ਏਥੇ ਸਭ ਅ-ਪੂਰਨ

ਜਸਵੰਤ ਸਿੰਘ ਘਰਿੰਡਾ
1958-59 ਵਿਚ ਮੈਂ ਦਸਵੀਂ ਪਾਸ ਕੀਤੀ। ਪਹਿਲੀ ਜਨਵਰੀ 1960 ਨੂੰ ਮੈਂ ਪੁਲਿਸ ਵਿਚ ਭਰਤੀ ਹੋ ਗਿਆ। ਟ੍ਰੇਨਿੰਗ ਕਰਨ ਤੋਂ ਬਾਅਦ ਮੇਰੀ ਪਹਿਲੀ ਨਿਯੁਕਤੀ ਪੁਲਿਸ ਚੌਕੀ ਨਯਾ-ਨੰਗਲ (ਮੌਜੇਵਾਲ ਕਾਲੋਨੀ) ਵਿਚ ਹੋ ਗਈ। 1961 ਵਿਚ ਮੇਰਾ ਵਿਆਹ ਹੋ ਗਿਆ। ਉਦੋਂ ਵਿਆਹ ਕਿਹੜਾ ਆਪਣੀ ਮਰਜ਼ੀ ਨਾਲ ਹੁੰਦੇ ਸਨ। ਕੁੜੀ-ਮੁੰਡੇ ਨੂੰ ਕੌਣ ਪੁੱਛਦਾ ਸੀ! ਜਿੱਥੇ ਮਾਪਿਆਂ ਨਰੜ ਦਿੱਤਾ, ਉਥੇ ਜੂੜੇ ਗਏ। ਵਿਆਹ ਵੀ ਲਾਟਰੀ ਵਾਂਗ ਹੁੰਦਾ ਸੀ। ਕਿਸੇ ਦੀ ਲੱਗ ਗਈ। ਬਹੁਤਿਆਂ ਦੀ ਖੇਚਲ ਐਵੇਂ ਚਲੀ ਜਾਂਦੀ। ਵਿਆਹ ਹੋਣ ਤੋਂ ਬਾਅਦ ਗ੍ਰਹਿਸਥ-ਗੱਡੀ ਖਿੱਚਣਾ ਹੀ ਬੰਦੇ ਦੀ ਹੋਣੀ ਬਣ ਜਾਂਦੀ। ਬਹੁਤ ਥੋੜ੍ਹੇ ਲੋਕ ਹੋਣਗੇ, ਜਿਨ੍ਹਾਂ ਨੂੰ ਉਨ੍ਹਾਂ ਦੇ ਮਨ-ਚਾਹੇ ਜੀਵਨ-ਸਾਥੀ ਮਿਲ ਪਾਉਂਦੇ। ਜਿਹੜਾ ਜੀਵਨ-ਸਾਥੀ ਮਿਲ ਗਿਆ, ਉਸੇ ਨੂੰ ਪ੍ਰੇਮ ਕਰਨਾ ਤੇ ਉਸ ਨਾਲ ਹੀ ਖੁਸ਼ੀ ਜਾਂ ਮਜਬੂਰੀ ਨਾਲ ਜੀਵਨ ਜਿਊਣਾ ਪੈਂਦਾ। ਮੈਂ ਵੀ ਆਪਣੀ ਪਤਨੀ ਨੂੰ ਹੀ ਪ੍ਰੇਮਿਕਾ ਬਣਾ ਲਿਆ। ਹੋਰ ਕਿਸੇ ਨੂੰ ਉਦੋਂ ਤੱਕ ਪ੍ਰੇਮ ਕੀਤਾ ਵੀ ਤਾਂ ਨਹੀਂ ਸੀ।

1968 ਤੱਕ ਮੈਂ ਦੋ ਧੀਆਂ ਦਾ ਬਾਪ ਬਣ ਚੁਕਾ ਸਾਂ। ਈਮਾਨਦਾਰ ਪਰਿਵਾਰਕ ਪਿਛੋਕੜ ਹੋਣ ਕਰ ਕੇ ਇਹ ਰਿਸ਼ਵਤਖੋਰ ਮਹਿਕਮਾ ਮੈਨੂੰ ਚੰਗਾ ਨਹੀਂ ਸੀ ਲੱਗਦਾ। ਜੂਨ 1962 ਵਿਚ ਮੈਂ ਇਹ ਨੌਕਰੀ ਛੱਡ ਕੇ ਅਗਸਤ 1962 ਵਿਚ ਗੌਰਮਿੰਟ ਬੇਸਿਕ ਟਰੇਨਿੰਗ ਸਕੂਲ ਸਰਹਾਲੀ (ਅੰਮ੍ਰਿਤਸਰ) ਵਿਚ ਦਾਖਲ ਹੋ ਗਿਆ। ਦੋ ਸਾਲ ਦੀ ਜੇ. ਬੀ. ਟੀ. ਕਰਨ ਤੋਂ ਬਾਅਦ ਮੇਰੀ ਪਹਿਲੀ ਨਿਯੁਕਤੀ ਗੌਰਮਿੰਟ ਪ੍ਰਾਇਮਰੀ ਸਕੂਲ ਕਾਉਂਕੇ (ਅੰਮ੍ਰਿਤਸਰ) ਵਿਚ ਮਈ 1965 ਵਿਚ ਹੋ ਗਈ।
1962 ਤੋਂ ਹੀ ਮੈਂ ‘ਪ੍ਰੀਤ-ਲੜੀ’ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ, ਜਿਸ ਵਿਚ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸ, ਵਰ-ਸਰਾਪ ਤੇ ਕਰਾਮਾਤਾਂ ਦੇ ਖਿਲਾਫ ਲੇਖ, ਕਹਾਣੀਆਂ ਤੇ ਕਵਿਤਾਵਾਂ ਛਪਦੀਆਂ। ਇਸ ਵਿਚ ਰਾਜ ਗਿੱਲ ਦੀ ਅਮੀਰੀ-ਗਰੀਬੀ ਦੇ ਪਾੜੇ ਨੂੰ ਦਰਸਾਉਂਦੀ ਕਵਿਤਾ ਪੜ੍ਹਨ ਨੂੰ ਮਿਲੀ, ਜਿਸ ਦੀਆਂ ਲਾਈਨਾਂ ਅੱਜ ਤੱਕ ਵੀ ਮੇਰੇ ਮਨ-ਮਸਤਕ ਵਿਚ ਖੁਣੀਆਂ ਹੋਈਆਂ ਹਨ:
ਸਾਗਰ ਵਿਚ ਅੰਤਾਂ ਦੀ ਬਰਖਾ ਬਰਸ ਰਹੀ।
ਔੜਾਂ ਮਾਰੀ ਧਰਤੀ ਪਾਣੀ ਨੂੰ ਤਰਸ ਰਹੀ।
ਪ੍ਰੀਤ-ਲੜੀ ਦੀਆਂ ਲਿਖਤਾਂ ਨੇ ਅਹਿਸਾਸ ਕਰਵਾਇਆ ਕਿ ਕਿਵੇਂ ਇਸ ਸਿਸਟਮ ਵਿਚ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੁੰਦਾ ਜਾਂਦਾ ਹੈ। ਜਦੋਂ ਬੰਦੇ ਨੂੰ ਇਹ ਹਕੀਕਤ ਸਮਝ ਆ ਜਾਵੇ ਤਾਂ ਉਹ ਸਥਿਤੀ ਨੂੰ ਬਦਲਣ ਲਈ ਸੋਚਣ ਲੱਗ ਪੈਂਦਾ ਹੈ। ਇਸ ਪਰਚੇ ਵਿਚ ਖਾਸ ਤੌਰ ’ਤੇ ਗੁਰਬਖਸ਼ ਸਿੰਘ ਦੇ ਲੇਖ ਪੜ੍ਹਨ ਵਾਲੇ ਹੁੰਦੇ। ਉਹ ਸੁਖਾਵੀਂ ਤੇ ਸੁਧਰੀ ਜ਼ਿੰਦਗੀ ਦੇ ਲੇਖਕ ਸਨ ਅਤੇ ਚਾਹੁੰਦੇ ਸਨ ਕਿ ਸਾਡੀ ਸਭ ਦੀ ਜ਼ਿੰਦਗੀ ਦੀ ਰਵਾਂ ਚਾਲ ਵਿਚ ਪੈਂਦੇ ਸਭ ਟੋਏ-ਟਿੱਬੇ ਪੱਧਰੇ ਹੋ ਜਾਣ। ਅੜਿੱਕੇ ਦੂਰ ਹੋ ਜਾਣ। ਇਹ ਟੋਏ ਟਿੱਬੇ ਜਾਂ ਅੜਿੱਕੇ ਭਾਵੇਂ ਆਰਥਿਕ ਹੋਣ, ਭਾਵੇਂ ਸਮਾਜਿਕ-ਸਭਿਆਚਾਰਕ। ਉਨ੍ਹਾਂ ਨੇ ਮੇਰੇ ਮਨ ਵਿਚ ਵਿਗਿਆਨਕ ਸੋਚ ਦਾ ਦੀਵਾ ਬਾਲ ਧਰਿਆ ਸੀ। ਉਨ੍ਹਾਂ ਦਿਨਾਂ ਵਿਚ ਪੰਜਾਬੀ ਪੜ੍ਹਨ-ਲਿਖਣ ਵਾਲੇ ਲੋਕਾਂ ਦੀ ਵੱਡੀ ਗਿਣਤੀ ਗੁਰਬਖਸ਼ ਸਿੰਘ ਦੇ ਵਿਚਾਰਾਂ ਦੇ ਪ੍ਰਭਾਵ ਵਿਚ ਆ ਰਹੀ ਸੀ। ਮੈਨੂੰ ਵੀ ਉਨ੍ਹਾਂ ਦੀ ਲੇਖਣੀ ਨੇ ਆਪਣੇ ਸੂਰਜੀ ਕਲਾਵੇ ਵਿਚ ਲੈ ਲਿਆ।
‘ਪ੍ਰੀਤ-ਲੜੀ’ ਵਿਚ ਇੱਕ ਕਾਲਮ ਛਪਦਾ ਹੁੰਦਾ ਸੀ, ‘ਮੇਰੇ ਝਰੋਖੇ ’ਚੋਂ।’ ਇਸ ਕਾਲਮ ਵਿਚ ਪ੍ਰੀਤ-ਪਾਠਕ ਵੱਖ-ਵੱਖ ਵਿਸ਼ਿਆਂ ਬਾਰੇ ਗੁਰਬਖਸ਼ ਸਿੰਘ ਨੂੰ ਸਵਾਲ ਕਰਦੇ ਤੇ ਉਹ ਆਪਣੀ ਸੋਚ ਮੁਤਾਬਕ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ। ਇਹ ਕਾਲਮ ਮੈਂ ਬੜੀ ਉਤਸੁਕਤਾ ਨਾਲ ਪੜ੍ਹਦਾ ਸਾਂ, ਕਿਉਂਕਿ ਇਸ ਵਿਚ ਬਹੁਤੇ ਸਵਾਲ ਮੇਰੇ ਮਨ ਵਿਚ ਵੀ ਕਦੀ ਕਦੀ ਕਈ ਵਾਰ ਸਪੱਸ਼ਟ ਜਾਂ ਅਸਪੱਸ਼ਟ ਸ਼ਕਲ ਵਿਚ ਆਉਂਦੇ ਰਹਿੰਦੇ ਸਨ। ਹੋਰਨਾਂ ਦੇ ਮਨ ਵਿਚ ਵੀ ਆਉਂਦੇ ਹੋਣਗੇ! ਇਹ ਜਵਾਬ ਦਿੱਤੇ ਤਾਂ ਸਵਾਲ ਕਰਨ ਵਾਲਿਆਂ ਨੂੰ ਜਾਂਦੇ ਸਨ, ਪਰ ਮੇਰੀ ਜਗਿਆਸਾ ਦੀ ਤ੍ਰਿਪਤੀ ਵੀ ਕਰਦੇ ਸਨ। ਕਈ ਨਵੀਆਂ ਗੱਲਾਂ ਵੀ ਸਿੱਖਣ/ਜਾਣਨ ਨੂੰ ਮਿਲਦੀਆਂ ਸਨ। ਇਸ ਕਾਲਮ ਵਿਚ ਹੀ ਇੱਕ ਵਾਰ ਕਿਸੇ ਪਾਠਕ ਨੇ ਬੜਾ ਹੀ ਦਿਲਚਸਪ ਸਵਾਲ ਕੀਤਾ, “ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਔਰਤ ਦੀ ਖੂਬਸੂਰਤੀ ਉਹਦੇ ਤਿੱਖੇ ਨੈਣ-ਨਕਸ਼ਾਂ ਵਿਚ ਹੁੰਦੀ ਹੈ; ਪਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਕਈ ਵਾਰ ਬਾਜ਼ਾਰ ਜਾਂਦਿਆਂ ਮੋਟੇ-ਮੋਟੇ ਨਕਸ਼ਾਂ ਵਾਲੀਆਂ ਔਰਤਾਂ ਮੈਨੂੰ ਚੰਗੀਆਂ ਲੱਗਣ ਲੱਗ ਜਾਂਦੀਆਂ ਨੇ। ਦੁਨਿਆਵੀ ਨਜ਼ਰੀਏ ਤੋਂ ਸ਼ਾਇਦ ਉਹ ਹੋਰਨਾਂ ਨੂੰ ਸੋਹਣੀਆਂ ਜਾਂ ਚੰਗੀਆਂ ਨਾ ਲੱਗਦੀਆਂ ਹੋਣ, ਪਰ ਮੇਰੇ ਦਿਲ ਵਿਚ ਤਾਂ ਉਹ ਤਰਬਾਂ ਛੇੜ ਜਾਂਦੀਆਂ ਹਨ।”
ਸ. ਗੁਰਬਖਸ਼ ਸਿੰਘ ਦਾ ਜਵਾਬ ਸੀ, “ਹਰੇਕ ਮਰਦ ਦੇ ਮਨ ਅੰਦਰ ਉਹਦੀ ਮਨ-ਪਸੰਦ ਔਰਤ ਦੀ ਇਕ ਕਲਪਿਤ ਤਸਵੀਰ ਵੱਸੀ ਹੁੰਦੀ ਹੈ। ਸਾਡੀ ਇਸ ਕਲਪਿਤ ਤਸਵੀਰ ਨਾਲ ਜਦੋਂ ਕਿਸੇ ਬਾਹਰੀ ਔਰਤ ਦੇ ਨੈਣ-ਨਕਸ਼ ਮਿਲ ਜਾਂਦੇ ਹਨ ਤਾਂ ਅਸਲ ਵਿਚ ਉਹੋ ਹੀ ਸਾਡੀ ਅਸਲ ਮਹਿਬੂਬ ਹੋਣ ਦੇ ਕਾਬਿਲ ਹੁੰਦੀ ਹੈ। ਬੰਦਾ ਸਾਰੀ ਉਮਰ ਏਸੇ ਔਰਤ ਦੀ ਤਲਾਸ਼ ਵਿਚ ਰਹਿੰਦਾ ਹੈ। ਇਸੇ ਤਰ੍ਹਾਂ ਹਰ ਔਰਤ ਦੇ ਮਨ ਵਿਚ ਵੀ ਉਹਦੇ ਮਨ-ਪਸੰਦ ਮਰਦ ਦੀ ਤਸਵੀਰ ਵੱਸੀ ਹੁੰਦੀ ਹੈ।”
ਇਹ ਪੜ੍ਹ ਕੇ ਮੈਂ ਵੀ ਸੋਚਣ ਲੱਗਾ ਕਿ ਮੇਰੇ ਮਨ ਵਿਚ ਕਿਹੋ ਜਿਹੀ ਔਰਤ ਦੀ ਕਲਪਿਤ ਤਸਵੀਰ ਵੱਸੀ ਹੋਈ ਹੈ, ਜਿਸ ਦੇ ਤਿੱਖੇ ਨੈਣ-ਨਕਸ਼ ਹਨ, ਜਿਸ ਦੇ ਲੰਮੇ ਵਾਲ ਹਨ ਤੇ ਜੋ ਉੱਚੇ ਕੱਦ ਦੀ ਲੰਮੀ ਖੂਬਸੂਰਤ ਮੁਟਿਆਰ ਹੈ।
ਅਜੋਕੇ ਸਮਾਜ ਵਿਚ ਕੁੜੀ-ਮੁੰਡੇ ਨੂੰ ਮਿਲਣ ਦੀ ਖੁੱਲ੍ਹ ਹੈ। ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟਾਅ ਸਕਣ ਦਾ ਮੌਕਾ ਮਿਲ ਜਾਂਦਾ ਹੈ। ਉਹਨੂੰ ਆਪਣੀ ਮਨ-ਪਸੰਦ ਕਲਪਿਤ ਤਸਵੀਰ ਵਾਲੀ ਕੁੜੀ ਨੂੰ ਲੱਭਣ ਅਤੇ ਲੁਭਾਉਣ ਦੇ ਮੌਕੇ ਹਨ; ਪਰ ਸਾਡੇ ਵੇਲੇ, ਜਿਵੇਂ ਦੱਸ ਆਇਆ ਹਾਂ, ਵਿਆਹ ਮਨ-ਮਰਜ਼ੀ ਨਾਲ ਕਰਨ ਦੀ ਖੁੱਲ੍ਹ ਨਹੀਂ ਸੀ-ਲਾਟਰੀਆਂ ਨਿਕਲਦੀਆਂ ਸਨ। ਮੁੰਡੇ-ਕੁੜੀ ਦੀ ਨਾ-ਪਸੰਦਗੀ ਕਾਰਨ ਸਾਰੀ ਉਮਰ ਦੰਪਤੀ-ਜੀਵਨ ਨਰਕ ਬਣਿਆ ਰਹਿੰਦਾ ਸੀ। ਕਈਆਂ ਦੇ ਤਾਂ ਬੜੇ ਭਿਆਨਕ ਨਤੀਜੇ ਨਿਕਲਦੇ ਸਨ। ਹੁਣ ਦੀ ਖੁੱਲ੍ਹ ਇਸ ਪੱਖੋਂ ਇਕ ਚੰਗਾ ਕਦਮ ਹੈ। ਭਾਵੇਂ ਵੇਖ-ਵਿਖਾਈ ਤੇ ਮਿਲਨ-ਮਿਲਾਉਣ ਤੋਂ ਬਾਅਦ ਕੀਤੇ ਵਿਆਹ ਵੀ ਕਈ ਵਾਰ ਸਿਰੇ ਨਹੀਂ ਚੜ੍ਹਦੇ। ਉਨ੍ਹਾਂ ਦੀਆਂ ਸਮੱਸਿਆਵਾਂ ਆਪਣੀ ਕਿਸਮ ਦੀਆਂ ਹਨ।
ਰੈਗੂਲਰ ਮਾਸਟਰ ਲੱਗਣ ਤੋਂ ਬਾਅਦ ਮੈਂ ਮਹਿਕਮੇ ਤੋਂ ਇਜਾਜ਼ਤ ਲੈ ਕੇ ਪ੍ਰੈੱਪ ਤੇ ਬੀ. ਏ. ਪਾਰਟ-1 ਕਰ ਲਿਆ। ਬੀ. ਏ. ਭਾਗ ਦੂਜਾ ਦਾ ਦਾਖਲਾ ਭੇਜਿਆ ਹੋਇਆ ਸੀ। ਬੱਚਿਆਂ ਨੂੰ ਮਿਹਨਤ ਨਾਲ ਪੜ੍ਹਾਉਣਾ ਮੇਰੀ ਪ੍ਰਬਲ ਰੀਝ ਸੀ। ਇਸ ਮਿਹਨਤ ਸਦਕਾ ਸਾਡੇ ਸਕੂਲ ਦਾ ਹਰ ਸਾਲ ਵਜ਼ੀਫਾ ਆ ਜਾਂਦਾ ਸੀ। ਸਾਡੇ ਐਜੂਕੇਸ਼ਨ ਬਲਾਕ ਗੰਡੀਵਿਡ ਦੇ ਦਫਤਰ ਵਿਚ ਲੱਗੇ ਬੋਰਡ ’ਤੇ ਸਾਡੇ ਸਕੂਲ ਦੇ ਵਜ਼ੀਫਾ ਲੈਣ ਵਾਲੇ ਵਿਦਿਆਰਥੀਆਂ ਦੇ ਨਾਂ ਲਿਖੇ ਹੁੰਦੇ ਸਨ।
1968 ਵਿਚ ਸਾਡੇ ਬਲਾਕ ਵਿਚ ਸ. ਬ੍ਰਿਜਮੋਹਨ ਸਿੰਘ ਔਲਖ ਦੀ ਬਤੌਰ ਬਲਾਕ ਸਿੱਖਿਆ ਅਫਸਰ ਨਿਯੁਕਤੀ ਹੋ ਗਈ (ਜੋ ਅੱਜ ਕੱਲ੍ਹ ਅਮਰੀਕਾ ਦੇ ਬੇਕਰਜ਼ਫੀਲਡ ਵਿਚ ਆਪਣੇ ਢਾਈ ਸੌ ਏਕੜ ਦੇ ਫਾਰਮ ਵਿਚ ਰਹਿ ਰਹੇ ਹਨ।) ਉਹ ਬੜੇ ਲਾਇਕ, ਸੂਝਵਾਨ, ਅਗਾਂਹਵਧੂ ਅਤੇ ਸੁਲਝੇ ਹੋਏ ਖਿਆਲਾਂ ਦੇ ਮਾਲਕ ਸਨ। ਉਨ੍ਹਾਂ ਜਦ ਆਪਣੇ ਦਫਤਰ ਵਿਚ ਸਾਡੇ ਸਕੂਲ ਦੇ ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਂ ਪੜ੍ਹੇ ਤਾਂ ਉਹ ਇਸ ਤੋਂ ਪ੍ਰਭਾਵਤ ਹੋਏ ਤੇ ਸਾਡੇ ਸਕੂਲ ਦਾ ਮੁਆਇਨਾ ਕਰਨ ਆ ਗਏ। ਉਨ੍ਹਾਂ ਨੇ ਬੱਚਿਆਂ ਨਾਲ ਸਵਾਲ-ਜਵਾਬ ਵੀ ਕੀਤੇ ਅਤੇ ਮੇਰੇ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਤੇ ਮੇਰੇ ਕੰਮ ਦੀ ਤਾਰੀਫ ਕੀਤੀ। ਉਹ ਵੀ ਮੇਰੇ ਵਾਂਗ ‘ਪ੍ਰੀਤ-ਲੜੀ’ ਦੇ ਪਾਠਕ ਸਨ। ਇੰਜ ਸਾਡਾ ਵਿਚਾਰਧਾਰਕ ਕਰੂਰਾ ਵੀ ਮਿਲਦਾ ਸੀ। ਸਾਡੇ ਵਿਚ ਸਾਂਝ ਦੀ ਇੱਕ ਤੰਦ ਜੁੜ ਗਈ। ਹੁਣ ਜਦ ਵੀ ਉਹ ਸਾਡੇ ਸੈਂਟਰ ਅਟਾਰੀ ਦੇ ਕਿਸੇ ਸਕੂਲ ਦਾ ਮੁਆਇਨਾ ਕਰਨ ਆਉਂਦੇ ਤਾਂ ਮੈਨੂੰ ਜ਼ਰੂਰ ਆਪਣੇ ਨਾਲ ਲੈ ਕੇ ਜਾਂਦੇ। ਸਕੂਲ ਅਧਿਆਪਕਾਂ ਦੀ ਆਮ ਜਾਣਕਾਰੀ ਦਾ ਪਤਾ ਕਰਨ ਲਈ ਉਹ ਉਨ੍ਹਾਂ ਨਾਲ ਸਵਾਲ-ਜਵਾਬ ਵੀ ਕਰਦੇ ਤੇ ਵੇਖਦੇ ਕਿ ਉਨ੍ਹਾਂ ਦੇ ਗਿਆਨ ਦੇ ਖੂਹ ਵਿਚ ਪਾਣੀ ਕਿੰਨਾ ਕੁ ਡੂੰਘਾ ਹੈ ਤੇ ਉਸ ਦੀ ਰੇਤ ਕਿੱਥੇ ਕੁ ਹੈ!
ਇਕ ਵਾਰ ਅਸੀਂ ਕਿਸੇ ਸਕੂਲ ਵਿਚ ਮੁਆਇਨਾ ਕਰਨ ਗਏ। ਅਧਿਆਪਕਾ ਕੰਧ ਉੱਤੇ ਨਕਸ਼ਾ ਲਟਕਾ ਕੇ ਬੱਚਿਆਂ ਨੂੰ ਜੁਗਰਾਫੀਏ ਦਾ ਗਿਆਨ ਵੰਡ ਰਹੀ ਸੀ। ਉਨ੍ਹਾਂ ਸਵਾਲ ਪੁੱਛਿਆ, “ਬੀਬਾ! ਨਕਸ਼ੇ ’ਤੇ ਉੱਤਰ ਵਾਲਾ ਪਾਸਾ ਕਿਹੜਾ ਹੁੰਦਾ ਹੈ?”
ਅਧਿਆਪਕਾ ਨੇ ਪੂਰਬ-ਪੱਛਮ ਦੀਆਂ ਦਿਸ਼ਾਵਾਂ ਵੱਲ ਪਹਿਲਾਂ ਸੱਜੇ ਪਾਸੇ ਹੱਥ ਕੀਤਾ ਤੇ ਫਿਰ ਖੱਬੇ ਪਾਸੇ। ਉਹ ਅੰਗਰੇਜ਼ੀ ਵਿਚ ਕਹਿੰਦੇ, “ਵੈਰੀ ਬੈਡ! ਵੈਰੀ ਬੈਡ!”
ਸਕੂਲ ਦਾ ਮੁੱਖ ਅਧਿਆਪਕ, ਅਧਿਆਪਕਾ ਨਾਲ ਖਾਰ ਖਾਂਦਾ ਸੀ। ਉਨ੍ਹਾਂ ਨੂੰ ਕਹਿੰਦਾ, “ਬੀ. ਈ. ਓ. ਸਾਹਿਬ! ਪੰਜਾਬੀ ਵਿਚ ਦੱਸੋ।”
ਉਹ ਕਹਿੰਦੇ, “ਇਸ ਦੀ ਇਹ ‘ਤਾਰੀਫ’ ਮੈਂ ਬੱਚਿਆਂ ਸਾਹਮਣੇ ਨਹੀਂ ਕਰ ਸਕਦਾ!”
ਬੀ. ਈ. ਓ. ਸਾਹਿਬ ਦੀਆਂ ਨਜ਼ਰਾਂ ਵਿਚ ਮੈਂ ਇੱਕ ਚੰਗਾ ਤੇ ਲਾਇਕ ਅਧਿਆਪਕ ਸਾਂ। ਹੋ ਸਕਦਾ ਹੈ, ਇਸ ਦਾ ਇਹ ਕਾਰਨ ਹੋਵੇ ਕਿ ਮੈਂ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖੀ ਹੋਈ ਸੀ ਤੇ ਆਪਣੀ ਹੁਣ ਦੀ ਪੁਜੀਸ਼ਨ ਤੋਂ ਅੱਗੇ ਵਧਣਾ ਚਾਹੁੰਦਾ ਸਾਂ। ਦੂਜਾ ਕਾਰਨ ਇਹ ਵੀ ਸੀ ਕਿ ਮਿਹਨਤੀ ਅਧਿਆਪਕ ਹੋਣ ਕਰ ਕੇ ਮੇਰੇ ਸਕੂਲ ਦੇ ਬੱਚੇ ਵਜ਼ੀਫੇ ਲੈਂਦੇ ਸਨ।
ਹੁਣ ਮੈਂ ਤੁਹਾਡੇ ਨਾਲ ਅਗਲੀ ਦਿਲਚਸਪ ਗੱਲ ਸਾਂਝੀ ਕਰਦਾ ਹਾਂ, ਪਰ ਉਸ ਤੋਂ ਪਹਿਲਾਂ ਜ਼ਿਕਰ ਕਰਦਾ ਜਾਵਾਂ ਕਿ ਮੈਂ ਸਰੀਰ ਦਾ ਛੀਟਕਾ ਤੇ ਤੰਦੁਰਸਤ ਹੋਣ ਕਰ ਕੇ ਆਪਣੀ ਉਮਰ ਲੁਕਾਉਂਦਾ ਸਾਂ। ਕੁਦਰਤ ਵੱਲੋਂ ਮੇਰੀ ਸਰੀਰਕ ਦਿੱਖ ਹੀ ਅਜਿਹੀ ਸੀ ਕਿ ਪਹਿਲੀ ਵਾਰ ਮਿਲਣ ਵਾਲਾ ਅਣਜਾਣ ਬੰਦਾ ਮੇਰੀ ਉਮਰ ਬਾਰੇ ਭੁਲੇਖਾ ਖਾ ਜਾਂਦਾ ਸੀ। ਇੱਕ ਵਾਕਿਆ ਦਾ ਜ਼ਿਕਰ ਕਰਦਾ ਹਾਂ। ਉਦੋਂ ਮੇਰੀ ਉਮਰ 52 ਸਾਲ ਸੀ। ‘ਪੱਧਰੀ’ ਪਿੰਡ ਦੀ ਡਿਸਪੈਂਸਰੀ ਵਿਚ ਮੈਂ ਦਵਾਈ ਲੈਣ ਗਿਆ। ਪਰਚੀ ਬਣਾਉਣ ਵੇਲੇ ਡਾਕਟਰ ਨੇ ਮੇਰੀ ਉਮਰ ਪੁੱਛੀ। ਮੈਂ ਕਿਹਾ, “ਤੁਸੀਂ ਅਨੁਮਾਨ ਲਾ ਕੇ ਆਪ ਹੀ ਮੇਰੀ ਉਮਰ ਲਿਖ ਲਵੋ।” ਡਾਕਟਰ ਨੇ ਪਰਚੀ ’ਤੇ ਮੇਰੀ ਉਮਰ 33 ਸਾਲ ਲਿਖ ਕੇ ਪੁੱਛਿਆ, “ਠੀਕ ਹੈ?” ਮੈਂ ਡਾਕਟਰ ਨੂੰ ਕਿਹਾ, “ਜੀ, ਤੁਸੀਂ ਮੇਰੀ ਉਮਰ 19 ਸਾਲ ਘੱਟ ਲਿਖੀ ਹੈ। ਮੈਂ 52 ਸਾਲ ਦਾ ਹਾਂ।” ਸੁਣ ਕੇ ਡਾਕਟਰ ਹੈਰਾਨ ਹੋ ਗਿਆ। ਮੇਰੇ ਪਰਮ ਮਿੱਤਰ ਡਾ. ਵਰਿਆਮ ਸਿੰਘ ਸੰਧੂ ਨੇ ਵੀ ਮੇਰੀ ਰਿਟਾਇਰਮੈਂਟ ਵੇਲੇ ਬੋਲਦਿਆਂ ਕਿਹਾ ਸੀ, “ਸਰਕਾਰ ਨੇ ਜਸਵੰਤ ਸਿੰਘ ਨੂੰ 19 ਸਾਲ ਪਹਿਲਾਂ ਰਿਟਾਇਰ ਕਰ ਦਿੱਤਾ ਹੈ!”
ਇਕ ਦਿਨ ਅਸੀਂ ਹੁਸ਼ਿਆਰ ਨਗਰ ਸਕੂਲ ਦਾ ਮੁਆਇਨਾ ਕਰਨ ਸਾਈਕਲਾਂ ’ਤੇ ਜਾ ਰਹੇ ਸਾਂ। ਬੀ. ਈ. ਓ. ਸਾਹਿਬ ਨੇ ਕਿਹਾ, “ਜਸਵੰਤ! ਮੈਨੂੰ ਇੱਕ ਟੀਚਰ ਲੱਗੀ ਕੁੜੀ ਦੇ ਮਾਪਿਆਂ ਨੇ, ਕਿਸੇ ਚੰਗੇ ਟੀਚਰ ਲੜਕੇ ਦੇ ਰਿਸ਼ਤੇ ਦੀ ਦੱਸ ਪਾਉਣ ਲਈ ਕਿਹਾ ਹੈ। ਮੈਂ ਸਾਰੇ ਬਲਾਕ ਵਿਚੋਂ ਤੈਨੂੰ ਚੁਣਿਆ ਹੈ।”
“ਲੜਕੀ ਦਾ ਨਾਂ ਕੀ ਹੈ?” ਮੈਂ ਥੋੜ੍ਹਾ ਜਿਹਾ ਮਚਲਾ ਬਣ ਕੇ ਜਾਣਨਾ ਚਾਹਿਆ।
“ਪੂਰਨ ਕੌਰ”, ਉਨ੍ਹਾਂ ਦਾ ਜਵਾਬ ਸੀ।
ਮੈਂ ਕਿਹਾ, “ਬੀ. ਈ. ਓ. ਸਾਹਿਬ! ਮੈਂ ਤਾਂ ਵਿਆਹਿਆ ਹੋਇਆ ਹਾਂ ਤੇ ਦੋ ਲੜਕੀਆਂ ਦਾ ਬਾਪ ਹਾਂ।”
ਬੜੇ ਹੈਰਾਨ ਹੋ ਕੇ ਉਨ੍ਹਾਂ ਕਿਹਾ, “ਮੈਂ ਤਾਂ ਤੈਨੂੰ ਅਨਮੈਰਿਡ ਸਮਝਿਆ ਸੀ। ਤੂੰ ਅੱਗੇ ਪੜ੍ਹ ਰਿਹਾ ਏਂ। ਹਰ ਸਾਲ ਵਜ਼ੀਫੇ ਲੈ ਕੇ ਆਉਂਦਾ ਏਂ ਤੇ ਤੇਰੀ ਉਮਰ ਵੀ ਕੁਝ ਨਹੀਂ ਜਾਪਦੀ। ਤੇਰੇ ਬਾਰੇ ਸੋਚ ਕੇ ਮੈਂ ਤਾਂ ਕੁੜੀ ਦੇ ਮਾਪਿਆਂ ਨੂੰ ਪੱਕਾ ਵਿਸ਼ਵਾਸ ਦਿਵਾਇਆ ਸੀ ਕਿ ਮੇਰੀ ਨਜ਼ਰ ਵਿਚ ਇਕ ਬਹੁਤ ਲਾਇਕ ਲੜਕਾ ਹੈ ਤੇ ਮੈਂ ਲੜਕੇ ਨਾਲ ਗੱਲ ਕਰ ਕੇ ਰਿਸ਼ਤਾ ਪੱਕਾ ਕਰਵਾ ਦਿਆਂਗਾ। ਤੁਸੀਂ ਲੜਕੀ ਦੇ ਰਿਸ਼ਤੇ ਵੱਲੋਂ ਬੇਫਿਕਰ ਹੋ ਜਾਓ, ਪਰ ਤੂੰ ਤਾਂ ਮੈਨੂੰ ਹੈਰਾਨ ਈ ਕਰ ਦਿੱਤਾ ਹੈ।”
ਉਸ ਦਿਨ ਤੋਂ ਮੇਰੇ ਮਨ ਵਿਚ ਪੂਰਨ ਕੌਰ ਨੂੰ ਵੇਖਣ ਦੀ ਚਾਹਤ ਮਚਲਣ ਲੱਗੀ।
ਪੰਜਵੀਂ ਜਮਾਤ ਦਾ ਬੋਰਡ ਦਾ ਇਮਤਿਹਾਨ ਹੋ ਚੁਕਾ ਸੀ। ਬੀ. ਈ. ਓ. ਸਾਹਿਬ ਨੇ ਮੈਨੂੰ ਇੱਕ ਈਮਾਨਦਾਰ ਅਧਿਆਪਕ ਸਮਝ ਕੇ ਪੇਪਰਾਂ ਦੀ ਮਾਰਕਿੰਗ ਕਰਨ ਮੌਕੇ ਬਲਾਕ ਦਾ ਇੰਚਾਰਜ ਲਾ ਦਿੱਤਾ। ਮਾਰਕਿੰਗ ਲਈ ਵੱਖ-ਵੱਖ ਸਕੂਲਾਂ ਤੋਂ ਅਧਿਆਪਕ/ਅਧਿਆਪਕਾਵਾਂ ਦੀ ਡਿਊਟੀ ਲੱਗੀ ਹੋਈ ਸੀ। ਮਾਰਕਿੰਗ ਸਟਾਫ ਵਿਚ ਪੂਰਨ ਕੌਰ ਦੀ ਡਿਊਟੀ ਵੀ ਲੱਗੀ ਹੋਈ ਸੀ। ਮੈਂ ਉਹਨੂੰ ਪਹਿਲੀ ਵਾਰ ਵੇਖ ਰਿਹਾ ਸਾਂ। ਉਹਨੂੰ ਵੇਖਦੇ ਸਾਰ ਮੇਰੇ ਮਨ ਵਿਚ ਕਈ ਰੰਗ ਇਕ ਵਾਰਗੀ ਜਗ ਪਏ। ਜਿਵੇਂ ਉਮਰਾਂ ਤੋਂ ਤੁਹਾਡੇ ਆਪਣੇ ਹੀ ਅੰਦਰ ਦਾ ਕੋਈ ਗਵਾਚਾ ਹਿੱਸਾ ਲੱਭ ਗਿਆ ਹੋਵੇ। ਉਹਨੂੰ ਵੇਖਦੇ ਸਾਰ ਮੈਨੂੰ ਆਪਣਾ ਆਪ ਮੁਕੰਮਲ ਹੁੰਦਾ ਲੱਗਾ। ਮੇਰੀ ਰੂਹ ਰੱਜੀ ਹੋਈ ਮਹਿਸੂਸ ਹੋਈ। ਮੇਰੀ ਹਾਲਤ ਕੁਝ ਇਸ ਤਰ੍ਹਾਂ ਦੀ ਹੋ ਗਈ, ਜਿਹੋ ਜਿਹੀ ਹੀਰ-ਰਾਂਝੇ ਦੀ ਲੁੱਡਣ ਮਲਾਹ ਦੀ ਬੇੜੀ ਵਿਚ ਪਹਿਲੀ ਵਾਰ ਇਕ-ਦੂਜੇ ਨੂੰ ਵੇਖਣ ਵੇਲੇ ਹੋਈ ਸੀ, ਜਦੋਂ ਹੀਰ ਆਪਣੀਆਂ ਸੱਠ ਸਹੇਲੀਆਂ ਨਾਲ ਗੁੱਸੇ ਵਿਚ ਭਰੀ ਪੀਤੀ ਆਈ ਸੀ ਕਿ ਵੇਖਾਂ ਤਾਂ ਸਹੀ ਉਹ ਕੌਣ ਗੁਸਤਾਖ ਹੈ, ਜੋ ਉਹਦੀ ਸੇਜ ’ਤੇ ਆਣ ਸੁੱਤਾ ਹੈ। ਉਸ ਮੌਕੇ ਨੂੰ ਵਾਰਿਸ ਸ਼ਾਹ ਨੇ ਦੋ ਸਤਰਾਂ ਵਿਚ ਹੀ ਕਮਾਲ ਦਾ ਬਿਆਨ ਕਰ ਦਿੱਤਾ ਹੈ:
ਕੂਕੇ ਪਕੜ ਹੀ ਪਕੜ ਤੇ ਮਾਰ ਛਮਕਾਂ
ਪਰੀ ਆਦਮੀ ’ਤੇ ਕਹਿਰਵਾਨ ਹੋਈ।
ਰਾਂਝੇ ਉੱਠ ਕੇ ਆਖਿਆ, “ਵਾਹ ਸੱਜਣ!”
ਹੀਰ ਹੱਸ ਕੇ ’ਤੇ ਮਿਹਰਬਾਨ ਹੋਈ।
ਮੇਰੀ ਕਲਪਿਤ ‘ਹੀਰ’ ਦੇ ਮਨ ਵਿਚ ਤਾਂ ਪਤਾ ਨਹੀਂ ਕੁਝ ਵਾਪਰਿਆ ਜਾਂ ਨਹੀਂ, ਪਰ ਮੇਰੇ ਅੰਦਰਲਾ ਉਹਦੀ ਇੱਕ ਝਲਕ ਨਾਲ ਸਰਸ਼ਾਰ ਹੋ ਗਿਆ।
ਪੂਰਨ ਕੌਰ ਨੇ ਵੀ ਸ਼ਾਇਦ ਆਪ ਜਾਂ ਆਪਣੇ ਮਾਪਿਆਂ ਰਾਹੀਂ ਮੇਰੇ ਰਿਸ਼ਤੇ ਬਾਰੇ ਸੁਣ ਰੱਖਿਆ ਹੋਵੇ। ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਹੈ, ਇਹ ਨਿਰੋਲ ਮੇਰੇ ਮਨ ਦੀ ਕਲਪਨਾ ਹੀ ਹੋਵੇ, ਪਰ ਮੈਨੂੰ ਆਪਣੇ ਵੱਲ ਚੋਰ ਅੱਖੀਂ ਵੇਖਦਿਆਂ ਤੱਕ ਕੇ ਉਹਨੇ ਜਦੋਂ ਮੇਰੇ ਵੱਲ ਪਲਕਾਂ ਉਠਾ ਕੇ ਵੇਖਿਆ ਤਾਂ ਮੈਨੂੰ ਲੱਗਾ ਉਹਨੇ ਮੇਰਾ ਸਮੂਲਚਾ ਆਪਾ ਆਪਣੀਆਂ ਪਲਕਾਂ ਵਿਚ ਹੀ ਸਮੇਟ ਲਿਆ ਹੋਵੇ। ਖੂਬਸੂਰਤ ਔਰਤਾਂ ਤਾਂ ਹੋਰ ਵੀ ਬਹੁਤ ਵੇਖੀਆਂ ਸਨ। ਹੋਰ ਕੋਈ ਵੇਖਦਾ ਤਾਂ ਉਹਨੂੰ ਵੀ ਸ਼ਾਇਦ ਪੂਰਨ ਕੌਰ ਕੋਈ ਹੀਰ ਜਾਂ ਸੋਹਣੀ ਦੀ ਭੈਣ ਨਾ ਲੱਗਦੀ, ਸਗੋਂ ਇਕ ਸਾਧਾਰਨ ਕੁੜੀ ਹੀ ਲੱਗਦੀ, ਪਰ ਮੈਨੂੰ ਲੱਗਾ ਕਿ ਇਹੋ ਹੀ ਤਾਂ ਸੀ ਮੇਰੇ ਮਨ ਦੀ ਉਸ ਕਲਪਿਤ ਤਸਵੀਰ ਵਿਚਲੀ ਸਦੀਵੀ ਇਸਤਰੀ; ਜਿਸ ਨੂੰ ਪਾਉਣ ਦੀ ਲੋਚਾ ਮੇਰੇ ਧੁਰ ਅੰਦਰ ਕਿਧਰੇ ਵਰ੍ਹਿਆਂ ਤੋਂ ਲੁਕੀ ਹੋਈ ਸੀ।
ਤਿੰਨ ਦਿਨ ਮਾਰਕਿੰਗ ਹੁੰਦੀ ਰਹੀ। ਮੈਂ ਸਵੇਰੇ ਸੁਵੱਖਤੇ ਹੀ ਬਲਾਕ ਵਿਚ ਪਹੁੰਚ ਜਾਂਦਾ ਤੇ ਉਸ ਨੂੰ ਉਡੀਕਦਾ ਰਹਿੰਦਾ। ਮੈਂ ਮਾਰਕਿੰਗ ਵੱਲ ਘੱਟ ਧਿਆਨ ਦਿੰਦਾ ਤੇ ਚੋਰੀ-ਚੋਰੀ ਉਸ ਵੱਲ ਵੇਖਦਾ ਰਹਿੰਦਾ। ਕਦੀ ਕਦੀ ਉਹ ਵੀ ਮੇਰੀ ਚੋਰੀ ਫੜ੍ਹ ਲੈਂਦੀ। ਸਿਵਾਇ ਪੰਜ-ਦਸ ਵਾਰ ਨਜ਼ਰਾਂ ਮਿਲਣ ਦੇ, ਤਿੰਨਾਂ ਦਿਨਾਂ ਵਿਚ ਅਸੀਂ ਕੋਈ ਬੋਲ ਵੀ ਸਾਂਝਾ ਨਹੀਂ ਸੀ ਕੀਤਾ, ਪਰ ਸਾਰੇ ਦਿਨ ਮੈਨੂੰ ਆਪਣਾ ਆਪ ਮਹਿਕਿਆ ਮਹਿਕਿਆ ਲੱਗਦਾ ਰਿਹਾ। ਮਨ ਵਿਚ ਹਸਰਤ ਜਾਗਦੀ ਕਿ ਕਾਸ਼! ਮੈਂ ਕਵਾਰਾ ਹੁੰਦਾ ਤਾਂ ਇਹ ਮੇਰੀ ਹੋ ਜਾਣੀ ਸੀ। ਮੇਰੀ ਸਦੀਵੀ ਹਸਰਤ ਦੇ ਹਾਣ ਦੀ ਮੇਰੀ ਸਦੀਵੀ ਇਸਤਰੀ!
ਉਂਜ ਦਿਲ ਇਹ ਵੀ ਕਰਦਾ ਸੀ ਕਿ ਉਸ ਨਾਲ ਗੱਲ-ਬਾਤ ਕਰਾਂ। ਗੱਲ ਅੱਗੇ ਵਧਾਵਾਂ! ਪਰ ਸਮਾਜਿਕ ਮਰਿਆਦਾ ਵਿਚ ਬੱਝਾ ਹੋਇਆ ਸਾਂ। ਨਾ ਤਾਂ ਪਤਨੀ ਨਾਲ ਬੇਵਫਾਈ ਕਰਨਾ ਵਾਜਬ ਸਮਝਦਾ ਸਾਂ ਤੇ ਨਾ ਹੀ ਇਕ ਸ਼ਰੀਫ ਕੁੜੀ ਨੂੰ ਕਿਸੇ ਵੀ ਤਰੀਕੇ ਬਦਨਾਮ ਕਰਨ ਦੀ ਮੇਰੀ ਹਿੰਮਤ ਸੀ। ਤਿੰਨ ਦਿਨ ਇਹ ਮੁਹੱਬਤ ਦਾ ਫੁੱਲ ਮੇਰੇ ਮਨ ਵਿਚ ਪੂਰੇ ਜਲੌਅ ਨਾਲ ਖਿੜਿਆ ਰਿਹਾ ਤੇ ਉਸ ਤੋਂ ਬਾਅਦ ਉਹਦੀ ਰਾਂਗਲੀ ਮਹਿਕ ਅੱਜ ਤੱਕ ਵੀ ਮੇਰੇ ਚੇਤਿਆਂ ਵਿਚ ਵੱਸੀ ਹੋਈ ਹੈ। 82 ਸਾਲ ਦਾ ਹੋ ਗਿਆ ਹਾਂ, ਪਰ ਉਹ ਮੈਨੂੰ ਭੁੱਲੀ ਨਹੀਂ। ਉਹ ਸਮਾਂ ਬਹੁਤ ਪਿੱਛੇ ਰਹਿ ਗਿਆ ਹੈ, ਪਰ ਉਹ ਕੱਲ੍ਹ ਵਾਂਗ ਯਾਦ ਹੈ। ਕਦੀ ਭੁੱਲੇਗੀ ਵੀ ਨਹੀਂ। ਪਤਾ ਨਹੀਂ ਉਹ ਇਸ ਵੇਲੇ ਕਿੱਥੇ ਹੋਵੇਗੀ! ਕਿਹੋ ਜਿਹੀ ਦਿਸਦੀ ਹੋਵੇਗੀ! ਉਹ ਜਿੱਥੇ ਵੀ ਹੋਵੇ, ਪਰਿਵਾਰ ਸਮੇਤ ਸੁਖੀ ਵੱਸੇ। ਉਹਦੀ ਤੰਦਰੁਸਤੀ ਲਈ, ਸੁਖ-ਚੈਨ ਲਈ ਦੁਆ ਕਰਦਾ ਹਾਂ। ਰੱਬ ਉਹਨੂੰ ਰਾਜ਼ੀ ਰੱਖੇ।
ਪਰਿਵਾਰਕ ਤੌਰ ’ਤੇ ਮੈਂ ਪੂਰਾ ਸੰਤੁਸ਼ਟ ਹਾਂ। ਮੇਰੀ ਪਤਨੀ ਨੇ ਸਾਰੀ ਉਮਰ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਸੰਘਰਸ਼ ਕੀਤਾ। ਉਹਦੇ ਪ੍ਰਤੀ ਮੈਨੂੰ ਕੋਈ ਗਿਲਾ ਨਹੀਂ, ਪਰ ਪੂਰਨ ਕੌਰ ਨੂੰ ਵੇਖਣ ਤੋਂ ਬਾਅਦ ਮੈਨੂੰ ਸਦਾ ਮਹਿਸੂਸ ਹੁੰਦਾ ਰਿਹਾ ਹੈ, ਜਿਵੇਂ ਮੈਂ ਅੰਦਰੋਂ ਕਿਤੇ ਅਧੂਰਾ ਹਾਂ, ਅ-ਪੂਰਨ ਹਾਂ।
ਪਰ ਅਜੇ ਵੀ ਜੀ ਕਰਦਾ ਹੈ ਕਿ ਇੱਕ ਵਾਰ ਉਹਨੂੰ ਜੀ ਭਰ ਕੇ ਵੇਖ ਲਵਾਂ। ਉਹਦੇ ਵੱਲ ਵੇਖਾਂ ਤੇ ਉਹ ਮੈਨੂੰ ਉਸ ਦਿਨ ਵਾਂਗ ਪਲਕਾਂ ਉਠਾ ਕੇ ਵੇਖੇ ਤੇ ਆਪਣੀਆਂ ਅੱਖਾਂ ਵਿਚ ਬਿਠਾ ਲਵੇ!
ਪਰ ਕੀ ਇਹ ਕਦੀ ਹੋ ਵੀ ਸਕੇਗਾ? ਉਹਦੇ ਤੱਕ ਮੇਰਾ ਸੁਨੇਹਾ ਕਿਵੇਂ ਪਹੁੰਚੇਗਾ?
ਫਿਰ ਮਨ ਨੂੰ ਸਮਝਾਉਂਦਾ ਹੋਇਆ ਸ਼ਿਵ ਕੁਮਾਰ ਦੀ ‘ਲੂਣਾ’ ਦਾ ਇਕ ਸ਼ਿਅਰ ਯਾਦ ਕਰਦਾ ਹਾਂ,
ਏਥੇ ਸਭ ਅ-ਪੂਰਨ, ਪੂਰਨ ਕੋਈ ਨਹੀਂ!