ਰੰਗਰੇਜ਼ਤਾ

ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ, ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ, ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮੁਹੱਬਤ ਦੀਆਂ ਤਰਬਾਂ ਛੇੜੀਆਂ ਸਨ, “ਭਾਗਾਂ ਵਾਲਿਆਂ ਦੀ ਝੋਲੀ ਮੁਹੱਬਤ ਨਾਲ ਭਰਦੀ ਅਤੇ ਮੁਹੱਬਤੀ ਜਾਹੋ-ਜਲਾਲ ‘ਚ ਸ਼ਰਸ਼ਾਰ ਹੁੰਦੇ।… ਮੁਹੱਬਤ ਤੋਂ ਮੁਹੱਬਤ ਤੀਕ ਦੀ ਯਾਤਰਾ, ਸਭ ਤੋਂ ਸੁਹਾਵਣਾ ਸਫਰ ਅਤੇ ਬਹੁਤ ਘੱਟ ਲੋਕ ਬਣਦੇ ਅਜਿਹੇ ਹਮਰਾਹੀ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਰੰਗਾਂ ਦਾ ਛੱਟਾ ਕੇਰਦਿਆਂ ਜਿ਼ੰਦਗੀ ਦੇ ਵੱਖ ਵੱਖ ਰੰਗਾਂ ਦਾ ਪ੍ਰਸੰਗ ਪੇਸ਼ ਕੀਤਾ ਹੈ, “ਰੰਗਾਂ ਤੋਂ ਬਗੈਰ ਬੇਹਿਸ ਹੋ ਜਾਵੇਗੀ ਜਿ਼ੰਦਗੀ, ਕਿਉਂਕਿ ਰੰਗ-ਬੇਰੰਗਤਾ ਹੀ ਹੁੰਦੀ ਜੋ ਮਨੁੱਖ ਨੂੰ ਜਿਊਣ ਦਾ ਉਤਸ਼ਾਹ, ਉਮਾਹ ਅਤੇ ਉਮੰਗ ਦਿੰਦੀ। ਰੰਗਾਂ ਪ੍ਰਤੀ ਜਿ਼ੰਦਾਦਿਲੀ ਹੀ ਮਨੁੱਖ ਨੂੰ ਜਿਊਣ ਜੋਗਾ ਰੱਖਦੀ; ਪਰ ਸਭ ਤੋਂ ਪਾਕ ਤੇ ਮਜੀਠ ਹੁੰਦਾ ਹੈ, ਰੂਹ ਦਾ ਰੰਗ।… ਕੁਝ ਰੰਗ ਪੱਕੇ ਹੁੰਦੇ। ‘ਕੇਰਾਂ ਚੜ੍ਹ ਜਾਂਦੇ ਤਾਂ ਉਹ ਲੱਥਦੇ ਨਹੀਂ। ਭਾਵੇਂ ਇਹ ਪਿਆਰ ਦਾ, ਦਿਲਦਾਰ ਦਾ, ਜੀਵਨ-ਖੁਮਾਰ ਦਾ ਜਾਂ ਅਲਾਹੀ ਹੁਲਾਰ ਦਾ ਹੋਵੇ।” ਉਨ੍ਹਾਂ ਦਾ ਮਸ਼ਵਰਾ ਹੈ, “ਲੋੜ ਹੈ, ਅਸੀਂ ਕੁਦਰਤੀ ਪਸਾਰ ਦੇ ਰੰਗਾਂ ਨੂੰ ਸਮਝ, ਇਸ ਅਨੁਸਾਰ ਜਿ਼ੰਦਗੀ ਨੂੰ ਜਿਊਣ ਦਾ ਤਰੱਦਦ ਕਰਾਂਗੇ ਤਾਂ ਸਾਨੂੰ ਦੁੱਖਾਂ, ਦਰਦਾਂ, ਪੀੜਾਂ, ਹਿੱਚਕੀਆਂ, ਹਾਵਿਆਂ, ਸਿਸਕੀਆਂ, ਸੋਗ, ਰੋਗ, ਸੰਤਾਪ ਅਤੇ ਸਦਮਿਆਂ ਵਿਚੋਂ ਬਾਹਰ ਨਿਕਲਣ ਦੀ ਸੋਝੀ ਆਵੇਗੀ।”

ਡਾ. ਗੁਰਬਖਸ਼ ਸਿੰਘ ਭੰਡਾਲ

ਜਿ਼ੰਦਗੀ ਰੰਗਾਂ ਦਾ ਭਰ ਵਗਦਾ ਦਰਿਆ। ਕਦੇ ਉਛਲਦਾ, ਕਦੇ ਨੀਵਾਂ ਵਹਿੰਦਾ, ਕਦੇ ਧੀਮੀ ਤੋਰ ਤੇ ਕਦੇ ਸ਼ੋਰ ਮਚਾਉਂਦਾ। ਕਦੇ ਕੰਢਿਆਂ ਨੂੰ ਛੂੰਹਦਾ ਅਤੇ ਕਦੇ ਧਰਤੀ ਦੀ ਹਿੱਕ `ਤੇ ਕੁੱਤਕੁਤਾੜੀਆਂ ਕੱਢਦਾ। ਕਦੇ ਇਸ ਵਿਚ ਬਰੇਤੇ ਉਗਦੇ ਅਤੇ ਕਦੇ ਇਸ ‘ਚੋਂ ਕੂਕਦਾ ਬਰਬਾਦੀ ਦਾ ਵਿਖਿਆਨ। ਜਿ਼ੰਦਗੀ ਦੇ ਇਸ ਰੰਗਲੇ ਦਰਿਆ ਵਿਚੋਂ ਕਿਹੜੇ ਰੰਗਾਂ ਨੇ ਤੁਹਾਡੇ ਵਿਅਕਤੀਤਵ ਅਤੇ ਜਿ਼ੰਦਗੀ ਨੂੰ ਵਿਸਥਾਰ ਦਿੱਤਾ ਅਤੇ ਇਸ ਵਿਚੋਂ ਕੀ ਪ੍ਰਾਪਤ ਕੀਤਾ, ਇਹ ਮਨੁੱਖੀ ਸੁਭਾਅ ਅਤੇ ਸੋਚ ਦੇ ਦਿਸਹੱਦਿਆਂ ਨੇ ਨਿਸ਼ਚਿਤ ਕਰਨਾ ਹੁੰਦਾ।
ਰੰਗਾਂ ਤੋਂ ਬਗੈਰ ਨੀਰਸ ਏ ਜਿ਼ੰਦਗੀ, ਬਹੁਤ ਹੀ ਉਕਾਊ। ਕੁਦਰਤ ਦੀ ਅਨਾਇਤ ਵਿਚੋਂ ਝਰਦੀ ਏ ਰੰਗਾਂ ਦੀ ਆਬਸ਼ਾਰ। ਰੰਗ ਤਾਂ ਕੁਦਰਤ ਦੀ ਕਲਾਕਾਰੀ, ਜਿਸ ਵਿਚੋਂ ਜਿ਼ੰਦਗੀ ਨੇ ਸੰਦਲੀ ਰੰਗਾਂ ਨਾਲ ਆਪਣੇ ਆਲੇ-ਦੁਆਲੇ ਦੀ ਪਰਦਾਦਾਰੀ ਕਰਨੀ ਹੁੰਦੀ। ਕਦੇ ਕਾਲੇ ਰੰਗ ਦਾ ਬੁਰਕਾ ਅਤੇ ਕਦੇ ਚਿੱਟੀ ਚੁੰਨੀ ਨਾਲ ਖੁਦ ਨੂੰ ਕੱਜਣਾ ਪੈਂਦਾ।
ਰੰਗਾਂ ਵਿਚੋਂ ਹੀ ਰੂਹ-ਰੇਜ਼ਤਾ, ਰਾਗਣੀ, ਰਮਤਾ ਅਤੇ ਰਾਜ਼ਦਾਰਾਨਾ ਵਰਤਾਰਿਆਂ ਨੇ ਨਾਜ਼ਲ ਹੋਣਾ ਹੁੰਦਾ। ਇਸ ਵਿਚੋਂ ਜੀਵਨ ਦੀਆਂ ਉਨ੍ਹਾਂ ਤੰਦੀਆਂ ਨੇ ਤਾਰ ਬਣ ਕੇ ਸੰਗੀਤਕ ਸੁਰਾਂ ਨੂੰ ਵੀ ਉਪਜਾਉਣਾ ਹੁੰਦਾ ਅਤੇ ਮਾਰੂਥਲ ਵਿਚ ਵੀ ਮੇਘ ਬਰਸਦਾ।
ਰੰਗ, ਜੀਵਨ ਦੇ ਸਮੁੱਚ ਨੂੰ ਆਪਣੇ ਵਿਚ ਰੰਗਦੇ। ਰੰਗਾਂ ਵਿਚੋਂ ਹੀ ਜੀਵਨ ਨੂੰ ਨਵੀਆਂ ਨਕੋਰ ਅਤੇ ਨਿਵੇਕਲੀਆਂ ਪਰਤਾਂ ਰਾਹੀਂ ਨਿਹਾਰਿਆ ਜਾ ਸਕਦਾ। ਰੰਗਾਂ ਤੋਂ ਬਗੈਰ ਬੇਹਿਸ ਹੋ ਜਾਵੇਗੀ ਜਿ਼ੰਦਗੀ, ਕਿਉਂਕਿ ਰੰਗ-ਬੇਰੰਗਤਾ ਹੀ ਹੁੰਦੀ ਜੋ ਮਨੁੱਖ ਨੂੰ ਜਿਉਣ ਦਾ ਉਤਸ਼ਾਹ, ਉਮਾਹ ਅਤੇ ਉਮੰਗ ਦਿੰਦੀ, ਜਿਹੜੀ ਪੈਰਾਂ ਦੇ ਨਾਮ ਸਫਰ ਅਤੇ ਸੋਚ-ਜੂਹ ਵਿਚ ਸੁਪਨਿਆਂ ਦੀ ਸੱਤਰੰਗੀ ਸਿਰਜਣ ਵਿਚ ਸਹਾਈ।
ਕਦੇ ਕੁਦਰਤ ਦੇ ਰੰਗਾਂ ਦੀ ਬੇਸ਼ੁਮਾਰਤਾ ਵਿਚੋਂ ਕਾਇਨਾਤ ਦੀ ਬਹੁਲਤਾ, ਬੇਰੰਗਤਾ ਅਤੇ ਬਹੁਪ੍ਰਤੀਤੀ ਨੂੰ ਦੇਖਣਾ। ਫਿਰ ਆਪਣੀ ਸੋਚ ਦੀ ਸੀਮਤ ਜਿਹੀ ਰੰਗਤਾ ਨੂੰ ਕਿਆਸਣਾ। ਤੁਹਾਡੀ ਤੁੱਛਤਾ, ਤੁਹਾਡੇ ਸਾਹਵੇਂ ਹੀ ਸਪੱਸ਼ਟ ਹੋ ਜਾਵੇਗੀ।
ਜਦ ਕਿਸੇ ਮਨੁੱਖ ਨੂੰ ਉਸ ਦੀ ਚਮੜੀ ਦੇ ਰੰਗਾਂ ਵਿਚੋਂ ਪਛਾਣਿਆ ਜਾਂਦਾ ਤਾਂ ਨਸਲੀ ਵਿਤਕਰਿਆਂ, ਸਾਜਿਸ਼ਾਂ ਅਤੇ ਨਫਰਤਾਂ ਦਾ ਅਜਿਹਾ ਦੌਰ ਸ਼ੁਰੂ ਹੁੰਦਾ ਕਿ ਹਾਲੋ-ਬੇਹਾਲ ਹੋਈ ਮਨੁੱਖਤਾ, ਆਪਣੇ ਹੰਝੂ ਵੀ ਨਹੀਂ ਪੂੰਝ ਸਕਦੀ। ਉਸ ਦੀਆਂ ਸਿਸਕੀਆਂ ਤੇ ਹਾਵਿਆਂ ਦਾ ਸ਼ੋਰ ਵੀ ਕਿਸੇ ਨੂੰ ਸੁਣਾਈ ਨਹੀਂ ਦਿੰਦਾ। ਅਜੋਕੇ ਮਨੁੱਖ ਨੇ ਤਾਂ ਮਾਨਵਤਾ ਨੂੰ ਵੀ ਸ਼ਰਮਸ਼ਾਰ ਕਰ ਦਿੱਤਾ ਏ। ਨਸਲੀ ਹਿੰਸਾ ਦੀ ਭੇਟ ਚੜ੍ਹੇ ਵਿਅਕਤੀਆਂ ਦੇ ਬਲਦੇ ਸਿਵਿਆਂ ਦਾ ਸੇਕ, ਆਖਰ ਨੂੰ ਸਿਵੇ ਬਾਲਣ ਵਾਲਿਆਂ ਤੀਕ ਵੀ ਜਰੂਰ ਪਹੁੰਚੇਗਾ, ਪਰ ਉਦੋਂ ਤੀਕ ਬਹੁਤ ਦੇਰ ਹੋ ਜਾਵੇਗੀ। ਨਸਲੀ ਨਫਰਤ ਵਿਚ ਧੁੱਖ ਰਿਹਾ ਹੈ ਸਮੁੱਚਾ ਸੰਸਾਰ, ਪਰ ਕੋਈ ਨਹੀਂ ਸੁਣਦਾ ਮਨੁੱਖ ਦੀ ਫਰਿਆਦ? ਬੰਦੇ ਦੇ ਜਾਣ ਤੋਂ ਬਾਅਦ ਕਿਵੇਂ ਕਰੋਗੇ ਕਬਰਾਂ ਨੂੰ ਯਾਦ? ਜਿਨ੍ਹਾਂ ਨੇ ਸਿਰਫ ਹੋਣਾ ਏ ਮਨੁੱਖ ਦੀਆਂ ਕਰਤੂਤਾਂ ਸੰਗ ਆਬਾਦ।
ਮਨੁੱਖੀ ਜਿ਼ੰਦਗੀ ਦੇ ਵੱਖੋ-ਵੱਖ ਰੰਗ। ਕਦੇ ਬਚਪਨ, ਕਦੇ ਲੜਕਪਣ, ਕਦੇ ਜਵਾਨੀ ਅਤੇ ਕਦੇ ਅੱਧਖੜ। ਕਦੇ ਬਹੱਤਰਿਆ ਅਤੇ ਕਦੇ ਬਜੁਰਗ। ਹਰ ਉਮਰ ਅਤੇ ਪੜਾਅ ਦਾ ਆਪਣਾ ਲੁਤਫ, ਹੁਲਾਸ, ਕਰਮਯੋਗਤਾ ਅਤੇ ਕਰਮਸ਼ੀਲਤਾ। ਇਸ ਨੂੰ ਇਸ ਦੇ ਸਮੁੱਚ ਵਿਚ ਰੱਖ ਕੇ ਜਿਊਣਾ ਹੀ ਜਿ਼ੰਦਗੀ ਦਾ ਸੁੱਚਾ ਰੰਗ। ਰੰਗਾਂ ਪ੍ਰਤੀ ਜਿ਼ੰਦਾਦਿਲੀ ਹੀ ਮਨੁੱਖ ਨੂੰ ਜਿਊਣ ਜੋਗਾ ਰੱਖਦੀ।
ਮਨ ਦੇ ਬਦਲਦੇ ਰੰਗਾਂ ਵਿਚੋਂ ਮਨੁੱਖ ਦੀ ਸ਼ਖਸੀਅਤ ਨੂੰ ਬਾਖੂਬੀ ਪੜ੍ਹਿਆ ਅਤੇ ਸਮਝਿਆ ਜਾ ਸਕਦਾ। ਮਨ ਕਦੇ ਉਤਸ਼ਾਹ ਵਿਚ, ਕਦੇ ਹਾਅ ਵਿਚ, ਕਦੇ ਚਾਅ ਵਿਚ ਤੇ ਕਦੇ ਆਹ ਵਿਚ। ਕਦੇ ਉਦਾਸੀ ਦੇ ਰੰਗ ‘ਚ ਰੰਗਿਆ। ਕਦੇ ਵਿਸ਼ਵਾਸ ਤੇ ਧਰਵਾਸ ਨਾਲ ਭਰਿਆ-ਭਕੁੰਨਾ। ਕਦੇ ਬੇ-ਉਮੀਦੀ ਦੀ ਗਰਕਣੀ ਵਿਚ ਖੁੱਭਿਆ। ਕਦੇ ਆਸ ਵਿਚ ਓਤ-ਪੋਤ ਤੇ ਕਦੇ ਬੇਉਮੀਦੀ ਵਿਚ ਨਿਢਾਲ। ਕਦੇ ਵਿਛੋੜੇ ਵਿਚ ਤੜਫਦਾ, ਕਦੇ ਮਿਲਾਪ ‘ਚ ਗੁੰਮਸ਼ੁਦਾ। ਕਦੇ ਰਾਤਾਂ ਵਿਚ ਊਂਘਦਾ ਤੇ ਕਦੇ ਸੁਖਨ ਭਰੀ ਨੀਂਦ। ਕਦੇ ਚਾਨਣ ਦੀ ਖਿੱਤੀਆਂ ਦਾ ਹਾਣ ਲੋਚਦਾ, ਕਦੇ ਪਲਕਾਂ ਦੇ ਸਾਗਰ ਵਿਚ ਡੁੱਬਣ ਲਈ ਕਾਹਲਾ। ਕਦੇ ਪੈਰਾਂ ਵਿਚ ਉਗਿਆ ਸਫਰ ਤੇ ਕਦੇ ਰਾਹ ‘ਚ ਬੈਠਾ ਸੁਸਤਾਉਂਦਾ। ਕਦੇ ਸੁੰਨ-ਸਮਾਧੀ ਵਿਚ ਲੀਨ ਤੇ ਕਦੇ ਬੋਲ-ਬੁਛਾਰ ਵਿਚ ਪ੍ਰਬੀਨ। ਕਦੇ ਗੁੰਮਸ਼ੁਦਗੀ ਦਾ ਰਾਜ਼ ਤੇ ਕਦੇ ਹਾਸਿਆਂ ਦੀ ਨਿਰੰਤਰ ਸਾਜ਼। ਕਦੇ ਮਿਲਣ ਲਈ ਬਹਾਨਾ ਲੱਭਦਾ ਤੇ ਕਦੇ ਤੋੜ-ਵਿਛੋੜੇ ਲਈ ਕਾਹਲਾ। ਕਦੇ ਧੁੱਪ ਵਿਚ ਖੁਦ ਨੂੰ ਲੂੰਹਦਾ ਤੇ ਕਦੇ ਛਾਂਵਾਂ ਲਈ ਔਂਸੀਆਂ ਪਾਉਂਦਾ। ਕਦੇ ਕਿਸੇ ਲਈ ਛਾਂ ਬਣਦਾ ਤੇ ਕਦੇ ਕਿਸੇ ਲਈ ਵਗਦੀ ਲੂਅ। ਕਦੇ ਅੰਬਰ ਨੂੰ ਹੱਥ ਲਾਉਂਦਾ ਤੇ ਕਦੇ ਪਤਾਲ ਵੀ ਗਾਹ ਆਉਂਦਾ। ਕਦੇ ਇਕੱਲ ਦਾ ਹਾਮੀ ਤੇ ਕਦੇ ਇਕੱਲ ਤੋਂ ਡਰਦਾ। ਕਦੇ ਆਲ੍ਹੇ ਵਿਚ ਦੀਵਾ ਜਗਾ ਕੇ ਧਰਦਾ ਤੇ ਕਦੇ ਦੀਵਿਆਂ ਨੂੰ ਬੁਝਾਉਂਦਾ। ਕਦੇ ਬਨੇਰਿਆਂ ‘ਤੇ ਮੋਮਬੱਤੀਆਂ ਜਗਾ ਕੇ ਰਾਹੀਆਂ ਲਈ ਰਾਹ ਰੁਸ਼ਨਾਉਂਦਾ ਤੇ ਕਦੇ ਉਨ੍ਹਾਂ ਹੀ ਰਾਹਾਂ ਵਿਚ ‘ਨੇਰਿਆਂ ਭਰੀ ਰਾਤ ਪਾਉਂਦਾ। ਕਦੇ ਯੁੱਗ ਜਿਉਣ ਦੀਆਂ ਦੁਆਵਾਂ ਮੰਗਦਾ ਤੇ ਕਦੇ ਮੌਤ ਮੰਗਣ ਲੱਗਦਾ। ਬਹੁਤ ਪਰਤਾਂ ਨੇ ਇਸ ਮਨ ਦੀਆਂ ਤੇ ਮਨ ਵਿਚ ਉਬਲਦੇ ਨੇ ਭਾਵਨਾਵਾਂ, ਚਾਵਾਂ, ਲਾਲਸਾਵਾਂ ਅਤੇ ਕਾਮਨਾਵਾਂ ਦੇ ਜਵਾਰਭਾਟੇ। ਪਤਾ ਨਹੀਂ ਕਿਹੜੇ ਪਲ ਮਨ ਨੇ ਕਿਹੜਾ ਰੰਘ ਬਦਲਣਾ? ਇਹ ਤਾਂ ਉਹ ਤਰਲ, ਜਿਸ ਦੇ ਰੰਗਾਂ ਤੇ ਡੂੰਘਾਈ ਦੀ ਕੋਈ ਕਦੇ ਵੀ ਥਾਹ ਨਹੀਂ ਪਾ ਸਕਦਾ।
ਪਰ ਸਭ ਤੋਂ ਪਾਕ ਤੇ ਮਜੀਠ ਹੁੰਦਾ ਹੈ, ਰੂਹ ਦਾ ਰੰਗ। ਅੰਤਰੀਵ ਵਿਚ ਲਿਸ਼ਕੋਰਦੀ ਰੰਗਾਂ ਦੀ ਉਹ ਆਬਸ਼ਾਰ, ਜਿਸ ਨੇ ਤੁਹਾਨੂੰ ਜੀਵਨ ਦੇ ਕਟਹਿਰੇ ਵਿਚ ਖਲਿਆਰਨਾ ਹੁੰਦਾ; ਜਿਸ ਨੇ ਤੁਹਾਡੀ ਹੋਂਦ ਨੂੰ ਹਾਸਲ ਜਾਂ ਹੀਣ ਬਣਾਉਣਾ ਹੁੰਦਾ; ਜਿਸ ਵਿਚੋਂ ਤੁਹਾਡੀ ਪਾਕੀਜ਼ਗੀ ਜਾਂ ਪਤਿੱਤਪੁਣੇ ਦੇ ਦੀਦਾਰ ਹੁੰਦੇ; ਜਿਸ ਵਿਚੋਂ ਤੁਹਾਡੀ ਬੰਦਿਆਈ ਜਾਂ ਬਦਨੀਤੀ ਜਾਹਰ ਹੁੰਦੀ ਅਤੇ ਚੰਗਿਆਈ ਜਾਂ ਚਗਲਾਪਣ ਨਜ਼ਰ ਆਉਂਦਾ।
ਰੰਗ ਪ੍ਰੀਤ ਦਾ, ਮੀਤ ਦਾ, ਜੀਤ ਦਾ ਤੇ ਨੀਅਤ ਦਾ। ਰੰਗ ਰੋਗ ਦਾ, ਸੋਗ ਦਾ, ਵਿਯੋਗ ਦਾ ਤੇ ਯੋਗ ਦਾ। ਰੰਗ ਦੁੱਖ ਦਾ, ਸੁੱਖ ਦਾ, ਭੁੱਖ ਦਾ ਤੇ ਕੁੱਖ ਦਾ। ਰੰਗ ਮਾਣ ਦਾ, ਹਾਣ ਦਾ, ਨੁਕਸਾਨ ਦਾ ਤੇ ਧਨਵਾਨ ਦਾ। ਰੰਗ ਲੋਕਾਂ ਦਾ, ਜੋਕਾਂ ਦਾ, ਰੋਕਾਂ ਦਾ ਤੇ ਨੋਕਾਂ ਦਾ। ਰੰਗ ਭਾਲ ਦਾ, ਹਾਲ ਦਾ, ਚਾਲ ਦਾ ਤੇ ਸੰਭਾਲ ਦਾ।। ਰੰਗ ਸੋਚ ਦਾ, ਹੋਸ਼ ਦਾ, ਲੋਚ ਦਾ ਅਤੇ ਖਰੋਚ ਦਾ। ਰੰਗ ਕਲਮ ਦਾ, ਧਰਮ ਦਾ, ਕਰਮ ਦਾ ਅਤੇ ਸ਼ਰਮ ਦਾ। ਹਰੇਕ ਵਰਤਾਰੇ, ਵਸਤੂ, ਵਿਹਾਰ ਅਤੇ ਵੱਖਰਤਾ ਦਾ ਆਪਣਾ ਹੀ ਰੰਗ। ਸਿਰਫ ਇਸ ਨੂੰ ਸਮਝਣਾ, ਖੁਦ ਨੂੰ ਇਸ ਦੇ ਸਮਰੱਥ ਬਣਾਉਣਾ ਅਤੇ ਇਸ ਦੀਆਂ ਆਸਾਂ ਅਨੁਸਾਰ ਖੁਦ ਨੂੰ ਢਾਲ ਲੈਣਾ ਹੀ ਜਿ਼ੰਦਗੀ ਦਾ ਸੱਚਾ ਰੰਗ ਹੁੰਦਾ।
ਰੰਗ ਬਹੁਤ ਕੁਝ ਦਰਸਾਉਂਦਾ, ਸਮਝਾਉਂਦਾ ਅਤੇ ਮਨੁੱਖ ਨੂੰ ਉਸ ਦੀ ਔਕਾਤ ਦਿਖਾਉਂਦਾ। ਉਸ ਦੀ ਅੰਤਰਮੁਖੀ ਸੋਚ ਦੀ ਥਾਹ ਵੀ ਪਾਉਂਦਾ। ਗੂੜ੍ਹੇ ਰੰਗ ਨੂੰ ਅਪਨਾਉਣ ਵਾਲੇ ਦੇ ਮਨ ਵਿਚ ਜਿ਼ੰਦਗੀ ਨੂੰ ਗੂੜ੍ਹੇ ਅਤੇ ਸੂਹੇ ਰੰਗਾਂ ਨਾਲ ਰੰਗਣ ਦਾ ਚਾਅ ਤੇ ਹੁਨਰ ਹੁੰਦਾ। ਇਹ ਹੁਨਰ ਉਸ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਣ ਅਤੇ ਹਰ ਰੰਗ ਨੂੰ ਮਾਣਨ ਦਾ ਸਬੱਬ ਦੱਸਦਾ। ਹਲਕੇ ਰੰਗਾਂ ਵਿਚ ਖੁਦ ਨੂੰ ਸ਼ਫਾਫਤਾ ਬਖਸ਼ਣ ਵਾਲੇ ਸਧਾਰਨ, ਕੋਮਲਭਾਵੀ ਅਤੇ ਪਾਕ ਹੁੰਦੇ। ਅਦਭੁੱਤ ਦੀ ਪਵਿੱਤਰਤਾ ਹੁੰਦੀ ਏ ਉਨ੍ਹਾਂ ਦੀ ਤਰਬੀਅਤ ਤਹਿਜ਼ੀਬ ਅਤੇ ਤਾਂਘ ਵਿਚ। ਉਹ ਸੀਮਤ ਸਾਧਨਾਂ ਵਿਚੋਂ ਸਬਰ, ਸੰਤੋਖ, ਸਹਿਜ ਅਤੇ ਸਧਾਰਨਤਾ ਨੂੰ ਮਾਣਦੇ, ਜਿ਼ੰਦਗੀ ਦੇ ਸਰਬ-ਸੁਖਨ ਦਾ ਸੁੱਚਾ ਹਰਫ ਹੁੰਦੇ।
ਚਿੱਟੇ ਪਹਿਰਾਵੇ ਵਾਲਾ ਸ਼ਖਸ ਬਾਹਰੋਂ ਦੁੱਧ ਧੋਤਾ। ਉਹ ਖੁਦ ਨੂੰ ਦਾਗ ਲੱਗਣ ਤੋਂ ਬਚਾਉਂਦਾ। ਪਾਸਾ ਵੱਟ ਕੇ ਲੰਘਦਾ। ਉਸ ਦੀ ਕੋਸਿ਼ਸ਼ ਵੀ ਹੁੰਦੀ ਏ ਕਿ ਉਸ ਦੀ ਕੰਨੀਂ ਫੁੱਲ-ਪੱਤੀਆਂ ਨੂੰ ਨਾ ਬਖੇਰੇ। ਕਈ ਵਾਰ ਕੰਡੇ ਉਸ ਦੀ ਕੰਨੀ ਪਕੜ, ਕੁਝ ਪਲ ਠਹਿਰਨ ਦੀ ਧਾਰਨਾ ਉਸ ਦੇ ਮਨ ਵਿਚ ਜਰੂਰ ਧਰਦੇ। ਕਈ ਵਾਰ ਅਜਿਹੇ ਲੋਕ ਹੋਰਨਾਂ ਲਈ ਸੂਲਾਂ ਦੀ ਖੇਤੀ ਕਰਦੇ, ਪਰ ਅੰਦਰੋਂ ਫੁੱਲਾਂ ਵਰਗੀ ਤਾਸੀਰ ਵਰਗੇ ਲੋਕ ਫੁੱਲਾਂ ਦਾ ਵਣਜ ਕਰਦੇ, ਕਿਉਂਕਿ ਉਨ੍ਹਾਂ ਦਾ ਅੰਤਰੀਵ ਵੀ ਬਹੁਤ ਹੀ ਪਾਕ ਹੁੰਦਾ। ਅਜੋਕੇ ਸਮਾਜ ਵਿਚ ਕੁਝ ਕੁ ਅਜਿਹੇ ਵੀ ਹੁੰਦੇ, ਜੋ ਬਾਹਰੋਂ ਦੁੱਧ ਚਿੱਟੇ ਨਜ਼ਰ ਆਉਂਦੇ, ਪਰ ਉਨ੍ਹਾਂ ਦਾ ਅੰਦਰ ਕਾਲਖ ਨਾਲ ਭਰਿਆ ਹੁੰਦਾ। ਉਨ੍ਹਾਂ ਦੇ ਕਰਮ, ਧਰਮ, ਬੋਲ ਅਤੇ ਚੁੱਪ ਵਿਚ ਵੀ ਕਮੀਨਗੀ, ਕੁਰਹਿਤ ਅਤੇ ਕੁਲੱਖਣੇ ਪਲਾਂ ਦਾ ਨਿਵਾਸ ਹੁੰਦਾ।
ਕਾਲਾ ਲਿਬਾਸ ਫੱਕਰਾਂ ਦਾ। ਉਹ ਖੁਦ ਨੂੰ ਬਾਹਰੋਂ ਕਾਲੇ ਲੋਕ ਸਦੀਂਦੇ, ਪਰ ਅੰਦਰ ਚਾਨਣ ਨਾਲ ਰੌਸ਼ਨ ਰੌਸ਼ਨ। ਉਹ ਜਗਦੇ ਦੀਵਿਆਂ ਦੀ ਕਤਾਰ ਵਰਗੇ, ਜੋ ਕਾਲੀਆਂ ਗਲੀਆਂ, ਖੂੰਝੇ-ਖਰਲਾਂ ਤੇ ਕੁਰਾਹਾਂ ਵਿਚ ਵੀ ਚਾਨਣ ਦੀ ਜੋਤ ਜਗਾਉਂਦੇ। ਸੁੱਚੇ ਬੋਲਾਂ ਦਾ ਹੋਕਰਾ ਲਾਉਂਦੇ, ਹਰ ਮਨ ਆਤਮਿਕ ਜਾਗ ਲਾਉਂਦੇ, ਅਲਸਾਈਆਂ ਆਤਮਾਵਾਂ ਜਗਾਉਂਦੇ ਅਤੇ ਹਰ ਸ਼ਖਸ ਨੂੰ ਉਸ ਦੇ ਆਪੇ ਨਾਲ ਜੋੜਦੇ। ਸੂਹੀ ਸੋਚ ਦੀ ਸੱਦ ਉਨ੍ਹਾਂ ਦੀ ਝੋਲੀ ਵਿਚ ਪਾਉਂਦੇ। ਆਪਣਾ ਅਗੰਮੀ ਸਫਰ ਜਾਰੀ ਰੱਖਦਿਆਂ, ਕਿਸੇ ਹੋਰ ਦਰ, ਘਰ ਜਾਂ ਗਰਾਂ ਵਿਚ ਅਲਖ ਜਗਾਉਂਦੇ ਅਤੇ ਸੱਖਣੀਆਂ ਰੂਹਾਂ ਨੂੰ ਨਿਆਮਤਾਂ ਨਾਲ ਨਿਵਾਜਦੇ।
ਕੁਝ ਅਜਿਹੇ ਲੋਕ ਵੀ ਹੁੰਦੇ, ਜਿਨ੍ਹਾਂ ਲਈ ਰੰਗ ਦੇ ਕੋਈ ਅਰਥ ਹੀ ਨਹੀਂ। ਉਹ ਆਪਣੇ ਤਾਂਬੇ ਰੰਗੇ ਪਿੰਡੇ ਨੂੰ ਤਪਾਉਂਦੇ, ਕਿਰਤ-ਜੋਗ ਕਮਾਉਂਦੇ ਅਤੇ ਸੂਰਜ ਰੱਤੀਆਂ ਦੁਪਹਿਰਾਂ ਵਿਚ ਖੁਦ ਨੂੰ ਤਰਾਸ਼ਦੇ। ਖੁਦ ਨੂੰ ਕੁਦਰਤ ਦੀ ਅਸੀਮਤਾ ਵਿਚ ਅਭੇਦ ਕਰਦੇ ਅਤੇ ਸੀਮਤ ਜਿਹੀਆਂ ਲੋੜਾਂ ਦੀ ਪੂਰਤੀ ਨਾਲ ਜਿ਼ੰਦਗੀ ਦੇ ਸੁੱਚੇ ਅਰਥਾਂ ਨੂੰ ਵਕਤ ਦੇ ਸਫਿਆਂ ਦੇ ਨਾਮ ਕਰਦੇ। ਅਜਿਹੇ ਹਰਫਾਂ ਦੀ ਮਜੀਠੀ ਤਵਾਰੀਖ ਸਿਰਜ ਜਾਂਦੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਅੱਖਰ-ਜੋਤ ਵਿਚੋਂ ਜਿ਼ੰਦਗੀ ਦੇ ਅਰਥਾਂ ਦੀ ਨਿਸ਼ਾਨਦੇਹੀ ਕਰਦੀਆਂ ਰਹਿਣ।
ਕੋਰੇ ਵਰਕੇ `ਤੇ ਲਿਖੇ ਚਾਨਣ ਰੰਗੇ ਅੱਖਰ ਕਦੇ ਵੀ ਕਾਲਖਾਂ ਦਾ ਵਣਜ ਨਹੀਂ ਕਰਦੇ। ਇਹ ਤਾਂ ਲਿਖਣਹਾਰੇ ਦੀ ਬਿਰਤੀ, ਬੰਦਿਆਈ, ਬਹੁ-ਮੁੱਖਤਾ ਜਾਂ ਬਹੁ-ਰੰਗਤਾ ਨੂੰ ਪ੍ਰਗਟਾਉਂਦੇ, ਜਿ਼ੰਦਗੀ ਦੀਆਂ ਬੇਪ੍ਰਤੀਤੀਆਂ ਨੂੰ ਸੁਲਝਾਉਣ ਲਈ ਹਰਦਮ ਸ਼ਬਦਾਂ ਦੀ ਲੋਅ ਜਗਾਉਣ ਲਈ ਖੁਦ ਦੀ ਰੱਤ ਪਾਉਂਦੇ ਅਤੇ ਗਿਆਨ-ਗੋਸ਼ਟ ਨੂੰ ਚਿਰੰਜੀਵ ਰੱਖ, ਜੀਵਨ-ਸਮੁੱਚਤਾ ਦੀ ਹਾਮੀ ਭਰਦੇ।
ਰੰਗ ਆਹਾਂ ਦਾ ਵੀ ਤੇ ਸਾਹਾਂ ਦਾ ਵੀ। ਦਰਿਆਵਾਂ ਦਾ ਤੇ ਹਵਾਵਾਂ ਦਾ ਵੀ। ਭਾਵਾਂ ਦਾ ਤੇ ਚਾਵਾਂ ਦਾ ਵੀ। ਰੰਗ ਰੋਸੇ ਦਾ, ਪਲੋਸੇ ਦਾ, ਮਸੋਸੇ ਦਾ ਤੇ ਭਰੋਸੇ ਦਾ ਵੀ ਹੁੰਦਾ।
ਕੁਝ ਰੰਗ ਪੱਕੇ ਹੁੰਦੇ। ‘ਕੇਰਾਂ ਚੜ੍ਹ ਜਾਂਦੇ ਤਾਂ ਉਹ ਲੱਥਦੇ ਨਹੀਂ। ਭਾਵੇਂ ਇਹ ਪਿਆਰ ਦਾ, ਦਿਲਦਾਰ ਦਾ, ਜੀਵਨ-ਖੁਮਾਰ ਦਾ ਜਾਂ ਅਲਾਹੀ ਹੁਲਾਰ ਦਾ ਹੋਵੇ। ਇਹ ਕਦੇ ਵੀ ਨਹੀਂ ਪੈਂਦਾ ਫਿੱਕਾ, ਕਦੇ ਨਹੀਂ ਪੈਂਦੇ ਡੱਬ ਅਤੇ ਨਾ ਹੀ ਇਸ ਦੀ ਦਿੱਖ ਤੇ ਲਿਸ਼ਕ ਵਿਚ ਕਦੇ ਕੋਈ ਫਰਕ ਪੈਂਦਾ। ਸਦਾ ਉਜਲੇ, ਨਿੱਖਰੇ ਅਤੇ ਦਿਲਕਸ਼। ਇਨ੍ਹਾਂ ਦੀ ਦਿਲਦਾਰੀ ਵਿਚੋਂ ਹੀ ਜਿ਼ੰਦਗੀ ਨੂੰ ਸੁਖਨ, ਸਕੂਨ, ਸੰਤੁਸ਼ਟਤਾ ਅਤੇ ਸੰਪੂਰਨਤਾ ਦਾ ਅਹਿਸਾਸ ਹੁੰਦਾ।
ਕੁਝ ਰੰਗ ਬਿਲਕੁਲ ਹੀ ਕੱਚੇ। ਪਹਿਲੇ ਹੀ ਧੋ ਜਾਂ ਪਰਖ ਨਾਲ ਫਿੱਕੜੇ ਪੈ ਜਾਂਦੇ। ਉਨ੍ਹਾਂ ਦੀ ਲਿਸ਼ਕ ਧੁੱਪ ਵਿਚ ਧੰੁਦਲਾਅ ਜਾਂਦੀ। ਉਨ੍ਹਾਂ ਦੀ ਬੇਰੰਗਤਾ ਕਾਰਨ, ਬੇਰੌਣਕੀ, ਬੇਮੁੱਖਤਾ ਅਤੇ ਬੇਗਾਨਗੀ ਨੂੰ ਆਪਣੀ ਬੇਜ਼ੁਬਾਨਤਾ ਨੂੰ ਜੁਬਾਨ ਦੇਣ ਤੋਂ ਵੀ ਕੋਫਤ ਆਉਣ ਲੱਗਦੀ। ਇਨ੍ਹਾਂ ਕੱਚੇ ਰੰਗ ਨੂੰ ਕੋਈ ਨਹੀਂ ਚਾਹੁੰਦਾ। ਸਿਰਫ ਉਹ ਹੀ ਕੱਚੜੇ ਰੰਗਾਂ ਦੇ ਲਲਾਰੀ ਜਿਨ੍ਹਾਂ ਦੀ ਸੋਚ ਵਿਚ ਸਿਰੜ, ਸਾਧਨਾ ਅਤੇ ਸਮਰਪਿਤਾ ਦੀ ਕਚਿਆਈ ਤੇ ਕਮੀ। ਉਹ ਪਲ ਪਲ ਰੰਗ ਬਦਲਦਿਆਂ ਹੀ ਜਿ਼ੰਦਗੀ ਦਾ ਭਾਰ ਢੋਂਦੇ ਅਤੇ ਆਖਰ ਆਪਣੀ ਹੀ ਅਰਥੀ ਮੋਢੇ ‘ਤੇ ਧਰ, ਕਬਰਾਂ ਨੂੰ ਤੁਰ ਪੈਂਦੇ।
ਰੰਗ ਰੂਹ ਦਾ, ਸੂਹ ਦਾ, ਜੂਹ ਦਾ ਅਤੇ ਲੂਅ ਦਾ ਵੀ ਹੁੰਦਾ। ਇਹ ਰੰਗ ਬਹੁਤ ਹੱਠੀ। ਇਨ੍ਹਾਂ ਦੇ ਹੱਠ ਨੂੰ ਜੀਵਨ ਦਾ ਹੱਠ ਬਣਾਉਣ ਵਾਲਿਆਂ ਲਈ ਕੁਝ ਵੀ ਅਸੰਭਵ ਨਹੀਂ। ਉਹ ਸੁਪਨਗੋਈ ਦਾ ਸੱਚ ਹੁੰਦੇ ਅਤੇ ਉਨ੍ਹਾਂ ਦੀ ਪਰਵਾਜ਼ `ਤੇ ਅੰਬਰ ਦਾ ਨਾਮ। ਉਨ੍ਹਾਂ ਦੇ ਕਲਾਵੇ ਵਿਚ ਦੁਨੀਆਂ ਦੀਆਂ ਸਭੈ ਖੈਰਾਂ, ਖੈਰੀਅਤਾਂ, ਖਾਬਾਂ ਅਤੇ ਖਿਆਲਾਂ ਦਾ ਖਜ਼ਾਨਾ। ਉਹ ਰੰਗਾਂ ਦੀਆ ਰਮਜ਼ਾਂ ਨੂੰ ਪਛਾਣਦੇ, ਇਨ੍ਹਾਂ ਦੀ ਰੂਹ ਨੂੰ ਆਪਣੀ ਰੂਹ-ਰੇਜ਼ਤਾ ਬਣਾਉਂਦੇ। ਇਨ੍ਹਾਂ ਦੀ ਰੰਗੀਨੀ, ਰੰਗਰੇਜ਼ਤਾ ਬਣਦੀ। ਜੀਵਨ ਦੀ ਆਭਾ ਨੂੰ ਨਵੀਆਂ ਤਰਜੀਹਾਂ, ਤਰਤੀਬਾਂ ਅਤੇ ਤਕਦੀਰਾਂ ਦਾ ਹਾਣੀ ਬਣਾਉਂਦੇ।
ਰੰਗਾਂ ਦੀਆਂ ਬਾਹਰੀ ਪਰਤਾਂ ਨਾਲੋਂ ਇਸ ਦੀ ਅੰਤਰੀਵਤਾ ਨੂੰ ਪੜ੍ਹਨ, ਸਮਝਣ ਅਤੇ ਇਸ ਅਨੁਸਾਰ ਆਪਣੀ ਜੀਵਨ-ਮੁਹਾਰ ਨੂੰ ਸੇਧਤ ਕਰਨਾ ਹੀ ਜੀਵਨ-ਜੁਗਤ ਨੂੰ ਨਵੇਂ ਰੰਗ, ਰੂਪ, ਰਵਾਇਤਾਂ ਅਤੇ ਰਸਮਾਂ ਨਾਲ ਮੁਖਾਤਬ ਹੋਣਾ ਹੁੰਦਾ। ਸੁਖਨਤਾ, ਸਹਿਜਤਾ, ਸਧਾਰਨਤਾ ਤੇ ਸੁੰਦਰਤਾ ਨੂੰ ਤਲਾਸ਼ਣਾ ਹੀ ਜਿ਼ੰਦਗੀ ਦਾ ਗੁਰਮੰਤਰ, ਜਿਸ ਤੋਂ ਸਾਰੇ ਅਣਜਾਣ। ਲੋੜ ਹੈ, ਅਸੀਂ ਕੁਦਰਤੀ ਪਸਾਰ ਦੇ ਰੰਗਾਂ ਨੂੰ ਸਮਝ, ਇਸ ਅਨੁਸਾਰ ਜਿ਼ੰਦਗੀ ਨੂੰ ਜਿਊਣ ਦਾ ਤਰੱਦਦ ਕਰਾਂਗੇ ਤਾਂ ਸਾਨੂੰ ਦੁੱਖਾਂ, ਦਰਦਾਂ, ਪੀੜਾਂ, ਹਿੱਚਕੀਆਂ, ਹਾਵਿਆਂ, ਸਿਸਕੀਆਂ, ਸੋਗ, ਰੋਗ, ਸੰਤਾਪ ਅਤੇ ਸਦਮਿਆਂ ਵਿਚੋਂ ਬਾਹਰ ਨਿਕਲਣ ਦੀ ਸੋਝੀ ਆਵੇਗੀ। ਅਸੀਂ ਜਿੰ਼ਦਗੀ ਦੇ ਹਾਸਿਆਂ, ਹੁਲਾਰਾਂ, ਹੁੰਗਾਰਿਆਂ, ਹਮਜੋਲਤਾ, ਹਮਸਫਰੀ ਅਤੇ ਹਰਦਿਲਅਜ਼ੀਜਤਾ ਨੂੰ ਮਾਣ ਸਕਾਂਗੇ। ਜਿ਼ੰਦਗੀ ਨੂੰ ਉਸ ਦੇ ਸੁੱਚਮ, ਉਚਮ ਅਤੇ ਰਿਦਮ ਵਿਚ ਜਿਊਣ ਦਾ ਅਦਬ ਅਤੇ ਅੰਦਾਜ਼ ਬਣ ਸਕਾਂਗੇ। ਕੋਸਿ਼ਸ਼ ਕਰਨ ‘ਤੇ ਸਾਡੇ ਲਈ ਉਨ੍ਹਾਂ ਮਾਰਗਾਂ ਦਾ ਪਾਂਧੀ ਬਣਨਾ ਬਹੁਤ ਆਸਾਨ ਹੋ ਜਾਵੇਗਾ।