“ਅੱਗੇ ਥੋਡਾ ਕੰਮ ਐ…!”

ਸਿ਼ਵਚਰਨ ਜੱਗੀ ਕੁੱਸਾ
ਫੋਨ: +447853317891
ਜੁੱਤੀਆਂ ਚੱਲਣ ਦੇ ਕਈ ਅੰਦਾਜ਼ ਰਹੇ ਹਨ। ਹਰ ਚੀਜ਼ ਨੂੰ ਚਲਾਉਣ ਦਾ ਢੰਗ ਹੁੰਦਾ ਹੈ! ਇੱਕ ਵਾਰ ਸਾਡੇ ਪਿੰਡ ਵਿਚ ਕਾਮਰੇਡਾਂ ਵੱਲੋਂ ਕੋਈ ਡਰਾਮਾ ਖੇਡਿਆ ਜਾ ਰਿਹਾ ਸੀ। ਪਿੰਡ ਦੇ ਕੁਝ ਲੋਕਾਂ ਦੀ ਦਾਰੂ ਪੀਤੀ ਹੋਈ ਸੀ। ਮੈਨੂੰ ਉਮੀਦ ਹੈ ਕਿ ਮੇਰੇ ਮਾਲਵੇ ਦੇ ਲੋਕ ਸ਼ਾਇਦ ਸਿਰਫ ਮਕਾਣ ਹੀ “ਸੋਫੀ” ਜਾਂਦੇ ਹਨ। ਨਹੀਂ ਕੋਈ ਕਿੱਤਾ ਐਹੋ ਜਿਹਾ ਨਹੀਂ ਹੋਣਾ, ਜਿੱਥੇ ਮਲਵਈ ਦਾਰੂ ਨਹੀਂ ਪੀਂਦੇ! ਕਿਸੇ ਗੱਲ ਤੋਂ ਸ਼ਰਾਬੀ ਬੰਦੇ ਡਰਾਮਾ ਦੇਖਦੇ-ਦੇਖਦੇ ਆਪਸ ਵਿਚ ਖਹਿਬੜ ਪਏ। ਦੁਨੀਆਂ ਖਿੰਡ ਗਈ। ਧੂਤਕੜਾ ਪੈਣ ਸਾਰ ਡਰਾਮਾਕਾਰੀ ਵੀ ਸਟੇਜ ਵਿਹਲੀ ਕਰ ਗਏ।

ਸਟੇਜ ‘ਤੇ ਮਿੱਟੀ ਦੇ ਤੇਲ ਦਾ ਇੱਕ ਗੈਸ ਜਗੀ ਜਾ ਰਿਹਾ ਸੀ। ਉਦੋਂ ਪਿੰਡਾਂ ਵਿਚ ਬਿਜਲੀ ਨਹੀਂ ਆਈ ਸੀ। ਸਟੇਜਾਂ ‘ਤੇ ਚਾਨਣ ਕਰਨ ਲਈ ਗੈਸ ਨਾਲ ਹੀ ਕੰਮ ਚਲਾਇਆ ਜਾਂਦਾ ਸੀ। ਇੱਕ ਅਮਲੀ ਨੇ ਆਪਣੀ ਜੁੱਤੀ ‘ਚ ਰੋੜਾ ਪਾ ਕੇ ਗੈਸ ਵੱਲ ਨੂੰ ਚਲਾਇਆ ਤੇ ਬਣਾ ਸੁਆਰ ਕੇ ਕਹਿੰਦਾ, “ਜਲਸੇ ਆਲੇ ਤਾਂ ਤਿੱਤਰ ਹੋ`ਗੇ, ਤੇ ਆਹ ਫੇਰੇ ਦੇਣਾ ‘ਕੱਲਾ ਈ ਜਗੀ ਜਾਂਦੈ…?” ਜੁੱਤੀ ‘ਚ ਪਾਏ ਰੋੜੇ ਨਾਲ ਗੈਸ ਖੱਖੜੀਆਂ ਹੋ ਗਿਆ ਸੀ।
ਇਸੇ ਤਰ੍ਹਾਂ ਹੀ ਮੈਂ ਰੋਡਵੇਜ਼ ਦੀ ਲਾਰੀ ਵਿਚ ਛਿੱਤਰ-ਪਰੇਡ ਹੁੰਦੀ ਦੇਖੀ। ਉਦੋਂ ਮੈਂ ਡੀ. ਐੱਮ. ਕਾਲਜ ਮੋਗੇ ਪੜ੍ਹਦਾ ਸੀ। ਅਸੀਂ ਬੌਡਿਆਂ ਤੋਂ ਬੱਸ ਫੜ ਕੇ ਮੋਗੇ ਆਉਂਦੇ ਹੁੰਦੇ ਸੀ। ਸਾਡੇ ਪਿੰਡ ਅਜੇ ਬੱਸ ਨਹੀਂ ਆਉਣ ਲੱਗੀ ਸੀ। ਜੇ ਕਦੇ ਕਦਾਈਂ ਕੋਈ ਆਉਂਦੀ ਵੀ ਸੀ ਤਾਂ ਲੋਕ ਉਸ ਦੀ ਇਉਂ ਉਡੀਕ ਕਰਦੇ, ਜਿਵੇਂ ਕਰਵਾ ਚੌਥ ਦਾ ਵਰਤ ਰੱਖੀ ਬੀਬੀਆਂ ਰਾਤ ਨੂੰ “ਅਰਘ” ਦੇਣ ਲਈ ਚੰਦਰਮਾ ਦੀ ਉਡੀਕ ਕਰਦੀਐਂ! ਮੋਗੇ ਦੇ ਬੱਸ ਸਟੈਂਡ ‘ਤੇ ਖੜ੍ਹੀਆਂ ਬੱਸਾਂ ਵਿਚ ਇੱਕ ਬੰਦਾ ਇੱਕ-ਇੱਕ ਰੁਪਈਏ ਦੀ ਜਲਧਾਰੇ ਦੀ ਸ਼ੀਸ਼ੀ ਵੇਚਦਾ ਹੁੰਦਾ ਸੀ। ਇੱਕ ਰੁਪਈਏ ਦੀ ਇਸ ਸ਼ੀਸ਼ੀ ਦੇ ਗੁਣ ਜਦ ਉਹ ਦੱਸਣ ਲੱਗਦਾ, ਤਾਂ ਲੋਕ ਉਸ ਦੇ ਇੰਜ ਕਾਇਲ ਹੋ ਜਾਂਦੇ, ਜਿਵੇਂ ਉਹ ਲੰਡਨ ਦਾ ਕਿੰਗ ਜੌਰਜ ਹਸਪਤਾਲ ਨਾਲ ਹੀ ਚੁੱਕੀ ਫਿਰਦਾ ਹੋਵੇ। ਸ਼ੀਸ਼ੀ ਦੇ ਗੁਣਾਂ ਵਿਚ ਇਹ ਵੀ ਸ਼ਾਮਲ ਸੀ ਕਿ ਜੇ ਕਿਤੇ ਰਾਤ ਬਰਾਤੇ ਕਿਸੇ ਦੇ ਕੱਟਰੂ-ਵੱਛਰੂ ਨੂੰ ਅਫਰੇਵਾਂ ਹੋ ਜਾਵੇ ਤਾਂ ਪਸ਼ੂ ਦੀ ਅੱਖ ਵਿਚ ਇੱਕ ਤੁਪਕਾ “ਜਲਧਾਰੇ” ਦਾ ਪਾਓ! ਅਫਰੇਵਾਂ ਖਤਮ ਹੋ ਜਾਵੇਗਾ। ਖੈਰ, ਸਾਡੇ ਪਿੰਡ ਦੇ ਧਿਆਨੇ ਨੇ ਉਸ ਸ਼ੀਸ਼ੀ ਦੇ ਵੀਹ-ਪੱਚੀ ਗੁਣ ਸੁਣ ਕੇ ਇੱਕ ਰੁਪਈਆ ਖਰਚ ਦਿੱਤਾ ਅਤੇ ਜਲਧਾਰੇ ਦੀ ਸ਼ੀਸ਼ੀ ਖਰੀਦ ਲਈ। ਕੁਦਰਤ ਰੱਬ ਦੀ ਇੱਕ ਦਿਨ ਗੁਆਂਢੀਆਂ ਦੀ ਮੱਝ ਨੂੰ ਸਪਰੇਅ ਵਾਲਾ ਗੁਆਰਾ ਖਾ ਕੇ ਅਫਰੇਵਾਂ ਹੋ ਗਿਆ। ਧਿਆਨੇ ਨੇ ਜਦ ਰੌਲਾ ਜਿਹਾ ਸੁਣਿਆ ਤਾਂ ਉਹ ਆਪਣੀ ਸ਼ੀਸ਼ੀ ਗੀਝੇ ਵਿਚ ਪਾ ਕੇ ਗੁਆਂਢੀਆਂ ਦੇ ਘਰੇ ਚਲਾ ਗਿਆ।
“ਕੀ ਗੱਲ ਐ ਭਤੀਜ…?”
“ਕਾਹਦੀ ਗੱਲ ਐ ਤਾਇਆ…! ਮੱਝ ਨੂੰ ‘ਫਰੇਮਾਂ ਹੋ ਗਿਆ!” ਗੁਆਂਢੀ ਮੁੰਡੇ ਨੇ ਦੁਖੀ ਜਿਹੇ ਮਨ ਨਾਲ ਦੱਸਿਆ।
“ਦੁਆਈ ਮੇਰੇ ਕੋਲੇ ਐ, ਤੁਸੀਂ ਇਹਨੂੰ ਕੇਰਾਂ ਮੂਧੀ ਪਾਓ…!” ਉਸ ਨੇ ਹਕੀਮ ਵਾਂਗ ਕਿਹਾ।
“ਮੂਧੀ ਪਾਉਣ ਨੂੰ ਕੋਈ ਟੀਕਾ ਟੂਕਾ ਲਾਉਣੈਂ, ਭਾਈ ਜੀ…?” ਮੁੰਡੇ ਦੀ ਮਾਂ ਨੇ ਪੁੱਛਿਆ।
“ਕਾਹਨੂੰ ਲਾਣੇਦਾਰਨੀਏਂ! ਤੂੰ ਆਬਦੀਆਂ ਦੁੱਧ ਰਿੜਕਣ ਆਲੀਆਂ ਗੱਲਾਂ ਨਾ ਕਰ! ਦੁਆਈ ਇਹਦੀ ਅੱਖ ‘ਚ ਪਾਉਣੀਂ ਐਂ! ਦੇਖੀ ਜਾਈਂ! ਚੱਕ ਦੂ ਅੱਖਾਂ ਦੀ ਲਾਲੀ!” ਉਸ ਨੇ ਗੀਝੇ ‘ਚੋਂ ਸ਼ੀਸ਼ੀ ਪਸਤੌਲ ਵਾਂਗ ਬਾਹਰ ਕੱਢੀ।
“ਫੇਰ ਮੂਧੀ ਪਾਉਣ ਦੀ ਕੀ ਲੋੜ ਐ ਤਾਇਆ? ਮੂਧਾ ਤਾਂ ਪਸ਼ੂ ਪਹਿਲਾਂ ਈ ਹੁੰਦੈ!”
“ਹਾਂ…! ਇਹ ਗੱਲ ਵੀ ਸਹੀ ਐ! ਚਲੋ ਫੇਰ ਇਹਨੂੰ ਟੇਢੀ ਕਰੋ!”
ਮੁੰਡਿਆਂ ਨੇ ਬਿਮਾਰ ਮੱਝ ਔਖੇ ਸੌਖੇ ਹੋ ਕੇ ਟੇਢੀ ਕਰ ਲਈ।
ਲਾਲਟੈਣ ਦਾ ਚਾਨਣ ਕਰ ਕੇ ਮੱਝ ਦੀ ਅੱਖ ਵਿਚ ਜਲਧਾਰਾ ਪਾ ਦਿੱਤਾ ਗਿਆ।
ਪਰ ਕੋਈ ਫਰਕ ਨਾ ਪਿਆ।
ਮੱਝ ਹੋਰ ਵੀ ਔਖੇ-ਔਖੇ ਸਾਹ ਲੈਣ ਲੱਗ ਪਈ।
“ਦੇਬੂ! ਮੱਝ ਤੰਗ ਐ ਭਾਈ! ਕਿਸੇ ਸਲੋਤਰੀ ਨੂੰ ਬੁਲਾਓ!” ਦੇਬੂ ਦੀ ਮਾਂ ਚਿੰਤਾ ਵਿਚ ਬੋਲੀ।
“ਲਾਣੇਦਾਰਨੀਏਂ, ਤੂੰ ਫਿਕਰ ਕਿਉਂ ਕਰਦੀ ਐਂ? ਸਲੋਤਰੀ ਨੇ ਆ ਕੇ ਕਿਹੜਾ ਟੂਣਾ ਕਰ ਜਾਣੈਂ? ਦੁਆਈ ਆਪਣੇ ਕੋਲੇ ਐ! ਇੱਕ ਵਾਰੀ ਹੋਰ ਚਾੜ੍ਹ ਦਿਆਂਗੇ!”
“ਵੇ ਭਾਈ ਉਨ੍ਹਾਂ ਦੀਆਂ ਪੜ੍ਹਾਈਆਂ ਕੀਤੀਆਂ ਹੁੰਦੀਐਂ, ਅਗਲੇ ਮਿੰਟ ‘ਚ ਰੋਗ ਬੁੱਝ ਲੈਂਦੇ ਐ!”
“ਲੈ ਭੜ੍ਹਾਈਆਂ ਕਰਕੇ ਉਨ੍ਹਾਂ ਕੋਲੇ ਕਿਹੜਾ ਗਿੱਦੜਸਿੰਗੀ ਆ ਜਾਂਦੀ ਐ? ਆਹ ਸੈਦੋ ਆਲਿਆਂ ਦਾ ਲੱਛਾ ਸਾਰੇ ਪਿੰਡ ਜਿੰਨਾਂ ‘ਕੱਲਾ ਈ ਪੜ੍ਹ ਗਿਆ! ਉਹਦਾ ਡਮਾਕ ਹਿੱਲ ਗਿਆ! ਆਬਦੇ ਬਾਪੂ ਨੂੰ ‘ਭਾਅਪਾ’ ਈ ਦੱਸਦੈ! ਗੱਲ ਹੀਰ-ਰਾਂਝੇ ਦੀ ਤੁਰੀ ਹੁੰਦੀ ਐ, ਉਹ ਆਬਦਾ ਦਹੂਦ ਸੁਣਾਉਣ ਲੱਗ`ਪੂ! ਉਏ ਮੁੰਡਿਓ! ਹੁਣ ਮੈਨੂੰ ਇਹਦੀ ਦੂਜੀ ਅੱਖ ‘ਚ ਪਾਉਣ ਦਿਓ ਇੱਕ ਤੁਪਕੀ! ਦੇਖਿਓ ਕਿਮੇ ਫੁੱਲ ਮਾਂਗੂੰ ਹੌਲੀ ਹੁੰਦੀ ਐ! ਇਹ ਤਾਂ ਦਸਾਂ ਮਿੰਟਾਂ ‘ਚ ਸੀਟੀਆਂ ਮਾਰੂ, ਸੀਟੀਆਂ! ਸੀਸੀ ‘ਤੇ ਮੇਰਾ ਕੱਟੇ ਦੇ ਕੰਨ ਅਰਗਾ ਪੂਰਾ ਰੁਪਈਆ ਲਾਇਆ ਵਿਐ..! ਜਿਹੜੇ ਬੱਸਾਂ ‘ਚ ‘ਪਰਾਟੀਸ’ ਕਰਦੇ ਫਿਰਦੇ ਐ, ਕਿਤੇ ਝੂਠ ਤੁਫਾਨ ਤਾਂ ਨ੍ਹੀ ਤੋਲਦੇ! ਕਰੋ ਇਹਨੂੰ ਮਾੜਾ ਜਿਆ ਬੱਤ ਕੇਰਾਂ! ਫੜ ਬਈ ਇਹਦਾ ਕੰਨ! ਡਰਦਾ ਕਾਹਤੋਂ ਐਂ? ਇਹ ਸ਼ਾਟ ਤਾਂ ਨ੍ਹੀ ਮਾਰਦੀ!”
ਮੁੰਡਿਆਂ ਨੇ ਉਸ ਦੇ ਆਖੇ ਲੱਗ ਕੇ ਦੁਆਈ ਮੱਝ ਦੀ ਦੂਜੀ ਅੱਖ ਵਿਚ ਵੀ ਪੁਆ ਦਿੱਤੀ, ਪਰ ਰਾਜ਼ੀ ਹੋਣ ਦੀ ਥਾਂ ਮੱਝ ਅੱਧੇ ਕੁ ਘੰਟੇ ਬਾਅਦ ਇਸ ‘ਫਾਨੀ ਸੰਸਾਰ’ ਨੂੰ ‘ਅਲਵਿਦਾ’ ਆਖ ਗਈ। ਦਸ ਕਿਲੋ ਦੁੱਧ ਦੇਣ ਵਾਲੀ ਮੱਝ ਦੇ ਵਿਯੋਗ ਵਿਚ ਬੁੜ੍ਹੀ ਦੇ ਪਿੱਟ-ਸਿਆਪਾ ਜਿਹਾ ਕਰਨ ‘ਤੇ ਮੁੰਡਿਆਂ ਨੇ ਧਿਆਨਾ ਮੱਝ ਵਾਂਗ ਹੀ ਮੂਧਾ ਪਾ ਲਿਆ ਅਤੇ ਤਕੜੀ ਦੁਰਬੜੀ ਲਾ ਦਿੱਤੀ। ਕੁੱਟ ਖਾ ਕੇ ਸਤਿਆ ਧਿਆਨਾ ਅਗਲੇ ਦਿਨ ਮੋਗੇ ਨੂੰ ਬੱਸ ਚੜ੍ਹ ਗਿਆ। ਜਾਣ ਸਾਰ ਉਸ ਨੇ ਉਹ ਸ਼ੀਸ਼ੀਆਂ ਵੇਚਣ ਵਾਲਾ ਬਾਈ ਲੱਭ ਲਿਆ ਅਤੇ ਉਸ ‘ਤੇ ਧੌੜੀ ਦੀ ਜੁੱਤੀ ਫੇਰਨੀ ਸ਼ੁਰੂ ਕਰ ਦਿੱਤੀ।
ਬੱਸ ਵਿਚ ਹੀ ਇੱਕ ਕਬਜੀ ਦੀ ਦੁਆਈ ਵੇਚਣ ਵਾਲੇ ਦੇ ਛਿਤਰੌਲਾ ਹੁੰਦਾ ਦੇਖਿਆ। ਉਹ ਵੀ ਬੱਸ ਵਿਚ ਨਿੱਤ ਇੱਕੋ ਰਾਗ ਅਲਾਪਦਾ ਫਿਰਦਾ ਹੁੰਦਾ, “ਇਹ ਮੇਰੀ ਦੁਆਈ ਕਬਜੀ ਦਾ ਕਾਲ, ਇੱਕ ਵਾਰ ਅਜ਼ਮਾ ਕੇ ਦੇਖੋ, ਜੰਗਲ-ਪਾਣੀ ਇਉਂ ਆਊ, ਜਿਵੇਂ ਬੋਹੜ ਤੋਂ ਬਿੱਲਾ ਡਿੱਗਦਾ ਹੁੰਦੈ, ਜਿ਼ੰਦਗੀ ਵਿਚ ਭੁੱਲ ਜਾਓਂਗੇ ਕਿ ਕਬਜੀ ਵੀ ਕੋਈ ਚੀਜ਼ ਹੁੰਦੀ ਐ…!” ਉਸ ਦੀਆਂ ਦਲੀਲਾਂ ਤੋਂ ‘ਕਾਇਲ’ ਹੋ ਕੇ ਤਰੀਕ ‘ਤੇ ਗਏ ਸੱਘੇ ਅਮਲੀ ਨੇ ਉਸ ਦੀ ਦੁਆਈ ਖਰੀਦ ਲਈ ਅਤੇ ਰਾਤ ਨੂੰ ਪੈਣ ਵੇਲੇ ਰੋਟੀ ਖਾਣ ਤੋਂ ਬਾਅਦ ਲੈ ਲਈ, ਪਰ ਕੋਈ ਫਰਕ ਨਾ ਪਿਆ। ਬੰਦਾ ਆਸ ਆਸਰੇ ਹੀ ਤਾਂ ਜਿਉਂਦਾ ਹੈ। ਅਮਲੀ ਨੇ ਵੀ ਆਸ ਦਾ ਪੱਲਾ ਨਾ ਛੱਡਿਆ ਅਤੇ ਦੋ-ਤਿੰਨ ਦਿਨ ਕਬਜੀ ਦੀ ਦੁਆਈ ਲੈਂਦਾ ਰਿਹਾ, ਪਰ ਅਮਲੀ ਦੇ ਅੰਦਰਲਾ ਪਲੱਸਤਰ ਨਾ ਟੁੱਟਿਆ। ਚੌਥੇ ਦਿਨ ਅੱਕਿਆ ਅਮਲੀ ਸ਼ਹਿਰ ਨੂੰ ਬੱਸ ਚੜ੍ਹ ਗਿਆ ਅਤੇ ਕਬਜੀ ਦੀ ਦੁਆਈ ਵੇਚਣ ਵਾਲੇ ਦੇ ਕਬਜੇ ਢਿੱਲ੍ਹੇ ਕਰ ਮਾਰੇ, “ਮੈਂ ਤਿੰਨ ਦਿਨ ਹੋ`ਗੇ ਤਿੰਘੀ ਜਾਨੈਂ, ਸਾਲਾ ਬੋਹੜ ਤੋਂ ਬਿੱਲਾ ਡਿੱਗਣ ਦਾ, ਇਹਦੇ ਨਾਲ ਤਾਂ ਸਾਲਿਆ ਬਲੂੰਗੜੀ ਵੀ ਨ੍ਹੀਂ ਡਿੱਗੀ…!” ਦੁਆਈਆਂ ਵਾਲੇ ਦੇ ਹੂਰੇ ਜੜਦਾ ਅਮਲੀ ਕੋਰੜੇ ਛੰਦ ਸੁਣਾਈ ਜਾ ਰਿਹਾ ਸੀ।
ਇੱਕ ਸੱਭਿਆਚਾਰਕ ਮੇਲੇ ਵਿਚ ਇੱਕ ਗਾਇਕ ਲੋਕਾਂ ਨੂੰ ਅਤੇ ਗਾਇਕਾਂ ਨੂੰ ‘ਉਪਦੇਸ਼’ ਜਿਹਾ ਦੇਈ ਜਾ ਰਿਹਾ ਸੀ, “ਮੇਰੀ ਗਾਇਕ ਵੀਰਾਂ ਨੂੰ ਬੇਨਤੀ ਹੈ ਕਿ ਪ੍ਰਸਿੱਧੀ ਲਈ ਲੱਚਰ ਗੀਤਾਂ ਦਾ ਸਹਾਰਾ ਨਾ ਲੈਣ! ਜਿੱਥੋਂ ਤੱਕ ਹੋ ਸਕੇ, ਗੀਤ ਧੀਆਂ-ਭੈਣਾਂ ਵਿਚ ਸੁਣਨ ਵਾਲੇ ਹੀ ਗਾਏ ਜਾਣ! ਮੇਰੀ ਗੀਤਕਾਰ ਭਰਾਵਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਉਹ ਅਸ਼ਲੀਲ ਗੀਤ ਨਾ ਸਿਰਜਿਆ ਕਰਨ! ਸੱਭਿਆਚਾਰਕ ਗੀਤ ਹੀ ਲਿਖਿਆ ਕਰਨ ਤਾਂ ਕਿ ਅਸੀਂ ਆਪਣਾ ਵਿਰਸਾ ਬਚਾ ਸਕੀਏ!” ਤੇ ਜਦ ਉਸੇ ਗਾਇਕ ਨੇ, ‘ਨਾਲੋਂ ਜਾ ਕੇ ਨਾਇਣ ਚੱਕ ਲਈ, ਮੈਂ ਤਾਂ ਸੋਚਿਆ ਪਟੋਲਾ ਹੱਥ ਆ ਗਿਆ…’ ਸ਼ੁਰੂ ਕੀਤਾ ਤਾਂ ਉਥੇ ਉਸ ਦੇ ਸਿਰ ਵਿਚ ਕਿੰਨੇ ਅਤੇ ਕਿੰਨੀ ਤਰ੍ਹਾਂ ਦੇ ਛਿੱਤਰ ਵਰ੍ਹੇ, ਦੱਸਣਾ ਮੁਸ਼ਕਿਲ ਹੈ! ਇਹ ਤਾਂ ਸ਼ਾਇਦ ਕੋਈ ਡਾਕਟਰੀ ਰਿਪੋਰਟ ਹੀ ਦੱਸ ਸਕੇਗੀ!
ਸਾਡੇ ਪਿੰਡ ਵਿਚ ਇੱਕ ਤਾਈ ਹਰਨਾਮੀ ਹੁੰਦੀ ਸੀ। ਉਮਰ ਉਸ ਦੀ ਅੱਸੀਆਂ ਦੇ ਨੇੜ ਅਤੇ ਸੋਟੀ ਆਸਰੇ ਹੀ ਤੁਰਦੀ ਸੀ! ਆਦਤ ਉਸ ਦੀ ਵੀ ਬਹੁਤ ਭੈੜੀ ਸੀ। ਜਦ ਕਿਸੇ ਪਿੰਡ ਦੀ ਨੂੰਹ ਨੇ ਖੇਤ ਰੋਟੀ ਲਈ ਜਾਂਦੀ ਨੇ ਉਸ ਨੂੰ ‘ਬੇਬੇ ਜੀ ਮੱਥਾ ਟੇਕਦੀ ਆਂ’ ਆਖ ਜਾਣਾ ਤਾਂ ਤਾਈ ਹਰਨਾਮੀ ਨੇ ਸੋਟੀ ਆਸਰੇ ਉਥੇ ਹੀ ਖੜ੍ਹ ਕੇ ਅਸੀਸਾਂ ਦੇਣ ਲੱਗ ਜਾਣਾ, “ਵੀਰ ਜਿਉਣ, ਮਹਾਰਾਜ ਬੱਚਾ ਦੇਵੇ, ਰੱਬ ਭਾਗ ਲਾਵੇ, ਬੁੱਢ ਸੁਹਾਗਣ ਰਹੇਂ…!” ਮੱਥਾ ਟੇਕਣ ਵਾਲੀ ਨੇ ਰੋਟੀ ਲੈ ਕੇ ਖੇਤ ਪਹੁੰਚ ਜਾਣਾ, ਪਰ ਤਾਈ ਨੇ ਉਥੇ ਖੜ੍ਹੀ ਨੇ ਹੀ ਅਸੀਸਾਂ ਦੇਈ ਜਾਣੀਆਂ! ਤੇ ਜੇ ਕਿਸੇ ਨੇ ਬੇਧਿਆਨੀ ਜਾਂ ਤੇਜੀ ਵਿਚ ਤਾਈ ਹਰਨਾਮੀ ਨੂੰ ਮੱਥਾ ਟੇਕਣੋਂ ਭੁੱਲ ਜਾਣਾ ਤਾਂ ਉਦੋਂ ਤਾਂ ਤਾਈ ਨੇ ਕੁਝ ਨਾ ਬੋਲਣਾ, ਪਰ ਜਦ ਅਗਲੀ ਨੇ ਕਿੱਲਾ ਦੋ ਕਿੱਲੇ ਵਾਟ ਅੱਗੇ ਲੰਘ ਜਾਣਾ ਤਾਂ ਤਾਈ ਨੇ ਆਪਣਾ ‘ਸੋਲ੍ਹਾ ਛਿੱਤਰ’ ਲਾਹ ਕੇ ਅਗਲੀ ਦੇ ਪੈਰ ਦੀ ਪੈੜ ਕੁੱਟਣ ਲੱਗ ਜਾਣੀ, “ਇਹ ਤਾਂ ਕਿਸੇ ਗਏ ਘਰ ਦੀ ਐ! ਇਹਨੂੰ ਅਕਲ ਨ੍ਹੀਂ ਭਾਈ…!” ਤੇ ਜੇ ਕਿਸੇ ਨੇ ਉਸ ਨੂੰ ਜੁੱਤੀ ਨਾਲ ਪੈੜ ਕੁੱਟਣ ਦਾ ਕਾਰਨ ਪੁੱਛਣਾ ਤਾਂ ਉਸ ਨੇ ਛਿੱਤਰ ਦੀ ਸੱਟ ਹੋਰ ਕਰੜੀ ਕਰ ਦੇਣੀ ਅਤੇ ਨਾਲੇ ਪੈੜ ‘ਤੇ ਥੁੱਕਣਾ, “ਕਿਸੇ ਮਾੜੇ ਪੈੜੇ ਆਲੀ ਦੀ ਪੈੜ ਕੁੱਟਦੀ ਆਂ, ਭਾਈ…! ਐਹੋ ਜੀ ਦਾ ਤਾਂ ਪਿੰਡ ‘ਤੇ ਪਰਛਾਂਵਾਂ ਪਿਆ ਵੀ ਮਾੜੈ..!” ਉਸ ਨੇ ਮੱਥਾ ਨਾ ਟੇਕਣ ਦਾ ਗੁੱਸਾ ਅਗਲੀ ਦੀ ਪੈੜ ਕੁੱਟ ਕੇ ਕੱਢਣਾ! ਕਦੇ-ਕਦੇ ਉਸ ਨੇ ਬਿਨਾ ਗੱਲੋਂ ਵੀਹੀ ਵਿਚ ਖੜ੍ਹ ਕੇ ਆਪਣਾ ਗੁੱਸਾ ਕੱਢਣ ਲੱਗ ਪੈਣਾ, “ਪੰਜ ਦਿਨ ਹੋ ਗਏ, ਆਹ ਟੁੱਟੜਾ ਮਿਸਤਰੀ ਮੇਰੀ ਪੀੜ੍ਹੀ ਨ੍ਹੀਂ ਠੋਕ ਕੇ ਦਿੰਦਾ! ਮੈਂ ਇੱਕ ਅੱਧਾ ਦਿਨ ਹੋਰ ਦੇਖਣੈਂ, ਰੁੜ੍ਹ ਜਾਣੇ ਦੇ ਘਰੇ ਸਿਆਪਾ ਕਰ ਕੇ ਆਊਂ!” ਤੇ ਨਾਲ ਦੀ ਨਾਲ ਉਸ ਨੇ ਅੰਦਰੋਂ ਛੱਜ ਲਿਆ ਕੇ ਉਸ ‘ਤੇ ਆਪਣਾ ਛਿੱਤਰ ਖੜਕਾਉਣਾ ਸ਼ੁਰੂ ਕਰ ਦੇਣਾ!
ਇੱਕ ਗੱਲ ਹੋਰ ਦੱਸਦਾ ਜਾਂਵਾਂ ਕਿ ਛਿੱਤਰ ਸਿਰਫ ਕੁੱਟਣ ਵਾਸਤੇ ਹੀ ਨਹੀਂ ਹੁੰਦਾ! ਛਿੱਤਰ ਕਦੇ-ਕਦੇ ਦੁਆਈ ਵਾਂਗ ਲਾਹੇਵੰਦ ਵੀ ਸਾਬਤ ਹੁੰਦਾ ਹੈ! ਆਮ ਲੋਕਾਂ ਦਾ ਕਥਨ ਹੈ ਕਿ ਜੇ ਕਿਸੇ ਨੂੰ ਮਿਰਗੀ ਪੈ ਜਾਵੇ, ਤਾਂ ਉਸ ਰੋਗੀ ਨੂੰ ਛਿੱਤਰ ਸੁੰਘਾਓ! ਠੀਕ ਹੋ ਜਾਵੇਗਾ! ਜੁੱਤੀ ਉਤਨੀ ਬਦਨਾਮ ਨਹੀਂ, ਜਿੰਨੀ ਲੋਕਾਂ ਨੇ ਬਦਨਾਮ ਕਰ ਮਾਰੀ ਹੈ! ਜਦ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਜੋੜਿਆਂ ਦੀ ਸੇਵਾ ਨੂੰ ਉੱਤਮ ਸਮਝ ਕੇ ਕਰਦੇ ਹਾਂ! ਜੋੜਿਆਂ ਦੀ ਸੇਵਾ ਕਰਨ ਨਾਲ ਮਨ ਦੀ ਮੈਲ ਅਤੇ ਪਾਪ ਧੋਤੇ ਜਾਂਦੇ ਹਨ। ਇਕ ਵਾਰੀ ਧੰਨੇ ਅਮਲੀ ਨੂੰ ਕੋਈ ਜੋਗੀ ‘ਮਣਕਾ’ ਦੇ ਗਿਆ। ਅਖੇ ਜੇ ਕਿਸੇ ਦੇ ਸੱਪ ਲੜ ਜਾਵੇ ਤਾਂ ਇਹ ਮਣਕਾ ਉਪਰ ਲਾ ਦੇਵੀਂ। ਇਹ ਮਣਕਾ ਸਾਰੀ ਜ਼ਹਿਰ ਚੂਸ ਲਊਗਾ। ਅਮਲੀ ਸੀ ਕਮਲਾ! ਉਸ ਨੇ ਖੇਤਾਂ ਦੀਆਂ ਉੱਜੜੀਆਂ ਖੱਡਾਂ ਵਿਚ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਕਿ ਕਦੋਂ ਮੇਰੇ ਸੱਪ ਲੜੇ, ਤੇ ਕਦੋਂ ਮੈਂ ਮਣਕਾ ਅਜ਼ਮਾਵਾਂ! ਸਾਡੇ ਗੁਆਂਢੀ ਤਾਏ ਨੇ ਹੱਸਦਿਆਂ ਕਿਹਾ, “ਦੇਖੋ ਉਏ ਮੁੰਡਿਓ! ਇਹਦੀਆਂ ਲੱਕੜਾਂ ਦਾ ਪ੍ਰਬੰਧ ਕਰੋ ਉਏ…! ਔਹ ਧੰਨੇ ਨੂੰ ਮਣਕੇ ਦਾ ਕੀ ਕਮਲ ਚੜ੍ਹਿਐ! ਦਿਨ ਰਾਤ ਸੱਪਾਂ ਦੀਆਂ ਖੱਡਾਂ ‘ਚ ਹੱਥ ਪਾ-ਪਾ ਕੇ ਸੱਪ ਟੋਂਹਦੈ ਫਿਰਦੈ! ਇਹ ਕਿਸੇ ਦਿਨ ਸੱਪ ਫੜਦਾ-ਫੜਦਾ ਕਿਤੇ ਬੰਦੇ ਨਾ ਫੜਨ ਲੱਗ ਪਵੇ? ਕਿਸੇ ਦਿਨ ਸੱਪ ਆਉਣੈਂ ਨਿਕਲ, ਤੇ ਉਹਨੇ ਮਾਰਨੈਂ ਇਹਦੇ ਡੰਗ, ਮਣਕੇ ਨੇ ਕੁਛ ਕਰਨਾ ਨ੍ਹੀਂ, ਤੇ ਇਹਨੇ ਮਰ ਜਾਣੈਂ! ਲੱਕੜਾਂ ਆਪਾਂ ਨੂੰ ਈ ਲਾਉਣੀਆਂ ਪੈਣੀਐਂ!”
ਇੱਕ ਦਿਨ ਕਿਸੇ ਖੱਡ ‘ਚੋਂ ਕੋਈ ਚੂਹੇ ਖਾਣਾ ਸੱਪ ਨਿਕਲ ਆਇਆ ਤੇ ਧੰਨੇ ਦੇ ਦੰਦੀ ਜਿਹੀ ਵੱਢ ਗਿਆ। ਸੱਪ ਦੀਆਂ ਕਈ ਨਸਲਾਂ ਐਹੋ ਜਿਹੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਡੰਗ ਵਿਚ ਜ਼ਹਿਰ ਹੀ ਨਹੀਂ ਹੁੰਦਾ। ਸੱਪ ਦੇ ਡੰਗਣ ਨਾਲ ਧੰਨੇ ਨੂੰ ਬਹੁਤਾ ਕੁਛ ਤਾਂ ਨਾ ਹੋਇਆ ਅਤੇ ਨਾ ਹੀ ਉਸ ਦੇ ਮਣਕੇ ਨੇ ਕੋਈ ਕੰਮ ਕੀਤਾ! ਪਿੰਡ ਵਾਲੇ ਕਿਤੋਂ ਕਿਸੇ ਜੋਗੀ ਨੂੰ ਲੱਭ ਲਿਆਏ। ਉਸ ਨੇ ਸਲਾਹ ਦਿੱਤੀ ਕਿ ਚੂਹੇ ਖਾਣੇ ਸੱਪ ਦੇ ਡੰਗਣ ਨਾਲ ਬੰਦਾ ਮਰਦਾ ਨਹੀਂ। ਬੱਸ “ਘਾਊਂ-ਮਾਊਂ” ਜਿਹਾ ਹੋ ਜਾਂਦੈ ਤੇ ਡੰਗ ਵਾਲੀ ਜਗ੍ਹਾ ‘ਤੇ ਸੋਜ ਜਿਹੀ ਹੋ ਜਾਂਦੀ ਐ!
“ਇਹਦਾ ‘ਲਾਜ ਵੀ ਦੱਸ ਦਿਓ ਜੋਗੀ ਜੀ! ਇਹਦੀ ਸੋਜ ਦਾ ਕੀ ਕਰੀਏ?” ਕਿਸੇ ਰਹਿਮ ਦਿਲ ਨੇ ਪੁੱਛਿਆ।
“ਇਹਦੇ ਸੋਜ ਵਾਲੀ ਥਾਂ ‘ਤੇ ਨਿੰਮ੍ਹ ਦਾ ਪਾਣੀ ਲਾ ਕੇ ਸੁੱਕਿਆ ਛਿੱਤਰ ਰਗੜੋ, ਲੋਟ ਹੋ`ਜੂ!” ਆਖ ਕੇ ਜੋਗੀ ਚਲਾ ਗਿਆ।
ਸੋ ਮਿੱਤਰੋ! ਛਿੱਤਰ ਇਕੱਲਾ ਦੁੱਖ ਦੇਣ ਵਾਲਾ ਹੀ ਨਹੀਂ, ਦੁਆਈ ਦਾ ਕੰਮ ਵੀ ਕਰਦਾ ਹੈ! ਇਹ ਤਾਂ ਵਰਤਣ ਦਾ ਢੰਗ ਆਉਣਾ ਚਾਹੀਦਾ ਹੈ! ਬਹੁਤੀਆਂ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ! ਇਸੇ ਲਈ ਹੀ ਤਾਂ ਮੈਂ ਆਖਦਾ ਹਾਂ ਕਿ ਬੋਲ ਛਿੱਤਰ ਭਲਵਾਨ ਕੀ…! ਅੱਗੇ ਬੋਲਣਾ ਥੋਡਾ ਕੰਮ ਹੈ!