‘ਧਰਤੀ ਦੀ ਵਾਰ’ ਕੁਦਰਤ ਤੇ ਮਨੁੱਖ ਦਾ ਸਹਿਜ ਸੰਵਾਦ

ਸਰਬਜੀਤ ਸਿੰਘ ਵਿਰਕ, ਐਡਵੋਕੇਟ
ਫੋਨ: 91-94170-72314
ਕੁਦਰਤ ਦੇ ਕਵੀ ਵਜੋਂ ਜਾਣੇ ਜਾਂਦੇ ਸੰਸਾਰ ਪ੍ਰਸਿੱਧ ਲੇਖਕ ਵਿਲੀਅਮ ਵਰਡਜ਼ਵਰਥ ਨੇ ਲਿਖਿਆ ਹੈ ਕਿ ‘ਕੁਦਰਤ ਕਦੇ ਵੀ ਉਸ ਦਿਲ ਨਾਲ ਧੋਖਾ ਨਹੀਂ ਕਰਦੀ, ਜੋ ਉਸ ਨੂੰ ਪਿਆਰ ਕਰਦਾ ਹੈ।’ ਵਰਡਜ਼ਵਰਥ ਦਾ ਇਹ ਕਥਨ ਕੁਦਰਤ ਦੀ ਮਹਾਨ ਦਾਤ ਸਾਡੀ ਧਰਤੀ ਬਾਰੇ ਵੀ ਉਨਾ ਹੀ ਸਹੀ ਅਤੇ ਸੱਚਾ ਹੈ। ਅਸੀਂ ਆਪਣੀ ਜ਼ਿੰਦਗੀ ਨੂੰ ਸੰਵਾਰਨ, ਸਜਾਉਣ ਅਤੇ ਮਾਣਨ ਦੇ ਮਕਸਦ ਨਾਲ ਧਰਤੀ ਤੋਂ ਹਜ਼ਾਰਾਂ ਲੱਭਤਾਂ ਅਤੇ ਖਜ਼ਾਨੇ ਹਾਸਲ ਕੀਤੇ ਹਨ, ਪਰ ਇਹ ਧਰੋਹਰ ਇੰਨੀ ਮਹਾਨ ਹੈ ਕਿ ਮਨੁੱਖ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਪਾਲਣ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੈ। ਧਰਤੀ ਦੀ ਇਸ ਮਹਾਨਤਾ ਬਾਰੇ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਅਤੇ ਬੋਲੀਆਂ ਵਿਚ ਸਾਹਿਤ ਮਿਲਦਾ ਹੈ।

ਇੱਥੇ ਅਸੀਂ ਜਿਸ ਕਿਤਾਬ ਦੀ ਚਰਚਾ ਕਰਨ ਲੱਗੇ ਹਾਂ, ਉਹ ਸਾਡੀ ਪਾਲਣਹਾਰ ਮਾਂ ਧਰਤੀ ਬਾਰੇ ਲਿਖੀ ਗਈ ਅਤੇ ਹਾਲ ਵਿਚ ਹੀ ਛਪੀ ਰੌਚਿਕ ਤੇ ਸਿੱਖਿਆਦਾਇਕ ਰਚਨਾ ਹੈ, ਜਿਸ ਨੂੰ ਇਸ ਦੇ ਰਚਨਾਕਾਰ ਕਵੀ ਸੁਰਿੰਦਰਪਾਲ ਸਿੰਘ ਮੰਡ ਨੇ ‘ਧਰਤੀ ਦੀ ਵਾਰ’ ਦਾ ਨਾਮ ਦਿੱਤਾ ਹੈ।
ਪ੍ਰੋ. ਸੁਰਿੰਦਰਪਾਲ ਸਿੰਘ ਮੰਡ ਦੀ ਕਲਮ ਨੇ ਬਹੁਤ ਹੀ ਉਮਦਾ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਆਪਣੀ ਗੱਲ ਆਖਣ ਲਈ ਮੁੱਖ ਤੌਰ ’ਤੇ ਵਾਰਤਕ, ਆਲੋਚਨਾ ਅਤੇ ਕਵਿਤਾ ਦੀ ਭਾਸ਼ਾ ਤੇ ਵਿਧਾ ਨੂੰ ਅਪਨਾਇਆ ਹੈ। ਮਨੁੱਖ ਨਾਲ ਕਾਵਿਕ ਸੰਵਾਦ ਸਿਰਜਦੀ ਉਨ੍ਹਾਂ ਦੀ ਇਹ ਨਵੀਂ ਰਚਨਾ ‘ਧਰਤੀ ਦੀ ਵਾਰ’ ਪੰਜਾਬੀ ਪ੍ਰਗੀਤ ਨੂੰ ਨਵੀਂਆਂ ਉਚਾਈਆਂ ਦਿੰਦੀ ਮਹਿਸੂਸ ਹੁੰਦੀ ਹੈ। ਇਹ ਨਾ ਸਿਰਫ ਤੱਤ ਅਤੇ ਨਿਭਾਅ ਨਾਲ ਪਾਠਕਾਂ ਦੇ ਗਿਆਨ ਦਾ ਘੇਰਾ ਵਿਸ਼ਾਲ ਕਰਦੀ ਹੈ, ਸਗੋਂ ਉਨ੍ਹਾਂ ਦੀ ਸਾਹਿਤਕ ਤ੍ਰਿਪਤੀ ਅਤੇ ਆਨੰਦ ਦਾ ਸਬੱਬ ਵੀ ਬਣਦੀ ਹੈ। ਕਿਤਾਬ ਦੇ ਸ਼ੁਰੂ ਵਿਚ ਆਏ ਲੇਖਕ ਦੇ ਇਹ ਸ਼ਬਦ ਪ੍ਰਭਾਵਿਤ ਕਰਦੇ ਹਨ, ‘ਆਪਣੇ ਆਪ ਦੀ ਪਛਾਣ ਕਰਨਾ ਸਭ ਤੋਂ ਵੱਡੀ ਸੋਝੀ ਹੈ, ਅਕਲ ਹੈ। ਧਰਤੀ ਅਤੇ ਬ੍ਰਹਿਮੰਡ ਨਾਲ ਆਪਣੇ ਰਿਸ਼ਤੇ ਦੀ ਪਛਾਣ ਹੀ ਅਸਲ ਗਿਆਨ ਹੈ।’
ਇਹ ਰਚਨਾ ਸੂਰਜ ਦੇ ਨੌਂ ਗ੍ਰਹਿਆਂ ਵਿਚੋਂ ਸਭ ਤੋਂ ਸੁੰਦਰ ਗ੍ਰਹਿ ਇਸ ਧਰਤੀ, ਜਿਸ ਨੂੰ ਅਸੀਂ ਮਾਂ ਦਾ ਦਰਜਾ ਦਿੱਤਾ ਹੋਇਆ ਹੈ, ਦੀਆਂ ਉਨ੍ਹਾਂ ਬਰਕਤਾਂ ਦਾ ਜ਼ਿਕਰ ਕਰਦੀ ਹੈ, ਜੋ ਇਸ ਨੇ ਸਾਨੂੰ ਤੋਹਫੇ ਵਜੋਂ ਪ੍ਰਦਾਨ ਕੀਤੀਆਂ ਹਨ ਅਤੇ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਸਾਡੀਆਂ ਨਸਲਾਂ ਵਧ ਫੁੱਲ ਰਹੀਆਂ ਹਨ। ਕਵੀ ਇਨ੍ਹਾਂ ਦਾ ਜ਼ਿਕਰ ਇਸ ਤਰ੍ਹਾਂ ਕਰਦਾ ਹੈ,
ਕਿਤੇ ਹਰਿਆਵਲ ਕਿਤੇ ਨੀਰ ਦਿੱਸੇ
ਪੌਣ ਰੁਮਕਦੀ ਕਿੱਕਲੀਆਂ ਪਾਂਵਦੀ ਹੈ।
ਇਨ੍ਹਾਂ ਬੱਦਲਾਂ ਚੰਨ ਤੇ ਤਾਰਿਆਂ ਸੰਗ
ਰਾਤ ਆ ਕੇ ਤੈਨੂੰ ਸਵਾਂਵਦੀ ਹੈ।
ਵੇਖ ਕਿੰਨੀ ਸੋਹਣੀ ਕਾਇਨਾਤ ਵੱਸੇ
ਤੈਥੋਂ ਬਰਕਤਾਂ ਰੋਜ਼ ਲੁਟਾਂਵਦੀ ਹੈ।
ਸੁਰਿੰਦਰਪਾਲ ਮੰਡ ਦੀ ਇਹ ਰਚਨਾ ਧਰਤੀ ਦੀਆਂ ਦਾਤਾਂ-ਬਖਸ਼ਿਸ਼ਾਂ ਨਾਲ ਪਲੀ ਤੇ ਵੱਡੀ ਹੋਈ ਅਤੇ ਜ਼ਿੰਦਗੀ ਦਾ ਸੁੱਖ-ਆਨੰਦ ਮਾਣ ਰਹੀ ਜਾਂ ਮਾਣਨ ਦੀ ਤਾਂਘ ਰੱਖਦੀ ਸਾਡੀ ਮਨੁੱਖੀ ਨਸਲ ਨੂੰ ਆਪਣੀ ਇਸ ਸਦੀਵੀ ਮਾਂ ਪ੍ਰਤੀ ਫਰਜ਼ਾਂ ਬਾਰੇ ਵੀ ਸੁਚੇਤ ਕਰਾਉਂਦੀ ਹੈ। ਕਵੀ ਆਪਣੇ ਆਪ ਨੂੰ ਵੀ ਉਸ ਅਹਿਸਾਨ ਫਰਾਮੋਸ਼ ਮਨੁੱਖ ਜਾਤੀ ਵਿਚ ਸ਼ਾਮਲ ਕਰਦਾ ਹੈ, ਜਿਸ ਨੂੰ ਇਸ ਧਰਤੀ ਦੇ ਵਡੱਪਣ, ਦਰਿਆਦਿਲੀ ਤੇ ਕੁਰਬਾਨੀ ਦੀ ਕੋਈ ਪ੍ਰਵਾਹ ਨਹੀਂ ਅਤੇ ਉਹ ਸਿਰਫ ਆਪਣੇ ਹੰਕਾਰ ਤੇ ਮੁਫਾਦ ਨੂੰ ਦਿਲ ਵਿਚ ਰੱਖ ਕੇ ਜੀਵਨ ਬਿਤਾ ਰਹੀ ਹੈ। ਕਵੀ ਦਾ ਕਥਨ ਹੈ,
ਤੇਰੇ ਜੰਗਲ ਪਹਾੜ ਕਿੰਨੇ ਸੋਹਣੇ ਲੱਗਦੇ
ਨਾਲ ਬਰਫਾਂ ਦੇ ਲੱਦੇ ਕਿੰਨੇ ਪਏ ਫੱਬਦੇ
ਬੰਦਾ ਕਰ ਰਿਹਾ ਹੌਲੀ ਹੌਲੀ ਘਾਣ ਅੰਮੀਏ।
ਤੂੰ ਪਾਣੀ ਢੋ ਕੇ ਰੋਜ਼ ਹੀ ਪਹਾੜੀਂ ਚਾੜ੍ਹਦੀ
ਉਤੋਂ ਨਦੀਆਂ ਵਗਾਵੇਂ ਤੇ ਕਲੇਜੇ ਠਾਰਦੀ।
ਸਾਨੂੰ ਕਦਰ ਨਾ ਕੋਈ ਸੱਚ ਜਾਣ ਅੰਮੀਏ।
ਸਾਨੂੰ ਅਕਲਾਂ ਦਾ ਦੇਹ ਵਰਦਾਨ ਅੰਮੀਏ।
ਕਵੀ ਅਨੁਸਾਰ ਧਰਤੀ ਨੇ ਕਿਸਾਨ ਨੂੰ ਉਸ ਦਾ ਸਮਝਦਾਰ ਪੁੱਤਰ ਮੰਨਿਆ ਸੀ, ਕਿਉਂਕਿ ਸਭ ਤੋਂ ਪਹਿਲਾਂ ਉਸੇ ਨੇ ਇਸ ਦੀ ਤਾਸੀਰ ਅਤੇ ਇਸ ਅੰਦਰ ਛੁਪੀਆਂ ਰਮਜ਼ਾਂ ਦੀ ਪਛਾਣ ਕੀਤੀ ਸੀ। ਕਿਸਾਨ ਨੇ ਹੀ ਦੁਨੀਆਂ ਦੀ ਪੇਟ-ਭੁੱਖ ਮਿਟਾਉਣ ਲਈ ਧਰਤੀ ਮਾਂ ਦੀ ਮਦਦ ਕੀਤੀ ਸੀ। ਇਨ੍ਹਾਂ ਗੱਲਾਂ ਕਰਕੇ ਧਰਤੀ ਅੱਜ ਵੀ ਉਸ ਉਤੇ ਮਿਹਰਬਾਨ ਹੈ। ਕਵੀ ਅਨੁਸਾਰ ਧਰਤੀ ਮਾਂ ਹੀ ਕਿਸਾਨ ਦੇ ਅਸਲ ਦਰਦ ਨੂੰ ਮਹਿਸੂਸ ਕਰਦੀ ਹੈ। ਉਹ ਉਸ ਦਾ ਫਿਕਰ ਕਰਦੀ ਕਹਿੰਦੀ ਹੈ,
ਮੈਂ ਤੈਥੋਂ ਸਦਕੇ ਜਾਂਵਦੀ
ਤੇਰੀ ਸਭ ਤੋਂ ਔਖੀ ਕਾਰ,
ਅੱਜ ਤੇਰੇ ਸਿਰ ’ਤੇ ਚੱਲਦੇ
ਸਭ ਮਿੱਲਾਂ ਕਾਰੋਬਾਰ।
ਵੇ ਤੂੰ ਨੰਗਾ ਫਿਰਦੈਂ ਪੁੱਤਰਾ
ਤੇਰੇ ਉਤੇ ਤੇੜ ਲੰਗਾਰ,
ਦੱਸ ਕੌਣ ਕਮਾਈ ਲੈ ਗਿਆ
ਮੈਨੂੰ ਦਿੱਸਦੇ ਭਰੇ ਬਾਜ਼ਾਰ।
ਕਵੀ ਦਾ ਵਿਚਾਰ ਹੈ ਕਿ ਧਰਤੀ ਦਾ ਹੁਸਨ ਅਤੇ ਇਸ ਦੀਆਂ ਬਖਸ਼ਿਸ਼ਾਂ ਤਾਂ ਹੀ ਬਰਕਰਾਰ ਰਹਿ ਸਕਦੀਆਂ ਹਨ, ਜੇ ਧਰਤੀ ਉਤੇ ਸਾਰੇ ਮਨੁੱਖ ਸ਼ਾਂਤੀ ਅਤੇ ਪਿਆਰ ਭਾਵਨਾ ਨਾਲ ਰਹਿਣਗੇ। ਆਪਸ ਦੀਆਂ ਰੰਜਿਸ਼ਾਂ ਅਤੇ ਨਫਰਤਾਂ ਨੂੰ ਮਿਟਾ ਕੇ ਖੁਸ਼ਗਵਾਰ ਮਾਹੌਲ ਦੀ ਸਿਰਜਣਾ ਕਰਨ ਨਾਲ ਹੀ ਮਨੁੱਖਤਾ ਜੀਵਨ ਦਾ ਭਰਪੂਰ ਆਨੰਦ ਲੈ ਸਕੇਗੀ। ਵਿਚਾਰ ਅਧੀਨ ਰਚਨਾ ਵਿਚ ਧਰਤੀ ਮਨੁੱਖ ਨੂੰ ਉਸ ਦੀਆਂ ਵਧੀਆਂ ਹੋਈਆਂ ਹਵਸਾਂ ਤੋਂ ਆਗਾਹ ਕਰਦੀ ਹੈ, ਜਿਨ੍ਹਾਂ ਨੇ ਜੀਵਨ ਦਾ ਸਾਰਾ ਸੁੱਖ ਆਨੰਦ ਖੋਹ ਲਿਆ ਹੈ,
ਤੈਨੂੰ ਜ਼ਿੰਦਗੀ ਦੀ ਕੋਈ ਕਦਰ ਨਾ
ਤੈਨੂੰ ਮਾਇਆ ਨਾਲ ਪਿਆਰ।
ਵੇ ਤੂੰ ਆਪਣੇ ਲਾਲਚ ਖਾਤਰਾਂ
ਰਿਹਾ ਬੇਕਸੂਰਾਂ ਮਾਰ।
ਕੁਝ ਰਵੇ ਈ ਨਾ ਇਸ ਜੱਗ ’ਤੇ
ਤੂੰ ਇੰਜ ਬਣਾਵੇਂ ਹਥਿਆਰ।
ਕੀਤੇ ਖੁਦ ਹੀ ਆਪ ਖਰਾਬ ਤੂੰ
ਜੋ ਸੀ ਖੇਡਣ ਦੇ ਦਿਨ ਚਾਰ।
ਮਨੁੱਖ ਨੂੰ ਤਜ਼ਰਬੇ ਵਿਚੋਂ ਮਿਸਾਲਾਂ ਦੇ ਕੇ ਸਮਝਾਉਣ ਦੇ ਕੰਮ ਨੂੰ ਧਰਤੀ ਆਪਣਾ ਮਾਂ-ਫਰਜ਼ ਜਾਣ ਕੇ ਅਦਾ ਕਰਦੀ ਹੈ। ਉਹ ਮਨੁੱਖ ਨੂੰ ਆਪਣੀ ਹਵਸ, ਲਾਲਸਾ ਤੇ ਅਹੰਕਾਰ ਉਤੇ ਕਾਬੂ ਪਾਉਣ ਲਈ ਕਹਿੰਦੀ ਹੈ ਅਤੇ ਸਬਰ, ਸੰਤੋਖ ਤੇ ਸਹਿਜ ਵਾਲੀ ਜੀਵਨ ਜਾਚ ਅਪਨਾਉਣ ਦਾ ਸੰਦੇਸ਼ ਦਿੰਦੀ ਹੈ। ਧਰਤੀ ਦੀ ਇਹ ਪ੍ਰੇਰਨਾ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਹੁੰਦੀ ਹੈ,
ਹੱਦੋਂ ਵਧਿਆ ਸਭ ਹੈ ਢਹਿ ਜਾਂਦਾ
ਬੰਦਿਆ ਕੁਦਰਤੀ ਨੇਮ ਨੂੰ ਜਾਣਨਾ ਹੈ,
ਬਹੁਤਾਤ ਤਾਂ ਬਾਹਰ ਹੀ ਪਈ ਰਹਿੰਦੀ
ਅੰਦਰ ਅੰਨ ਤੇ ਪਾਣੀ ਹੀ ਜਾਵਣਾ ਹੈ।
ਜੋ ਕੁਝ ਵੀ ਸਹਿਜ ਨੂੰ ਭੰਗ ਕਰਦਾ
ਉਸ ਨੇ ਹਸਤੀ ਨੂੰ ਅੰਤ ਮਿਟਾਵਣਾ ਹੈ।
ਪੰਜਾਬੀ ਸਾਹਿਤ ਵਿਚ ਵਾਰ ਦੀ ਵਿਧਾ ਆਮ ਤੌਰ ਉਤੇ ਬੀਰ ਰਸੀ ਕਥਾਵਾਂ ਰਾਹੀਂ ਸਰੋਤਿਆਂ ਨੂੰ ਪ੍ਰਭਾਵਿਤ ਕਰਨ ਲਈ ਵਰਤੀ ਜਾਂਦੀ ਰਹੀ ਹੈ। ਭਾਵੇਂ ਕਿ ‘ਧਰਤੀ ਦੀ ਵਾਰ’ ਨੂੰ ਸ਼ੁੱਧ ਰੂਪ ਵਿਚ ਬੀਰ ਰਸੀ ਕਵਿਤਾਵਾਂ ਦੇ ਖੇਮੇ ਵਿਚ ਸ਼ੁਮਾਰ ਨਹੀਂ ਕੀਤਾ ਜਾ ਸਕਦਾ, ਪਰ ਯਕੀਨੀ ਤੌਰ ’ਤੇ ਇਹ ਵਾਰ ਪੜ੍ਹ ਕੇ ਸਾਡੇ ਅੰਦਰ ਧਰਤੀ ਮਾਂ ਨਾਲ ਮੋਹ ਅਤੇ ਹਮਦਰਦੀ ਵਿਚੋਂ ਇਸ ਦੀ ਰਾਖੀ ਕਰਨ ਲਈ ਇਕ ਸੈਨਿਕ ਵਰਗਾ ਜਜ਼ਬਾ ਜਾਗਦਾ ਹੈ। ਇਹ ਵਾਰ ਪੜ੍ਹ ਕੇ ਅਸੀਂ ਮਨੁੱਖ ਵੱਲੋਂ ਧਰਤੀ ਦੀ, ਆਪਣੀ ਬੇਅੰਤ ਲਾਲਸਾ ਅਧੀਨ ਕੀਤੀ ਜਾ ਰਹੀ ਬਰਬਾਦੀ ਖਿਲਾਫ ਜੂਝਣ ਲਈ ਪ੍ਰੇਰਨਾ ਵੀ ਪ੍ਰਾਪਤ ਕਰਦੇ ਹਾਂ।
ਸਾਡੇ ਸਮਿਆਂ ਦੇ ਪ੍ਰਬੁੱਧ ਕਵੀ ਸੁਰਜੀਤ ਪਾਤਰ ਨੇ ਇਸ ਰਚਨਾ ਦਾ ਵਿਸ਼ਲੇਸ਼ਣ ਬੜੇ ਸੁੰਦਰ ਤੇ ਸੰਵੇਦਨਸ਼ੀਲ ਸ਼ਬਦਾਂ ਵਿਚ ਕਰਦਿਆਂ ਇੰਜ ਲਿਖਿਆ ਹੈ, “ਇਸ ਕਿਰਤ ਦੀ ਕੈਨਵਸ ਧਰਤੀ ਦੀ ਉਸ ਖੁਸ਼ੀ ਤੋਂ ਲੈ ਕੇ, ਜਦੋਂ ਧਰਤੀ ਉਤੇ ਜੀਵਨ ਉਗਮਿਆ ਸੀ, ਹੁਣ ਦੀ ਉਦਾਸੀ ਤੱਕ ਫੈਲਿਆ ਹੋਇਆ ਹੈ, ਜਦੋਂ ਇਹ ਆਪਣੇ ਹੀ ਜਾਇਆਂ ਹੱਥੋਂ ਵੀਰਾਨ ਹੋ ਰਹੀ ਹੈ ਤੇ ਕੁਝ ਨੇਕ ਨੀਅਤ ਇਨਸਾਨ ਇਸ ਦੀ ਕਦਰ ਕਰਨ ਦਾ ਅਹਿਦ ਕਰਦੇ ਹਨ।”
ਸੁਰਿੰਦਰਪਾਲ ਸਿੰਘ ਮੰਡ ਦੀ ਧਰਤੀ ਉਤੇ ਲਿਖੀ ਇਹ ਅਨਮੋਲ ਰਚਨਾ ਜਿੱਥੇ ਸਾਨੂੰ ਸਾਡੀ ਪਿਆਰੀ ਅਤੇ ਮਹਾਨ ਧਰਤੀ ਨਾਲ ਮੁੜ ਤੋਂ ਆਪਣੇ ਰਿਸ਼ਤਿਆ ਨੂੰ ਮਜ਼ਬੂਤ ਕਰਨ ਦੀ ਸਿੱਖਿਆ ਦਿੰਦੀ ਹੈ, ਉਥੇ ਇਹ ਅਜਿਹੇ ਰਿਸ਼ਤਿਆਂ ਨੂੰ ਨਿਭਾਉਣ ਦੀ ਜਾਚ ਵੀ ਦੱਸਦੀ ਹੈ। ਕਵੀ ਅਨੁਸਾਰ ਧਰਤੀ ਦਾ ਮਨੁੱਖ ਨਾਲ ਸੁਖਾਵਾਂ ਰਿਸ਼ਤਾ ਹੀ ਧਰਤੀ ਉਪਰਲੇ ਜੀਵਨ ਨੂੰ ਖੁਸ਼ਹਾਲ ਅਤੇ ਆਨੰਦ-ਦਾਇਕ ਬਣਾਉਣ ਵਿਚ ਸਹਾਈ ਹੋ ਸਕਦਾ ਹੈ। ਕਵੀ ਦੀਆਂ ਇਹ ਸਤਰਾਂ ਇਸ ਅਰਥ-ਭਰਪੂਰ ਕਿਰਤ ਦਾ ਨਿਸ਼ਕਰਸ਼ ਹੋ ਨਿਬੜੀਆਂ ਹਨ,
ਵੇਖੋ ਪ੍ਰੇਮ ਨਾਲ ਧਰਤੀ ਵੱਲ ਲੋਕੋ
ਕਿਵੇਂ ਦਾਤਾਂ ਦੇ ਪਏ ਅੰਬਾਰ ਲੱਗੇ।
ਤੱਕੋ ਸੋਹਣਿਆਂ ਜੀਵਾਂ ਪੌਦਿਆਂ ਨੂੰ
ਸਭੋ ਵਿਚ ਵਰਤਦਾ ਪਿਆਰ ਲੱਗੇ।
ਵੇਖੋ ਮਿੱਟੀਆਂ ਪੌਣ ਤੇ ਪਾਣੀਆਂ ਨੂੰ
ਸਾਨੂੰ ਰੱਬ ਦਾ ਦਰਸ ਦੀਦਾਰ ਲੱਗੇ।
ਆਸ ਹੈ, ਸੂਝਵਾਨ ਪਾਠਕ ਵਾਰਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ ਵੱਲੋਂ ਸੁਹਣੀ ਦਿੱਖ ਨਾਲ ਛਾਪੀ ‘ਧਰਤੀ ਦੀ ਵਾਰ’ (ਕੀਮਤ 200 ਰੁਪਏ) ਰਾਹੀਂ ਆਪਣੇ ਗਿਆਨ ਨੂੰ ਪ੍ਰਫੁੱਲਤ ਕਰਨਗੇ ਅਤੇ ਕਵੀ ਦੀ ਮਿਹਨਤ ਦਾ ਮੁੱਲ ਪਾਉਣਗੇ।