ਬੈਚ ਫੁੱਲ ਵਾਲਨਟ: ਤਬਦੀਲੀ ਦਾ ਕਸ਼ਟ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ 408-634-2310
ਫੁੱਲ ਦਵਾਈ ਵਾਲਨਟ (ੱਅਲਨੁਟ) ਅਖਰੋਟ ਪੌਦੇ ਦੇ ਫੁੱਲਾਂ ਤੋਂ ਬਣਦੀ ਹੈ, ਜੋ ਬਹੁਤਾ ਕਰਕੇ ਉੱਚੇ ਧਰਾਤਲ ਤੇ ਠੰਡੇ ਪੌਣ ਪਾਣੀ ਵਾਲੀਆਂ ਥਾਂਵਾਂ `ਤੇ ਪੈਦਾ ਹੁੰਦਾ ਹੈ। ਬਨਾਸਪਤੀ ਸਾਸ਼ਤਰ ਦੀ ਨਾਮਾਵਲੀ ਅਨੁਸਾਰ ਇਸ ਦਾ ਨਾਂ ਜੁਗਲਾਂਸ ਰੇਜੀਆ (ਝੁਗਲਅਨਸ ੍ਰੲਗਅਿ) ਹੈ। ਜੇ ਇਸ ਦਵਾਈ ਨੂੰ ਮਨੁੱਖਤਾ ਲਈ ਅਤਿ ਮਹੱਤਵਪੂਰਨ ਨਾ ਕਿਹਾ ਜਾਵੇ ਤਾਂ ਇਸ ਨਾਲ ਭਾਰੀ ਜਿ਼ਆਦਤੀ ਹੋਵੇਗੀ, ਕਿਉਂਕਿ ਇਹ ਬਹੁ-ਮੁਖੀ ਤੇ ਵੱਡੇ ਦਾਇਰੇ ਵਿਚ ਵਰਤੀ ਜਾ ਸਕਣ ਵਾਲੀ ਦਵਾਈ ਹੈ। ਭਾਵੇਂ ਇਸ ਨੂੰ ਸਾਰੇ ਲੋਕਾਂ ਦੀ ਮੁੱਖ ਦਵਾਈ ਨਾ ਵੀ ਕਹੀਏ ਤਾਂ ਵੀ ਜੀਵਨ ਵਿਚ ਬਹੁਤਿਆਂ ਨੂੰ ਸਮੇਂ ਸਮੇਂ `ਤੇ ਇਸ ਦੀਆਂ ਤਕਲੀਫਾਂ ਆਉਂਦੀਆਂ ਹੀ ਰਹਿੰਦੀਆਂ ਹਨ। ਜਿਨ੍ਹਾਂ ਤਕਲੀਫਾਂ ਤੋਂ ਵਾਲਨਟ ਛੁਟਕਾਰਾ ਦਿਵਾਉਂਦੀ ਹੈ, ਉਨ੍ਹਾਂ ਦਾ ਇਲਾਜ ਕਿਸੇ ਹੋਰ ਦਵਾਈ ਪ੍ਰਣਾਲੀ ਵਿਚ ਨਹੀਂ ਹੈ। ਮੇਰੀ ਸਮਝ ਵਿਚ ਇਹ ਉਨ੍ਹਾਂ ਦਵਾਈਆਂ ਵਿਚੋਂ ਇਕ ਹੈ, ਜੋ ਘਰ ਵਿਚ ਸਦਾ ਹੋਣੀਆਂ ਚਾਹੀਦੀਆਂ ਹਨ ਅਤੇ ਪਰਸ ਵਿਚ ਹਮੇਸ਼।

ਵਾਲਨਟ ਦਾ ਮੂਲ ਵੇਰਵਾ ਡਾ. ਬੈਚ ਦੀ ਮੌਲਿਕ ਪੁਸਤਕ ਵਿਚ ਮਿਲਦਾ ਹੈ। ਉਸ ਅਨੁਸਾਰ ਇਹ ਦਵਾਈ ਉਨ੍ਹਾਂ ਲਈ ਹੈ, “ਜਿਨ੍ਹਾਂ ਦੇ ਜੀਵਨ ਵਿਚ ਆਪਣੇ ਕੁਝ ਉਦੇਸ਼ ਤੇ ਉਮੀਦਾਂ ਹੁੰਦੀਆਂ ਹਨ, ਜਿਨ੍ਹਾਂ ਦੀ ਪੂਰਤੀ ਲਈ ਉਹ ਕੰਮ ਕਰ ਰਹੇ ਹੁੰਦੇ ਹਨ, ਪਰ ਕੁਝ ਵਿਰਲੇ ਮੌਕਿਆਂ `ਤੇ ਉਹ ਕਿਸੇ ਹੋਰ ਵਿਆਕਤੀਆਂ ਦੇ ਪ੍ਰਭਾਵ, ਭਾਵਨਾਤਮਿਕ ਜੋਸ਼, ਮਾਨਤਾ, ਵਿਚਾਰ ਜਾਂ ਧਾਰਨਾ ਦੇ ਅਸਰ ਅਧੀਨ ਵਰਗਲਾਏ ਜਾਣ ਕਰਕੇ ਆਪਣੀ ਸੋਚ ਤੇ ਆਸਿਆਂ ਤੋਂ ਪਾਸਾ ਵੱਟਣ ਲਗਦੇ ਹਨ। ਇਹ ਦਵਾਈ ਉਨ੍ਹਾਂ ਨੂੰ ਬਾਹਰਲੇ ਪ੍ਰਭਾਵਾਂ ਤੋਂ ਬਚਾਅ ਕੇ ਜੀਵਨ ਵਿਚ ਸਥਿਰਤਾ ਪ੍ਰਦਾਨ ਕਰਦੀ ਹੈ।
ਫੁੱਲ ਦਵਾਈ ਵਾਲਨਟ ਬਾਰੇ ਡਾ. ਬੈਚ ਦੀ ਇਸ ਟਿੱਪਣੀ ਦੀ ਪਹਿਲੀ ਵਿਸ਼ੇਸ਼ ਗੱਲ ਇਹ ਹੈ ਕਿ ਇਹ ਬੜੀ ਸਿੱਧੀ ਸਾਦੀ ਹੈ। ਜਿੰਨੀ ਕੋਈ ਚੀਜ਼ ਸਿੱਧੀ ਤੇ ਸਪਸ਼ਟ ਹੁੰਦੀ ਹੈ, ਉਨਾ ਹੀ ਉਸ ਦਾ ਘੇਰਾ ਵਿਸ਼ਾਲ ਹੁੰਦਾ ਹੈ, ਭਾਵ ਉਨੀ ਹੀ ਉਹ ਬਹੁਤੇ ਵਿਅਕਤੀਆਂ ਦੇ ਸੁਭਾਵਾਂ `ਤੇ ਲਾਗੂ ਹੁੰਦੀ ਹੈ ਤੇ ਆਮ ਵਰਤੋਂ ਵਿਚ ਆਉਂਦੀ ਹੈ। ਜੋ ਦਵਾਈ ਬਹੁਤੇ ਵਿਅਕਤੀਆਂ ਨੂੰ ਲਾਭ ਪਹੁੰਚਾਉਂਦੀ ਹੋਵੇ, ਉਹ ਵਧੇਰੇ ਅਹਿਮ ਵੀ ਹੁੰਦੀ ਹੈ। ਸੋ ਵਾਲਨਟ ਇਕ ਅਹਿਮ ਫੁੱਲ ਦਵਾਈ ਹੈ, ਜਿਸ ਦੀਆਂ ਤਕਲੀਫਾਂ ਮਨੁੱਖਤਾ ਨੂੰ ਵੱਡੇ ਪੈਮਾਨੇ `ਤੇ ਘੇਰਦੀਆਂ ਹਨ। ਤਦੇ ਹੀ ਡਾ. ਬੈਚ ਨੇ ਦੱਸਿਆ ਹੈ ਕਿ ਇਹ ਉਨ੍ਹਾਂ ਲੋਕਾਂ ਲਈ ਹੈ, ਜੋ ਆਪਣੇ ਜੀਵਨ ਦੇ ਉਦੇਸ਼ਾਂ ਤੇ ਉਮੀਦਾਂ ਦੀ ਪੂਰਤੀ ਦੇ ਕਾਰਜਾਂ ਵਿਚ ਰੁੱਝੇ ਹੁੰਦੇ ਹਨ। ਦੇਖਿਆ ਜਾਵੇ ਤਾਂ ਸਾਰੇ ਹੀ ਆਪਣੇ ਆਪਣੇ ਉਦੇਸ਼ਾਂ ਤੇ ਆਸਾਂ ਨੂੰ ਪੂਰਾ ਕਰਨ ਵਿਚ ਲੱਗੇ ਹੁੰਦੇ ਹਨ। ਇਸ ਲਈ ਇਹ ਪ੍ਰਸਥਿਤੀਆਂ ਅਨੁਸਾਰ ਸਭ ਲਈ ਵਰਤੀ ਜਾ ਸਕਦੀ ਹੈ। ਇਸ ਵਿਚ ਦੂਜੀ ਵੱਡੀ ਗੱਲ ਇਨ੍ਹਾਂ ਪ੍ਰਸਥਿਤੀਆਂ ਬਾਰੇ ਹੀ ਹੈ। ਵਿਅਸਤ ਲੋਕ ਕਦੇ ਕਦੇ ਕੁਝ ਕਾਰਨਾਂ ਕਰ ਕੇ ਆਪਣੇ ਆਸੇ ਤੋਂ ਭਟਕ ਜਾਂਦੇ ਹਨ। ਮਿਸਾਲ ਵਜੋਂ ਉਹ ਦੂਜੇ ਲੋਕਾਂ ਦੇ ਸੰਪਰਕ ਵਿਚ ਆਉਂਦੇ ਹਨ ਤੇ ਗੱਲੀਂ ਬਾਤੀਂ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਉਹ ਦੂਜਿਆਂ ਤੋਂ ਸੁਣ ਕੇ ਫਸਲ ਦਾ ਬੀਜ ਬਦਲ ਦਿੰਦੇ ਹਨ, ਬੱਚਿਆਂ ਦਾ ਸਕੂਲ ਤਬਦੀਲ ਕਰ ਦਿੰਦੇ ਹਨ ਤੇ ਖਾਣ-ਪੀਣ ਦੀਆਂ ਵਸਤਾਂ ਬਦਲ ਲੈਂਦੇ ਹਨ। ਮਾੜੀ ਸੰਗਤ ਵਿਚ ਬੈਠ ਕੇ ਸ਼ਰਾਬ ਪੀਣ ਜਾਂ ਭੁੱਕੀ ਖਾਣ ਲਗਦੇ ਹਨ। ਵੁਹਟੀਆਂ ਗਵਾਂਢਣਾਂ ਦੇ ਟੇਟੇ ਚੜ੍ਹ ਜਾਂਦੀਆਂ ਹਨ। ਕਈ ਵਾਰ ਉਹ ਆਪਣੇ ਤੋਂ ਵੱਧ ਤੇਜ਼-ਤਰਾਰ ਜਾਂ ਮਹਾਨ ਵਿਅਕਤੀ ਤੋਂ ਇੰਨੇ ਜਿ਼ਆਦਾ ਪ੍ਰਭਾਵਿਤ ਹੋ ਜਾਂਦੇ ਹਨ ਕਿ ਆਪਣੇ ਜੀਵਨ ਦਾ ਰਸਤਾ ਬਦਲ ਲੈਂਦੇ ਹਨ। ਕਈ ਚੋਰੀਆਂ ਡਾਕੇ ਮਾਰਨੇ ਛੱਡ ਦਿੰਦੇ ਹਨ ਤੇ ਕਈ ਸੰਨਿਆਸ ਧਾਰ ਲੈਂਦੇ ਹਨ। ਕਈ ਕਿਸੇ ਦੀ ਜੋਸ਼ੀਲੀ ਤਕਰੀਰ ਸੁਣ ਕੇ ਉਸ ਨਾਲ ਹੀ ਹੋ ਤੁਰਦੇ ਹਨ ਜਾਂ ਹਿੰਸਾ `ਤੇ ਉਤਰ ਆਉਂਦੇ ਹਨ। ਫੁੱਲ ਦਵਾਈ ਵਾਲਨਟ ਅਜਿਹੇ ਤਬਦੀਲੀ ਭਰੇ ਮੌਕਿਆਂ `ਤੇ ਕੰਮ ਆਉਂਦੀ ਹੈ।
ਡਾ. ਬੈਚ ਇਸ ਬਾਰੇ ਤੀਜੀ ਖਾਸ ਗੱਲ ਇਹ ਦੱਸਦੇ ਹਨ ਕਿ ਇਹ ਦਵਾਈ ਮਨੁੱਖ ਦੇ ਵਿਹਾਰ ਤੇ ਕਾਰਜਕਰਮ ਵਿਚ ਬਾਹਰਲੇ ਪ੍ਰਭਾਵਾਂ ਕਾਰਨ ਆਈ ਤਬਦੀਲੀ ਤੋਂ ਪੈਦਾ ਹੋਣ ਵਾਲੀਆਂ ਤਕਲੀਫਾਂ ਨੂੰ ਖਤਮ ਕਰਦੀ ਹੈ। ਇਹ ਬਾਹਰਲੇ ਪ੍ਰਭਾਵ ਉਸ ਦੇ ਪ੍ਰਤੀਕਰਮਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ ਤੇ ਉਸ ਦੇ ਸਰੀਰ ਨੂੰ ਵੀ। ਇਸ ਲਈ ਇਹ ਇਕ ਮਾਨਸਿਕ ਦਵਾਈ ਹੀ ਨਹੀਂ, ਸਗੋਂ ਸਰੀਰਕ ਤਕਲੀਫਾਂ ਦੀ ਵੀ ਉੱਤਮ ਦਵਾਈ ਹੈ। ਮੇਰੇ ਵਿਚਾਰ ਵਿਚ ਤਾਂ ਬੈਚ ਫੁੱਲ ਪੱਧਤੀ ਦੀ ਇਹੋ ਇਕ ਦਵਾਈ ਹੈ, ਜੋ ਸਰੀਰਕ ਸਮੱਸਿਆਵਾਂ ਲਈ ਸਿੱਧੀ ਵਰਤੀ ਜਾਂਦੀ ਹੈ।
ਡਾ. ਬੈਚ ਦੇ ਬਿਆਨ ਦੀ ਉਪਰੋਕਤ ਵਿਆਖਿਆ ਅਨੁਸਾਰ ਫੁੱਲ ਦਵਾਈ ਵਾਲਨਟ ਦੋ ਮਾਨਸਿਕ ਸਥਿਤੀਆਂ ਵਿਚ ਮਦਦਗਾਰ ਸਾਬਤ ਹੁੰਦੀ ਹੈ। ਪਹਿਲੀ ਬਾਹਰਲੇ ਪ੍ਰਭਾਵ ਦੀ ਰੋਕਥਾਮ ਵਜੋਂ ਤੇ ਦੂਜੀ ਬਾਹਰਲੇ ਪ੍ਰਭਾਵ ਦੇ ਇਲਾਜ ਵਜੋਂ। ਜਦੋਂ ਬਾਹਰੀ ਪ੍ਰਭਾਵ ਮਨੁੱਖ ਨੂੰ ਉਸ ਦੇ ਆਸਿਆਂ ਤੇ ਉਮੀਦਾਂ ਤੋਂ ਭਟਕਾਉਣ ਲੱਗੇ ਤਾਂ ਇਸ ਦੀਆਂ ਕੁਝ ਖੁਰਾਕਾਂ ਉਸ ਨੂੰ ਬਚਾਉਣ ਦਾ ਕੰਮ ਕਰਨਗੀਆਂ। ਜਦੋਂ ਕੋਈ ਬੱਚਿਆਂ ਨੂੰ ਨਸ਼ਿਆਂ `ਤੇ ਲਾਉਣ ਦੀ ਕੋਸਿ਼ਸ਼ ਕਰ ਰਿਹਾ ਹੋਵੇ ਤਾਂ ਬੱਚਿਆਂ ਨੂੰ ਦਿੱਤੀ ਵਾਲਨਟ ਦੀ ਖੁਰਾਕ ਉਨ੍ਹਾਂ ਨੂੰ ਅਖਰੋਟ ਜਿਹਾ ਸਖਤ ਬਣਾ ਦੇਵੇਗੀ ਤੇ ਨਸ਼ਾ ਲਾਉਣ ਵਾਲੇ ਨੂੰ ਅਸਫਲ ਕਰ ਦੇਵੇਗੀ। ਜਿਨ੍ਹਾਂ ਔਰਤਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਮਰਦ ਗਲਤ ਸੰਗਤ ਵਿਚ ਪੈ ਕੇ ਘਰ ਦੀ ਬਰਬਾਦੀ ਵਲ ਵਧ ਰਹੇ ਹਨ, ਉਨ੍ਹਾਂ ਨੂੰ ਉਨ੍ਹਾਂ ਨਾਲ ਲੜਨਾ ਨਹੀਂ ਚਾਹੀਦਾ, ਸਗੋਂ ਫੁੱਲ ਦਵਾਈ ਵਾਲਨਟ ਦੇਣੀ ਚਾਹੀਦੀ ਹੈ। ਜੇ ਇਹੀ ਬੱਚੇ ਜਾਂ ਮਰਦ ਪਹਿਲਾਂ ਹੀ ਨਸ਼ਿਆਂ ਦਾ ਸ਼ਿਕਾਰ ਹੋਏ ਹੋਣ ਤੇ ਹੁਣ ਛੱਡਣ ਦੀਆਂ ਤਕਲੀਫਾਂ ਕਾਰਨ ਕੋਸਿ਼ਸ਼ ਕਰਦਿਆਂ ਵੀ ਛੱਡ ਨਾ ਸਕਦੇ ਹੋਣ, ਤਾਂ ਫੁੱਲ ਦਵਾਈ ਵਾਲਨਟ ਉਨ੍ਹਾਂ ਦੇ ਕਸ਼ਟ ਨੂੰ ਸਹਿਨਯੋਗ ਬਣਾ ਕੇ ਉਨ੍ਹਾਂ ਨੂੰ ਸਹੀ ਰਾਹ ਪਾ ਦੇਵੇਗੀ।
ਹਰ ਇਕ ਦੇ ਜੀਵਨ ਵਿਚ ਪ੍ਰਭਾਵਸ਼ਾਲੀ ਵਿਅਕਤੀ ਆਉਂਦੇ ਹਨ। ਇਹ ਬਹੁਤਾ ਕਰ ਕੇ ਮਾਂ, ਪਿਓ, ਵੱਡੇ ਭੈਣ-ਭਰਾ, ਜਮਾਤੀ, ਅਧਿਆਪਕ, ਜਨ-ਨਾਇਕ, ਫਿਲਮੀ ਕਲਾਕਾਰ, ਉੱਘੇ ਸਮਾਜਿਕ ਜਾਂ ਇਤਿਹਾਸਕ ਵਿਅਕਤੀ ਹੁੰਦੇ ਹਨ। ਬਹੁਤੇ ਲੋਕ ਆਪਣੇ ਵਿਅਕਤਿਤਵ ਦਾ ਸੁਤੰਤਰ ਵਿਕਾਸ ਕਰਨ ਦੀ ਥਾਂ ਇਨ੍ਹਾਂ ਦੀ ਨਕਲ ਕਰਨ ਲੱਗ ਜਾਂਦੇ ਹਨ। ਕੋਈ ਮੁਕੇਸ਼ ਦੀ ਤਾਨ ਦਾ ਦੀਵਾਨਾ ਬਣ ਜਾਂਦਾ ਹੈ, ਕੋਈ ਰਾਜ ਕੁਮਾਰ ਦੇ ਡਾਇਲਾਗ ਮਾਰਨ ਲਗਦਾ ਹੈ, ਕੋਈ ਸ਼ਾਹਰੁਖ ਖਾਨ ਦੇ ਵਾਲਾਂ ਦੀ ਕਾਪੀ ਕਰਦਾ ਹੈ ਤੇ ਕੋਈ ਧਰਮਿੰਦਰ ਵਾਂਗ ਦੋ ਵਿਆਹ ਕਰਨ ਦੀ ਸੋਚਦਾ ਹੈ। ਕਈ ਪੜ੍ਹਾਈ ਵਿਚੇ ਛੱਡ ਕੇ ਬੰਬਈ ਚਲੇ ਜਾਂਦੇ ਹਨ, ਕਈ ਮਾਸ਼ੂਕ ਪਿੱਛੇ ਪਾਕਿਸਤਾਨ ਚਲੇ ਜਾਂਦੇ ਹਨ ਤੇ ਕਈ ਬੀਬੀਆਂ ਅਜਿਹੇ ਕੰਮਾਂ ਲਈ ਐਸ. ਜੀ. ਪੀ. ਸੀ. ਦੇ ਜਥਿਆਂ ਰਾਹੀਂ ਉੱਥੇ ਪਹੁੰਚ ਜਾਂਦੀਆਂ ਹਨ। ਕਈ ਆਪਣੇ ਹੀ ਧਰਮ ਵਿਚ ਜਾਨੂੰਨੀ ਸ਼ਰਧਾ ਬਣਾ ਕੇ ਆਪਣਾ ਜੀਵਨ ਅਸਾਵਾਂ ਬਣਾ ਕਰ ਲੈਂਦੇ ਹਨ। ਉਨ੍ਹਾਂ ਨੂੰ ਕਾਇਨਾਤ ਵਿਚ ਇਕੋ ਹੀ ਰੰਗ ਪਿਆਰਾ ਲੱਗਣ ਲਗਦਾ ਹੈ ਤੇ ਬਾਕੀ ਰੰਗ ਫਿੱਕੇ ਲਗਦੇ ਹਨ। ਭਾਵੇਂ ਇਨ੍ਹਾਂ ਗੱਲਾਂ ਵਿਚ ਚੰਗਾ-ਮਾੜਾ ਕੁਝ ਵੀ ਨਾ ਹੋਵੇ ਤਾਂ ਵੀ ਜਦੋਂ ਇਹ ਇਕ ਹੱਦ ਤੋਂ ਵਧ ਜਾਣ ਤਾਂ ਇਹ ਉਨ੍ਹਾਂ ਦੀ ਜੀਵਨ ਸ਼ੈਲੀ ਤੇ ਰਿਣੀ ਪ੍ਰਭਾਵ ਪਾਉਂਦੀਆਂ ਹਨ। ਇਸ ਲਈ ਜਦੋਂ ਵੀ ਕਿਸੇ ਦੇ ਮਨ ਵਿਚ ਕਿਸੇ ਦੂਜੇ ਦੀ ਕਾਪੀ ਕਰਨ ਦੀ ਤਰੰਗ ਉੱਠੇ, ਭਾਵ ਨਹਿਰੂ ਨੂੰ ਦੇਖ ਕੇ ਗਾਂਧੀ ਟੋਪੀ ਪਹਿਨਣ ਨੂੰ ਮਨ ਕਰੇ, ਗਾਂਧੀ ਨੂੰ ਦੇਖ ਚਰਖਾ ਕੱਤਣ ਨੂੰ ਚਿੱਤ ਕਰੇ, ਕਿਸੇ ਧਾਰਮਿਕ ਸੰਤ ਦੀ ਸ਼ਾਨੋ ਸ਼ੌਕਤ ਨੂੰ ਦੇਖ ਕੇ ਸੰਤਗਿਰੀ ਵਿਚ ਪੈਰ ਧਰਨ ਦੀ ਇੱਛਾ ਜਾਗੇ, ਤਾਂ ਉਹ ਆਪਣੇ ਪੈਰਾਂ ਨੂੰ ਉਖੜਨ ਤੋਂ ਬਚਾਉਣ ਲਈ ਫੁੱਲ ਦਵਾਈ ਵਾਲਨਟ ਦਾ ਪ੍ਰਯੋਗ ਕਰੇ।
ਇਸ ਫੁੱਲ ਦਵਾਈ ਦੇ ਮਾਨਸਿਕ ਇਲਾਜ ਦਾ ਦੂਜਾ ਪਾਸਾ ਅਤਿ-ਅਧਿਕ ਸੰਵੇਦਨਸ਼ੀਲਤਾ ਨੂੰ ਕਾਬੂ ਕਰਨਾ ਹੈ। ਇਸ ਦੇ ਮਰੀਜ਼ ਭਾਵੁਕ ਤੌਰ `ਤੇ ਬੜੇ ਮਲੂਕ ਹੁੰਦੇ ਹਨ, ਜੋ ਸਮੇਂ ਦੀ ਪਹਿਲੀ ਚਪੇੜ ਨਾਲ ਹੀ ਰੋਣ ਲੱਗ ਪੈਂਦੇ ਹਨ। ਇਨ੍ਹਾਂ ਦੀ ਤੁਲਨਾ ਪੌਦੇ ਦੀਆਂ ਨਰਮ ਕਰੂੰਬਲਾਂ ਨਾਲ ਕੀਤੀ ਜਾ ਸਕਦੀ ਹੈ, ਜੋ ਗਰਮੀ-ਸਰਦੀ ਤੇ ਸੋਕਾ ਪੈਣ ਨਾਲ ਸਭ ਤੋਂ ਪਹਿਲਾਂ ਮੁਰਝਾ ਜਾਂਦੀਆਂ ਹਨ। ਵਾਲਨਟ ਦੇ ਮਰੀਜ਼ ਦਾ ਦਿਲ ਵੀ ਇਨ੍ਹਾਂ ਵਾਂਗ ਹੀ ਕੋਮਲ ਹੁੰਦਾ ਹੈ। ਇਹ ਜੀਵਨ ਦੀਆਂ ਬਦਲਦੀਆਂ ਪ੍ਰਸਥਿਤੀਆਂ ਵਿਚ ਛੇਤੀ ਘਬਰਾ ਜਾਂਦਾ ਹੈ ਤੇ ਇਨ੍ਹਾਂ ਨੂੰ ਝੇਲਣ ਵਿਚ ਅਤਿਅੰਤ ਦੁੱਖ ਮਹਿਸੂਸ ਕਰਦਾ ਹੈ। ਸਕੂਲੀ ਬੈਂਚਾਂ `ਤੇ ਵਿਦਿਆਰਥੀ ਹਰ ਰੋਜ਼ ਇਕੋ ਸੀਟ `ਤੇ ਬੈਠਦੇ ਹਨ। ਜੇ ਮਾਸਟਰ ਉਨ੍ਹਾਂ ਨੂੰ ਉਠਾ ਕੇ ਦੂਜੀ ਥਾਂ ਬਿਠਾ ਦੇਵੇ ਤਾਂ ਉਹ ਔਖਿਆਈ ਮਹਿਸੂਸ ਕਰਦੇ ਹਨ ਤੇ ਉਨ੍ਹਾਂ ਦੀ ਸਮਝ ਵਿਚ ਵੀ ਕੁਝ ਨਹੀਂ ਪੈਂਦਾ। ਜੇ ਕਿਸੇ ਦੀ ਬਦਲੀ ਇਕ ਦਫਤਰ ਵਿਚੋਂ ਦੂਜੇ ਵਿਚ ਕਰ ਦਿੱਤੀ ਜਾਵੇ ਤਾਂ ਉਹ ਨਵੀਂ ਥਾਂ ਵਿਚ ਪ੍ਰਵੇਸ਼ ਕਰਦਾ ਕਠਿਨਾਈ ਮਹਿਸੂਸ ਕਰਦਾ ਹੈ। ਪਾਠਕਾਂ ਨੂੰ ਕੁਝ ਹਫਤੇ ਪਹਿਲਾਂ ਬਿਆਨ ਕੀਤਾ ਉਹ ਕੇਸ ਯਾਦ ਹੋਵੇਗਾ, ਜਿਸ ਵਿਚ ਇਕ ਨਰਸ ਬੀਬੀ ਨੂੰ ਤਰੱਕੀ ਤੋਂ ਬਾਅਦ ਨਵੇਂ ਹਸਪਤਾਲ ਵਿਚ ਜਾਣਾ ਪਿਆ ਸੀ ਤੇ ਨਵੀਂ ਥਾਂ `ਤੇ ਜਾ ਕੇ ਉਸ ਦਾ ਦਿਲ ਨਹੀਂ ਸੀ ਲੱਗਾ। ਉਹ ਉਦਾਸ ਹੋ ਕੇ ਡਿਪਰੈਸ਼ਨ ਵਿਚ ਚਲੀ ਗਈ ਸੀ ਤੇ ਤਰੱਕੀ ਛੱਡ ਕੇ ਪੁਰਾਣੇ ਹਸਪਤਾਲ ਵਿਚ ਜਾਣ ਨੂੰ ਅਮਾਦਾ ਸੀ। ਸਿਰਫ ਹਫਤਾ ਭਰ ਫੁੱਲ ਦਵਾਈ ਖਾ ਕੇ ਉਸ ਨੂੰ ਨਵਾਂ ਹਸਪਤਾਲ ਰਾਸ ਆ ਗਿਆ ਸੀ। ਹੁਣ ਵੀ ਉਹ ਉੱਥੇ ਹੀ ਹੈ ਤੇ ਬੜੀ ਖੁਸ਼ ਹੈ। ਉਸ ਦਾ ਜਿ਼ਕਰ ਕਰਦਿਆਂ ਮੈਂ ਮੁੱਖ ਦਵਾਈ ਦਾ ਨਾਂ ਨਹੀਂ ਸੀ ਦੱਸਿਆ, ਕਿਉਂਕਿ ਉਸ ਵੇਲੇ ਪਾਠਕਾਂ ਨੂੰ ਉਸ ਦਾ ਪਤਾ ਨਹੀਂ ਸੀ, ਪਰ ਹੁਣ ਦੱਸਦਾ ਹਾਂ ਕਿ ਉਹ ਫੁੱਲ ਦਵਾਈ ਵਾਲਨਟ ਹੀ ਸੀ, ਜਿਸ ਨੇ ਉਸ ਨੂੰ ਪੈਰਾਂ `ਤੇ ਖੜ੍ਹਾ ਕੀਤਾ।
ਜੀਵਨ ਵਿਚ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਪ੍ਰਸਥਿਤੀਆਂ ਆਉਂਦੀਆਂ ਹਨ, ਜਿੱਥੇ ਵਿਅਕਤੀ ਆਪਣੇ ਆਪ ਨੂੰ ਬਦਲਦੇ ਹਾਲਾਤ ਅਨੁਸਾਰ ਢਾਲ੍ਹ ਨਹੀਂ ਸਕਦਾ। ਉਹ ਆਪਣੇ ਪੁਰਾਣੇ ਰੌਂਅ ਵਿਚ ਹੀ ਚਲਦਾ ਰਹਿੰਦਾ ਹੈ ਤੇ ਕਸ਼ਟ ਉਠਾਉਂਦਾ ਹੈ। ਛੋਟਾ ਬੱਚਾ ਜਦੋਂ ਘਰ ਦੇ ਮਾਹੌਲ ਵਿਚੋਂ ਕੱਢ ਕੇ ਸਕੂਲ ਵਿਚ ਪਾਇਆ ਜਾਂਦਾ ਹੈ ਤਾਂ ਵਿਲਕਦਾ ਹੈ। ਸਕੂਲ ਦੇ ਨਿਯਮਾਂ ਵਿਚ ਬੰਨ੍ਹੇ ਮਾਹੌਲ ਨੂੰ ਛੱਡ ਕੇ ਜਦੋਂ ਉਹ ਕਾਲਜ ਦੇ ਮੋਕਲੇ ਵਾਤਾਵਰਣ ਵਿਚ ਪ੍ਰਵੇਸ਼ ਕਰਦਾ ਹੈ, ਤਦ ਵੀ ਉਸ ਦਾ ਉਹੀ ਉਦਰੇਵੇਂ ਵਾਲਾ ਹਾਲ ਹੁੰਦਾ ਹੈ। ਨੌਕਰੀ ਵਿਚ ਬਦਲੀ ਕਾਰਨ ਉਹ ਨਵੀਂ ਥਾਂ `ਤੇ ਮੁੜ ਵਸੇਬੇ ਵਿਚ ਔਖਿਆਈ ਮਹਿਸੂਸ ਕਰਦਾ ਹੈ। ਜਵਾਨ ਲੜਕੀਆਂ ਨੂੰ ਵਿਆਹ ਤੋਂ ਬਾਅਦ ਸਹੁਰੇ ਘਰ ਵਿਚ ਸਥਾਪਤ ਹੋਣਾ ਮੁਹਾਲ ਲਗਦਾ ਹੈ। ਉਨ੍ਹਾਂ ਦਾ ਗਮ ਕਿਸ ਤਰ੍ਹਾਂ ਦਾ ਹੁੰਦਾ ਹੈ, ਇਹ ਤਾਂ ਉਹੀ ਜਾਣਨ, ਪਰ ਇਸ ਕਸ਼ਟ ਦਾ ਇਕ ਕਾਰਨ ਉੱਥੇ ਜਾ ਕੇ ਨਾ ਘੁਲ-ਮਿਲ ਸਕਣਾ ਵੀ ਹੈ। ਪੇਕਿਆਂ ਵਾਲੇ ਉਨ੍ਹਾਂ ਨੂੰ ਸੌ ਤਰ੍ਹਾਂ ਦੀਆਂ ਸਿੱਖ-ਸਲਾਹਾਂ ਦੇ ਕੇ ਭੇਜਦੇ ਹਨ। ਕਈ ਔਖੇ ਵੇਲੇ ਦੀ ਅਗਵਾਈ ਲਈ ਪ੍ਰੋਫੈਸਰ ਨਰਿੰਦਰ ਕਪੂਰ ਦੀ ਪੁਸਤਕ ‘ਮਾਲਾ ਮਣਕੇ’ ਵੀ ਦਹੇਜ ਵਿਚ ਦਿੰਦੇ ਹਨ, ਪਰ ਸਮੱਸਿਆ ਦਾ ਹੱਲ ਨਹੀਂ ਨਿਕਲਦਾ। ਕਿੰਨਾ ਚੰਗਾ ਹੋਵੇ ਜੇ ਇਸ ਸਭ ਦੇ ਨਾਲ ਨਾਲ ਮਾਪੇ ਉਨ੍ਹਾਂ ਨੂੰ ਫੁੱਲ ਦਵਾਈ ਵਾਲਨਟ ਦੀ ਇਕ ਸ਼ੀਸ਼ੀ ਵੀ ਦੇ ਕੇ ਤੋਰਨ ਤਾਂ ਜੋ ਉਹ ਸਹੁਰੇ ਘਰ ਜਾਂਦਿਆਂ ਹੀ ਘਿਓ-ਖਿਚੜੀ ਹੋ ਜਾਣ! ਪਰ ਜੇ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਪੇਕਿਆਂ ਦੀ ਯਾਦ ਸਤਾਉਂਦੀ ਰਹੇ ਤੇ ਉਹ ਅਤੀਤ ਨੂੰ ਯਾਦ ਕਰ ਕੇ ਰੋਂਦੀਆਂ ਰਹਿਣ ਤਾਂ ਫੁੱਲ ਦਵਾਈ ਹਨੀਸੱਕਲ ਉਨ੍ਹਾਂ ਦੇ ਪੇਕਾ-ਹੇਜ਼ ਦਾ ਪੂਰਾ ਇਲਾਜ ਕਰੇਗੀ।
ਖੈਰ, ਔਰਤਾਂ ਦਾ ਪੇਕਿਆਂ ਨਾਲ ਮੋਹ ਦਾ ਰਿਸ਼ਤਾ ਤਾਂ ਕੁਦਰਤੀ ਤੇ ਵਾਜਬ ਹੈ। ਇਸ ਨੂੰ ਤੋੜਨ ਦੀ ਸਿਫਾਰਸ਼ ਕੋਈ ਨਹੀਂ ਕਰੇਗਾ, ਪਰ ਅਤੀਤ ਦੇ ਪੈਦਾ ਕੀਤੇ ਕਈ ਰਿਸ਼ਤੇ ਅਜਿਹੇ ਹੁੰਦੇ ਹਨ, ਜੋ ਟੁੱਟ ਜਾਣ `ਤੇ ਵੀ ਮਨ ਨੂੰ ਸਤਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਰਤਾ ਭਰ ਵੀ ਅੱਗੇ ਘਸੀਟਣਾ ਮਾਨਸਿਕ ਤਸੀਹਿਆਂ ਤੋਂ ਘੱਟ ਨਹੀਂ ਹੁੰਦਾ। ਮਿਸਾਲ ਵਜੋਂ ਜੇ ਤਲਾਕ ਤੋਂ ਬਾਅਦ ਪਹਿਲੀ ਪਤਨੀ ਦੀ ਯਾਦ ਪਿੱਛਾ ਨਾ ਛੱਡੇ ਤੇ ਵਾਰ ਵਾਰ ਉਸ ਨੂੰ ਮਿਲਣ ਨੂੰ ਦਿਲ ਚਾਹੇ ਤਾਂ ਅਜਿਹੇ ਰਿਸ਼ਤੇ ਦਾ ਕੋਈ ਲਾਭ ਨਹੀਂ। ਇਸ ਨਾਂਹਵਾਦੀ ਸਬੰਧ ਦਾ ਕਟਣਾ ਹੀ ਅੱਛਾ ਹੈ। ਇਹੀ ਹਾਲ ਮਨਚਾਹੀ ਮੰਗੇਤਰ ਜਾਂ ਮਹਿਬੂਬ ਨਾਲ ਵਿਆਹ ਨਾ ਹੋਣ ਮਗਰੋਂ ਪੁਰਾਣੇ ਸਬੰਧ ਲਮਕਾਈ ਰੱਖਣ ਦਾ ਹੈ। ਮਰ ਗਏ ਮਿੱਤਰ ਦੀ ਯਾਦ ਸਤਾਵੇ, ਕਿਰਾਏ `ਤੇ ਰਹੇ ਘਰਾਂ ਵਿਚ ਮੁੜ ਫੇਰਾ ਪਾਉਣ ਨੂੰ ਮਨ ਕਰੇ, ਜਾਂ ਕਿਸੇ ਦੇਖੀ ਹੋਈ ਥਾਂ ਨੂੰ ਫਿਰ ਜਾ ਕੇ ਦੇਖਣ ਨੂੰ ਦਿਲ ਕਰੇ ਤਾਂ ਵਾਲਨਟ ਦੀਆਂ ਕੁਝ ਖੁਰਾਕਾਂ ਨਾਲ ਮਨ ਸੰਭਲ ਜਾਵੇਗਾ।
ਜਰਮਨੀ ਦੀ ਵੰਡ ਨੇ ਉੱਥੋਂ ਦੇ ਲੋਕਾਂ ਨੂੰ ਬਹੁਤ ਵਿਰਾਗਿਆ। ਅੱਧੀ ਸਦੀ ਤੋਂ ਵੀ ਵੱਧ ਸਮੇਂ ਤੀਕ ਉਹ ਜਰਮਨ ਦੀਵਾਰ ਨੂੰ ਜਾ ਜਾ ਚੁੰਮਦੇ ਰਹੇ ਤੇ ਦਹਾੜਾਂ ਮਾਰਦੇ ਰਹੇ। ਜਿਹੜੇ 1947 ਵਿਚ ਆਪਣੇ ਘਰਾਂ ਨੂੰ ਪਾਕਿਸਤਾਨ ਵਿਚ ਛੱਡ ਆਏ ਸਨ, ਉਨ੍ਹਾਂ ਦੇ ਅਥਰੂ ਹਾਲੇ ਤੀਕ ਨਹੀਂ ਰੁਕਦੇ। ਜਿਹੜੀਆਂ ਔਰਤਾਂ ਤਲਾਕ-ਸ਼ੁਦਾ ਹੁੰਦੀਆਂ ਹਨ ਜਾਂ ਵਿਧਵਾ ਹੋ ਕੇ ਪੇਕੇ ਘਰ ਆ ਜਾਂਦੀਆਂ ਹਨ, ਉਹ ਛੇਤੀ ਛੇਤੀ ਆਪਣੀ ਹੋਣੀ ਅਨੁਸਾਰ ਨਹੀਂ ਢਲ ਸਕਦੀਆਂ। ਜਿਨ੍ਹਾਂ ਦੇ ਜਵਾਨ ਬੱਚੇ ਅਣਆਈ ਮੌਤ ਮਰ ਜਾਂਦੇ ਗਏ, ਉਹ ਦੁਖਾਂਤ ਕਾਰਨ ਕਦੇ ਆਪਣੀ ਜ਼ਿੰਦਗੀ ਦੇ ਨਵੇਂ ਮਾਇਨੇ ਨਹੀਂ ਲੱਭ ਸਕਦੇ। ਕੋਈ ਭਾਣਾ-ਮੰਨ ਫਿਲਾਸਫੀ ਵੀ ਉਨ੍ਹਾਂ ਨੂੰ ਇਨ੍ਹਾਂ ਤਬਦੀਲੀਆਂ ਅਨੁਸਾਰ ਰਵਾਂ ਹੋਣਾ ਨਹੀਂ ਸਿਖਾ ਸਕਦੀ। ਅਜਿਹੇ ਹਾਲਾਤ ਵਿਚ ਫੁੱਲ ਦਵਾਈ ਵਾਲਨਟ ਹੀ ਇਕ ਮਾਤਰ ਸਹਾਰਾ ਹੈ, ਜੋ ਉਨ੍ਹਾਂ ਨੂੰ ਜ਼ਿੰਦਗੀ ਦੇ ਮੋੜਾਂ ਨਾਲ ਮੁੜਨਾ ਸਿਖਾ ਦਿੰਦੀ ਹੈ।
ਕਿਹਾ ਜਾਂਦਾ ਹੈ ਕਿ ਜੇ ਕਿਸੇ ਦੰਪਤੀ ਵਿਚੋਂ ਪਤਨੀ ਪਹਿਲਾਂ ਸਵਰਗਵਾਸ ਹੋ ਜਾਵੇ ਤਾਂ ਉਸ ਦਾ ਪਤੀ ਬਹੁਤੀ ਦੇਰ ਨਹੀਂ ਕੱਢਦਾ। ਇੱਥੇ ਹੋਰ ਕਾਰਨਾਂ ਤੋਂ ਇਲਾਵਾ ਇਕ ਵੱਡਾ ਕਾਰਨ ਇਹ ਹੁੰਦਾ ਹੈ ਕਿ ਪਤੀ ਭਾਵਨਾਤਮਿਕ ਤੌਰ `ਤੇ ਆਪਣੀ ਪਤਨੀ ਨਾਲ ਇਕ-ਮਿੱਕ ਹੋਇਆ ਹੁੰਦਾ ਹੈ। ਉਸ ਦੇ ਵਿਛੜਨ ਤੋਂ ਬਾਅਦ ਉਹ ਖਲਾਅ ਨਾਲ ਨਹੀਂ ਨਿਭ ਸਕਦਾ। ਜਿਵੇਂ ਪਾਣੀ `ਚੋਂ ਨਿਕਲ ਕੇ ਮੱਛੀ ਰੇਤੇ ਵਿਚ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਪਤਨੀ ਰੂਪੀ ਪਾਣੀ ਤੋਂ ਬਿਨਾ ਪਤੀ ਦਾ ਰਹਿਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀਆਂ ਤੜਪਦੀਆਂ ਰੂਹਾਂ ਨੂੰ ਜੇ ਸਮੇਂ ਸਮੇਂ ਫੁੱਲ ਦਵਾਈ ਵਾਲਨਟ ਮਿਲਦੀ ਰਹੇ ਤਾਂ ਉਨ੍ਹਾਂ ਦੇ ਵਿਛੋੜੇ ਦੇ ਦਿਨ ਆਸਾਨ ਹੋ ਸਕਦੇ ਹਨ ਤੇ ਉਨ੍ਹਾਂ ਦੀ ਉਮਰ ਕਈ ਸਾਲ ਲੰਮੀ ਹੋ ਸਕਦੀ ਹੈ।
ਜਿਥੋਂ ਤੀਕ ਸਰੀਰਕ ਤਕਲੀਫਾਂ ਦਾ ਤਾਅਲੁਕ ਹੈ, ਪੈਦਾ ਹੋਣ ਤੋਂ ਬਾਅਦ ਹੀ ਮਨੁੱਖੀ ਸਰੀਰ ਵਿਚ ਵਿਕਾਸ ਦੇ ਕਈ ਕੁਦਰਤੀ ਪੜਾਓ ਆਉਣੇ ਸ਼ੁਰੂ ਹੋ ਜਾਂਦੇ ਹਨ। ਬੱਚਾ ਪਹਿਲਾਂ ਦੰਦ ਕੱਢਦਾ ਹੈ, ਫਿਰ ਉਹ ਬਾਲਕਪਣ ਤੋਂ ਗਭਰੈਲ ਅਵਸਥਾ ਵਿਚ ਦਾਖਲ ਹੁੰਦਾ ਹੈ। ਲੜਕਿਆਂ ਦੇ ਚਿਹਰੇ `ਤੇ ਵਾਲ ਉਗਦੇ ਹਨ ਤੇ ਲੜਕੀਆਂ ਨੂੰ ਮਹਾਵਾਰੀ ਆਉਣੀ ਸ਼ੁਰੂ ਹੁੰਦੀ ਹੈ। ਫਿਰ ਔਰਤਾਂ ਵਿਚ ਬਹਾ-ਬੰਦੀ (ੰੲਨੋਪਅੁਸੲ) ਦਾ ਦੌਰ ਆਉਂਦਾ ਹੈ, ਜਿਸ ਨਾਲ ਉਨ੍ਹਾਂ ਦੇ ਸਰੀਰ ਵਿਚ ਭਾਰੀ ਤਬਦੀਲੀ ਆਉਂਦੀ ਹੈ। ਸੱਤਰ-ਬਹੱਤਰ ਸਾਲ ਦੀ ਉਮਰ ਵਿਚ ਮਨੁੱਖ ਦੀ ਸੋਚ ਤੇ ਸੁਭਾਅ ਵਿਚ ਫਰਕ ਪੈਣੇ ਸ਼ੁਰੂ ਹੋ ਜਾਂਦੇ ਹਨ ਤੇ ਅੱਸੀ ਤੋਂ ਬਾਅਦ ਉਸ ਵਿਚ ਮੁੜ ਬਚਪਨ ਦੀਆਂ ਨਿਸ਼ਾਨੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਸ ਦੇ ਦੰਦ ਨਿਕਲ ਜਾਂਦੇ ਹਨ, ਪੱਠੇ ਢਿੱਲ੍ਹੇ ਹੋ ਜਾਂਦੇ ਹਨ, ਵਾਲ ਝੜ ਜਾਂਦੇ ਹਨ ਤੇ ਨਜ਼ਰ ਕਮਜ਼ੋਰ ਹੋ ਜਾਂਦੀ ਹੈ। ਕਈ ਵਿਅਕਤੀ ਇਨ੍ਹਾਂ ਸਰੀਰਕ ਤਬਦੀਲੀਆਂ ਨੂੰ ਕੁਦਰਤੀ ਢੰਗ ਨਾਲ ਜਰ ਜਾਂਦੇ ਹਨ, ਪਰ ਬਹੁਤੇ ਕਸ਼ਟਾਂ ਵਿਚ ਫਸ ਜਾਂਦੇ ਹਨ। ਵਿਕਾਸ ਨਾਲ ਜੁੜੀਆਂ ਇਹ ਸਭ ਤਕਲੀਫਾਂ ਦਰਸਾਉਂਦੀਆਂ ਹਨ ਕਿ ਮਨੁੱਖੀ ਸਰੀਰ ਤਬਦੀਲੀਆਂ ਨੂੰ ਆਸਾਨੀ ਨਾਲ ਗ੍ਰਹਿਣ ਨਹੀਂ ਕਰਦਾ, ਭਾਵ ਕੁਦਰਤ ਦਾ ਭਾਣਾ ਖੁਸ਼ੀ ਖੁਸ਼ੀ ਨਹੀਂ ਮੰਨਦਾ। ਹਰ ਸਟੇਜ `ਤੇ ਫੁੱਲ ਦਵਾਈ ਵਾਲਨਟ ਦੀਆਂ ਦਿੱਤੀਆਂ ਕੁਝ ਖੁਰਾਕਾਂ ਵਿਅਕਤੀ ਨੂੰ ਇਹ ਤਬਦੀਲੀਆਂ ਆਸਾਨੀ ਨਾਲ ਪਾਰ ਕਰਵਾ ਸਕਦੀਆਂ ਹਨ। ਜਿਨ੍ਹਾਂ ਬੱਚਿਆਂ ਨੂੰ ਦੰਦ ਕੱਢਣ ਵੇਲੇ ਦਰਦ ਤੇ ਦਸਤ ਲੱਗ ਜਾਂਦੇ ਹਨ, ਜਿਨ੍ਹਾਂ ਬੀਬੀਆਂ ਨੂੰ ਮਹਾਵਾਰੀ ਵੇਲੇ ਨਕਸੀਰ, ਸਿਰਦਰਦ, ਗਲੇਡੂ, ਉਲਟੀਆਂ-ਚੱਕਰ ਤੇ ਕਮਜੋਰੀ ਆ ਘੇਰਦੇ ਹਨ ਤੇ ਜਿਹੜੀਆਂ ਔਰਤਾਂ ਨੂੰ ਬਹਾ-ਬੰਦੀ ਵੇਲੇ ਗੁੱਸਾ, ਤ੍ਰੇਲੀਆਂ, ਸਿਰਦਰਦ ਤੇ ਤਾਲੂ-ਸਾੜਾ ਤੰਗ ਕਰਦੇ ਹਨ, ਉਨ੍ਹਾਂ ਲਈ ਤਾਂ ਇਹ ਇਕ ਵਰਦਾਨ ਹੈ। ਇਸ ਦੇ ਲੈਣ ਨਾਲ ਪੀੜਤ ਭੈਣਾਂ ਨੂੰ ਤਾਂ ਪਤਾ ਹੀ ਨਹੀਂ ਚਲੇਗਾ ਕਿ ਉਹ ਇਨ੍ਹਾਂ ਅਵਸਥਾਵਾਂ ਦੇ ਭਵਸਾਗਰ ਨੂੰ ਕਦੋਂ ਪਾਰ ਕਰ ਗਈਆਂ।
ਕੁਦਰਤੀ ਵਿਕਾਸ ਦੀਆਂ ਅਵਸਥਾਵਾਂ ਤੋਂ ਬਿਨਾ ਵੀ ਮਨੁੱਖ ਨੂੰ ਜਿ਼ੰਦਗੀ ਵਿਚ ਕਈ ਤੌਖਲੇ ਭਰਪੂਰ ਘੜੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਉਸ ਦੇ ਦਿਲੋ-ਦਿਮਾਗ `ਤੇ ਭਾਰ ਪਾਉਂਦੀਆਂ ਹਨ। ਕੋਈ ਅਹਿਮ ਫੈਸਲਾ ਲੈਣਾ ਹੋਵੇ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਰਿਸ਼ਤਾ ਜੋੜਨਾ ਜਾਂ ਤੋੜਨਾ ਹੋਵੇ, ਧਰਮ ਬਦਲਣਾ ਹੋਵੇ, ਪੁਰਾਣੇ ਸੰਸਕਾਰ ਜਾਂ ਆਦਤਾਂ ਤੋੜਨੀਆਂ ਪੈਣ, ਦੂਜੇ ਥਾਂ ਜਾ ਕੇ ਰਹਿਣਾ ਹੋਵੇ, ਤਲਾਕ ਜਾਂ ਵਿਛੋੜੇ ਵਿਚੋਂ ਗੁਜਰਨਾ ਪਵੇ ਤੇ ਕਿਸੇ ਵਿਅਕਤੀ ਜਾਂ ਫਿਲਾਸਫੀ ਦੇ ਪ੍ਰਭਾਵ ਤੋਂ ਆਜ਼ਾਦ ਹੋਣਾ ਹੋਵੇ ਤਾਂ ਮਨੁੱਖ ਦੇ ਮਨ ਵਿਚ ਕਈ ਢਾਹੂ ਵਿਚਾਰ ਆ ਕੇ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਕਈ ਵਾਰ ਆਪਣੀ ਹੀ ਜ਼ਮੀਰ ਵਿਚ ਫਸੀਆਂ ਗਲਤ ਧਾਰਨਾਵਾਂ, ਵਹਿਮ-ਭਰਮ, ਰੂੜ੍ਹੀਆਂ, ਮਾਨਤਾਵਾਂ ਤੇ ਸਭਿਆਚਾਰਕ ਰੋਕਾਂ ਮਨੁੱਖ ਦਾ ਰਾਹ ਰੋਕ ਕੇ ਖੜ੍ਹ ਜਾਂਦੀਆਂ ਹਨ। ਜਦੋਂ ਇਨ੍ਹਾਂ ਅੜਚਨਾਂ ਨੂੰ ਪਾਰ ਕਰਨ ਵਿਚ ਔਖਿਆਈ ਆਉਂਦੀ ਹੋਵੇ ਤੇ ਇਨ੍ਹਾਂ ਦੇ ਮਨੋਵਿਗਿਆਨਕ ਦਬਾਓ ਤੋਂ ਮੁਕਤੀ ਪਾ ਕੇ ਆਪਣੀ ਮੰਜ਼ਿਲ ਵਲ ਵਧਣਾ ਹੋਵੇ ਤਾਂ ਫੁੱਲ ਦਵਾਈ ਵਾਲਨਟ ਜਿਹੀ ਸਹਾਇਤਾ ਹੋਰ ਕੋਈ ਦਵਾਈ ਨਹੀਂ ਕਰ ਸਕਦੀ।
ਜਿਵੇਂ ਉਪਰ ਵਰਣਨ ਕੀਤਾ ਗਿਆ ਹੈ, ਸਰੀਰਕ ਪੱਖ ਤੋਂ ਇਹ ਦਵਾਈ ਬਹੁਤ ਸਾਰੀਆਂ ਤਕਲੀਫਾਂ ਜਾਂ ਬਿਮਾਰੀਆਂ ਵਿਚ ਅਲਾਮਤਾਂ ਅਨੁਸਾਰ ਸਿੱਧੀ ਹੀ ਦਿੱਤੀ ਜਾ ਸਕਦੀ ਹੈ, ਪਰ ਸਿਧਾਂਤ ਇੱਥੇ ਵੀ ਉਹੀ ਤਬਦੀਲੀ ਪ੍ਰਤੀ ਅਸਹਿਨਸ਼ੀਲਤਾ ਤੇ ਬਾਹਰੀ ਪ੍ਰਭਾਵਾਂ ਤੋਂ ਮੁਕਤੀ ਪਾਉਣ ਵਾਲਾ ਲਾਗੂ ਹੁੰਦਾ ਹੈ। ਮਿਸਾਲ ਵਜੋਂ ਅੱਜ ਕੱਲ੍ਹ ਰੇਲ ਗੱਡੀਆਂ, ਕਾਰਾਂ, ਬੱਸਾਂ, ਹਵਾਈ ਜਹਾਜ਼ਾਂ ਆਦਿ ਵਿਚ ਸਫਰ ਆਮ ਕੀਤਾ ਜਾਂਦਾ ਹੈ। ਇਹ ਸਭ ਸਫਰੀ ਸਾਧਨ ਮਸ਼ੀਨੀ ਸ਼ਕਤੀ ਨਾਲ ਚਲਦੇ ਹਨ, ਜੋ ਮਨੁੱਖ ਦੀ ਆਪਣੀ ਜਿਸਮਾਨੀ ਤਾਕਤ ਨਾਲੋਂ ਕਿਤੇ ਵੱਧ ਸ਼ਕਤੀਸ਼ਾਲੀ ਹੁੰਦੀ ਹੈ। ਇਹ ਮਸ਼ੀਨੀ ਵਾਹਨ ਮਨੁੱਖ ਨੂੰ ਇੰਨੀ ਤੇਜ ਗਤੀ ਨਾਲ ਭਜਾ ਕੇ ਲੈ ਜਾਂਦੇ ਹਨ, ਜਿਸ ਨਾਲ ਉਹ ਆਪਣੇ ਆਪ ਕਦੇ ਨਹੀਂ ਦੌੜਿਆ ਹੁੰਦਾ। ਇਸ ਤਾਕਤਵਰ ਗਤੀ ਦੇ ਪ੍ਰਭਾਵ ਅਧੀਨ ਉਸ ਦੇ ਸਰੀਰ ਵਿਚ ਕਈ ਪ੍ਰਕਾਰ ਦੇ ਤਣਾਓ ਪੈਦਾ ਹੋ ਜਾਂਦੇ ਹਨ, ਜੋ ਸਾਧਾਰਨ ਗਤੀ `ਤੇ ਚਲਦਿਆਂ ਨਹੀਂ ਹੁੰਦੇ। ਕਾਰ ਵਿਚ ਬੈਠਦਿਆਂ ਹੀ ਦਿਲ ਘਬਰਾਉਣਾ ਤੇ ਉਲਟੀ-ਚੱਕਰਾਂ ਦਾ ਆਉਣਾ ਕਈਆਂ ਦੀ ਪੁਰਾਣੀ ਤਕਲੀਫ ਹੈ। ਕਈਆਂ ਨੂੰ ਰੇਲ ਗੱਡੀ ਵਿਚ ਸਫਰ ਕਰਨ ਨਾਲ ਕਬਜੀ ਹੋ ਜਾਂਦੀ ਹੈ। ਲੰਮੇ ਹਵਾਈ ਸਫਰ ਤੋਂ ਬਾਅਦ ਜੈੱਟ-ਲੈਗ ਤਾਂ ਲਗਭਗ ਸਭ ਨੂੰ ਹੋ ਜਾਂਦਾ ਹੈ। ਕਈਆਂ ਦੇ ਬੈਠਣ ਕਾਰਨ ਪੈਰ ਵੀ ਸੁੱਜ ਜਾਂਦੇ ਹਨ, ਜੋ ਕਈ ਕਈ ਦਿਨ ਠੀਕ ਨਹੀਂ ਹੁੰਦੇ। ਇਨ੍ਹਾਂ ਸਭ ਸਰੀਰਕ ਤਕਲੀਫਾਂ ਦੀ ਸਫਲ ਦਵਾਈ ਵਾਲਨਟ ਹੈ।
ਮੇਰੀ ਇਕ 17 ਸਾਲਾਂ ਦੀ ਮਰੀਜ਼ ਲੜਕੀ ਨੂੰ ਉਸ ਦਾ ਪਿਤਾ ਸੌ ਮੀਲ ਦੂਰ ਯੂਬਾ ਸਿਟੀ ਤੋਂ ਲੈ ਕੇ ਆ ਰਿਹਾ ਸੀ। ਚੱਲਣ ਵੇਲੇ ਉਸ ਨੇ ਮੈਨੂੰ ਦੱਸਿਆ ਕਿ ਉਹ ਡੇਢ ਘੰਟੇ ਵਿਚ ਪਹੁੰਚ ਜਾਵੇਗਾ। ਜਦੋਂ ਉਹ ਢਾਈ ਘੰਟੇ ਬਾਅਦ ਆਇਆ ਤਾਂ ਮੈਂ ਉਸ ਦੇ ਲੇਟ ਆਉਣ ਦਾ ਸਬੱਬ ਪੁੱਛਿਆ। ਉਹ ਬੋਲਿਆ, “ਸਰ, ਚੱਲਿਆ ਤਾਂ ਮੈਂ ਸਹੀ ਸਮੇਂ `ਤੇ ਸੀ ਤੇ ਵਕਤ ਸਿਰ ਹੀ ਪਹੁੰਚ ਜਾਣਾ ਸੀ, ਪਰ ਜਦੋਂ ਵੀ ਚਲਦਾ ਬੇਟੀ ਨੂੰ ਉਲਟੀ ਆ ਜਾਂਦੀ ਤੇ ਰੁਕਣਾ ਪੈਂਦਾ।” ਉਸ ਦੇ ਇਸ ਖੁਲਾਸੇ ਨੇ ਮੇਰਾ ਕੰਮ ਆਸਾਨ ਕਰ ਦਿੱਤਾ। ਲੜਕੀ ਦਾ ਕੇਸ ਮਹਾਵਾਰੀ ਵੇਲੇ ਅਸਹਿ ਪੀੜਾ ਨਾਲ ਲੱਤਾਂ ਵਿਚ ਕੜੱਲ ਪੈਣ ਦਾ ਸੀ। ਦੋਹਾਂ ਮਰਜਾਂ ਦੀ ਇਕੋ ਦਵਾਈ ਹੋਣ ਕਰਕੇ ਮੈਂ ਉਸ ਨੂੰ ਫੁੱਲ ਦਵਾਈ ਵਾਲਨਟ ਦੀਆਂ ਦੋ ਖੁਰਾਕਾਂ ਰੋਜ਼ਾਨਾ ਮਹੀਨਾ ਭਰ ਖਾਣ ਲਈ ਦੱਸੀਆਂ। ਲੜਕੀ ਦੀਆਂ ਦਰਦਾਂ, ਕੜੱਲਾਂ ਤੇ ਕਾਰ ਵਿਚ ਬੈਠਣ ਨਾਲ ਦਿਲ ਮਤਲਾਉਣ ਦੀਆਂ ਸਾਰੀਆ ਤਕਲੀਫਾਂ ਉਡ ਗਈਆਂ।
ਕਈ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਪ੍ਰਾਹੁਣਾਚਾਰੀ ਵਿਚ ਜਾ ਕੇ ਨੀਂਦ ਨਹੀਂ ਆਉਂਦੀ। ਕਈਆਂ ਦਾ ਘਰ ਤੋਂ ਬਾਹਰ ਜੀਅ ਉੱਖੜਦਾ ਹੈ। ਕਈਆਂ ਨੂੰ ਆਪਣੇ ਘਰ ਤੋਂ ਬਾਹਰ ਰਹਿ ਕੇ ਕਬਜ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈਆਂ ਨੂੰ ਅਜਿਹੀ ਕਬਜੀ ਰੇਲ ਗੱਡੀ ਦੇ ਲੰਮੇ ਸਫਰ ਤੋਂ ਬਾਅਦ ਵੀ ਹੋ ਜਾਂਦੀ ਹੈ। ਕਈਆਂ ਨੂੰ ਰੇਲ ਗੱਡੀ ਜਾਂ ਬੱਸ ਵਿਚ ਸਫਰ ਕਰਦਿਆਂ ਠੰਡ ਲੱਗ ਜਾਂਦੀ ਹੈ ਤੇ ਨਜ਼ਲਾ ਬੁਖਾਰ ਹੋ ਜਾਂਦਾ ਹੈ। ਕਈਆਂ ਦੇ ਹੱਡ ਤੇ ਜੋੜ ਖੜਕ ਜਾਂਦੇ ਹਨ ਤੇ ਉਹ ਕਮਜੋਰੀ ਨਾਲ ਕਈ ਕਈ ਦਿਨ ਮੰਜੇ ਨਾਲ ਲੱਗੇ ਰਹਿੰਦੇ ਹਨ। ਸਫਰ ਅਤੇ ਘਰੋਂ ਬਾਹਰ ਰਹਿਣ (ਧਸਿਪਲਅਚੲਮੲਨਟ) ਦੀਆਂ ਇਨ੍ਹਾਂ ਸਾਰੀਆਂ ਤਕਲੀਫਾਂ ਦੀ ਰਾਮ ਬਾਣ ਔਸ਼ਧੀ ਫੁੱਲ ਦਵਾਈ ਵਾਲਨਟ ਹੈ।
ਕੋਈ ਇਕ ਨਹੀਂ, ਸਗੋਂ ਬਹੁਤ ਸਾਰੇ ਮਰੀਜ਼ ਡਾਕਟਰ ਕੋਲ ਜਾ ਕੇ ਦੱਸਦੇ ਹਨ ਕਿ ਇਹ ਉਨ੍ਹਾਂ ਦੀ ਬਿਮਾਰੀ ਪਿਤਾ ਪੁਰਖੀ ਹੈ। ਕਈ ਆ ਕੇ ਕਹਿੰਦੇ ਹਨ ਕਿ ਉਨ੍ਹਾਂ ਨੂੰ “ਸੂਗਰ’ ਹੈ, ਪਰ ਇਹ ਉਨ੍ਹਾਂ ਦੇ ਪਿਤਾ ਨੂੰ ਵੀ ਸੀ। ਕੀ ਇਸ ਦਾ ਇਲਾਜ ਹੋ ਸਕਦਾ ਹੈ? ਕਈ ਤਾਂ ਸਿਰਦਰਦ, ਮਾਈਗ੍ਰੇਨ, ਬਲੱਡ ਪ੍ਰੈਸ਼ਰ ਨੂੰ ਵੀ ਖਾਨਦਾਨੀ ਬੀਮਾਰੀਆਂ ਦੱਸਦੇ ਹਨ। ਸਥਿਤੀ ਅਜੀਬੋ ਗਰੀਬ ਉਦੋਂ ਬਣੀ ਹੁੰਦੀ ਹੈ, ਜਦੋਂ ਕੋਈ ਆ ਕੇ ਪੁੱਛਦਾ ਹੈ, “ਮੈਨੂੰ ਗੁੱਸਾ ਬਹੁਤ ਆਉਂਦਾ ਹੈ, ਪਰ ਇਹ ਸਾਡੇ ਸਾਰੇ ਪਰਿਵਾਰ ਦੇ ਜੀਨਜ਼ (ਘੲਨੲਸ) ਵਿਚ ਹੈ। ਇਸ ਦਾ ਹੈ ਕੋਈ ਇਲਾਜ ਤੁਹਾਡੇ ਕੋਲ?” ਇਹ ਸਭ ਸ਼ਬਦ ਉਨ੍ਹਾਂ ਕੋਲ ਐਲੋਪੈਥਾਂ ਕੋਲੋਂ ਆਏ ਹੁੰਦੇ ਹਨ, ਜਿਨ੍ਹਾਂ ਨੂੰ ਉਹ ਮਾਡਰਨ ਬਣਨ ਦੀ ਖਾਹਿਸ਼ ਨਾਲ ਵਰਤਦੇ ਰਹਿੰਦੇ ਹਨ। ਮੈਂ ਇਨ੍ਹਾਂ ਮਰੀਜ਼ਾਂ ਨੂੰ ਅਕਸਰ ਪੁੱਛ ਲੈਂਦਾ ਹਾਂ, “ਤੁਸੀਂ ਕਦੇ ਦੇਖਿਆ ਹੈ ਜੀਨ? ਮੈਂ ਤਾਂ ਨਹੀਂ ਦੇਖਿਆ।” ਉਹ ਖਸਿਆਣੇ ਜਿਹੇ ਹੋ ਕੇ ਜਵਾਬ ਦਿੰਦੇ ਹਨ, “ਦੇਖਿਆ ਤਾਂ ਨਹੀਂ, ਪਰ ਡਾਕਟਰ ਕਹਿੰਦੇ ਨੇ।” ਪਰ ਹੋਮਿਓਪੈਥ ਤਾਂ ਇਹ ਜਾਣਦਾ ਹੈ ਕਿ ਜੀਨ ਸਰੀਰ ਵਿਚ ਹੈ, ਸਰੀਰ ਜੀਨ ਵਿਚ ਨਹੀਂ। ਜੇ ਕਿਸੇ ਨੂੰ ਕੋਈ ਪਿਤਾ ਪੁਰਖੀ ਤਕਲੀਫ ਹੋਵੇ, ਭਾਵੇਂ ਐਕਜ਼ੀਮਾ, ਐਲਜ਼ਾਈਮਰ ਜਾਂ ਕੈਂਸਰ ਹੀ ਕਿਉਂ ਨਾ ਹੋਵੇ ਅਤੇ ਉਹ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੋਵੇ ਤਾਂ ਉਸ ਦੀ ਮਦਦ ਫੁੱਲ ਦਵਾਈ ਵਾਲਨਟ ਕਰੇਗੀ। ਕਾਰਨ ਇਹ ਕਿ ਇਹ ਫੁੱਲ ਦਵਾਈ ਆਪਣੇ ਤੋਂ ਵੱਡਿਆਂ ਦੇ ਪ੍ਰਭਾਵ, ਸੰਸਕਾਰੀ ਕੜੀਆਂ ਤੇ ਪਿਤਾ ਪੁਰਖੀ ਸਬੰਧਾਂ ਤੋਂ ਨਿਜ਼ਾਤ ਦੇਣ ਦਾ ਕੰਮ ਕਰਦੀ ਹੈ।
ਮੈਨੂੰ ਇਹ ਦੱਸ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਫੁੱਲ ਦਵਾਈ ਵਾਲਨਟ ਅਲਰਜੀ ਦੀ ਬਹੁਤ ਵਧੀਆਂ ਦਵਾਈ ਹੈ। ਅੱਜ ਕੱਲ ਸਭ ਪਾਸੇ ਜਿਨੈਟੀਕਲੀ ਮੌਡੀਫਾਈਡ ਦਰਖਤ ਲੱਗੇ ਹੋਏ ਹਨ। ਇਹ ਸ਼ਾਮ ਸਵੇਰੇ ਅਜਿਹਾ ਪ੍ਰਦੂਸ਼ਣ ਛੱਡਦੇ ਹਨ ਕਿ ਨੱਕ ਤੇ ਅੱਖਾਂ `ਚੋਂ ਪਾਣੀ ਵੱਗਣ ਲਗਦਾ ਹੈ। ਮੌਸਮੀ ਬਦਲਾਓ ਵੇਲੇ ਤੇ ਪੋਲਨ ਦੀ ਰੁੱਤ ਵਿਚ ਤਾਂ ਕੋਈ ਵਿਰਲਾ ਹੀ ਇਸ ਅਲਰਜੀ ਤੋਂ ਬਚਦਾ ਹੋਵੇਗਾ। ਅੱਖਾਂ ਦਾ ਸੁੱਜਣਾ, ਪਲਕਾਂ `ਤੇ ਖੁਰਕ ਹੋਣੀ, ਡੇਲਿਆਂ ਵਿਚ ਸੂਈਆਂ ਚੁਭਣੀਆਂ, ਛਿੱਕਾਂ ਲੱਗਣੀਆਂ, ਨੱਕ ਵੱਗਣਾ, ਸਿਰ ਦਰਦ ਹੋਣਾ ਆਦਿ ਅਲਾਮਤਾਂ ਪਲ ਭਰ ਵਿਚ ਪੈਦਾ ਹੋ ਜਾਂਦੀਆਂ ਹਨ। ਵਾਲਨਟ ਦੀ ਇਕੋ ਛੋਟੀ ਗੋਲੀ ਇਨ੍ਹਾਂ ਸਭ ਤਕਲੀਫਾਂ ਨੂੰ ਤਿੰਨ ਸਕਿੰਟਾਂ ਵਿਚ ਗਾਇਬ ਕਰ ਦਿੰਦੀ ਹੈ। ਮੇਰਾ ਆਪਣਾ ਬੈੱਡ ਬਾਰੀ ਕੋਲ ਹੈ, ਜਿਸ ਦੇ ਬਾਹਰ ਹੈੱਜ ਤੇ ਫਲਾਂ ਦੇ ਬੂਟੇ ਲੱਗੇ ਹੋਏ ਹਨ। ਸਵੇਰ ਸਾਰ ਪਾਣੀ ਦੇ ਫੁਹਾਰੇ ਚਲਦਿਆਂ ਹੀ ਉਨ੍ਹਾਂ ਦੀ ਹਵਾੜ੍ਹ ਅੰਦਰ ਆਉਂਦੀ ਹੈ, ਜਿਸ ਨਾਲ ਅੱਖਾਂ ਵਿਚ ਚੀਸਾਂ ਵਾਲੀ ਖਾਜ ਤੇ ਗਲੇ ਵਿਚ ਖਾਰਸ਼ ਪੈਦਾ ਹੁੰਦੀ ਹੈ। ਫੁੱਲ ਦਵਾਈਆਂ ਦਾ ਡੱਬਾ ਮੇਰੇ ਕੋਲ ਹੀ ਪਿਆ ਹੁੰਦਾ ਹੈ। ਵਾਲਨਟ ਦੀ ਇੱਕੋ ਗੋਲੀ ਲੈਂਦਾ ਹਾਂ ਤੇ ਸ਼ੀਸ਼ੀ ਵਾਪਸ ਡੱਬੇ ਵਿਚ ਰੱਖਣ ਤੋਂ ਪਹਿਲਾਂ ਪਹਿਲਾਂ ਇਨ੍ਹਾਂ ਸਭ ਅਲਾਮਤਾਂ ਤੋਂ ਆਰਾਮ ਆ ਜਾਂਦਾ ਹੈ। ਇਸ ਦਵਾਈ ਦੀ ਇਹ ਅਧਭੁਤ ਕਰਾਮਾਤ ਮੈਂ ਬਹੁਤ ਵਾਰ ਅਜਮਾ ਚੁਕਾ ਹਾਂ।