ਪੈਰਾਲੰਪਿਕ ਖੇਡਾਂ: ਹਿੰਮਤ ਦੀ ਫਤਿਹ

ਪ੍ਰਿੰ. ਸਰਵਣ ਸਿੰਘ
ਹਾਸ਼ਮ ਸ਼ਾਹ ਦਾ ਕਥਨ ‘ਹਾਸ਼ਮ ਫਤਿਹ ਨਸੀਬ ਤਿਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ’ ਅਪੰਗ ਖਿਡਾਰੀਆਂ ਦੀਆਂ ਜਿੱਤਾਂ `ਤੇ ਇੰਨ ਬਿੰਨ ਢੁਕਦੈ। ਹਿੰਮਤ ਨਾਲ ਹੀ ਉਹ ਜਿੱਤਾਂ ਜਿੱਤਦੇ ਤੇ ਜਿੱਤ-ਮੰਚਾਂ `ਤੇ ਚੜ੍ਹਦੇ ਹਨ। ਪੈਰਾਲੰਪਿਕ ਖੇਡਾਂ ਅਪੰਗ ਖਿਡਾਰੀਆਂ ਵਿਚਕਾਰ ਹੁੰਦੀਆਂ ਹਨ। ਅਪੰਗਤਾ ਦੀ ਡਿਗਰੀ ਮੁਤਾਬਿਕ ਉਨ੍ਹਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ। ਇੰਜ ਖੇਡ ਮੁਕਾਬਲੇ ਬਰਾਬਰ ਦੀ ਅਪੰਗਤਾ ਵਾਲੇ ਖਿਡਾਰੀਆਂ ਨਾਲ ਹੀ ਹੁੰਦੇ ਹਨ। ਸੋ ਸਾਵੇਂ ਨੂੰ ਸਾਵਾਂ ਟੱਕਰਦਾ ਹੈ।

ਪਹਿਲੀਆਂ ਪੈਰਾਲੰਪਿਕ ਖੇਡਾਂ 1960 ਵਿਚ ਰੋਮ ਤੋਂ ਸ਼ੁਰੂ ਹੋਈਆਂ ਸਨ ਤੇ ਹੁਣ 16ਵੀਆਂ ਪੈਰਾਲੰਪਿਕ ਖੇਡਾਂ ਟੋਕੀਓ ਵਿਚ ਹੋਈਆਂ ਹਨ। ਇਹ ਖੇਡਾਂ ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ ਦੀ ਦੇਖ-ਰੇਖ ਹੇਠ ਹੁੰਦੀਆਂ ਹਨ। ਇਨ੍ਹਾਂ ਦੇ ਨਿਯਮ ਲਗਭਗ ਓਲੰਪਿਕ ਖੇਡਾਂ ਵਾਲੇ ਹੀ ਹਨ, ਪਰ ਸਪੋਰਟਸ ਦੀ ਗਿਣਤੀ ਘੱਟ ਹੋਣ ਕਰਕੇ ਖਿਡਾਰੀਆਂ ਦੀ ਗਿਣਤੀ ਵੀ ਘੱਟ ਹੁੰਦੀ ਹੈ। ਰੋਮ ਪੈਰਾਲੰਪਿਕ `ਚ 23 ਮੁਲਕਾਂ ਦੇ ਵੀਲ੍ਹ ਚੇਅਰ ਵਾਲੇ 400 ਮਰਦ ਖਿਡਾਰੀਆਂ ਨੇ ਹੀ 8 ਸਪੋਰਟਸ ਦੇ 57 ਈਵੈਂਟਾਂ ਵਿਚ ਭਾਗ ਲਿਆ ਸੀ। ਪੈਰਾਲੰਪਿਕ-2021 ਵਿਚ 159 ਮੁਲਕਾਂ ਦੇ 4520 ਔਰਤ-ਮਰਦ ਖਿਡਾਰੀਆਂ ਨੇ 22 ਸਪੋਰਟਸ ਦੇ 539 ਈਵੈਂਟਸ ਵਿਚ ਭਾਗ ਲਿਆ ਹੈ।
ਹੁਣ ਤਕ ਹੋਈਆਂ ਪੈਰਾਲਿੰਪਕ ਖੇਡਾਂ ਦਾ ਖੁਲਾਸਾ ਕਰਨ ਤੋਂ ਪਹਿਲਾਂ ਮੈਨੂੰ ਵਿਲਮਾ ਰੁਡੋਲਫ ਯਾਦ ਆ ਗਈ ਹੈ, ਜੋ ਗਰੀਬ ਸਿਆਹਫਾਮ ਪਰਿਵਾਰ ਦੀ ਅਪਾਹਜ ਬੱਚੀ ਸੀ। ਹਿੰਮਤ ਤੇ ਮਿਹਨਤ ਨਾਲ ਉਹ ਖੇਡ ਅੰਬਰ ਦਾ ਤਾਰਾ ਬਣ ਗਈ ਸੀ। ਉਸ ਨੇ ਪੈਰਾਲੰਪਿਕ ਨਹੀਂ, ਸਗੋਂ ਰੋਮ ਓਲੰਪਿਕ-1960 ਵਿਚੋਂ ਤਿੰਨ ਗੋਲਡ ਮੈਡਲ ਜਿੱਤੇ ਸਨ। ਉਦੋਂ ਜੋ ਕੁਝ ਵਿਲਮਾ ਨੇ ਕਰ ਵਿਖਾਇਆ, ਉਹ ਹੋਰ ਬੱਚੇ ਵੀ ਕਰ ਸਕਦੇ ਹਨ-ਬਸ਼ਰਤੇ ਉਹ ਵਿਲਮਾ ਵਾਂਗ ਹਿੰਮਤੀ ਤੇ ਮਿਹਨਤੀ ਬਣਨ ਅਤੇ ਉਸ ਨੂੰ ਆਪਣਾ ਰੋਲ ਮਾਡਲ ਬਣਾਉਣ।
ਅਸਲ ਵਿਚ ਬੰਦੇ ਦੀ ਸਭ ਤੋਂ ਵੱਡੀ ਤਾਕਤ ਹੈ-ਕੁਝ ਕਰਨ ਦੀ ਇੱਛਾ ਤੇ ਦ੍ਰਿੜ ਇਰਾਦਾ। ਜਿਥੇ ਇੱਛਾ, ਦ੍ਰਿੜ ਇਰਾਦਾ, ਹਿੰਮਤ ਤੇ ਹੌਸਲਾ ਹੈ, ਉਥੇ ਕੁਝ ਵੀ ਕੀਤਾ ਜਾ ਸਕਦਾ ਹੈ। ਸੁਫਨੇ ਹਕੀਕਤ ਵਿਚ ਬਦਲੇ ਜਾ ਸਕਦੇ ਹਨ, ਬੰਜਰ ਖੇਤ ਬਾਗ ਬਣਾਏ ਜਾ ਸਕਦੇ ਹਨ ਤੇ ਵੀਰਾਨੀਆਂ ਨੂੰ ਬਹਾਰਾਂ ਦਾ ਰੰਗ ਦਿੱਤਾ ਜਾ ਸਕਦੈ। ਗਰੀਬ, ਨਿਤਾਣੇ, ਅਪਾਹਜ ਤੇ ਅਣਗੌਲੇ ਬੱਚੇ ਵੀ ਜੇ ਹਿੰਮਤ ਕਰਨ ਤਾਂ ਸਭ ਕੁਝ ਕਰ ਸਕਦੇ ਹਨ। ਇਸੇ ਪ੍ਰਸੰਗ ਵਿਚ ਵਿਲਮਾ ਰੁਡੋਲਫ ਦੀ ਯਾਦ ਆਈ ਹੈ। ਉਸ ਨੂੰ ਰੋਮ ਦੇ ਦਰਸ਼ਕਾਂ ਨੇ ‘ਟਰੈਕ ਦੀ ਮੁਰਗਾਬੀ’ ਦਾ ਖਿਤਾਬ ਦਿੱਤਾ ਸੀ ਤੇ ਫਰਾਂਸੀਸੀਆਂ ਨੇ ਨੀਗਰੋ ਨਸਲ ਦੀ ਕੁੜੀ ਨੂੰ ‘ਕਾਲਾ ਮੋਤੀ’ ਕਹਿ ਕੇ ਵਡਿਆਇਆ ਸੀ।
ਉਸ ਦਾ ਪਿਤਾ ਰੇਲਵੇ ਦਾ ਕੁਲੀ ਸੀ। ਉਸ ਦੇ ਬਾਈ ਬੱਚੇ ਸਨ, ਜਿਨ੍ਹਾਂ ‘ਚ ਵਿਲਮਾ ਵੀਹਵੇਂ ਥਾਂ ਸਤਮਾਹੀਂ ਜੰਮੀ ਸੀ। ਝੀਖ ਜਿਹੀ ਲੜਕੀ ਦੇ ਬਚਣ ਦੀ ਬਹੁਤੀ ਆਸ ਨਹੀਂ ਸੀ; ਪਰ ਕੁਦਰਤ ਦੇ ਰੰਗ ਨਿਆਰੇ ਹਨ। ਵਿਲਮਾ ਹਾਲੇ ਚਹੁੰ ਸਾਲਾਂ ਦੀ ਹੋਈ ਸੀ ਕਿ ਪੋਲੀਓ ਦੇ ਹਮਲੇ ਨਾਲ ਉਹਦੀ ਖੱਬੀ ਲੱਤ ਗ੍ਰਹਿਣੀ ਗਈ। ਫਿਰ ਮੋਹਰਕੇ ਦਾ ਤਾਪ ਚੜ੍ਹਿਆ ਤੇ ਨਾਲ ਹੀ ਡਬਲ ਨਮੂਨੀਆ ਹੋ ਗਿਆ। ਇਲਾਜ ਨਾਲ ਮੰਜੇ ਤੋਂ ਤਾਂ ਉਹ ਉਠ ਖੜ੍ਹੀ ਹੋਈ, ਪਰ ਉਹਦਾ ਵਧੇਰੇ ਸਮਾਂ ਭੁੰਜੇ ਘਿਸਰਦਿਆਂ ਹੀ ਬੀਤਦਾ। ਬਿਮਾਰੀ ਨੇ ਉਸ ਬੱਚੀ ਨੂੰ ਅਪਾਹਜ ਤੇ ਆਲਸੀ ਬਣਾ ਦਿੱਤਾ ਸੀ। ਟੀ. ਵੀ. ਦੀ ਸਕਰੀਨ ਉਤੇ ਉਹ ਬੱਚਿਆਂ ਨੂੰ ਛਾਲਾਂ ਦੁੜੰਗੇ ਲਾਉਂਦਿਆਂ ਵੇਖਦੀ ਤਾਂ ਉਹਦਾ ਮਨ ਵੀ ਛਾਲਾਂ ਲਾਉਣ ਨੂੰ ਮਚਲਦਾ, ਪਰ ਉਹਦੀ ਕੋਈ ਵਾਹ ਪੇਸ਼ ਨਾ ਜਾਂਦੀ। ਭੈਣਾਂ ਉਹਨੂੰ ਸਕੂਲ ਲੈ ਜਾਂਦੀਆਂ, ਜਿਥੇ ਉਹ ਭੈਣਾਂ ਨੂੰ ਬਾਸਕਿਟਬਾਲ ਖੇਡਦੀਆਂ ਵੇਖ ਕੇ ਤਾੜੀਆਂ ਮਾਰਦੀ। ਆਪ ਖੇਡਣ ਦੀ ਕੋਸਿ਼ਸ਼ ਕਰਦੀ ਤਾਂ ਡਿੱਗ ਪੈਂਦੀ।
ਹੌਲੀ ਹੌਲੀ ਲੰਗੜਾਅ ਕੇ ਉਹ ਦੌੜਦੀ ਤਾਂ ਦੌੜਦਿਆਂ ਹੀ ਡਿੱਗ ਪੈਂਦੀ। ਫਿਰ ਉਠਦੀ, ਫਿਰ ਦੌੜਦੀ ਤੇ ਫਿਰ ਡਿੱਗਦੀ; ਪਰ ਡਿੱਗਣ-ਢਹਿਣ ਦੀ ਪਰਵਾਹ ਕੀਤੇ ਬਿਨਾ ਉਹ ਕਸਰਤਾਂ ਕਰੀ ਗਈ ਤੇ ਖੇਡ ਅਭਿਆਸ ਕਰਦਿਆਂ ਬਾਸਕਟਬਾਲ ਦੀ ਚੰਗੀ ਖਿਡਾਰਨ ਬਣ ਗਈ। ਉਸ ਦਾ ਕੱਦ ਵੀ ਕਾਫੀ ਲੰਮਾ ਹੋ ਗਿਆ, ਜੋ ਬਾਸਕਿਟਬਾਲ ਖੇਡਣ ਦੇ ਵਧੇਰੇ ਯੋਗ ਸੀ। ਦੌੜਦਿਆਂ ਉਹਦੇ ਕਦਮ ਕਾਫੀ ਲੰਮੇ ਪੈਂਦੇ, ਜਿਸ ਕਰਕੇ ਉਹ ਇਕ ਸਿਰੇ ਤੋਂ ਦੂਜੇ ਸਿਰੇ ਗਿਣਤੀ ਦੀਆਂ ਉਲਾਂਘਾਂ ਨਾਲ ਹੀ ਪੁੱਜ ਜਾਂਦੀ। ਉਹ ਦਸਵੀਂ ‘ਚ ਪੜ੍ਹਦੀ ਸੀ, ਜਦੋਂ ਦੌੜਾਂ ਦੇ ਕੋਚ ਐਡ ਟੈਂਪਲ ਦੀ ਨਜ਼ਰੇ ਚੜ੍ਹ ਗਈ, ਜਿਸ ਨੇ ਉਹਦੇ ਅੰਦਰ ਲੁਕੀ ਦੌੜਨ ਦੀ ਪ੍ਰਤਿਭਾ ਨੂੰ ਪਛਾਣ ਲਿਆ। ਉਹ ਉਹਦੇ ਅਸਾਧਾਰਨ ਤੌਰ ‘ਤੇ ਪੈਂਦੇ ਲੰਮੇ ਕਦਮਾਂ ਤੋਂ ਹੈਰਾਨ ਸੀ!
ਅਜੇ ਉਹ ਪੰਦਰਵੇਂ ਸਾਲ ‘ਚ ਸੀ, ਜਦੋਂ ਉਹਦਾ ਕੱਦ ਛੇ ਫੁੱਟ ਉੱਚਾ ਹੋ ਗਿਆ। ਉਸ ਨੇ ਆਪਣੀ ਤੋਰ ਵੀ ਸੁਧਾਰ ਲਈ, ਜਿਸ ਨਾਲ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਸ ਦੀ ਖੱਬੀ ਲੱਤ ਨੂੰ ਪੋਲੀਓ ਦੀ ਮਾਰ ਪਈ ਹੈ। ਉਹ ਉਸ ਲੱਤ ‘ਤੇ ਜੁ਼ਰਾਬ ਚੜ੍ਹਾ ਕੇ ਰੱਖਦੀ, ਜਦ ਕਿ ਦੂਜੀ ਲੱਤ ਬਿਨਾ ਜ਼ੁਰਾਬ ਦੇ ਹੁੰਦੀ। ਪੋਲੀਓ ਨਾਲ ਵਿੰਗਾ ਹੋਇਆ ਪੈਰ ਵੀ ਵਿਸ਼ੇਸ਼ ਬੂਟ ਪਾ ਕੇ ਸਿੱਧਾ ਕਰ ਲਿਆ। ਮੈਲਬੌਰਨ-1956 ‘ਚ ਦੀਆਂ ਓਲੰਪਿਕ ਖੇਡਾਂ ਲਈ ਵਿਲਮਾ ਅਮਰੀਕਾ ਦੀ ਅਥਲੈਟਿਕ ਟੀਮ ਵਿਚ ਚੁਣੀ ਗਈ। ਸੋਲ੍ਹਵਾਂ ਜਨਮ ਦਿਨ ਉਸ ਨੇ ਮੈਲਬੌਰਨ ਮਨਾਇਆ। ਉਥੇ ਆਸਟ੍ਰੇਲੀਆ ਦੀ ਅਥਲੀਟ ਬੈਟੀ ਕਥਬਰਟ ਨੇ 100, 200 ਤੇ 400 ਮੀਟਰ ਦੌੜਾਂ ‘ਚੋਂ ਸੋਨੇ ਦੇ ਤਗਮੇ ਜਿੱਤੇ ਤਾਂ ਵਿਲਮਾ ਨੇ ਮਨ ‘ਚ ਧਾਰ ਲਿਆ, ਪਈ ਹੋਰ ਚਹੁੰ ਸਾਲਾਂ ਤਕ ਰੋਮ ਦੀਆਂ ਓਲੰਪਿਕ ਖੇਡਾਂ ‘ਚੋਂ ਉਹ ਵੀ ਬੈਟੀ ਕਥਬਰਟ ਵਾਂਗ ਤਿੰਨ ਗੋਲਡ ਮੈਡਲ ਜਿੱਤੇਗੀ!
ਰੋਮ ਓਲੰਪਿਕ ਖੇਡਾਂ-1960 ਲਈ ਵਿਲਮਾ ਫਿਰ ਅਮਰੀਕਾ ਦੀ ਟੀਮ ‘ਚ ਚੁਣੀ ਗਈ। ਮਸ਼ਹੂਰ ਮੁੱਕੇਬਾਜ਼ ਮੁਹੰਮਦ ਅਲੀ ਦਾ ਨਾਂ ਉਦੋਂ ਕੈਸ਼ੀਅਸ ਕਲੇਅ ਸੀ ਤੇ ਉਹ ਵੀ ਅਮਰੀਕਾ ਦੇ ਦਲ ਵਿਚ ਸ਼ਾਮਲ ਸੀ। ਸਿਆਹਫਾਮ ਮੂਲ ਦੇ ਇਹ ਦੋਵੇਂ ਖਿਡਾਰੀ ਉਦੋਂ ਵੀਹਵੇਂ ਸਾਲ ‘ਚ ਸਨ। ਭਾਰਤ ਦਾ ਮਿਲਖਾ ਸਿੰਘ ਵੀ ਰੋਮ ਗਿਆ ਸੀ ਤੇ ਹਾਕੀ ਵਾਲੇ ਪ੍ਰਿਥੀਪਾਲ ਸਿੰਘ ਹੋਰੀਂ ਵੀ ਰੋਮ ਗਏ ਸਨ। ਉਹ ਵਿਲਮਾ ਨੂੰ ਵੇਖਦੇ ਤਾਂ ਉਹਦੇ ਕੱਦ ਕਾਠ ਦੀ ਉਸਤਤ ਕਰਦੇ ਕਹਿੰਦੇ, “ਆਹ ਤਾਂ ਯਾਰ ਆਪਣੇ ਨਾਲੋਂ ਵੀ ਚਾਰ ਉਂਗਲਾਂ ਉੱਚੀ ਐ!”
ਉਥੇ ਵਿਲਮਾ 100 ਮੀਟਰ ਦੌੜ ਦੇ ਫਾਈਨਲ ਵਿਚ ਅਪੜੀ ਤਾਂ ਸਭਨਾਂ ਦੀਆਂ ਨਜ਼ਰਾਂ ਵਿਲਮਾ ‘ਤੇ ਸਨ। ਸਟਾਰਟਰ ਦੇ ਫਾਇਰ ਨਾਲ ਉਹ ਗੋਲੀ ਵਾਂਗ ਨਿਕਲੀ। ਉਸ ਨੇ ਲੰਮੇ ਕਦਮਾਂ ਨਾਲ ਦੌੜ ਪੂਰੀ ਕੀਤੀ ਤੇ 11.0 ਸੈਕੰਡ ਦੇ ਰਿਕਾਰਡ ਸਮੇਂ ਨਾਲ ਸੋਨ-ਤਗਮਾ ਜਿੱਤਿਆ। ਉਹ 200 ਮੀਟਰ ਦੌੜ ਦਾ ਗੋਲਡ ਮੈਡਲ ਵੀ ਜਿੱਤ ਗਈ ਤੇ 4 ਜਰਬ 100 ਰੀਲੇਅ ਦੌੜ ਦਾ ਗੋਲਡ ਮੈਡਲ ਵੀ। 200 ਮੀਟਰ ਦੌੜ ਦਾ ਸਮਾਂ ਸੀ 23.2 ਸੈਕੰਡ ਤੇ ਰੀਲੇਅ ਦੌੜ ਦਾ 44.5 ਸੈਕੰਡ। ਇਕੋ ਓਲੰਪਿਕਸ ਵਿਚੋਂ ਸੋਨੇ ਦੇ ਤਿੰਨ ਤਗਮੇ ਜਿੱਤਣ ਵਾਲੀ ਉਹ ਅਮਰੀਕਾ ਦੀ ਪਹਿਲੀ ਦੌੜਾਕ ਬਣੀ। ਅਖੀਰ ਬ੍ਰੇਨ ਟਿਊਮਰ ਨਾਲ 1994 ਵਿਚ ਉਹਦੀ ਮੌਤ ਹੋ ਗਈ। ਉਸ ਨੇ ਦੁਨੀਆਂ ਨੂੰ ਸੰਦੇਸ਼ ਦਿੱਤਾ ਕਿ ਜਨਮੋਂ ਕੋਈ ਬੱਚਾ ਕਿੰਨਾ ਵੀ ਕਮਜ਼ੋਰ ਜਾਂ ਬਚਪਨ ਵਿਚ ਕਿੰਨਾ ਵੀ ਬਿਮਾਰ ਕਿਉਂ ਨਾ ਰਿਹਾ ਹੋਵੇ, ਜੇ ਉਹਦੇ ਵਿਚ ਕੁਝ ਕਰਨ ਦਾ ਜਜ਼ਬਾ ਹੈ ਤਾਂ ਉਹ ਜੋ ਚਾਹੇ, ਸੋ ਕਰ ਸਕਦਾ ਹੈ। ਹਾਸ਼ਮ ਸ਼ਾਹ ਨੇ ਐਵੇਂ ਨਹੀਂ ਲਿਖਿਆ: ਹਾਸ਼ਮ ਫਤਿਹ ਨਸੀਬ ਤਿਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ। ਧਨੀ ਰਾਮ ਚਾਤ੍ਰਿਕ ਦਾ ਵੀ ਕਥਨ ਹੈ: ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲਿਜਾਂਦੇ…।
ਵਿਸ਼ਵ ਵਿਚ ਅਪਾਹਜਾਂ ਦੀ ਗਿਣਤੀ ਕਰੋੜਾਂ ਵਿਚ ਹੈ ਤੇ ਖਿਡਾਰੀਆਂ ਦੀ ਲੱਖਾਂ ਵਿਚ। ਉਨ੍ਹਾਂ ਨੂੰ ਉਤਸ਼ਾਹ ਦੇਣ ਤੇ ਆਪਣੀ ਹੋਂਦ ਜਤਲਾਉਣ ਲਈ ਅੰਗਹੀਣਾਂ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ। ਪੈਰਾਲੰਪਿਕ ਖੇਡਾਂ ਰੋਮ-1960 ਤੋਂ ਟੋਕੀਓ-1964, ਤਲਅਵੀਵ-1968, ਹੀਡਲਬਰਗ ਜਰਮਨੀ-1972, ਟੋਰਾਂਟੋ-1976, ਨੀਦਰਲੈਂਡ-1980, ਨਿਊ ਯਾਰਕ ਤੇ ਯੂ. ਕੇ. 1984, ਸਿਓਲ-1988, ਬਾਰਸੀਲੋਨਾ ਤੇ ਮੈਡਰਿਡ-1992, ਐਟਲਾਂਟਾ-1996, ਸਿਡਨੀ-2000, ਏਥਨਜ਼-2004, ਬੀਜਿੰਗ-2008, ਲੰਡਨ-2012, ਰੀਓ-2016 ਤੇ ਟੋਕੀਓ-2021 ਤੱਕ ਹੋ ਚੁਕੀਆਂ ਹਨ। 2024 ਦੀ ਪੈਰਾਲੰਪਿਕ ਪੈਰਿਸ, 2028 ਦੀ ਲਾਸ ਏਂਜਲਸ ਤੇ 2032 ਦੀ ਬ੍ਰਿਜ਼ਬੇਨ ਵਿਚ ਹੋਵੇਗੀ। ਪਹਿਲਾਂ ਪਹਿਲ ਪੈਰਾਲੰਪਿਕ ਖੇਡਾਂ ਓਲੰਪਿਕ ਖੇਡਾਂ ਤੋਂ ਵੱਖਰੀ ਥਾਂ ਹੁੰਦੀਆਂ ਸਨ, ਪਰ ਸਿਓਲ ਓਲੰਪਿਕ-1988 ਤੋਂ ਇਹ ਖੇਡਾਂ ਓਲੰਪਿਕਸ ਤੋਂ ਦੋ ਹਫਤੇ ਬਾਅਦ ਓਲੰਪਿਕ ਖੇਡਾਂ ਵਾਲੀ ਜਗ੍ਹਾ ਹੀ ਹੋ ਰਹੀਆਂ ਹਨ। ਇੰਜ ਓਲੰਪਿਕ ਖੇਡਾਂ ਵਾਲੇ ਢਾਂਚੇ ਨਾਲ ਹੀ ਡੰਗ ਸਾਰ ਲਿਆ ਜਾਂਦਾ ਹੈ।
ਪੈਰਾਲੰਪਿਕ ਸਪੋਰਟਸ ਵਿਚ ਆਮ ਕਰ ਕੇ ਆਰਚਰੀ, ਅਥਲੈਟਿਕਸ, ਬਾਸਕਿਟਬਾਲ, ਬੋਸੀਆ, ਘੋੜ-ਸਵਾਰੀ, ਫੈਂਸਿੰਗ, ਫੁੱਟਬਾਲ, ਗੋਲਬਾਲ, ਜੂਡੋ, ਪਾਵਰ ਲਿਫਟਿੰਗ, ਸੇਲਿੰਗ, ਸ਼ੂਟਿੰਗ, ਟੇਬਲ ਟੈਨਿਸ, ਟੈਨਿਸ, ਵਾਲੀਬਾਲ, ਵ੍ਹੀਲ ਚੇਅਰ ਤੇ ਰਗਬੀ ਦੀਆਂ ਖੇਡਾਂ ਹੁੰਦੀਆਂ ਹਨ। ਇਨ੍ਹਾਂ ਦੇ ਈਵੈਂਟ 500 ਤੋਂ ਉਪਰ ਬਣ ਜਾਂਦੇ ਹਨ। ਟੋਕੀਓ ਪੈਰਾਲੰਪਿਕ ਵਿਚ 539 ਈਵੈਂਟਾਂ ਦੇ ਮੈਡਲ ਸੈੱਟ ਦਾਅ ‘ਤੇ ਸਨ। ਚੀਨ ਸਭ ਤੋਂ ਵੱਧ 96 ਗੋਲਡ, 60 ਸਿਲਵਰ, 51 ਬਰਾਂਜ਼, ਕੁਲ 207 ਮੈਡਲ ਜਿੱਤ ਕੇ ਮੀਰੀ ਰਿਹਾ। ਗ੍ਰੇਟ ਬਰਤਾਨੀਆ 41-38-45, ਅਮਰੀਕਾ 37-36-31, ਰੂਸੀ ਪੈਰਾਲੰਪਿਕ ਕਮੇਟੀ 36-33-49, ਨੀਦਰਲੈਂਡ 25-17-17, ਯੂਕਰੇਨ 24-47-27, ਬ੍ਰਾਜ਼ੀਲ 22-29-30, ਆਸਟ੍ਰੇਲੀਆ 21-29-30, ਤੇ ਇਟਲੀ ਨੇ 14-29-26 ਤਗਮੇ ਜਿੱਤੇ। ਕੈਨੇਡਾ ਨੇ 5-10-6 ਤੇ ਭਾਰਤ ਨੇ 5-8-6 ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤੇ।
ਭਾਰਤੀ ਖਿਡਾਰੀਆਂ ਨੂੰ ਅਥਲੈਟਿਕਸ ਈਵੈਂਟਸ ਵਿਚੋਂ 8, ਸ਼ੂਟਿੰਗ ‘ਚੋਂ 5, ਬੈਡਮਿੰਟਨ ‘ਚੋਂ 4, ਟੇਬਲ ਟੈਨਿਸ ‘ਚੋਂ 1 ਤੇ ਤੀਰਅੰਦਾਜ਼ੀ ਵਿਚੋਂ ਵੀ 1 ਤਗਮਾ ਹਾਸਲ ਹੋਇਆ। ਅਵਾਨੀ ਲਖਾਰਾ ਨੇ ਸੂ਼ਟਿੰਗ ‘ਚੋਂ ਗੋਲਡ, ਮਨੀਸ਼ ਨਰਵਾਲ ਨੇ ਵੀ ਸ਼ੂਟਿੰਗ ‘ਚੋਂ ਗੋਲਡ, ਸਮਿਤ ਆਂਤਲ ਨੇ ਜੈਵਲਿਨ ਥ੍ਰੋਅ ‘ਚੋਂ ਗੋਲਡ, ਪ੍ਰਮੋਦ ਭਗਤ ਨੇ ਬੈਡਮਿੰਟਨ ‘ਚੋਂ ਗੋਲਡ ਤੇ ਕ੍ਰਿਸ਼ਨਾ ਨਾਗਰ ਨੇ ਵੀ ਬੈਡਮਿੰਟਨ ‘ਚੋ ਗੋਲਡ ਮੈਡਲ ਜਿੱਤੇ। ਭਵੀਨਾ ਪਟੇਲ ਟੇਬਲ ਟੈਨਿਸ, ਨਿਸ਼ਾਦ ਕੁਮਾਰ ਹਾਈ ਜੰਪ, ਯੋਗੇਸ਼ ਕਥੂਨੀਆ ਡਿਸਕਸ ਥ੍ਰੋਅ, ਦੇਵਿੰਦਰਾ ਝਝਾਰੀਆ ਜੈਵਲਿਨ ਥ੍ਰੋਅ, ਮਰੀਆਪਨ ਹਾਈ ਜੰਪ, ਪਰਵੀਨ ਕੁਮਾਰ ਹਾਈ ਜੰਪ, ਸਿੰਘਰਾਜ ਸ਼ੂਟਿੰਗ ਤੇ ਸੁਹਾਸ ਯੋਗੀਰਾਜੇ ਨੇ ਬੈਡਮਿੰਟਨ ‘ਚੋਂ ਸਿਲਵਰ ਮੈਡਲ ਜਿੱਤੇ। ਸੁੰਦਰ ਸਿੰਘ ਗੁਰਜਰ ਜੈਵਲਿਨ ਥ੍ਰੋਅ, ਸਿੰਘਰਾਜ ਸ਼ੂਟਿੰਗ, ਸ਼ਰਦ ਕੁਮਾਰ ਹਾਈ ਜੰਪ, ਆਵਾਕੀ ਸ਼ੂਟਿੰਗ, ਹਰਵਿੰਦਰ ਸਿੰਘ ਤੀਰ-ਅੰਦਾਜ਼ੀ ਤੇ ਮਨੋਜ ਸਰਕਾਰ ਨੇ ਬੈਡਮਿੰਟਨ ‘ਚੋਂ ਬਰਾਂਜ਼ ਮੈਡਲ ਹਾਸਲ ਕੀਤੇ। ਭਾਰਤ ਨੇ ਹੁਣ ਤਕ ਹੋਈਆਂ 16 ਪੈਰਾਲੰਪਿਕ ਖੇਡਾਂ ਵਿਚੋਂ 11 ਵਾਰ ਖੇਡਾਂ ਵਿਚ ਭਾਗ ਲਿਆ, ਜਿਨ੍ਹਾਂ ‘ਚੋਂ 9 ਸੋਨੇ, 12 ਚਾਂਦੀ ਤੇ 10 ਤਾਂਬੇ ਦੇ ਤਗਮਿਆਂ ਨਾਲ ਕੁਲ 31 ਤਗਮੇ ਜਿੱਤੇ। ਇਨ੍ਹਾਂ ਵਿਚੋਂ 19 ਤਗਮੇ ‘ਕੱਲੀਆਂ ਟੋਕੀਓ ਦੀਆਂ ਪੈਰਾਲੰਪਿਕ ਖੇਡਾਂ ਦੇ ਹਨ।
ਵੈਸੇ 16 ਪੈਰਾਲੰਪਿਕ ਖੇਡਾਂ ਦੇ ਕੁਲ ਤਗਮੇ 7465 ਗੋਲਡ, 7298 ਸਿਲਵਰ, 7337 ਬਰਾਂਜ਼, ਜਮ੍ਹਾਂ ਜੋੜ 22100 ਮੈਡਲ ਦਿੱਤੇ ਜਾ ਚੁੱਕੇ ਹਨ। ਸਭ ਤੋਂ ਉਪਰ ਅਮਰੀਕਾ ਹੈ, ਜਿਸ ਨੇ 15 ਵਾਰ ਇਨ੍ਹਾਂ ਖੇਡਾਂ ਵਿਚ ਭਾਗ ਲਿਆ ਅਤੇ 8 ਵਾਰ ਮੀਰੀ ਰਹਿ ਕੇ 807 ਸੋਨੇ, 736 ਚਾਂਦੀ, 739 ਤਾਂਬੇ, ਕੁਲ 2291 ਤਗਮੇ ਜਿੱਤੇ ਹਨ। ਗ੍ਰੇਟ ਬਰਤਾਨੀਆ ਨੇ 15 ਵਾਰੀਆਂ ਵਿਚ 667-622-624, ਚੀਨ ਨੇ 10 ਵਾਰੀਆਂ ‘ਚ 535-460-302, ਜਰਮਨੀ ਨੇ 15 ਵਾਰੀਆਂ ‘ਚ 500-477-485, ਕੈਨੇਡਾ ਨੇ 13 ਵਾਰੀਆਂ ‘ਚ 398-339-346, ਆਸਟ੍ਰੇਲੀਆ ਨੇ 16 ਵਾਰੀਆਂ ਵਿਚ 389-422-394, ਫਰਾਂਸ ਨੇ 15 ਵਾਰੀਆਂ ‘ਚ 322-334-336, ਨੀਦਰਲੈਂਡ ਨੇ 15 ਵਾਰੀਆਂ ‘ਚ 289-250-234, ਸਵੀਡਨ ਨੇ 15 ਵਾਰੀਆਂ ‘ਚ 236-232-177, ਅਤੇ ਪੋਲੈਂਡ ਨੇ 12 ਵਾਰ ਭਾਗ ਲੈ ਕੇ 230 ਸੋਨੇ, 222 ਚਾਂਦੀ ਤੇ 199 ਤਾਂਬੇ ਦੇ ਤਗਮੇ ਹਾਸਲ ਕੀਤੇ ਹਨ। ਸਾਡਾ ਗੁਆਂਢੀ ਦੇਸ਼ ਪਾਕਿਸਤਾਨ 8 ਵਾਰੀਆਂ ਵਿਚ 1-1-1 ਕੁਲ 3 ਮੈਡਲ ਜਿੱਤ ਸਕਿਆ ਹੈ, ਜਦ ਕਿ ਦੂਜੇ ਗੁਆਂਢੀ ਬੰਗਲਾ ਦੇਸ਼ ਨੇ ਅਜੇ ਖਾਤਾ ਖੋਲ੍ਹਣਾ ਹੈ। ਇਨ੍ਹਾਂ ਅੰਕੜਿਆਂ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਪਾਹਜਾਂ, ਅਪੰਗਾਂ ਅਥਵਾ ਡਿਸਏਬਲ ਵਿਅਕਤੀਆਂ ਦੀ ਕਿਹੜੇ ਮੁਲਕ ਕਿੰਨੀ ਕੁ ਸਾਰ ਲੈਂਦੇ ਹਨ? ਅਤੇ ਇਹ ਵੀ ਸੋਚਣਾ ਬਣਦਾ ਹੈ ਕਿ ਹਰਿਆਣੇ ਦੇ ਮੁਕਾਬਲੇ ਪੰਜਾਬ ਦਾ ਕੋਈ ਖਿਡਾਰੀ ਟੋਕੀਓ ਪੈਰਾਲੰਪਿਕਸ ‘ਚੋਂ ਕੋਈ ਤਗਮਾ ਕਿਉਂ ਨਹੀਂ ਜਿੱਤ ਸਕਿਆ?