ਆਓ! ਅਫਗਾਨਿਸਤਾਨ ਦੀ ਗੱਲ ਕਰੀਏ

ਪਰਮਜੀਤ ਰੋਡੇ
ਫੋਨ: 737-274-2370
ਆਖਰਕਾਰ ਅਫਗਾਨਿਸਤਾਨ `ਚੋਂ ਅਮਰੀਕਾ ਅਤੇ ਹੋਰ ਕਾਬਜ਼ ਵਿਦੇਸ਼ੀ ਤਾਕਤਾਂ ਦੀ ਸਫ ਲਪੇਟੀ ਗਈ। ਦੁਨੀਆ ਭਰ ਦੀਆਂ ਲਾਹਣਤਾਂ ਸੁਣਦੇ ਅਤੇ ਖੱਜਲ-ਖੁਆਰ ਹੁੰਦੇ ਇਹ ਵਿਦੇਸ਼ੀ ਆਪਣਾ ਬੋਰੀ-ਬਿਸਤਰਾ ਬੰਨ੍ਹ ਕੇ ਤੁਰਦੇ ਬਣੇ। 30 ਅਗਸਤ ਨੂੰ ਜਿਹੜਾ ਆਖਰੀ ਆਮਰੀਕੀ ਜਹਾਜ਼ ਉਡਿਆ, ਉਸ ਵਿਚ ਸਿਰਫ ਇਕ ਹੀ ਸਵਾਰੀ ਸੀ। ਇਹ ਵੱਖਰੀ ਗੱਲ ਕਿ 15 ਅਗਸਤ ਨੂੰ ਜਦੋਂ ਡਰੇ ਸਹਿਮੇ ਲੋਕ ਧੱਕੇ ਨਾਲ ਅਮਰੀਕੀ ਜਹਾਜ਼ ਵਿਚ ਚੜ੍ਹ ਗਏ ਤਾਂ 124 ਸੀਟਾਂ ਵਾਲਾ ਜਹਾਜ਼ 640 ਸਵਾਰੀਆਂ ਲੈ ਕੇ ਉਡਿਆ ਸੀ।

ਆਖਰੀ ਦਿਨਾਂ ਵਿਚ ਕਾਬੁਲ ਏਅਰਪੋਰਟ `ਤੇ ਹੋਏ ਖੂਨ-ਖਰਾਬੇ ਤੋਂ ਜੇ ਬਚਿਆ ਜਾ ਸਕਦਾ ਤਾਂ ਚੰਗਾ ਹੀ ਸੀ। ਅਮਰੀਕਾ ਅਤੇ ਹੋਰ ਵਿਦੇਸ਼ੀ ਫੌਜਾਂ ਨੇ ਅਫਗਾਨ ਲੋਕਾਂ `ਤੇ ਜੋ ਜ਼ੁਲਮ ਢਾਹੇ ਅਤੇ ਜੋ ਤਬਾਹੀ ਮਚਾਈ, ਇਸ ਦੀ ਸਚਾਈ ਦੁਨੀਆ ਤੋਂ ਛੁਪਾਈ ਜਾਂਦੀ ਰਹੀ। ਇਨ੍ਹਾਂ ਵਿਦੇਸ਼ੀ ਫੌਜਾਂ ਅਤੇ ਕਠਪੁਤਲੀ ਸਰਕਾਰ ਨੇ 20 ਸਾਲ ਜਿਵੇਂ ਅਫਗਾਨ ਲੋਕਾਂ ਨੂੰ ਨੋਚਿਆ ਤੇ ਚੂੰਡਿਆ, ਇਸ ਸੱਚ ਤੋਂ ਵੀ ਦੁਨੀਆ ਵਾਂਝੀ ਹੀ ਰਹੀ। ਕੌਮਾਂਤਰੀ ਨਾਨ ਪਰਾਫਿਟ ਜਥੇਬੰਦੀ ‘ਵਿਕੀਲੀਕਸ’ ਨੇ 2012 ਵਿਚ ‘ਅਫਗਾਨ ਵਾਰ ਡਾਇਰੀ’ ਨਾਮ ਦੀ ਰਿਪੋਰਟ ਜਾਰੀ ਕਰ ਦਿੱਤੀ ਜਿਹੜੀ ਵਿਦੇਸ਼ੀ ਫੌਜਾਂ ਰਾਹੀਂ ਅਫਗਾਨ ਲੋਕਾਂ `ਤੇ ਢਾਹੇ ਜਾਂਦੇ ਅਤਿਆਚਾਰਾਂ ਦੀ ਮੂੰਹੋਂ ਬੋਲਦੀ ਤਸਵੀਰ ਸੀ। ਇਸੇ ਸਮੇਂ ਅਮਰੀਕਨ ਫੌਜੀਆਂ ਵਲੋਂ ਮਰੇ ਹੋਏ ਤਾਲੀਬਾਨ ਲੜਾਕਿਆਂ ਦੇ ਮੂੰਹ ਵਿਚ ਪੇਸ਼ਾਬ ਕਰਨ, ਕੁਰਾਨ ਸਾੜਨ ਅਤੇ ਇਕ ਘਰ ਅੰਦਰ ਰਾਤ ਵਕਤ ਦਾਖਲ ਹੋ ਕੇ ਇਕ ਲੜਕੀ ਨਾਲ ਸਮੂਹਿਕ ਰੇਪ ਕਰਨ ਤੋਂ ਬਾਅਦ ਵਿਰੋਧ ਕਰਨ `ਤੇ ਪਰਿਵਾਰ ਦੇ 17 ਮੈਂਬਰਾਂ ਦਾ ਕਤਲ ਕਰਨ ਦੀਆਂ ਖਬਰਾਂ ਆਉਣ ਨਾਲ ਦੇਸ਼ ਭਰ ਵਿਚ ਹਾਹਾਕਾਰ ਮੱਚ ਗਈ; ਲੋਕ ਵਿਦਰੋਹ ਉੱਠ ਖੜ੍ਹਾ ਹੋਇਆ। ਅਸਲ ਵਿਚ ਇਹ ਖਬਰਾਂ ਅਤੇ ਵਿਦਰੋਹ ਅਮਰੀਕੀ ਅਤੇ ਪੱਛਮੀ ਦੇਸ਼ਾਂ ਦੀਆਂ ਅਫਗਾਨਿਸਤਾਨ `ਤੇ ਕਾਬਜ਼ ਫੌਜਾਂ ਦੇ ਮੌਤ ਦੇ ਵਾਰੰਟ ਸਨ।
2001 ਵਿਚ ਅਫਗਾਨਿਸਤਾਨ ‘ਤੇ ਹਮਲਾ ਕਰਨ ਸਮੇਂ ਅਮਰੀਕਾ ਵਲੋਂ ਕਾਰਨ ਭਾਵੇਂ ਉਸਾਮਾ ਬਿਨ-ਲਾਦਿਨ ਨੂੰ ਫੜਨਾ ਅਤੇ ਅਫਗਾਨਿਸਤਾਨ ਵਿਚ ਚਲ ਰਹੇ ਅਤਿਵਾਦੀ ਕੈਂਪਾਂ ਦੀ ਤਬਾਹੀ ਦੱਸਿਆ ਗਿਆ ਸੀ ਪਰ ਅਸਲ ਅਤੇ ਵੱਡਾ ਕਾਰਨ ਅਮਰੀਕਾ ਅਤੇ ਪੱਛਮੀ ਸਾਮਰਾਜੀਆਂ ਦੀਆਂ ਨਜ਼ਰਾਂ ਦਾ ਅਫਗਾਨਿਸਤਾਨ ਦੀ ਭੂਗੋਲਿਕ ਯੁਧਨੀਤਕ ਅਤੇ ਫੌਜੀ ਮਹੱਤਤਾ ਸੀ। 2010 ਵਿਚ ਅਮਰੀਕੀ ਮਿਲਟਰੀ ਆਫੀਸ਼ੀਅਲ ਅਤੇ ਭੂ-ਵਿਗਿਆਨੀਆਂ ਵਲੋਂ ਦਿੱਤੀ ਇਹ ਰਿਪੋਰਟ ਕਿ ਅਫਗਾਨਿਸਤਾਨ ਦੀ ਧਰਤੀ ਹੇਠ ਇਕ ਟ੍ਰਿਲੀਅਨ ਅਮਰੀਕੀ ਡਾਲਰਾਂ ਤੋਂ ਵੱਧ ਕੀਮਤ ਦੇ ਖਣਿਜ ਪਦਾਰਥ ਹਨ, ਅਮਰੀਕਾ ਦੀ ਅਫਗਾਨਿਸਤਾਨ `ਤੇ ਕਬਜ਼ਾ ਬਣਾਈ ਰੱਖਣ ਦੀ ਲੋੜ ਅਤੇ ਤਾਂਘ ਹੋਰ ਵਧ ਗਈ।
ਦਿੱਲੀ ਤੋਂ ਛਪਦੇ ਹਫਤਾਵਾਰ ਅਖਬਾਰ ‘ਮੇਨਸਟਰੀਮ’ ਨੇ ਬਿਲਕੁਲ ਠੀਕ ਨੋਟ ਕੀਤਾ ਹੈ ਕਿ ਵੱਖ-ਵੱਖ ਸੰਸਾਰ ਤਾਕਤਾਂ ਦੇ ਅਫਗਾਨਿਸਤਾਨ ਵੱਲ ਆਕਰਸ਼ਕ ਹੋਣ ਦੇ ਤਿੰਨ ਵੱਡੇ ਕਾਰਨ ਹਨ। 1) ਖਣਿਜ ਪਦਾਰਥਾਂ ਦੇ ਪ੍ਰਸੰਗ ਵਿਚ ਅਫਗਾਨਿਸਤਾਨ ਬਹੁਤ ਅਮੀਰ ਦੇਸ਼ ਹੈ। ਇਸ ਦੀ ਧਰਤੀ ਹੇਠ ਕੁਦਰਤੀ ਗੈਸ, ਪੈਟਰੋਲੀਅਮ, ਕੋਲਾ, ਤਾਂਬਾ, ਲੈਡ, ਜਿ਼ੰਕ, ਸੋਨਾ, ਚਾਂਦੀ, ਸਲਫਰ, ਮੀਕਾ ਤੇ ਲਿਥੀਅਨ ਹੈ। ਲਿਥੀਅਨ ਅਜਿਹਾ ਦੁਰਲਭ ਅਤੇ ਜ਼ਰੂਰੀ ਕੰਪੋਨੈਂਟ ਹੈ ਜਿਹੜਾ ਦੁਬਾਰਾ ਚਾਰਜ ਹੋਣ ਯੋਗ ਬੈਟਰੀਆਂ ਦੇ ਕੰਮ ਆਉਂਦਾ ਹੈ। 2) ਏਸ਼ੀਆ ਵਿਚ ਅਫਗਾਨਿਸਤਾਨ ਦੀ ਯੁਧਨੀਤਕ, ਭੂਗੋਲਿਕ ਤੇ ਫੌਜੀ ਪੱਖੋਂ ਅਜਿਹੀ ਕੇਂਦਰੀ ਸਥਿਤੀ ਹੈ ਕਿ ਸੰਸਾਰ ਦੀਆਂ ਤਾਕਤਾਂ ਇਸ ਨੂੰ ਅੱਖੋਂ ਓਹਲੇ ਨਹੀਂ ਕਰ ਸਕਦੀਆਂ। 3) ਅਫਗਾਨਿਸਤਾਨ ਇਤਿਹਾਸਕ ਰੇਸ਼ਮੀ ਵਪਾਰਕ ਰਸਤਿਆਂ ਅਤੇ ਚੀਨ ਦੇ ਰੋਡ ਤੇ ਬੈਲਟ ਪਹਿਲਕਦਮੀ ਪ੍ਰੋਜੈਕਟ ਦੇ ਐਨ ਉਪਰ ਸਥਿਤ ਹੈ। ਇਸ ਕਰਕੇ ਇਹ ਵੱਡੀਆਂ ਤਾਕਤਾਂ ਦੀਆਂ ਖਾਹਸ਼ਾਂ ਦਾ ਅਖਾੜਾ ਬਣਿਆ ਹੋਇਆ ਹੈ। ਉਰਦੂ ਦੇ ਮਸ਼ਹੂਰ ਕਵੀ ਇਕਬਾਲ ਨੇ ਆਪਣੀਆਂ ਕਵਿਤਾਵਾਂ ਵਿਚ ਇਸ ਨੂੰ ‘ਏਸ਼ੀਆ ਦਾ ਦਿਲ’ ਕਿਹਾ ਸੀ।
ਅਮਰੀਕਾ ਦਾ ਰਾਸ਼ਟਰਪਤੀ ਜੋਅ ਬਾਇਡਨ ਵਾਰ-ਵਾਰ ਜਤਾ ਰਿਹਾ ਹੈ ਕਿ ਇਸ ਲੜਾਈ `ਤੇ ਅਮਰੀਕਾ ਦਾ ਦੋ ਟ੍ਰਿਲੀਅਨ ਡਾਲਰ ਖਰਚਾ ਆ ਗਿਆ। ਜੇ ਇਸ ਤੱਥ ਵੱਲ ਥੋੜ੍ਹਾ ਜਿਹਾ ਧਿਆਨ ਮਾਰੀਏ ਤਾਂ ਪਤਾ ਲਗਦਾ ਹੈ ਕਿ ਇਸ ਰਾਸ਼ੀ ਦਾ ਵੱਡਾ ਹਿੱਸਾ ਸਕਿਓਰਿਟੀ ਕੰਪਨੀਆਂ ਦੀ ਕਮਾਈ ਅਤੇ ਹਥਿਆਰਾਂ ਦੀ ਸੇਲ ਦੇ ਰੂਪ ਵਿਚ ਵਾਪਿਸ ਅਮਰੀਕਾ ਤੇ ਬਰਤਾਨੀਆ ਵਿਚ ਆ ਗਿਆ। ਇਕ ਹੱਥ ਦੇ ਕੇ ਦੂਜੇ ਹੱਥ ਵਾਪਿਸ ਲੈ ਲਿਆ ਗਿਆ। ਅਮਰੀਕਾ ਦੇ ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਉਥੇ ਹਥਿਆਰਬੰਦ ਵਿਦੇਸ਼ੀ ਸਕਿਓਰਟੀ ਕੰਪਨੀਆਂ ਦਾ ਜਾਲ ਵਿਛਾ ਦਿਤਾ ਗਿਆ ਜਿਨ੍ਹਾਂ ਦਾ ਮੁੱਖ ਕੰਮ ਵਿਦੇਸ਼ੀ ਸਰਫਤਖਾਨੇ, ਆਰਮੀ ਬੇਸ ਅਤੇ ਐਨ.ਜੀ.ਓਜ਼ ਦੀ ਸੁਰੱਖਿਆ ਕਰਨਾ ਸੀ ਪਰ ਲੋੜ ਪੈਣ `ਤੇ ਉਨ੍ਹਾਂ ਨੂੰ ਜੰਗ ਵਿਚ ਵੀ ਝੋਕ ਦਿੱਤਾ ਜਾਂਦਾ ਸੀ।
ਇਕ ਸਮੇਂ ਇਨ੍ਹਾਂ ਸਕਿਓਰਟੀ ਕੰਟਰੈਕਟਰ ਦੀ ਗਿਣਤੀ 25 ਹਜ਼ਾਰ ਸੀ ਜ਼ਿਨ੍ਹਾਂ ਵਿਚੋਂ 10 ਹਜ਼ਾਰ ਅਮਰੀਕੀ ਸਨ। ਇਨ੍ਹਾਂ ਕੰਪਨੀਆਂ ਦੀ ਡਾਲਰਾਂ ਪ੍ਰਤੀ ਹਵਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਦੇ ਮਸ਼ਹੂਰ ਅਖਬਾਰਾਂ ‘ਵਾਲਸਟਰੀਟ ਜਨਰਲ’ ਅਤੇ ‘ਨਿਊਯਾਰਕ ਟਾਈਮਜ਼’ ਨੇ ਖਬਰ ਛਾਪੀ ਕਿ ਅਮਰੀਕਾ ਦੀ ਸਭ ਤੋਂ ਵੱਡੀ ਸਕਿਓਰਟੀ ਕੰਪਨੀ ਬਲੈਕਵਾਟਰ ਜਿਸ ਨੇ ਇਰਾਕ ਅਤੇ ਅਫਗਾਨਿਸਤਾਨ ਦੀ ਜੰਗ ਵਿਚੋਂ ਮਣਾਂ-ਮੂੰਹੀਂ ਡਾਲਰ ਕਮਾਏ ਹਨ, ਦੇ ਬਾਨੀ ਐਰਕ ਪ੍ਰਿੰਸ ਨਾਮ ਦੇ ਧਨਾਢ ਨੇ ਜਦ ਦੇਖਿਆ ਕਿ ਡਰੇ ਤੇ ਸਹਿਮੇ ਲੋਕ ਕਾਬੁਲ ਏਅਰਪੋਰਟ ਤੋਂ ਹਰ ਹਾਲਤ ਨਿਕਲਣਾ ਚਾਹੁੰਦੇ ਹਨ ਤਾਂ ਇਹ ਅਮੀਰ ਵਿਅਕਤੀ ਉੱਥੇ ਚਲਾ ਗਿਆ। ਉਨ੍ਹਾਂ ਦੀ ਮਜਬੂਰੀ ਦਾ ਫਾਇਆ ਉਠਾਉਣ ਲਈ ਮਸ਼ਹੂਰੀ ਦੇ ਦਿਤੀ ਕਿ ਜੋ ਵਿਅਕਤੀ ਚਾਰਟਡ ਫਲਾਈਟ ਰਾਹੀਂ ਬਾਹਰ ਨਿਕਲਣਾ ਚਾਹੁੰਦਾ ਹੈ ਤਾਂ ਪ੍ਰਤੀ ਟਿਕਟ 6500 ਡਾਲਰ ਅਤੇ ਜੇ ਕੋਈ ਚਾਹੁੰਦਾ ਹੈ ਕਿ ਉਸ ਨੂੰ ਘਰੋਂ ਚੁੱਕ ਕੇ ਏਅਰਪੋਰਟ ‘ਤੇ ਵੀ ਸੁਰੱਖਿਅਤ ਪਹੁੰਚਾਇਆ ਜਾਵੇ ਤਾਂ ਇਸ ਦਾ ਖਰਚਾ ਟਿਕਟ ਤੋਂ ਇਲਾਵਾ ਹੋਵੇਗਾ।
ਸਭ ਨੂੰ ਪਤਾ ਹੈ ਕਿ ਤਾਲਿਬਾਨ ਦਾ ਪਹਿਲਾ ਰਾਜ (1996-2001) ਬੁਰਾ ਅਤੇ ਦਮਨਕਾਰੀ ਸੀ। ਇਸ ਰਾਜ ਵਿਚ ਔਰਤਾਂ `ਤੇ ਖਾਸ ਕਰਕੇ ਅਤੇ ਘੱਟ ਗਿਣਤੀਆਂ ਅਤੇ ਗੈਰ-ਤਾਲੀਬਾਨ ਲੋਕਾਂ `ਤੇ ਆਮ ਕਰਕੇ ਜਬਰ ਢਾਹਿਆ ਗਿਆ ਪਰ ਇਹ ਵੀ ਸੱਚ ਹੈ ਕਿ ਅਜੋਕਾ ਤਾਲਿਬਾਨ ਮੁਕਾਬਲਤਨ ਸੰਜੀਦਾ ਅਤੇ ਦਿਆਨਤਦਾਰੀ ਦਿਖਾ ਰਿਹਾ ਹੈ; ਜਿਵੇਂ ਸਮੁਚੇ ਦੇਸ਼ `ਤੇ ਕਬਜ਼ਾ ਕਰਨ ਦੇ ਆਖਰੀ ਦਿਨਾਂ ਵਿਚ ਤਾਲਿਬਾਨ ਲੜਾਕਿਆਂ ਵਲੋਂ ਘੱਟ ਤੋਂ ਘੱਟ ਖੂਨ-ਖਰਾਬੇ ਦੀਆਂ ਚੇਤੰਨ ਕੋਸ਼ਿਸ਼ਾਂ ਕਰਨਾ, ਕਿਸੇ ਦੇ ਵੀ ਖਿਲਾਫ ਬਦਲੇ ਦੀ ਕਾਰਵਾਈ ਨਾ ਕਰਨ ਦੀ ਯਕੀਨਦਹਾਨੀ ਕਰਨਾ, ਔਰਤਾਂ ਨੂੰ ਸ਼ਰੀਅਤ ਕਾਨੂੰਨ ਦੇ ਅੰਦਰ-ਅੰਦਰ ਖੁੱਲ੍ਹ ਕੇ ਵਿਚਰ ਕੇ ਕੰਮ ਕਰਨ ਅਤੇ ਵਿਦਿਆ ਪ੍ਰਾਪਤ ਕਰਨ ਦੀ ਇਜਾਜ਼ਤ ਦੇਣਾ, ਸਾਰੇ ਦੇਸ਼ਾਂ ਦੇ ਸਫਾਰਤਖਾਨਿਆਂ ਨੂੰ ਖੁੱਲ੍ਹੇ ਰਹਿਣ ਦੀ ਅਪੀਲ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਲੈਣਾ ਆਦਿ। 15 ਅਗਸਤ ਤੋਂ 31 ਅਗਸਤ ਤੱਕ ਕਾਬੁਲ ਏਅਰਪੋਰਟ ਦਾ ਕੰਟਰੋਲ ਅਮਰੀਕਾ ਨੂੰ ਦੇਣ `ਤੇ ਸਹਿਮਤੀ ਦੇ ਨਾਲ ਹੀ ਕਾਬੁਲ ਸ਼ਹਿਰ ਦਾ ਕੰਟਰੋਲ ਵੀ ਅਮਰੀਕਾ ਨੂੰ ਦੇਣ ਦੀ ਪੇਸ਼ਕਸ ਕਰਨਾ (ਬੇਸ਼ਕ ਅਮਰੀਕਾ ਨੇ ਨਾਂਹ ਕਰ ਦਿੱਤੀ), ਦੁਨੀਆ ਦੇ ਕਿੰਨੇ ਹੀ ਦੇਸ਼ਾਂ (ਰੂਸ, ਚੀਨ, ਪਾਕਿਸਤਾਨ, ਇੰਡੋਨੇਸ਼ੀਆ, ਕਤਰ, ਇਰਾਨ, ਭਾਰਤ ਵਗੈਰਾ) ਦੇ ਨੁਮਾਇੰਦਦਿਆਂ ਨਾਲ ਸਿੱਧੀ ਮੁਲਾਕਾਤ, ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਫੋਨ `ਤੇ ਸੰਪਰਕ ਬਣਾਉਣਾ, ਅਮਰੀਕਨ ਫੌਜਾਂ ਦੇ ਅਫਗਾਨਿਸਤਾਨ ਛੱਡਣ ਦੇ ਆਖਰੀ ਦਿਨ ਉਨ੍ਹਾਂ ਨੂੰ ਏਅਰਪੋਰਟ ਤੋਂ ਖਾਸ ਤੌਰ `ਤੇ ਬਣਾਏ ਗੁਪਤ ਗੇਟ (ਚੋਰਮੋਰੀ) ਰਾਹੀਂ ਆਪਣੀ ਨਿਗਰਾਨੀ ਹੇਠ ਬਾਹਰ ਕੱਢ ਕੇ ਰਸਮੀ ਵਿਦਾਇਗੀ ਦੇਣਾ ਆਦਿ ਪੁਰਾਣੇ ਤਾਲਿਬਾਨ ਤੋਂ ਅਜਿਹੀ ਆਸ ਰੱਖੀ ਜਾ ਸਕਦੀ ਸੀ? ਕਦਾਚਿਤ ਨਹੀਂ!
ਦੁਨੀਆ ਵਿਚ 8 ਦੇਸ਼ ਅਜਿਹੇ ਹਨ ਜਿਨ੍ਹਾਂ ਨੇ ਇਸਲਾਮ ਨੂੰ ਰਾਜ ਅਤੇ ਕਾਨੂੰਨ ਦੇ ਆਧਾਰ ਵਜੋਂ ਅਪਣਾਇਆ ਹੋਇਆ ਹੈ। ਇਹ ਅੱਠ ਦੇਸ਼ ਹਨ- ਇਰਾਨ, ਓਮਾਨ, ਮੋਰਤਾਨੀਆ, ਪਾਕਿਸਤਾਨ, ਸਾਊਦੀ ਅਰਬ, ਯਮਨ, ਸੁਡਾਨ ਅਤੇ ਅਫਗਾਨਿਸਤਾਨ। ਇਨ੍ਹਾਂ ਅੱਠਾਂ ਦੇਸ਼ਾਂ ਦੀ ਇਸਲਾਮ ਅਤੇ ਇਸਲਾਮਿਕ ਕਾਨੂੰਨ ਦੀ ਆਪੋ-ਆਪਣੀ ਵਿਆਖਿਆ ਹੈ। ਇਸ ਲਈ ਔਰਤ ਦੀ ਆਜ਼ਾਦੀ ਸਬੰਧੀ ਸੰਕਲਪ ਵੀ ਵੱਖਰਾ-ਵੱਖਰਾ ਹੈ। ਸਮੁੱਚੇ ਤੌਰ `ਤੇ ਲਿਆਂ ਇਨ੍ਹਾਂ ਸਾਰੇ ਰਾਜਾਂ ਦੀ ਪਿਛਾਖੜੀ ਵਿਚਾਰਧਾਰਾ ਪੱਛੜੀ ਆਰਥਕਤਾ ਅਤੇ ਪਿਛਾਖੜੀ ਸਮਾਜਕ ਰਿਸ਼ਤਿਆਂ ਦੇ ਜੰਜਾਲ ਨੇ ਔਰਤ ਨੂੰ ਅਧੀਨਗੀ ਅਤੇ ਦੋਇਮ ਦਰਜੇ ਦੀ ਸਥਿਤੀ ਵਲੋਂ ਧੱਕ ਦਿੱਤਾ ਹੈ। ਖਬਰਾਂ ਆ ਰਹੀਆਂ ਹਨ ਕਿ ਅਫਗਾਨਿਸਤਾਨ ਵਿਚ ਔਰਤਾਂ ਨੇ ਵਿਦਿਅਕ ਅਤੇ ਕੰਮ ਕਰਨ ਦੀ ਆਜ਼ਾਦੀ ਦੇ ਮੁੱਦੇ ਨੂੰ ਉਭਾਰਿਆ ਹੈ ਜੋ ਸੁਭ ਸ਼ਗਨ ਹੈ ਪਰ ਸਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਔਰਤ ਦੇ ਆਜ਼ਾਦੀ ਦਾ ਮਸਲਾ ਮੁੱਖ ਤੌਰ `ਤੇ ਅਫਗਾਨ ਔਰਤਾਂ ਦੀ ਚੇਤਨਾ ‘ਤੇ ਨਿਰਭਰ ਕਰਦਾ ਹੈ। ਕਿਸੇ ਵੀ ਬਾਹਰੀ ਤਾਕਤ ਕੋਲ ਨਾ ਤਾਂ ਕੋਈ ਹੱਕ ਹੈ ਅਤੇ ਨਾ ਹੀ ਸੰਭਵ ਹੈ ਕਿ ਕੋਈ ਬਾਹਰੀ ਸ਼ਕਤੀ ਆਪਣੀ ਮਨਮਰਜ਼ੀ ਦੀਆਂ ਕਦਰਾਂ-ਕੀਮਤਾਂ ਕਿਸੇ ‘ਤੇ ਥੋਪੇ। ਆਸ ਰੱਖਣੀ ਚਾਹੀਦੀ ਹੈ ਕਿ ਅਫਗਾਨ ਔਰਤ ਆਪਣੀ ਹੋਣੀ ਆਪਣੇ ਹੱਥ ਲਵੇਗੀ ਅਤੇ ਸਾਰੀਆਂ ਆਜ਼ਾਦੀ ਪਸੰਦ ਤਾਕਤਾਂ ਉਸ ਦੀ ਮਦਦ ਲਈ ਅੱਗੇ ਆਉਣਗੀਆਂ। ਅਫਗਾਨ ਔਰਤ ਦੀ ਆਜ਼ਾਦੀ ਦੀਆਂ ਗੱਲਾਂ ਕਰਨ ਵਾਲਾ ਅਮਰੀਕਾ ਅਤੇ ਭਾਰਤ ਵਰਗੇ ਹੋਰ ਦੇਸ਼ਾਂ ਦਾ ਪਾਖੰਡ ਉਸ ਸਮੇਂ ਨੰਗਾ ਹੋ ਜਾਂਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਬਾਕੀ ਇਸਲਾਮੀ ਰਾਜਾਂ ਨਾਲ ਇਨ੍ਹਾਂ ਦੇ ਗੂੜ੍ਹੇ ਸਫਾਰਤੀ ਸਬੰਧ ਹਨ ਅਤੇ ਉਨ੍ਹਾਂ ਦੇਸ਼ਾਂ ਵਿਚ ਔਰਤਾਂ ਦੀ ਦੁਰਗਤ ਇਨ੍ਹਾਂ ਨੂੰ ਬਿਲਕੁਲ ਨਹੀਂ ਰੜਕਦੀ।
ਸ਼ਕਤੀਸ਼ਾਲੀ ਅਮਰੀਕਾ ਅਤੇ ਸੰਗੀ ਪੱਛਮੀ ਦੇਸ਼ਾਂ ਦੀ ਅਪਮਾਨਜਨਕ ਹਾਰ ਨੂੰ ਇਤਿਹਾਸ ਸਦੀਆਂ ਤੱਕ ਯਾਦ ਰੱਖੇਗਾ। ਇਨ੍ਹਾਂ ਸਾਮਰਾਜੀ ਮੁਲਕਾਂ ਦੀ ਜੀ ਹਜ਼ੂਰ ਅਫਗਾਨ ਸਰਕਾਰ ਦਾ ਧੜੰਮ ਕਰਕੇ ਡਿਗਣਾ ਵੀ ਬੁਝਾਰਤ ਬਣੀ ਰਹੇਗੀ ਪਰ ਇਸ ਚਮਤਕਾਰੀ ਜਿੱਤ ਦਾ ਸਿਹਰਾ ਸਿਰਫ 75 ਹਜ਼ਾਰ ਤਾਲਾਬਾਨ ਲੜਾਕਿਆਂ ਸਿਰ ਨਹੀਂ ਬੱਝਦਾ। ਜਿੱਤ ਦੇ ਅਸਲ ਹੀਰੋ ਇਨ੍ਹਾਂ ਲੜਾਕਿਆਂ ਦੀ ਪਿੱਠ ‘ਤੇ ਬੈਠੇ ਮਹਾਨ ਅਫਗਾਨ ਲੋਕ ਹਨ। ਮਾਓ ਜ਼ੇ-ਤੁੰਗ ਦੇ ਕਹਿਣ ਮੁਤਾਬਕ, ਲੋਕ ਅਤੇ ਸਿਰਫ ਲੋਕ ਹੀ ਇਤਿਹਾਸ ਦੇ ਸਿਰਜਣਹਾਰੇ ਹੁੰਦੇ ਹਨ। ਤਾਲਿਬਾਨਾਂ ਦੀ ਅਗਵਾਈ ਵਿਚ ਲੜੀ ਇਹ ਜੰਗ ਦੋ ਪੈਂਤੜਿਆਂ ਤੋਂ ਲੜੀ ਗਈ। ਇਕ ਕੌਮੀ ਪੈਂਤੜਾ ਅਤੇ ਦੂਜਾ ਕੱਟੜ ਧਾਰਮਕ। ਇਕ ਅਗਾਂਹਵਧੂ, ਦੂਸਰਾ ਪਿਛਾਖੜੀ ਪਰ ਕਿਉਂਕਿ ਇਸ ਦੀ ਸਮੁੱਚੀ ਧਾਰ ਸਾਮਰਾਜ ਵਿਰੋਧੀ ਸੀ, ਇਸ ਲਈ ਇਸ ਨੂੰ ਹਾਂ-ਪੱਖੀ ਅਤੇ ਵਿਕਾਸਮਈ ਘਟਨਾਕ੍ਰਮ ਵਜੋਂ ਲਿਆ ਜਾਣਾ ਚਾਹੀਦਾ ਹੈ।
ਨਵੀਂ ਬਣੀ ਅਫਗਾਨ ਸਰਕਾਰ ਸਾਹਮਣੇ ਹੁਣ ਵੱਡੀਆਂ ਚੁਣੌਤੀਆਂ ਹਨ। ਸਰਕਾਰ ਨੰਗ ਹੈ, ਵਿਦੇਸ਼ੀ ਸਹਾਇਤਾ ਬੰਦ ਹੈ। ਆਰਥਕਤਾ ਤਬਾਹ ਹੋ ਚੁੱਕੀ ਹੈ। ਡਾਲਰਾਂ ਦੇ ਰੂਪ ਵਿਚ ਵਿਦੇਸ਼ ਵਿਚ ਜਮ੍ਹਾਂ ਐਮਰਜੈਂਸੀ ਰਾਸ਼ੀ ਸਬੰਧਤ ਦੇਸ਼ਾਂ ਨੇ ਜਾਮ ਕਰ ਦਿੱਤੀ ਹੈ। ਸਰਕਾਰ ਅਤੇ ਦੇਸ਼ ਨੂੰ ਚਲਾਉਣ ਵਾਲੇ ਪੜ੍ਹੇ ਲਿਖੇ ਟੈਕਨੋਕਰੇਟਸ ਦੀ ਥੁੜ੍ਹ ਹੈ। ਅਕੈਡਮੀਸ਼ੀਅਨ, ਇੰਜਨੀਅਰ, ਡਾਕਟਰ, ਵਿਗਿਆਨੀ ਤੇ ਹਰ ਕਿਸਮ ਦੇ ਮਾਹਰ ਦੇਸ਼ ਛੱਡ ਕੇ ਭੱਜ ਚੁਕੇ ਹਨ ਜਾਂ ਫਿਰ ਭਜਾ ਲਏ ਗਏ ਹਨ। ਉਦਯੋਗ ਛੋਟੀ ਪੱਧਰ ਦਾ ਹੈ। ਖੇਤੀ ਪਛੜੀ ਹੋਈ ਹੈ। ਜੀਵਨ ਨਿਰਬਾਹ ਦਾ ਭਰੋਸੇਯੋਗ ਸਾਧਨ ਅਫੀਮ ਦੀ ਖੇਤੀ ਹੈ। ਲੰਮੀ ਲੜਾਈ ਦੀ ਵਜ੍ਹਾ ਕਰਕੇ ਘਰੋਂ ਬੇਘਰ ਹੋਏ ਲੋਕਾਂ ਨੂੰ ਮੁੜ ਵਸਾਉਣ ਲਈ ਖੁਰਾਕ ਸੰਕਟ ਨਾਲ ਨਜਿਠਣ ਦੀ ਸਮੱਸਿਆ ਵੱਖਰੀ ਹੈ। ਸੋ, ਦੇਸ਼ ਨੂੰ ਵੱਡੀ ਪੱਧਰ `ਤੇ ਫੰਡਿਗ ਦੀ ਲੋੜ ਹੈ। ਅਜੇ ਤੱਕ ਸਿਰਫ ਚੀਨ ਨੇ ਹੁੰਗਾਰਾ ਭਰਿਆ ਹੈ। ਚੀਨ ਵੀ ਸਮਾਜਵਾਦੀ ਬੁਰਕੇ ਵਿਚ ਛੁਪਿਆ ਸਰਮਾਏਦਾਰ ਦੇਸ਼ ਹੈ ਜੋ ਜੇਕਰ ਫੰਡਿੰਗ ਕਰੇਗਾ ਵੀ ਤਾਂ ਆਪਣੀਆਂ ਸੁਆਰਥੀ ਸ਼ਰਤਾਂ `ਤੇ ਹੀ ਕਰੇਗਾ।
ਸੰਸਾਰ ਪੱਧਰ `ਤੇ ਅੱਜ ਅੰਤਰ-ਸਾਮਰਾਜੀ ਵਿਰੋਧਤਾਈ ਤਿੱਖੀ ਹੋ ਚੁੱਕੀ ਹੈ। ਇਕ ਪਾਸੇ ਰੂਸ, ਚੀਨ ਤੇ ਉਨ੍ਹਾਂ ਦੇ ਪ੍ਰਭਾਵ ਵਾਲੇ ਦੇਸ਼ ਹਨ ਅਤੇ ਦੂਸਰੇ ਪਾਸੇ ਅਮਰੀਕਾ, ਇੰਗਲੈਂਡ, ਆਸਟਰੇਲੀਆ, ਜਪਾਨ, ਜਰਮਨ ਅਤੇ ਇਨ੍ਹਾਂ ਨਾਲ ਜੁੜੇ ਹੋਰ ਦੇਸ਼ ਹਨ। ਇਹ ਵਿਰੋਧਤਾਈ ਦੁਨੀਆ ਦੇ ਹਰ ਕੋਨੇ ਵਿਚ ਕਾਰਜਸ਼ੀਲ ਹੈ ਅਤੇ ਇਸ ਦਾ ਪਰਛਾਵਾਂ ਅਤੇ ਖਹਿਬਾਜ਼ੀ ਅਫਗਾਨਿਸਤਾਨ ਵਿਚ ਸਪਸ਼ਟ ਦਿਸ ਰਹੀ ਹੈ। ਉਹ ਦੇਸ਼ ਜੋ ਅਫਗਾਨ ਸਰਕਾਰ ਨੂੰ ਫੰਡਿੰਗ ਕਰਨਗੇ, ਜਾਂ ਫਿਰ ਵੱਡਾ ਪੂੰਜੀ ਨਿਵੇਸ਼ ਕਰਨਗੇ, ਉਨ੍ਹਾਂ ਦੇ ਹਿੱਤ ਸਥਿਰ ਅਤੇ ਵਿਕਾਸਮਈ ਅਫਗਾਨਿਸਤਾਨ ਵਿਚ ਹਨ ਕਿਉਂਕਿ ਉਹ ਹਰ ਹਾਲਤ ਵਿਚ ਚਾਹੁਣਗੇ ਕਿ ਕੀਤੇ ਹੋਏ ਪੂੰਜੀ ਨਿਵੇਸ਼ `ਤੇ ਵੱਧ ਤੋਂ ਵੱਧ ਮੁਨਾਫੇ ਦੀ ਗਰੰਟੀ ਹੋਵੇ। ਪੰਜ ਉਹ ਦੇਸ਼ ਜਿਨ੍ਹਾਂ ਨੂੰ ਅਫਗਾਨਾਂ ਨੇ ਹੁਣੇ-ਹੁਣੇ ਕੁੱਟ ਕੇ ਬਹਰ ਕੱਢਿਆ, ਜਾਂ ਫਿਰ ਜਿਨ੍ਹਾਂ ਨੂੰ ਅਫਗਾਨਿਸਤਾਨ ਵਿਚ ਮੁੜ ਪੈਰ ਧਰਾਵੇ ਦੀ ਸੰਭਾਵਨਾ ਨਹੀਂ ਦਿਸਦੀ। ਉਨ੍ਹਾਂ ਦੇ ਹਿੱਤ ਇਸ ਮੁਲਕ ਦੀ ਅਸਥਿਰਤਾ ਵਿਚ ਹੀ ਹੋਣਗੇ ਅਤੇ ਗਿਣਤੀਆਂ ਮਿਣਤੀਆਂ ਵੀ ਵੱਖਰੀਆਂ ਹੀ ਹੋਣਗੀਆਂ।
ਭਾਰਤ ਜਿਹੜਾ ਪਹਿਲਾਂ ਹੀ ਅਫਗਾਨਿਸਤਾਨ ਵਿਚ ਵੱਡੀ ਰਾਸ਼ੀ ਨਿਵੇਸ਼ ਕਰ ਚੁੱਕਾ ਹੈ, ਦੇ ਫੌਰੀ ਅਤੇ ਇਲਾਕਾਈ ਹਿੱਤ ਸਥਿਰ ਅਤੇ ਚੰਗੇ ਗੁਆਂਢੀ ਬਣਨ ਵਿਚ ਹੀ ਹਨ ਪਰ ਜਿਵੇਂ ਭਾਰਤੀ ਸਰਕਾਰ ਨੇ ਤਾਲਿਬਾਨ ਬਾਰੇ ਪਹਿਲੇ ਪ੍ਰਤੀਕਰਮ ਦਿੱਤੇ ਅਤੇ ਜਿਵੇਂ ਸਰਕਾਰ ਪੱਖੀ ਗੋਦੀ ਮੀਡੀਆ ਨੇ ਤਾਲਿਬਾਨ ਦੀ ਜਿੱਤ ‘ਤੇ ਜ਼ਹਿਰ ਉਗਲੀ, ਕੁੜ ਪ੍ਰਚਾਰ ਕੀਤਾ ਅਤੇ ਮੁਸਲਿਮ ਵਿਰੋਧੀ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ, ਉਸ ਤੋਂ ਲਗਦਾ ਹੈ ਕਿ ‘ਸਭ ਅੱਛਾ’ ਨਹੀਂ ਹੈ। ਤਾਲਿਬਾਨ ਨੇ ਹੋਰ ਦੇਸ਼ਾਂ ਦੇ ਨਾਲ-ਨਾਲ ਭਾਰਤੀ ਸਫਾਰਤਖਾਨੇ ਖੁੱਲ੍ਹੇ ਰੱਖਣ ਦੀ ਅਪੀਲ ਕੀਤੀ ਸੀ ਅਤੇ ਸੁਰੱਖਿਆ ਦੇਣ ਦਾ ਵਿਸ਼ਵਾਸ ਦਿਵਾਇਆ ਸੀ ਪਰ ਭਾਰਤ ਨੇ ਇਕਦਮ ਆਪਣੇ ਚਾਰੇ ਸਫਾਰਤਖਾਨੇ ਬੰਦ ਕਰ ਦਿੱਤੇ। ਭਾਰਤੀ ਸਫਾਰਤਖਾਨਿਆਂ ਦਾ ਸਟਾਫ ਐਨਾ ਡਰਿਆ ਅਤੇ ਭੱਜਣ ਲਈ ਕਾਹਲਾ ਸੀ ਕਿ ਮੁਲਾਜ਼ਮ ਸਭ ਤੋਂ ਪਹਿਲਾਂ ਨਿਕਲਣ ਲਈ ਆਪਸ ਵਿਚ ਹੱਥੋਪਾਈ ਵੀ ਹੋਏ।
ਭਾਰਤ ਦੇ ਸਾਬਕਾ ਸਫੀਰ ਐਮ.ਕੇ. ਭੱਦਰਕੁਮਾਰ ਜਿਹੜੇ ਭਾਰਤ ਦੇ ਕੌਂਸਲੇਟ ਬੰਦ ਕਰਨ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ, ਨੇ ਇਕ ਲੇਖ ਵਿਚ ਲਿਖਿਆ ਕਿ “ਅਮਰੀਕਾ ਅਤੇ ਆਸਟਰੇਲੀਆ ਨੇ ਤਾਂ ਜੰਗੀ ਜੁਰਮ ਕੀਤੇ ਸਨ ਜਿਸ ਕਾਰਨ ਉਨ੍ਹਾਂ ਨੂੰ ਕਿਸੇ ਕਹਿਰ ਦਾ ਡਰ ਸੀ” ਭਾਵ ਭਾਰਤ ਨੇ ਤਾਂ ਅਜਿਹਾ ਕੁਝ ਵੀ ਨਹੀਂ ਸੀ ਕੀਤਾ, ਫਿਰ ਕਿਉਂ ਡਰੇ? ਹੁਣ ਭਾਰਤ ਨੇ ਮੋੜਾ ਕੱਟਿਆ ਹੈ ਅਤੇ ਤਾਲਿਬਾਨ ਦੀ ਪਹਿਲਕਦਮੀ ਨਾਲ ਦੋਹਾਂ ਨੁਮਾਇੰਦਿਆਂ ਦੀ ਦੋਹਾ ਵਿਚ ਗੱਲਬਾਤ ਵੀ ਹੋਈ ਹੈ ਜੋ ਸਾਰਥਕ ਮਾਹੌਲ ਵਿਚ ਹੋਈ ਦੱਸੀ ਜਾਂਦੀ ਹੈ। ਦੇਖਦੇ ਹਾਂ ਘਟਨਾਵਾਂ ਕੀ ਰੁਖ ਅਖਤਿਆਰ ਕਰਦੀਆਂ ਹਨ ਅਤੇ ਸ਼ੁਰੂ ਹੋਈ ਗੱਲਬਾਤ ਕਿਹੜੀ ਦਿਸ਼ਾ ਵੱਲ ਵਧਦੀ ਹੈ।
ਖਬਰ ਹੈ ਕਿ ਅਮਰੀਕਾ ਨੇ ਆਪਣਾ ਸਰਾਫਤਖਾਨਾ ਬੰਦ ਨਹੀਂ ਕੀਤਾ, ਸਿਰਫ ਥਾਂ ਬਦਲੀ ਕਰਦਿਆਂ ਕਾਬੁਲ ਤੋਂ ਉਠਾ ਕੇ ਦੋਹਾ (ਕਤਰ) ਲੈ ਗਏ ਹਨ। ਇਸ ਬਾਰੇ ਬੱਸ ਇੰਨਾ ਹੀ ਕਿਹਾ ਜਾ ਸਕਦਾ ਹੈ: ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ।