ਕੈਪਟਨ ਦੇ ਹਾਈਕਮਾਨ ਨਾਲੋਂ ਵੱਖਰੇ ਸੁਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਆਰਥਿਕ ਨੁਕਸਾਨ ਦਾ ਵਾਸਤਾ ਪਾ ਕੇ ਅੰਦੋਲਨ ਦਾ ਰਾਹ ਦਿੱਲੀ ਵੱਲ ਮੋੜਨ ਦੇ ਬਿਆਨ ਪਿੱਛੋਂ ਨਵੀਂ ਚਰਚਾ ਛਿੜ ਗਈ ਹੈ। ਸਵਾਲ ਉਠ ਰਹੇ ਕਿ ਕੈਪਟਨ ਦੀ ਕਿਸਾਨ ਸੰਘਰਸ਼ ਤੇ ਹੋਰ ਮਸਲਿਆਂ ਉਤੇ ਆਪਣੀ ਪਾਰਟੀ ਨਾਲੋਂ ਵੱਖਰੀ ਸੋਚ/ਰਣਨੀਤੀ ਹੈ?

ਯਾਦ ਰਹੇ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਖੁਦ ਕਿਸਾਨਾਂ ਦੇ ਹੱਕ ਵਿਚ ਸੂਬੇ ਵਿਚ ਟਰੈਕਟਰ ਮਾਰਚ ਕਰ ਚੁੱਕੇ ਹਨ। ਉਹ ਨਿੱਤ ਕਿਸਾਨਾਂ ਦੀ ਹਮਾਇਤ ਵਿਚ ਬਿਆਨ ਦਿੰਦੇ ਹਨ; ਇਥੋਂ ਤੱਕ ਕਿ ਪਾਰਟੀ ਵੱਲੋਂ ਕਿਸਾਨਾਂ ਦੀ ਹਮਾਇਤ ਵਿਚ ਖੜ੍ਹਨ ਦਾ ਹੁਕਮ ਆਇਆ ਹੋਇਆ ਹੈ। ਉਂਜ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਕੈਪਟਨ ਦੇ ਪਾਰਟੀ ਤੋਂ ਵੱਖਰੇ ਸੁਰ ਸਾਹਮਣੇ ਆਏ ਹੋਣ। ਇਸ ਤੋਂ ਪਹਿਲਾਂ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਬਾਰੇ ਵੀ ਕੈਪਟਨ ਨੇ ਰਾਹੁਲ ਗਾਂਧੀ ਤੋਂ ਉਲਟ ਬਿਆਨ ਦਿੱਤਾ ਸੀ।
ਰਾਹੁਲ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਨੂੰ ਸ਼ਹੀਦਾਂ ਦਾ ਅਪਮਾਨ ਦੱਸਿਆ ਸੀ ਪਰ ਕੈਪਟਨ ਨੇ ਆਖ ਦਿੱਤਾ ਕਿ ਇਹ ‘ਬੜਾ ਚੰਗਾ ਕੰਮ ਹੋਇਐ`। ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਮੋਦੀ ਨਾਲ ਜਲ੍ਹਿਆਂਵਾਲੇ ਬਾਗ ਦੇ ਵਰਚੁਅਲ ਉਦਘਾਟਨ ਵਿਚ ਵੀ ਸ਼ਾਮਲ ਹੋਏ ਸਨ। ਉਨ੍ਹਾਂ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਉਨ੍ਹਾਂ ਨੂੰ ਜਲ੍ਹਿਆਂਵਾਲੇ ਬਾਗ ਨਵਾਂ ਰੂਪ ਬੜਾ ਪਸੰਦ ਆਇਆ ਹੈ।
ਹੁਣ ਕੈਪਟਨ ਨੇ ਬੀਤੇ ਦਿਨ ਬਿਆਨ ਦੇ ਦਿੱਤਾ ਕਿ ਪੰਜਾਬ ਵਿਚ ਲੱਗੇ ਧਰਨਿਆਂ ਕਾਰਨ ਸੂਬੇ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਲਈ ਅੰਦੋਲਨ ਦਾ ਮੂੰਹ ਪੂਰੀ ਤਰ੍ਹਾਂ ਦਿੱਲੀ ਤੇ ਹਰਿਆਣਾ ਵੱਲ ਕਰ ਦੇਣਾ ਚਾਹੀਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਇਕ ਪ੍ਰੋਗਰਾਮ ਵਿਚ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ 113 ਥਾਵਾਂ `ਤੇ ਧਰਨੇ ਦਿੱਤੇ ਜਾ ਰਹੇ ਹਨ, ਜਿਸ ਨਾਲ ਸੂਬੇ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਚੇਤੇ ਰਹੇ ਕਿ ਕਈ ਰਾਜਾਂ ਦੇ ਕਿਸਾਨ ਲਗਭਗ 10 ਮਹੀਨਿਆਂ ਤੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਉਤੇ ਧਰਨੇ ਲਾਈ ਬੈਠੇ ਹਨ। ਇਸ ਸੰਘਰਸ਼ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਸੀ ਤੇ ਪੂਰੇ ਮੁਲਕ ਵਿਚ ਫੈਲ ਰਿਹਾ ਹੈ।