ਕੱਟੜਪੰਥੀਆਂ ਦੇ ਖਿਲਾਫ ਹਾਂ: ਜਾਵੇਦ ਅਖਤਰ

ਪ੍ਰਸਿੱਧ ਫਿਲਮੀ ਸ਼ਖਸੀਅਤ ਜਾਵੇਦ ਅਖਤਰ ਦਾ ਕਹਿਣਾ ਹੈ ਕਿ ਉਹ ਮੁਸਲਿਮ ਕੱਟੜਪੰਥੀਆਂ ਦੇ ਵੀ ਓਨਾ ਹੀ ਖਿਲਾਫ ਹਨ ਜਿੰਨਾ ਹਿੰਦੂ ਕੱਟੜਵਾਦ ਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਬੇਬਾਕੀ ਕਾਰਨ ਮੁਸਲਮਾਨਾਂ ਤੋਂ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਹਨ। ਹਾਲ ਹੀ ਵਿਚ ਉਨ੍ਹਾਂ ਇੱਕ ਇੰਟਰਵਿਊ ਵਿਚ ਤਾਲਿਬਾਨ ਅਤੇ ਹਿੰਦੂ ਕੱਟੜਵਾਦੀਆਂ ‘ਚ ਸਮਾਨਤਾ ਦੱਸੀ ਸੀ। ਇਸ ਇੰਟਰਵਿਊ ਦੇ ਪੱਖ ‘ਚ ਉਨ੍ਹਾਂ ਕਿਹਾ ਕਿ ਹਿੰਦੂ ਵਿਸ਼ਵ ਵਿਚ ਸਭ ਤੋਂ ਵੱਧ ਸਭਿਅਕ ਅਤੇ ਸਹਿਣਸ਼ੀਲ ਸੁਭਾਅ ਦੇ ਮਾਲਕ ਹਨ।

ਅਫਗਾਨਿਸਤਾਨ ਵਿਚ ਤਾਲਿਬਾਨ ਆਪਣੀ ਮਰਜ਼ੀ ਕਰ ਰਿਹਾ ਹੈ ਜਦਕਿ ਭਾਰਤ ਵਿਚ ਸੰਵਿਧਾਨ ਅਤੇ ਅਦਾਲਤਾਂ ਧਾਰਮਿਕ ਨਿਰਪੱਖਤਾ ਦੀ ਰਾਖੀ ਕਰ ਰਹੀਆਂ ਹਨ। ਅਖਤਰ ਨੇ ਕਿਹਾ, “ਭਾਰਤ ਕਦੇ ਵੀ ਅਫਗਾਨਿਸਤਾਨ ਵਰਗਾ ਨਹੀਂ ਬਣ ਸਕਦਾ ਕਿਉਂਕਿ ਭਾਰਤੀ ਆਪਣੇ ਸੁਭਾਅ ਤੋਂ ਅਤਿਵਾਦੀ ਨਹੀਂ ਹਨ; ਸ਼ਾਂਤ ਰਹਿਣਾ ਤੇ ਸਹਿਜਤਾ ਨਾਲ ਚੱਲਣਾ ਉਨ੍ਹਾਂ ਦੇ ਖੂਨ ‘ਚ ਹੈ।” ਦਰਅਸਲ, ਕੁਝ ਦਿਨ ਪਹਿਲਾਂ ਇਕ ਟੀ.ਵੀ. ਚੈਨਲ ‘ਤੇ ਜਾਵੇਦ ਅਖਤਰ ਨੇ ਕਿਹਾ ਸੀ ਕਿ ਜਿਥੇ ਤਾਲਿਬਾਨ ‘’ਅਸਭਿਅਕ’ ਹੈ, ਉੱਥੇ ਭਾਰਤ ਵਿਚ ਸੱਜੇ ਪੱਖੀ ਹਿੰਦੂ ਸੰਗਠਨਾਂ ਦਾ ਸਮਰਥਨ ਕਰਨ ਵਾਲੇ ਵੀ ‘ਅਜਿਹੇ ਹੀ ਹਨ’।
ਇਸੇ ਦੌਰਾਨ ਜਾਵੇਦ ਅਖਤਰ ਦੀ ਮੁੰਬਈ ਸਥਿਤ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ। ਭਾਜਪਾ ਦੇ ਇਕ ਵਿਧਾਇਕ ਨੇ ਅਖਤਰ ਤੋਂ ਉਨ੍ਹਾਂ ਦੀ ਉਸ ਟਿੱਪਣੀ ਲਈ ਮੁਆਫੀ ਦੀ ਮੰਗ ਕੀਤੀ ਹੈ ਜਿਸ ਵਿਚ ਉਨ੍ਹਾਂ ਆਰ.ਐਸ.ਐਸ. ਦੀ ਤੁਲਨਾ ਤਾਲਿਬਾਨ ਨਾਲ ਕੀਤੀ ਸੀ। ਜਾਵੇਦ ਨੇ ਹਾਲ ਹੀ ਵਿਚ ਇਕ ਖਬਰ ਚੈਨਲ ਨਾਲ ਗੱਲਬਾਤ ਵਿਚ ਕਿਹਾ ਸੀ ਕਿ ਪੂਰੀ ਦੁਨੀਆ ਵਿਚ ਸੱਜੇ ਪੱਖੀਆਂ ਵਿਚ ਇਕ ਅਨੋਖੀ ਚੀਜ਼ ਮਿਲਦੀ-ਜੁਲਦੀ ਹੈ। ਆਰ.ਐਸ.ਐਸ. (ਰਾਸ਼ਟਰੀ ਸਵੈਮਸੇਵਕ ਸੰਘ) ਦਾ ਨਾਂ ਲਏ ਬਿਨਾ ਉਨ੍ਹਾਂ ਕਿਹਾ ਸੀ, “ਤਾਲਿਬਾਨ ਇਸਲਾਮਿਕ ਦੇਸ਼ ਚਾਹੁੰਦਾ ਹੈ। ਇਹ ਲੋਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ।” -ਗੁਰਜੰਟ ਸਿੰਘ