ਤੇਰਾ ਸਿੰਘ ਚੰਨ ਜਨਮ ਸ਼ਤਾਬਦੀ ਸਮਾਗਮ

ਗੁਲਜ਼ਾਰ ਸਿੰਘ ਸੰਧੂ
ਚੰਡੀਗੜ੍ਹ ਲੇਖਕ ਸਭਾ ਦੇ ਸੰਸਥਾਪਕ ਤੇ ਪੰਜਾਬ ਇਪਟਾ ਦੇ ਕਰਤਾ-ਧਰਤਾ ਰਹੇ ਤੇਰਾ ਸਿੰਘ ਚੰਨ ਦੀ ਜਨਮ ਸ਼ਤਾਬਦੀ ਦੇ ਪ੍ਰਸੰਗ ਵਿਚ ਪੰਜਾਬ ਕਲਾ ਪ੍ਰੀਸ਼ਦ ਦੇ ਵਿਹੜੇ 11 ਸਤੰਬਰ ਨੂੰ ਇਕ ਯਾਦਗਾਰੀ ਸਮਾਗਮ ਰਚਾਇਆ ਗਿਆ। ਇਸ ਵਿਚ ਤੇਰਾ ਸਿੰਘ ਚੰਨ ਦੀਆਂ ਸਾਹਿਤਕ ਰਚਨਾਵਾਂ ਤੇ ਉਨ੍ਹਾਂ ਵਲੋਂ ਪੰਜਾਬੀ ਸਾਹਿਤ ਤੇ ਸਭਿਆਚਾਰ ਦੀ ਸਾਂਭ-ਸੰਭਾਲ ਲਈ ਕੀਤੇ ਅਣਥੱਕ ਯਤਨਾਂ ਦੀ ਚਰਚਾ ਹੋਈ, ਜਿਸ ਵਿਚ ਦਰਸ਼ਨ ਬੁੱਟਰ, ਸੁਖਦੇਵ ਸਿੰਘ ਸਰਸਾ, ਬਲਕਾਰ ਸਿੱਧੂ, ਸਰਬਜੀਤ ਕੌਰ ਸੋਹਲ, ਸਾਹਬ ਸਿੰਘ (ਨਾਟਕਕਾਰ), ਕਾਮਰੇਡ ਬੰਤ ਬਰਾੜ ਤੇ ਪੰਜਾਬੀ ਸਾਹਿਤ ਨੂੰ ਅੰਗਰੇਜ਼ੀ ਮੀਡੀਆ ਵਿਚ ਪ੍ਰਚਾਰਨ ਵਾਲੇ ਜਸਪਾਲ ਸਿੰਘ ਤੋਂ ਬਿਨਾ ਚੰਡੀਗੜ੍ਹ ਦੇ ਸਭਿਆਚਾਰਕ ਜਗਤ ਨਾਲ ਸਬੰਧਤ ਅਨੇਕਾਂ ਕਾਰਕੁਨਾਂ ਨੇ ਹਿੱਸਾ ਲਿਆ, ਮੋਹਾਲੀ ਵਾਲੇ ਦਵਿੰਦਰ ਦਮਨ ਸਮੇਤ।

ਕੁਲਦੀਪ ਸਿੰਘ ਦੀਪ ਨੇ ਆਪਣੇ ਭਾਸ਼ਨ ਵਿਚ ਚੰਨ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪਹੰੁਚ ਨੂੰ ਸਿਕੰਦਰ ਤੇ ਪੋਰਸ ਦੇ ਸੰਦਰਭ ਵਿਚ ਪਰੋ ਕੇ ਉਨ੍ਹਾਂ ਦੀ ਜੰਗ ਵਿਰੋਧੀ ਧਾਰਨਾ ਨੂੰ ‘ਲੱਕੜ ਦੀ ਲੱਤ’ ਤੇ ‘ਨੀਲ ਦੀ ਸ਼ਹਿਜ਼ਾਦੀ’ ਉਪੇਰਿਆਂ ਤੇ ਕਾਵਿਕ ਰਚਨਾਵਾਂ ਦੇ ਹਵਾਲੇ ਨਾਲ ਉਜਾਗਰ ਕੀਤਾ।
ਪਾਕਿਸਤਾਨ ਦੇ ਕੈਂਬਲਪੁਰ ਜਿਲੇ ਦਾ ਜੰਮਪਲ, ਨਵੀਂ ਦਿੱਲੀ ਦੀ ਤਾਸ ਨਿਊਜ ਏਜੰਸੀ ਦਾ ਜਾਣਿਆ-ਪਛਾਣਿਆ ਕਾਰਕੁਨ ਤੇ ਅੰਤਲੀ ਉਮਰ ਚੰਡੀਗੜ੍ਹ ਵਿਚ ਗੁਜਾਰਨ ਵਾਲਾ ਤੇਰਾ ਸਿੰਘ ਚੰਨ ਦੂਜੇ ਵਿਸ਼ਵ ਯੁੱਧ ਦੀ ਤਬਾਹੀ ਤੋਂ ਜਾਣੂ ਸੀ। ‘ਲੱਕੜ ਦੀ ਲੱਤ’ ਓਪੇਰੇ ਵਿਚ ਉਸ ਫੌਜੀ ਦਾ ਜੀਵਨ ਚਿਤਰਿਆ ਹੈ, ਜਿਹੜਾ ਗਰੀਬ ਪਰਿਵਾਰ ਦੀਆਂ ਤੰਗੀਆਂ ਦੂਰ ਕਰਨ ਹਿੱਤ ਫੌਜ ਵਿਚ ਭਰਤੀ ਹੰੁਦਾ ਹੈ ਤੇ ਉਥੇ ਉਸ ਦੀ ਲੱਤ ਕੱਟੀ ਜਾਂਦੀ ਹੈ; ਤੇ ਉਹ ਬਾਕੀ ਦੀ ਉਮਰ ਲੱਕੜ ਦੀ ਲੱਤ ਦੇ ਸਹਾਰੇ ਬਤੀਤ ਕਰਦਾ ਹੈ। ਉਸ ਦੇ ਤੁਰ ਜਾਣ ਤੋਂ ਬਹੁਤ ਪਿੱਛੋਂ ਤੱਕ ਲੱਕੜ ਦੀ ਉਸ ਲੱਤ ਨੂੰ ਉਸ ਦੇ ਘਰ ਵਾਲਿਆਂ ਨੇ ਇਕ ਨਿਸ਼ਾਨੀ ਵਜੋਂ ਸੰਭਾਲ ਰੱਖਿਆ ਹੈ। ਉਪੇਰੇ ਦਾ ਅੰਤ ਉਸ ਮਾਰਮਿਕ ਦ੍ਰਿਸ਼ ਨਾਲ ਹੰੁਦਾ ਹੈ, ਜਦ ਮਰਹੂਮ ਫੌਜੀ ਦਾ ਪੁੱਤ-ਪੋਤਰਾ ਉਸ ਲੱਤ ਨੂੰ ਦੇਖ ਕੇ ਆਪਣੀ ਮਾਂ ਤੋਂ ਪੱੁਛਦਾ ਹੈ ਕਿ ਇਹ ਕੀ ਚੀਜ਼ ਹੈ ਤੇ ਘਰ ਵਿਚ ਕਿਉਂ ਸੰਭਾਲੀ ਹੋਈ ਹੈ? ਮਾਤਾ ਆਪਣੇ ਬੱਚੇ ਨੂੰ ਸਾਰੀ ਕਹਾਣੀ ਦੱਸਣ ਤੋਂ ਪਿਛੋਂ ਉਸ ਲੱਕੜ ਨੂੰ ਅਪਣੇ ਪੱਟ ਉਤੇ ਮਾਰ ਕੇ ਤੋੜ ਦਿੰਦੀ ਹੈ ਤੇ ਚੁਤਰਫੇ ਸੰਤੁਸ਼ਟੀ ਦਾ ਮਾਹੌਲ ਪਸਰ ਜਾਂਦਾ ਹੈ। ਜੰਗ ਦੇ ਪ੍ਰਤੀਕਰਮ ਵਜੋਂ ਉਨ੍ਹੀਂ ਦਿਨੀਂ ਅਮਨ ਦੀ ਘੱੁਗੀ ਵੀ ਮੀਡੀਆ ਦਾ ਵਿਸ਼ਾ ਬਣੀ, ਜਿਸ ਨਾਲ ਜੁੜੀਆਂ ਦਰਜਨਾਂ ਕਵਿਤਾਵਾਂ ਕਵੀ ਦਰਬਾਰਾਂ ਦਾ ਸ਼ਿੰਗਾਰ ਰਹੀਆਂ। ਤੇਰਾ ਸਿੰਘ ਚੰਨ ਦੀ ਆਪਣੀ ਰਚਨਾ ‘ਕਾਗ ਸਮੇਂ ਦਾ ਬੋਲਿਆ ਅਮਨ ਦੀ ਬੋਲੀ’ ਉਸ ਸਮੇਂ ਦੇ ਬੱਚੇ ਬੱਚੇ ਦੀ ਜ਼ੁਬਾਨ ’ਤੇ ਸੀ। ਇੱਕ ਹੋਰ ਕਵਿਤਾ ਦੇ ਬੋਲ ਇਹਦੇ ਨਾਲੋਂ ਵੀ ਸਰਲ ਤੇ ਪ੍ਰਭਾਵੀ ਹਨ:
ਕੀ ਬਹਾਰ ਆਈ ਕੀ ਬਸੰਤ ਆਈ
ਜੇ ਨਾ ਲੈ ਗੁਲਾਮੀ ਦਾ ਅੰਤ ਆਈ।
ਚੂੜੇ ਵਾਲੀਆਂ ਸੱਜ ਵਿਆਹੀਆਂ ਦੇ
ਵਾਪਸ ਜੰਗ ’ਚੋਂ ਲੈ ਕੇ ਨਾ ਕੰਤ ਆਈ।
ਜਦੋਂ ‘ਲੱਕੜ ਦੀ ਲੱਤ’ ਬਠਿੰਡੇ ਵਾਲੀ ਕਾਨਫਰੰਸ ਵਿਚ ਖੇਡਿਆ ਗਿਆ ਤਾਂ ਫੌਜੀ ਦਾ ਕਿਰਦਾਰ ਤਾਂ ਜਗਦੀਸ਼ ਫਰਿਆਦੀ ਨੇ ਕੀਤਾ, ਪਰ ਫੌਜਣ ਦੇ ਰੂਪ ਵਿਚ ਰੰਗ ਮੰਚ ਦੀ ਸ਼ੋਭਾ ਬਣੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ।
ਇਸੇ ਤਰ੍ਹਾਂ ‘ਨੀਲ ਦੀ ਸ਼ਹਿਜ਼ਾਦੀ’ ਦੇ ਓਪੇਰੇ ਵਿਚ ਚੰਨ ਦਾ ਹੇਠ ਲਿਖਿਆ ਗੀਤ ਸਰੋਤਿਆਂ ਦੀ ਜ਼ੁਬਾਨ ਉੱਤੇ ਚੜ੍ਹਿਆ:
ਸਵੇਜ ਮਿਸਰ ਦੀ ਨਹੀਂ ਹੈ, ਏਸ਼ੀਆ ਦੀ ਧੀ
ਭਾਰਤ ਦੀ ਇਹ ਗੰਗਾ, ਚੀਨ ਦੀ ਯਾਗਸੀ
ਇਹ ਬਣ ਗਈ ਹੈ ਏਸ਼ੀਆ ਦਾ ਧਰਮ ਤੇ ਈਮਾਨ
ਇੰਜ ਇੱਕ-ਜੱੁਟ ਹੋਇਆ ਏਸੀਆ ਮਹਾਨ।
ਇਸ ਗੀਤ ਦਾ ਪ੍ਰਭਾਵ ਭਾਵੇਂ ਉਨਾ ਨਹੀਂ ਸੀ, ਜਿੰਨਾ ‘ਲੱਕੜ ਦੀ ਲੱਤ’ ਵਿਚਲੇ ਗੀਤਾਂ ਦਾ, ਪਰ ਇਹ ਵਾਲਾ ਉਪੇਰਾ ਸਿੱਧਰ ਦਿਖਾਈ ਦਿੰਦੇ ਤੇਰਾ ਸਿੰਘ ਚੰਨ ਦੀ ਦੂਰ-ਦੁਰਾਡੇ ਦੇਸ਼ਾਂ ਪ੍ਰਤੀ ਜਾਣਕਾਰੀ ਤੇ ਪਹੰੁਚ ਉੱਤੇ ਮੋਹਰ ਲਾਉਂਦਾ ਹੈ।
‘ਅਮਰ ਪੰਜਾਬ’ ਚੰਨ ਜੀ ਦਾ ਸਭ ਤੋਂ ਪ੍ਰਭਾਵੀ ਓਪੇਰਾ ਹੈ, ਜਿਸ ਵਿਚ ਲਾਲਾ ਲਾਜਪਤ ਰਾਏ ਉੱਤੇ ਡਾਂਗਾਂ ਦੀ ਵਰਖਾ ਵੀ ਦਿਖਾਈ ਗਈ ਹੈ ਤੇ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਦੀ ਸਤਲੁਜ ਦੇ ਕੰਢੇ ਵਾਪਰੀ ਸ਼ਹੀਦੀ ਵੀ। ਇਸ ਉਪੇਰੇ ਵਿਚ ਜਦੋਂ ਪਰਦੇ ਉੱਤੇ ਸਤਲੁਜ ਦੀਆਂ ਲਹਿਰਾਂ ਦਿਖਾਈਆਂ ਜਾਂਦੀਆਂ ਹਨ ਤਾਂ ਪੰਜਾਬੀ ਮਰਦ ਅਤੇ ਔਰਤਾਂ ਲਹਿਰਾਂ ਨੂੰ ਸਵਾਲ ਪੁੱਛਦੇ ਹਨ:
ਸਤਲੁਜ ਦੀਓ ਲਹਿਰੋ ਬੋਲੋ ਨੀ
ਕੁਝ ਭੇਤ ਦਿਲਾਂ ਦਾ ਖੋਲੋ ਨੀ
ਬੇਚੈਨ ਹਵਾਵਾਂ ਪੁੱਛਦੀਆਂ ਨੇ
ਭੈਣਾਂ ਦੀਆਂ ਆਹਵਾਂ ਪੁੱਛਦੀਆਂ ਨੇ
ਪੱੁਤਰਾਂ ਦੀਆਂ ਮਾਂਵਾਂ ਪੁੱਛਦੀਆਂ ਨੇ
ਚੁੱਪ ਸਾਧੀ ਜੇ, ਮੰੂਹ ਖੋਲ੍ਹੋ ਨੀ।
ਲਹਿਰਾਂ ਦਾ ਜਵਾਬ ਨੋਟ ਕਰਨ ਵਾਲਾ ਹੈ, ਤੇ ਗਹਿਰ ਗੰਭੀਰ ਵੀ:
ਏਥੇ ਬੱਸ ਨਹੀਂ, ਜ਼ੁਲਮ ਦੀ ਹੱਦ ਹੋਈ
ਇੱਕ ਇੱਕ ਲਾਸ਼ ਨੂੰ ਗੋਰਿਆਂ ਟੁੱਕਿਆ ਸੀ
ਅਸਾਂ ਉਨ੍ਹਾਂ ਦੀ ਏਸ ਕਰਤੂਤ ਉੱਤੇ
ਕੰਢਿਓਂ ਉੱਛਲ ਕੇ ਮੂੰਹਾਂ `ਤੇ ਥੁੱਕਿਆ ਸੀ।
ਸਮਾਗਮ ਦੇ ਸਾਰੇ ਬੁਲਾਰਿਆਂ ਨੇ ਤੇਰਾ ਸਿੰਘ ਚੰਨ ਦੀ ਅਣਥੱਕ ਸਮਾਜ ਸੇਵਾ ਤੇ ਅਗਾਂਹਵਧੂ ਪਹੰੁਚ ਨੂੰ ਉਘਾੜਿਆ ਅਤੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਥਨੀ ਤੇ ਕਰਨੀ ਅੱਜ ਵੀ ਉਨੀ ਹੀ ਪ੍ਰਸੰਗਕ ਹੈ, ਜਿੰਨੀ ਸੱਤ-ਅੱਠ ਦਹਾਕੇ ਪਹਿਲਾਂ ਸੀ। ਚੰਨ ਦੇ ਸਾਦ ਮੁਰਾਦੇ, ਪਰ ਖੁੱਲ੍ਹੇ-ਡੁੱਲ੍ਹੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਇਸ ਸੱਚ ਤੋਂ ਮਿਲਦੀ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਹ ਖੁੱਲ੍ਹਾਂ ਦਿੱਤੀਆਂ, ਜਿਨ੍ਹਾਂ ਸਦਕਾ ਉਨ੍ਹਾਂ ਨੇ ਆਪਣੇ ਜੀਵਨ ਸਾਥੀ ਹਿੰਦੂ, ਮੁਸਲਿਮ, ਜੱਟ, ਛੀਂਬੇ ਤੇ ਪੰਡਿਤ ਪਰਿਵਾਰਾਂ ਵਿਚੋਂ ਚੁਣੇ ਤੇ ਸਾਰੇ ਸਫਲ ਜੀਵਨ ਬਤੀਤ ਕਰ ਰਹੇ ਹਨ। ਕੁਲਦੀਪ ਸਿੰਘ ਦੀਪ ਨੇ ਚੰਨ ਜੀ ਦੀਆਂ ਰਚਨਾਵਾਂ ਵਿਚੋਂ ਉਹ ਟੂਕਾਂ ਵੀ ਪੇਸ਼ ਕੀਤੀਆਂ, ਜਿਹੜੀਆਂ ਸੁਤੰਤਰਤਾ ਸੰਗਰਾਮ ਦੇ ਦਿਨਾਂ ਵਿਚ ਦੇਸ਼ ਦੀ ਕਿਰਸਾਨੀ ਲਈ ਰਾਹ-ਦਸੇਰਾ ਸਨ ਤੇ ਅੱਜ ਦੇ ਦਿਨ ਦਿੱਲੀ ਬਾਰਡਰ ਉੱਤੇ ਬੈਠੇ ਅੰਦੋਲਨਕਾਰੀਆਂ ਲਈ।
ਡਿੱਗੇ ਹੋਏ ਇਰਾਦਿਆਂ ਨੇ ਝੰਡੇ ਚੁੱਕ ਲਏ
ਪੰਜ ਦਰਿਆਵਾਂ ਦੇ ਵੀ ਹੰਝੂ ਸੁੱਕ ਗਏ
ਲਹਿਰਾਂ ਵਿਚੋਂ ਸੁੱਤੇ ਹੋਏ ਤੂਫਾਨ ਜਾਗ ਪਏ
ਜਾਗਿਆ ਪੰਜਾਬ ਤੇ ਕਿਸਾਨ ਜਾਗ ਪਏ।
ਤੇਰਾ ਸਿੰਘ ਚੰਨ ਦੀ ਇੱਕ ਹੋਰ ਕਵਿਤਾ ਦੇ ਬੋਲ ਇਨ੍ਹਾਂ ਨਾਲੋਂ ਜ਼ਿਆਦਾ ਪ੍ਰਭਾਵੀ ਤੇ ਨੋਟ ਕਰਨ ਵਾਲੇ ਹਨ:
ਵੱਜਿਆ ਹੈ ਢੋਲ ਛਿੰਜ ਦਾ, ਹੋਈ ਚਲੋ ਚਲੀ
ਪਿੰਡਾਂ ਦੇ ਪਿੰਡ ਜਾਗ ਪਏ, ਜਾਗੀ ਗਲੀ ਗਲੀ
ਵਿਥਾਂ ’ਚ ਨੂਰ ਪਹੰੁਚਿਆ, ਜਦ ਦੀ ਸ਼ਮਾਂ ਬਲੀ
ਤੱਕ ਕੇ ਇਹ ਨੂਹ ਹਾਕਮਾਂ ਦਾ ਪੀਲਾ ਹੋਇਆ ਰੰਗ
ਛਿੜ ਪਈ ਹੈ ਫੇਰ ਪਾਂਡਵਾਂ ਤੇ ਕੌਰਵਾਂ ਦੀ ਜੰਗ
ਧਰਤੀ ਨੂੰ ਚੰੁਮ ਕੇ ਝੂਮ ਕੇ ਕਿਰਸਾਨ ਤੁਰ ਪਏ
ਬੱਚੇ ਤੇ ਬੁੱਢੇ, ਤੀਵੀਆਂ, ਜਵਾਨ ਤੁਰ ਪਏ।
ਇੱਕ ਇੱਕ ਜਵਾਨ ਨਾਲ ਕਈ ਜਹਾਨ ਤੁਰ ਪਏ
ਕੜਕੀ ਹੈ ਬਿਜਲੀ ਵਾਂਗਰਾਂ, ਸੀਨੇ ਦੀ ਹਰ ਉਮੰਗ
ਛਿੜ ਪਈ ਹੈ ਫੇਰ ਪਾਂਡਵਾਂ ਤੇ ਕੌਰਵਾਂ ਦੀ ਜੰਗ।
ਤੇਰਾ ਸਿੰਘ ਚੰਨ ਨੂੰ ਇਸ ਧਰਤੀ ਤੋਂ ਵਿਦਾ ਹੋਇਆਂ ਅਰਸਾ ਹੋ ਚੁਕਾ ਹੈ, ਪਰ ਏਦਾਂ ਜਾਪਦਾ ਹੈ ਜਿਵੇਂ ਉਹ ਅੱਜ ਦੇ ਕਿਰਸਾਨ ਅੰਦੋਲਨ ਵਿਚ ਸ਼ਿਰਕਤ ਕਰਕੇ ਉਨ੍ਹਾਂ ਬਾਰੇ ਹੀ ਲਿਖ ਰਿਹਾ ਹੋਵੇ।
ਐਵੇਂ ਤਾਂ ਨਹੀਂ ਤੇਰਾ ਸਿੰਘ ਚੰਨ ਦੇ ਸੀਨੀਅਰ ਮਹਾਰਥੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਚੰਨ ਹੁਰਾਂ ਬਾਰੇ ਇਹ ਸ਼ਬਦ ਲਿਖੇ: ‘ਚੰਨ ਦੀ ਆਸ ਹੈ, ਸਭ ਉਹਲੇ ਚੁੱਕੇ ਜਾਣਗੇ, ਹਨੇਰੇ ਜੰਗਲਾਂ ’ਚੋਂ ਚਾਨਣ ਦਾ ਮਾਰਗ ਦਿੱਸੇਗਾ। ਜੀਵਨ-ਰੌ ਅੱਗੇ ਚੱਟਾਨਾਂ ਸਾਫ ਕੀਤੀਆਂ ਜਾਣਗੀਆਂ ਤੇ ਭਵਿੱਖ ਦੀ ਕਵਿਤਾ, ਜਿਹੜੀ ਜ਼ਿੰਦਗੀ ਦੇ ਵਕਤੀ ਘੋਲ ਨੂੰ ਅਭੁੱਲ ਚਿੱਤਰਾਂ ਵਿਚ ਚਿਤਰਦੀ ਹੈ, ਭਵਿਖ ਦੀਆਂ ਜਿੱਤਾਂ ਦਾ ਇਤਿਹਾਸ ਮੰਨੀ ਜਾਏਗੀ।’ ਇਹ ਗੱਲ ਤਾਂ ਜੱਗ ਜਾਹਰ ਹੈ ਕਿ ਚੰਨ ਵਲੋਂ ਭਾਰਤ ਮਾਤਾ ਦੀ ਉਸਤਤ ਵਿਚ ਲਿਖਿਆ ਗੀਤ ਸਕੂਲੀ ਬੱਚਿਆਂ ਦੇ ਪਾਠ-ਕ੍ਰਮ ਦਾ ਹਿੱਸਾ ਰਿਹਾ ਹੈ, ਤੇ ਸਵੇਰ ਦੀ ਪ੍ਰਾਰਥਨਾ ਵਜੋਂ ਗਾਇਆ ਜਾਂਦਾ ਸੀ।
ਅੰਤਿਕਾ: (ਮਿਰਜ਼ਾ ਗਾਲਿਬ)
ਚਾਹੀਏ ਅੱਚੋਂ ਕੋ ਜਿਤਨਾ ਚਾਹੀਏ
ਯੇ ਅਗਰ ਚਾਹੇਂ ਤੋ ਫਿਰ ਕਯਾ ਚਾਹੀਏ।