ਗੁਰਮੀਤ ਕੜਿਆਲਵੀ ਦੀ ਖੇਡ ਸ਼ੈਲੀ

ਪ੍ਰਿੰ. ਸਰਵਣ ਸਿੰਘ
ਦੌੜੀ ਚੱਲ ਹਿਮਾ! ਤੇਜ਼! ਹੋਰ ਤੇਜ਼! ਜੋਰ ਨਾਲ! ਜੋਸ਼ ਨਾਲ! ਜਜ਼ਬੇ ਨਾਲ! ਜਨੂੰਨ ਨਾਲ…
ਗੁਰਮੀਤ ਕੜਿਆਲਵੀ ਖੇਡ ਵਾਰਤਾ ਦਾ ਧਨੀ ਹੈ। ਖੇਡ ਸ਼ੈਲੀ ਦਾ ਚੈਂਪੀਅਨ। ਉਸ ਨੂੰ ਹਾਕੀ ਨਾਲ ਗੋਲ ਕਰਨ ਦੇ ਭਾਵੇਂ ਘੱਟ ਮੌਕੇ ਮਿਲੇ, ਪਰ ਸ਼ਬਦਾਂ ਦੇ ਗੋਲ ਕਰਨ ਦੇ ਭਰਪੂਰ ਮੌਕੇ ਮਿਲ ਰਹੇ ਨੇ। ਸ਼ਬਦਾਂ ਦੇ ਪਾਸ ਤੇ ਵਾਕਾਂ ਦੇ ਪੈਨਲਟੀ ਕਾਰਨਰ ਲਾਉਣ ਦਾ ਉਹ ‘ਗੋਲ ਕਿੰਗ’ ਹੈ। ਉਹਦੀ ਰੀਝ ਚੋਟੀ ਦਾ ਖਿਡਾਰੀ ਬਣਨ ਦੀ ਸੀ, ਜੋ ਪੂਰੀ ਨਾ ਹੋ ਸਕੀ। ਆਖਰ ਸ਼ਬਦਾਂ ਦਾ ਖਿਡਾਰੀ ਬਣਨ ਦੇ ਰਾਹ ਪੈ ਗਿਆ। ਲੱਗਦੈ, ਪੰਜਾਬੀ ਖੇਡ ਸਾਹਿਤ ਦੀ ਰਿਲੇਅ ਦੌੜ ਵਿਚ ਮੇਰੀ ਦੌੜ ਪੂਰੀ ਹੋਣ `ਤੇ ਉਹ ਅਗਲੀ ਦੌੜ ਦਾ ਬੈਟਨ ਫੜ ਸਕਦੈ। ਉਹਦੀ ਗਿਣਤੀ ਹੁਣ ਹੋਣਹਾਰ ਕਹਾਣੀਕਾਰਾਂ, ਵਾਰਤਾਕਾਰਾਂ ਤੇ ਖੇਡ ਲੇਖਕਾਂ ਵਿਚ ਹੋਣ ਲੱਗ ਪਈ ਹੈ।

ਉਹਦਾ ਜਨਮ ਜਿਲਾ ਮੋਗਾ ਦੇ ਪਿੰਡ ਕੜਿਆਲ ‘ਚ ਇੱਕ ਸਾਧਾਰਨ ਕਿਰਤੀ ਪਰਿਵਾਰ ‘ਚ ਸ. ਬਾਬੂ ਸਿੰਘ ਦੇ ਘਰ ਮਾਤਾ ਸੁਖਦੇਵ ਕੌਰ ਦੀ ਕੁੱਖੋਂ ਹੋਇਆ। ਉਸ ਨੇ ਪਿੰਡ ਦੇ ਹਾਈ ਸਕੂਲ ‘ਚੋਂ ਦਸਵੀਂ ਤੇ ਰੋਡੇ ਦੇ ਸਰਕਾਰੀ ਪੌਲੀਟੈਕਨਿਕ ਕਾਲਜ ਵਿਚੋਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਪਾਸ ਕੀਤਾ। ਫਿਰ ਰੁਜ਼ਗਾਰ ਦੀ ਭਾਲ ਵਿਚ ਖੇਤਾਂ ‘ਚ ਦਿਹਾੜੀਆਂ ਕਰਨ ਤੋਂ ਲੈ ਕੇ, ਡਰੇਨਾਂ ਦੀ ਬੇਲਦਾਰੀ ਤੇ ਜਲ ਸਪਲਾਈ ਮਹਿਕਮੇ ‘ਚ ਪੰਪ ਅਪਰੇਟਰੀ ਕੀਤੀ। ਪੰਜਾਬੀ ਯੂਨੀਵਰਸਿਟੀ ਤੋਂ ਐਮ. ਏ. ਪੰਜਾਬੀ ਤੇ ਐਮ. ਏ. ਰਾਜਨੀਤੀ ਦੀਆਂ ਮਾਸਟਰ ਡਿਗਰੀਆਂ ਹਾਸਲ ਕੀਤੀਆਂ। ਯੂ. ਜੀ. ਸੀ. ਦਾ ਨੈੱਟ ਪਾਸ ਕਰਕੇ ਕਾਲਜ ਵਿਚ ਪ੍ਰੋਫੈਸਰ ਲੱਗਣ ਦੇ ਸੁਪਨੇ ਲਏ। ਪੀ. ਪੀ. ਐਸ. ਸੀ. ਰਾਹੀਂ ਲੈਕਚਰਰ ਦੀ ਚੋਣ ਵੀ ਹੋ ਗਈ, ਪਰ ਸੁਪਨੇ ਰਵੀ ਸਿੱਧੂ ਵੇਲੇ ਦੇ ਰਿਸ਼ਵਤੀ ਰੌਲੇ-ਰੱਪੇ ਵਿਚ ਉਡ ਗਏ। ਆਹਲਾ ਨੌਕਰੀ ਵਾਲੀਆਂ ਅਨੇਕਾਂ ਉੱਚ ਪੱਧਰੀ ਪ੍ਰੀਖਿਆਵਾਂ ਪਾਸ ਕੀਤੀਆਂ, ਜੋ ਜੇਬੋਂ ਖਾਲੀ ਹੋਣ ਕਰਕੇ ਨੌਕਰੀ ‘ਚ ਨਾ ਬਦਲ ਸਕੀਆਂ। ਆਖਰ ਪੰਜਾਬ ਦੇ ਭਲਾਈ ਵਿਭਾਗ ‘ਚ ਅਧਿਕਾਰੀ ਬਣਨ ਦਾ ਦਾਅ ਲੱਗਾ। ਉਹਦਾ ਪੱਕਾ ਟਿਕਾਣਾ ਅੱਜ ਕੱਲ੍ਹ ਆਪਣੇ ਪਿੰਡ ਕੋਲ ਕੋਟ ਈਸੇ ਖਾਂ ਵਿਚ ਹੈ।
ਉਹ ਪਿੰਡਾਂ ‘ਚ ਗਾਇਕਾਂ ਦੇ ਅਖਾੜੇ ਸੁਣਨ ਤੇ ਟੂਰਨਾਮੈਂਟਾਂ ‘ਚ ਖਿਡਾਰੀਆਂ ਦੀਆਂ ਝਪਟਾਂ ਵੇਖਣ ਪਹਿਲਾਂ ਸਕੂਲੋਂ ਤੇ ਫਿਰ ਕਾਲਜੋਂ ਦੌੜਦਾ ਰਿਹਾ। ਮਨ ‘ਚ ਖਿਡਾਰੀ ਬਣਨ ਦੀ ਤਾਂਘ ਜੁ ਸੀ, ਪਰ ਖੁਰਾਕੋਂ ਊਣੇ ਕਮਜ਼ੋਰ ਜੁੱਸੇ ਨੇ ਪੂਰਾ ਸਾਥ ਨਾ ਦਿੱਤਾ। ਉਂਜ ਖੇਡਾਂ ਤੇ ਖਿਡਾਰੀਆਂ ਨਾਲ ਮੋਹ-ਪਿਆਰ ਅੱਜ ਵੀ ਉਵੇਂ ਜਿਵੇਂ ਹੀ ਹੈ। ਓਲੰਪਿਕ, ਏਸਿ਼ਆਈ ਤੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੇਲਿਆਂ ‘ਚ ਹੁੰਦੇ ਮੁਕਾਬਲਿਆਂ ਨੂੰ ਟੀ. ਵੀ. ‘ਤੇ ਵੇਖਣ ਲਈ ਅੱਧੀ ਰਾਤ ਤੋਂ ਬਾਅਦ ਜਾਗਣਾ ਵੀ ਔਖਾ ਨਹੀਂ ਲੱਗਦਾ। ਹਾਕੀ ਨਾਲ ਤਾਂ ਸਿਰੇ ਦਾ ਸਨੇਹ ਹੈ। ਤਦੇ ਟੋਕੀਓ ਓਲੰਪਿਕ-2021 ‘ਚ ਹੋਈ ਭਾਰਤੀ ਹਾਕੀ ਖਿਡਾਰਨਾਂ ਦੀ ਹਾਰ ਬਾਰੇ ਲਿਖਣੋਂ ਨਹੀਂ ਰਹਿ ਸਕਿਆ:
ਅੱਥਰੂ ਸੰਭਾਲ ਕੇ ਰੱਖੋ ਧੀ ਰਾਣੀਓਂ
ਅੱਜ ਦਾ ਫੈਸਲਾਕੁੰਨ ਮੈਚ ਹਾਰ ਜਾਣ ‘ਤੇ ਤੁਹਾਡੀਆਂ ਅੱਖਾਂ ‘ਚੋਂ ਡਿੱਗਦੇ ਅੱਥਰੂਆਂ ਨੇ ਨਵੀਂ ਇਬਾਰਤ ਲਿਖੀ ਹੈ। ਇਹ ਅੱਥਰੂ ਮੇਰੇ ਵਰਗੇ ਕਰੋੜਾਂ ਦੇਸ਼ ਵਾਸੀਆਂ ਦੀਆਂ ਅੱਖਾਂ ‘ਚ ਵੀ ਆ ਉੱਤਰੇ ਹਨ। ਗੁਰਜੀਤ, ਨਿਸ਼ਾ, ਸਵਿਤਾ ਸਮੇਤ ਸਭਨਾਂ ਧੀਆਂ ਨੂੰ ਰੋਂਦਿਆਂ ਵੇਖ ਜੀਹਦੀਆਂ ਅੱਖਾਂ ਨਹੀਂ ਸਿੰਮੀਆਂ ਜਾਂ ਜੀਹਦਾ ਦਿਲ ਨਹੀਂ ਰੋਇਆ, ਉਹ ਜਾਂ ਤਾਂ ਪੱਥਰ ਦਿਲ ਹੋਵੇਗਾ ਜਾਂ ਸੰਵੇਦਨਾ ਤੋਂ ਅਸਲੋਂ ਸੱਖਣਾ। ਅਸੀਂ ਕੁਆਰਟਰ ਫਾਈਨਲ ਮੈਚ ਹਾਰ ਜਾਣ ਪਿੱਛੋਂ ਆਸਟ੍ਰੇਲੀਆ ਦੀਆਂ ਕੁੜੀਆਂ ਨੂੰ ਹੁਬਕੀਂ ਰੋਂਦਿਆਂ ਵੇਖਿਆ। ਅਸੀਂ ਮੁੰਡਿਆਂ ਦੀ ਹਾਕੀ ਟੀਮ ਦੇ ਫਾਈਨਲ ਮੈਚ ਵਿਚ ਬੈਲਜੀਅਮ ਤੋਂ ਪੈਨਲਟੀ ਸ਼ੂਟ ਆਊਟ ‘ਤੇ 3-2 ਨਾਲ ਹਾਰ ਜਾਣ ‘ਤੇ ਕੰਗਾਰੂਆਂ ਨੂੰ ਹੰਝੂਆਂ ਨਾਲ ਧਰਤੀ ਸਿੱਲੀ ਕਰਦੇ ਵੇਖਿਆ। ਅਜਿਹੇ ਪਲ ਹਰ ਖੇਡ ਦੇ ਅੰਤ ਸਮੇਂ ਆਉਂਦੇ ਨੇ। ਜਿੱਤਣ ਵਾਲਿਆਂ ਦੀਆਂ ਅੱਖਾਂ ‘ਚ ਖੁਸ਼ੀ ਦੇ ਹੰਝੂ ਹੱਸਦੇ ਨੇ ਤੇ ਹਾਰ ਜਾਣ ਵਾਲਿਆਂ ਦੀਆਂ ਅੱਖਾਂ ‘ਚੋਂ ਡਿਗਦੇ ਅੱਥਰੂਆਂ ਦਾ ਦਰਦ ਸਹਿਆ ਨਹੀਂ ਜਾਂਦਾ। ਉਦੋਂ ਇਨ੍ਹਾਂ ਖਿਡਾਰੀਆਂ ਨੂੰ ਆਪਣਿਆਂ ਦੇ ਮੋਢਿਆਂ ਦਾ ਸਹਾਰਾ ਚਾਹੀਦਾ ਹੁੰਦੈ, ਜਿਥੇ ਸਿਰ ਰੱਖ ਕੇ ਉਹ ਰੋਅ ਸਕਣ ਤੇ ਮਨ ਹੌਲਾ ਕਰ ਸਕਣ। ਉਨ੍ਹਾਂ ਨੂੰ ਹਮਦਰਦੀ, ਹੌਸਲੇ ਤੇ ਢਾਰਸ ਵਾਲੇ ਬੋਲਾਂ ਦੀ ਲੋੜ ਹੁੰਦੀ ਹੈ, ਜੋ ਉਨ੍ਹਾਂ ਦੇ ਜ਼ਖਮਾਂ ‘ਤੇ ਮੱਲ੍ਹਮ ਬਣ ਕੇ ਲੱਗ ਜਾਣ। ਉਹ ਜਾਨ ਹੂਲ ਕੇ ਲੜੇ ਹੁੰਦੇ ਨੇ। ਜਿੱਤ ਹਾਰ ਤਾਂ ਹੋਣੀ ਹੀ ਹੁੰਦੀ ਹੈ। ਜਿਵੇਂ ਜਿੱਤੇ ਖਿਡਾਰੀਆਂ ਨੂੰ ਸ਼ਾਬਾਸ਼ ਮਿਲਦੀ ਹੈ, ਉਵੇਂ ਹਾਰਿਆਂ ਨੂੰ ਵੀ ਬਣਦੀ ਸਰਦੀ ਸਾਬਾਸ਼ੀ ਦੀ ਲੋੜ ਹੁੰਦੀ ਹੈ।
ਖੇਡ ਵਿਚ ਉਹ ਪਲ ਹੋਰ ਵੀ ਹੁਸੀਨ ਹੁੰਦੇ ਹਨ, ਜਦੋਂ ਜੇਤੂ ਟੀਮ ਦੇ ਖਿਡਾਰੀ ਹਾਰਨ ਵਾਲੇ ਵਿਰੋਧੀਆਂ ਦੀ ਜੁਝਾਰੂ ਭਾਵਨਾ ਦੀ ਸ਼ਲਾਘਾ ਕਰਦੇ ਨੇ ਤੇ ਉਨ੍ਹਾਂ ਦੀ ਹਾਰ ਨੂੰ ਮਹਿਜ਼ ਸਬੱਬ ਮੰਨਦਿਆਂ ਕੋਲ ਜਾ ਕੇ ਉਨ੍ਹਾਂ ਨੂੰ ਗਲੇ ਲਾਉਂਦੇ ਹੋਏ ਦਿਲਾਸਾ ਦਿੰਦੇ ਨੇ। ਰੀਓ ਉਲੰਪਿਕ ਦਾ ਬੈਡਮਿੰਟਨ ਫਾਈਨਲ ਹਾਰ ਜਾਣ ‘ਤੇ ਜੇਤੂ ਖਿਡਾਰਨ ਕਾਰਲੀਨਾ ਨੇ ਜਿਵੇਂ ਪੀਵੀ ਸਿੰਧੂ ਨੂੰ ਦਿਲਾਸਾ ਦਿੰਦਿਆਂ ਭੁੰਜੇ ਢੱਠੀ ਨੂੰ ਉਠਾਇਆ ਸੀ, ਉਹ ਪਲ ਵੀ ਖੇਡ ਪ੍ਰੇਮੀਆਂ ਦੀਆਂ ਅੱਖਾਂ ਵਿਚ ਮੁਹੱਬਤ ਬਣ ਕੇ ਠਹਿਰ ਗਿਆ ਸੀ। ਭਾਰਤ ਤੇ ਗਰੇਟ ਬ੍ਰਿਟੇਨ ਦੇ ਕੁਆਰਟਰ ਫਾਈਨਲ ਹਾਕੀ ਮੈਚ ‘ਚ ਬ੍ਰਿਟੇਨ ਦੇ ਹਾਰੇ ਗੱਭਰੂਆਂ ਨੂੰ ਹੌਸਲਾ ਦੇ ਕੇ ਦਿਲਪ੍ਰੀਤ ਨੇ ਦੁਨੀਆਂ ਦੇ ਕਰੋੜਾਂ ਲੋਕਾਂ ਦਾ ਦਿਲ ਜਿੱਤ ਲਿਆ ਸੀ। ਅੱਜ ਗਰੇਟ ਬ੍ਰਿਟੇਨ ਦੀਆਂ ਖਿਡਾਰਨਾਂ ਅੱਖਾਂ ‘ਚ ਖੁਸ਼ੀ ਦੇ ਹੰਝੂ ਭਰੀ ਡਿੱਗੀਆਂ ਢੱਠੀਆਂ ਭਾਰਤੀ ਖਿਡਾਰਨਾਂ ਕੋਲ ਜਾ ਕੇ ਹੌਸਲਾ ਦਿੰਦੀਆਂ ਦਿਸੀਆਂ।
ਧੀ ਰਾਣੀਓਂ! ਤੁਹਾਡੀ ਹਾਰ ਤਾਂ ਜਿੱਤ ਨਾਲੋਂ ਵੀ ਵਧੇਰੇ ਮਹੱਤਵਪੂਰਨ ਹੈ। ਤੁਸੀਂ ਤਾਂ ਦਹਾਕਿਆਂ ਬਾਅਦ ਭਾਰਤੀਆਂ ਦਾ ਦਿਲ ਆਪਣੀ ਕੌਮੀ ਖੇਡ ਹਾਕੀ ਲਈ ਧੜਕਣ ਲਾਇਆ ਹੈ। ਤੁਹਾਡੇ ਅੱਥਰੂਆਂ ਨੇ ਤਾਂ ਕਈ ਗਲੇਸ਼ੀਅਰ ਪਿਘਲਾ ਦੇਣੇ ਹਨ। ਇਨ੍ਹਾਂ ਅੱਥਰੂਆਂ ਨੇ ਦੇਸ਼ ਦੇ ਕਰਤੇ-ਧਰਤਿਆਂ ਦੀਆਂ ਅੱਖਾਂ ‘ਚ ਕੁਝ ਨਾ ਕੁਝ ਰੜਕ ਤਾਂ ਜਰੂਰ ਪੈਦਾ ਕਰ ਦੇਣੀ ਹੈ। ਸ਼ਰਮੋਂ ਸ਼ਰਮੀ ਹੀ ਸਹੀ, ਉਹ ਕੁਝ ਨਾ ਕੁਝ ਤਾਂ ਕਰਨਗੇ ਹੀ। ਕੋਈ ਹੋਰ ਰਾਜ ਵੀ ਨਵੀਨ ਪਟਨਾਇਕ ਵਰਗਾ ਬਣ ਸਕਦਾ ਹੈ। ਹੋਰ ਵੀ ਬੜੇ ਹੱਥ ਅੱਗੇ ਆਉਣਗੇ। ਮੈਂ ਹੀ ਨਹੀਂ, ਕਰੋੜਾਂ ਲੋਕਾਂ ਦੀ ਉਮੀਦ ਹੈ, ਤੁਹਾਡੇ ਅੱਥਰੂਆਂ ਨੇ ਕਿਸੇ ਦਿਨ ਸੋਨ ਤਗਮੇ ‘ਚ ਬਦਲ ਜਾਣਾ ਹੈ। ਹੌਸਲਾ ਰੱਖੋ ਬਹਾਦਰ ਧੀਓ! ਆਸ, ਉਮੀਦ ਤੇ ਹਿੰਮਤ ਨਾਲ ਖੇਡ ਖੇਡਦਿਆਂ ਜੀਓ!!
ਗੁਰਮੀਤ ਪਹਿਲਾਂ ਸਿ਼ਅਰੋ-ਸ਼ਾਇਰੀ ਕਰਨ ਲੱਗਾ ਸੀ, ਤਦੇ ਨਾਂ ਨਾਲ ਤਖੱਲਸ ਕੜਿਆਲਵੀ ਲਾਇਆ ਸੀ। ਕਵਿਤਾਵਾਂ ਲਿਖਦਾ-ਲਿਖਦਾ ਕਹਾਣੀਆਂ ਲਿਖਣ ਲੱਗ ਪਿਆ। ਕਹਾਣੀਆਂ ਦੀਆਂ ਪੰਜ ਕਿਤਾਬਾਂ ਛਪ ਚੁਕੀਆਂ। ਭਾਅ ਜੀ ਗੁਰਸ਼ਰਨ ਸਿੰਘ ਤੇ ਕੇਵਲ ਧਾਲੀਵਾਲ ਨੇ ਉਹਦੀਆਂ ਕੁਝ ਕਹਾਣੀਆਂ ‘ਤੇ ਨਾਟਕ ਖੇਡੇ। ਉਸ ਨੇ ਆਪ ਵੀ ਕਈ ਨਾਟਕ ਲਿਖੇ, ਜੋ ਦੇਸ਼ ਭਗਤ ਯਾਦਗਾਰ ਹਾਲ ‘ਚ ਗਦਰੀ ਬਾਬਿਆਂ ਦੇ ਮੇਲੇ ‘ਚ ਖੇਡੇ ਗਏ। ‘ਆਤੂ ਖੋਜੀ’ ਸ਼ਾਹਕਾਰ ਕਹਾਣੀ ਵਜੋਂ ਜਾਣੀ ਗਈ, ਜੋ ਸਕੂਲਾਂ ਤੇ ਯੂਨੀਵਰਸਿਟੀਆਂ ਦੇ ਸਿਲੇਬਸਾਂ ਦਾ ਅੰਗ ਬਣੀ। ਆਤੂ ਖੋਜੀ ‘ਤੇ ਰਾਜੀਵ ਸ਼ਰਮਾ ਨੇ ਲਘੂ ਫਿਲਮ ਬਣਾਈ, ਜੋ ਵਾਹਵਾ ਖੱਟਦੀ ਰਹੀ। ਸਾਰੰਗੀ ਦੀ ਮੌਤ, ਗੁਰਚਰਨਾ ਗਾਡਰ, ਨਮੋਲੀਆਂ, ਚੀਕ, ਹੱਡਾ ਰੋੜੀ ਤੇ ਰੇਹੜੀ ਵਰਗੀਆਂ ਚਰਚਿਤ ਕਹਾਣੀਆਂ ਲਿਖਣ ਦਾ ਮਾਣ ਹਾਸਲ ਹੋਇਆ। ਈਜਵਾ ਤੂੰ ਦੌੜੀ ਚੱਲ… ਉਸ ਦੀ ਆਸ਼ਾਵਾਦੀ ਖੇਡ ਕਹਾਣੀ ਹੈ, ਜੋ ਮੈਂ ਇਸੇ ਲੜੀ ‘ਚ ਪ੍ਰੋਣਾ ਚਾਹੁੰਦਾ ਸਾਂ, ਪਰ ਲੰਮੀ ਹੋਣ ਕਰਕੇ ਕਦੇ ਫੇਰ ਸਹੀ। ਉਸ ਦੀਆਂ ਕੁਝ ਕਹਾਣੀਆਂ ਐਨ. ਬੀ. ਟੀ. ਤੇ ਭਾਰਤੀ ਸਾਹਿਤ ਅਕਾਦਮੀ ਦੀਆਂ ਕਿਤਾਬਾਂ ‘ਚ ਸ਼ਾਮਿਲ ਹਨ, ਜਿਨ੍ਹਾਂ ਦਾ ਹੋਰਨਾਂ ਭਾਸ਼ਾਵਾਂ ‘ਚ ਅਨੁਵਾਦ ਹੋਇਆ। ਪਲੇਠਾ ਨਾਵਲ ‘ਉਹ ਇੱਕੀ ਦਿਨ’ ਲਿਖਿਆ, ਜਿਸ ਦੀ ਨਿਰੂਪਮਾ ਦੱਤ ਨੇ ਆਪਣੇ ਕਾਲਮ ਵਿਚ ਭਰਪੂਰ ਸ਼ਲਾਘਾ ਕੀਤੀ।
ਗੁਰਮੀਤ ਕਵੀ, ਨਾਟਕਕਾਰ, ਕਹਾਣੀਕਾਰ, ਨਾਵਲਕਾਰ, ਵਾਰਤਕਕਾਰ, ਖੇਡ ਲੇਖਕ ਅਤੇ ਬਾਲ ਸਾਹਿਤ ਲੇਖਕ ਵੀ ਹੈ। ‘ਖਤਰਨਾਕ ਅਤਿਵਾਦੀ ਦੀ ਜੇਲ੍ਹ ਯਾਤਰਾ’ ਤੇ ‘ਦਹਿਸ਼ਤ ਭਰੇ ਦਿਨਾਂ `ਚ’ ਦੋ ਵਾਰਤਕ ਪੁਸਤਕਾਂ ਅਤੇ 7 ਬਾਲ ਸਾਹਿਤ ਪੁਸਤਕਾਂ ਮਾਂ ਬੋਲੀ ਦੀ ਝੋਲੀ ਪਾਈਆਂ ਹਨ। ਸ਼ਬਦ ਚਿੱਤਰਾਂ ਦੀ ਪੁਸਤਕ ਵੀ ਛਪਾਈ ਅਧੀਨ ਹੈ। ਕਿਸਾਨ ਅੰਦੋਲਨ ਸਮੇਤ ਲੋਕ ਪੱਖੀ ਅੰਦੋਲਨਾਂ `ਚ ਭਰਵੀ ਸ਼ਮੂਲੀਅਤ ਕੀਤੀ ਹੈ। ਕਿਸਾਨ ਅੰਦੋਲਨ ਬਾਰੇ ਬਹੁਚਰਚਿਤ ਕਵਿਤਾ ‘ਬੋਹੜ ਵਾਲਿਆਂ ਦਾ ਸਾਧਾ’ ਲਿਖੀ। ਅੰਦੋਲਨ ਬਾਰੇ ‘ਮਦਾਰੀ’ ਨਾਟਕ ਲਿਖਿਆ, ਜਿਸ ਦੇ 100 ਤੋਂ ਵੱਧ ਸ਼ੋਅ ਪੰਜਾਬ ਤੇ ਦਿੱਲੀ `ਚ ਚੱਲ ਰਹੇ ਕਿਸਾਨ ਧਰਨਿਆਂ `ਚ ਪੇਸ਼ ਕਰ ਚੁਕੈ। ਹੁਣ ਉਹ ‘ਮਹਿੰਦਰ ਸਾਥੀ ਯਾਦਗਾਰੀ ਮੰਚ’ ਦੇ ਪ੍ਰਧਾਨ ਵਜੋਂ ਸਰਗਰਮ ਹੈ। ਵੇਖੋ ਉਹਦੀ ਖੇਡ-ਸ਼ੈਲੀ ਦੀ ਸ਼ਬਦੀ ਲੀਲ੍ਹਾ:
ਕੰਮੀਆਂ ਦੇ ਵਿਹੜੇ ਦਾ ਸੂਰਜ
ਦੌੜੀ ਚੱਲ ਹਿਮਾ ਦਾਸ! ਤੇਜ਼! ਹੋਰ ਤੇਜ਼! ਜੋਰ ਨਾਲ! ਜੋਸ਼ ਨਾਲ! ਜਜ਼ਬੇ ਨਾਲ! ਜਨੂੰਨ ਨਾਲ! ਜ਼ਬਤ ਨਾਲ! ਅਜੇ ਹਿਮਾ ਵੱਲੋਂ ਜਿੱਤੇ ਪੰਜਵੇਂ ਤਗਮੇ ਦੀਆਂ ਖਬਰਾਂ ਚੱਲੀ ਜਾਂਦੀਆਂ ਸਨ ਕਿ ਉਸ ਦੇ ਛੇਵੇਂ ਸੁਨਹਿਰੀ ਤਗਮੇ ਦੀਆਂ ਖਬਰਾਂ ਆ ਗਈਆਂ। ਦੇਸ਼ ਦੇ ਮੁਖੀਏ ਵੱਲੋਂ ਵਧਾਈ ਦਿੱਤੀ ਗਈ। ਸਟਾਰ ਖਿਡਾਰੀਆਂ ਤੇ ਐਕਟਰਾਂ ਵੱਲੋਂ ਵੀ। ਉਹਦੇ ਪੰਜਵੇਂ ਸੋਨ ਤਗਮੇ ਨੇ ਮਸੀਂ ਕਿਤੇ ਜਾ ਕੇ ਘੂਕ ਸੁੱਤੇ ਪਏ ਨੇਤਾਵਾਂ ਦੀ ਜਾਗ ਖੋਲ੍ਹੀ ਸੀ ਤੇ ਹੁਣ…। ਚੱਲ ਹਿਮਾ ਧੀਏ ਮੰਨ ਲੈ ਇਨ੍ਹਾਂ ਦੀਆਂ ਵਧਾਈਆਂ! ਪਰ ਗੱਲ-ਗੱਲ ‘ਤੇ ਟਊਂ-ਟਊਂ ਕਰਨ ਵਾਲੇ ਗੋਦੀ ਮੀਡੀਏ ਦੀ ਜਾਗ ਤਾਂ ਅਜੇ ਵੀ ਨ੍ਹੀਂ ਖੁੱਲ੍ਹੀ। ਕਾਸ਼ ਤੇਰੇ ਮੁਕਾਬਲੇ ਕੋਈ ਪਾਕਿਸਤਾਨੀ ਦੌੜਾਕ ਦੌੜੀ ਹੁੰਦੀ। ਫੇਰ ਸ਼ਾਇਦ ‘ਰਾਸ਼ਟਰੀ’ ਮੀਡੀਆ ਚੀਕਦਾ, “ਹਿਮਾ ਕੀ ਪਾਕਿਸਤਾਨ ਪਰ ਸਰਜੀਕਲ ਸਟਰਾਈਕ!”
ਹਿਮਾ ਤੂੰ ਆਪਣੇ ਬਾਪ ਰਣਜੀਤ ਦਾਸ ਦਾ ਹੀ ਨਹੀਂ, ਦੇਸ਼ ਦੇ ਕਰੋੜਾਂ ਉਨ੍ਹਾਂ ਦੱਬੇ ਕੁਚਲੇ, ਲਤਾੜੇ ਤੇ ਜਾਤੀਵਾਦ ਦਾ ਸ਼ਿਕਾਰ ਬਣਾ ਕੇ ਨਿਤਾਣੇ ਕਰ ਦਿੱਤੇ ਗਏ ਲੋਕਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਜਿਨ੍ਹਾਂ ਨੂੰ ਕਦੇ ਮੌਕੇ ਹੀ ਨਹੀਂ ਦਿੱਤੇ ਗਏ। ਤੂੰ ਦੱਸ ਦਿੱਤੈ ਕਿ ਮੌਕੇ ਮਿਲਣ ਤਾਂ ਇਹੋ ਲਤਾੜੇ ਲੋਕ ਦੇਸ਼ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖ ਸਕਦੇ ਹਨ। ਕੀ ਖੇਡਾਂ, ਕੀ ਵਿਗਿਆਨ, ਕੀ ਇੰਜੀਨੀਅਰਿੰਗ… ਇਹ ਹਰ ਖੇਤਰ ‘ਚ ਮੱਲਾਂ ਮਾਰ ਸਕਦੇ ਨੇ।
ਹਿਮਾ! ਤੈਨੂੰ ਦੌੜਦਿਆਂ ਦੇਖ ਦੇਸ਼ ਦੀ ਇਕ ਹੋਰ ਮਹਾਨ ਧੀ ਪੀਟੀ ਊਸ਼ਾ ਚੇਤੇ ਆਈ ਹੈ। ਯਾਦ ਹੈ, 1984 ਦੀ ਲਾਸ ਏਂਜਲਸ ਓਲੰਪਿਕ। ਸੈਕੰਡ ਦੇ ਸੌਂਵੇ ਹਿੱਸੇ ਨਾਲ ਤਗਮਾ ਜਿੱਤਣੋ ਰਹਿ ਗਈ ਸੀ। ਅਸੀਂ ਬਹੁਤ ਉਦਾਸ ਹੋਏ ਸਾਂ ਉਸ ਦਿਨ। ਉੱਡਣੇ ਸਿੱਖ ਮਿਲਖਾ ਸਿੰਘ ਤੋਂ ਬਾਅਦ ਇਹ ਇਕ ਸ਼ਾਨਦਾਰ ਪ੍ਰਾਪਤੀ ਸੀ। ਐਨੇ ਵਰ੍ਹੇ ਲੰਘ ਜਾਣ ‘ਤੇ ਵੀ ਸਾਨੂੰ ਯਾਦ ਨੇ ਸਿਓਲ-1986 ਦੀਆਂ ਏਸਿ਼ਆਈ ਖੇਡਾਂ। ਕੁੱਲ ਪੰਜ ਸੋਨ ਤਗਮੇ ਜਿੱਤੇ ਸਨ ਆਪਣੇ ਦੇਸ਼ ਨੇ। ਇਨ੍ਹਾਂ ‘ਚੋਂ ਚਾਰ ਇਕੱਲੀ ਪੀਟੀ ਊਸ਼ਾ ਦੇ ਸਨ। 200 ਮੀਟਰ, 400 ਮੀਟਰ, 400 ਮੀਟਰ ਹਰਡਲਜ਼ ਤੇ 4 ਜਰਬ 400 ਮੀਟਰ ਰੀਲੇਅ ਦੌੜਾਂ ਦੇ। ਪੰਜਵਾਂ ਸੋਨ ਤਗਮਾ ਉੱਚ ਦੁਮਾਲੜੇ ਸੁਰ ਸਿੰਘੀਏ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੇ ਗਰਾਈਂ ਪਹਿਲਵਾਨ ਕਰਤਾਰ ਸਿੰਘ ਦਾ ਸੀ। ਦੇਸ਼ ਅਸ਼-ਅਸ਼ ਕਰ ਉੱਠਿਆ ਸੀ। ਪੀਟੀ ਊਸ਼ਾ ਨੇ 125 ਕਰੋੜੀ ਦੇਸ਼ ਨੂੰ ਨਮੋਸ਼ੀ ਤੋਂ ਬਚਾ ਲਿਆ ਸੀ। ਬੀਜਿੰਗ ‘ਚ ਹੋਈਆਂ 1990 ਦੀਆਂ ਏਸ਼ੀਅਨ ਖੇਡਾਂ ‘ਚ ਤਿੰਨ ਸਿਲਵਰ ਮੈਡਲ ਫੇਰ ਜਿੱਤ ਲਏ। ਸਰਕਾਰ ਨੇ ਪਦਮਸ਼੍ਰੀ ਦਾ ਸਨਮਾਨ ਦਿੱਤਾ। ਜੇ ਕਿਤੇ ਬੱਲਾ ਫੜ ਕੇ ਕ੍ਰਿਕਟ ਖੇਡੀ ਹੁੰਦੀ, ਨਾਲੇ ਰੱਜ ਕੇ ਨੋਟ ਕਮਾਏ ਹੁੰਦੇ, ਨਾਲੇ ਪਦਮ ਭੂਸ਼ਣ ਡੁੱਕ ਲੈਂਦੀ। ਪਰ ਕੀ ਕਰਦੀ ਗਰੀਬ ਦੀ ਧੀ ਜੁ ਸੀ। ਪਦਮਸ਼੍ਰੀ ਥੋੜਾ ਇਨ੍ਹਾਂ ਲਈ। ਕਿਸੇ ਹੋਰ ਦੇਸ਼ ‘ਚ ਜੰਮੀ ਹੁੰਦੀ ਅਗਲਿਆਂ ਆਹਲਾ ਨੌਕਰੀ ਦੇਣੀ ਸੀ।
ਹਿਮਾ! ਅਜੇ ਤੂੰ ਮਹਿਜ਼ 19 ਕੁ ਸਾਲ ਦੀ ਏਂ। ਅਜੇ ਬਹੁਤ ਅੱਗੇ ਜਾਣਾ ਏਂ। ਤੇਰੇ ਸਿਰ ਬਹੁਤ ਵੱਡੀ ਜਿ਼ੰਮੇਵਾਰੀ ਹੈ। ਤੈਨੂੰ ਦੌੜਨਾ ਹੀ ਪੈਣਾ ਹੈ। ਦੇਸ਼ ਦੇ ਗਰੀਬ ਲੋਕਾਂ ਲਈ। ਉਨ੍ਹਾਂ ਦੀ ਸ਼ਾਨ ਲਈ। ਜਿਨ੍ਹਾਂ ਨੂੰ ਇਸ ਦੇਸ਼ ਵਿਚ ਮਨੁੱਖ ਹੀ ਨਹੀਂ ਸਮਝਿਆ ਜਾਂਦਾ, ਤੂੰ ਉਨ੍ਹਾਂ ਦੀ ਪਛਾਣ ਗੂੜ੍ਹੀ ਕੀਤੀ ਹੈ। ਦੇਸ਼ ਦੇ ਲੋਕਾਂ ਨੂੰ ਦੱਸ ਦਿੱਤੈ, ਜੇ ਇਨ੍ਹਾਂ ਲੋਕਾਂ ਨੂੰ ਹਥਿਆਰ ਚਲਾਉਣ ਦੀ ਆਗਿਆ ਹੁੰਦੀ, ਦੇਸ਼ ਦਾ ਇਤਿਹਾਸ ਹੋਰ ਹੁੰਦਾ। ਕੁਸ਼ਾਣ, ਹੂਣ, ਮੰਗੋਲ, ਚੰਗੇਜ਼, ਤੁਰਕ, ਮੁਗਲ, ਗੌਰੀ, ਗਜ਼ਨਵੀ, ਅਬਦਾਲੀ ਤੇ ਅੰਗਰੇਜ਼, ਇਸ ਦੇਸ਼ ‘ਚੋਂ ਮੂੰਹ ਦੀ ਖਾ ਕੇ ਭੱਜਦੇ। ਦੇਸ਼ ਕਦੇ ਬਾਹਰੀ ਹਮਲਾਵਰਾਂ ਦਾ ਗੁਲਾਮ ਨਹੀਂ ਸੀ ਹੋਣਾ। ਮਾਰਸ਼ਲ ਲੋਕਾਂ ਨੂੰ ਨਿਹੱਥੇ ਕਰ ਕੇ ਸਹੀ ਨਤੀਜੇ ਨ੍ਹੀਂ ਮਿਲਦੇ ਹੁੰਦੇ। ਮਹਿਜ ਘੰਟੀਆਂ ਵਜਾ ਕੇ, ਆਰਤੀਆਂ ਉਤਾਰ ਕੇ ਤੇ ਮੰਤਰ ਉਚਾਰ ਕੇ ਜੰਗਾਂ ਨ੍ਹੀਂ ਜਿੱਤ ਹੁੰਦੀਆਂ। ਤੂੰ ਦੱਸ ਦਿੱਤੈ ਕਿ ਤਗਮੇ ਜਿੱਤਣ ਲਈ ਖੂਨ-ਪਸੀਨਾ ਇਕ ਕਰਨਾ ਪੈਂਦਾ।
ਹਿਮਾ! ਤੂੰ ਦੇਸ਼ ਦੀਆਂ ਤਮਾਮ ਧੀਆਂ ਦਾ ਸਿਰ ਉੱਚਾ ਕੀਤਾ ਹੈ। ਕੰਵਲਜੀਤ ਸੰਧੂ ਦੇਸ਼ ਦੀ ਪਹਿਲੀ ਧੀ ਸੀ, ਜਿਸ ਨੇ 1970 ਵਿਚ ਬੈਂਕਾਕ ਦੀਆਂ ਏਸ਼ੀਆਈ ਖੇਡਾਂ ਵਿਚ 800 ਮੀਟਰ ਦੌੜ ‘ਚੋਂ ਸੋਨ ਤਗਮਾ ਜਿੱਤਿਆ ਸੀ। ਉਸ ਤੋਂ ਬਾਅਦ ਗੀਤਾ ਜੁਤਸ਼ੀ, ਜਯੋਤੀ ਮਈ ਸਿਕਦਰ, ਬੀਨਾਮੋਲ, ਅੰਜੂ ਬੌਬੀ ਜਾਰਜ, ਸ਼ਾਇਨੀ ਅਬਰਾਹਮ, ਰੋਜਾ ਕੁਟੀ, ਸੀਮਾ ਪੂਨੀਆ, ਸੁਨੀਤਾ ਰਾਣੀ ਸੁਨਾਮ, ਖੁਸ਼ਬੀਰ ਕੌਰ…ਕਿੰਨੀਆਂ ਹੀ ਨੇ ਜਿਨ੍ਹਾਂ ਨੇ ਅਥਲੈਟਿਕਸ ਵਿਚ ਮੱਲਾਂ ਮਾਰੀਆਂ। ਤੈਨੂੰ ਦੌੜਦਿਆਂ ਵੇਖ ਹਾਕੀ ਵਾਲੀ ਗੋਲਡਨ ਗਰਲ ਰਾਜਬੀਰ ਕੌਰ ਚੇਤੇ ਆਈ ਹੈ। ਹਾਕੀ ਖੇਡਣ ਵਾਲੀਆਂ ਸੈਣੀ ਭੈਣਾਂ-ਰੂਪਾ ਤੇ ਪਰੇਮਾ ਸੈਣੀ ਯਾਦ ਆਈਆਂ ਨੇ। ਕੁਸ਼ਤੀ ਵਾਲੀਆਂ ਹਰਿਆਣਵੀ ਫੌਗਟ ਭੈਣਾਂ-ਗੀਤਾ ਤੇ ਬਬੀਤਾ ਅੱਖਾਂ ਮੂਹਰੇ ਨੇ। ਤੂੰ ਟੈਨਿਸ ਸਟਾਰ ਸਾਨੀਆ ਮਿਰਜ਼ਾ, ਬੈਡਮਿੰਟਨ ਦੀ ਖਿਡਾਰਨ ਸਾਇਨਾ ਨੇਹਵਾਲ, ਮਹਾਨ ਮੁੱਕੇਬਾਜ਼ ਮੈਰੀਕੌਮ, ਜਿਮਨਾਸਟਿਕ ਵਿਚ ਇਤਿਹਾਸ ਸਿਰਜਣ ਵਾਲੀ ਦੀਪਾ ਕਰਮਾਕਰ, ਨਿਸ਼ਾਨੇ ਫੁੰਡਣ ਵਾਲੀ ਅੰਜਲੀ ਭਾਗਵਤ, ਲੋਹੇ ਦੇ ਭਾਰੇ ਗੋਲੇ ਨੂੰ ਦੂਰ ਵਗਾਹ ਮਾਰਨ ਵਾਲੀ ਕ੍ਰਿਸ਼ਨਾ ਪੂਨੀਆ, ਕ੍ਰਿਕਟ ਵਾਲੀ ਮਿਥਾਲੀ ਰਾਜ ਤੇ ਮੋਗੇ ਦੀ ਧੀ ਹਰਮਨਪ੍ਰੀਤ, ਬੈਡਮਿੰਟਨ ਸਟਾਰ ਜਵਾਲਾ ਗੁੱਟਾ, ਵੇਟ ਲਿਫਟਰ ਕਰਨਮ ਮਲੇਸ਼ਵਰੀ ਤੇ ਹਵਾ ਨੂੰ ਗੰਢਾਂ ਦੇਣ ਵਾਲੀ ਦੌੜਾਕ ਦੂਤੀ ਚੰਦ ਸਮੇਤ ਹੋਰ ਕਿੰਨੀਆਂ ਹੀ ਮਹਾਨ ਖਿਡਾਰਨਾਂ ਦੀ ਪਰੰਪਰਾ ਨੂੰ ਅੱਗੇ ਤੋਰਿਆ ਹੈ। ਤੁਸੀਂ ਸਾਰੀਆਂ ਹੀ ਮਹਾਨ ਧੀਆਂ ਹੋ! ਔਰਤ ਨੂੰ ਪੈਰ ਦੀ ਜੁੱਤੀ ਆਖਣ ਵਾਲੇ ਅੱਜ ਮਨੂੰ ਤੇ ਤੁਲਸੀ ਦਾਸ ਵਰਗੇ ਸ਼ਰਮਿੰਦਾ ਹੁੰਦੇ ਹੋਣਗੇ। ਦਰੋਣਾਚਾਰੀਆ ਵੀ ਸ਼ਰਮਸਾਰ ਹੋਊ, ਕਾਸ਼! ਏਕਲਵਯ ਤੋਂ ਅੰਗੂਠਾ ਨਾ ਲਿਆ ਹੁੰਦਾ। ਹਿਮਾ! ਤੂੰ ਸੁਚੇਤ ਰਹੀਂ, ਕੋਈ ਦਰੋਣਾਚਾਰੀਆ ਤੇਰਾ ਪੈਰ ਨਾ ਲੈ ਲਵੇ। ਤੂੰ ਖੁਸ਼ਕਿਸਮਤ ਏਂ ਜਿਸ ਨੂੰ ਨਿਪਨ ਵਰਗਾ ਕੋਚ ਮਿਲਿਆ ਹੈ।
ਹਿਮਾ! ਅਜੇ ਕੱਲ੍ਹ ਦੀ ਗੱਲ ਹੈ, ਜਦੋਂ ਤੂੰ ਰਾਸ਼ਟਰ ਮੰਡਲ ਖੇਡਾਂ ‘ਚ 400 ਮੀਟਰ ਦੌੜ ‘ਚੋਂ 51.32 ਸੈਕੰਡ ਦੇ ਸਮੇਂ ਨਾਲ ਛੇਵੇਂ ਸਥਾਨ ‘ਤੇ ਆਈ ਸੀ। ਪਰ ਅਸ਼ਕੇ ਤੇਰੇ, ਤੂੰ ਨਿਰਾਸ਼ ਨਹੀਂ ਹੋਈ ਤੇ ਜਕਾਰਤਾ ਏਸਿ਼ਆਈ ਖੇਡਾਂ ਵਿਚ 4 ਜਰਬ 400 ਮੀਟਰ ਰਿਲੇਅ ਦੌੜ ਵਿਚੋਂ ਸੋਨ ਤਗਮਾ ਜਿੱਤ ਲਿਆ। 4 ਜਰਬ 400 ਮੀਟਰ ਮਿਕਸਡ ਵਿਚ ਵੀ ਗੋਲਡ ਜਿੱਤਿਆ ਤੇ 400 ਮੀਟਰ ‘ਚ ਸਿਲਵਰ। ਬਾਪ ਦੇ ਦੋ ਕਿੱਲੇ ਜ਼ਮੀਨ ‘ਚ ਦੌੜਦੀ ਹੋਈ ਸਟਾਰ ਬਣ ਗਈ ਏਂ। ਪ੍ਰੈਕਟਿਸ ਕਰਨ ਲਈ ਕੋਈ ਖੇਡ ਮੈਦਾਨ ਵੀ ਨਹੀਂ ਸੀ ਤੇਰੇ ਕੋਲ। ਅੱਜ ਤੂੰ ਆਸਾਮ ਦੇ ਨਗਾਉਂ ਜਿਲੇ ਦੇ ਪਿੰਡ ਡਿੰਗ ਦਾ ਹੀ ਮਾਣ ਨਹੀਂ, ਸਾਰੇ ਦੇਸ਼ ਦਾ ਮਾਣ ਏਂ। ਸਾਨੂੰ ਮਾਣ ਹੈ ਕਿ 50 ਕੁ ਕਿਲੋ ਭਾਰ ਦੀ 5 ਫੁੱਟ 5 ਇੰਚ ਕੱਦ ਵਾਲੀ ਸਾਡੀ ਧੀ ਨੇ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਇਨਸਾਨ ਸਾਰੇ ਬਰਾਬਰ ਹੁੰਦੇ ਨੇ। ਆਪਣੇ ਆਪ ਨੂੰ ਉੱਚੇ ਸਮਝਣ ਵਾਲੇ ਅਸਲ ਵਿਚ ਨੀਵੇਂ ਹੁੰਦੇ ਨੇ। ਪ੍ਰਤਿਭਾ ਕਿਸੇ ਦੇ ਪਿਓ ਦੀ ਜਾਗੀਰ ਨਹੀਂ।
ਹਿਮਾ! 400 ਮੀਟਰ ਦਾ ਰਾਸ਼ਟਰੀ ਰਿਕਾਰਡ 50.79 ਸੈਕੰਡ ਤੇਰੇ ਨਾਮ ਬੋਲਦਾ ਹੈ, ਜੋ ਤੂੰ ਜਕਾਰਤਾ ਦੀਆਂ ਏਸਿ਼ਆਈ ਖੇਡਾਂ ਵਿਚ ਰੱਖਿਆ ਸੀ। ਅਸੀਂ ਤੇਰੇ ਆਪਣੇ, ਚਾਹੁੰਦੇ ਹਾਂ ਕਿ ਆਪਣੇ ਰਿਕਾਰਡ ਨੂੰ ਤੂੰ ਆਪ ਹੀ ਤੋੜੇਂ। ਅਸੀਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਤੇ ਹਾਂ, ਹਿਮਾ ਧੀਏ! ਤੂੰ ਜੇਤੂ ਮੰਚ ‘ਤੇ ਚੜ੍ਹ ਕੇ ਬੜੀ ਭਾਵੁਕ ਹੋ ਜਾਨੀ ਏਂ। ਇਉਂ ਭਾਵਕ ਨਾ ਹੋਇਆ ਕਰ। ਅਜੇ ਤੇਰੇ ਭਾਵੁਕ ਹੋਇਆਂ ਸਰਨਾ ਨਹੀਂ। ਉਂਜ ਮੈਨੂੰ ਪਤੈ, ਤੈਨੂੰ ਮਾਂ ਦੇ ਪੈਰਾਂ ਦੀਆਂ ਪਾਟੀਆਂ ਬਿਆਈਆਂ ਚੇਤੇ ਆ ਜਾਂਦੀਆਂ ਹੋਣਗੀਆਂ। ਬਾਪੂ ਦੇ ਅੱਟਣਾਂ ਵਾਲੇ ਹੱਥ ਤੇਰੀਆਂ ਅੱਖਾਂ ਅੱਗੇ ਆ ਜਾਂਦੇ ਹੋਣਗੇ। ਪੁਰਖਿਆਂ ਵੱਲੋਂ ਹੰਢਾਈ ਜਾਤੀ ਪੀੜ ਤੈਨੂੰ ਵਿੰਨ੍ਹ ਸੁੱਟਦੀ ਹੋਵੇਗੀ। ਜਾਤੀਵਾਦ ਦੇ ਫਲ਼ ਨਾਲ ਅੰਨ੍ਹੇ ਹੋਏ ਲੋਕਾਂ ਹੱਥੋਂ ਵਾਰ ਵਾਰ ਹੋਈ ਜ਼ਲਾਲਤ ਨੇ ਤੇਰੇ ਅੰਦਰੋਂ ਰੁੱਗ ਭਰ ਲਿਆ ਹੋਊ, ਪਰ ਤੈਨੂੰ ਆਪਣੇ ਦਿਲ ਨੂੰ ਚੱਟਾਨ ਵਰਗਾ ਬਣਾਉਣ ਦੀ ਲੋੜ ਹੈ। ਤੇਰੇ ਕੋਲ ਹੌਸਲਾ ਦੇਣ ਲਈ ਪੀਟੀ ਊਸ਼ਾ ਹੈ। ਤੀਹ ਸਾਲ ਪਹਿਲਾਂ ਗਰੀਬ ਦੀ ਧੀ ਪੀਟੀ ਊਸ਼ਾ ਨੇ 4 ਸੋਨ ਤਗਮੇ ਜਿੱਤ ਕੇ ਦੇਸ਼ ਦੀ ਲਾਜ ਰੱਖੀ ਸੀ, ਹੁਣ ਤੇਰੀ ਵਾਰੀ ਹੈ। ਤੂੰ 100, 200, 400, 4 ਜਰਬ 400, 4 ਜਰਬ 100 ਤੇ 4 ਜਰਬ 400 ਮੀਟਰ ਮਿਕਸਡ ਰੀਲੇਅ ਦੀ ਬੇਨਜ਼ੀਰ ਦੌੜਾਕ ਏਂ। ਆਪਣੀ ਵੱਡੀ ਦੀਦੀ ਤੇ ਗੁਰੂ ਪੀਟੀ ਊਸ਼ਾ ਵਾਂਗ ਗੋਲਡਨ ਗਰਲ ਅਖਵਾਉਣਾ ਏ। ਅਜੇ ਤੂੰ ਬਹੁਤ ਉੱਚੀ ਪਰਵਾਜ਼ ਭਰਨੀ ਏਂ। ਅਜੇ ਬੜੀਆਂ ਪ੍ਰੀਖਿਆਵਾਂ ਹੋਣੀਆਂ ਨੇ ਤੇਰੀਆਂ। ਸਿਤਾਰੋਂ ਸੇ ਆਗੇ ਆਸਮਾਂ ਔਰ ਭੀ ਹੈ!
2 ਜੁਲਾਈ ਨੂੰ ਪੋਲੈਂਡ ਵਿਚ ਜਿੱਤੇ ਪਹਿਲੇ ਤਗਮੇ ਤੋਂ ਅੱਜ 23 ਜੁਲਾਈ ਨੂੰ ਜਿੱਤੇ ਛੇਵੇਂ ਤਗਮੇ ਤੱਕ ਦੀ ਯਾਤਰਾ ਲਈ ਤੈਨੂੰ ਸਭਨਾਂ ਦੀਆਂ ਵਧਾਈਆਂ! ਸਾਡੀਆਂ ਸ਼ੁਭ ਇੱਛਾਵਾਂ ਤੇ ਦੁਆਵਾਂ ਤੇਰੇ ਨਾਲ ਨੇ। ਟਵਿਟਰ ‘ਤੇ ਨਹੀਂ, ਅਸੀਂ ਆਪਣੇ ਦਿਲ ਤੋਂ ਸ਼ੁਭ ਇੱਛਾਵਾਂ ਭੇਜਦੇ ਹਾਂ। ਤੇਰਾ ਸਫਰ ਜਾਰੀ ਰਹਿਣਾ ਚਾਹੀਦਾ ਹੈ! ਤੂੰ ਦੌੜਨਾ ਏਂ। ਆਪਣੇ ਲਈ। ਮਾਂ ਬਾਪ ਲਈ। ਡਿੰਗ ਤੇ ਆਸਾਮ ਲਈ। ਦੇਸ਼ ਲਈ ਤੇ ਦੇਸ਼ ਦੇ ਦੱਬੇ-ਕੁਚਲੇ ਲੋਕਾਂ ਦੀ ਸ਼ਾਨ ਸਲਾਮਤ ਰੱਖਣ ਲਈ।
ਹਿਮਾ! ਇਹ ਦੇਸ਼ ਟੈਕਸ ਚੋਰਾਂ ਦਾ ਨਹੀਂ, ਆਪਣਾ ਹੈ। ਅਸਲੀ ਲੋਕਾਂ ਦਾ। ਲੋਟੂ ਰਾਜੇ ਰਜਵਾੜੇ ਇਹਦੇ ਕੁਝ ਨ੍ਹੀਂ ਲੱਗਦੇ। ਇਹ ਤਾਂ ਸਿਉਂਕ ਨੇ ਦੇਸ਼ ਨੂੰ ਚਿੰਬੜੀ ਹੋਈ। ਆਪਾਂ ਚਮਕਾਉਣਾ ਹੈ ਦੇਸ਼ ਦਾ ਨਾਂ। ਆਪਣੀ ਲੋੜ ਹੈ, ਦੇਸ਼ ਨੂੰ ਚਮਕਦਾ ਤੇ ਦਮਕਦਾ ਰੱਖਣਾ। ਤੂੰ ਜਿੱਤੇਗੀਂ ਤਾਂ ਦੇਸ਼ ਜਿੱਤੇਗਾ, ਤੇਰੇ ਲੋਕ ਜਿੱਤਣਗੇ। ਸੋ ਧੀਏ ਰਾਣੀਏ ਹੋਰ ਤਕੜੀ ਹੋ ਕੇ ਦੌੜ। ਜਿ਼ੰਦਗੀ ਜਿ਼ੰਦਾਬਾਦ!
ਪਾਲੇ ਕੜਿਆਲ ਨੂੰ ਸ਼ਰਧਾਂਜਲੀ
ਨਵੀਂ ਪੀੜੀ ਨੂੰ ਨਹੀਂ ਪਤਾ ਹੋਣਾ, ਪਰ ਪੈਂਹਟ ਸੱਤਰ ਨੂੰ ਢੁੱਕੇ ਜਾਣਦੇ ਹੋਣਗੇ ਕਿ ਕੜਿਆਲ ਵਾਲੇ ਪਾਲੇ ਮਾਸਟਰ (ਪਾਲਾ ਸਿੰਘ ਗਿੱਲ) ਦੀ ਪੰਜਾਬ ਦੇ ਪੇਂਡੂ ਖੇਡ ਮੇਲਿਆਂ ‘ਚ ਕਿੰਨੀ ਚੜ੍ਹਾਈ ਹੁੰਦੀ ਸੀ। ਉਦੋਂ ਦੂਰ ਦੂਰ ਤੱਕ ਮਸ਼ਹੂਰ ਸੀ ਕੜਿਆਲ ਦੀ ਕਬੱਡੀ ਟੀਮ। ਲੁਧਿਆਣੇ ਜਿਲੇ ਦਾ ਦੇਵੀ ਦਿਆਲ, ਬੁਰਜਾਂ ਵਾਲਾ ਅਮਰਜੀਤ ਤੇ ਪਾਲਾ ਸਿੰਘ ਡੀ. ਪੀ. ਈ., ਜਿਸ ਨੂੰ ਸਾਰੇ ਲੋਕ ਪਾਲਾ ਮਾਸਟਰ ਆਖਦੇ ਸਨ, ਪੰਜਾਬ ਦੇ ਨਾਮਵਰ ਧਾਵੀ ਹੁੰਦੇ ਸਨ। ਸੁਣਿਆ ਪਾਲਾ ਖੜੇ੍ਹ ਬੰਦੇ ਉਤੋਂ ਦੀ ਛਾਲ ਮਾਰ ਕੇ ਟੱਪ ਜਾਂਦਾ ਸੀ। ਭਾਜ ਵੀ ਬਹੁਤ ਤੇਜ਼ ਸੀ। ਉਹ ਹਿਰਨ ਵਾਂਗ ਚੁੰਗੀਆਂ ਭਰਦਾ ਹੁੰਦਾ ਸੀ। ਧਾਵੀ ਹੀ ਨਹੀਂ, ਜਾਫੀ ਵੀ ਤਕੜਾ ਸੀ। ਉਨ੍ਹਾਂ ਦਿਨਾਂ ਵਿਚ ਕਬੱਡੀ ‘ਚ ਨਸ਼ਿਆਂ ਦਾ ਦਖਲ ਨਹੀਂ ਸੀ ਹੁੰਦਾ। ਖਿਡਾਰੀ ਹਿੱਕ ਦੇ ਜੋਰ ਨਾਲ ਖੇਡਦੇ ਹੁੰਦੇ ਸਨ। ਰਲ-ਮਿਲ ਕੇ ਨੂਰਾ ਕੁਸ਼ਤੀ ਖੇਡਣ ਦਾ ਵੀ ਰਿਵਾਜ਼ ਨਹੀਂ ਸੀ ਪਿਆ।
ਮਾਸਟਰ ਪਾਲਾ ਸਿੰਘ ਸਾਡੇ ਪਿੰਡ ਕੜਿਆਲ ਦੀ ਸ਼ਾਨ ਸੀ। ਦੂਰ ਦਰਾਜ ਦੇ ਲੋਕ ਸਾਡੇ ਪਿੰਡ ਨੂੰ ‘ਪਾਲੇ ਵਾਲਾ ਕੜਿਆਲ’ ਵਜੋਂ ਜਾਣਦੇ ਸਨ। ਮੇਰੀ ਪੀੜ੍ਹੀ ਨੇ ਉਨ੍ਹਾਂ ਨੂੰ ਖੇਡਦਿਆਂ ਤਾਂ ਨਹੀਂ ਵੇਖਿਆ, ਪਰ ਬਹੁਤ ਸਾਰੇ ਮੇਲਿਆਂ `ਚ ਵਿਸਲ ਮੂੰਹ `ਚ ਪਾਈ ਰੈਫਰੀ ਕਰਦਿਆਂ ਜ਼ਰੂਰ ਤੱਕਿਆ। ਉਹ ਫੁੱਟਬਾਲ ਦਾ ਵੀ ਕਮਾਲ ਦਾ ਖਿਡਾਰੀ ਰਿਹਾ ਸੀ। ਉਸ ਦੀ ਤਿਆਰ ਕੀਤੀ ਫੁੱਟਬਾਲ ਟੀਮ ਮਾਅਰਕੇ ਮਾਰ ਕੇ ਮੁੜਦੀ ਸੀ। ਖਿਡਾਰੀਆਂ ਨੂੰ ਪੁੱਤਾਂ ਨਾਲੋਂ ਵੀ ਵੱਧ ਪਿਆਰ ਕਰਨ ਵਾਲਾ ਸੀ ਉਹ। ਚੰਗਾ ਖਿਡਾਰੀ ਭਾਵੇਂ ਕਿਸੇ ਵੀ ਟੀਮ ਜਾਂ ਪਿੰਡ ਦਾ ਹੋਵੇ, ਉਸ ਦੀ ਖੇਡ ਵੇਖਦਿਆਂ ਉਹ ਅਸ਼-ਅਸ਼ ਕਰ ਉੱਠਦਾ ਸੀ।
ਉਹ ਗਰੀਬ ਪੱਖੀ ਤੇ ਰੱਜੀ ਰੂਹ ਵਾਲਾ ਇਨਸਾਨ ਸੀ। ਉਮਰਾਂ ‘ਚ ਪੂਰੀ ਪੀੜ੍ਹੀ ਦਾ ਫਰਕ ਹੋਣ ਦੇ ਬਾਵਜੂਦ ਮੇਰਾ ਉਸ ਨਾਲ ਯਾਰਾਨਾ ਸੀ। ਬਹੁਤ ਹੀ ਪਿਆਰ ਮਿਲਦਾ ਰਿਹਾ ਸੀ। ਮੇਰੇ ਬਾਪ ਦਾ ਜਮਾਤੀ ਸੀ। ਨਿੱਕੇ ਹੁੰਦਿਆਂ ਦੋਵੇਂ ਕੱਚੇ ਰਾਹੀਂ ਤਿੰਨ ਮੀਲ ਦੂਰ ਧਰਮਕੋਟ ਦੇ ਏਡੀ ਸਕੂਲ ਪੜ੍ਹਨ ਜਾਂਦੇ ਹੁੰਦੇ ਸਨ। ਆਉਂਦੇ-ਜਾਂਦੇ ਸ਼ਰਾਰਤਾਂ ਕਰਦਿਆਂ ਲੜ ਪਏ ਹੋਣਗੇ। ਮੇਰੇ ਬਾਪ ਨੇ ਉਸ ਦੇ ਸਿਰ ‘ਚ ਕੱਚ ਦੀ ਬੋਤਲ ਕੱਢ ਮਾਰੀ ਸੀ। ਖੂਨ ਦੀਆਂ ਤਤੀਰੀਆਂ ਵਗਣ ਲੱਗੀਆਂ ਸਨ। ਜ਼ਖਮ ਤਾਂ ਠੀਕ ਹੋ ਗਿਆ, ਪਰ ਉਸ ਥਾਂ ਪੱਕਾ ਨਿਸ਼ਾਨ ਪੈ ਗਿਆ। ਮਾਸਟਰ ਜੀ, ਜਿਸ ਨੂੰ ਮੈਂ ਸਤਿਕਾਰ ਨਾਲ ਚਾਚਾ ਜੀ ਆਖਦਾ ਸਾਂ, ਪੀਤੀ ਖਾਧੀ ‘ਚ ਉਹ ਨਿਸ਼ਾਨ ਮੈਨੂੰ ਦਿਖਾਉਂਦੇ, “ਆਹ ਵੇਖ`ਲਾ ਬਾਈ ਨੇ ਮੇਰੇ ਬੋਤਲ ਕੱਢ ਮਾਰੀ ਸੀ। ਗੁਰਮੀਤ ਉਦੋਂ ਵਕਤ ਚੰਗੇ ਸੀ। ਲੜਨ ਤੋਂ ਅਗਲੇ ਦਿਨ ਅਸੀਂ ਫੇਰ ਇਕੋ ਜਿਹੇ ਹੋ ਗਏ ਸਾਂ। ਜੇ ਅੱਜ ਕੱਲ੍ਹ ਦਾ ਟੈਮ ਹੁੰਦਾ ਤਾਂ ਦੋਹਾਂ ਪਰਿਵਾਰਾਂ ਨੇ ਲੜ-ਲੜ ਕੇ ਮਰ ਜਾਣਾ ਸੀ। ਵੇਖ`ਲਾ ਮੇਰੇ ਬਾਪੂ ਨੇ ਇਕ ਵਾਰ ਵੀ ਤੇਰੇ ਦਾਦੇ ਕੋਲ ਉਲਾਂਭਾ ਨ੍ਹੀਂ ਦਿੱਤਾ। ਉਲਟਾ ਮੇਰੇ ਹੀ ਧੌਲ-ਧੱਫਾ ਹੋਇਆ ਸੀ।”
ਮਾਸਟਰ ਜੀ ਸਾਹਿਤ ਪੜ੍ਹਨ ਦੇ ਵੀ ਬਹੁਤ ਸ਼ੌਕੀਨ ਸਨ। ਢੇਰਾਂ ਦੇ ਢੇਰ ਕਿਤਾਬਾਂ ਪੜ੍ਹਦੇ। ਅੱਜ ਕੱਲ੍ਹ ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿੰਦੇ ਸਨ। ਜਦੋਂ ਕਦੇ ਪੰਜਾਬ ਆਉਣਾ ਤਾਂ ਬੜੇ ਚਾਅ ਨਾਲ ਮੇਰੀਆਂ ਰਚਨਾਵਾਂ ਬਾਰੇ ਗੱਲਾਂ ਕਰਨੀਆਂ, “ਯਾਰ, ਪੁੱਤਰਾ ਤੂੰ ਸਾਡੇ ਪਿੰਡ ਦਾ ਮਾਣ ਏਂ।” ਉਹ ਆਖਦੇ।
“ਚਾਚਾ ਜੀ, ਅਸਲ ਵਿਚ ਤੁਸੀਂ ਸਾਡਾ ਮਾਣ ਓਂ। ਕਾਲਜ ਪੜ੍ਹਦਿਆਂ ਅਸੀਂ ਮਾਣ ਨਾਲ ਆਖਦੇ ਸਾਂ ਕਿ ਪਾਲਾ ਸਿੰਘ ਮਾਸਟਰ ਵਾਲੇ ਪਿੰਡ ਕੜਿਆਲ ਦੇ ਹਾਂ।”
ਆਖਰ ਸਾਡੇ ਪਿੰਡ ਦਾ ਮਾਣ ਮੇਰਾ ਚਾਚਾ, ਮੇਰੇ ਬਾਪ ਦਾ ਜਮਾਤੀ ਤੇ ਮੇਰਾ ਅਧਿਆਪਕ, ਕੜਿਆਲ ਵਾਲਾ ਪਾਲਾ ਗਿੱਲ ਉਰਫ ਕਬੱਡੀ ਵਾਲਾ ਪਾਲਾ ਮਾਸਟਰ ਨਹੀਂ ਰਿਹਾ। ਹੁਣ ਉਸ ਨੇ ਕਦੇ ਕੜਿਆਲ ਨਹੀਂ ਪਰਤਣਾ। ਪਿੰਡ ਦੀਆਂ ਗਲੀਆਂ ਉਦਾਸ ਹਨ। ਪਿੰਡ ਦੇ ਖੇਡ ਮੈਦਾਨ ਉਦਾਸ ਨੇ। ਆਪਣੇ ਪਿਆਰੇ ਸਪੂਤ ਦੇ ਚਲੇ ਜਾਣ ‘ਤੇ ਸਾਰਾ ਪਿੰਡ ਹੀ ਉਦਾਸ ਹੈ। ਸੁਰਗਾਂ ‘ਚ ਵਾਸਾ ਹੋਵੇ ਵਿਸ਼ਾਲ ਦਿਲ ਵਾਲੇ ਖਿਡਾਰੀ ਪਾਲੇ ਕੜਿਆਲ ਦਾ।