ਪਰਵਾਸੀ ਪੰਜਾਬੀ ਨਾਵਲਕਾਰੀ ਦਾ ਜਰਨੈਲ-ਸੇਖਾ ਚਾਚਾ

ਗੁਰਮੀਤ ਕੜਿਆਲਵੀ
ਸੇਖੇ ਵਾਲੇ ਚਾਚੇ ਜਰਨੈਲ ਸਿੰਘ ਨਾਲ ਮੇਰੀ ਮੁਲਾਕਾਤ ਨਾਵਲ ‘ਭਗੌੜਾ’ ਨਾਲ ਹੋਈ ਸੀ। ਕਿੰਨੇ ਹੀ ਦਿਨ ਮੈਂ ਇਸ ਨਾਵਲ ਦੇ ਨਾਲ ਨਾਲ ਤੁਰਦਾ ਰਿਹਾ ਸਾਂ। ਉਸ ਦੇ ਨਾਇਕ ਸੁਖਬੀਰ ਵਾਂਗ ਹੀ ਚੈਕੋਸਲਵਾਕੀਆ, ਜਰਮਨ, ਇੰਗਲੈਂਡ ਤੇ ਹੋਰ ਦੇਸ਼ਾਂ ਦੀਆਂ ਹੱਦਾਂ ਸਰਹੱਦਾਂ ਪਾਰ ਕਰਦਾ ਰਿਹਾ। ਡਰੈਸਲਰ ਮੇਰੀਆਂ ਅੱਖਾਂ ਅੱਗੇ ਘੁੰਮਦੀ ਰਹਿੰਦੀ। ਸੁਖਬੀਰ ਦੀ ਪ੍ਰੇਮਿਕਾ ਸੁਰੇਖਾ ਦਾ ਪੁਲਸੀਆ ਅਫਸਰ ਪਿਓ ਮੈਨੂੰ ਲਾਲ ਲਾਲ ਅੱਖਾਂ ਨਾਲ ਡਰਾਉਂਦਾ ਅਤੇ ਪੁਲਿਸ ਮੁਕਾਬਲਾ ਬਣਾ ਦੇਣ ਦੀਆਂ ਧਮਕੀਆਂ ਦਿੰਦਾ।

ਕਈ ਦਿਨ ਮੈਂ ਨਾਵਲ ਬਾਰੇ ਸੋਚਦਾ ਰਿਹਾ। ਕਦੇ ਸੋਚਦਾ ਕਿ ਨਾਵਲਕਾਰ ਨੇ ਡਰੈਸਰ ਨਾਲ ਚੰਗੀ ਨਹੀਂ ਕੀਤੀ। ਭਲਾ ਉਸ ਦਾ ਕੀ ਕਸੂਰ ਸੀ? ਮੈਡਮ ਪਾਲ ਦਾ ਵੀ ਕੀ ਕਸੂਰ? ਮੈਨੂੰ ਨਾਵਲਕਾਰ ‘ਤੇ ਗੁੱਸਾ ਆਉਣ ਲੱਗਦਾ। ਫੇਰ ਕਈ ਦਿਨਾਂ ਬਾਅਦ ਨਾਵਲੀ ਪਾਠ ‘ਚੋਂ ਬਾਹਰ ਆਇਆ ਤਾਂ ਸੋਚਿਆ ਕਿ ਜੇ ਸੁਖਬੀਰ ਇਨ੍ਹਾਂ ਨਾਲ ਧੋਖਾ ਨਾ ਕਰਦਾ ਤਾਂ ਫਿਰ ਨਾਵਲ ਕਿਵੇਂ ਬਣਦਾ? ਮੈਨੂੰ ਸਮਝ ਆਈ ਕਿ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ‘ਭਗੌੜਾ’ ਰਾਹੀਂ ਪੰਜਾਬ ਦੇ 1980 ਤੋਂ 1990 ਦੇ ਦਹਾਕੇ ਦੌਰਾਨ ਸਾੜਸਤੀ ਦਾ ਸਿ਼ਕਾਰ ਹੋਏ ਨੌਜੁਆਨਾਂ ਦੇ ਸੰਤਾਪ ਨੂੰ ਪੇਸ਼ ਕੀਤਾ ਹੈ। ਅਜਿਹੇ ਬੇਵਸਾਹੀ ਵਾਲੇ ਦੌਰ ‘ਚ ਸੁਖਬੀਰ ਵਰਗੇ ਨੌਜਵਾਨਾਂ ਵਲੋਂ ਆਪਣੀਆਂ ਸੁਰੇਖਾਵਾਂ ਤੋਂ ਮੂੰਹ ਮੋੜ ਕੇ ਭੱਜ ਜਾਣਾ ਕੁਦਰਤੀ ਸੀ।
ਪੰਜਾਬ ਤੋਂ ਆਪਣੇ ਛੋਟੇ ਪੁੱਤਰ ਨਵਰੀਤ ਕੋਲ ਕੈਨੇਡਾ ਪਰਵਾਸ ਕਰ ਜਾਣ ‘ਤੇ ਜਰਨੈਲ ਸੇਖਾ ਨੇ ਵੀ ਕਈ ਥਾਂਈਂ ਕੰਮ ਕੀਤਾ। ਪਰਵਾਸ ਦੇ ਥੋੜ੍ਹੇ ਦਿਨਾਂ ਬਾਅਦ ਹੀ ਉਸ ਨੇ ਜਾਣ ਲਿਆ ਸੀ ਕਿ ਕੈਨੇਡਾ ਚੰਮ ਨਾਲੋਂ ਵੀ ਕੰਮ ਨੂੰ ਜਿ਼ਆਦਾ ਪਿਆਰ ਕਰਦੀ ਹੈ। ਪੁੱਤ ਵੀ ਅਜੇ ਪੱਕੇ ਪੈਰੀਂ ਨਹੀਂ ਸੀ ਹੋਇਆ। ਪਿੰਡਾਂ ਦੇ ਖੁੱਲ੍ਹੇ ਡੁੱਲ੍ਹੇ ਘਰਾਂ ‘ਚ ਰਹਿਣ ਗਿੱਝੇ ਚਾਚੇ ਸੇਖੇ ਨੂੰ ਬੇਸਮੈਂਟ ‘ਚ ਰਹਿਣਾ ਔਖਾ ਲੱਗਦਾ ਸੀ। ਉਹ ਛੇਤੀ ਤੋਂ ਛੇਤੀ ਘਰ ਖਰੀਦ ਕੇ ਕਿਰਾਏਦਾਰ ਦੀ ਥਾਂ ਮਾਲਕ ਬਣਨਾ ਚਾਹੁੰਦਾ ਸੀ। ਚਾਚਾ ਫਾਰਮਾਂ ‘ਚ ਗੋਡੀ ਕਰਨ ਜਾਣ ਲੱਗਾ। ਇਹ ਕੰਮ ਫਿੱਟ ਨਾ ਲੱਗਾ ਤਾਂ ਬੇਰੀਆਂ ਤੋੜਨ ਦੇ ਕੰਮ ਜਾ ਲੱਗਾ। ਵੱਖ ਵੱਖ ਥਾਂਈਂ ਕੀਤੇ ਕੰਮਾਂ ਨੇ ਚਾਚੇ ਅੰਦਰ ਸੁੱਤੇ ਪਏ ਲੇਖਕ ਨੂੰ ਫੇਰ ਤੋਂ ਜਗਾ ਦਿੱਤਾ। ਖੇਤਾਂ ਦੇ ਕੰਮ ਨੇ ਨਾਵਲ ‘ਦੁਨੀਆ ਕੈਸੀ ਹੋਈ’ ਲਿਖਾ ਲਿਆ।
‘ਦੁਨੀਆ ਕੈਸੀ ਹੋਈ’ ਸੇਖੇ ਚਾਚੇ ਦਾ ਸਵੈ-ਜੀਵਨੀ ਮੂਲਕ ਨਾਵਲ ਹੈ। ਉਸ ਨੇ ਖੇਤਾਂ ‘ਚ ਕੰਮ ਕਰਦੇ ਕਾਮਿਆਂ ਦੀ ਦੁਰਗਤੀ ਨੂੰ ਦੇਖਿਆ ਹੀ ਨਹੀਂ, ਸਗੋਂ ਪਿੰਡੇ ‘ਤੇ ਹੰਢਾਇਆ ਹੈ। ਕਾਮਿਆਂ ਦਾ ਹੁੰਦਾ ਸ਼ੋਸ਼ਣ ਉਸ ਨੂੰ ਮਾਨਸਿਕ ਤੌਰ ‘ਤੇ ਕੁਰੇਦਦਾ ਰਿਹਾ ਹੈ। ਸਰੀਰਕ ਅਤੇ ਮਾਨਸਿਕ ਸੰਤਾਪ ਭੋਗਦੇ ਇਹ ਕਾਮੇ ਜਰਨੈਲ ਸਿੰਘ ਸੇਖਾ ਦੇ ਨਾਵਲ ‘ਚ ਚੁੱਪ ਚੁਪੀਤੇ ਆ ਬੈਠੇ ਸਨ।
ਫਾਰਮਾਂ ਦੇ ਕੰਮਾਂ ਤੋਂ ਬਾਅਦ ਹੋਰ ਕਈ ਥਾਂਈਂ ਕੰਮ ਕੀਤਾ। ਪੰਜਾਬ ‘ਚ ਰਹਿੰਦਿਆਂ ਕਦੇ ਲੱਕੜ ਦੀ ਗੁੱਲੀ ਵੀ ਨਹੀਂ ਸੀ ਘੜੀ, ਪਰ ਕੈਨੇਡਾ ‘ਚ ਫਰਨੀਚਰ ਫੈਕਟਰੀਆਂ ਦੇ ਕੰਮ ਨੇ ਵਧੀਆ ਮਿਸਤਰੀ ਬਣਾ ਦਿੱਤਾ ਸੀ। ਇਨ੍ਹਾਂ ਫਰਨੀਚਰ ਫੈਕਟਰੀਆਂ ‘ਚ ਲੱਕੜਾਂ ਦੀ ਸੈਂਡਿੰਗ ਕਰਦਿਆਂ ਸੇਖੇ ਦਾ ਸ਼ਾਹਕਾਰ ਨਾਵਲ ਭਗੌੜਾ ਅਵਤਾਰ ਧਾਰ ਗਿਆ। ਇਸ ਫੈਕਟਰੀ ‘ਚ ਕੰਮ ਕਰਦਿਆਂ ਹੀ ਉਸ ਦੀ ਰਾਜੇ ਨਾਲ ਗੂੜ੍ਹੀ ਲਿਹਾਜ਼ ਪਈ ਸੀ। ਇੱਥੇ ਹੀ ਭਗੌੜਾ ਨਾਵਲ ਦਾ ਭਗੌੜਾ ਨਾਇਕ ਜਸਬੀਰ ਮਿਲਿਆ ਸੀ। ਜਸਬੀਰ ਵੱਖ ਵੱਖ ਦੇਸ਼ਾਂ ‘ਚ ਧੱਕੇ-ਧੋੜੇ ਖਾਂਦਾ ਕੈਨੇਡਾ ਪਹੁੰਚਿਆ ਸੀ। ਪੀ. ਆਰ. ਹੋਣ ਤੋਂ ਪਹਿਲਾਂ ਲੰਮਾ ਸਮਾਂ ਰਿਫਿਊਜ਼ੀ ਵਜੋਂ ਕੈਨੇਡਾ ਰਿਹਾ। ਉਸ ਦੇ ਦੁੱਖਾਂ ਦੀ ਲੰਮੀ ਦਾਸਤਾਨ ਸੀ। ਫੈਕਟਰੀ ‘ਚ ਅਕਸਰ ਉਸ ਨਾਲ ਗੱਲਾਂ ਹੁੰਦੀਆਂ। ਉਸ ਦੇ ਦੁੱਖ ਸੁਣਨ ਵਾਲੇ ਤਾਂ ਹੋਰ ਵੀ ਸਨ, ਪਰ ਉਸ ਦੇ ਦੁੱਖਾਂ ਨੂੰ ਕਾਗਜ਼ਾਂ ਦੀ ਹਿੱਕ ‘ਤੇ ਸਿਰਫ ਚਾਚੇ ਸੇਖੇ ਨੇ ਹੀ ਲਿਆਉਣਾ ਸੀ।
ਜਰਨੈਲ ਨਾਂ ਮੈਨੂੰ ਹਮੇਸ਼ਾ ਖਿੱਚ ਪਾਉਂਦਾ ਰਿਹਾ ਹੈ। ਫੁੱਟਬਾਲ ਵਾਲੇ ਜਰਨੈਲ ਸਿੰਘ ਨੂੰ ਭਾਵੇਂ ਕਦੇ ਖੇਡਦਿਆਂ ਨਹੀਂ ਵੇਖਿਆ, ਪਰ ਉਸ ਬਾਰੇ ਜਿੱਥੇ ਕਿਤੇ ਵੀ ਕੁਝ ਛਪਦਾ, ਪੜ੍ਹੇ ਬਿਨਾ ਨਾ ਰਹਿੰਦਾ। ਉਸ ਬਾਰੇ ਲਿਖੇ ਲੇਖ ਸਾਂਭ ਸਾਂਭ ਕੇ ਰੱਖਦਾ। ਇਹ ਨਾਂ ਮੇਰੇ ਜਿ਼ਹਨ ‘ਚ ਡੂੰਘਾ ਖੁਣਿਆ ਗਿਆ ਸੀ। ਫਿਰ ਜਰਨੈਲ ਸਿੰਘ ਨਾਂ ਦੇ ਕਹਾਣੀਕਾਰ ਦੀਆਂ ਕਹਾਣੀਆਂ ਸਿਰਜਣਾ ਵਿਚੋਂ ਪੜ੍ਹਨ ਨੂੰ ਮਿਲੀਆਂ ਤਾਂ ਉਸ ਦਾ ਵੀ ਫੈਨ ਹੋ ਗਿਆ। ਉਸ ਦੀਆਂ ਲੰਬੀਆਂ ਕਹਾਣੀਆਂ ਨੇ ਦਿਮਾਗ ‘ਚ ਹਲਚਲ ਜਿਹੀ ਮਚਾ ਦਿੱਤੀ ਸੀ। ਫਿਰ ਜਰਨੈਲ ਸਿੰਘ ਆਰਟਿਸਟ ਦੀਆਂ ਪੰਜਾਬੀ ਜਨਜੀਵਨ ਨਾਲ ਸਬੰਧਤ ਪੇਟਿੰਗਾਂ ਨੇ ਰੂਹ ਨੂੰ ਖੇੜਾ ਦੇਣਾ ਸ਼ੁਰੂ ਕੀਤਾ। ਅਖਬਾਰਾਂ-ਰਿਸਾਲਿਆਂ ‘ਚ ਛਪੇ ਉਸ ਦੇ ਚਿੱਤਰ ਕੱਟ ਕੱਟ ਕੇ ਡਾਇਰੀਆਂ ‘ਚ ਸਾਂਭਦਾ ਰਹਿੰਦਾ।
ਜਰਨੈਲ ਸਿੰਘ ਸੇਖਾ ਇੱਕ ਹੋਰ ਅਜਿਹੀ ਸ਼ਖਸੀਅਤ ਹੈ, ਜਿਸ ਨੇ ਆਪਣੇ ਹੁਨਰ ਨਾਲ ਮੇਰੇ ਦਿਲ ਦਿਮਾਗ ‘ਤੇ ਜਾਦੂ ਵਰਗਾ ਅਸਰ ਕੀਤਾ ਸੀ। ਇਹ ਵੀ ਅਜੀਬ ਇਤਫਾਕ ਸੀ ਕਿ ਇਨ੍ਹਾਂ ਚਾਰੇ ਜਰਨੈਲਾਂ ਦੇ ਖੇਤਰ ਵੱਖੋ ਵੱਖਰੇ ਹਨ। ਇੱਕ ਖਿਡਾਰੀ, ਇੱਕ ਸਮਰੱਥ ਕਹਾਣੀਕਾਰ, ਇੱਕ ਦੁਨੀਆਂ ਦਾ ਮੰਨਿਆ-ਦੰਨਿਆ ਚਿੱਤਰਕਾਰ ਅਤੇ ਇੱਕ ਪੰਜਾਬੀ ਨਾਵਲ ਦਾ ਸੰਘਣਾ ਰੁੱਖ। ਨਾਂ ਸਾਰਿਆਂ ਦੇ ਇੱਕੋ, ਪਰ ਉੱਪਨਾਮ ਵੱਖ ਵੱਖ। ਖੇਡਾਂ ਵਾਲੇ ਨੂੰ ਲੋਕ ਜਰਨੈਲ ਸਿੰਘ ਪਨਾਮ ਵਜੋਂ ਜਾਣਦੇ ਹਨ। ਕਹਾਣੀਆਂ ਵਾਲਾ ਇਕੱਲਾ ‘ਜਰਨੈਲ ਸਿੰਘ’ ਹੀ ਹੈ। ਸੋਹਣੀਆਂ ਸੋਹਣੀਆਂ ਪੰਜਾਬਣਾਂ ਨੂੰ ਕੈਨਵੱਸ ‘ਤੇ ਚਿਤਰਨ ਵਾਲਾ ਜਰਨੈਲ ਸਿੰਘ ਆਰਟਿਸਟ ਵਜੋਂ ਪ੍ਰਸਿੱਧ ਹੈ ਤੇ ਮੋਟੇ ਮੋਟੇ ਨਾਵਲ ਲਿਖਣ ਵਾਲਾ ਆਪਣੇ ਨਾਂ ਪਿੱਛੇ ਆਪਣੇ ਪਿੰਡ ‘ਸੇਖੇ’ ਦਾ ਨਾਂ ਲਾਉਂਦਾ ਹੈ। ਚਿੱਤਰਕਾਰੀ ਤੇ ਨਾਵਲਕਾਰੀ ਵਾਲੇ ਜਰਨੈਲ ਆਪਸ ‘ਚ ਗੂੜ੍ਹੇ ਮਿੱਤਰ ਹਨ। ਸਾਧ ਦੀ ਭੂਰੀ ‘ਤੇ ਮੋਹਨ ਗਿੱਲ ਤੇ ਅੰਗਰੇਜ਼ ਬਰਾੜ ਦੀ ਹਾਜ਼ਰੀ ‘ਚ ਉਨ੍ਹਾਂ ਦਾ ਇਕੱਠ ਜੁੜਦਾ ਹੀ ਰਹਿੰਦਾ ਹੈ। ਕਹਾਣੀ ਵਾਲੇ ਜਰਨੈਲ ਨਾਲ ਵੀ ਦੋਹਾਂ ਜਰਨੈਲਾਂ ਦੀ ਨੇੜਤਾ ਹੈ। ਖੇਡਾਂ ਵਾਲੇ ਬਾਰੇ ਪਤਾ ਨਹੀਂ, ਸ਼ਾਇਦ ਉਸ ਨਾਲ ਵੀ ਕਦੇ ਮੇਲ-ਮਿਲਾਪ ਰਿਹਾ ਹੋਵੇ?
ਜਰਨੈਲ ਸਿੰਘ ਸੇਖਾ ਨਾਵਲਕਾਰ ਦੇ ਨਾਂ ਨਾਲ ਲੱਗਾ ‘ਸੇਖਾ’ ਤਖੱਲਸ ਵੀ ਮੈਨੂੰ ਆਪਣੇ ਵੱਲ ਖਿੱਚਦਾ ਰਿਹਾ। ਰੋਡੇ ਕਾਲਜ ਪੜ੍ਹਦਿਆਂ ਸੇਖੇ ਪਿੰਡ ਦਾ ਪਰਮਿੰਦਰ ਮੇਰਾ ਜੂਨੀਅਰ ਸੀ। ਉਸ ਨੂੰ ਵੀ ਸਾਹਿਤ ਪੜ੍ਹਨ ਤੇ ਕੁਝ ਕੁਝ ਲਿਖਣ ਦਾ ਸ਼ੌਕ ਹੁੰਦਾ ਸੀ। ਅਸੀਂ ਸਾਰੇ ਉਸ ਨੂੰ ‘ਸੇਖਾ’ ਆਖ ਕੇ ਬੁਲਾਉਂਦੇ। ਉਦੋਂ ਜਰਨੈਲ ਸਿੰਘ ਸੇਖਾ ਨਾਂ ਦੇ ਕਿਸੇ ਸਾਹਿਤਕਾਰ ਬਾਰੇ ਮੈਨੂੰ ਕੁਝ ਵੀ ਨਹੀਂ ਸੀ ਪਤਾ। ਇਹ ਨਾਂ ਉਦੋਂ ਮੇਰੇ ਲਈ ਬਿਲਕੁੱਲ ਹੀ ਓਪਰਾ ਸੀ। ਫਿਰ ‘ਹਰਪ੍ਰੀਤ ਸੇਖਾ’ ਦੇ ਨਾਂ ਨਾਲ ਜਾਣ-ਪਛਾਣ ਹੋਈ। ਪਤਾ ਲੱਗਾ ਹਰਪ੍ਰੀਤ ਸੇਖਾ ਮੇਰਾ ਰੋਡੇ ਕਾਲਜ ਦਾ ਸੀਨੀਅਰ ਹੈ। ਉਸ ਦੀਆਂ ਲਿਖਤਾਂ ਹੋਰ ਵੀ ਚੰਗੀਆਂ ਚੰਗੀਆਂ ਲੱਗਣ ਲੱਗੀਆਂ। ਮੈਨੂੰ ਆਪਣਾ ਆਪ ਉਸ ਦੀਆਂ ਕਹਾਣੀਆਂ ‘ਚੋਂ ਬੋਲਦਾ ਲੱਗਿਆ। ਸਿਰਜਣਾ ਤੇ ਹੋਰ ਸਿਰਮੌਰ ਮੈਗਜ਼ੀਨਾਂ ‘ਚ ਛਪੀਆਂ ਕਹਾਣੀਆਂ ਧੂਹ ਪਾਉਂਦੀਆਂ। ਫਿਰ ਪਤਾ ਲੱਗਾ ਕਿ ਹਰਪ੍ਰੀਤ ਸੇਖਾ, ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਸਕਾ ਭਤੀਜਾ ਹੈ। ਇਸ ਤਰ੍ਹਾਂ ਜਰਨੈਲ ਸੇਖਾ ਆਪਣੇ ਆਪ ਮੇਰਾ ਚਾਚਾ ਬਣ ਗਿਆ।
ਚਾਚਾ ਸੇਖਾ ਜਦੋਂ ਵੀ ਇੰਡੀਆ ਆਉਂਦਾ, ਮੋਗੇ ਦੇ ਲੇਖਕਾਂ ਦਾ ਇਕੱਠ ਹੁੰਦਾ। ਅਸੀਂ ਲੋਕ ਸਾਹਿਤ ਅਕਾਦਮੀ (ਜਿਸ ਦਾ ਮੈਂ ਜਨਰਲ ਸਕੱਤਰ ਸਾਂ) ਵਲੋਂ ਕੋਈ ਛੋਟੀ ਮੋਟੀ ਮਹਿਫਿਲ ਰਚਾ ਲੈਂਦੇ। ਕਦੇ ਕਦੇ ਚਾਚਾ ਆਪ ਵੀ ਉਚੇਚੇ ਯਤਨ ਕਰਕੇ ਮੋਗੇ ਦੇ ਨਵੇਂ ਪੁਰਾਣੇ ਲੇਖਕਾਂ ਨਾਲ ਮਿਲ ਬੈਠਣ ਦਾ ਕੋਈ ਸਬੱਬ ਬਣਾ ਲੈਂਦਾ। ਮਹਿਫਿਲ ‘ਚ ਚਾਚੇ ਸੇਖੇ ਦੇ ਨਾਵਲਾਂ ਦੀ ਚਰਚਾ ਵੀ ਚੱਲੀ ਜਾਂਦੀ ਤੇ ਮੋਗੇ ਦੇ ਲੇਖਕ ਕੱਚ ਦੇ ਚਮਕਦਾਰ ਗਿਲਾਸਾਂ ‘ਚੋਂ ਰੰਗਦਾਰ ਪਾਣੀ ਦੀਆਂ ਚੁਸਕੀਆਂ ਵੀ ਭਰੀ ਜਾਂਦੇ। ਵਿਚ-ਵਿਚ ਸੜਕਨਾਮੇ ਵਾਲਾ ਬਲਦੇਵ ਸਿੰਘ ਅਤੇ ਘੁਣਤਰੀ ਵਿਅੰਗਕਾਰ ਕੇ. ਐਲ. ਗਰਗ, ਚਾਚੇ ਸੇਖੇ ਨਾਲ ਦਿਲ ਲਗੀਆਂ ਕਰੀ ਜਾਂਦੇ।
ਇਨ੍ਹਾਂ ਮਹਿਫਿਲਾਂ ‘ਚ ਵਿਚਰਦਿਆਂ ਮੈਂ ਜਾਣਿਆ ਕਿ ਜਰਨੈਲ ਸਿੰਘ ਸੇਖਾ ਨੂੰ ਨਵੇਂ ਪੁਰਾਣੇ ਲੇਖਕਾਂ ਨੂੰ ਸਤਿਕਾਰ ਦੇਣਾ ਤੇ ਲੈਣਾ ਆਉਂਦਾ ਹੈ। ਜੇ ਉਹ ਹਮਉਮਰ ਤੇ ਸਮਰੱਥ ਲੇਖਕਾਂ ਨਾਲ ਵੀ ਦੋਸਤੀ ਨਿਭਾਉਂਦਾ ਹੈ ਤਾਂ ਉਸੇ ਸਮੇਂ ਮੇਰੇ ਵਰਗੇ ਸਿਖਾਂਦਰੂ ਲੇਖਕ ਤੇ ਰਣਜੀਤ ਸਰਾਂਵਾਲੀ ਵਰਗੇ ਨਵੇਂ ਗਜ਼ਲਗੋ ਨੂੰ ਬਰਾਬਰ ਦਾ ਮੋਹ ਤੇ ਮਾਣ ਦਿੰਦਾ ਹੈ। ਉਸ ਲਈ ਲੇਖਕ ਦੀ ਉਮਰ ਨਾਲੋਂ ਉਸ ਦੇ ਅੰਦਰਲੀ ਮੁਹੱਬਤੀ ਤਪਸ਼ ਕਿਤੇ ਵੱਧ ਮਹੱਤਵ ਰੱਖਦੀ ਹੈ।
ਜਰਨੈਲ ਸੇਖਾ ਭਾਵੇਂ ਸਰੀ ਰਹਿੰਦਾ ਹੈ, ਪਰ ਸਾਡੇ ਲਈ ਉਹ ਮੋਗੇ ਦਾ ਹੀ ਲੇਖਕ ਹੈ। ਮੋਗੇ ਦੇ ਲੇਖਕਾਂ ‘ਚੋਂ ਸਭ ਤੋਂ ਸਾਊ ਹੈ। ਐਨਾ ਸਾਊ ਕਿ ਉਸ ਦੇ ਲੇਖਕ ਹੋਣ ਦਾ ਯਕੀਨ ਕਰਨਾ ਔਖਾ ਹੋ ਜਾਂਦਾ ਹੈ। ਜੁਗਾੜਾਂ ਤੋਂ ਕੋਹਾਂ ਦੂਰ। ਉਸ ਨੂੰ ਕਿਸੇ ਵੀ ਤਰ੍ਹਾਂ ਦੀ ਲੁੱਤ-ਘੜੁੱਤ ਵੀ ਨਹੀਂ ਆਉਂਦੀ। ਵਾਦਾਂ-ਵਿਵਾਦਾਂ ਤੋਂ ਵੀ ਪਰ੍ਹੇ ਪਰ੍ਹੇ ਦੀ ਹੋ ਕੇ ਲੰਘਦਾ ਹੈ। ਉਸ ਨੂੰ ਸਿਆਸਤ ਚੰਗੀ ਨਹੀਂ ਲੱਗਦੀ-ਨਾ ਲੇਖਕਾਂ ‘ਚ ਤੇ ਨਾ ਦੋਸਤੀਆਂ ‘ਚ। ਉਹ ਕਿਸੇ ਨਾਲ ਸਿਆਸਤ ਖੇਡ ਹੀ ਨਹੀਂ ਸਕਦਾ। ਉਂਜ ਉਹ ਇੱਕ ਵਾਰ ਪਿੰਡ ਦੀ ਸਿਆਸਤ ‘ਚ ਪੰਗਾ ਜਰੂਰ ਲੈ ਕੇ ਵੇਖ ਚੁਕਾ। ਉਹ ਪਿੰਡ ਦੀ ਪੰਚੀ ਜਿੱਤ ਤਾਂ ਗਿਆ ਸੀ, ਪਰ ਛੇਤੀ ਸਮਝ ਗਿਆ ਕਿ ਉਹ ਇਨ੍ਹਾਂ ‘ਕੁੱਤੇ’ ਕੰਮਾਂ ਲਈ ਨਹੀਂ ਬਣਿਆ। ਉਸ ਨੂੰ ਪਤਾ ਲੱਗ ਗਿਆ ਕਿ ਸਿਆਸਤ ਪਿੰਡ ਦੀ ਹੋਵੇ, ਸੂਬੇ ਦੀ ਜਾਂ ਦੇਸ਼ ਦੀ, ਪੱਥਰ ਦਿਲ ਹੁੰਦੀ ਹੈ। ਇੱਥੇ ਇੱਕ-ਦੂਜੇ ਨੂੰ ਠਿੱਬੀਆਂ ਲਾਈਆਂ ਜਾਂਦੀਆਂ ਹਨ। ਹਾਂ, ਪਿੰਡ ਦੀ ਥੋੜ੍ਹ-ਚਿਰੀ ਸਿਆਸਤ ਨੇ ਚਾਚੇ ਨੂੰ ਇੰਨਾ ਕੁ ਜਾਗਰੂਕ ਜਰੂਰ ਕਰ ਦਿੱਤਾ ਕਿ ਉਹ ਛੇਤੀ ਕਿਤੇ ਕਿਸੇ ਤੋਂ ਠਿੱਬੀ ਨਹੀਂ ਖਾਂਦਾ।
ਚਾਚਾ ਜਰਨੈਲ ਮੁਹੱਬਤੀ ਇਨਸਾਨ ਹੈ। ਮੈਨੂੰ ਉਹ ਇਸ ਕਰਕੇ ਵੀ ਚੰਗਾ ਲੱਗਦਾ ਹੈ, ਕਿਉਂਕਿ ਉਸ ਅੰਦਰ ਕਿਸੇ ਕਿਸਮ ਦਾ ਉਚੇਚ ਨਹੀਂ ਹੈ। ਉਚੇਚ ਵਾਲੇ ਬੰਦੇ ਮੈਨੂੰ ਕਦੇ ਵੀ ਚੰਗੇ ਨਹੀਂ ਲੱਗਦੇ। ਭਲੇ ਹੀ ਉਸ ਦੇ ਨਾਵਲਾਂ ਤੇ ਗੋਸ਼ਟੀਆਂ ਹੋ ਰਹੀਆਂ ਹਨ, ਨਾਵਲਾਂ `ਤੇ ਐਮ. ਫਿਲ ਤੇ ਪੀਐਚ. ਡੀ. ਦਾ ਖੋਜ ਕਾਰਜ ਹੋ ਰਿਹਾ, ਪਰ ਬਿਨਾ ਕਿਸੇ ਉਚੇਚ ਦੇ। ਉਸ ਨੇ ਕਦੇ ਤਰੱਦਦ ਨਹੀਂ ਕੀਤਾ। ਇਨ੍ਹਾਂ ਗੋਸ਼ਟੀਆਂ ‘ਚ ਉਸ ਦੇ ਕੈਨੇਡੀਅਨ ਡਾਲਰਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ। ਹੋਰ ਕਈ ਕੱਚ ਘਰੜ ਲੇਖਕਾਂ ਵਾਂਗ ਸੇਖੇ ਵਾਲੇ ਜਰਨੈਲ ਚਾਚੇ ਨੇ ਆਪਣੀਆਂ ਰਚਨਾਵਾਂ ‘ਤੇ ਗੋਸ਼ਟੀਆਂ ਦੀ ਹਨੇਰੀ ਲਿਆਂਉਦਿਆਂ ਨਹੀਂ ਦੇਖਿਆ। ਉਂਜ ਚਾਚੇ ਦਾ ਸੁਭਾਅ ਏਨਾ ਕੂੰਨਾ ਤੇ ਬੋਲਬਾਣੀ ਇੰਨੀ ਮਿੱਠੀ ਹੈ ਕਿ ਜਿੰਨੀਆਂ ਯੂਨੀਵਰਸਿਟੀਆਂ ‘ਚ ਵੀ ਪੰਜਾਬੀ ਵਿਭਾਗ ਹੈ, ਉਸ ਦੀ ਸਿੱਖੀ ਸੇਵਕੀ ਬਣੀ ਹੋਈ ਹੈ।
ਮੌਜੂਦਾ ਸਮੇਂ ਜਰਨੈਲ ਸਿੰਘ ਸੇਖਾ ਪੰਜਾਬੀ ਨਾਵਲਕਾਰਾਂ ‘ਚੋਂ ਮੂਹਰਲੀ ਕਤਾਰ ਦਾ ਨਾਵਲਕਾਰ ਹੈ। ਉਸ ਦੀ ਗਿਣਤੀ ਪੰਜਾਬੀ ਦੇ ਸਮਰੱਥ ਪਰਵਾਸੀ ਨਾਵਲਕਾਰਾਂ ‘ਚ ਕੀਤੀ ਜਾਂਦੀ ਹੈ। ਉਸ ਨੇ ਆਪਣੀਆਂ ਸਾਰੀਆਂ ਨਾਵਲੀ ਕਿਰਤਾਂ ‘ਚ ਪਰਵਾਸੀ ਪੰਜਾਬੀ ਮਨੁੱਖ ਦੇ ਸੰਤਾਪ ਨੂੰ ਕਲਾਮਈ ਢੰਗ ਨਾਲ ਚਿਤਰਿਆ ਹੈ।
‘ਵਿਗੋਚਾ’ ਵਰਗੇ ਵੱਡ ਆਕਾਰੀ ਨਾਵਲ ਨਾਲ ਜਰਨੈਲ ਸਿੰਘ ਸੇਖਾ ਹਜ਼ਾਰਾਂ ਪਾਠਕਾਂ ਦਾ ਚਹੈਤਾ ਨਾਵਲਕਾਰ ਬਣ ਜਾਂਦਾ ਹੈ। ਇਹ ਨਾਵਲ ਕੈਨੇਡਾ ਆਉਣ ਵਾਲੇ ਪੰਜਾਬੀਆਂ ਦੀਆਂ ਚਾਰ ਪੀੜ੍ਹੀਆਂ ਦੀ ਕਥਾ ਸਿਰਜਦਾ ਹੈ। ਇੰਦਰ ਸਿੰਘ ਤੇ ਕਰਮ ਸਿੰਘ ਵਰਗੇ ਪਹਿਲੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੇ ਹਨ, ਜੋ ਆਰਥਿਕ ਮੰਦਹਾਲੀ ਦੇ ਭੰਨੇ ਹੋਏ ਚੰਗੇਰੀ ਜਿ਼ੰਦਗੀ ਦੀ ਭਾਲ ‘ਚ ਪੰਜਾਬ ‘ਚੋਂ ਕੈਨੇਡਾ ਵੱਲ ਪਰਵਾਸ ਕਰਦੇ ਹਨ। ਇਸ ਪੀੜ੍ਹੀ ਨੇ ਰੱਜ ਕੇ ਨਸਲੀ ਵਿਤਕਰਾ ਹੰਢਾਇਆ ਤੇ ਲੱਕੜ ਮਿਲਾਂ, ਕਾਰਖਾਨਿਆਂ, ਰੇਲਵੇ ਲਾਈਨਾਂ ਤੇ ਹੋਰ ਔਖੇ-ਭਾਰੇ ਕੰਮ ਕਰਕੇ ਕੈਨੇਡਾ ਦੀ ਧਰਤੀ ‘ਤੇ ਆਪਣੀਆਂ ਜੜ੍ਹਾਂ ਲਾਈਆਂ। ਦੂਜੀ ਤੇ ਤੀਜੀ ਪੀੜ੍ਹੀ ਵੀ ਨਸਲੀ ਵਿਤਕਰੇ ਦਾ ਦੁੱਖ ਭੋਗਦੀ ਹੈ। ਚੌਥੀ ਪੀੜ੍ਹੀ ਅੰਦਰਲਾ ਖਰੂਦੀਪਣ ਪਹਿਲੀਆਂ ਪੀੜ੍ਹੀਆਂ ਨੂੰ ਦੁਖੀ ਕਰਦਾ ਹੈ। ਸੇਖੇ ਦੇ ਨਾਵਲ ‘ਚ ਹੀ ਕੈਨੇਡੀਅਨ ਪੰਜਾਬੀ ਭਾਈਚਾਰੇ ‘ਚ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਹੋਰ ਪੱਧਰਾਂ ‘ਤੇ ਆਏ ਸੰਕਟਾਂ ਦੀ ਨਿਸ਼ਾਨਦੇਹੀ ਬੜੀ ਬਾਰੀਕੀ ਤੇ ਖੂਬਸੂਰਤੀ ਨਾਲ ਹੋਈ ਹੈ। ਪੰਜਾਬੀਆਂ ਅੰਦਰ ਵਧਦੀ ਜਾਂਦੀ ਹਿੰਸਕ ਬਿਰਤੀ ਬਾਰੇ ਪੜ੍ਹਦਿਆਂ ਪਾਠਕ ਝੰਜੋੜਿਆ ਜਾਂਦਾ ਹੈ। ਪੱਛਮੀ ਮੁਲਕਾਂ ‘ਚ ਰਹਿ ਰਹੇ ਮਾਪਿਆਂ ਅੰਦਰ ਔਲਾਦ ਕਰਕੇ ਪੈਦਾ ਹੋ ਰਹੇ ਵਿਗੋਚੇ ਬਾਰੇ ਇਹ ਇੱਕ ਸ਼ਾਹਕਾਰ ਰਚਨਾ ਹੈ।
ਚਾਚਾ ਜਰਨੈਲ ਸਿੰਘ ਨਿਵੇਕਲੀਆਂ ਪਿਰਤਾਂ ਪਾਉਣ ਵਾਲਾ ਸੰਵੇਦਨਸ਼ੀਲ ਇਨਸਾਨ ਹੈ। ਉਸ ਦੇ ਹਰ ਸਾਹ ‘ਚ ‘ਸ਼ਬਦ’ ਵਸਿਆ ਹੋਇਆ। ਸਾਹਿਤ ਹਰ ਵੇਲੇ ਉਸ ਦੇ ਅੰਗ-ਸੰਗ ਰਹਿੰਦਾ ਹੈ। ਇਸੇ ਕਰਕੇ ਉਸ ਨੇ ਹਮੇਸ਼ਾ ਆਪਣੇ ਘਰੇਲੂ ਸਮਾਜਿਕ ਸਮਾਗਮਾਂ ‘ਚ ਵੀ ਸਾਹਿਤ ਅਤੇ ਸਾਹਿਤਕਾਰਾਂ ਨੂੰ ਸ਼ਾਮਲ ਕਰੀ ਰੱਖਿਆ ਹੈ। ਆਪਣੇ ਪੋਤਰੇ ਤੇ ਪੋਤਰੀ ਦੇ ਵਿਆਹਾਂ ਸਮੇਂ ਪੀਪਲਜ਼ ਫੋਰਮ ਵਾਲੇ ਖੁਸ਼ਵੰਤ ਬਰਗਾੜੀ ਨੂੰ ਸੱਦ ਕੇ ਕਿਤਾਬਾਂ ਦਾ ਸਟਾਲ ਲਗਵਾਇਆ। ਵਿਆਹ ‘ਚ ਆਏ ਮੇਲੀ-ਗੇਲੀ ਖਾਂਦੇ-ਪੀਂਦੇ, ਨੱਚਦੇ-ਟੱਪਦੇ, ਖੁਸ਼ੀਆਂ ਮਨਾਉਂਦੇ ਤੇ ਜਾਂਦੇ ਜਾਂਦੇ ਪੁਸਤਕਾਂ ਵੀ ਖਰੀਦ ਲਿਜਾਂਦੇ। ਮੇਲੀ ਸੇਖੇ ਚਾਚੇ ਦੇ ਨਿਵੇਕਲੇ ਉੱਦਮ ਦੀ ਸ਼ਾਲਾਘਾ ਕਰਦੇ। ਵਿਆਹਾਂ ‘ਚ ਲਾਏ ਇਨ੍ਹਾਂ ਪੁਸਤਕ ਸਟਾਲਾਂ ‘ਚ ਸੇਖੇ ਅੰਕਲ ਨੇ ਆਪਣੇ ਕੋਲੋਂ ਵੀ ਵੱਡਾ ਯੋਗਦਾਨ ਪਾਇਆ। ਪਾਠਕਾਂ ਨੂੰ ਦਿੱਤੇ ਜਾਣ ਵਾਲੇ ਡਿਸਕਾਊਂਟ ਦੀ ਸਾਰੀ ਰਾਸ਼ੀ ਉਸ ਨੇ ਆਪਣੀ ਜੇਬ ‘ਚੋਂ ਦਿੱਤੀ।
ਨਾਵਲਕਾਰ ਸੇਖਾ ਅੰਕਲ ਕਿਸੇ ਸਾਹਿਤਕ ਗੁੱਟ ਦਾ ਪਿਛਲੱਗੂ ਬਣ ਕੇ ਨਹੀਂ ਚੱਲਦਾ। ਉਸ ਦਾ ਕਰਮ ਸਾਹਿਤ ਲਿਖਣਾ ਤੇ ਪੜ੍ਹਨਾ ਹੈ। ਨਵੇਂ ਤੇ ਆਪਣੇ ਤੋਂ ਛੋਟੀ ਉਮਰ ਦੇ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਚਾਚੇ ਦੇ ਸੁਭਾਅ ਦਾ ਹਿੱਸਾ ਹੈ। ਉਹ ਪੰਜਾਬ ਤੋਂ ਸਰੀ/ਵੈਨਕੂਵਰ ਜਾਣ ਵਾਲੇ ਪੰਜਾਬੀ ਲੇਖਕਾਂ ਨੂੰ ਉੱਡ ਕੇ ਮਿਲਦਾ ਹੈ। ਦੁਖਦੇ-ਸੁਖਦੇ ਉਨ੍ਹਾਂ ਦੇ ਕੰਮ ਵੀ ਆਉਂਦਾ ਹੈ। ਚੇਤਨਾ ਪ੍ਰਕਾਸ਼ਨ ਵਾਲਾ ਸਤੀਸ਼ ਗੁਲਾਟੀ ਸੇਖੇ ਨੂੰ ਮਹਿਮਾਨ ਨਿਵਾਜੀ ਦਾ ਮੁਜੱਸਮਾ ਆਖਦਾ ਹੁੰਦਾ ਹੈ।
ਜਰਨੈਲ ਸਿੰਘ ਸੇਖੇ ਦੇ ਅੰਦਰ ਵੀ ਦੂਜੇ ਜਰਨੈਲਾਂ ਵਾਂਗ ਇੱਕ ਅਜੀਬ ਕਿਸਮ ਦਾ ਜਨੂੰਨ ਹੈ। ਉਮਰ ਉਸ ਉੱਪਰ ਅਸਰ ਅੰਦਾਜ਼ ਨਹੀਂ ਹੁੰਦੀ। ਉਸ ਅੰਦਰਲੇ ਸਾਹਿਤਕ ਜਨੂੰਨ ਨੂੰ ਮੈਂ ਅੱਖੀਂ ਦੇਖਿਆ ਹੈ। 28 ਜੂਨ 2019 ਨੂੰ ਸਰੀ (ਕੈਨੇਡਾ) ਸਤੀਸ਼ ਗੁਲਾਟੀ ਦੇ ਕਿਤਾਬਾਂ ਦੇ ਸ਼ੋਅਰੂਮ ‘ਤੇ ਪੰਜਾਬੀ ਨਾਵਲ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਦਾ ਸੌਵਾਂ ਜਨਮ ਦਿਨ ਮਨਾਇਆ ਗਿਆ। ਚਿੱਤਰਕਾਰੀ ਵਾਲਾ ਜਰਨੈਲ ਸਿੰਘ ਉਸ ਜਨਮ ਦਿਨ ਸਮਾਗਮ ‘ਚ ਹਾਜ਼ਰੀ ਭਰ ਰਿਹਾ ਸੀ। ਨਾਵਲਕਾਰੀ ਵਾਲੇ ਜਰਨੈਲ ਦੀ ਘਾਟ ਸਾਰਿਆਂ ਨੂੰ ਰੜਕ ਰਹੀ ਸੀ। ਪਤਾ ਲੱਗਾ ਨਾਵਲਕਾਰੀ ਦੇ ਜਰਨੈਲ ਦੇ ਦਿਲ ਨੇ ਕਹਿਣਾ ਮੰਨਣਾ ਘੱਟ ਕਰ ਦਿੱਤਾ ਹੈ, ਜਿਸ ਕਰਕੇ ਉਹ ਹਸਪਤਾਲ ‘ਚ ਹਾਜ਼ਰੀ ਭਰ ਰਿਹਾ। ਫੰਕਸ਼ਨ ਅਜੇ ਸ਼ੁਰੂ ਹੀ ਹੋਇਆ ਸੀ ਕਿ ਨਾਵਲਕਾਰੀ ਵਾਲਾ ਜਰਨੈਲ ਕਾਹਲੇ ਕਦਮੀਂ ਸ਼ੋਅਰੂਮ ਦਾ ਦਰਵਾਜ਼ਾ ਲੰਘ ਆਇਆ। ਸਾਰੇ ਹੈਰਾਨ ਰਹਿ ਗਏ। ਚਾਚਾ ਹਸਪਤਾਲੋਂ ਸਿੱਧਾ ਆਪਣੇ ਵਡੇਰੇ ਤੇ ਮਹਿਬੂਬ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਜਨਮ ਦਿਨ ਦਾ ਕੇਕ ਕੱਟਣ ਲਈ ਆ ਪੁੱਜਾ ਸੀ। ਇਹ ਉਸ ਦੇ ਸਾਹਿਤ ਤੇ ਸਾਹਿਤਕਾਰਾਂ ਪ੍ਰਤੀ ਜਨੂੰਨ ਦਾ ਸਿਖਰ ਸੀ।
ਸੇਖਾ ਚਾਚਾ ਪਰਵਾਸੀ ਪੰਜਾਬੀ ਨਾਵਲ ਦਾ ਜਰਨੈਲ ਹੈ। ਉਸ ਦੇ ਨਾਵਲ ਯੂਨੀਵਰਸਿਟੀਆਂ ਦੇ ਸਿਲੇਬਸਾਂ ਦਾ ਹਿੱਸਾ ਬਣੇ ਹਨ। ਵਾਈਸ ਚਾਂਸਲਰਾਂ ਦੀ ਹਾਜ਼ਰੀ ‘ਚ ਉਸ ਦੇ ਸਨਮਾਨ ਹੁੰਦੇ ਨੇ। ਉਸ ਨੂੰ ਚਮਕਦਾਰ ਸੁਨਹਿਰੀ ਅੱਖਰਾਂ ‘ਚ ਲਿਖੀਆਂ ਪਲੇਕਾਂ ਭੇਟਾ ਹੁੰਦੀਆਂ ਹਨ। ਉਸ ਦੇ ਨਾਵਲਾਂ ‘ਤੇ ਸਾਹਿਤ ਦੇ ਨਵੇਂ ਪੁਰਾਣੇ ਡਾਕਟਰ ਤੇ ਡਾਕਟਰਨੀਆਂ ਵੱਡੇ-ਵੱਡੇ ਪਰਚੇ ਲਿਖੀ ਜਾਂਦੇ ਹਨ। ਚਾਚਾ ਵੱਡੇ ਸਮਾਗਮਾਂ ਦੀਆਂ ਪ੍ਰਧਾਨਗੀਆਂ ਕਰਦਾ ਹੈ। ਚਾਚੇ ਦੀਆਂ ਲਿਖੀਆਂ ਕਿਤਾਬਾਂ ਉੱਪਰ ਵਿਦਵਾਨਾਂ ਵਲੋਂ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ। ਉਸ ਦੇ ਪ੍ਰਸ਼ੰਸਕ, ਪਾਠਕ ਤੇ ਮਿੱਤਰ ਸਨੇਹੀ ਉਸ ਬਾਰੇ ਅਭਿਨੰਦਨ ਗ੍ਰੰਥ ਲਿਖੀ ਤੇ ਲਿਖਵਾਈ ਜਾਂਦੇ ਹਨ। ਨਿਰਸੰਦੇਹ ਸੇਖਾ ਚਾਚਾ ਪਰਵਾਸੀ ਨਾਵਲਕਾਰੀ ਦੀ ਗੁਰਜ਼ ਸਾਂਭੀ ਬੈਠਾ ਹੈ।
ਸਰੀ ਵਾਲੀ ਉਸ ਦੀ ਮਿੱਤਰ ਮੰਡਲੀ ਉਸ ‘ਤੇ ਮਾਣ ਕਰਦੀ ਹੈ। ਅਸੀਂ ਮੋਗੇ ਵਾਲੇ ਵੀ ਘੱਟ ਮਾਣ ਨਹੀਂ ਕਰਦੇ। ਸੇਖੇ ਪਿੰਡ ਤੋਂ ਉਹ ਪਰਵਾਸ ਕਰਕੇ ਮੋਗੇ ਆਇਆ ਸੀ। ਵੱਡੇ ਪੁੱਤ ਨਵਨੀਤ ਤੇ ਨੂੰਹ ਦੀ ਨੌਕਰੀ ਉਸ ਨੂੰ ਮੋਗੇ ਲੈ ਆਉਣ ਦਾ ਸਬੱਬ ਬਣੀ ਸੀ। ਕਿਸੇ ਵਕਤ ਉਸ ਨੇ ਮੋਗਿਓਂ ਉਡਾਰੀ ਭਰ ਕੇ ਲੁਧਿਆਣੇ ਵਰਗੇ ਵੱਡੇ ਸ਼ਹਿਰ ਰਹਿਣ ਬਾਰੇ ਵੀ ਸੋਚਿਆ ਸੀ। ਉਸ ਦੇ ਭਰਾ ਅਤੇ ਭਤੀਜੇ ਨੇ ਉਸ ਨੂੰ ‘ਲੁੱਦੇਹਾਣੀਆ’ ਬਣ ਜਾਣ ਲਈ ਜ਼ੋਰ ਪਾਇਆ ਸੀ। ਸੇਖਾ ਸਾਹਿਬ ਨੇ ਲੁਧਿਆਣੇ ਪਲਾਟ ਲੈ ਵੀ ਲਿਆ ਸੀ। ਮਾਸਟਰੀ ਦੀ ਨੌਕਰੀ ‘ਚੋਂ ਜੋੜੀ ਕੌਡੀ ਕੌਡੀ ਉਸ ਨੇ ਪਲਾਟ ਦੇ ਢਿੱਡ ‘ਚ ਪਾ ਦਿੱਤੀ ਸੀ। ਫੇਰ ਉਸ ਦਾ ਮੂਡ ਬਦਲ ਗਿਆ। ਦੋ ਢਾਈ ਸਾਲਾਂ ਬਾਅਦ ਹੀ ਪਲਾਟ ਵੇਚ ਦਿੱਤਾ। ਪਿੰਡਾਂ ਵਾਲਿਆਂ ਦੇ ਕਹਿਣ ਵਾਂਗੂੰ ਉਹ ‘ਲੁੱਦੇਹਾਣੀਆ’ ਨਾ ਹੋ ਸਕਿਆ।
ਸੇਖੇ ਵਾਲਾ ਚਾਚਾ ਜਰਨੈਲ ਸਾਡਾ ਮੋਗੇ ਵਾਲਿਆਂ ਦਾ ਸੀ ਤੇ ਉਸ ਨੇ ਮੋਗੇ ਵਾਲਿਆਂ ਦਾ ਹੀ ਰਹਿਣਾ ਸੀ। ਲੁਧਿਆਣੇ ਦੇ ਵੱਡੇ ਢਿੱਡ ‘ਚ ਉਸ ਤੋਂ ਚੱਜ ਨਾਲ ਸਾਹ ਹੀ ਨਹੀਂ ਸੀ ਲਿਆ ਜਾਣਾ। ਮਹਾਂਨਗਰ ‘ਚ ਰਹਿੰਦਿਆਂ ਉਹ ਪਲਾਟ ਖਰੀਦਣ-ਵੇਚਣ ਵਾਲਾ ਪ੍ਰਾਪਰਟੀ ਡੀਲਰ ਜਰੂਰ ਬਣ ਜਾਂਦਾ। ਹੋ ਸਕਦਾ ਕੋਈ ਹੋਰ ਵਪਾਰ ਕਰ ਲੈਂਦਾ। ਮਾਇਆ ਉਸ ਦੇ ਅੱਗੇ-ਪਿੱਛੇ ਤੁਰੀ ਫਿਰਦੀ। ਵੱਡੇ ਢਿੱਡਾਂ ਵਾਲੇ ਸੇਠਾਂ ਨਾਲ ਯਾਰੀ ਪੈ ਜਾਂਦੀ। ਇੱਕ ਦੋ ਵਜ਼ੀਰ ਵੀ ਪਛਾਣਨ ਲੱਗ ਜਾਂਦੇ। ਕੁਝ ਵੀ ਹੋ ਸਕਦਾ ਸੀ, ਪਰ ਕੁਝ ਵੀ ਹੋ ਜਾਂਦਾ-ਫਿਰ ਸੇਖਾ ਸਾਹਿਬ ਕੋਲ ‘ਭਗੌੜਾ’ ਨਾਵਲ ਚੱਲ ਕੇ ਨਹੀਂ ਸੀ ਆਉਣਾ। ਉਸ ਨੇ ਪੰਜਾਬੀ ਪਾਠਕਾਂ ਨੂੰ ‘ਦੁਨੀਆ ਕੈਸੀ ਹੋਈ’ ਨਹੀਂ ਸੀ ਵਿਖਾਉਣੀ। ‘ਬਿਗਾਨੇ’ ਤੇ ‘ਵਿਗੋਚਾ’ ਵਰਗੇ ਵੱਡ ਆਕਾਰੀ ਨਾਵਲਾਂ ਦੀ ਰਚਨਾ ਨਾ ਹੁੰਦੀ। ਫਿਰ ਯੂਨੀਵਰਸਿਟੀਆਂ ‘ਚ ਵੀ ਕਿਸੇ ਨੇ ਨਹੀਂ ਸੀ ਬੁਲਾਉਣਾ। ਜੇ ਸੇਖੇ ਚਾਚੇ ਕੋਲ ਸ਼ਬਦਾਂ ਨੇ ਨਹੀਂ ਸੀ ਆਉਣਾ ਤਾਂ ਸ਼ਬਦਾਂ ਰਾਹੀਂ ਮੇਰੇ ਵਰਗੇ ਸੈਂਕੜੇ ਹਜ਼ਾਰਾਂ ਲੋਕਾਂ ਨੇ ਵੀ ਨਹੀਂ ਸੀ ਮਿਲਣਾ। ਮੋਗੇ ਤੇ ਸਰੀ ਦੀਆਂ ਸਾਹਿਤਕ ਮਹਿਫਿਲਾਂ ਦਾ ਰੰਗ ਹੁਣ ਜਿਹਾ ਗੂੜ੍ਹਾ ਉੱਕਾ ਹੀ ਨਹੀਂ ਸੀ ਹੋਣਾ।