ਕੀ ਬੰਦਾ ਸਿੰਘ ਬਹਾਦਰ ਅੰਮ੍ਰਿਤਧਾਰੀ ਸੀ?

ਸਿੱਖੀ, ਬੰਦਾ ਸਿੰਘ ਬਹਾਦਰ ਅਤੇ ਇਤਿਹਾਸ-9
ਹਰਪਾਲ ਸਿੰਘ
ਫੋਨ: 916-236-8830
ਨਿਤਾਣੇ, ਲਤਾੜੇ ਅਤੇ ਹਾਰੇ ਹੋਏ ਲੋਕਾਂ ਦੀਆਂ ਸੁੱਤੀਆਂ ਸ਼ਕਤੀਆਂ ਜਗਾ ਕੇ ਉਨ੍ਹਾਂ ਵਿਚ ਸਮਾਜ ਸੁਧਾਰ ਅਤੇ ਕੌਮੀ ਚੜ੍ਹਤ ਦੀ ਉਚੀ, ਪਰ ਵਾਜਬ ਚਾਹਤ ਜਗਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਜੀਵਨ ਭਰ ਸੰਘਰਸ਼ ਕਰਦੇ ਰਹੇ। ਸਮਾਜਕ ਅਨਿਆਂ ਭਰੇ ਜਾਤੀ ਪ੍ਰਬੰਧ, ਸਿਆਸੀ ਤੇ ਧਾਰਮਿਕ ਜਬਰ ਨੂੰ ਉਨ੍ਹਾਂ ਸਿਰਫ਼ ਚੈਲਿੰਜ ਹੀ ਨਹੀਂ ਕੀਤਾ, ਸਗੋਂ ਇਹ ਲਾਹਣਤਾਂ ਖ਼ਤਮ ਕਰਨ ਹਿੱਤ ਲੰਬੀ ਜਦੋਜਹਿਦ ਵੀ ਕੀਤੀ। ਸਿੱਖ ਲਹਿਰ ਦਾ ਧਾਰਮਿਕ ਅਤੇ ਸਭਿਆਚਾਰਕ ਇਨਕਲਾਬ, ਫੌਜੀ ਇਨਕਲਾਬੀ ਲਹਿਰ ਵਿਚ ਬਦਲਿਆ। ਫੌਜੀ ਲਹਿਰ ਦਾ ਨਿਸ਼ਾਨਾ ਸਿਰਫ਼ ਨੈਤਿਕ ਆਦਰਸ਼ ਪ੍ਰਾਪਤ ਕਰਨਾ ਹੀ ਨਹੀਂ ਸੀ, ਸਗੋਂ ਇਸ ਉਤੇ ਪਹਿਰਾ ਦੇਣਾ ਵੀ ਸੀ। ਗੁਰੂ ਜੀ ਨੇ ਸਿੱਖ ਨੂੰ ਸੰਤ ਸਿਪਾਹੀ ਬਣਾਇਆ। ਉਨ੍ਹਾਂ ਦਾ ਨਿਸ਼ਾਨਾ ਕਿਸੇ ਵਿਸ਼ੇਸ਼ ਭੁਗੋਲਿਕ ਖੇਤਰ ਅੰਦਰ ਰਾਜ ਕਾਇਮ ਕਰਨਾ ਨਹੀਂ ਸੀ, ਸਗੋਂ ਸਮਾਜ ਅੰਦਰੋਂ ਹਰ ਕਿਸਮ ਦੀ ਨਾ-ਬਰਾਬਰੀ ਦਾ ਅੰਤ ਕਰਨਾ ਸੀ। ਰਾਜਸੀ ਸੱਤਾ ਦੀ ਪ੍ਰਾਪਤੀ ਰੂਹਾਨੀਅਤ ਦੀ ਮੰਜ਼ਿਲ ਸੀ। ਸੱਤਾ ਧਰਤੀ ਉਤੇ ਆਪਣੇ ਆਦਰਸ਼ਾਂ ਨੂੰ ਸਾਕਾਰ ਕਰਨ ਦਾ ਜ਼ਰੀਆ ਸੀ।
ਗੁਰੂ ਦਰਬਾਰ ਵਿਚ ਰਹਿੰਦੇ ਹੋਏ ਬੰਦੇ ਨੇ ਸਿੱਖ ਸਿਧਾਂਤਾਂ, ਅਮਲਾਂ ਅਤੇ ਗੁਰੂਆਂ ਦੁਆਰਾ ਕੀਤੀਆਂ ਕੁਰਬਾਨੀਆਂ ਨੂੰ ਨੇੜੇ ਹੋ ਕੇ ਦੇਖਿਆ। ਬੰਦੇ ਦੀਆਂ ਮਾਨਸਿਕ ਅਤੇ ਸਰੀਰਕ ਯੋਗਤਾਵਾਂ ਭਾਂਪਦੇ ਹੋਏ ਗੁਰੂ ਜੀ ਨੇ ਉਸ ਨੂੰ ਤਲਵਾਰਬਾਜ਼ੀ, ਤੀਰ-ਅੰਦਾਜ਼ੀ ਅਤੇ ਘੋੜ ਸਵਾਰੀ ਵਿਚ ਨਿਪੁੰਨ ਕੀਤਾ। ਗੁਰੂ ਜੀ ਜਦੋਂ ਵੀ ਸ਼ਿਕਾਰ ‘ਤੇ ਜਾਂਦੇ ਸਨ, ਬੰਦਾ ਹਮੇਸ਼ਾ ਉਨ੍ਹਾਂ ਦੇ ਅੰਗ-ਸੰਗ ਰਹਿੰਦਾ ਸੀ। ਥੋੜ੍ਹੇ ਸਮੇਂ ਵਿਚ ਹੀ ਉਹ ਗੁਰੂ ਜੀ ਦੇ ਮਹਾਨ ਜਰਨੈਲਾਂ ਦੀ ਮੂਹਰਲੀ ਕਤਾਰ ਵਿਚ ਸ਼ਾਮਲ ਹੋ ਗਿਆ।
ਪਹਾੜੀ ਰਾਜਿਆਂ ਅਤੇ ਮੁਗਲਾਂ ਤੋਂ ਸਿੱਖੀ ਨੂੰ ਖਤਰਾ ਭਾਂਪਦੇ ਹੋਏ ਗੁਰੂ ਜੀ ਨੇ ਅਨੰਦਪੁਰ ਅਤੇ ਉਸ ਦੇ ਆਲੇ ਦੁਆਲੇ ਪੰਜ ਕਿਲੇ ਉਸਾਰੇ। ਪ੍ਰਿੰæ ਸਤਬੀਰ ਸਿੰਘ ਅਨੁਸਾਰ ਗੁਰੂ ਜੀ ਨੇ 6 ਕਿਲੇ ਬਣਵਾਏ। ਸਤਲੁਜ ਤੋਂ ਪਾਰ ਤਿੰਨ ਕਿਲੇ-ਲੋਹਗੜ੍ਹ, ਹੌਲਗੜ੍ਹ ਅਤੇ ਨਿਰਮੋਹਗੜ੍ਹ ਬਣਾਏ ਗਏ ਅਤੇ ਦਰਿਆ ਦੇ ਉਪਰ ਕੁਝ ਫਾਸਲੇ ‘ਤੇ ਫਤਿਹਗੜ੍ਹ, ਅਨੰਦਗੜ੍ਹ ਅਤੇ ਕੇਸਗੜ੍ਹ ਕਿਲੇ ਉਸਾਰੇ ਗਏ। ਡਾæ ਹਰਜਿੰਦਰ ਸਿੰਘ ਦਿਲਗੀਰ ਆਪਣੀ ਪੁਸਤਕ ‘ਸਿੱਖ ਤਵਾਰੀਖ’ (ਪਹਿਲਾ ਹਿੱਸਾ ਪੰਨਾ 306) ਵਿਚ ਕਿਲਿਆਂ ਦੀ ਗਿਣਤੀ ਪੰਜ ਦੱਸਦੇ ਹਨ। ਉਨ੍ਹਾਂ ਅਨੁਸਾਰ 31 ਮਾਰਚ 1689 ਦੇ ਦਿਨ ਗੁਰੂ ਜੀ ਨੇ ਚੱਕ ਨਾਨਕੀ, ਅਨੰਦਪੁਰ ਦੇ ਆਲੇ-ਦੁਆਲੇ ਪੰਜ ਕਿਲੇ ਬਣਾਉਣੇ ਸ਼ੁਰੂ ਕੀਤੇ। ਗੁਰੂ ਜੀ ਨੇ ਇਨ੍ਹਾਂ ਕਿਲਿਆਂ ਦੇ ਨਾਂ ਅਨੰਦਗੜ੍ਹ, (ਹੁਣ ਵਾਲੇ ਅਨੰਦਗੜ੍ਹ ਕਿਲੇ ਵਾਲੀ ਜਗ੍ਹਾ) ਲੋਹਗੜ੍ਹ, ਤਾਰਾਗੜ੍ਹ (ਪੁਰਾਣੇ ਕੋਟ ਕਹਿਲੂਰ ਨੇੜੇ ਪਿੰਡ ਤਾਰਾਪੁਰ ਵਿਚ ਤਾਰਾਗੜ੍ਹ ਗੁਰਦੁਆਰੇ ਦੀ ਜਗ੍ਹਾ), ਅਗੰਮਗੜ੍ਹ (ਪਿੰਡ ਅੰਗਮਗੜ੍ਹ, ਮਾਤਾ ਜੀਤ ਕੌਰ ਦੇ ਗੁਰਦੁਆਰੇ ਨੇੜੇ) ਅਤੇ ਫਤਿਹਗੜ੍ਹ (ਚਰਨ ਗੰਗਾ ਨੇੜੇ ਪਿੰਡ ਸੋਹਲ ਦੀ ਹਦੂਦ ਵਿਚ ਗੁਰਦੁਆਰਾ ਫਤਿਹਗੜ੍ਹ ਵਾਲੀ ਜਗ੍ਹਾ) ਰੱਖੇ।
ਇਨ੍ਹਾਂ ਵਿਚੋਂ ਫਤਿਹਗੜ੍ਹ ਤੇ ਤਾਰਾਗੜ੍ਹ ਕਿਲੇ ਪਹਾੜੀ ਰਾਜਿਆਂ ਦੇ ਹਮਲੇ ਰੋਕਣ ਵਾਸਤੇ ਅਤੇ ਲੋਹਗੜ੍ਹ (ਜਿਸ ਦਾ ਦਰਵਾਜ਼ਾ ਬਹੁਤ ਮਜ਼ਬੂਤ ਸੀ) ਤੇ ਅਗੰਮਗੜ੍ਹ ਹੁਣ ਵਾਲੇ ਹੁਸ਼ਿਆਰਪੁਰ ਤੇ ਊਨਾ ਜ਼ਿਲ੍ਹਿਆਂ ਵੱਲੋਂ ਮੁਗਲ ਫੌਜਾਂ ਨੂੰ ਰੋਕਣ ਵਾਸਤੇ ਬਣਾਏ ਗਏ ਸਨ। ਅਨੰਦਗੜ੍ਹ ਜੋ ਸਭ ਤੋਂ ਮਹਿਫੂਜ਼ ਸੀ, ਦੋਹਾਂ ਪਾਸਿਆਂ ਦੀ ਫੌਜ ਰੋਕਣ ਵਾਸਤੇ ਸੀ। ਕਿਲਿਆਂ ਦੀ ਉਸਾਰੀ ਸਮੇਂ ਬੰਦੇ ਬਹਾਦਰ ਨੇ ਆਪਣੀ ਯੋਗਤਾ ਅਤੇ ਸ਼ਰਧਾ ਨਾਲ ਗੁਰੂ ਜੀ ਨੂੰ ਬਹੁਤ ਪ੍ਰਭਾਵਤ ਕੀਤਾ। ਹੁਣ ਉਹ ਗੁਰੂ ਦਾ ਖਾਸ ਬੰਦਾ ਸੀ।
ਭੰਗਾਣੀ ਦਾ ਯੁੱਧ
15 ਸਤੰਬਰ 1688 ਦੇ ਦਿਨ (ਪ੍ਰਿੰæ ਸਤਬੀਰ ਸਿੰਘ ਅਨੁਸਾਰ ਫਰਵਰੀ 1686) ਪਹਾੜੀ ਰਾਜਿਆਂ-ਭੀਮ ਚੰਦ ਅਤੇ ਗੜਵਾਲ ਦੇ ਰਾਜਾ ਫਤਿਹ ਸ਼ਾਹ ਨੇ ਗੁਰੂ ਜੀ ਉਤੇ ਅਚਾਨਕ ਹੱਲਾ ਬੋਲ ਦਿੱਤਾ। ਭੰਗਾਣੀ ਜੋ ਪਾਉਂਟਾ ਸਾਹਿਬ ਤੋਂ 6 ਕੁ ਮੀਲ ਦੂਰ ਹੈ, ਦੇ ਸਥਾਨ ‘ਤੇ ਭਾਰੀ ਲੜਾਈ ਹੋਈ। ਪਹਾੜੀ ਰਾਜਿਆਂ ਵਿਰੁਧ ਸਿੱਖਾਂ ਦੀ ਇਹ ਪਹਿਲੀ ਲੜਾਈ ਸੀ। ਉਹ ਸਿੱਖ ਜਿਹੜੇ ਕੱਲ੍ਹ ਉਠ ਨਹੀਂ ਸਨ ਸਕਦੇ, ਅੱਜ ਜਦੋਂ ਲੜਨ ‘ਤੇ ਆਏ ਤਾਂ ਆਪਣੇ ਤੋਂ ਤਿੱਗਣੇ ਦੁਸ਼ਮਣਾਂ ਨੂੰ ਪਛਾੜ ਗਏ। ਗੁੱਸੇ ਵਿਚ ਭਰਿਆਂ ਨੇ ਉਹ ਤਲਵਾਰ ਚਲਾਈ ਕਿ ਫਤਿਹ ਸ਼ਾਹ ਦੇ ਮੂੰਹੋਂ ਨਿਕਲਿਆ ਕਿ ‘ਯਾ ਅੱਲਾ! ਇਹ ਇਨਸਾਨ ਹਨ ਜਾਂ ਸ਼ੈਤਾਨ।’ ਹਰੀ ਚੰਦ ਨੇ ਬੰਦੇ ਬਹਾਦਰ ਨੂੰ ਜੰਗ ਵਾਸਤੇ ਲਲਕਾਰਿਆ। ਦੋਹਾਂ ਯੋਧਿਆਂ ਵਿਚ ਪਹਿਲਾਂ ਤੀਰਾਂ ਦੀ ਲੜਾਈ ਸ਼ੁਰੂ ਹੋਈ। ਹਰੀ ਚੰਦ ਨੇ ਬੰਦੇ ਬਹਾਦਰ ਦਾ ਘੋੜਾ ਜ਼ਖ਼ਮੀ ਕਰ ਦਿੱਤਾ। ਬੰਦੇ ਬਹਾਦਰ ਨੂੰ ਘੋੜਾ ਛੱਡ ਕੇ ਪੈਦਲ ਲੜਨਾ ਪਿਆ, ਪਰ ਉਸ ਨੇ ਖੱਬੇ ਹੱਥ ਦੀ ਤਲਵਾਰ ਨਾਲ ਅਜਿਹਾ ਜ਼ੋਰਦਾਰ ਵਾਰ ਕੀਤਾ ਕਿ ਹਰੀ ਚੰਦ ਸਮੇਤ ਘੋੜੇ ਮੈਦਾਨ ਵਿਚ ਜਾ ਡਿੱਗਾ। ਉਨ੍ਹਾਂ ਦੇ ਦੂਜੇ ਵਾਰ ਨੇ ਹਰੀ ਚੰਦ ਦੀ ਖੋਪੜੀ ਚੀਰ ਦਿੱਤੀ। ਇਸ ਲੜਾਈ ਵਿਚ ਸਿੱਖਾਂ ਦੀ ਜਿੱਤ ਹੋਈ। ਗੁਰੂ ਜੀ ਬਚਿੱਤਰ ਨਾਟਕ ਵਿਚ ਲਿਖਦੇ ਹਨ,
ਜਬੈ ਬਾਨ ਲਾਗਯੋ। ਤਬੈ ਰੋਸ ਜਾਗਯੋ।
ਕਰੀ ਲੈ ਕਮਾਣੇ। ਹਨਿਯੋ ਏਕ ਜੁਆਨੇ।
ਸਭੈ ਬੀਰ ਧਾਏ। ਸਰੋਘੇ ਚਲਾਏ।
ਹਰੀ ਚੰਦ ਮਾਰੇ। ਸੇ ਜੋਧਾ ਲਤਾਰੇ।
ਭਈ ਜੀਤ ਮੇਰੀ। ਕ੍ਰਿਪਾ ਨਾਲ ਤੇਰੀ।
ਰਣ ਜੀਤ ਆਏ। ਜਯੋ ਗੀਤ ਗਾਏ।
ਨਦੌਣ ਦੀ ਲੜਾਈ
ਮਾਰਚ 1691 ਵਿਚ ਲਾਹੌਰ ਦੇ ਗਵਰਨਰ ਅਲਫ ਖਾਨ ਦੀ ਅਗਵਾਈ ਵਿਚ ਭੇਜੀ ਮੁਗਲ ਫੌਜ ਨੇ ਪਹਾੜੀ ਰਾਜਿਆਂ ‘ਤੇ ਹਮਲਾ ਕਰ ਦਿੱਤਾ। ਪਹਾੜੀ ਰਾਜਿਆਂ ਨੇ ਬਿਲਾਸਪੁਰ ਦੇ ਰਾਜੇ ਭੀਮ ਚੰਦ ਰਾਹੀਂ ਯੁੱਧ ਵਿਚ ਗੁਰੂ ਜੀ ਕੋਲੋਂ ਮਦਦ ਮੰਗੀ। ਗੁਰੂ ਸਾਹਿਬ ਨੇ ਬੰਦਾ ਬਹਾਦਰ, ਦੀਵਾਨ ਨੰਦ ਚੰਦ, ਧਰਮ ਚੰਦ, ਭਾਈ ਮਨੀ ਰਾਮ, ਭਾਈ ਆਲਮ ਚੰਦ ਨੱਚਣਾ ਨੂੰ ਨਦੌਣ ਦੀ ਜੰਗ ਵਿਚ ਭੇਜਿਆ। ਇਸ ਜਥੇ ਵਿਚ ਲਗਭਗ 500 ਸਿੱਖ ਸ਼ਾਮਲ ਸਨ ਜਿਨ੍ਹਾਂ ਦੀ ਅਗਵਾਈ ਬੰਦਾ ਸਿੰਘ ਬਹਾਦਰ ਕਰ ਰਿਹਾ ਸੀ। 19 ਮਾਰਚ 1691 ਦੇ ਦਿਨ ਜ਼ਬਰਦਸਤ ਲੜਾਈ ਹੋਈ। ਬੰਦੇ ਨੇ ਇਸ ਲੜਾਈ ਵਿਚ ਬਹਾਦਰੀ ਦੇ ਉਹ ਜੌਹਰ ਦਿਖਾਏ ਕਿ ਸੂਰਜ ਛੁਪਣ ਸਮੇਂ ਅਲਫ ਖਾਨ ਦੀ ਫੌਜ ਮੈਦਾਨ ਛੱਡ ਗਈ। ਗੂਰ ਜੀ ਦੇ ਆਪਣੇ ਸ਼ਬਦਾਂ ਅਨੁਸਾਰ, ਭਜੋਯ ਅਲਫ ਖਾਨੇ ਨ ਖਾਨਾ ਸੰਭਾਰਿਯੋ।
ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਹਿਜ਼ਾਦਾ ਮੁਅੱਜ਼ਮ
ਪੰਜਾਬ ਦੇ ਮਸਲੇ ਨਜਿੱਠਣ ਲਈ ਔਰੰਗਜ਼ੇਬ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੂੰ 13 ਜੁਲਾਈ 1696 ਨੂੰ ਪੰਜਾਬ ਭੇਜਿਆ। ਮੁਅੱਜ਼ਮ ਨੇ ਲਾਹੌਰ ਆਪਣਾ ਟਿਕਾਣਾ ਬਣਾਇਆ ਤੇ ਮਿਰਜ਼ਾ ਬੇਗ ਨੂੰ ਫੌਜਾਂ ਦੇ ਕੇ ਪਹਾੜੀ ਰਾਜਿਆਂ ਅਤੇ ਗੁਰੂ ਦੀ ਤਾਕਤ ਖ਼ਤਮ ਕਰਨ ਲਈ ਭੇਜਿਆ। ਮਿਰਜ਼ਾ ਬੇਗ ਗੁਰੂ ਦਾ ਸ਼ਰਧਾਲੂ ਸੀ। ਉਸ ਨੇ ਗੁਰੂ ਜੀ ‘ਤੇ ਹਮਲਾ ਕਰਨਾ ਠੀਕ ਨਾ ਸਮਝਿਆ। ਭਾਈ ਨੰਦ ਲਾਲ ਦਾ ਵੀ ਸ਼ਹਿਜ਼ਾਦਾ ਮੁਅੱਜ਼ਮ ‘ਤੇ ਬਹੁਤ ਪ੍ਰਭਾਵ ਸੀ। ਉਸ ਨੇ ਸ਼ਹਿਜ਼ਾਦੇ ਨੂੰ ਗੁਰੂ ਵਿਰੁਧ ਕਾਰਵਾਈ ਕਰਨ ਤੋਂ ਰੋਕਿਆ। ਸ਼ਹਿਜ਼ਾਦਾ ਵੀ ਗੁਰੂ ਜੀ ਦੀ ਅਜ਼ਮਤ ਤੋਂ ਜਾਣੂ ਸੀ। ਉਹ ਵੀ ਅਗਾਂਹ ਦੀ ਸੋਚਣ ਲੱਗਾ। ਉਸ ਸਮਝਿਆ ਕਿ ਗੁਰੂ ਨਾਲ ਦੋਸਤੀ ਕਿਸੇ ਬਿਖੜੇ ਸਮੇਂ ਕੰਮ ਆਵੇਗੀ। ਸੋ, ਜੰਗ ਕਰਨ ਦੀ ਬਜਾਇ ਉਸ ਨੇ ਗੁਰੂ ਜੀ ਵਲ ਦੋਸਤੀ ਦਾ ਹੱਥ ਵਧਾਇਆ।
ਖਾਲਸੇ ਦੀ ਸਿਰਜਣਾ- ਬੰਦੇ ਦਾ ਅੰਮ੍ਰਿਤਧਾਰੀ ਹੋਣਾ
11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਚ ਚਾਂਦਨੀ ਚੌਕ ਵਿਚ ਸ਼ਹੀਦ ਕਰ ਦਿੱਤਾ ਗਿਆ। ਜਦੋਂ ਅਨੰਦਪੁਰ ਵਿਚ ਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਤੋਂ ਪੁੱਛਿਆ ਕਿ ਗੁਰੂ ਤੇਗ ਬਹਾਦਰ ਨਾਲ ਕਿੰਨੇ ਸਿੱਖਾਂ ਨੇ ਕੁਰਬਾਨੀ ਦਿੱਤੀ। ਜਵਾਬ ਸੀ, ਸਿਰਫ਼ ਦੋ ਸਿੱਖਾਂ ਨੇ ਗੁਰੂ ਜੀ ਨਾਲ ਕੁਰਬਾਨੀ ਦਿੱਤੀ। ਗੁਰੂ ਜੀ ਨੇ ਕਿਹਾ, ‘ਪਰ ਸਿੱਖਾ! ਸਿੱਖ ਤਾਂ ਸਾਡੇ ਬਹੁਤ ਆਹੇ?’ ਜਵਾਬ ਮਿਲਿਆ, ‘ਜੀ ਸੱਚੇ ਪਾਤਿਸ਼ਾਹ! ਸਭ ਬੇਮੁੱਖ ਹੋਇ, ਸਭ ਫਿਰ ਗਏ। ਨਿਸ਼ਾਨੀ ਤਾਂ ਨਾਹੀ ਸਿੱਖੀ ਦੀ ਕਿਸੇ ਨੂੰ ਲੱਗੀ, ਜੁ ਕੋਈ ਸਿੱਖ ਕਹੀ ਕਰੇ।’ ਇਹ ਸੁਣ ਗੁਰੂ ਜੀ ਨੇ ਕਿਹਾ, ‘ਐਸੀ ਨਿਸ਼ਾਨੀ ਸਿੱਖਾਂ ਨੂੰ ਲਾਵਾਂਗਾ, ਜੁ ਹਜ਼ਾਰਾਂ ਵਿਚ ਖੜੋਤਾ ਸਿੱਖ ਲੁਕੇ ਨਾਹੀ।’ (ਰਹਿਤਨਾਮਾ)
24 ਸਾਲਾਂ ਬਾਅਦ 30 ਮਾਰਚ 1699 ਨੂੰ ਕੇਸਗੜ੍ਹ ਸਾਹਿਬ ਵਿਚ ਖਾਲਸੇ ਦੀ ਸਿਰਜਣਾ ਕਰ ਕੇ ਗੁਰੂ ਜੀ ਨੇ ਆਪਣੇ ਇਸ ਇਰਾਦੇ ਨੂੰ ਅਮਲੀ ਰੂਪ ਦਿੱਤਾ ਅਤੇ ਇੰਜ ਪਹਿਲੀ ਵਾਰ ਸਿੱਖ ਵਿਚਾਰਧਾਰਾ ਨੂੰ ਜਥੇਬੰਦ ਇਨਕਲਾਬੀ ਰੂਪ ਦਿੱਤਾ ਗਿਆ। ਪੰਜ ਪਿਆਰਿਆਂ ਵਿਚ ਭਾਈ ਦਇਆ ਰਾਮ ਖੱਤਰੀ ਲਾਹੌਰ ਵਾਸੀ, ਭਾਈ ਧਰਮ ਦਾਸ ਜੱਟ ਰੋਹਤਕ ਨਿਵਾਸੀ, ਭਾਈ ਹਿੰਮਤ ਪੁਰੀ ਨਿਵਾਸੀ, ਭਾਈ ਮੋਹਕਮ ਚੰਦ ਵਾਸੀ ਦਵਾਰਕਾ ਅਤੇ ਭਾਈ ਸਾਹਿਬ ਚੰਦ ਨਿਵਾਸੀ ਬਿਦਰ ਸ਼ਾਮਲ ਸਨ। ਭਾਈ ਮੋਹਕਮ ਚੰਦ ਛੀਂਬੇ, ਭਾਈ ਸਾਹਿਬ ਚੰਦ ਨਾਈ ਅਤੇ ਭਾਈ ਹਿੰਮਤ ਜੀ ਰਸੋਈਏ ਸਨ। ਅੰਮ੍ਰਿਤ ਛਕਣ ਤੋਂ ਬਾਅਦ ਪੰਜਾਂ ਪਿਆਰਿਆਂ ਨੇ ਗੁਰੂ ਜੀ ਨੂੰ ਅੰਮ੍ਰਿਤ ਛਕਾਇਆ।
“ਇਹ ਖਾਲਸਾ ਰਹਿਤ ਮਰਯਾਦਾ ਦਾ ਵਿਸ਼ਵਾਸ ਭਰਿਆ ਸਿਧਾਂਤ ਹੈ ਕਿ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤਧਾਰੀ ਵਿਅਕਤੀ ਦਾ ਪਹਿਲਾ ਜੀਵਨ ਹਰ ਪੱਖੋਂ ਖ਼ਤਮ ਹੋ ਜਾਂਦਾ ਹੈ। ਇਸ ਗੱਲ ਨੂੰ ਅਸੀਂ ਤਿੰਨ ਸ਼ਬਦਾਂ-ਕੁਲ ਨਾਸ, ਧਰਮ ਨਾਸ ਅਤੇ ਕਰਮ ਨਾਸ, ਰਾਹੀਂ ਸੰਖੇਪ ਰੂਪ ਵਿਚ ਦਰਸਾ ਸਕਦੇ ਹਾਂ। ਖਾਲਸਾ ਸਾਜਣ ਸਮੇਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰਿਆਂ ਦੇ ਸੀਸ ਲਾਹੇ ਤਾਂ ਇਹ ਗੱਲ ਵੀ ਇਸੇ ਧਾਰਨਾ ਦੀ ਪ੍ਰਤੀਕ ਹੈ ਕਿ ਅੰਮ੍ਰਿਤ ਛਕਣ ਤੋਂ ਬਾਅਦ ਪੰਜ ਪਿਆਰਿਆਂ ਦਾ ਪਹਿਲਾ ਜੀਵਨ ਖ਼ਤਮ ਹੋ ਕੇ ਨਵਾਂ ਜੀਵਨ ਸ਼ੁਰੂ ਹੋਇਆ ਸੀ।” (ਡਾæ ਸੁਖਦਿਆਲ ਸਿੰਘ)
ਕੀ ਬੰਦਾ ਸਿੰਘ ਬਹਾਦਰ ਅੰਮ੍ਰਿਤਧਾਰੀ ਸੀ?
ਆਰੀਆ ਸਮਾਜੀਆਂ ਅਤੇ ਹਿੰਦੂ ਲਿਖਾਰੀਆਂ ਨੇ ਬੰਦੇ ਨੂੰ ਬੈਰਾਗੀ ਸਾਧੂ ਦੱਸ ਕੇ ਇਸ ਝੂਠ ਦਾ ਪ੍ਰਚਾਰ ਕੀਤਾ ਕਿ ਬੰਦਾ ਸਿੰਘ ਬਹਾਦਰ ਨੇ ਖੰਡੇ ਦੀ ਪਾਹੁਲ ਨਹੀਂ ਲਈ ਸੀ। ਇਸ ਝੂਠੇ ਪ੍ਰਚਾਰ ਦਾ ਮੋਢੀ ਭਾਈ ਪਰਮਾਨੰਦ ਸੀ ਜਿਸ ਨੇ 1925 ਵਿਚ ਆਪਣੀ ਹਿੰਦੀ ਕਿਤਾਬ ‘ਬੰਦਾ ਬੈਰਾਗੀ’ ਵਿਚ ਅਜਿਹਾ ਲਿਖਿਆ। ਉਸ ਪਿੱਛੋਂ ਦੌਲਤ ਰਾਏ ਆਰੀਆ ਨੇ ‘ਸਾਹਿਬੇ ਕਮਾਲ’ ਕਿਤਾਬ ਲਿਖ ਕੇ ਅਤੇ ਡਾæ ਹਰੀ ਰਾਮ ਗੁਪਤਾ ਨੇ ‘ਹਿਸਟਰੀ ਆਫ ਦਿ ਸਿੱਖਸ’ ਲਿਖ ਕੇ ਇਹ ਝੂਠ ਉਛਾਲਿਆ ਕਿ ਬੰਦਾ ਬਹਾਦਰ ਨੇ ਖੰਡੇ ਦੀ ਪਾਹੁਲ ਨਹੀਂ ਲਈ ਸੀ। ਡਾæ ਗੁਪਤਾ ਲਿਖਦੇ ਹਨ ਕਿ ‘ਬੰਦਾ ਸਿੰਘ ਪਹਿਲਾਂ ਹੀ ਮਹਾਂਰਾਸ਼ਟਰ ਵਿਚ ਗੁਰੂ ਮੰਨਿਆ ਜਾਂਦਾ ਸੀ ਤੇ ਬੜੀ ਵੱਡੀ ਗਿਣਤੀ ਵਿਚ ਆਪਣੇ ਸ਼ਰਧਾਲੂਆਂ ‘ਤੇ ਹੁਕਮ ਚਲਾਉਂਦਾ ਸੀ। ਗੁਰੂ ਜੀ ਸਿੱਖਾਂ ਦੇ ਧਾਰਮਿਕ ਨੇਤਾ ਦੇ ਤੌਰ ‘ਤੇ ਬੰਦਾ ਸਿੰਘ ਬਹਾਦਰ ਦੀ ਇੱਜ਼ਤ ਵਧਾਉਣਾ ਨਹੀਂ ਚਾਹੁੰਦੇ ਸਨ।’
ਸਿੱਖ ਇਤਿਹਾਸਕਾਰਾਂ ਵਿਚ ਰਤਨ ਸਿੰਘ ਭੰਗੂ, ਗਿਆਨੀ ਗਿਆਨ ਸਿੰਘ, ਭਾਈ ਸੰਤੋਖ ਸਿੰਘ, ਭਾਈ ਖਿਜਨ ਸਿੰਘ ਅਤੇ ਕਰਮ ਸਿੰਘ ਹਿਸਟੋਰੀਅਨ (ਭਾਵੇਂ ਬਾਅਦ ਵਿਚ ਉਸ ਨੇ ਆਪਣੀ ਲਿਖਤ ਵਿਚ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤਧਾਰੀ ਮੰਨ ਲਿਆ ਸੀ) ਨੇ ਖੰਡੇ ਦੀ ਪਾਹੁਲ ਦੀ ਗੱਲ ਨੂੰ ਬਹੁਤ ਬੇਧਿਆਨੀ ਵਿਚ ਲਿਆ ਹੈ। ਅਸੀਂ ਕਦੀ ਇਹ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਗੁਰੂ ਗੋਬਿੰਦ ਸਿੰਘ ਅੰਮ੍ਰਿਤਧਾਰੀ ਸਿੱਖ ਕੌਮ ਦੀ ਵਾਗਡੋਰ ਐਸੇ ਬੈਰਾਗੀ ਸਾਧੂ ਨੂੰ ਕਿਸ ਤਰ੍ਹਾਂ ਸੌਂਪ ਸਕਦੇ ਸਨ ਜੋ ਅੰਮ੍ਰਿਤਧਾਰੀ ਨਹੀਂ ਹੈ। ਆਪਣੇ ਇਕ ਪੱਤਰ ਵਿਚ ਬੰਦਾ ਨਾਮ ਸਿਮਰਨ ਅਤੇ ਗੁਰਮਤਿ ਵਿਚ ਦ੍ਰਿੜ ਰਹਿਣ ਦਾ ਉਪਦੇਸ਼ ਦਿੰਦਾ ਹੈ। ਜੌਨਪੁਰ ਦੀ ਸੰਗਤ ਦੇ ਨਾਂ 12 ਦਸੰਬਰ 1710 ਵਿਚ ਉਹ ਲਿਖਦਾ ਹੈ, “ਪੰਜ ਹਥਿਆਰ ਬਨਿ ਕੈ ਹੁਕਮ ਦੇਖਦਿਆਂ ਦਰਸਨਿ ਆਵਣਾ ਖਾਲਸੇ ਦੀ ਰਹਿਤ ਰਾਹਣਾæææਭੰਗ ਤਮਾਕੂ ਅਫੀਮ ਪੋਸਤ ਦਾਰੂ ਅਮਲ ਕੋਈ ਨਹੀਂ ਖਾਣਾ, ਮਾਸ ਮਛਲੀ ਪਿਆਜ ਨਹੀਂ ਖਾਣਾ ਚੋਰੀ ਜਾਰੀ ਨਹੀਂ ਕਰਨਾæææ।” ਜਿਹੜਾ ਬੰਦਾ ਖਾਲਸੇ ਦੀ ਰਹਿਤ ਮਰਿਆਦਾ ਦਾ ਹੁਕਮ ਸੰਗਤ ਨੂੰ ਦਿੰਦਾ ਹੈ, ਕੀ ਉਹ ਆਪ ਉਸ ਰਹਿਤ ਮਰਿਆਦਾ ਦੀ ਪਾਲਣਾ ਨਹੀਂ ਕਰਦਾ ਹੋਵੇਗਾ? (ਕਈ ਲਿਖਾਰੀ ਬੰਦੇ ਦੇ ਪੱਤਰ ਨੂੰ ਹੁਕਮਨਾਮਾ ਦਾ ਨਾਂ ਦਿੰਦੇ ਹਨ। ਉਹ ਇਹ ਗੱਲ ਵਿਸਾਰ ਦਿੰਦੇ ਹਨ ਕਿ ਹੁਕਮਨਾਮਾ ਕੇਵਲ ਗੁਰੂਆਂ ਦੁਆਰਾ ਹੀ ਦਿੱਤਾ ਜਾਂਦਾ ਸੀ)
ਬੰਦਾ ਸਿੰਘ ਬਹਾਦਰ ਦੇ ਸਿੰਘ ਸਜਣ ਦੇ ਸੰਕੇਤ ਬਹੁਤ ਸਾਰੇ ਇਤਿਹਾਸਕ ਹਵਾਲਿਆਂ ਵਿਚੋਂ ਮਿਲਦੇ ਹਨ ਜਿਨ੍ਹਾਂ ਵਿਚ ਅਹਿਮਦ ਸ਼ਾਹ ਬਟਾਲੀਆ, ਗਣੇਸ਼ ਦਾਸ ਵਢੇਰਾ, ਕਨ੍ਹਈਆ ਲਾਲ, ਲਤੀਫ, ਮੈਲਕਮ, ਮਹਾਂ ਕੋਸ਼ ਦਾ ਲਿਖਾਰੀ ਡਾæ ਗੰਡਾ ਸਿੰਘ ਅਤੇ ‘ਇਬਰਤਨਾਮਾ’ ਅਲੀ-ਉਦ-ਦੀਨ ਮੁਫਤੀ ਔਫ ਲਾਹੌਰ ਦੀ ਫਾਰਸੀ ਲਿਖਤ ਸ਼ਾਮਲ ਹਨ।
‘ਇਬਰਤਨਾਮਾ’ (13 ਨਵੰਬਰ 1854) ਦੇ ਪੰਨਾ 39 ਉਤੇ ਦਰਜ ਹੈ ਕਿ ਬੰਦਾ ਇਹ ਸੁਣ ਕੇ ਤਨ ਮਨ ਨਾਲ ਚੇਲਾ ਬਣ ਗਿਆ ਅਤੇ ਪਾਹੁਲ ਲੈ ਕੇ ਜੰਗ ਲਈ ਤਿਆਰ ਹੋ ਗਿਆ। ਗਣੇਸ਼ ਦਾਸ ਵਢੇਰਾ ਅਨੁਸਾਰ, ਗੁਰੂ ਸਾਹਿਬ ਨੇ ਉਸ ਨੂੰ ਆਪਣੇ ਨਵੇਂ ਧਰਮ ਵਿਚ ਸ਼ਾਮਲ ਕਰ ਕੇ ਆਪਣਾ ਨਾਇਬ ਥਾਪ ਮਾਖੋਵਾਲ (ਅਨੰਦਪੁਰ) ਤੋਰ ਦਿੱਤਾ। ਨਰਿੰਦਰਪਾਲ ਸਿੰਘ ਕਰਤਾ ‘ਪੰਜਾਬ ਦਾ ਇਤਿਹਾਸ’ ਦੇ ਪੰਨਾ 53 ਲਿਖਦਾ ਹੈ- ਸੋ ਅੰਮ੍ਰਿਤ ਛਕਾਉਣ ਪਿੱਛੋਂ ਗੁਰੂ ਸਾਹਿਬ ਨੇ ਉਸ ਦਾ ਨਾਂ ਬੰਦਾ ਹੀ ਰੱਖਿਆ। ਡਾæ ਗੰਡਾ ਸਿੰਘ ਨੇ ਲਿਖਿਆ ਹੈ, ਬੰਦਾ ਸਿੰਘ ਬਹਾਦਰ ਨੂੰ ਸਿੱਖ ਰਹੁਰੀਤ ਅਨੁਸਾਰ ਅੰਮ੍ਰਿਤ ਛਕ ਕੇ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਉਂ ਬਦਲ ਕੇ ਬੰਦਾ ਸਿੰਘ ਰੱਖ ਦਿੱਤਾ।
ਵਿਰੋਧੀ ਵਿਦਵਾਨਾਂ ਅਤੇ ਪ੍ਰਚਾਰਕਾਂ ਨੂੰ ਛੱਡ ਕੇ ਸਾਰੇ ਇਹ ਮੰਨਦੇ ਹਨ ਕਿ ਬੰਦਾ ਸਿੰਘ ਨੇ ਗੁਰੂ ਜੀ ਕੋਲੋਂ ਪਾਹੁਲ ਲਈ ਸੀ ਅਤੇ ਉਹ ਬੈਰਾਗੀ ਨਹੀਂ ਸੀ।

ਬੰਦਾ ਸਿੰਘ ਬਹਾਦਰ ਦੀ ਨਿਯੁਕਤੀ
ਜਦੋਂ ਗੁਰੂ ਗੋਬਿੰਦ ਸਿੰਘ ਮਾਰਵਾੜ ਵਿਚ ਭਗੌਰ ਵਿਚ ਠਹਿਰੇ ਹੋਏ ਸਨ, ਉਨ੍ਹਾਂ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਦੀ ਖ਼ਬਰ ਮਿਲੀ। 20 ਫਰਵਰੀ 1707 ਨੂੰ ਅਹਿਮਦਨਗਰ ਦੇ ਸਥਾਨ ‘ਤੇ ਬਾਦਸ਼ਾਹ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ‘ਹਿਸਟਰੀ ਆਫ ਦਿ ਪੰਜਾਬ’ ਦੇ ਲਿਖਾਰੀ ਮੁਹੰਮਦ ਲਤੀਫ ਅਨੁਸਾਰ, ਉਸ ਸਮੇਂ ਔਰੰਗਜ਼ੇਬ ਦੀ ਉਮਰ 89 ਸਾਲ ਦੀ ਸੀ। ਪੁੱਤ, ਪੋਤਰਿਆਂ ਅਤੇ ਪੜਪੋਤਿਆਂ ਵਿਚ ਦਿੱਲੀ ਦੇ ਤਖ਼ਤ ਲਈ ਯੁੱਧ ਹੋਣਾ ਲਾਜ਼ਮੀ ਸੀ। ਤਿੰਨ ਵੱਡੇ ਦਾਅਵੇਦਾਰ ਸਨ। ਸਭ ਤੋਂ ਵੱਡਾ ਪੁੱਤਰ ਮੁਅੱਜ਼ਮ (ਬਹਾਦਰ ਸ਼ਾਹ) ਉਸ ਵੇਲੇ ਕਾਬਲ ਦਾ ਗਵਰਨਰ ਸੀ। ਉਸ ਦਾ ਸਭ ਤੋਂ ਭਰੋਸੇਯੋਗ ਆਦਮੀ ਮੁਨਿਅਮ ਖਾਂ ਸੀ ਜੋ ਉਸ ਵੇਲੇ ਲਾਹੌਰ ਦਾ ਸੂਬੇਦਾਰ ਸੀ। ਦੂਜਾ ਪੁੱਤਰ ਮੁਹੰਮਦ ਆਜ਼ਮ ਸ਼ਾਹ ਸੀ ਜੋ ਉਸ ਵੇਲੇ ਔਰੰਗਜ਼ੇਬ ਨਾਲ ਹਮਰਾਹ ਸੀ। ਤੀਜਾ ਪੁੱਤਰ ਕਾਮ ਬਖਸ਼ ਸੀ ਜੋ ਉਸ ਵੇਲੇ ਬੀਜਾਪੁਰ (ਦੱਖਣ) ਵਿਚ ਸੀ।
ਸ਼ਹਿਜ਼ਾਦਾ ਮੁਅੱਜ਼ਮ ਇਹ ਗੱਲ ਭਲੀ-ਭਾਂਤ ਸਮਝਦਾ ਸੀ ਕਿ ਇਕ ਦਿਨ ਦਿੱਲੀ ਦੇ ਤਖ਼ਤ ਲਈ ਉਸ ਨੂੰ ਆਪਣੇ ਭਰਾਵਾਂ ਨਾਲ ਜੰਗ ਕਰਨੀ ਪਵੇਗੀ। ਇਸ ਲਈ ਆਪਣੀ ਫੌਜੀ ਤਾਕਤ ਵਧਾਉਣ ਲਈ ਉਸ ਨੇ ਮੁਨਿਅਮ ਖਾਂ ਨੂੰ ਪੰਜਾਬ ਵਿਚੋਂ ਭਰਤੀ ਕਰਨ ਲਈ ਕਿਹਾ। ਉਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਸਿੱਖਾਂ ਦੀ ਬਹਾਦਰੀ ਅਤੇ ਹੌਸਲੇ ਦੀ ਚੰਗੀ ਚੜ੍ਹਤ ਸੀ। ਲਿਹਾਜ਼ਾ ਬਹੁਤ ਸਾਰੇ ਸਿੱਖਾਂ ਨੂੰ ਬਹਾਦਰ ਸ਼ਾਹ ਦੀ ਫੌਜ ਵਿਚ ਨੌਕਰੀ ਦਿੱਤੀ ਗਈ। ਸਿੱਖਾਂ ਦੀ ਰਜਮੈਂਟ ਨੂੰ ਗੁਰੂ ਦੀ ਸੰਗਤ ਕਿਹਾ ਜਾਂਦਾ ਸੀ। ਗੁਰੂ ਜੀ ਦਾ ਇਕ ਹੁਕਮਨਾਮਾ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਬਹਾਦਰ ਸ਼ਾਹ ਦੀ ਫੌਜ ਵਿਚ ਸਿੱਖਾਂ ਦੀ ਰਜਮੈਂਟ ਸੀ।
ਬਹਾਦਰ ਸ਼ਾਹ ਆਹਾ ਕਾਬਲ ਦਾ ਸੂਬੇਦਾਰ।
ਸਿੱਖ ਆਹੇ ਚਾਕਰ ਬਾਦਸ਼ਾਹ ਦੀ ਸਰਕਾਰ।
ਸਿੱਖਾ ਜਾਇ ਮੁਬਾਰਖ ਦਿੱਤੀ ਬਹਾਦਰ ਸ਼ਾਹ (ਬੰਸਾਵਲੀ 9 ਅਤੇ 10 ਚਰਨ)
(ਹੁਕਮਨਾਮੇ ਵਿਚ ਲਿਖਿਆ ਹੈ ਸਰਬਤ ਖਾਲਸੇ ਵਾਲੀ ਲਸ਼ਕਰ ਬਾਦਸ਼ਾਹ)
ਕੇਸਰ ਸਿੰਘ ਛਿੱਬਰ ਅਨੁਸਾਰ ਜਦੋਂ ਬਹਾਦਰ ਸ਼ਾਹ (ਸ਼ਹਿਜ਼ਾਦਾ ਮੁਅੱਜ਼ਮ) ਕਾਬੁਲ ਦਾ ਸੂਬੇਦਾਰ ਸੀ, ਉਸ ਸਮੇਂ ਕੁਝ ਸਿੱਖ ਉਸ ਦੇ ਅਧੀਨ ਹੋ ਗਏ ਸਨ। ਇਨ੍ਹਾਂ ਸਿੱਖਾਂ ਨੂੰ ਗੁਰੂ ਜੀ ਦਾ ਹੁਕਮਨਾਮਾ ਮਿਲਿਆ ਸੀ ਜਿਸ ਵਿਚ ਬਾਦਸ਼ਾਹ ਦੇ ਲਸ਼ਕਰ ਵਿਚਲੇ ਖਾਲਸੇ ਨੂੰ ਸੰਬੋਧਨ ਕੀਤਾ ਗਿਆ ਸੀ। ਸਿੱਖਾਂ ਨੇ ਬਹਾਦਰ ਸ਼ਾਹ ਨੂੰ ਜਾ ਕੇ ਮੁਬਾਰਕਬਾਦ ਦਿੱਤੀ।
ਆਪਣੇ ਭਰਾਵਾਂ ਨਾਲ ਫੈਸਲਾਕੁਨ ਲੜਾਈ ਤੋਂ ਪਹਿਲਾਂ ਬਹਾਦਰ ਸ਼ਾਹ ਪੰਜਾਬ ਵਿਚ ਅਮਨ ਚਾਹੁੰਦਾ ਸੀ। ਉਸ ਨੂੰ ਇਸ ਗੱਲ ਦੀ ਸ਼ੰਕਾ ਸੀ ਕਿ ਨਾਜ਼ੁਕ ਮੌਕਾ ਦੇਖ ਕੇ ਪੰਜਾਬ ਦੇ ਸਿੱਖ ਕਿਤੇ ਗੜਬੜ ਨਾ ਕਰ ਦੇਣ। ਉਸ ਨੇ ਗੁਰੂ ਜੀ ਦੀ ਅਜ਼ਮਤ ਬਾਰੇ ਵੀ ਸੁਣ ਰੱਖਿਆ ਸੀ ਅਤੇ ਗੁਰੂ ਜੀ ਦੇ ਬਹਾਦਰ ਸਿੰਘਾਂ ਬਾਰੇ ਵੀ। ਇਸ ਲਈ ਉਸ ਨੇ ਗੁਰੂ ਜੀ ਵੱਲ ਦੋਸਤੀ ਅਤੇ ਸਹਾਇਤਾ ਲਈ ਹੱਥ ਵਧਾਇਆ। ਭਾਈ ਨੰਦ ਲਾਲ ਦੀ ਵਿਚੋਲਗੀ ਨਾਲ ਦੋਵੇਂ ਧਿਰਾਂ ਵਿਚ ਸਮਝੌਤਾ ਹੋ ਗਿਆ। ਗੁਰੂ ਜੀ ਨੇ ਬਾਦਸ਼ਾਹ ਦੀ ਸਹਾਇਤਾ ਲਈ ਘੋੜ ਸਵਾਰਾਂ ਦੀ ਛੋਟੀ ਟੁਕੜੀ ਵੀ ਭੇਜੀ ਜਿਸ ਦੀ ਅਗਵਾਈ ਬੰਦਾ ਸਿੰਘ ਬਹਾਦਰ ਕਰ ਰਿਹਾ ਸੀ। ਡਾæ ਸੁਖਦਿਆਲ ਸਿੰਘ ਦਾ ਕਹਿਣਾ ਹੈ ਕਿ ਸਿੱਖ ਸੈਨਿਕਾਂ ਦੀ ਟੁਕੜੀ ਪਹਿਲਾਂ ਹੀ ਬਹਾਦਰ ਸ਼ਾਹ ਕੋਲ ਸੀ ਜਿਸ ਦਾ ਕਮਾਂਡਰ ਬੰਦਾ ਸਿੰਘ ਬਹਾਦਰ ਸੀ। ਕੋਈ ਨਵੇਂ ਸਿੱਖ ਸੈਨਿਕ ਗੁਰੂ ਜੀ ਨੇ ਨਹੀਂ ਦਿੱਤੇ ਸਨ।
ਗੁਰੂ ਜੀ ਨੇ ਬਹਾਦਰ ਸ਼ਾਹ ਦੀ ਸਹਾਇਤਾ ਕਿਉਂ ਕੀਤੀ, ਇਸ ਦੀ ਡੂੰਘੀ ਪੜਚੋਲ ਕਰਨਾ ਜ਼ਰੂਰੀ ਹੈ। 13 ਜੁਲਾਈ 1696 ਨੂੰ ਔਰੰਗਜ਼ੇਬ ਨੇ ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੂੰ ਪੰਜਾਬ ਦੇ ਮਸਲੇ ਦਾ ਹੱਲ ਕੱਢਣ ਲਈ ਭੇਜਿਆ। ਮੁਅੱਜ਼ਮ ਨੇ ਲਾਹੌਰ ਆਪਣਾ ਟਿਕਾਣਾ ਕੀਤਾ ਤੇ ਮਿਰਜ਼ਾ ਬੇਗ ਨੂੰ ਸਾਰੀ ਫੌਜ ਦੇ ਕੇ ਪਹਾੜੀ ਰਾਜਿਆਂ ਅਤੇ ਗੁਰੂ ਜੀ ਦੀ ਤਾਕਤ ਮਿਟਾਉਣ ਲਈ ਭੇਜਿਆ। ਸਿੱਖ ਰਵਾਇਤ ਹੈ ਕਿ ਭਾਈ ਨੰਦ ਲਾਲ ਜੋ ਸ਼ਹਿਜ਼ਾਦੇ ਦੇ ਮੀਰ ਮੁਨਸ਼ੀ ਸਨ, ਨੇ ਸ਼ਹਿਜ਼ਾਦੇ ਨੂੰ ਗੁਰੂ ਵਿਰੁਧ ਕਾਰਵਾਈ ਕਰਨ ਤੋਂ ਵਰਜਿਆ। ਸ਼ਹਿਜ਼ਾਦਾ ਮੁਅੱਜ਼ਮ ਵੀ ਗੁਰੂ ਜੀ ਦਾ ਭਗਤ ਸੀ ਅਤੇ ਉਨ੍ਹਾਂ ਦੀ ਅਜ਼ਮਤ ਦਾ ਕਾਇਲ ਸੀ। ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ, ਉਨ੍ਹਾਂ ਦੀ ਬਹਾਦਰੀ ਅਤੇ ਮਜ਼ਬੂਤ ਜਥੇਬੰਦੀ ਦਾ ਉਹ ਕਾਇਲ ਹੋ ਗਿਆ। ਆਉਣ ਵਾਲੇ ਬਿਖੜੇ ਸਮੇਂ ਨੂੰ ਸਾਹਮਣੇ ਰੱਖ ਕੇ ਉਹ ਇਹ ਸੋਚਣ ਲੱਗਾ ਕਿ ਗੁਰੂ ਨਾਲ ਦੋਸਤੀ ਕਿਸੇ ਬਿਖੜੇ ਸਮੇਂ ਕੰਮ ਆਵੇਗੀ। ਸੋ, ਉਸ ਨੇ ਗੁਰੂ ਜੀ ਉਤੇ ਹਮਲਾ ਕਰਨ ਦੀ ਥਾਂ ਪਹਾੜੀ ਰਾਜਿਆਂ ਦਾ ਸੋਧਾ ਲਾਇਆ ਜੋ ਗਾਹੇ-ਬਗਾਹੇ ਗੁਰੂ ਜੀ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਸਨ। ਗੁਰੂ ਜੀ ਦੇ ਮਨ ‘ਤੇ ਇਸ ਦਾ ਗਹਿਰਾ ਪ੍ਰਭਾਵ ਸੀ। ਇਸ ਲਈ ਉਨ੍ਹਾਂ ਸ਼ਹਿਜ਼ਾਦੇ ਦੀ ਮਦਦ ਕਰਨ ਦਾ ਮਨ ਬਣਾਇਆ।
ਸ਼ਹਿਜ਼ਾਦੇ ਮੁਅੱਜ਼ਮ ਦਾ ਸਬੰਧ ਸ਼ੀਆ ਘਰਾਣੇ ਨਾਲ ਸੀ। ਨਾ ਤਾਂ ਉਹ ਆਪਣੇ ਪਿਤਾ ਔਰੰਗਜ਼ੇਬ ਵਾਂਗ ਕੱਟੜ ਮੁਸਲਮਾਨ ਸੀ ਅਤੇ ਨਾ ਹੀ ਤੁਅੱਸਬੀ ਸੀ। ਉਹ ਫਰਾਖ ਦਿਲ ਅਤੇ ਡੂੰਘੀ ਸੋਚ ਵਾਲਾ ਸੀ। ਸ਼ੀਆ ਮੁਸਲਮਾਨ ਫਿਰਕੇ ਦੇ ਮੁੱਢ ਤੋਂ ਹੀ ਗੁਰੂ ਘਰ ਨਾਲ ਚੰਗੇ ਸਬੰਧ ਸਨ। ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਗੁਰੂ ਅਰਜਨ ਦੇਵ ਨੇ ਸੂਫੀ ਫਕੀਰ ਮੀਆਂ ਮੀਰ ਕੋਲੋਂ ਰਖਵਾਈ ਸੀ ਜੋ ਸ਼ੀਆ ਮੁਸਲਮਾਨ ਸੀ। ਦਾਰਾ ਸਿਕੋਹ ਵੀ ਸੂਫੀ ਸੀ ਅਤੇ ਉਹ ਗਾਹੇ-ਬਗਾਹੇ ਗੁਰੂ ਘਰ ਲਈ ਮਾਇਕ ਮਦਦ ਵੀ ਕਰਦਾ ਰਿਹਾ ਸੀ।
ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਇਸ ਉਮੀਦ ਨਾਲ ਸਹਿਯੋਗ ਦਿੱਤਾ ਹੋਵੇ ਕਿ ਆਉਣ ਵਾਲੇ ਸਮੇਂ ਵਿਚ ਬਾਦਸ਼ਾਹ ਸ਼ਾਹ ਨਾਲ ਸਿੱਖਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇ ਅਤੇ ਬਾਦਸ਼ਾਹ ਤੋਂ ਮੰਗ ਕੀਤੀ ਜਾਵੇ ਕਿ ਵਜ਼ੀਰ ਖਾਨ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਵਜ਼ੀਰ ਖਾਨ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਦੀ ਢੁਕਵੀਂ ਸਜ਼ਾ ਦਿੱਤੀ ਜਾਵੇ।
ਡਾæ ਸੁਖਦਿਆਲ ਸਿੰਘ ਦਾ ਵਿਚਾਰ ਹੈ ਕਿ ਜਦੋਂ ਸ਼ਹਿਜ਼ਾਦਾ ਮੁਅੱਜ਼ਮ (ਬਹਾਦਰ ਸ਼ਾਹ) ਕਾਬੁਲ ਦਾ ਗਵਰਨਰ ਸੀ ਤਾਂ ਕਾਫ਼ੀ ਗਿਣਤੀ ਵਿਚ ਸਿੱਖ ਉਸ ਦੀ ਫੌਜ ਵਿਚ ਭਰਤੀ ਹੋ ਗਏ ਸਨ। ਸਿੱਖਾਂ ਦੀ ਵੱਖਰੀ ਰਜਮੈਂਟ ਸੀ। ਇਸ ਰਜੀਮੈਂਟ ਨੂੰ ਗੁਰੂ ਦੀ ਸੰਗਤ ਆਖਿਆ ਜਾਂਦਾ ਸੀ ਤੇ ਇਸ ਰਜੀਮੈਂਟ ਦੇ ਸਿੱਖ ਕਮਾਂਡਰ ਨੂੰ ਗੁਰੂ ਦਾ ਬੰਦਾ। ਇਹ ਕਮਾਂਡਰ ਹੀ ਬੰਦਾ ਸਿੰਘ ਬਹਾਦਰ ਸੀ। ਇਸ ਦੀ ਪੁਸ਼ਟੀ ਕੇਸਰ ਸਿੰਘ ਛਿੱਬਰ ਵੀ ਕਰਦਾ ਹੈ।
ਸਰੂਪ ਦਾਸ ਭੱਲਾ (ਮਹਿਮਾ ਪ੍ਰਕਾਸ਼) ਨੇ ਵੀ ਆਪਣੀ ਲਿਖਤ ਵਿਚ ਅਜਿਹੇ ਬੰਦੇ ਦਾ ਜ਼ਿਕਰ ਕੀਤਾ ਹੈ ਜਿਹੜਾ ਗੁਰੂ ਜੀ ਦਾ ਵੀ ਪੱਕਾ ਸਿੱਖ ਸੀ ਅਤੇ ਬਹਾਦਰ ਸ਼ਾਹ ਦੀ ਫੌਜ ਵਿਚ ਉਚੇ ਰੁਤਬੇ ਵਾਲਾ ਬੰਦਾ ਸੀ। ਜਦੋਂ ਇਹ ਉਚੇ ਰੁਤਬੇ ਵਾਲਾ ਬੰਦਾ ਗੁਰੂ ਜੀ ਦੇ ਦਰਬਾਰ ਵਿਚ ਗੁਰੂ ਜੀ ਪਾਸ ਹੀ ਬੈਠਾ ਸੀ ਤਾਂ ਸਿੱਖ ਅੰਦਾਜ਼ਾ ਲਗਾਉਂਦੇ ਹਨ ਕਿ ਇਹ ਕੌਣ ਹੈ। ਫਿਰ ਗੁਰੂ ਜੀ ਸਿੱਖਾਂ ਨੂੰ ਆਪ ਹੀ ਦੱਸਦੇ ਹਨ ਕਿ ਤੁਸੀਂ ਇਸ ਨਾਲ ਐਵੇਂ ਹਾਸਾ ਮਜ਼ਾਕ ਨਾ ਕਰੋ, ਇਹ ਤਾਂ ਬਾਦਸ਼ਾਹ ਪਾਸ ਬਹੁਤ ਵੱਡੇ ਰੁਤਬੇ ਵਾਲਾ ਅਧਿਕਾਰੀ ਹੈ,
ਆਲਮ ਸਿੰਘ ਸੋ ਕਹਿਓ ਬਿਆਨ।
ਮੀਰ ਜੀ ਬੜੇ ਮਰਾਤਬਾਨ।
ਮੀਰ ਮਰਾਤਬਾਨ ਹੈ ਬਾਦਸ਼ਾਹ ਕੇ ਪਾਸ।
ਤੁਮ ਤੋ ਮੋਟੀ ਬਾਤ ਕਰ ਕਰਤੇ ਹਾਸ ਬਿਲਾਸ।
ਔਰੰਗਜ਼ੇਬ ਦੀ ਮੌਤ ਸਮੇਂ ਬਹਾਦਰ ਸ਼ਾਹ ਦਾ ਛੋਟਾ ਭਰਾ ਆਜ਼ਮ ਸ਼ਾਹ ਅਹਿਮਦ ਨਗਰ ਵਿਚ ਸੀ। ਜਦੋਂ ਉਸ ਨੂੰ ਬਹਾਦਰ ਸ਼ਾਹ ਦੀ ਮੁਹਿੰਮ ਦਾ ਪਤਾ ਲਗਿਆ ਤਾਂ ਉਸ ਨੂੰ ਟੱਕਰ ਦੇਣ ਲਈ ਆਜ਼ਮ ਸ਼ਾਹ ਗਵਾਲੀਅਰ ਰਾਹੀਂ ਹੋ ਕੇ ਚੱਲ ਪਿਆ। ਬਹਾਦਰ ਸ਼ਾਹ ਥੋਲਪੁਰ ਦੇ ਲਾਗੇ ਜਾਜੂ ਦੇ ਸਥਾਨ ‘ਤੇ ਡੇਰਾ ਲਾਈ ਬੈਠਾ ਸੀ ਜਿਥੇ ਦੋਹਾਂ ਫੌਜਾਂ ਵਿਚ ਭਿਆਨਕ ਲੜਾਈ ਹੋਈ। ਤਿੰਨ ਦਿਨਾਂ ਤੱਕ ਚੱਲੀ ਲੜਾਈ ਵਿਚ ਆਜ਼ਮ ਸ਼ਾਹ ਅਤੇ ਉਸ ਦੇ ਬਹੁਤ ਬਾਰੇ ਜਰਨੈਲ ਮਾਰੇ ਗਏ। ਇਸ ਲੜਾਈ ਵਿਚ ਸਿੱਖ ਫੌਜ ਵੀ ਸ਼ਾਮਲ ਸੀ ਜਿਸ ਦੀ ਅਗਵਾਈ ਬੰਦਾ ਸਿੰਘ ਬਹਾਦਰ ਦੇ ਹੱਥ ਸੀ। ਬੰਦੇ ਦਾ ਚਿਹਰਾ-ਮੋਹਰਾ ਅਤੇ ਕੱਦ-ਕਾਠ ਗੁਰੂ ਜੀ ਨਾਲ ਮੇਲ ਖਾਂਦਾ ਸੀ, ਇਸ ਲਈ ਬਹੁਤੇ ਸਿੱਖ ਇਤਿਹਾਸਕਾਰਾਂ ਨੇ ਇਸ ਗੱਲ ਦਾ ਭੁਲੇਖਾ ਖਾਂਦਿਆਂ ਇਹ ਕਹਿ ਦਿੱਤਾ ਕਿ ਇਸ ਲੜਾਈ ਵਿਚ ਗੁਰੂ ਜੀ ਖੁਦ ਸ਼ਾਮਲ ਸਨ ਅਤੇ ਉਨ੍ਹਾਂ ਦੇ ਹੱਥੋਂ ਹੀ ਆਜ਼ਮ ਸ਼ਾਹ ਮਾਰਿਆ ਗਿਆ ਸੀ। ਉਸ ਵਕਤ ਗੁਰੂ ਜੀ ਰਾਜਪੁਤਾਨੇ ਵਿਚ ਸਨ ਅਤੇ ਔਰੰਗਜ਼ੇਬ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦਿੱਲੀ ਵਲ ਰੁਖ਼ ਕਰ ਲਿਆ ਸੀ ਤਾਂ ਜੋ ਦਿੱਲੀ ਪਹੁੰਚ ਕੇ ਬਦਲੇ ਹੋਏ ਸਿਆਸੀ ਹਾਲਾਤ ਦਾ ਜਾਇਜ਼ਾ ਲਿਆ ਜਾ ਸਕੇ।
(ਚਲਦਾ)

Be the first to comment

Leave a Reply

Your email address will not be published.