ਭਗਵੰਤ ਮਾਨ ਦੀ ‘ਮੁੱਖ ਮੰਤਰੀ` ਬਣਨ ਦੀ ਅੜੀ ‘ਆਪ` ਲਈ ਮੁਸੀਬਤ ਬਣੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਹਾਲਾਤ ਔਖੇ ਬਣਦੇ ਜਾਪ ਰਹੇ ਹਨ। ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਲਈ ‘ਜਿੱਦ` ਵੱਡੀ ਸਿਰਦਰਦੀ ਬਣਦੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਮਾਨ ਸਿਆਸੀ ਸਰਗਰਮੀਆਂ ਤੋਂ ਦੂਰ ਹਨ ਤੇ ਚੋਣਾਂ ਵਿਚ ਮੁੱਖ ਮੰਤਰੀ ਉਮੀਦਵਾਰ ਬਣਨ ਲਈ ਦਿੱਲੀ ਡੇਰੇ ਲਾਈ ਬੈਠੇ ਹਨ। ਭਾਵੇਂ ਪਾਰਟੀ ਵੱਲੋਂ ਸਭ ਠੀਕ ਹੋਣ ਦੇ ਦਾਅਵੇ ਕੀਤਾ ਜਾ ਰਹੀ ਹਨ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਚੁੱਪ ਕੁਝ ਹੋ ਹੀ ਇਸ਼ਾਰਾ ਕਰ ਰਹੀ ਹੈ।

ਇਥੋਂ ਤੱਕ ਕਿ ਕੌਮੀ ਕਾਰਜਕਾਰਨੀ ਦੀ ਮੀਟਿੰਗ `ਚੋਂ ਵੀ ਸੰਸਦ ਮੈਂਬਰ ਭਗਵੰਤ ਮਾਨ ਗੈਰ-ਹਾਜ਼ਰ ਰਹੇ। ਇਸ ਮੀਟਿੰਗ ਵਿੱਚ ਅਰਵਿੰਦ ਕੇਜਰੀਵਾਲ ਮੁੜ ‘ਆਪ` ਦੇ ਕੌਮੀ ਕਨਵੀਨਰ ਬਣੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 15 ਮਿੰਟ ਦੇ ਆਪਣੇ ਸੁਨੇਹੇ ਵਿਚ ਅਸਿੱਧੇ ਢੰਗ ਨਾਲ ਭਗਵੰਤ ਮਾਨ ਨੂੰ ਨਸੀਹਤਾਂ ਦਿੱਤੀਆਂ ਸਨ। ਸੂਤਰ ਦੱਸਦੇ ਹਨ ਕਿ ਭਗਵੰਤ ਮਾਨ ਨੇ ਕੌਮੀ ਕਾਰਜਕਾਰਨੀ ਦੀ ਮੀਟਿੰਗ `ਚੋਂ ਗੈਰ-ਹਾਜ਼ਰ ਰਹਿ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਦਿੱਤੀ ਹੈ।
‘ਆਪ` ਦੀ ਪੰਜਾਬ ਇਕਾਈ ਵਿਚ ਚਰਚੇ ਹਨ ਕਿ ਅਹੁਦਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤੇ ਜਾਣ ਤੋਂ ਦੂਜੇ ਦਿਨ ਹੀ ਅਰਵਿੰਦ ਕੇਜਰੀਵਾਲ ਖ਼ੁਦ ਮੁੜ ਕੌਮੀ ਕਨਵੀਨਰ ਦੇ ਅਹੁਦੇ `ਤੇ ਬਿਰਾਜਮਾਨ ਹੋ ਗਏ ਹਨ ਜਦਕਿ ਕੇਜਰੀਵਾਲ ਨੇ ਆਪਣੇ ਸੁਨੇਹੇ ਵਿਚ ਇਸ਼ਾਰਾ ਕੀਤਾ ਸੀ ਕਿ ਜਦੋਂ ਵੀ ਕੋਈ ਆਗੂ ਖੁਦ ਆਪਣੇ ਲਈ ਅਹੁਦਾ ਮੰਗਦਾ ਹੈ ਤਾਂ ਸਪੱਸ਼ਟ ਹੈ ਕਿ ਉਹ ਅਹੁਦੇ ਦੇ ਯੋਗ ਨਹੀਂ ਹੁੰਦਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਮਿਹਨਤ ਨਾਲ ਕੰਮ ਕਰਨ ਵਾਲੇ ਨੂੰ ਪਾਰਟੀ ਖ਼ੁਦ ਘਰ ਆ ਕੇ ਅਹੁਦਾ ਦੇਵੇਗੀ। ਭਗਵੰਤ ਮਾਨ ਦੀ ਕੌਮੀ ਕਾਰਜਕਾਰਨੀ `ਚੋਂ ਗੈਰ-ਹਾਜ਼ਰੀ ਦੱਸਦੀ ਹੈ ਕਿ ‘ਆਪ` ਦੇ ਵਿਹੜੇ ਵਿਚ ਸੁੱਖ ਨਹੀਂ ਹੈ।
ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਵੀ ਕੌਮੀ ਕਾਰਜਕਾਰਨੀ ਦੇ ਮੈਂਬਰ ਹਨ ਤੇ ਉਹ ਮੀਟਿੰਗ ਵਿਚ ਹਾਜਰ ਸਨ। ਕਾਰਜਕਾਰਨੀ ਦੀ ਵਰਚੁਅਲ ਮੀਟਿੰਗ ਸੀ ਜਿਸ ਵਿਚ ਭਗਵੰਤ ਮਾਨ ਨੇ ‘ਆਪ` ਦੀ ਪੰਜਾਬ ਇਕਾਈ ਦੇ ਕਨਵੀਨਰ ਹੋਣ ਦੇ ਨਾਤੇ ਇਨਵਾਈਟੀ ਮੈਂਬਰ ਵਜੋਂ ਸ਼ਾਮਲ ਹੋਣਾ ਸੀ ਪਰ ਉਹ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਇਸ ਤੋਂ ਸੰਕੇਤ ਮਿਲਦੇ ਹਨ ਕਿ ‘ਆਪ` ਵਿਚ ਅੰਦਰੋ-ਅੰਦਰੀ ਖਿੱਚੋਤਾਣ ਸ਼ੁਰੂ ਹੋ ਗਈ ਹੈ। ਦੱਸਣਯੋਗ ਹੈ ਕਿ ਭਗਵੰਤ ਮਾਨ ਨੇ ਪੰਜਾਬ `ਚ ਜਨਤਕ ਗਤੀਵਿਧੀਆਂ ਬੰਦ ਕੀਤੀਆਂ ਹੋਈਆਂ ਹਨ ਤੇ ਉਹ ਨਾਰਾਜ਼ ਹਨ ਕਿ ‘ਆਪ` ਵੱਲੋਂ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਹੈ, ਹਾਲਾਂਕਿ, ਉਨ੍ਹਾਂ ਦੇ ਸਮਰਥਕਾਂ ਨੇ ਲਾਮਬੰਦੀ ਸ਼ੁਰੂ ਕੀਤੀ ਹੋਈ ਹੈ।
ਪੰਜਾਬ ਤੋਂ ਦੂਜੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਭਗਵੰਤ ਮਾਨ ਨੇ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਦਬਾਅ ਵਧਾ ਦਿੱਤਾ ਹੈ। ਭਗਵੰਤ ਮਾਨ ਚਾਹੁੰਦੇ ਹਨ ਕਿ ਕੇਜਰੀਵਾਲ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਐਲਾਨਣ। ਮਾਨ ਪਿਛਲੀ ਵਾਰ ਵੀ ਚਾਹੁੰਦੇ ਸਨ ਕਿ ਪਾਰਟੀ ਉਨ੍ਹਾਂ ਦੇ ਚਿਹਰੇ ‘ਤੇ ਚੋਣਾਂ ਲੜੇ ਪਰ ਕੇਜਰੀਵਾਲ ਆਪਣੇ ਫੈਸਲੇ ਤੋਂ ਟਸ ਤੋਂ ਮਸ ਨਹੀਂ ਹੋਏ, ਉਨ੍ਹਾਂ ਨੇ ਉਸ ਸਮੇਂ ਭਾਜਪਾ ਛੱਡਣ ਅਤੇ ਨਵੀਂ ਪਾਰਟੀ ‘ਚ ਜਾਣ ਦਾ ਰਾਹ ਲੱਭ ਰਹੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿਚ ਸ਼ਾਮਲ ਨਹੀਂ ਕੀਤਾ ਸੀ, ਕਿਉਂਕਿ ਸਿੱਧੂ ਚਾਹੁੰਦੇ ਸਨ ਕਿ ਕੇਜਰੀਵਾਲ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਐਲਾਨਣ।
ਕੇਜਰੀਵਾਲ ਨੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਮੁਕੱਦਮੇ ਲੜਨ ਵਾਲੇ ਐਚ.ਐਸ. ਫੂਲਕਾ ਨੂੰ ਵੀ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਬਣਾਇਆ ਅਤੇ ਖਹਿਰਾ ਅਤੇ ਹੋਰਾਂ ਦੇ ਪਾਰਟੀ ਛੱਡਣ ਦਾ ਰਸਤਾ ਸਾਫ ਕਰ ਦਿੱਤਾ ਸੀ, ਅਸਲ ਵਿਚ ਕੇਜਰੀਵਾਲ ਨਹੀਂ ਚਾਹੁੰਦੇ ਹਨ ਕਿ ਕਿਸੇ ਨੇਤਾ ਦੇ ਚਿਹਰੇ ‘ਤੇ ਚੋਣਾਂ ਲੜੀਆਂ ਜਾਣ। ਇਸ ਲਈ ਉਹ ਇਸ ਵਾਰ ਪੰਜਾਬ ਵਿਚ ਕਿਸੇ ਦਾ ਚਿਹਰੇ ਦਾ ਐਲਾਨ ਨਹੀਂ ਕਰਨਾ ਚਾਹੁੰਦੇ। ਦੂਜੇ ਪਾਸੇ ਭਗਵੰਤ ਮਾਨ ਅੜੇ ਹੋਏ ਹਨ ਕਿ ਉਨ੍ਹਾਂ ਦੇ ਨਾਂ ਦਾ ਐਲਾਨ ਹੋਵੇ ਤਾਂ ਜੋ ਉਹ ਪ੍ਰਚਾਰ ਦੇ ਲਈ ਨਿਕਲਣ। ਮੁੱਖ ਮੰਤਰੀ ਅਹੁਦੇ ਦੇ ਦਾਅਵੇ ਦੀ ਚੱਲ ਰਹੀ ਸਿਆਸਤ ਨਾਲ ਪਾਰਟੀ ਦੀ ਸੰਭਾਵਨਾ ਵਿਗੜ ਰਹੀ ਹੈ।