ਡਾ. ਜਸਵੀਰ ਕੌਰ: ਉਕਾਬੀ ਪਰਵਾਜ਼

ਡਾ. ਗੁਰਨਾਮ ਕੌਰ, ਕੈਨੇਡਾ
ਕੋਈ ਸਮਾਂ ਸੀ ਜਦੋਂ ਕੁੜੀਆਂ ਨੂੰ ਚਿੜੀਆਂ ਨਾਲ ਤਸ਼ਬੀਹ ਦਿੱਤੀ ਜਾਂਦੀ ਸੀ ਅਤੇ ਸਮਝਿਆ ਜਾਂਦਾ ਸੀ ਕਿ ਕੁੜੀਆਂ ਦਾ ਕੀ ਏ, ਇਹ ਚਿੜੀਆਂ ਵਾਂਗ ਹੀ ਕਮਜ਼ੋਰਅਤੇ ਨਿਤਾਣੀਆਂ ਹੁੰਦੀਆਂ ਹਨ। ਇਸ ਤੋਂ ਵੀ ਪਿਛਾਂਹ ਜਾਂਦਿਆਂ ਜੇ ਇਤਿਹਾਸ ਫੋਲੀਏ ਤਾਂ ਖਾਸ ਕਰਕੇ ਭਾਰਤੀ ਧਾਰਮਿਕ ਅਤੇ ਅਧਿਆਤਮਕ ਪਰੰਪਰਾਵਾਂ ਵਿਚ ਔਰਤ ਨੂੰ ਅਧਿਆਤਮਕ ਪ੍ਰਾਪਤੀ ਦੇ ਰਸਤੇ ਦਾ ਰੋੜਾ ਜਾਂ ਅੜਿੱਕਾ ਹੀ ਸਮਝਿਆ ਜਾਂਦਾ ਸੀ। ਇੱਥੋਂ ਤੱਕ ਕਿ ਸਿੱਧ-ਯੋਗੀਆਂ ਵਰਗੇ ਅਧਿਆਤਮਵਾਦੀ ਕਹਾਉਣ ਵਾਲਿਆਂ ਵੱਲੋਂ ਤਾਂ ਔਰਤ ਨੂੰ ‘ਬਾਘਣੀ’ ਵਰਗੇ ਵਿਸ਼ੇਸ਼ਣਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ। ਇਸੇ ਲਈ ਅਧਿਆਤਮਕ ਪ੍ਰਾਪਤੀ ਵਾਸਤੇ ਗ੍ਰਹਿਸਥ ਦਾ ਤਿਆਗ ਕਰਨਾ ਅਤੇ ਇਕਾਂਤਵਾਸ ਹੋ ਕੇ ਕਠਿਨ ਤਪੱਸਿਆ ਕਰਨੀ ਮੁਕਤੀ ਪ੍ਰਾਪਤੀ ਲਈ ਅਭਿਆਸ ਦਾ ਇੱਕ ਲਾਜ਼ਿਮ ਹਿੱਸਾ ਮੰਨਿਆ ਜਾਂਦਾ ਰਿਹਾ ਹੈ।

ਜਗਤ ਗੁਰੂ ਬਾਬਾ ਨਾਨਕ ਦੇ ਹਿੰਦੁਸਤਾਨ ਦੀ ਧਰਤੀ ‘ਤੇ ਪ੍ਰਕਾਸ਼ਨ ਨਾਲ ਇਹ ਪਹਿਲੀ ਵਾਰ ਹੋਇਆ ਕਿ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥” ਦੇ ਸਿਧਾਂਤ ਰਾਹੀਂ ਸਮੁੱਚੀ ਮਾਨਵੀ ਨਸਲ ਦੀ ਬਰਾਬਰੀ, ਆਜ਼ਾਦੀ ਅਤੇ ਪ੍ਰੇਮ ਵਾਲਾ ਸਮਾਜ ਸਿਰਜਣ ਦਾ ਹੋਕਾ ਦਿੱਤਾ ਗਿਆ। ਇਸ ਸਿਧਾਂਤ ਤਹਿਤ ਹੀ ਅਧਿਆਤਮਕ ਪ੍ਰਾਪਤੀ ਲਈ ਗ੍ਰਹਿਸਥ ਦੇ ਤਿਆਗ ਨੂੰ ਗੈਰ-ਜ਼ਰੂਰੀ ਗਰਦਾਨਦਿਆਂ ਔਰਤ ਨੂੰ ਨੈਤਿਕ ਅਤੇ ਅਧਿਆਤਮਕ ਤੌਰ ‘ਤੇ ਪੁਰਸ਼ ਦੇ ਬਰਾਬਰ ਦੀ ਅਧਿਕਾਰੀ ਮੰਨਦਿਆਂ ਗੁਰੂ ਨਾਨਕ ਸਾਹਿਬ ਨੇ ਐਲਾਨ ਕੀਤਾ ਕਿ ਜਦੋਂ ਔਰਤ ਤੋਂ ਬਿਨਾ ਸਮਾਜ ਦੀ ਹੋਂਦ ਹੀ ਸੰਭਵ ਨਹੀਂ ਹੈ, ਫਿਰ ਗ੍ਰਹਿਸਥ ਦਾ ਤਿਆਗ ਕਰਕੇ ਅਧਿਆਤਮਕ ਬੁਲੰਦੀਆਂ ਦੀ ਪ੍ਰਾਪਤੀ ਕਿਵੇਂ ਕੀਤੀ ਜਾ ਸਕਦੀ ਹੈ? ਔਰਤ ਕਿਸੇ ਵੀ ਕਿਸਮ ਦੇ ਮੰਦੇ ਵਰਤਾਉ ਜਾਂ ਤ੍ਰਿਸਕਾਰ ਦੀ ਪਾਤਰ ਕਿਵੇਂ ਹੋ ਸਕਦੀ ਹੈ? ਮਨੁੱਖ ਆਪਣੀ ਰੋਟੀ ਤੋਂ ਲੈ ਕੇ ਹਰ ਲੋੜ ਲਈ ਸਮਾਜਕ ਤਾਣੇ-ਬਾਣੇ ‘ਤੇ ਨਿਰਭਰ ਕਰਦਾ ਹੈ, ਫਿਰ ਉਸੇ ਸਮਾਜ ਦਾ ਭਾਵ ਗ੍ਰਹਿਸਥ ਦਾ ਤਿਆਗ ਕਰਕੇ ਅਧਿਆਤਮਕ ਪ੍ਰਾਪਤੀ ਲਈ ਆਪਣੇ ਵਿਅਕਤੀਤਵ ਵਿਚ ਸੰਤੁਲਨ ਕਿਵੇਂ ਕਾਇਮ ਰੱਖ ਸਕਦਾ ਹੈ?
ਸਮੱਸਿਆ ਔਰਤ ਨੂੰ ਵੱਧ ਅਧਿਕਾਰ ਦਿੱਤੇ ਜਾਣ ਅਤੇ ਫਰਜ਼ਾਂ ਦਾ ਬੋਝ ਹਲਕਾ ਕਰਨ ਦੀ ਨਹੀਂ ਸੀ; ਸਮੱਸਿਆ ਔਰਤ ਨੂੰ ਨੈਤਿਕ ਅਤੇ ਅਧਿਆਤਮਕ ਤੌਰ ‘ਤੇ ਪੁਰਸ਼ ਦੇ ਬਰਾਬਰ ਦੀ ਅਧਿਕਾਰੀ ਤਸਲੀਮ ਕਰਨ ਦੀ ਸੀ, ਜੋ ਗੁਰੂ ਨਾਨਕ ਸਾਹਿਬ ਨੇ ਕੀਤਾ। ਇਸੇ ਸਿਧਾਂਤ ਨੇ ਸਿੱਖ ਔਰਤ ਨੂੰ ਪੁਰਸ਼ ਦੇ ਬਰਾਬਰ ਅੱਗੇ ਵਧਣ ਅਤੇ ਉਕਾਬੀ ਉਡਾਨ ਭਰਨ ਦਾ ਹੌਸਲਾ ਦਿੱਤਾ ਤੇ ਸਾਜਗਰ ਮਾਹੌਲ ਸਿਰਜਿਆ, ਜਿਸ ਨੇ ਗੁਰੂ ਨਾਨਕ ਸਾਹਿਬ ਦੀ ਪਹਿਲੀ ਸਿੱਖ ਬੀਬੀ ਨਾਨਕੀ, ਲੰਗਰ ਦੀ ਸੰਸਥਾ ਨੂੰ ਬਾਖੂਬੀ ਚਲਾਉਣ ਵਾਲੀ ਮਾਤਾ ਖੀਵੀ ਜਾਂ ਸੇਵਾ ਦੀ ਪੁੰਜ ਗੁਰੂ ਪੁੱਤਰੀ, ਗੁਰੂ ਪਤਨੀ ਅਤੇ ਗੁਰੂ ਮਾਤਾ ਵਰਗਾ ਦਰਜਾ ਪ੍ਰਾਪਤ ਕਰਨ ਵਾਲੀ ਬੀਬੀ ਭਾਨੀ ਜੀ ਨੂੰ ਜਨਮ ਦਿੱਤਾ।
ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ “ਚਿੜੀਆਂ ਤੋਂ ਬਾਜ ਤੁੜਾਉਣ” ਦਾ ਸੰਦੇਸ਼ ਦੇ ਕੇ ਮਨੁੱਖੀ ਨਸਲ ਦੀ ਬਰਾਬਰੀ, ਆਜ਼ਾਦੀ ਅਤੇ ਪਿਆਰ ਵਾਲੇ ਸਮਾਜ ਦੀ ਸਿਰਜਣਾ ਲਈ ਜੂਝਣ ਦਾ ਵੱਲ ਸਿਖਾਉਂਦਿਆਂ ਸਿੱਖ ਔਰਤ ਦੀ ਉਕਾਬੀ ਪਰਵਾਜ਼ ਨੂੰ ਹੋਰ ਮਜ਼ਬੂਤੀ ਬਖਸ਼ਿਸ਼ ਕੀਤੀ। ਇਸੇ ਤਹਿਤ ਮਾਈ ਭਾਗੋ ਨੇ ਬੇਦਾਵਾ ਦੇ ਕੇ ਗਏ ਸਿੰਘਾਂ ਨੂੰ ਮੋੜ ਕੇ ਗੁਰੂ ਦੀ ਸ਼ਰਨ ਵਿਚ ਲਿਆਂਦਾ ਅਤੇ ਮੈਦਾਨ-ਏ-ਜੰਗ ਵਿਚ ਆਪਣੀ ਬਹਾਦਰੀ ਦੇ ਜੌਹਰ ਦਿਖਾ ਕੇ ਤੇ ਗੁਰੂ ਸਾਹਿਬ ਦੀ ਅੰਗ-ਰਖਿਅਕ ਦੀ ਸੇਵਾ ਨਿਭਾਉਂਦਿਆਂ ਨਵਾਂ ਇਤਿਹਾਸ ਸਿਰਜਿਆ। ਸਿੱਖ ਔਰਤ ਦੀ ਇਸ ਉਕਾਬੀ ਪਰਵਾਜ਼ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ। ਅੱਜ ਇੱਥੇ ਜਿਸ ਸ਼ਖਸੀਅਤ ਬਾਰੇ ਮੈਂ ਸੰਖੇਪ ਚਰਚਾ ਕਰਨ ਜਾ ਰਹੀ ਹਾਂ, ਉਹ ਗੁਰਮਤਿ ਸੰਗੀਤ ਅਤੇ ਅਕਾਦਮਿਕਤਾ ਦੇ ਖੇਤਰ ਵਿਚ ਜਾਣੀ-ਪਛਾਣੀ ਸ਼ਖਸੀਅਤ ਡਾ. ਜਸਵੀਰ ਕੌਰ ਹੈ।
ਡਾ. ਜਸਵੀਰ ਕੌਰ ਦੇ ਜਨਮ, ਪਰਿਵਾਰਕ ਪਿਛੋਕੜ, ਸੰਗੀਤ ਦੇ ਖੇਤਰ ਵਿਚ ਸਿੱਖਿਆ-ਦੀਖਿਆ, ਅਕਾਦਮਿਕ ਪ੍ਰਾਪਤੀਆਂ, ਇਨਾਮਾਂ ਬਾਰੇ ਕਈਆਂ ਨੇ ਲਿਖਿਆ ਹੋਵੇਗਾ, ਪਰ ਮੈਂ ਕਿਸੇ ਹੋਰ ਜਾਵੀਏ ਤੋਂ ਡਾ. ਜਸਵੀਰ ਕੌਰ ਦੇ ਵਿਅਕਤੀਤਵ ਨੂੰ ਦੇਖਣ ਦੀ ਕੋਸਿ਼ਸ਼ ਕੀਤੀ ਹੈ ਅਤੇ ਇਸੇ ਕੋਸ਼ਿਸ਼ ਵਿਚੋਂ ਹੀ ਉਸ ਦੀਆਂ ਪ੍ਰਾਪਤੀਆਂ ਦੀ ਵੀ ਚਰਚਾ ਹੋ ਜਾਵੇਗੀ। ਜਦੋਂ ਪਹਿਲੀ ਵਾਰ ਜਸਵੀਰ ਕੌਰ ਨਾਲ ਮੇਰੀ ਮੁਲਾਕਾਤ ਹੋਈ, ਇਹ ਕੋਈ 1988-90 ਦੇ ਆਸ-ਪਾਸ ਦੀ ਗੱਲ ਹੈ ਅਤੇ ਸ਼ਾਇਦ ਡਾ. ਓਅੰਕਾਰ ਸਿੰਘ, ਜੋ ਉਸ ਵੇਲੇ ਮੇਰੇ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਬੰਧਕੀ ਅਮਲੇ ਵਿਚ ਸ਼ਾਮਲ ਸੀ, ਨੇ ਕਰਵਾਈ ਸੀ। ਪਹਿਲੀ ਮਿਲਣੀ ਵਿਚ ਉਹ ਮੈਨੂੰ ਕਾਫੀ ਚੁੱਪ ਅਤੇ ਗੰਭੀਰ ਜਿਹੀ ਕੁੜੀ ਜਾਪੀ, ਜਿਸ ਦੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਚ ਕਿਸੇ ਪੋਸਟ `ਤੇ ਨਵੀਂ ਨਵੀਂ ਨਿਯੁਕਤੀ ਹੋਈ ਸੀ। ਹੌਲੀ ਹੌਲੀ ਪਹਿਲੀ ਮੁਲਾਕਾਤ ਚੰਗੀ ਜਾਣ-ਪਛਾਣ ਵਿਚ ਤਬਦੀਲ ਹੋ ਗਈ ਅਤੇ ਦੋਹਾਂ ਦਾ ਅਕਾਦਮਿਕ ਖੇਤਰ ਗੁਰਮਤਿ ਨਾਲ, ਇੱਕ ਜਾਂ ਦੂਸਰੇ ਰੂਪ ਵਿਚ ਜੁੜਿਆ ਹੋਣ ਕਰਕੇ ਕਾਫੀ ਸਾਂਝ ਵੀ ਪੈ ਗਈ, ਭਾਵੇਂ ਉਹ ਸੰਗੀਤ ਵਿਭਾਗ ਵਿਚ ਸੀ ਅਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਿਚ।
ਮੇਰਾ ਖੇਤਰ ਤਾਂ ਹੈ ਹੀ ਗੁਰਮਤਿ ਸੀ ਅਤੇ ਸੰਗੀਤ ਵਿਭਾਗ ਵਿਚ ਹੋ ਕੇ ਵੀ ਜਸਵੀਰ ਕੌਰ ਦਾ ਮੁਖ ਕਾਰਜ ਖੇਤਰ ਗੁਰਮਤਿ ਸੰਗੀਤ ਸੀ। ਇਹ ਜਾਣਕਾਰੀ ਪਹਿਲੀ ਮੁਲਾਕਾਤ ਵਿਚ ਹੀ ਮਿਲ ਗਈ ਸੀ ਕਿ ਜਸਵੀਰ ਕੌਰ ਇੱਕ ਜੁਝਾਰੂ ਕੁੜੀ ਹੈ, ਜਿਸ ਨੇ ਕਪੂਰੀ ਮੋਰਚੇ, ਧਰਮ-ਯੁੱਧ ਮੋਰਚੇ ਅਤੇ ਏਸ਼ੀਅਨ ਖੇਡਾਂ ਵੇਲੇ ਆਪਣੇ ਹੱਕਾਂ ਦੀ ਲੜੀ ਜਾ ਰਹੀ ਲੜਾਈ ਵਿਚ ਹਿੱਸਾ ਲਿਆ ਅਤੇ ਇਨ੍ਹਾਂ ਮੋਰਚਿਆਂ ਵਿਚ ਬੀਬੀਆਂ ਦੇ ਜਥਿਆਂ ਦੀ ਅਗਵਾਈ ਕੀਤੀ, ਹਿੱਸਾ ਲੈਂਦਿਆਂ ਜੇਲ੍ਹ-ਯਾਤਰਾ ਵੀ ਕੀਤੀ ਸੀ ਅਤੇ ਪੁਲਿਸ ਦੀ ਮਾਰ ਵੀ ਖਾਧੀ ਸੀ। ਇਸ ਤਰ੍ਹਾਂ ਦੀ ਜੁਝਾਰੂ ਜਦੋ-ਜਹਿਦ ਵਿਚ ਹਿੱਸਾ ਲੈਣਾ ਆਮ ਕੁੜੀਆਂ ਦਾ ਕੰਮ ਨਹੀਂ ਹੁੰਦਾ, ਇਹ ਕਿਸੇ ਖਾਸ ਦੇ ਹਿੱਸੇ ਵਿਚ ਹੀ ਆਉਂਦਾ ਹੈ। ਇਸ ਜਾਣਕਾਰੀ ਨੇ ਜਸਵੀਰ ਕੌਰ ਲਈ ਮਨ ਵਿਚ ਸਨੇਹ ਅਤੇ ਸਤਿਕਾਰ-ਦੋਹਾਂ ਨੂੰ ਜਨਮ ਦਿੱਤਾ।
ਯੂਨੀਵਰਸਿਟੀ ਕੈਂਪਸ ਵਿਚ ਰਿਹਾਇਸ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਵਿਚ ਹੋਣ ਕਰਕੇ ਕੈਂਪਸ ਦੇ ਗੁਰੂ ਘਰ ਨਾਲ ਮੇਰਾ ਖਾਸ ਸਬੰਧ ਸੀ, ਕਿਉਂਕਿ ਸਵਰਗਵਾਸੀ ਡਾ. ਤਾਰਨ ਸਿੰਘ ਦੇ ਉੱਦਮ ਸਦਕਾ ਹੀ ਕੈਂਪਸ ਵਿਚ ਗੁਰਦੁਆਰਾ ਸਥਾਪਤ ਹੋਇਆ ਸੀ। ਡਾ. ਜਸਵੀਰ ਕੌਰ ਵੀ ਗੁਰਦੁਆਰਾ ਪ੍ਰਬੰਧਾਂ ਨਾਲ ਨੇੜਿਓਂ ਜੁੜੀ ਰਹੀ ਹੈ। ਇਸ ਲਈ ਜਿੱਥੇ ਉਸ ਦਾ ਕੀਰਤਨ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ ਹੈ, ਉਥੇ ਉਸ ਦੀ ਪ੍ਰਬੰਧਕੀ ਕੁਸ਼ਲਤਾ ਅਤੇ ਸੇਵਾ ਨੂੰ ਨੇੜਿਓਂ ਮਾਣਨ ਅਤੇ ਜਾਣਨ ਦਾ ਮੌਕਾ ਵੀ ਮਿਲਿਆ। ਜਲਦੀ ਹੀ ਡਾ. ਜਸਵੀਰ ਕੌਰ ਦੀ ਨਿਯੁਕਤੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਤੋਂ ਯੂਨੀਵਰਸਿਟੀ ਦੇ ਪੰਜਾਬੀ ਵਿਕਾਸ ਵਿਭਾਗ ਵਿਚ ਬਤੌਰ ਲੈਕਚਰਰ ਹੋ ਗਈ, ਜੋ ਉਸੇ ਇਮਾਰਤ ‘ਪੰਜਾਬੀ ਭਵਨ’ ਦੀ ਉਸੇ ਮੰਜ਼ਲ ‘ਤੇ ਸਥਿਤ ਹੈ, ਜਿਸ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਹੁੰਦਾ ਸੀ (ਅੱਜ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੀ ਆਪਣੀ ਸੁਤੰਤਰ ਇਮਾਰਤ ‘ਗੁਰੂ ਗ੍ਰੰਥ ਸਾਹਿਬ ਭਵਨ’ ਹੈ)। ਇੱਕੋ ਇਮਾਰਤ ਵਿਚ ਹੋਣ ਕਰਕੇ ਜਸਵੀਰ ਕੌਰ ਨਾਲ ਕਈ ਗਤੀਵਿਧੀਆਂ ਵਿਚ ਇਕੱਠਿਆਂ ਵਿਚਰਨ ਦਾ ਮੌਕਾ-ਮੇਲ ਬਣਦਾ ਰਿਹਾ ਅਤੇ ਉਸ ਦੀ ਦਲੇਰ ਅਤੇ ਜੁਝਾਰੂ ਬਿਰਤੀ ਨੂੰ ਵੀ ਦੇਖਣ ਦਾ ਮੌਕਾ ਬਹੁਤ ਨੇੜਿਓਂ ਮਿਲਿਆ। ਇਥੇ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ।
ਇਹ ਘਟਨਾ ਉਨ੍ਹਾਂ ਦਿਨਾਂ ਦੀ ਹੈ, ਜਦੋਂ ਪੰਜਾਬ ਦਾ ਮਾਹੌਲ ਬਹੁਤਾ ਸੁਖਾਵਾਂ ਨਹੀਂ ਸੀ ਅਤੇ ਚਾਰ-ਚੁਫੇਰੇ ਇੱਕ ਜਾਂ ਦੂਜੀ ਤਰ੍ਹਾਂ ਦਾ ਸਹਿਮ ਫਿਜ਼ਾਵਾਂ ਵਿਚ ਘੁਲਿਆ ਹੋਇਆ ਸੀ। ਡਾ. ਭਗਤ ਸਿੰਘ ਦੂਸਰੀ ਵਾਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣ ਕੇ ਆਏ ਸਨ ਅਤੇ ਡਾ. ਅਵਤਾਰ ਸਿੰਘ, ਪ੍ਰੋਫੈਸਰ ਅਤੇ ਮੁਖੀ ਫਿਲਾਸਫੀ ਵਿਭਾਗ, ਡੀਨ ਅਕਾਦਮਿਕ ਦੀਆਂ ਸੇਵਾਵਾਂ ਨਿਭਾਅ ਰਹੇ ਸਨ। ਯੂਨੀਵਰਸਿਟੀ ਨੇ ਬੀ.ਐਡ ਦਾ ਕੋਰਸ ‘ਪੱਤਰ ਵਿਹਾਰ ਸਿੱਖਿਆ’ ਰਾਹੀਂ ਸ਼ੁਰੂ ਕੀਤਾ ਸੀ, ਜਿਸ ਦੇ ਇਮਤਿਹਾਨ ਚੱਲ ਰਹੇ ਸਨ। ਯੂਨੀਵਰਸਿਟੀ ਨੂੰ ਖਬਰ ਮਿਲੀ ਸੀ ਕਿ ਅੰਮ੍ਰਿਤਸਰ ਦੇ ਕੁੜੀਆਂ ਦੇ ਕਿਸੇ ਪ੍ਰੀਖਿਆ ਕੇਂਦਰ ਵਿਚ ਨਕਲ ਚੱਲ ਰਹੀ ਸੀ, ਜਿਸ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਰਿਹਾ ਸੀ। ਡਾ. ਅਵਤਾਰ ਸਿੰਘ ਮੇਰੇ ਅਤੇ ਸਾਡੇ ਵਿਭਾਗ ਦੇ ਮੁਖੀ ਡਾ. ਬਲਕਾਰ ਸਿੰਘ ਦੇ ਪੀ.ਐਚ.ਡੀ ਦੇ ਗਾਈਡ ਰਹਿ ਚੁਕੇ ਸਨ ਅਤੇ ਅਸੀਂ ਉਨ੍ਹਾਂ ਦਾ ਬਤੌਰ ਆਪਣੇ ਅਧਿਆਪਕ ਬਹੁਤ ਸਤਿਕਾਰ ਕਰਦੇ ਸਾਂ। ਇਸ ਤਰ੍ਹਾਂ ਇਸ ਕੇਂਦਰ ਦਾ ਮੁਆਇਨਾ ਕਰਨ ਦੀ ਉਨ੍ਹਾਂ ਸਾਡੀ ਜ਼ਿੰਮੇਵਾਰੀ ਲਾ ਦਿੱਤੀ। ਡਾ. ਬਲਕਾਰ ਸਿੰਘ, ਡਾ. ਮੇਵਾ ਸਿੰਘ ਸਿੱਧੂ, ਡਾ. ਜਸਵੀਰ ਕੌਰ ਸਮੇਤ ਮੇਰੇ, ਪਹਿਲਾਂ ਅਸੀਂ ਬਟਾਲੇ ਦੇ ਪ੍ਰੀਖਿਆ ਕੇਂਦਰ ਵਿਚ ਗਏ, ਜਿੱਥੇ ਦੁਪਹਿਰ ਬਾਅਦ ਸ਼ੁਰੂ ਹੋਣ ਵਾਲੇ ਪਰਚੇ ਦਾ ਸਮਾਨ ਦਿੱਤਾ ਅਤੇ ਫਿਰ ਅੰਮ੍ਰਿਤਸਰ ਦੇ ਕੇਂਦਰ ਵਿਚ ਪਹੁੰਚੇ, ਜੋ ਕਿਸੇ ਸਕੂਲ ਦੀ ਇਮਾਰਤ ਦੀ ਉਪਰਲੀ ਮੰਜ਼ਲ ‘ਤੇ ਚੱਲ ਰਿਹਾ ਸੀ। ਮੈਂ ਦੇਖਿਆ ਕਿ ਜਸਵੀਰ ਕੌਰ ਜਿੰਨੀ ਚੇਤੰਨਤਾ ਅਤੇ ਹੁਸ਼ਿਆਰੀ ਨਾਲ ਕੁੜੀਆਂ ਕੋਲੋਂ ਨਕਲ ਮਾਰਨ ਲਈ ਲਿਆਂਦੇ ਕਾਗਜ਼-ਕਿਤਾਬਾਂ ਥੋਕ ਦੇ ਭਾਅ ਕਢਵਾ ਰਹੀ ਸੀ, ਸ਼ਾਇਦ ਮੈਂ ਉਹ ਇਕੱਲਿਆਂ ਕਦੀ ਨਹੀਂ ਸੀ ਕਰ ਸਕਣਾ। ਇਸ ਦੇ ਨਾਲ ਹੀ ਜ਼ਿਆਦਾ ਫਿਕਰ ਵਾਲੀ ਗੱਲ ਇਹ ਸੀ ਕਿ ਨੀਲੀਆ ਦਸਤਾਰਾਂ ਵਾਲੇ ਕੁਝ ਕੁ ਨੌਜੁਆਨ ਨੀਚੇ ਖੁੱਲੇ੍ਹ ਵਿਹੜੇ ਵਿਚ ਖੜ੍ਹੇ ਧਮਕੀਆਂ ਦੇ ਰਹੇ ਸਨ ਕਿ ਮੈਡਮ ਨਕਲ ਨਹੀਂ ਮਾਰਨ ਦਿਉਗੇ ਤਾਂ ਨਤੀਜੇ ਭੁਗਤਣੇ ਪੈਣਗੇ, ਸਾਡੇ ਕੋਲ ਪਿਸਤੌਲ ਹਨ।
ਡਾ. ਜਸਵੀਰ ਕੌਰ ਮੇਰੇ ਨਾਲ ਕਮਰੇ ਤੋਂ ਬਾਹਰ ਵਰਾਂਡੇ ਵਿਚ ਆਈ ਅਤੇ ਬੜੀ ਦਲੇਰੀ ਨਾਲ ਬੋਲੀ, “ਕੋਈ ਗੱਲ ਨਹੀਂ ਭਰਾ! ਅਸੀਂ ਵੀ ਪਰਸ ਵਿਚ ਪਿਸਤੌਲ ਪਾ ਕੇ ਲਿਆਈਆਂ ਹਾਂ।” ਮੈਂ ਜਾਣਦੀ ਸੀ ਕਿ ਸਾਡੇ ਕੋਲ ਅਜਿਹਾ ਕੁਝ ਨਹੀਂ ਹੈ। ਪਰਚਾ ਪੂਰਾ ਹੋਣ ‘ਤੇ ਪ੍ਰੀਖਿਆ ਕਾਪੀਆਂ ਇਕੱਠੀਆਂ ਕਰਕੇ ਬੰਡਲ ਯੂਨੀਵਰਸਿਟੀ ਦੀ ਗੱਡੀ ਵਿਚ ਰੱਖ ਕੇ ਸਾਨੂੰ ਦੇ ਦਿੱਤੇ ਗਏ, ਕਿਉਂਕਿ ਮੈਂ ਤੇ ਜਸਵੀਰ ਕੌਰ ਨੇ ਅੰਮ੍ਰਿਤਸਰ ਦੀ ਪਾਵਰ ਕਾਲੋਨੀ ਵਿਚ ਮੇਰੇ ਭਤੀਜੇ ਦੇ ਘਰ ਠਹਿਰਨਾ ਸੀ ਅਤੇ ਡਾ. ਬਲਕਾਰ ਸਿੰਘ, ਡਾ. ਮੇਵਾ ਸਿੰਘ ਨੇ ਆਪਣੇ ਦੋਸਤ ਡਾ. ਕੁਲਵੰਤ ਸਿੰਘ ਕੋਲ ਠਹਿਰਨਾ ਸੀ। ਮੈਂ ਯੂਨੀਵਰਸਿਟੀ ਗੱਡੀ ਦੀ ਪਿਛਲੀ ਸੀਟ ‘ਤੇ ਜਸਵੀਰ ਕੌਰ ਨਾਲ ਬੈਠੀ ਪਿੱਛੇ ਮੁੜ ਮੁੜ ਕੇ ਦੇਖਦੀ ਰਹੀ ਕਿ ਮਤਾਂ ਉਹ ਧਮਕੀਆਂ ਦੇਣ ਵਾਲੇ ਸਾਡਾ ਪਿੱਛਾ ਨਾ ਕਰ ਰਹੇ ਹੋਣ, ਪਰ ਜਸਵੀਰ ਬੜੇ ਇਤਮਿਨਾਨ ਨਾਲ ਬੈਠੀ ਸੀ ਕਿ ਉਹ ਲੋਕ ਸਿਰਫ ਧਮਕੀਆਂ ਦੇ ਕੇ ਡਰਾਉਣ ਵਾਲੇ ਹੀ ਸਨ, ਪਿੱਛਾ ਕਰਨ ਯੋਗੇ ਨਹੀਂ। ਜਸਵੀਰ ਕੌਰ ਦੀ ਇਸੇ ਦਲੇਰੀ ਅਤੇ ਚੇਤੰਨਤਾ ਨੂੰ ਦੇਖਦਿਆਂ ਜਦੋਂ ਡਾ. ਜਸਵੀਰ ਸਿੰਘ ਆਹਲੂਵਾਲੀਆ ਨੇ ਡਿਸਟੈਂਸ ਟੈਕਨੀਕਲ ਐਜੂਕੇਸ਼ਨ ਦੇ ਪ੍ਰੋਗਰਾਮ ਅਧੀਨ ਬਹੁਤ ਸਾਰੀਆਂ ਤਕਨੀਕੀ ਸੰਸਥਾਵਾਂ ਯੂਨੀਵਰਸਿਟੀ ਅਧੀਨ ਚਾਲੂ ਕਰਨ ਦੀ ਆਗਿਆ ਦੇ ਦਿੱਤੀ ਸੀ ਤਾਂ ਮੇਰੀ ਰਾਜਸਥਾਨ ਵਿਚ ਜੈਪੁਰ ਦੀ ਇੱਕ ਸੰਸਥਾ ਦੇ ਇਮਤਿਹਾਨ ਕੇਂਦਰ ਵਿਚ ਬਤੌਰ ਸੁਪਰਡੈਂਟ ਡਿਊਟੀ ਲਾਈ ਗਈ। ਮੈਂ ਸੁਪਰਵਾਈਜ਼ਰ ਦੇ ਤੌਰ ‘ਤੇ ਡਾ. ਜਸਵੀਰ ਕੌਰ ਨੂੰ ਨਾਲ ਲੈ ਜਾਣਾ ਬਿਹਤਰ ਸਮਝਿਆ। ਟੈਕਨੀਕਲ ਐਜੂਕੇਸ਼ਨ ਦੀ ਪ੍ਰੀਖਿਆ ਲੈਣ ਲਈ ਕਰੀਬ ਹਫਤੇ ਤੋਂ ਕਈ ਦਿਨ ਉਪਰ ਦਾ ਸਮਾਂ ਲੱਗਿਆ ਸੀ ਅਤੇ ਏਨੇ ਦਿਨ ਦੀ ਸੰਗਤਿ ਵਿਚ ਅਸੀਂ ਹਰ ਰੋਜ਼ ਨੇੜੇ ਪੈਂਦੇ ਗੁਰੂਘਰ ਵਿਚ ਦਰਸ਼ਨ ਕਰਨ ਵੀ ਜਾਂਦੀਆਂ ਅਤੇ ਮਿਲਦੇ ਸਮੇਂ ਵਿਚ ਜੈਪੁਰ ਨੂੰ ਦੇਖਣ ਦੀ ਵੀ ਕੋਸ਼ਿਸ਼ ਕੀਤੀ।
ਤੁਹਾਨੂੰ ਜਾਣਦੀ ਕੋਈ ਵੀ ਸ਼ਖਸੀਅਤ ਜਦੋਂ ਕੋਈ ਵੱਡੀ ਪ੍ਰਾਪਤੀ ਕਰਦੀ ਹੈ ਤਾਂ ਉਸ ਦੀ ਅਥਾਹ ਖੁਸ਼ੀ ਹੁੰਦੀ ਹੈ, ਪਰ ਮੈਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਕੋਈ ਅਜਿਹੀ ਵਿਲੱਖਣ ਪ੍ਰਾਪਤੀ ਕਿਸੇ ਔਰਤ ਨੇ ਕੀਤੀ ਹੈ ਤਾਂ ਮੇਰੀ ਇਹ ਖੁਸ਼ੀ ਦੁਗਣੀ ਹੋ ਜਾਂਦੀ ਹੈ। ਇਸ ਤੋਂ ਵੀ ਅੱਗੇ ਜਦੋਂ ਇਹ ਜਾਣਕਾਰੀ ਮਿਲੇ ਕਿ ਇਹ ਪ੍ਰਾਪਤੀ ਕਿਸੇ ਪਿੰਡ ਵਿਚ, ਆਮ ਘਰ ਵਿਚ ਪੈਦਾ ਹੋਈ ਕੁੜੀ ਨੇ ਕੀਤੀ ਹੈ ਤਾਂ ਮੇਰੀ ਖੁਸ਼ੀ ਦਾ ਕੋਈ ਹੱਦ-ਬੰਨਾ ਨਹੀਂ ਰਹਿੰਦਾ। ਇਸ ਦੀ ਵਜ੍ਹਾ ਇਹ ਹੈ ਕਿ ਮੈਂ ਖੁਦ ਇੱਕ ਪਿੰਡ ਦੇ ਖੇਤੀਬਾੜੀ ਕਰਨ ਵਾਲੇ ਆਮ ਪਰਿਵਾਰ ਵਿਚ ਪੈਦਾ ਹੋਈ ਅਤੇ ਪਿੰਡ ਵਿਚ ਰਹਿੰਦਿਆਂ ਯੂਨੀਵਰਸਿਟੀ ਤੱਕ ਦੀ ਉੱਚ-ਵਿੱਦਿਆ ਅਤੇ ਪ੍ਰੋਫੈਸਰ-ਮੁਖੀ, ਡੀਨ ਫੇਕਲਟੀ, ਮੈਂਬਰ ਸਿੰਡੀਕੇਟ ਤੱਕ ਦੀ ਸੇਵਾ ਨਿਭਾਈ ਹੈ। ਇਸ ਲਈ ਮੈਂ ਇਹ ਵੀ ਜਾਣਦੀ ਹਾਂ ਕਿ ਕਿਸੇ ਕੁੜੀ ਲਈ, ਉਹ ਵੀ ਪਿੰਡ ਵਿਚ ਜੰਮ-ਪਲ ਕੇ ਕਿਸੇ ਉੱਚੇ ਮੁਕਾਮ ਤੱਕ ਪਹੁੰਚਣਾ ਕਾਫੀ ਮੁਸ਼ਕਿਲ ਹੁੰਦਾ ਹੈ। ਫਿਰ ਜਸਵੀਰ ਕੌਰ ਤਾਂ ਸੰਘਰਸ਼ ਨਾਲ ਵੀ ਲਗਾਤਾਰ ਜੁੜੀ ਰਹੀ ਹੈ।
ਡਾ. ਜਸਵੀਰ ਕੌਰ ਨੇ ਜਲੰਧਰ ਦੇ ਇੱਕ ਪਿੰਡ ਵਿਚ ਆਮ ਪਰਿਵਾਰ ਵਿਖੇ ਪੈਦਾ ਹੋ ਕੇ ਸੰਗੀਤ ਨੂੰ ਆਪਣੀ ਤਾਲੀਮ ਦਾ ਮੁਖ ਵਿਸ਼ਾ ਬਣਾਇਆ ਅਤੇ ਸੰਗੀਤ ਦੀ ਬੈਚਲਰ ਡਿਗਰੀ ਗੁਰਦਾਸਪੁਰ ਤੋਂ ਅਤੇ ਮਾਸਟਰ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਹਾਸਿਲ ਕੀਤੀ। ਪੰਜਾਬੀ ਯੂਨੀਵਰਸਿਟੀ ਵਿਚ ਬਤੌਰ ਅਧਿਆਪਕਾ ਅਤੇ ਖੋਜ ਕਾਰਜਾਂ ਦੀਆਂ ਅਕਾਦਮਿਕ ਸੇਵਾਵਾਂ ਨਿਭਾਉਂਦਿਆਂ ਨਾਲ ਦੀ ਨਾਲ ਮਿਹਨਤ ਕਰਕੇ “ਗੁਰਮਤਿ ਸੰਗੀਤ ਦਾ ਇਤਿਹਾਸਕ ਵਿਕਾਸ” ਵਿਸ਼ੇ ‘ਤੇ ਖੋਜ-ਪ੍ਰਬੰਧ ਲਿਖ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1997 ਵਿਚ, ਜਿੱਥੋਂ ਤੱਕ ਮੈਨੂੰ ਯਾਦ ਹੈ ਤਾਂ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਦੇ ਸਥਾਪਤ ਵਿਦਵਾਨ ਡਾ. ਗੁਰਨਾਮ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਦੇ ਗੁਰੂ ਨਾਨਕ ਚੇਅਰ ਦੇ ਪ੍ਰੋਫੈਸਰ ਸਵਰਗੀ ਡਾ. ਦਰਸ਼ਨ ਸਿੰਘ ਦੀ ਮਿਲੀ-ਜੁਲੀ ਅਗਵਾਈ ਵਿਚ ਪੀਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ।
ਮੇਰੇ ਨਜ਼ਦੀਕ ਇਹ ਬਹੁਤ ਹੀ ਮਾਣ ਵਾਲੀ ਗੱਲ ਰਹੀ ਹੈ ਕਿ ਇੱਕ ਕੁੜੀ ਨੇ, ਉਹ ਵੀ ਸੰਘਰਸ਼ ਨਾਲ ਜੁੜੀ ਹੋ ਕੇ ਗੁਰਮਤਿ ਸੰਗੀਤ ਵਰਗੇ ਬਹੁਤ ਹੀ ਸੂਖਮ ਵਿਸ਼ੇ ਵਿਚ ਏਨੀ ਉੱਚੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਆਪਣੀ ਸੰਗੀਤ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵੱਖ ਵੱਖ ਉਸਤਾਦਾਂ-ਪੰਡਿਤ ਉਅੰਕਾਰ ਨਾਥ ਠਾਕੁਰ ਦੇ ਸ਼ਾਗਿਰਦ ਪੰਡਿਤ ਸੂਰਜ ਪ੍ਰਕਾਸ਼, ਚੰਡੀਗੜ੍ਹ ਦੇ ਡਾਕਟਰ ਯਸ਼ਪਾਲ, ਪ੍ਰੋਫੈਸਰ ਸ਼ਮਸ਼ੇਰ ਸਿੰਘ ਕਰੀਰ, ਪਟਿਆਲਾ ਤੋਂ ਪ੍ਰੋਫੈਸਰ ਤਾਰਾ ਸਿੰਘ, ਲਾਹੌਰ ਤੋਂ ਉਸਤਾਦ ਜਨਾਬ ਬਦਰੂਜਮਾਨ ਦੀ ਸ਼ਾਗਿਰਦੀ ਕੀਤੀ। ਉਸ ਨੇ 1994-5 ਵਿਚ ਅਕਾਲ ਤਖਤ ਦੀ ਛਤਰ-ਛਾਇਆ ਹੇਠ ਕਰਵਾਏ ਗਏ ਵਿਸ਼ਵ ਸਿੱਖ ਸੰਮੇਲਨ ਤੋਂ ਲੈ ਕੇ ਜਵੱਦੀ ਕਲਾਂ ਟਕਸਾਲ ਵੱਲੋਂ ਕਰਵਾਏ ਗਏ ‘ਅਦੁੱਤੀ ਗੁਰਮਤਿ ਸੰਗੀਤ ਸੰਮੇਲਨ’, ਤਾਲ ਕਟੋਰਾ ਗਾਰਡਨ ਨਵੀਂ ਦਿੱਲੀ, ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ, ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਤੱਕ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਾ, ਆਸਟਰੇਲੀਆ ਵਰਗੇ ਬੈਰੂਨੀ ਮੁਲਕਾਂ ਦੁਆਰਾ ਆਯੋਜਤ ਗੁਰਮਤਿ ਸੰਗੀਤ ਸੰਮੇਲਨਾਂ ਦੀਆਂ ਸਟੇਜਾਂ ‘ਤੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ।
ਡਾ. ਜਸਵੀਰ ਕੌਰ ਦੀ ਖਾਸ ਮੁਹਾਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਰਾਗਾਂ, ਲੋਕ-ਗਾਇਣ ਸ਼ੈਲੀਆਂ ਵਿਚ ਅਤੇ ਤੰਤੀ ਸਾਜਾਂ ਨਾਲ ਕੀਰਤਨ ਕਰਨਾ ਹੈ, ਜੋ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਪ੍ਰਚੱਲਤ ਪਰੰਪਰਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਕਾਸ ਵਿਭਾਗ ਵਿਚ ਅਕਾਦਮਿਕ ਸਰਗਰਮੀਆਂ ਦੇ ਨਾਲ ਨਾਲ ਪ੍ਰੋਫੈਸਰ, ਵਿਭਾਗੀ ਮੁਖੀ, ਡੀਨ ਆਰਟਸ ਐਂਡ ਕਲਚਰ ਫੈਕਲਟੀ, ਮੈਂਬਰ ਸਿੰਡੀਕੇਟ ਵੀ ਰਹੇ ਅਤੇ ਇਨ੍ਹਾਂ ਸਾਰੀਆਂ ਅਹੁਦੇਦਾਰੀਆਂ ਨੂੰ ਬਾਖੂਬੀ ਨਿਭਾਇਆ। ਜੇ ਅਕਾਦਮਿਕ ਯੋਗਦਾਨ ਦੀ ਗੱਲ ਕੀਤੀ ਜਾਵੇ ਤਾਂ ਵਿਭਾਗੀ ਪੱਤ੍ਰਿਕਾ ਦੇ ਨਾਲ ਨਾਲ ਕਾਫੀ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ ਅਤੇ ਸਮੇਂ ਸਮੇਂ ਸੈਮੀਨਾਰ ਅਤੇ ਕਾਨਫਰੰਸਾਂ ਕਰਾਈਆਂ। ਹੁਣ ਤੱਕ ਵੱਖ ਵੱਖ ਪੁਸਤਕਾਂ ਵਿਚ ਕਰੀਬ 45 ਕੁ ਖੋਜ ਲੇਖ ਛਪ ਚੁੱਕੇ ਹਨ, ਜਿਨ੍ਹਾਂ ਦਾ ਸਬੰਧ ਗੁਰਮਤਿ ਸੰਗੀਤ ਦੇ ਨਾਲ ਨਾਲ ਲੋਕ ਸੰਗੀਤ ਨਾਲ ਵੀ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸੰਗੀਤ ਦੇ ਖੇਤਰ ਵਿਚ ਡਾ. ਜਸਵੀਰ ਕੌਰ ਦਾ ਅਕਾਦਮਿਕ ਯੋਗਦਾਨ ਬਹੁ-ਪੱਖੀ ਹੈ। ਸਮੇਂ ਸਮੇਂ ਡਾ. ਜਸਵੀਰ ਕੌਰ ਨੇ ਵੱਖ ਵੱਖ ਅਦਾਰਿਆਂ ਵੱਲੋਂ ਕਰਾਏ ਜਾਂਦੇ ਗੁਰਮਤਿ ਸੰਗੀਤ ਦੇ ਮੁਕਾਬਲਿਆਂ ਵਿਚ ਬਤੌਰ ਜੱਜ ਵੀ ਭੂਮਿਕਾ ਨਿਭਾਈ ਹੈ। ਇਹੀ ਨਹੀਂ, ਦੁਖੀ ਮਨੁੱਖਤਾ ਦੀ ਸੇਵਾ ਨੂੰ ਪ੍ਰਨਾਏ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਦੀ ਅਗਵਾਈ ਵਿਚ ਲੋੜਵੰਦਾਂ ਦੀ ਸੇਵਾ ਕਰਨ ਦਾ ਪੁੰਨ ਵੀ ਡਾ. ਜਸਵੀਰ ਕੌਰ ਦੇ ਹਿੱਸੇ ਆਇਆ ਹੈ।
ਯੂਨੀਵਰਸਿਟੀ ਤੋਂ ਸੇਵਾ-ਮੁਕਤ ਹੋਣ ਉਪਰੰਤ ਡਾ. ਜਸਵੀਰ ਕੌਰ ਨੇ ਗੁਰੂ ਨਾਨਕ ਫਾਊਂਡੇਸ਼ਨ ਵੱਲੋਂ ਲੰਬੇ ਅਰਸੇ ਤੋਂ ਚਲਾਏ ਜਾ ਰਹੇ ਪਟਿਆਲਾ ਵਿਖੇ ਸਥਿਤ ਬਹੁਤ ਹੀ ਪ੍ਰਸਿੱਧ ਅਦਾਰੇ ਗੁਰਮਤਿ ਕਾਲਜ ਦੀ ਪ੍ਰਿੰਸੀਪਲ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਧਰਮ ਅਧਿਐਨ ਦਾ ਮਾਸਟਰ ਡਿਗਰੀ ਕੋਰਸ ਸ਼ੁਰੂ ਕਰਨ ਤੋਂ ਪਹਿਲਾਂ ਪਟਿਆਲੇ ਦਾ ਗੁਰਮਤਿ ਕਾਲਜ ਹੀ ਇੱਕੋ-ਇੱਕ ਅਦਾਰਾ ਸੀ, ਜਿੱਥੇ ਧਰਮ ਅਧਿਐਨ ਦੀ ਮਾਸਟਰ ਡਿਗਰੀ ਦੀ ਵਿੱਦਿਆ ਦਿੱਤੀ ਜਾਂਦੀ ਹੈ। ਇਸ ਅਦਾਰੇ ਦੀ ਪ੍ਰਿੰਸੀਪਲਸ਼ਿਪ ਆਪਣੇ ਆਪ ਵਿਚ ਇੱਕ ਬਹੁਤ ਹੀ ਸਤਿਕਾਰਤ ਅਤੇ ਮਾਣਮੱਤੀ ਪਦਵੀ ਹੈ। ਇਹ ਉਹ ਅਦਾਰਾ ਹੈ, ਜਿੱਥੇ ਨਾ ਸਿਰਫ ਧਰਮ ਦੀ ਅਕਾਦਮਿਕ ਸਿੱਖਿਆ ਹੀ ਦਿੱਤੀ ਜਾਂਦੀ ਹੈ, ਸਗੋਂ ਵਿਦਿਆਰਥੀਆਂ ਦੇ ਹੋਸਟਲ ਵਿਚ ਰਹਿਣ ਦਾ ਸਾਰਾ ਖਰਚਾ ਅਦਾਰੇ ਵੱਲੋਂ ਕਰਦਿਆਂ ਵਿਦਿਆਰਥੀਆਂ ਨੂੰ ਅਮਲੀ ਰੂਪ ਵਿਚ ਧਾਰਮਿਕ ਰਹਿਣੀ ਵਿਚ ਵੀ ਪਰਪੱਕ ਕੀਤਾ ਜਾਂਦਾ ਹੈ। ਡਾ. ਜਸਵੀਰ ਕੌਰ ਨੇ ਪ੍ਰਿੰਸੀਪਲ ਹੁੰਦਿਆਂ ਅੰਤਰਰਾਸ਼ਟਰੀ ਪੱਧਰ ਦੇ ਕਈ ਵੈਬਨਾਰ ਆਯੋਜਤ ਕੀਤੇ ਹਨ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਹਰ ਸਾਲ ਵੱਖ ਵੱਖ ਖੇਤਰਾਂ ਦੀਆਂ ਨਾਮਵਰ ਹਸਤੀਆਂ ਜਿਵੇਂ ਪੰਜਾਬੀ, ਹਿੰਦੀ, ਉਰਦੂ ਆਦਿ ਭਾਸ਼ਾ ਦੇ ਸ਼੍ਰੋਮਣੀ ਸਾਹਿਤਕਾਰ, ਸ਼੍ਰੋਮਣੀ ਕਵੀਸ਼ਰ, ਸ਼੍ਰੋਮਣੀ ਰਾਗੀ ਆਦਿ ਪੁਰਸਕਾਰ ਦਿੱਤੇ ਜਾਂਦੇ ਹਨ। ਇਸ ਵਾਰ ਦੇ ਸ਼੍ਰੋਮਣੀ ਰਾਗੀ ਪੁਰਸਕਾਰ ਲਈ ਡਾ. ਜਸਵੀਰ ਕੌਰ ਦੀ ਚੋਣ ਕੀਤੀ ਗਈ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਕਿਸੇ ਔਰਤ ਰਾਗੀ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇੱਕ ਬੀਬੀ ਦੀ ਸ਼੍ਰੋਮਣੀ ਰਾਗੀ ਵਜੋਂ ਚੋਣ ਕੀਤੀ ਗਈ ਹੈ।
ਬੀਬੀ ਨਾਨਕੀ ਨੇ ਗੁਰੂ ਨਾਨਕ ਵਿਚ ਵਸਦੀ ਰੱਬੀ ਜੋਤਿ ਦੀ ਪਛਾਣ ਕਰਨ ਦੀ ਪਹਿਲ ਕਰਕੇ ਪਹਿਲੀ ਸਿੱਖ ਹੋਣ ਦਾ ਮਾਣ ਪ੍ਰਾਪਤ ਕਰਕੇ, ਮਾਤਾ ਖੀਵੀ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਸ਼ਬਦ ਦੇ ਲੰਗਰ ਦੇ ਨਾਲ ਭੋਜਨ ਦਾ ਲੰਗਰ ਚਲਾ ਕੇ, ਬੀਬੀ ਭਾਨੀ ਨੇ ਗੁਰੂ-ਪਿਤਾ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ, ਮਾਤਾ ਜੀਤੋ ਜੀ ਨੇ ਦਸਮ ਪਾਤਿਸ਼ਾਹ ਵੱਲੋਂ ਅੰਮ੍ਰਿਤ ਤਿਆਰ ਕਰਦੇ ਸਮੇਂ ਅੰਮ੍ਰਿਤ-ਜਲ ਵਿਚ ਪਤਾਸੇ ਪਾ ਕੇ ਅਤੇ ਮਾਈ ਭਾਗੋ ਨੇ ਬੇਦਾਵਾ ਦੇ ਕੇ ਗਏ ਸਿੰਘਾਂ ਨੂੰ ਵਾਪਸ ਗੁਰੂ ਦੀ ਸ਼ਰਨ ਵਿਚ ਲਿਆ ਕੇ ਗੁਰੂ ਨਾਨਕ ਸਾਹਿਬ ਦੇ ਦਿੱਤੇ ਸਿਧਾਂਤ ਕਿ ਔਰਤ ਨੈਤਿਕ ਅਤੇ ਅਧਿਆਤਮਕ ਤੌਰ `ਤੇ ਪੁਰਸ਼ ਦੇ ਬਰਾਬਰ ਦੀ ਹੱਕਦਾਰ ਹੈ, ਦਾ ਅਮਲੀ ਪ੍ਰਕਾਸ਼ਨ ਕੀਤਾ। ਗੁਰੂ ਨਾਨਕ ਸਾਹਿਬ ਨੇ ‘ਵਾਰ ਆਸਾ ਕੀ’ ਵਿਚ ਹਰ ਤਰ੍ਹਾਂ ਦੇ ਸੂਤਕ ਅਤੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ ਹੋਇਆ ਹੈ।
ਕੀ ਵਜ੍ਹਾ ਹੈ ਕਿ ਸਿਧਾਂਤ ਅਤੇ ਸਿੱਖ ਇਤਿਹਾਸ ਵਿਚ ਸਿਧਾਂਤ ਦਾ ਅਮਲੀ ਪ੍ਰਕਾਸ਼ਨ ਪ੍ਰਾਪਤ ਹੋਣ ਦੇ ਬਾਵਜੂਦ ਬੀਬੀਆਂ ਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਨਾ ਹੀ ਅੰਮ੍ਰਿਤ ਵੇਲੇ ਦੀ ਸੇਵਾ ਕਰਨ ਦਿੱਤੀ ਜਾਂਦੀ ਹੈ ਅਤੇ ਨਾ ਹੀ ਕੀਰਤਨ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਇਸ ਸਿਧਾਂਤ ਅਤੇ ਅਮਲੀ ਪ੍ਰਕਾਸ਼ਨ ਦੀ ਸਮਝ ਮੌਜੂਦਾ ਪ੍ਰਬੰਧਕਾਂ ਨੂੰ ਕਿਉਂ ਨਹੀਂ ਲਗਦੀ? ਕੀ ਉਹ ਗੁਰੂ ਦੇ ਸਿਧਾਂਤ ਤੋਂ ਆਪਣੇ ਆਪ ਨੂੰ ਉੱਪਰ ਸਮਝਦੇ ਹਨ? ਵਾਹਿਗੁਰੂ ਅੱਗੇ ਅਰਦਾਸ ਹੈ ਕਿ ਡਾ. ਜਸਵੀਰ ਕੌਰ ਦੀ ਉਕਾਬੀ ਪਰਵਾਜ਼ ਨੂੰ ਹੋਰ ਉਚਾਈਆਂ ਬਖਸ਼ਿਸ਼ ਕਰਨ ਤੇ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਨਾਲ ਹੀ ਪ੍ਰਬੰਧਕਾਂ ਨੂੰ ਸੁਮੱਤ ਬਖਸ਼ਣ ਕਿ ਉਹ ਗੁਰੂ ਸਿਧਾਂਤ ਦਾ ਪਾਲਣ ਕਰਦੇ ਹੋਏ ਡਾ. ਜਸਵੀਰ ਕੌਰ ਵਰਗੀਆਂ ਔਰਤ ਰਾਗੀਆਂ ਨੂੰ ਦਰਬਾਰ ਸਾਹਿਬ ਤੋਂ ਕੀਰਤਨ ਕਰਨ ਦਾ ਮੌਕਾ ਦੇਣ।
ਡਾ. ਜਸਵੀਰ ਕੌਰ ਪੰਜਾਬੀ ਯੂਨੀਵਰਸਿਟੀ ਦੇ ‘ਪੰਜਾਬੀ ਵਿਕਾਸ ਵਿਭਾਗ’ ਤੋਂ ਬਤੌਰ ਪ੍ਰੋਫੈਸਰ, ਮੁਖੀ 2019 ਵਿਚ ਰਿਟਾਇਰ ਹੋਣ ਤੋਂ ਉਪਰੰਤ ਅੱਜ ਕੱਲ੍ਹ ਪਟਿਆਲਾ ਦੇ ‘ਗੁਰੂ ਨਾਨਕ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਪ੍ਰਤਿਸ਼ਟ ‘ਗੁਰਮਤਿ ਕਾਲਜ’ ਦੀ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਹਨ। ਪੰਜਾਬੀ ਵਿਕਾਸ ਵਿਭਾਗ ਉਹ ਬਤੌਰ ਸੰਗੀਤ ਵਿਸ਼ੇਸ਼ਗ ਦੇ ਤੌਰ ‘ਤੇ ਸੇਵਾ ਨਿਭਾ ਰਹੇ ਸਨ। ਉਹ ਗੁਰਮਤਿ ਸੰਗੀਤ ਵਿਚ ਇੱਕ ਜਾਣੀ-ਪਛਾਣੀ ਸ਼ਖਸੀਅਤ ਹਨ। ‘ਭਾਸ਼ਾ ਵਿਭਾਗ ਪੰਜਾਬ’ ਵੱਲੋਂ ਹਰ ਸਾਲ ਵੱਖ ਵੱਖ ਖੇਤਰਾਂ ਨਾਲ ਸਬੰਧਤ ਵਿਅਕਤੀਆਂ ਨੂੰ ‘ਸ਼੍ਰੋਮਣੀ ਪੁਰਸਕਾਰ’ ਦਿੱਤੇ ਜਾਂਦੇ ਹਨ। ਇਸ ਵਾਰ ਦੇ ‘ਸ਼੍ਰੋਮਣੀ ਰਾਗੀ’ ਦੇ ਪੁਰਸਕਾਰ ਲਈ ਚੋਣ ਡਾ. ਜਸਵੀਰ ਕੌਰ ਦੀ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਔਰਤ ਰਾਗੀ ਨੂੰ ‘ਸ਼੍ਰੋਮਣੀ ਪੁਰਸਕਾਰ’ ਲਈ ਚੁਣਿਆ ਗਿਆ ਹੈ। ਇਹ ਜਿੱਥੇ ਬਹੁਤ ਹੀ ਮਾਣ ਕਰਨ ਵਾਲੀ ਗੱਲ ਹੈ, ਉਥੇ ਬੀਬੀਆਂ ਲਈ, ਖਾਸ ਕਰਕੇ ਸਿੱਖ ਬੀਬੀਆਂ ਲਈ ਬਹੁਤ ਹੀ ਫਖਰ-ਯੋਗ ਸੁਨੇਹਾ ਹੈ ਕਿ ‘ਭਾਸ਼ਾ ਵਿਭਾਗ ਪੰਜਾਬ’ ਵੱਲੋਂ ਇਹ ਪਹਿਲ ਕੀਤੀ ਗਈ ਹੈ। ਸਿੱਖ ਬੀਬੀਆਂ ਦਾ ਇਹ ਬਰਾਬਰੀ ਦਾ ਹੱਕ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦਾ ਮੌਕਾ ਮਿਲਣ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ।