ਚਣਕੋਆ ਕਤਲ ਕਾਂਡ ਦਾ ਦਾਗ ਧੋਇਆ ਨਹੀਂ ਜਾ ਸਕੇਗਾ

ਹਰਜਿੰਦਰ ਸਿੰਘ ਗੁਲਪੁਰ
ਮੈਲਬੌਰਨ (ਆਸਟ੍ਰੇਲੀਆ)
ਫੋਨ: +0061411218801
ਬਲਾਚੌਰ ਤੋਂ ਗੜਸ਼ੰਕਰ ਜਾਣ ਵਾਲੀ ਮੁੱਖ ਸੜਕ ਦੇ ਸੱਤਵੇਂ ਕਿਲੋਮੀਟਰ `ਤੇ ਸੱਜੇ ਪਾਸੇ 1947 ਵਿਚ ਉੱਜੜ ਕੇ ਵਸਿਆ ਇੱਕ ਪਿੰਡ ਹੈ ਚਣਕੋਆ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨਾਂ ਦਾ ਘੁੱਗ ਵਸਦਾ ਪਿੰਡ ਹੁੰਦਾ ਸੀ। ਇਸ ਇਲਾਕੇ ਵਿਚ ਮੁਸਲਮਾਨ ਬਹੁ ਗਿਣਤੀ ਵਾਲੇ ਟਾਵੇਂ ਟਾਵੇਂ ਹੋਰ ਪਿੰਡ ਵੀ ਸਨ। ਕਰਾਵਰ, ਰੁੜਕੀ ਮੁਗਲਾਂ, ਚਣਕੋਈ ਅਤੇ ਸਾਹਿਬਾ ਆਦਿ। ਉਂਜ 2-4 ਘਰ ਮੁਸਲਮਾਨ ਤੇਲੀਆਂ ਅਤੇ ਜੁਲਾਹਿਆਂ ਦੇ ਕਰੀਬ ਹਰ ਪਿੰਡ ਵਿਚ ਸਨ। ਮੁਸਲਮਾਨਾਂ ਦਾ ਹਿੰਦੂ ਅਤੇ ਸਿੱਖਾਂ ਦੇ ਪਿੰਡਾਂ ਨਾਲ ਬਹੁਤ ਸਹਿਚਾਰ ਸੀ। ਸਾਰੇ ਇੱਕ ਦੂਜੇ ਦੀ ਇੱਜਤ ਦੇ ਸਾਂਝੀ ਸਨ। ਰਹਿਮਤ ਖਾਂ (ਰਹਿਮਾ) ਦੀ ਸਖਾਵਤ ਦੀਆਂ ਗੱਲਾਂ ਬਜ਼ੁਰਗਾਂ ਨੂੰ ਕਰਦੇ ਅਕਸਰ ਸੁਣਦੇ ਰਹੇ ਹਾਂ। ਇਥੋਂ ਦਾ ਪ੍ਰਾਇਮਰੀ ਸਕੂਲ 1947 ਤੋਂ ਪਹਿਲਾਂ ਦਾ ਹੈ। ਇਥੋਂ ਦੇ ਅਧਿਆਪਕ ਫਤਿਹ ਮੁਹੰਮਦ ਨੂੰ ਕੌਣ ਨਹੀਂ ਸੀ ਜਾਣਦਾ! ਇਸ ਹਲਕੇ ਦੇ ਸਾਰੇ ਸਥਾਨਕ ਆਗੂ ਉਸ ਦੇ ਸ਼ਾਗਿਰਦ ਸਨ। ਹੁਣ ਸ਼ਾਇਦ ਉਹਦਾ ਕੋਈ ਸ਼ਾਹਿਰਦ ਜਿਉਂਦਾ ਨਹੀਂ ਹੋਵੇਗਾ।

ਤੱਤੀਆਂ ਹਵਾਵਾਂ ਚੱਲਦਿਆਂ ਦੇਰ ਨਹੀਂ ਲੱਗਦੀ। ਆਜ਼ਾਦੀ ਤੋਂ 2-3 ਸਾਲ ਪਹਿਲਾਂ ਪਾਕਿਸਤਾਨ ਬਣਨ ਦੀਆਂ ਕਨਸੋਆਂ ਪੰਜਾਬ ਦੇ ਹਰ ਪਿੰਡ ਵਿਚ ਪਹੁੰਚ ਗਈਆਂ ਸਨ। ਦੇਖਦੇ ਹੀ ਦੇਖਦੇ ਲੋਕਾਂ ਦੇ ਚਿਹਰਿਆਂ ਦਾ ਰੰਗ ਬਦਲਣ ਲੱਗ ਪਿਆ। ਭਰਾਵਾਂ ਵਾਂਗ ਰਹਿੰਦੇ ਲੋਕ ਇੱਕ ਦੂਜੇ ਵਲ ਕੌੜਾ ਕੌੜਾ ਝਾਕਣ ਲੱਗ ਪਏ। ਮੁਸਲਮਾਨ ਅਤੇ ਹਿੰਦੂ-ਸਿੱਖ ਫਿਰਕਿਆਂ ਦਰਮਿਆਨ ਬੇਯਕੀਨੀ ਦੀ ਇੱਕ ਕੰਧ ਉਸਰਨ ਲੱਗ ਪਈ। ਫਿਰਕਾਪ੍ਰਸਤੀ ਦਾ ਭੂਤ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗ ਪਿਆ। ਰਾਤ ਨੂੰ ਸੁੱਤੇ ਪਿਆਂ ਦੇ ਕੰਨਾਂ ਵਿਚ “ਬੋਲੇ ਸੋ ਨਿਹਾਲ” ਅਤੇ “ਅੱਲਾ ਹੂ ਅਕਬਰ” ਦੇ ਆਵਾਜ਼ੇ ਗੂੰਜਣ ਲੱਗ ਪਏ। ਦਿਨ ਚੜ੍ਹਦਿਆਂ ਚਾਰੇ ਪਾਸੇ ਕਬਰਾਂ ਵਰਗੀ ਚੁੱਪ ਛਾ ਜਾਂਦੀ। ਅਸਲ ਵਿਚ ਇਹ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੁੰਦੀ ਸੀ। ਲੋਕਾਂ ਦੇ ਚਿਹਰਿਆਂ ਉੱਤੇ ਤਣਾਅ ਸਪਸ਼ਟ ਦਿਖਾਈ ਦਿੰਦਾ ਸੀ। ਮਹੌਲ ਵਿਚ ਅਜੀਬ ਤਰਾਂ ਦੀ ਘੁਟਣ ਸੀ। ਦੋਹਾਂ ਫਿਰਕਿਆਂ ਦੇ ਲੋਕ ਟੋਲੀਆਂ ਬੰਨ੍ਹ ਬੰਨ੍ਹ ਕੇ ਭੇਤ ਭਰੀਆਂ ਗੱਲਾਂ ਕਰਦੇ। ਲੁਹਾਰ ਦੇਰ ਰਾਤ ਤੱਕ ਆਪਣੀਆਂ ਆਰਨ ਹਾਲੀਆਂ ਤੇ ਬਰਛੇ, ਦਾਤਰ ਛਵੀਆ ਅਤੇ ਗੰਡਾਸੇ ਬਣਾਉਂਦੇ ਰਹਿੰਦੇ। ਹਰ ਫਿਰਕੇ ਦਾ ਮਰਦ ਵੇਲੇ-ਕੁਵੇਲੇ ਘਰੋਂ ਬਾਹਰ ਜਾਣ ਵੇਲੇ ਆਪਣੇ ਕੋਲ ਹਥਿਆਰ ਰੱਖਣ ਲੱਗ ਪਿਆ ਸੀ। ਵੰਡ ਤੋਂ 3-4 ਮਹੀਨੇ ਪਹਿਲਾਂ ਹਿੰਦੂ-ਸਿੱਖ ਅਤੇ ਮੁਸਲਮਾਨ ਦੋਵੇਂ ਧਿਰਾਂ ਕਿਸੇ ਸੰਭਾਵੀ ਜੰਗ ਦੀ ਖੁਫੀਆ ਤਿਆਰੀ ਕਰਦੀਆਂ ਰਹੀਆਂ। ਪਿੰਡ ਪਿੰਡ ਲੋਹਾ ਕੁੱਟਿਆ ਜਾਣ ਲੱਗਾ। ਆਖਰ ਉਹ ਮਨਹੂਸ ਘੜੀ ਆਣ ਪਹੁੰਚੀ, ਜਿਸ ਦਾ ਧੁੜਕੂ ਦੋਹਾਂ ਧਿਰਾਂ ਨੂੰ ਲੱਗਿਆ ਰਹਿੰਦਾ ਸੀ। ਦੇਸ਼ ਆਜ਼ਾਦ ਹੋ ਗਿਆ ਅਤੇ ਪੰਜਾਬ ਉਜਾੜੇ ਦੀ ਰਾਹ ਪੈ ਗਿਆ। ਮਜ਼੍ਹਬੀ ਜੰਗ ਦੀ ਆੜ ਹੇਠ ਲੁਟੇਰਿਆਂ ਅਤੇ ਸਮਾਜ ਵਿਰੋਧੀ ਤੱਤਾਂ ਨੇ ਅੱਤ ਚੁੱਕ ਲਈ।
ਸੰਨ 1952 ਵਿਚ ਬਤੌਰ ਅਧਿਆਪਕ ਸੇਵਾ ਮੁਕਤ ਹੋਏ ਮੇਰੇ ਬਾਬਾ ਮਾਸਟਰ ਬੰਤਾ ਰਾਮ ਛੋਕਰ ਅਤੇ ਇਲਾਕੇ ਦੇ ਹੋਰ ਅਨੇਕਾਂ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਅਨੁਸਾਰ ਸੰਨ 1947 ਦੀ ਭਾਦੋਂ ਦਾ ਪਹਿਲਾ ਪੱਖ ਸੀ। ਮੱਕੀ ਦੀ ਫਸਲ ਨੂੰ ਦਾਣਾ ਪੈਣਾ ਸ਼ੁਰੂ ਹੋ ਚੁਕਾ ਸੀ। ਬਲਾਚੌਰ ਹਲਕੇ ਨਾਲ ਸਬੰਧਤ ਮੁਸਲਮਾਨਾਂ ਦੇ 13 ਪਿੰਡਾਂ ਦਾ ਬੱਚਾ ਬੱਚਾ ਮੁੱਖ ਸੜਕ `ਤੇ ਪੈਂਦੇ ਉਪਰੋਕਤ ਪਿੰਡ ਵਿਚ ਇਕੱਠਾ ਹੋ ਗਿਆ ਤਾਂ ਕਿ ਕੋਈ ਸੁਰੱਖਿਅਤ ਮੌਕਾ ਦੇਖ ਕੇ ਫੌਜ ਜਾਂ ਪੁਲਿਸ ਦੀ ਨਿਗਰਾਨੀ ਹੇਠ ਇਥੋਂ 20 ਕਿਲੋਮੀਟਰ ਦੂਰ ਗੜਸ਼ੰਕਰ ਵਿਖੇ ਲੱਗੇ ਸ਼ਰਨਾਰਥੀ ਕੈਂਪ ਵਿਚ ਪਹੁੰਚਿਆ ਜਾ ਸਕੇ। ਇਹ ਇਕੱਠ ਇੱਕ ਤਰ੍ਹਾਂ ਨਾਲ ਸ਼ਿਕਾਰੀਆਂ ਤੋਂ ਬਚਣ ਲਈ ਸ਼ਿਕਾਰ ਹੋਣ ਵਾਲਿਆਂ ਦਾ ਇਕੱਠ ਸੀ। ਇਸ ਇਕੱਠ ਨੇ ਅਫਵਾਹਾਂ ਦਾ ਬਾਜ਼ਾਰ ਗਰਮ ਕਰ ਦਿੱਤਾ। ਖੰਭਾਂ ਦੀਆਂ ਡਾਰਾਂ ਬਣ ਗਈਆਂ। ਹਿੰਦੂ-ਸਿੱਖਾਂ ਦੇ ਪਿੰਡਾਂ ਵਿਚ ਇਹ ਅਫਵਾਹ ਫੈਲ ਗਈ ਕਿ ਸਾਰੇ ਇਲਾਕੇ ਦੇ `ਕੱਠੇ ਹੋਏ ਮੁਸਲਮਾਨ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਕਿਸੇ ਵੇਲੇ ਵੀ ਉਨ੍ਹਾਂ ਦੇ ਪਿੰਡਾਂ ਉੱਤੇ ਹਮਲਾ ਕਰ ਸਕਦੇ ਹਨ।
ਚਣਕੋਆ ਤੋਂ ਲਹਿੰਦੇ ਪਾਸੇ ਡੇਢ ਕਿਲੋਮੀਟਰ ਦੀ ਵਿੱਥ `ਤੇ ਇੱਕ ਪਿੰਡ ਹੈ, ਸਿੰਬਲ ਮਜਾਰਾ। ਸਿੰਬਲ ਮਜਾਰਾ ਦੇ ਉੱਤਰ ਵਾਲੇ ਪਾਸੇ ਉਸ ਸਮੇ ਅੰਬਾਂ ਦਾ ਬਹੁਤ ਵੱਡਾ ਬਾਗ ਸੀ। ਇਸ ਬਾਗ ਦੀ ਰਹਿੰਦ-ਖੂੰਹਦ ਅਜੇ ਵੀ ਬਾਕੀ ਹੈ। “ਸੰਤ” ਬਖਤਾਵਰ ਸਿੰਘ ਪਿੰਡ ਬੀਰੋਵਾਲ ਨੇ ਇਸ ਬਾਗ ਵਿਚ ਭਾਦੋਂ ਦੇ ਪਹਿਲੇ ਪੱਖ ਦੇ ਕਿਸੇ ਦਿਨ (ਤਾਰੀਖ ਦਾ ਪਤਾ ਨਹੀਂ ਲੱਗ ਸਕਿਆ) ਇਲਾਕੇ ਦੇ ਹਿੰਦੂਆਂ-ਸਿੱਖਾਂ ਦਾ ਇੱਕ ਬਹੁਤ ਵੱਡਾ ਇਕੱਠ ਕੀਤਾ। ਇਲਾਕੇ ਦੇ ਦਰਜਨਾਂ ਪਿੰਡਾਂ ਵਿਚ ਸੁਨੇਹੇ ਭੇਜੇ ਗਏ ਕਿ ਇਕੱਠ ਵਿਚ ਸ਼ਾਮਲ ਹੋਣ ਵਾਲੇ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਆਉਣ। ਸੁਨੇਹਾ ਦੇਣ ਵਾਲਿਆਂ ਵਿਚ ਮੇਰੇ ਪਿੰਡ ਗੁਲਪੁਰ ਦਾ ਮੇਹਰੂ ਪੁੱਤਰ ਅਮੀਆ ਵੀ ਸੀ। ਮਿੱਥੇ ਹੋਏ ਸਮੇਂ `ਤੇ ਬਹੁਤ ਵੱਡਾ ਇਕੱਠ ਹੋ ਗਿਆ, ਜਿਨ੍ਹਾਂ ਵਿਚ ਵੱਡੀ ਗਿਣਤੀ ਲੁਟੇਰਿਆਂ ਅਤੇ ਤਮਾਸ਼ਬੀਨਾਂ ਦੀ ਸੀ। ਇਸ ਇਕੱਠ ਵਿਚ ਕੋਈ ਸ਼ਾਂਤਮਈ ਰਾਹ ਕੱਢਣ ਦੀ ਥਾਂ ਫਿਰਕੂ ਭਾਵਨਾਵਾਂ ਨੂੰ ਇਸ ਕਦਰ ਭੜਕਾਇਆ ਗਿਆ ਕਿ ਉਸੇ ਵੇਲੇ ਪਿੰਡ ਚਣਕੋਆ ਉੱਤੇ ਹਮਲਾ ਕਰਨ ਦਾ ਫੈਸਲਾ ਹੋ ਗਿਆ। ਹਮਲਾ ਕਰਨ ਦਾ ਆਧਾਰ ਇਸ ਅਫਵਾਹ ਨੂੰ ਬਣਾਇਆ ਗਿਆ ਕਿ ਜੇ ਅੱਜ ਹੀ ਹਮਲਾ ਨਾ ਕੀਤਾ ਗਿਆ ਤਾਂ ਆਉਣ ਵਾਲੀ ਰਾਤ ਨੂੰ ਮੁਸਲਮਾਨ ਹਮਲਾ ਕਰ ਦੇਣਗੇ ਅਤੇ ਪਿੰਡਾਂ ਨੂੰ ਅੱਗਾਂ ਲਾ ਦੇਣਗੇ। ਅਜਿਹੇ ਮੌਕਿਆਂ ਉੱਤੇ ਅਕਲ ਦੀ ਗੱਲ ਨਾ ਕੋਈ ਕਰਦਾ ਹੁੰਦਾ ਹੈ ਤੇ ਨਾ ਕੋਈ ਸੁਣਦਾ ਹੁੰਦਾ ਹੈ। ਕਈ ਮਹੀਨਿਆਂ ਤੋਂ ਮੁਸਲਮਾਨਾਂ ਨੂੰ ਲੁੱਟਣ ਦੀਆਂ ਵਿਉਂਤਾਂ ਬਣਾ ਰਹੇ ਗੁੰਡੇ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਸਨ। ਸਭ ਤੋਂ ਵੱਡੀ ਗੱਲ ਕਿ ਅਖੌਤੀ ਸੰਤ ਦੀ ਨੀਅਤ ਮਾੜੀ ਸੀ।
ਬਤੌਰ ਪ੍ਰੋ. ਅਵਤਾਰ ਸਿੰਘ ਦੁਪਾਲਪੁਰ, ਚਣਕੋਆ ਤੋਂ ਕਰੀਬ 7-8 ਕਿਲੋਮੀਟਰ ਦੂਰ ਬੇਟ ਇਲਾਕੇ ਵਿਚ ਪੈਂਦੇ ਪਿੰਡ ਮੀਰਪੁਰ ਨੂੰ ਅੱਗ ਲਾਉਣ ਲਈ ਵੀ ਇਹੋ ‘ਸੂਰਮਾ ਸੰਤ’ ਜਿੰ਼ਮੇਵਾਰ ਸੀ। ਬੰਦੂਕਾਂ ਨਾਲ ਲੈਸ ‘ਸੰਤ’ ਬਖਤਾਵਤਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਵਿਅਕਤੀਆਂ ਨੇ ਬਰਛਿਆਂ, ਕਿਰਪਾਨਾਂ ਅਤੇ ਹੋਰ ਤੇਜ ਧਾਰ ਹਥਿਆਰਾਂ ਨਾਲ ਹਥਿਆਰਬੰਦ ਹੋ ਕੇ ਪਿੰਡ ਚਣਕੋਏ ਵਿਚ ਇਕੱਠੇ ਹੋਏ ਮੁਸਲਮਾਨਾਂ ਉੱਤੇ ਹੱਲਾ ਬੋਲ ਦਿੱਤਾ। ਇਸ ਹੱਲੇ ਵਿਚ ਖੁਦ ਹਿੱਸਾ ਲੈਣ ਵਾਲੇ ਲੋਕਾਂ (ਜਿਹੜੇ ਉਸ ਸਮੇਂ ਜੁਆਨ ਸਨ) ਅਨੁਸਾਰ ਕਈ ਘੰਟੇ ਗਹਿਗੱਚ ਲੜਾਈ ਹੋਈ, ਜਿਸ ਵਿਚ ਸੈਂਕੜੇ ਬੱਚੇ, ਬੁੱਢੇ, ਮਰਦ-ਔਰਤਾਂ ਕਤਲ ਕਰ ਦਿੱਤੇ ਗਏ। ਅਨੇਕਾਂ ਜਵਾਨ ਜਹਾਨ ਔਰਤਾਂ ਨੇ ਆਪਣੀ ਆਬਰੂ ਬਚਾਉਣ ਲਈ ਮਸੀਤ ਨੇੜਲੇ ਖੂਹ ਵਿਚ ਛਾਲਾਂ ਮਾਰ ਦਿੱਤੀਆਂ ਸਨ। ਕਈ ਸਾਲ ਪਹਿਲਾਂ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨੇ ਮੈਨੂੰ ਨਾਲ ਲੈ ਕੇ ਇਸ ਖਸਤਾ ਹਾਲ ਖੂਹ ਦੀਆਂ ਤਸਵੀਰਾਂ ਖਿੱਚੀਆਂ ਸਨ। ਹੁਣ ਉਹ ਖੂਹ ਪੂਰ ਦਿੱਤਾ ਗਿਆ ਹੈ। ਉਪਰੋਂ ਰਾਤ ਪੈ ਗਈ ਸੀ। ਵੱਡੀ ਗਿਣਤੀ ਵਿਚ ਮੁਸਲਮਾਨ ਹਥਿਆਰਾਂ ਦੇ ਜੋਰ ਨਾਲ ਹਨੇਰੇ ਦੀ ਓਟ ਵਿਚ ਪਿੰਡੋਂ ਨਿਕਲ ਗਏ। ਖੁਸ਼ਕਿਸਮਤ ਲੋਕ ਫਸਲਾਂ ਵਿਚ ਲੁਕਦੇ ਛਿਪਦੇ ਇਥੋਂ 20 ਕਿਲੋਮੀਟਰ ਦੂਰ ਪੈਂਦੇ ਗੜਸ਼ੰਕਰ ਵਿਚ ਲੱਗੇ ਸ਼ਰਨਾਰਥੀ ਕੈਂਪ ਵਿਚ ਪਹੁੰਚ ਗਏ। ਬਹੁਤ ਸਾਰੇ ਰਾਹ ਵਿਚ ਜਨੂੰਨੀਆਂ ਹੱਥੋਂ ਮਾਰੇ ਗਏ। ਸਰਕਾਰ ਦੇ ਹਰਕਤ ਵਿਚ ਆਉਣ ਤੱਕ ਲੱਭ ਲੱਭ ਕੇ ਲੋਕਾਂ ਦਾ ਸ਼ਿਕਾਰ ਖੇਡਿਆ ਗਿਆ। ਬਹੁਤ ਸਾਰੇ ਧਾੜਵੀਆਂ ਨੇ ਬੇਸਹਾਰਾ ਅਤੇ ਮਜਬੂਰ ਔਰਤਾਂ ਨੂੰ ਜ਼ਬਰਦਸਤੀ ਰੱਖ ਲਿਆ। ਉਸ ਰਾਤ ਲੁਟੇਰਿਆਂ ਨੇ ਪਿੰਡ ਨੂੰ ਰੱਜ ਕੇ ਲੁੱਟਿਆ। ਰਹਿਮੇ ਨੂੰ ਆਸ-ਪਾਸ ਲਗਦੇ ਪਿੰਡਾਂ ਦੇ ਉਨ੍ਹਾਂ ਲੋਕਾਂ ਨੇ ਹੀ ਪਰਿਵਾਰ ਸਮੇਤ ਕਤਲ ਕਰ ਦਿੱਤਾ, ਜਿਨ੍ਹਾਂ ਨੇ ਆਪਣੀਆਂ ਗਰਜਾਂ ਪੂਰੀਆਂ ਕਰਨ ਲਈ ਉਸ ਤੋਂ ਉਧਰ ਪੈਸੇ ਲਏ ਹੋਏ ਸਨ। ਸਿਰਫ ਉਧਾਰ ਮਾਰਨ ਦੀ ਨੀਅਤ ਨਾਲ ਮਾਨਵਤਾ ਨੂੰ ਦਾਗਦਾਰ ਕਰ ਦਿੱਤਾ ਗਿਆ। ਪਿੰਡ ਮਜਾਰੀ ਦਾ ਤੇਲੀ ਭਲਵਾਨ (ਨਾਮ ਯਾਦ ਨਹੀਂ ਰਿਹਾ) ਫਸਲਾਂ `ਚੋਂ ਕੱਢ ਕੇ ਸਮੇਤ ਪਰਿਵਾਰ ਤਰਲੇ ਮਿੰਨਤਾਂ ਕਰਦਾ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸਾਡੇ ਗੁਆਂਢੀ ਮੁਸਲਮਾਨੀ ਪਿੰਡ ਕਰਾਵਰ ਦੇ ਕਿਸੇ ਕੋਠੇ ਦੇ ਖੱਲ ਖੂੰਜੇ ਲੁਕ ਕੇ ਬੈਠੇ ਨਿਜਾਮੂ ਅਤੇ ਉਸ ਦੇ 9-10 ਸਾਲਾ ਲੜਕੇ ਨੂੰ ਉਸ ਸਮੇਂ ਮੇਰੇ ਪਿੰਡ ਕੋਲੋਂ ਲੰਘਦੀ ਖੱਡ ਵਿਚ ਲਿਆ ਕੇ ਕਤਲ ਕਰ ਦਿੱਤਾ ਗਿਆ। (ਕਾਤਲਾਂ ਦੇ ਨਾਮ ਮੈਂ ਜਾਣ-ਬੁੱਝ ਕੇ ਨਹੀਂ ਲਿਖ ਰਿਹਾ।)
ਕਤਲਾਂ ਅਤੇ ਮਾਰ ਧਾੜ ਦਾ ਇਹ ਸਿਲਸਿਲਾ 3-4 ਦਿਨਾਂ ਤੱਕ ਚਲਦਾ ਰਿਹਾ। ਇੰਨੀ ਕਤਲੋਗਾਰਤ ਹੋਣ ਦੇ ਬਾਵਜੂਦ ਪਿੰਡ ਸਾਹਦੜਾ, ਸਾਹਿਬਾ ਅਤੇ ਜੈਨਪੁਰ ਆਦਿ ਪਿੰਡਾਂ ਵਿਚ ਤੇਲੀ ਮੁਸਲਮਾਨਾਂ ਦੇ ਪਰਿਵਾਰ ਬਿਲਕੁਲ ਸੁਰੱਖਿਅਤ ਰਹੇ। ਇਹ ਰਹੱਸ ਅਜੇ ਤੱਕ ਬਣਿਆ ਹੋਇਆ ਹੈ। ਇਲਾਕੇ ‘ਚ ਅਮਨ ਸਥਾਪਤ ਹੋਣ ਤੋਂ ਬਾਅਦ ਵੀ ਕਾਫੀ ਸਮਾਂ ਖੇਤਾਂ ਵਿਚੋਂ ਗਲੀਆਂ ਸੜੀਆਂ ਲਾਸ਼ਾਂ ਮਿਲਦੀਆਂ ਰਹੀਆਂ ਸਨ। ਇਸ ਫਸਾਦ ਵਿਚ ਮੇਰੇ ਪਿੰਡ ਗੁਲਪੁਰ ਦੇ ਦੋ ਵਿਅਕਤੀ ਮੇਹਰੂ ਪੁੱਤਰ ਅੰਮੀਆ (ਸੁਨੇਹੇ ਦੇਣ ਵਾਲਾ) ਅਤੇ ਅਮਰ ਸਿੰਘ ਪੁੱਤਰ ਲੱਖਾ ਸਿੰਘ ਵੀ ਮਾਰੇ ਗਏ ਸਨ। ਠਠਿਆਲਾ ਸਮੇਤ ਕੁਝ ਹੋਰ ਪਿੰਡਾਂ ਦੇ ਵੀ ਇੱਕਾ-ਦੁੱਕਾ ਲੋਕ ਮਾਰੇ ਗਏ ਸਨ। ਜਦੋਂ ਇਸ ਦੁਖਦਾਈ ਅਤੇ ਘਿਨਾਉਣੀ ਘਟਨਾ ਦਾ ਜ਼ਿਕਰ ਉਨ੍ਹਾਂ ਬਜ਼ੁਰਗਾਂ (ਜੋ ਹੁਣ ਨਹੀਂ ਰਹੇ) ਸਾਹਮਣੇ ਛਿੜਦਾ ਸੀ, ਜਿਹੜੇ ਇਸ ਵਿਚ ਸਿੱਧੇ ਜਾ ਅਸਿੱਧੇ ਤੌਰ `ਤੇ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਦੇ ਚਿਹਰਿਆਂ ਉੱਤੇ ਪਸ਼ਚਾਤਾਪ ਦਾ ਪਰਛਾਵਾਂ ਅਤੇ ਪੀੜ ਦਾ ਅਹਿਸਾਸ ਸਪਸ਼ਟ ਦੇਖਿਆ ਜਾ ਸਕਦਾ ਸੀ।