸੀ। ਇਸੇ ਵਰਗ ਵਿਚ ਉਤਰਾਖੰਡ ਦੇ 31 ਸਾਲਾ ਅਰਜੁਨ ਐਵਾਰਡੀ ਅਤੇ ਵਿਸ਼ਵ ਦੇ ਮੌਜੂਦਾ ਨੰਬਰ ਇਕ ਖਿਡਾਰੀ ਮਨੋਜ ਸਰਕਾਰ ਨੇ ਜਪਾਨੀ ਖਿਡਾਰੀ ਨੂੰ 2-0 ਨਾਲ ਹਰਾ ਕੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਪ੍ਰਮੋਦ ਨੂੰ ਬਚਪਨ ਵਿਚ ਹੀ ਗਲਤ ਦਵਾਈ ਕਾਰਨ ਲੱਤ ਵਿਚ ਅਧਰੰਗ ਦੀ ਸਿ਼ਕਾਇਤ ਹੋ ਗਈ ਸੀ।
ਭਾਰਤ ਨੂੰ ਇਨ੍ਹਾਂ ਪੈਰਾਲੰਪਿਕਸ ਦਾ ਪੰਜਵਾਂ ਸੋਨ ਤਗਮਾ ਵੀ ਬੈੱਡਮਿੰਟਨ ਵਿਚ ਪੁਰਸ਼ਾਂ ਦੇ ਵਰਗ (ਐਸ. ਐਚ. 6) ਵਿਚ ਪ੍ਰਾਪਤ ਹੋਇਆ। ਰਾਜਸਥਾਨ ਦੇ 22 ਸਾਲਾ ਸਾਬਕਾ ਵਿਸ਼ਵ ਨੰਬਰ ਦੋ ਖਿਡਾਰੀ ਕ੍ਰਿਸ਼ਨਾ ਨਾਗਰ ਨੇ ਹਾਂਗ ਕਾਂਗ ਦੇ ਖਿਡਾਰੀ ਨੂੰ 2-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਕ੍ਰਿਸਨਾ ਨਾਗਰ ਦਾ ਸਰੀਰਕ ਵਾਧਾ ਦੋ ਸਾਲ ਦੀ ਉਮਰ ਵਿਚ ਹੀ ਬਹੁਤ ਘੱਟ ਗਿਆ ਸੀ, ਜਿਸ ਕਾਰਨ ਉਸ ਦਾ ਕੱਦ ਕੇਵਲ 4 ਫੁੱਟ 6 ਇੰਚ ਹੀ ਵੱਧ ਸਕਿਆ। ਬੈੱਡਮਿੰਟਨ ਦੇ ਵਰਗ (ਐਸ. ਐਲ. 4) ਵਿਚ ਵਿਸ਼ਵ ਦੇ ਮੌਜੂਦਾ ਨੰਬਰ ਦੋ ਖਿਡਾਰੀ 38 ਸਾਲਾਂ ਸੁਹਾਸ ਯਥਰਾਜ ਫਰਾਂਸ ਦੇ ਖਿਡਾਰੀ ਤੋਂ ਫਾਈਨਲ ਵਿਚ 1-2 ਨਾਲ ਹਾਰ ਗਿਆ ਅਤੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਆਪਣੇ ਸੱਜੇ ਪੈਰ ਵਿਚ ਨੁਕਸ ਵਾਲਾ ਇਹ ਪੈਰਾਲੰਪਿਕਸ ਖਿਡਾਰੀ ਇਕ ਭਾਰਤੀ ਆਈ. ਏ. ਐਸ. ਅਧਿਕਾਰੀ ਵੀ ਹੈ। ਭਾਰਤ ਨੂੰ ਬੈੱਡਮਿੰਟਨ ਵਿਚ ਦੋ ਸੋਨੇ, ਇਕ ਚਾਂਦੀ ਅਤੇ ਇਕ ਕਾਂਸੀ ਦੇ ਤਗਮੇ ਸਮੇਤ ਕੁੱਲ ਚਾਰ ਤਗਮੇ ਪ੍ਰਾਪਤ ਹੋਏ।
ਭਾਰਤ ਦੇ ਕਈ ਖਿਡਾਰੀ ਤਗਮਾ ਜਿੱਤਣ ਤੋਂ ਖੂੰਝ ਗਏ ਜਿਵੇਂ ਸੁਮਨ ਰਾਣਾ ਮਰਦਾਂ ਦੇ ਐਫ-57 ਵਰਗ ਦੇ ਸ਼ਾਟ ਪੁੱਟ, ਸੰਦੀਪ ਚੌਧਰੀ ਮਰਦਾਂ ਦੇ ਐਫ-64 ਦੇ ਜੈਵਲਿਨ ਥਰੋਅ ਅਤੇ ਨਵਦੀਪ ਮਰਦਾਂ ਦੇ ਐਫ-41 ਵਰਗ ਦੇ ਜੈਵਲਿਨ ਥਰੋਅ ਵਿਚ ਚੌਥੇ ਸਥਾਨ ’ਤੇ ਰਹੇ। ਵਿਨੋਦ ਕੁਮਾਰ ਨੇ ਮਰਦਾਂ ਦੇ ਐਫ-52 ਵਰਗ ਦੇ ਡਿਸਕਸ ਥਰੋਅ ਵਿਚ ਕਾਂਸੇ ਦਾ ਤਗਮਾ ਜਿੱਤਿਆ ਸੀ, ਪਰ ਜਾਂਚ ਕਮੇਟੀ ਨੇ ਮੁਕਾਬਲੇ ਤੋਂ ਬਾਅਦ ਵਿਨੋਦ ਦੀ ਸਰੀਰਕ ਅਯੋਗਤਾ ਨੂੰ ਐਫ-52 ਦੇ ਕਾਬਲ ਨਾ ਮੰਨਦਿਆਂ ਉਸ ਨੂੰ ਅਯੋਗ ਕਰਾਰ ਦੇ ਦਿੱਤਾ। ਨਿਸ਼ਨੇਬਾਜ਼ੀ ਵਿਚ ਸਵਰੂਪ ਮਹਾਂਵੀਰ ਮਰਦਾਂ ਦੇ 10 ਮੀਟਰ ਏਅਰ ਰਾਈਫਲ ਵਿਚ 203.9 ਅੰਕਾਂ ਨਾਲ ਚੌਥੇ ਸਥਾਨ ’ਤੇ ਰਿਹਾ। ਬੈੱਡਮਿੰਟਨ ਵਿਚ ਤਰੁਣ ਢਿੱਲੋਂ ਪੁਰਸ਼ਾਂ ਦੇ ਵਰਗ (ਐਸ. ਐਲ. 4) ਵਿਚ ਇੰਡੋਨੇਸ਼ੀਆਈ ਖਿਡਾਰੀ ਤੋਂ ਹਾਰ ਕੇ ਚੌਥੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਬੈੱਡਮਿੰਟਨ ਵਿਚ ਪ੍ਰਮੋਦ ਤੇ ਪਲਕ ਦੀ ਮਿਸ਼ਰਤ ਜੋੜੀ ਵੀ ਜਪਾਨੀ ਜੋੜੀ ਤੋਂ ਹਾਰ ਕੇ ਚੌਥੇ ਸਥਾਨ ’ਤੇ ਰਹੀ।
ਭਾਰਤ ਇਸ ਤੋਂ ਪਹਿਲਾਂ 1984 ਅਤੇ 2016 ਵਿਚ ਇਕ ਹੀ ਪੈਰਾਲੰਪਿਕਸ ਵਿਚ ਵੱਧ ਤੋਂ ਵੱਧ ਚਾਰ ਤਗਮੇ ਹੀ ਪ੍ਰਾਪਤ ਕਰ ਸਕਿਆ ਸੀ। ਇਸ ਵਾਰ ਇਕ ਹੀ ਪੈਰਾਲੰਪਿਕਸ ਵਿਚ ਭਾਰਤ ਦੀ ਝੋਲੀ 19 ਤਗਮੇ ਆਏ ਹਨ। ਭਾਰਤੀ ਖਿਡਾਰੀਆਂ ਨੂੰ ਖਾਸ ਕਰਕੇ ਪੈਰਾ ਐਥਲੀਟਸ ਨੂੰ ਜੋ ਸਹੂਲਤਾਂ ਮਿਲਦੀਆਂ ਹਨ, ਉਸ ਅਨੁਸਾਰ ਇਹ ਬਹੁਤ ਵਧੀਆ ਕਾਰਗੁਜ਼ਾਰੀ ਮੰਨੀ ਜਾ ਸਕਦੀ ਹੈ। ਇਸ ਵਾਰ ਭਾਰਤ ਦਾ ਪੈਰਾਲੰਪਿਕਸ ਤਗਮਾ ਸੂਚੀ ਵਿਚ ਹੁਣ ਤੱਕ ਦਾ ਸਭ ਤੋਂ ਬਿਹਤਰ 24ਵਾਂ ਦਰਜਾ ਰਿਹਾ ਹੈ। ਹਰਿਆਣਾ ਸਰਕਾਰ ਨੇ ਆਪਣੇ ਜੇਤੂ ਪੈਰਾਐਥਲੀਟਸ ਨੂੰ ਭਾਰੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਹੈ, ਇਸੇ ਤਰ੍ਹਾਂ ਭਾਰਤ ਸਰਕਾਰ ਅਤੇ ਹੋਰਨਾਂ ਰਾਜਾਂ ਨੂੰ ਵੀ ਆਪਣੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ। ਸਾਰੇ ਜੇਤੂ ਖਿਡਾਰੀਆਂ ਨੂੰ ਮੁਬਾਰਕਾਂ ਅਤੇ ਅਗਲੇ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ।