ਚਾਚੀ ਅਤੇ ਚਾਚੀ ਦੇ ਚਰਖੇ ਦੀ ਘੂਕ

ਗੱਜਣਵਾਲਾ ਸੁਖਮਿੰਦਰ
ਫੋਨ: 91-99151-06449
ਚਾਚੀ ਰੰਗ ਦੀ ਪੱਕੀ, ਕੱਦ ਦੀ ਸਮੱਧਰ, ਬੋਲਣ ਵਿਚ ਬਹੁਤ ਹੀ ਮਿਲਾਪੜੀ ਤੇ ਮ੍ਰਿਦਲ ਸੀ। ਉਹ ਮੂੰਹ ਮੱਥਾ ਧੋ ਕੇ ਬੈਠਦੀ ਤਾਂ ਅਜੀਬ ਜਿਹੀ ਆਭਾ, ਅਜਬ ਜਿਹੀ ਸੁੰਦਰਤਾ ਝਲਕਦੀ। ਉਹ ਸੁਭਾਅ ਦੀ ਹਸਮੁੱਖ ਹੀ ਨਹੀਂ ਸੀ ਬਲਕਿ ਬਹੁਤ ਹੀ ਸਾਊ, ਸਿਆਣੀ ਮੱਤ ਦੇਣ ਵਾਲੀ ਸੀ।
ਹਰ ਕੁੜੀ ਜਦ ਚਰਖਾ ਕੱਤਣ ਲਗਦੀ ਹੈ ਅਤੇ ਪਹਿਲੀ ਵਾਰ ਤੰਦ ਪਾਉਣ ਲਗਦੀ ਹੈ ਤਾਂ ਤੰਦ ਟੁੱਟ ਟੁੱਟ ਜਾਂਦਾ ਹੈ। ਤੰਦ ਪਾਉਣਾ ਹੁਨਰ ਹੈ, ਕਲਾ ਹੈ। ਤੱਕਲੇ ਨੂੰ ਡੰਗਣਾ, ਚਰਖੇ ਨੂੰ ਗੇੜਨਾ, ਰੂੰ ਦਾ ਛੱਡਣਾ-ਸਭ ਇਕਾਗਰ ਮਨ ਨਾਲ ਜੁੜੀਆਂ ਗੱਲਾਂ ਹੁੰਦੀਆਂ। ਪੰਜਤਾਲੀ ਪੰਜਾਹ ਸਾਲ ਪਹਿਲਾਂ ਪੈਸੇ ਦੀ ਬਹੁਤਾਤ ਨਹੀਂ ਸੀ। ਵੇਲੇ ਬਹੁਤ ਹੀ ਭਲੇ ਸਨ। ਮੰਗ ਤੰਗ ਕੇ ਖਾਣ ਵਾਲੇ ਨੂੰ ਚੰਗਾ ਨਹੀਂ ਸੀ ਜਾਣਿਆ ਜਾਂਦਾ। ਹੱਥੀਂ ਕਰਕੇ ਰੁੱਖੀ-ਮਿੱਸੀ ਖਾ ਕੇ ਜਿਉਣ ਵਾਲੇ ਨੂੰ ਸਿਆਣਾ ਆਖਦੇ ਸੀ। ਸੰਜਮੀ ਬੰਦੇ ਦੀ ਪਿੰਡ ਕਦਰ ਕਰਦਾ। ਪੈਸੇ ਨਾਲੋਂ ਪਿਆਰ ਮੁੱਲਵਾਨ ਸੀ। ਬੰਦਾ ਢਿੱਲਾ-ਮੱਠਾ ਹੋ ਜਾਂਦਾ, ਸਾਰੀ ਓਹੜ-ਪੋਹੜ ਪਿੰਡ ‘ਚੋਂ ਹੋ ਜਾਂਦੀ, ਆਰਾਮ ਆ ਜਾਂਦਾ।
ਚਾਚੀ ਨੂੰ ਹੋਰ ਸਾਜ-ਸਮਾਨ ਦੇ ਨਾਲ ਚਰਖਾ ਦਾਜ ‘ਚ ਆਇਆ ਸੀ। ਬਹੁਤ ਵਰ੍ਹੇ ਇਹ ਸੰਦੂਕ ‘ਤੇ ਹੀ ਢਕਿਆ ਪਿਆ ਰਿਹਾ। ਚਾਚੀ ਦਾ ਇਕ ਜੇਠ ਸੀ ਜੋ ਅਜ਼ਾਦੀਆਂ ਤੋਂ ਪਹਿਲਾਂ ਦੂਰ ਪ੍ਰਦੇਸੀਂ ਚਲਾ ਗਿਆ ਸੀ; ਕੁਝ ਚਿਰ ਬਾਅਦ ਉਸ ਨੇ ਆਪਣੇ ਛੋਟੇ ਭਰਾ ਯਾਨਿ ਚਾਚੀ ਦੇ ਘਰਵਾਲੇ ਨੂੰ ਵੀ ਆਪਣੇ ਕੋਲ ਬੁਲਾ ਲਿਆ। ਫਿਰ ਚਾਚੀ ਇਕੱਲੀ ਰਹਿ ਗਈ। ਵਿਆਹ ਹੋਏ ਨੂੰ ਇਕ ਇਕ ਕਰਕੇ ਬਹੁਤ ਸਾਲ ਬੀਤਦੇ ਗਏ। ਚਾਚੀ ਦੇ ਕੋਈ ਨਿੱਕਾ ਨਿਆਣਾ ਵੀ ਨਹੀਂ ਸੀ ਹੋਇਆ। ਸਮੇਂ ਨੇ ਚਾਚੀ ਨੂੰ ਇਕੱਲੀ ਕਰ ਦਿੱਤਾ।
ਮੋਠੂ ਮਲੰਗਾ! ਜਦ ਔਰਤ ਦੇ ਕੋਲ ਉਸ ਦਾ ਖਾਵੰਦ ਨਾ ਹੋਵੇ ਤਾਂ ਔਰਤ ਦੇ ਜਾਣੋ ਕੰਮ ਹੀ ਮੁੱਕ ਜਾਂਦੇ ਹਨ। ਫਿਰ ਚਾਚੀ ਦੇ ਦਿਨ ਰਾਤ ਵਰ੍ਹੇ ਵਰ੍ਹੇ ਜਿਡੇ ਹੋ ਗਏ; ਮੁੱਕਣ ਦਾ ਨਾਂ ਨਾ ਲੈਂਦੇ। ਜਦ ਇਹ ਅਵਸਥਾ ਤਾਰੀ ਹੋ ਗਈ ਤਾਂ ਉਹ ਸੰਦੂਕ ‘ਤੇ ਪਿਆ ਚਰਖਾ ਉਸ ਵੇਲੇ ਹੇਠ ਉਤਰ ਆਇਆ। ਚਾਚੀ ਚਰਖੇ ਨੂੰ ਸਰਦ ਦਿਨਾਂ ‘ਚ ਧੁੱਪ ਸੀਹੇ ਡਾਹ ਲੈਂਦੀ, ਗਰਮੀਆਂ ‘ਚ ਉਹ ਛੱਤੜੇ ਹੇਠ ਟਿਕਾ ਲੈਂਦੀ; ਸਿਆਲੂ ਰਾਤਾਂ ‘ਚ ਤਾਂ ਚਰਖਾ ਉਸ ਦਾ ਸਾਥੀ ਹੀ ਬਣ ਜਾਂਦਾ। ਦੇਰ ਰਾਤ ਤਕ ਤੰਦ ਪਈ ਜਾਂਦੇ, ਸੂਤ ਲਿਪਟੀ ਜਾਂਦਾ; ਚਾਚੀ ਦੇ ਡੂੰਘੀਆਂ ਸੋਚਾਂ ਵਿਚ ਪਿਆਂ ਚਰਖਾ ਘੁੰਮੀ ਜਾਂਦਾ। ਚਾਚੀ ਚਰਖਾ ਕੱਤਦੀ ਹੁੰਦੀ ਤਾਂ ਪਿੰਡ ਦੀਆਂ ਕੁੜੀਆਂ ਚਾਚੀ ਕੋਲ ਆ ਜਾਂਦੀਆਂ, ਉਹ ਤੰਦ ਪਾਉਂਦੀਆਂ ਤੇ ਘਰਾਂ ਨੂੰ ਚਲੀਆਂ ਜਾਂਦੀਆਂ।
ਹਰ ਕੁੜੀ ਨੇ ਹਯਾਤੀ ਦੇ ਨਵੇਂ ਦੌਰ ਵਿਚ ਦਾਖਲ ਹੋਣਾ ਹੁੰਦਾ ਹੈ। ਓਨ੍ਹੀ ਵੇਲੀਂ ਜਿਹੜੀ ਚੁੱਲੇ-ਚੌਂਤਰੇ ਦਾ ਕੰਮ ਜਾਣਦੀ ਹੁੰਦੀ, ਦਰੀਆਂ ਅਤੇ ਨਾਲੇ ਬੁਣਨ ਤੋਂ ਵਾਕਫ ਅਤੇ ਤੰਦਾਂ ਦੀ ਸਿਆਣੀ ਹੁੰਦੀ, ਉਸ ਨੂੰ ਸਚਿਆਰੀ ਗਿਣਿਆ ਜਾਂਦਾ। ਇਹ ਹੀ ਬਹੁਤੀਆਂ ਦੇ ਉਸ ਵੇਲੇ ਦੇ ਡਿਪਲੋਮੇ ਸੀ ਡਿਗਰੀਆਂ ਸੀ। ਬਹੁਤ ਕੁਝ ਨਾ ਹੁੰਦਿਆਂ ਵੀ ਜ਼ਮਾਨਾ ਸੋਹਜ ਅਤੇ ਸਕੂਨ ਨਾਲ ਓਤਪੋਤ ਸੀ। ਸਿੱਧੀ ਸਾਫ ਜਿਹੀ ਜ਼ਿੰਦਗੀ ਸੀ ਤੇ ਸਿਧੇ ਜਿਹੇ ਹਾਸੇ। ਲੋਕ ਦਿਨੇ ਵੀ ਰੱਜ ਕੇ ਸੌਂਦੇ ਤੇ ਰਾਤਾਂ ਤਾਂ ਜਾਣੋ ਬਣੀਆਂ ਹੀ ਸੌਣ ਲਈ ਹੋਣ।
ਚਾਚੀ ਤੰਦ ਪਾਉਂਦੀ ਤਾਂ ਚਰਖੇ ਦੀ ਘੂਕ ਦੇ ਨਾਲ ਨਾਲ ਉਹ ਨਿੰਮਾ ਨਿੰਮਾ ਜਿਹਾ ਕੁਝ ਗੁਣਗੁਣਾਉਂਦੀ ਹੁੰਦੀ। ਚਾਹੇ ਬਹੁਤੀ ਸਮਝ ਨਹੀਂ ਸੀ ਲਗਦੀ ਪਰ ਉਸ ਦੀ ਸੁਰ ‘ਚੋਂ ਕਿਸੇ ਹਉਕੇ, ਵੈਰਾਗ ਕਿਸੇ ਵਿਛੋੜੇ ਦੀ ਗੱਲ ਦਿਸਦੀ। ਇਉਂ ਸਮਾਂ ਬੀਤਦਾ ਗਿਆ, ਸਰਦ ਰਾਤਾਂ ਤਿੱਖੜ ਦੁਪਹਿਰੇ ਲੰਘਦੇ ਗਏ। ਨਾ ਚਿੱਠੀ ਨਾ ਚੀਰਾ; ਵੱਡੀਆਂ ਜੰਗਾਂ ਲੱਗ ਗਈਆਂ ਸਨ, ਉਸ ਦਾ ਘਰ ਵਾਲਾ ਨਾ ਆਇਆ। ਪਿੰਡ ਦੀਆਂ ਕੁੜੀਆਂ ਕੱਤਰੀਆਂ ਆਉਂਦੀਆਂ ਰਹੀਆਂ, ਤੰਦ ਪਾਉਣੇ ਸਿੱਖ-ਸਿੱਖ ਆਪਣੇ ਨਵੇਂ ਘਰੀ ਤੁਰਦੀਆਂ ਗਈਆਂ। ਵਰ੍ਹੇ ਬੀਤਦੇ ਗਏ ਜਿਵੇਂ ਜਿਵੇਂ; ਪਰਦੇਸੀ ਦੇ ਆਉਣ ਦੀਆਂ ਆਸਾਂ ਮੁਕਦੀਆਂ ਗਈਆਂ ਤਿਵੇਂ ਤਿਵੇਂ।
ਫਿਰ ਜ਼ਮਾਨਾ ਨਵੇਂ ਦੌਰ ਵਿਚ ਪ੍ਰਵੇਸ਼ ਕਰ ਗਿਆ; ਹਰੀ ਕ੍ਰਾਂਤੀ ਨੇ ਪਿੰਡਾਂ ਦਾ ਮੂੰਹ ਮੱਥਾ ਬਦਲ ਦਿੱਤਾ ਸੀ। ਲੋਕ ਬਦਲ ਗਏ ਲੋਕਾਂ ਦੇ ਲਿਬਾਸ ਬਦਲ ਗਏ ਸਨ। ਲੋਕੀਂ ਅੰਦਰਲੇ ਭੀੜੇ ਘਰਾਂ ਚੋਂ ਬਾਹਰ ਨਿਕਲ ਆਏ ਸਨ; ਫਿਰਨੀਆਂ ‘ਤੇ ਦੁਨੀਆਂ ਵਸਣ ਲੱਗ ਪਈ ਸੀ। ਸੜਕਾਂ ਨੇ ਪਿੰਡਾਂ ਵੱਲ ਮੂੰਹ ਕਰ ਲਿਆ ਸੀ। ਗੱਡਿਆਂ ਟਾਂਗਿਆਂ ਦੇ ਦਿਨ ਲੱਦ ਚੱਲੇ ਸਨ। ਹੌਲੀ ਹੌਲੀ ਸਭ ਦੇ ਕੱਚੇ, ਪੱਕੇ ਹੋਣ ਲੱਗੇ ਸਨ। ਪਰ ਚਾਚੀ ਦੀ ਇਕ ਸਵਾਤ ਤੇ ਬਰਾਂਡਾ ਕੱਚੇ ਦਾ ਕੱਚਾ ਹੀ ਰਿਹਾ; ਮੀਂਹ ਨ੍ਹੇਰੀਆਂ ਆਉਂਦੀਆਂ ਰਹੀਆਂ ਪਰ ਲਿਪਿਆ ਪੋਚਿਆ ਉਹ ਚਾਚੀ ਦਾ ਸਾਥ ਦਿੰਦਾ ਰਿਹਾ।
ਮੋਠੂ ਮਲੰਗਾ! ਅਕਸਰ ਕੋਈ ਔਰਤ ਜੋ ਔਲਾਦ ਵੱਲੋਂ ਸੱਖਣੀ ਰਹਿ ਗਈ ਹੋਵੇ ਉਸ ਨੂੰ ਪਿੰਡ ਵਾਲੇ ਬਾਹਲਾ ਅਦਬੀ ਉਚਾ ਸਥਾਨ ਨਹੀਂ ਦਿਆ ਕਰਦੇ। ਪਰ ਇਥੇ ਚਾਚੀ ਨੂੰ ਸਾਰੇ ਚੰਗੇ ਅਰਥਾਂ ‘ਚ ਦਰਵੇਸ਼ਣੀ ਕਰਕੇ ਜਾਣਦੇ ਸਨ। ਘਰ ਅੱਗੋਂ ਦੀ ਲੰਘਦੀਆਂ ਪੌਂਦੀਆਂ ਔਰਤਾਂ ਉਸ ਨੂੰ ਮਿਲ ਕੇ ਜਾਂਦੀਆਂ; ਚਾਚੀ ਦੇ ਚਰਨੀਂ ਹੱਥ ਲਾ ਕੇ ਅਸੀਸ ਲੈਂਦੀਆਂ। ਜਣੇਪਾ ਕੱਟਣ ਜਾਂ ਹੋਰ ਦਿਨੀ ਦਿਹਾਰੀਂ ਵਿਆਹੀਆਂ ਕੁੜੀਆਂ ਕੱਤਰੀਆਂ ਪੇਕੀਂ ਆਉਂਦੀਆਂ ਤਾਂ ਚਾਚੀ ਨੂੰ ਆ ਕੇ ਜਰੂਰ ਮਿਲਦੀਆਂ। ਉਨ੍ਹਾਂ ਦੇ ਘਰੀਂ ਕੋਈ ਖੁਸ਼ੀ ਹੁੰਦੀ, ਭਤੀਜੇ ਦਾ ਵਿਆਹ ਜਾਂ ਦਿਉਰ ਦਾ ਮੰਗਣਾ ਹੁੰਦਾ ਤਾਂ ਉਹ ਪਿੰਡ ‘ਚ ਭਾਜੀ, ਪਤਾਸੇ ਵੰਡਦੀਆਂ ਅਤੇ ਚਾਚੀ ਨੂੰ ਲਾਜ਼ਮੀ ਦੇ ਕੇ ਜਾਂਦੀਆਂ।
ਚਾਚੀ ਢਲਣ ਵਾਲੀ ਨਹੀਂ ਸੀ ਪਰ ਤੁਰ ਗਿਆਂ ਦੀਆਂ ਯਾਦਾਂ ਬੰਦੇ ਨੂੰ ਹਰਾ ਦਿੰਦੀਆਂ। ਚਾਚੀ ਦੇ ਮੁੱਖ ਤੋਂ ਵੀ ਪਿਛਲਾ ਪਹਿਰ ਝਲਕਣ ਲੱਗ ਪਿਆ ਸੀ। ਚਾਚੀ ਦੋ ਰੋਟੀਆਂ ਸਵੇਰੇ ਤੇ ਦੋ ਰੋਟੀਆਂ ਸ਼ਾਮ ਨੂੰ ਲਾਹੁੰਦੀ ਤੇ ਇਕ ਗਜ਼ਾ ਕਰਨ ਵਾਲੇ ਵਾਸਤੇ। ਅੱਧੀ ਰੋਟੀ ਜਨੌਰਾਂ ਨੂੰ ਭੋਰ ਕੇ ਪਾ ਦਿੰਦੀ। ਚਾਚੀ ਦੇ ਚਰਖੇ ਦੀ ਘੂਕ ਪੈਂਦੇ ਪੈਂਦੇ ਫਿਰ ਉਹ ਅਵਸਥਾ ਵੀ ਆ ਗਈ ਜਦ ਸੂਖਮ ਬੁੱਧੀ ‘ਚੋਂ ਇਕ ਬਹੁਤ ਹੀ ਫਰਿਆਦਮਈ ਅਵਾਜ਼ ਉਪਜਦੀ ਹੈ-ਰੱਬਾ ਹੁਣ ਤਾਂ ਚੱਕ ਲੈ। ਚਾਚੀ ਦੇ ਮੁਖਾਰਬਿੰਦ ਤੋਂ ਵੀ ਇਹ ਅਲਫਾਜ਼ ਉਤਰਨ ਲੱਗ ਪਏ ਸਨ।
ਰਾਤ ਦਾ ਪਿਛਲਾ ਪੱਖ ਸੀ। ਤੜਕਾ ਹੋ ਗਿਆ ਸੀ। ਸਵੇਰ ਦੇ ਪੰਜ ਕੁ ਵਜੇ ਸਨ। ਸਿਆਲੂ ਰੁੱਤ ਸੀ। ਗੁਰਦੁਆਰੇ ਵਾਲਾ ਭਾਈ ਰੋਜ਼ ਦੀ ਤਰ੍ਹਾਂ ਸਪੀਕਰ ਤੋਂ ਮੁਖਾਤਿਬ ਹੋਇਆ-ਨਗਰ ਨਿਵਾਸੀਓ ਉਠੋ; ਅੰਮ੍ਰਿਤ ਵੇਲਾ ਹੋ ਗਿਆ ਸੌਚ ਇਸ਼ਨਾਨ ਕਰੋ, ਦੇਹੀਆਂ ਪਵਿੱਤਰ ਕਰੋ-ਤੇ ਫਿਰ ਬੜੇ ਭਰੇ ਮਨ ਨਾਲ ਉਸ ਆਖਿਆ-ਭਾਈ! ਆਪਣੀ ਦਰਵੇਸ਼ਣੀ ਚਾਚੀ ਆਪਣੇ ਸਵਾਸ ਪੂਰੇ ਕਰਕੇ ਚੱਲ ਵਸੀ ਹੈ। ਚੱਲਣੀ ਸਰਾਂ ਹੈ ਇਹ ਸੰਸਾਰ-ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ- ਕਿਸੇ ਸਦਾ ਬੈਠ ਨਹੀਂ ਰਹਿਣਾ ਵਾਰੀ ਅਨੁਸਾਰ ਇਕ ਦਿਨ ਸੱਭ ਨੇ ਚਲੇ ਜਾਣਾ ਹੈ।
ਆਪਣੇ ਦਿਨ ਪੂਰੇ ਕਰ ਕੇ ਚਾਚੀ ਚਲੀ ਗਈ। ਬਾਹਲੇ ਦਿਨ ਨਹੀਂ ਸੀ ਹੋਏ ਸ਼ਰੀਕਾਂ ਨੇ ਚਾਚੀ ਦਾ ਘਰ ਢਾਹ ਕੇ ਆਪਣੇ ਘਰਾਂ ‘ਚ ਰਲਾ ਲਿਆ। ਸਾਹ ਮੁੱਕ ਗਏ ਗਿਲੇ-ਸ਼ਿਕਵੇ ਝੇੜੇ-ਝੋਰੇ ਵੀ ਚਾਚੀ ਦੇ ਸਾਰੇ ਸਾਹਾਂ ਦੇ ਨਾਲ ਹੀ ਸੁੱਕ ਗਏ। ਹਮੇਸ਼ਾ ਹਮੇਸ਼ਾ ਲਈ ਗੁੰਮ ਹੋ ਗਈ ਹਵਾ ਵਿਚ ਉਸ ਦੇ ਰਿਦੇ ‘ਚੋਂ ਨਿਕਲਦੀ ਵੈਰਾਗਾਂ ਵਿਛੋੜਿਆਂ ਦੀ ਹੂਕ। ਚਲੀ ਗਈ ਸੀ ਚਾਚੀ ਅਤੇ ਚਾਚੀ ਦੇ ਚਰਖੇ ਦੀ ਘੂਕ।

Be the first to comment

Leave a Reply

Your email address will not be published.