ਚਰਿੱਤਰ ਅਦਾਕਾਰ ਤੇ ਖਲਨਾਇਕ ਡਾਰ ਕਸ਼ਮੀਰੀ

ਡਾਰ ਕਸ਼ਮੀਰੀ ਉਰਫ ਜੀ.ਐਨ. ਡਾਰ ਉਰਫ ਗੁਲਾਮ ਨਬੀ ਡਾਰ ਕਸ਼ਮੀਰੀ ਦੀ ਪੈਦਾਇਸ਼ 1907 ਵਿਚ ਕਸ਼ਮੀਰ ਦੇ ਰਸੂਖਦਾਰ ਪੰਜਾਬੀ ਪੰਡਤ ਪਰਿਵਾਰ ਵਿਚ ਹੋਈ। ਫਿਲਮਾਂ ਵਿਚ ਇਹ ਡਾਰ ਕਸ਼ਮੀਰੀ ਦੇ ਨਾਮ ਨਾਲ ਜਾਣੇ ਜਾਂਦੇ ਸਨ। ਇਹ ਪੰਜਾਬੀ ਤੇ ਹਿੰਦੀ ਫਿਲਮਾਂ ਦੇ ਮਸ਼ਹੂਰ ਚਰਿੱਤਰ, ਮਜ਼ਾਹੀਆ ਅਦਾਕਾਰ ਓ.ਕੇ. ਡਾਰ ਉਰਫ ਓਮਕਾਰ ਨਾਥ ਡਾਰ ਉਰਫ ਜੀਵਨ ਦੇ ਵੱਡੇ ਭਰਾ ਸਨ। ਇਨ੍ਹਾਂ ਦੇ ਪਿਤਾ ਪੰਡਤ ਦੁਰਗਾ ਪ੍ਰਸ਼ਾਦ ਮਹਾਰਾਜਾ ਅਮਰ ਸਿੰਘ ਦੇ ਰਾਜ ਵਿਚ ਵਜ਼ੀਰ ਸਨ ਅਤੇ ਗਿਲਗਤ ਦੇ ਗਵਰਨਰ ਸਨ।

ਫਿਲਮਾਂ ਨਾਲ ਦਿਲਚਸਪੀ ਕਾਰਨ ਡਾਰ ਕਸ਼ਮੀਰੀ 30ਵੇਂ ਦੇ ਦਹਾਕੇ ਵਿਚ ਇੰਦਰਾ ਮੂਵੀਟੋਨ (ਕਲਕੱਤਾ) ਵਿਚ ਸ਼ਰੀਕ ਹੋ ਗਏ। ਇਸ ਤੋਂ ਬਾਅਦ ਉਹ ਮਨੋਹਰ ਮੂਵੀਟੋਨ (ਬੰਬੇ), ਨਿਊ ਥੀਏਟਰ (ਕਲਕੱਤਾ), ਨਵਯੁੱਗ ਚਿੱਤਰਪਟ (ਪੂਨਾ) ਤੇ ਕਈ ਹੋਰ ਕੰਪਨੀਆਂ ਵਿਚ ਕੰਮ ਕਰਦੇ ਰਹੇ। ਉਹ ਪਹਿਲਾਂ ਖਲਨਾਇਕ ਤੇ ਫਿਰ ਚਰਿੱਤਰ ਅਦਾਕਾਰ ਦੀ ਹੈਸੀਅਤ ਨਾਲ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਰਹੇ।
ਡਾਰ ਕਸ਼ਮੀਰੀ ਦੀ ਪਹਿਲੀ ਪੰਜਾਬੀ ਫਿਲਮ ਫਿਲਮਸਾਜ਼ ਤੇ ਹਿਦਾਇਤਕਾਰ ਕੇ.ਡੀ. ਮਹਿਰਾ ਦੀ ‘ਹੀਰ ਸਿਆਲ’ (1938) ਸੀ। ਫਿਲਮ ਵਿਚ ਉਸ ਨੇ ਚੂਚਕ ਦਾ ਕਿਰਦਾਰ ਅਦਾ ਕੀਤਾ ਜਦੋਂਕਿ ਸਿਆਲਾਂ ਦੀ ਹੀਰ ਦਾ ਟਾਈਟਲ ਕਿਰਦਾਰ ਬਾਲੋ ਉਰਫ ਇਕਬਾਲ ਬੇਗਮ ਨੇ ਅਦਾ ਕੀਤਾ ਸੀ। ਰਾਂਝੇ ਦੇ ਕਿਰਦਾਰ ਵਿਚ ਅਦਾਕਾਰ ਪੀ.ਐਨ. ਬਾਲੀ ਤੇ ‘ਕੈਦੋਂ’ ਦਾ ਕਿਰਦਾਰ ਐਮ. ਇਸਮਾਇਲ ਨੇ ਅਦਾ ਕੀਤਾ। ਸੰਵਾਦ ਤੇ ਗੀਤ ਐਫ.ਡੀ. ਸ਼ਰਫ (ਕਵੀ ਫੀਰੋਜ਼ਦੀਨ ਸ਼ਰਫ) ਤੇ ਸੰਗੀਤ ਮਾਸਟਰ ਧੂਮੀ ਖਾਨ ਰਾਮਪੁਰੀ ਨੇ ਤਿਆਰ ਕੀਤਾ। ਵਾਰਿਸ ਸ਼ਾਹ ਦੇ ਮੁਹੱਬਤੀ ਕਿੱਸੇ ‘ਤੇ ਬਣੀ ਇਹ ਫਿਲਮ 2 ਦਸੰਬਰ 1938 ਨੂੰ ਪ੍ਰਭਾਤ ਸਿਨਮਾ, ਲਾਹੌਰ ਵਿਖੇ ਪਰਦਾਪੇਸ਼ ਹੋਈ।
ਆਰ. ਐਲ ਸ਼ੋਰੀ ਉਰਫ ਰੌਸ਼ਨ ਲਾਲ ਸ਼ੋਰੀ ਨਿਰਦੇਸ਼ਤ ਕਿੱਸਾ ਆਧਾਰਿਤ ਪੰਜਾਬੀ ਫਿਲਮ ‘ਪੂਰਨ ਭਗਤ’ (1939) ਵਿਚ ਉਸ ਨੇ ਮਹਾਰਾਜ ਸਲਵਾਨ ਦਾ ਚਰਿੱਤਰ ਕਿਰਦਾਰ ਅਦਾ ਕੀਤਾ। ਪੂਰਨ ਭਗਤ ਦਾ ਟਾਈਟਲ ਰੋਲ ਗੁੱਜਰਾਂਵਾਲਾ ਦੇ ਸੁਨੱਖੇ ਗੱਭਰੂ ਕਰਨ ਦੀਵਾਨ ਨੇ ਅਦਾ ਕੀਤਾ। ਰਾਣੀ ਲੂਣਾ ਦੇ ਕਿਰਦਾਰ ‘ਚ ਹੈਦਰ ਬਾਂਦੀ, ਮਹਾਰਾਣੀ ਸੁੰਦਰਾ (ਮੇਨਕਾ), ਮਹਾਰਾਣੀ ਇੱਛਰਾਂ (ਅਨਵਰੀ) ਅਤੇ ਗੁਰੂ ਗੋਰਖ ਨਾਥ ਦਾ ਪਾਤਰ ਐਚ.ਐਸ. ਰਵੇਲ (ਪਿਤਾ ਰਾਹੁਲ ਰਵੇਲ) ਨੇ ਨਿਭਾਇਆ। ਗੀਤ ਐਮ.ਆਰ. ਸਰਵਰ ਨੇ ਲਿਖੇ ਅਤੇ ਸੰਗੀਤ ਮਾਸਟਰ ਧੂਮੀ ਖਾਨ ‘ਰਾਮਪੁਰੀ’ ਦਾ ਸੀ। ਇਹ ਫਿਲਮ 26 ਜਨਵਰੀ 1940 ਨੂੰ ਮੁਲਤਾਨ ਵਿਚ ਨੁਮਾਇਸ਼ ਹੋਈ।
ਦਾਊਦ ਚਾਂਦ ਨਿਰਦੇਸ਼ਤ ਲੋਕ ਦਾਸਤਾਨ ‘ਤੇ ਆਧਾਰਿਤ ਪੰਜਾਬੀ ਫਿਲਮ ‘ਸੱਸੀ ਪੁਨੂੰ’ (1939) ਵਿਚ ਡਾਰ ਕਸ਼ਮੀਰੀ ਨੇ ਆਦਮ ਜਾਮ ਬਾਦਸ਼ਾਹ ਦਾ ਸੋਹਣਾ ਪਾਰਟ ਅਦਾ ਕੀਤਾ। ਅਦਾਕਾਰਾ ਬਾਲੋ ਨੇ ਸੱਸੀ ਅਤੇ ਗ੍ਰਾਮੋਫੋਨ ਸਿੰਗਰ ਮੁਹੰਮਦ ਅਸਲਮ ਨੇ ਪੁਨੂੰ ਦਾ ਟਾਈਟਲ ਕਿਰਦਾਰ ਨਿਭਾਇਆ। ਇਹ ਫਿਲਮ 23 ਜੂਨ 1939 ਨੂੰ ਲਾਹੌਰ ਵਿਚ ਰਿਲੀਜ਼ ਹੋਈ। ਬੀ.ਐਸ. ਰਾਜਹੰਸ ਨਿਰਦੇਸ਼ਤ ਕਿੱਸਾ ਆਧਾਰਿਤ ਪੰਜਾਬੀ ਫਿਲਮ ‘ਜੱਗਾ ਡਾਕੂ’ (1940) ‘ਚ ਉਸ ਨੇ ਨੰਬਰਦਾਰ ਦਾ ਕਿਰਦਾਰ ਨਿਭਾਇਆ ਜਦੋਂਕਿ ਜੱਗੇ ਡਾਕੂ ਦਾ ਟਾਈਟਲ ਕਿਰਦਾਰ ਗੁਲ ਜ਼ਮਾਨ ਨਿਭਾ ਰਿਹਾ ਸੀ। 27 ਸਤੰਬਰ 1940 ਨੂੰ ਲਾਹੌਰ ਵਿਚ ਨੁਮਾਇਸ਼ ਹੋਈ ਇਹ ਕਾਮਯਾਬਤਰੀਨ ਪੰਜਾਬੀ ਫਿਲਮ ਹਿੰਦੀ ਵਿਚ ‘ਮਰਦ-ਏ-ਪੰਜਾਬ’ (1940) ਦੇ ਸਿਰਲੇਖ ਹੇਠ ਡੱਬ ਹੋਈ।
ਕੇ.ਡੀ. ਮਹਿਰਾ ਉਰਫ ਕ੍ਰਿਸ਼ਨ ਦੇਵ ਮਹਿਰਾ ਨਿਰਦੇਸ਼ਤ ਪੰਜਾਬੀ ਫਿਲਮ ‘ਮੇਰਾ ਪੰਜਾਬ’ (1940) ‘ਚ ਉਸ ਨੇ ਚਾਚਾ ਦਾ ਕਿਰਦਾਰ ਨਿਭਾਇਆ ਜਿਸ ਦੇ ਸਨਮੁੱਖ ਹੈਦਰ ਬਾਂਦੀ ਨੇ ਚਾਚੀ ਦਾ ਚਰਿੱਤਰ ਪਾਰਟ ਅਦਾ ਕੀਤਾ। ਇਹ ਫਿਲਮ 27 ਦਸੰਬਰ 1940 ਨੂੰ ਲਾਹੌਰ ਵਿਚ ਨੁਮਾਇਸ਼ ਹੋਈ। ਵੰਡ ਤੋਂ ਬਾਅਦ ਡਾਰ ਕਸ਼ਮੀਰੀ ਨੇ ਪੰਜਾਬੀ ਫਿਲਮ ‘ਮੁਕਲਾਵਾ’ (1957) ‘ਚ ਵੀ ਚਰਿੱਤਰ ਕਿਰਦਾਰ ਨਿਭਾਇਆ।
ਮੋਤੀ ਬੀ. ਗਿਡਵਾਨੀ ਨਿਰਦੇਸ਼ਤ ਫਿਲਮ ‘ਨੂਰ ਮਹਲ’ ਉਰਫ ‘ਕਮਰੂਲ ਜ਼ਮਾਂ’ (1935) ‘ਚ ਡਾਰ ਨੇ ਚਰਿੱਤਰ ਕਿਰਦਾਰ ਨਿਭਾਇਆ। ਚੁੰਨੀ ਲਾਲ ਪਾਰਿਖ ਨਿਰਦੇਸ਼ਿਤ ਫਿਲਮ ‘ਚੀਨ ਕਾ ਸ਼ਾਹੂਕਾਰ’ ਉਰਫ ‘ਬਲੈਕ ਥੀਫ’ (1935) ‘ਚ ਵੀ ਉਸ ਨੇ ਸ਼ਾਨਦਾਰ ਚਰਿੱਤਰ ਕਿਰਦਾਰ ਅਦਾ ਕੀਤਾ। ਇਹ ਫਿਲਮ 15 ਅਗਸਤ 1935 ਨੂੰ ਲਾਹੌਰ ਵਿਚ ਨੁਮਾਇਸ਼ ਹੋਈ। ਦੇਬਕੀ ਬੋਸ ਨਿਰਦੇਸ਼ਤ ਫਿਲਮ ‘ਜੀਵਨ ਨਾਟਕ’ ਉਰਫ ‘ਲਾਈਫ ਇਜ਼ ਏ ਸਟੇਜ’ (1935) ਵਿਚ ਉਸ ਨੇ ਸੋਹਣਾ ਪਾਰਟ ਨਿਭਾਇਆ ਜਦੋਂਕਿ ਫਿਲਮ ਦੇ ਮਰਕਜ਼ੀ ਕਿਰਦਾਰ ਵਿਚ ਦੁਰਗਾ ਖੋਟੇ ਤੇ ਮਾਰੂਤੀ ਰਾਓ ਪਹਿਲਵਾਨ ਸਨ। ਇਹ ਫਿਲਮ 28 ਜਨਵਰੀ 1935 ਨੂੰ ਲਾਹੌਰ ਵਿਖੇ ਰਿਲੀਜ਼ ਹੋਈ। ਅਖਤਰ ਨਵਾਜ਼ ਨਿਰਦੇਸ਼ਤ ਫਿਲਮ ‘ਕਿਸਕੀ ਪਿਆਰੀ’ ਉਰਫ ‘ਹੂਜ਼ ਡਾਰਲਿੰਗ’ (1937) ‘ਚ ਮਿਸ ਜ਼ੁਬੈਦਾ ਬਾਨੋ ਨਾਲ ਡਾਰ ਕਸ਼ਮੀਰੀ ਨੇ ਚਰਿੱਤਰ ਕਿਰਦਾਰ ਨਿਭਾਇਆ। ਦਾਊਦ ਚਾਂਦ ਨਿਰਦੇਸ਼ਤ ਫਿਲਮ ‘ਵੀਰ ਕੇਸਰੀ’ (1938) ‘ਚ ਵੀ ਡਾਰ ਕਸ਼ਮੀਰੀ ਨੇ ਪੁਸ਼ਪਾ ਰਾਣੀ, ਬਾਬੂਰਾਓ ਪਹਿਲਵਾਨ, ਸੁੰਦਰ ਸਿੰਘ ਨਾਲ ਅਦਾਕਾਰੀ ਕੀਤੀ। ਇਹ ਫਿਲਮ 31 ਜੁਲਾਈ 1938 ਨੂੰ ਲਾਹੌਰ ਵਿਚ ਨੁਮਾਇਸ਼ ਹੋਈ। ਵਿੱਠਲਦਾਸ ਪੰਚੋਟੀਆ ਨਿਰਦੇਸ਼ਤ ਫਿਲਮ ‘ਕਰਮਵੀਰ’ (1938) ‘ਚ ਜੀ.ਐਨ. ਡਾਰ ਕਸ਼ਮੀਰੀ ਨੇ ਵਿਠਲਦਾਸ ਪੰਚੋਟੀਆ ਤੇ ਰਾਧਾ ਰਾਣੀ ਨਾਲ ਚਰਿਤਰ ਕਿਰਦਾਰ ਅਦਾ ਕੀਤਾ। ਸਫਦਰ ਮਿਰਜ਼ਾ ਨਿਰਦੇਸ਼ਿਤ ਫਿਲਮ ‘ਇੰਪੀਰੀਅਲ ਮੇਲ’ (1939) ‘ਚ ਉਸ ਨੇ ਸ਼ਾਮ ਲਾਲ ਦਾ ਚਰਿੱਤਰ ਪਾਰਟ ਅਦਾ ਕੀਤਾ ਜਦੋਂਕਿ ਮੁੱਖ ਭੂਮਿਕਾ ਵਿਚ ਮਿਸ ਗੁਲਜ਼ਾਰ ਤੇ ਬਾਬੂਰਾਓ ਪਹਿਲਵਾਨ ਮੌਜੂਦ ਸਨ। ਦਾਊਦ ਚਾਂਦ ਨਿਰਦੇਸ਼ਤ ਫਿਲਮ ‘ਜੋਸ਼-ਏ-ਇਸਲਾਮ’ (1939) ਵਿਚ ਉਸ ਨੇ ਮੁਸਲਿਮ ਵਜ਼ੀਰ ਦਾ ਰੋਲ ਨਿਭਾਇਆ।
ਐਚ.ਐਸ. ਰਵੇਲ ਨਿਰਦੇਸ਼ਤ ਸਟੰਟ ਫਿਲਮ ‘ਦੋਰੰਗੀਆ ਡਾਕੂ’ ਉਰਫ ‘ਗੈਂਗਸਟਰ’ (1940) ‘ਚ ਡਾਰ ਕਸ਼ਮੀਰੀ ਨੇ ਗੰਗਾਦਾਸ ਦਾ ਕਿਰਦਾਰ ਅਦਾ ਕੀਤਾ। ਐਨ. ਬੁਲਚੰਦਾਨੀ ਬੀ.ਏ. ਨਿਰਦੇਸ਼ਤ ਫਿਲਮ ‘ਯਾਦ ਰਹੇ’ ਉਰਫ ‘ਯੰਗ ਇੰਡੀਆ’ (1940) ‘ਚ ਉਸ ਨੇ ਸਹਾਇਕ ਕਿਰਦਾਰ ਨਿਭਾਉਣ ਦੇ ਨਾਲ-ਨਾਲ ਇਕ ਗੀਤ ਵੀ ਲਿਖਿਆ। ਆਰ.ਐਨ. ਵੈਦ ਨਿਰਦੇਸ਼ਤ ਫਿਲਮ ‘ਅਬਲਾ’ (1941) ਅਤੇ ਹੇਮਚੰਦਰ ਨਿਰਦੇਸ਼ਤ ਫਿਲਮ ‘ਸੌਗੰਧ’ ਉਰਫ ‘ਦਿ ਪਲੈੱਜ’ (1942) ‘ਚ ਉਸ ਨੇ ਪਹਾੜੀ ਸਾਨਿਆਲ ਤੇ ਅਸਿਤ ਬਰਾਨ ਨਾਲ ਸ਼ਾਨਦਾਰ ਅਦਾਕਾਰੀ ਕੀਤੀ। ਇਹ ਫਿਲਮ ਪਹਿਲੀ ਅਪਰੈਲ 1942 ਨੂੰ ਕਲਕੱਤਾ ਅਤੇ ਇਸੇ ਸਿਰਲੇਖ ਨਾਲ ਇਸ ਦਾ ਬੰਗਾਲੀ ਭਾਸ਼ਾ ‘ਚ ਡੱਬ 28 ਮਾਰਚ 1942 ਨੂੰ ਦਿਖਾਈ ਗਈ। ਕੇ. ਅਮਰਨਾਥ ਨਿਰਦੇਸ਼ਤ ਫਿਲਮ ‘ਛੇੜ ਛਾੜ’ ਉਰਫ ‘ਸਵੀਟ ਲਾਈ’ (1943) ‘ਚ ਉਸ ਨੇ ਸਿਤਾਰਾ, ਨਜ਼ੀਰ, ਗੋਪ, ਮਿਸ ਗੁਲਾਬ ਨਾਲ ਕੰਮ ਕੀਤਾ। ਇਹ ਫਿਲਮ ਲਾਹੌਰ ਵਿਚ 16 ਅਗਸਤ 1943 ਨੂੰ ਰਿਲੀਜ਼ ਹੋਈ। ਮਹੇਸ਼ ਕੌਲ ਨਿਰਦੇਸ਼ਤ ਫਿਲਮ ‘ਅੰਗੂਰੀ’ (1943), ਸੀ.ਐਸ. ਬੋਸ ਨਿਰਦੇਸ਼ਤ ਫਿਲਮ ‘ਦੇਵਦਾਸੀ’ (1945), ਸ਼ੌਰੀ ਦੌਲਤਲਵੀ ਨਿਰਦੇਸ਼ਤ ਫਿਲਮ ‘ਦਿਨ ਰਾਤ’ (1945) ਤੇ ‘ਪਾਰੋ’ (1947) ਅਤੇ ਵੇਦੀ ਨਿਰਦੇਸ਼ਿਤ ਫਿਲਮ ‘ਰੂਮ ਨੰਬਰ 9’ (1946) ‘ਚ ਡਾਰ ਕਸ਼ਮੀਰੀ ਆਪਣੀ ਸ਼ਾਨਦਾਰ ਚਰਿੱਤਰ ਕਿਰਦਾਰਨਿਗਾਰੀ ਜ਼ਰੀਏ ਛਾਏ ਰਹੇ। ਕੁਲਭੂਸ਼ਨ ਅਗਰਵਾਲ ਨਿਰਦੇਸ਼ਤ ਫਿਲਮ ‘ਹੂਆ ਸਵੇਰਾ’ (1948), ਨਜ਼ੀਰ ਅਜਮੇਰੀ ਨਿਰਦੇਸ਼ਤ ਫਿਲਮ ‘ਮਜਬੂਰ’ (1948) ਵਿਚ ਉਹ ਆਪਣੀ ਉਮਦਾ ਚਰਿੱਤਰ ਅਦਾਕਾਰੀ ਰਾਹੀਂ ਦਰਸ਼ਕਾਂ ਦੀ ਪਹਿਲੀ ਪਸੰਦ ਬਣੇ ਰਹੇ।
1950ਵਿਆਂ ਦੇ ਦਹਾਕੇ ਵਿਚ ਆਈਆਂ ਉਸ ਦੀਆਂ ਚਰਿੱਤਰ ਅਦਾਕਾਰ ਵਜੋਂ ਕੁਝ ਹੋਰ ਕਾਮਯਾਬ ਫਿਲਮਾਂ ਵਿਚ ‘ਝਾਂਸੀ ਕੀ ਰਾਨੀ’ (1953), ‘ਘਰ ਘਰ ਮੇਂ ਦੀਵਾਲੀ’ (1955), ‘ਕੁੰਦਨ’ (1955), ‘ਲਾਡਲਾ’ (1954), ‘ਚੱਕਰਾਧਾਰੀ’ (1954), ‘ਪਤਿਤ ਪਾਵਨ’ (1955) ਸ਼ਾਮਿਲ ਹਨ।
ਇਨ੍ਹਾਂ ਫਿਲਮਾਂ ਵਿਚ ਕੰਮ ਕਰਨ ਤੋਂ ਬਾਅਦ ਉਹ ਫਿਲਮਾਂ ਵਿਚੋਂ ਗਾਇਬ ਹੀ ਹੋ ਗਏ। ਉਸ ਤੋਂ ਬਾਅਦ ਉਹ ਕਿੱਥੇ ਚਲੇ ਗਏ, ਉਨ੍ਹਾਂ ਦੇ ਪਰਿਵਾਰ ਜਾਂ ਬੱਚਿਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਜਿਊਂਦੇ ਜੀ ਅਦਾਕਾਰ ਜੀਵਨ ਅਤੇ ਬਾਅਦ ਵਿਚ ਉਨ੍ਹਾਂ ਦੇ ਅਦਾਕਾਰ ਪੁੱਤਰ ਕਿਰਨ ਕੁਮਾਰ ਨੇ ਕਿਸੇ ਇੰਟਰਵਿਊ ਵਿਚ ਆਪਣੇ ਤਾਏ ਡਾਰ ਕਸ਼ਮੀਰੀ ਦਾ ਕਦੇ ਕੋਈ ਜ਼ਿਕਰ ਨਹੀਂ ਕੀਤਾ। ਕਸ਼ਮੀਰੀ ਪੰਡਤਾਂ ਦਾ ‘ਡਾਰ’ ਗੋਤ ਬਾਅਦ ਵਿਚ ‘ਦਰ’ ਅਤੇ ‘ਧਰ’ ਵਿਚ ਬਦਲ ਗਿਆ। -ਮਨਦੀਪ ਸਿੰਘ ਸਿੱਧੂ